“ਪਿਆਰ ਅਤੇ ਇਨਕਲਾਬ ਦਾ ਸ਼ਾਇਰ” ਫੈਜ਼ ਅਹਿਮਦ ਫੈਜ਼

ਸੁਖਵੰਤ ਹੁੰਦਲ

ਫੈਜ਼ ਅਹਿਮਦ ਫ਼ੈਜ਼ ਦਾ ਜਨਮ 13 ਫਰਵਰੀ 1911 ਨੂੰ ਅਣਵੰਡੇ ਪੰਜਾਬ ਦੇ ਸ਼ਹਿਰ ਸਿਆਲਕੋਟ ਵਿੱਚ ਹੋਇਆ ਅਤੇ ਉਹਨਾਂ ਦੀ ਮੌਤ ਨਵੰਬਰ 1984 ਨੂੰ ਲਾਹੌਰ ਵਿਖੇ ਹੋਈ। ਚਾਰ ਦਹਾਕਿਆਂ ਦੇ ਅਰਸੇ ਵਿੱਚ ਫੈਲੇ ਆਪਣੇ ਸਾਹਿਤਕ ਸਫਰ ਦੌਰਾਨ ਫੈਜ਼ ਨੇ ਕਵਿਤਾਵਾਂ ਦੀਆਂ ਅੱਠ ਕਿਤਾਬਾਂ ਲਿਖੀਆਂ। ਉਹਨਾਂ ਦੀ ਪਹਿਲੀ ਕਿਤਾਬ “ਨਕਸ਼-ਏ-ਫ਼ਰਿਆਦੀ” 1941 ਵਿੱਚ ਛਪੀ ਅਤੇ ਉਹਨਾਂ ਦੀ ਜ਼ਿੰਦਗੀ ਦੌਰਾਨ ਛਪਣ ਵਾਲੀ ਉਹਨਾਂ ਦੀ ਆਖਰੀ ਕਿਤਾਬ “ਮੇਰੇ ਦਿਲ ਮੇਰੇ ਮੁਸਾਫ਼ਿਰ” ਸੰਨ 1981 ਵਿੱਚ ਛਪੀ। “ਗ਼ੁਬਾਰ-ਏ-ਅਯਾਮ” ਉਹਨਾਂ ਦੀ ਮੌਤ ਤੋਂ ਬਾਅਦ ਛਾਪੀ ਗਈ।

ਦੂਸਰੇ ਨੌਜਵਾਨਾਂ ਵਾਂਗ ਫ਼ੈਜ਼ ਨੇ ਵੀ ਆਪਣਾ ਸਾਹਿਤਕ ਸਫਰ ਪਿਆਰ ਦੀ ਸ਼ਾਇਰੀ ਤੋਂ ਸ਼ੁਰੂ ਕੀਤਾ। ਪਰ ਛੇਤੀ ਹੀ ਆਮ ਲੋਕਾਂ ਦੇ ਦੁੱਖ ਦਰਦ ਉਹਨਾਂ ਦੀ ਸ਼ਾਇਰੀ ਦਾ ਹਿੱਸਾ ਬਣ ਗਏ। ਆਪਣੀ ਕਾਲਜ ਦੀ ਪੜ੍ਹਾਈ ਮੁਕਾ ਕੇ ਉਹ ਸੰਨ 1935 ਵਿੱਚ ਅੰਮ੍ਰਿਤਸਰ ਦੇ ਐੱਮ ਓ ਏ ਕਾਲਜ ਵਿੱਚ ਅੰਗਰੇਜ਼ੀ ਦੇ ਪ੍ਰੌਫੈਸਰ ਆ ਲੱਗੇ ਅਤੇ 1940 ਤੱਕ ਇਸ ਅਹੁਦੇ ‘ਤੇ ਰਹੇ। ਇਸ ਸਮੇਂ ਉਹਨਾਂ ਦੇ ਦੋਸਤ, ਸਾਹਿਬਜ਼ਾਦਾ ਮਹਿਮੂਦ-ਜ਼ਫ਼ਰ ਨੇ ਫੈਜ਼ ਨੂੰ ਮਾਰਕਸਵਾਦੀ ਸਾਹਿਤ ਪੜ੍ਹਨ ਵੱਲ ਪ੍ਰੇਰਿਆ। ਇਸ ਦੇ ਨਾਲ ਹੀ ਫੈਜ਼ 1936 ਵਿੱਚ ਸ਼ੁਰੂ ਹੋਈ ਇੰਡੀਅਨ ਪ੍ਰੌਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਵੀ ਮੈਂਬਰ ਬਣ ਗਏ। ਮਾਰਕਸਵਾਦੀ ਸਾਹਿਤ ਨਾਲ ਜਾਣ-ਪਛਾਣ ਅਤੇ ਅਗਾਂਹਵਧੂ ਲੇਖਕਾਂ ਦੀ ਲਹਿਰ ਵਿੱਚ ਸ਼ਮੂਲੀਅਤ ਨੇ ਫੈਜ਼ ਲਈ ਦੁਨੀਆਂ ਨੂੰ ਦੇਖਣ ਲਈ ਨਵੀਂਆਂ ਖਿੜਕੀਆਂ ਖੋਲ੍ਹ ਦਿੱਤੀਆਂ। ਇਸ ਨਵੇਂ ਪ੍ਰਾਪਤ ਨਜ਼ਰੀਏ ਨਾਲ ਜਦੋਂ ਫੈਜ਼ ਨੇ ਆਪਣੇ ਆਲੇ ਦੁਆਲੇ ਦੇਖਿਆ ਤਾਂ ਉਹਨਾਂ ਨੂੰ ਆਮ ਲੋਕਾਂ ਦੇ ਦੁੱਖ ਸਾਫ ਦਿਖਾਈ ਦੇਣ ਲੱਗੇ ਅਤੇ ਉਨ੍ਹਾਂ ਦਾ ਸੰਵੇਦਨਸ਼ੀਲ ਮਨ ਲੋਕਾਂ ਦੀ ਪੀੜ ਨੂੰ ਮਹਿਸੂਸ ਕਰਨ ਲੱਗਾ। ਨਤੀਜੇ ਵਜੋਂ ਆਪਣੀ ਪਹਿਲੀ ਕਿਤਾਬ “ਨਕਸ਼-ਏ-ਫਰਿਆਦੀ” ਦੇ ਦੂਸਰੇ ਹਿੱਸੇ ਵਿੱਚ  ਫੈਜ਼ ਨੇ ਆਪਣੀ ਮਸ਼ਹੂਰ ਨਜ਼ਮ ਮੁਝਸੇ ਪਹਿਲੀ ਸੀ ਮੁਹੱਬਤ ਮੇਰੇ ਮਹਿਬੂਬ ਨਾ ਮਾਂਗ ਲਿਖ ਕੇ ਇਹ ਐਲਾਨ ਕੀਤਾ ਕਿ ਸ਼ਾਇਰ ਲਈ ਆਮ ਲੋਕਾਂ ਦੇ ਦੁੱਖਾਂ, ਮਸਲਿਆਂ ਅਤੇ ਉਹਨਾਂ ਦੀ ਜ਼ਿੰਦਗੀ ਦੀ ਬੇਵਸੀ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ। ਫੈਜ਼ ਸਾਰੀ ਉਮਰ ਇਸ ਧਾਰਨਾ ਨਾਲ ਵਚਨਬੱਧ ਰਹੇ ਅਤੇ ਪਿਆਰ ਬਾਰੇ ਲਿਖਣ ਦੇ ਨਾਲ ਨਾਲ ਉਹ ਸਮਾਜ ਵਿੱਚ ਇਨਸਾਨ ਹੱਥੋਂ ਇਨਸਾਨ ਦੇ ਹੋ ਰਹੇ ਸ਼ੋਸ਼ਣ ਬਾਰੇ ਵੀ ਲਿਖਦੇ ਰਹੇ। ਤਾਂ ਹੀ ਉਹਨਾਂ ਨੂੰ “ਪਿਆਰ ਅਤੇ ਇਨਕਲਾਬ” ਦੇ ਸ਼ਾਇਰ ਵਜੋਂ ਜਾਣਿਆ ਜਾਂਦਾ ਹੈ। ਪਿਆਰ ਅਤੇ ਇਨਕਲਾਬ ਦੀ ਗੱਲ ਕਰਦਿਆਂ ਉਹ ਆਪਣੀ ਸ਼ਾਇਰੀ ਵਿੱਚ ਸਮਾਜਕ ਇਨਸਾਫ, ਮਨੁੱਖੀ ਬਰਾਬਰਤਾ, ਮਨੁੱਖੀ ਅਜ਼ਾਦੀ ਅਤੇ ਲੋਕਸੱਤਾ ਦੀ ਬਹਾਲੀ ਅਤੇ ਜ਼ੁਲਮ ਵਿਰੁੱਧ ਸੰਘਰਸ਼ ਅਤੇ ਇਸ ਸੰਘਰਸ਼ ਵਿੱਚ ਲੋਕਾਂ ਦੀ ਜਿੱਤ ਦੇ ਵਿਸ਼ਵਾਸ ਦੀ ਗੱਲ ਕਰਦੇ ਹਨ।

1947 ਤੋਂ ਬਾਅਦ ਉਹ ਲਾਹੌਰ ਵਿੱਚ ਪਾਕਿਸਤਾਨ ਟਾਇਮਜ਼ ਦੇ ਸੰਪਾਦਕ ਬਣ ਗਏ ਅਤੇ ਮਜ਼ਦੂਰ ਲਹਿਰ ਦੇ ਮਸਲਿਆਂ ਵਿੱਚ ਦਿਲਚਸਪੀ ਲੈਣ ਲੱਗੇ ਅਤੇ ਪਾਕਿਸਤਾਨ ਦੀ ਟਰੇਡ ਯੂਨੀਅਨ ਫੈਡਰੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਬਣ ਗਏ। ਪਾਕਿਸਤਾਨ ਵਿੱਚ ਪ੍ਰੋਗਰੈਸਿਵ ਲਹਿਰ ਦਾ ਹਿੱਸਾ ਹੁੰਦਿਆਂ ਉਹ ਪਾਕਿਸਤਾਨ ਦੇ ਹਾਕਮਾਂ ਵੱਲੋਂ ਲੋਕਾਂ ਦੇ ਲਿਖਣ ਬੋਲਣ ਦੀ ਅਜ਼ਾਦੀ ਅਤੇ ਮੁਢਲੇ ਹੱਕਾਂ ਉੱਪਰ ਲਾਈਆਂ ਜਾਂਦੀਆਂ ਪਾਬੰਦੀਆਂ ਵਿਰੁੱਧ ਲਿਖਦੇ ਰਹੇ। ਪਾਕਿਸਤਾਨ ਦੇ ਕੱਟੜ ਮੌਲਾਣਿਆਂ ਦੀ ਸਲਾਹ ਅਤੇ ਸਮਰਥਨ ਨਾਲ ਪਾਕਿਸਤਾਨੀ ਹਾਕਮਾਂ ਵੱਲੋਂ ਪਾਕਿਸਤਾਨ ਦੇ ਲੋਕਾਂ ਉੱਪਰ ਠੋਸੇ ਜਾ ਰਹੇ ਧਾਰਮਿਕ ਕੱਟੜਵਾਦ ਦੇ ਉਹ ਹਮੇਸ਼ਾਂ ਵਿਰੋਧੀ ਰਹੇ। ਪਾਕਿਸਤਾਨ ਵਿੱਚ ਇਕ ਕੱਟੜ ਧਾਰਮਿਕ ਰਾਜ ਸਥਾਪਤ ਕਰਨ ਦੇ ਚਾਹਵਾਨ ਹੁਕਮਰਾਨਾਂ ਨੂੰ ਫ਼ੈਜ਼ ਦੇ ਲਿਬਰਲ, ਪ੍ਰੋਗਰੈਸਿਵ ਅਤੇ ਸਮਾਜਵਾਦੀ ਵਿਚਾਰ ਪਸੰਦ ਨਹੀਂ ਸਨ। ਇਸ ਹੀ ਕਾਰਨ ਉਹਨਾਂ ਦਾ ਕਾਫੀ ਸਮਾਂ ਜਾਂ ਤਾਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਜਾਂ ਆਪ ਸਹੇੜੀ ਜਲਾਵਤਨੀ ਵਿੱਚ ਲੰਘਿਆ।

ਉਹਨਾਂ ਦੀ ਸ਼ਾਇਰੀ ਦੇ ਸਰੋਕਾਰ ਸਿਰਫ ਪਾਕਿਸਤਾਨ ਤੱਕ ਹੀ ਸੀਮਤ ਨਹੀਂ ਸਨ। ਉਹ ਅੰਤਰਰਾਸ਼ਟਰੀ ਪੱਧਰ ‘ਤੇ ਸਾਮਰਾਜੀ ਤਾਕਤਾਂ ਵਲੋਂ ਆਪਣੇ ਹਿਤਾਂ ਲਈ ਤੀਜ਼ੀ ਦੁਨੀਆਂ ਦੇ ਦੇਸ਼ਾਂ ਵਿੱਚ ਕੀਤੀ ਜਾਂਦੀ ਦਖਲਅੰਦਾਜ਼ੀ ਦੇ ਸਖਤ ਵਿਰੋਧੀ ਸਨ ਅਤੇ ਸੰਸਾਰ ਭਰ ਵਿੱਚ ਸਾਮਰਾਜਵਾਦ ਵਿਰੁੱਧ ਚੱਲ ਰਹੇ ਸੰਘਰਸ਼ਾਂ ਦੇ ਸਮਰਥਕ ਸਨ। ਉਦਾਹਰਨ ਲਈ, ਉਹਨਾਂ ਨੇ ਅਫਰੀਕਾ ਦੀ ਅਜ਼ਾਦੀ ਲਹਿਰ,  ਵੀਅਤਨਾਮੀ ਲੋਕਾਂ ਵਲੋਂ ਅਮਰੀਕਨ ਫੌਜ਼ਾਂ ਵਿਰੁੱਧ ਲੜੀ ਜਾ ਰਹੀ ਜੰਗ ਅਤੇ ਫ਼ਲਸਤੀਨੀ ਲੋਕਾਂ ਦੀ ਜੱਦੋਜਹਿਦ ਦੇ ਹੱਕ ਵਿੱਚ ਅਤੇ ਬਰਤਾਨੀਆ ਅਤੇ ਅਮਰੀਕਾ ਵਲੋਂ ਇਰਾਨ ਵਿੱਚ ਪ੍ਰਧਾਨ ਮੰਤਰੀ ਮੁਹੰਮਦ ਮੌਸਾਦੀ ਦੀ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟ ਕੇ ਸ਼ਾਹ ਨੂੰ ਗੱਦੀ ਉੱਤੇ ਬਿਠਾਉਣ ਦੇ ਵਿਰੋਧ ਵਿੱਚ ਲਿਖਿਆ। ਇਸ ਤਰ੍ਹਾਂ ਉਹ ਸਹੀ ਅਰਥਾਂ ਵਿੱਚ ਦੁਨੀਆ ਭਰ ਦੇ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਸਨ।

ਫੈਜ਼ ਦੀ ਕਵਿਤਾ ਦੇ ਪਾਰਖੂਆਂ ਨੇ ਉਹਨਾਂ ਦੀ ਸ਼ਾਇਰੀ ਨੂੰ ਪਾਬਲੋ ਨਰੂਦਾ, ਨਾਜਿਮ ਹਿਕਮਤ ਵਰਗੇ ਕਵੀਆਂ ਦੀ ਕਤਾਰ ਵਿੱਚ ਰੱਖਿਆ ਹੈ। ਐਡਵਰਡ ਸੈਦ ਦੇ ਸ਼ਬਦਾਂ ਵਿੱਚ:

ਫੈਜ਼ ਬਾਰੇ ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ … ਗਾਰਸੀਆ ਮਾਰਕਿਜ਼ ਵਾਂਗ ਉਸ ਨੂੰ ਦੋਹਾਂ ਤਰ੍ਹਾਂ ਦੇ ਲੋਕਾਂ -ਸਾਹਿਤਕ ਵਸ਼ਿਸ਼ਟ ਵਰਗ ਅਤੇ ਆਮ ਲੋਕਾਂ – ਵੱਲੋਂ ਪੜ੍ਹਿਆ ਅਤੇ ਸੁਣਿਆ ਜਾਂਦਾ ਸੀ। ਉਸ ਦੀ ਮਹੱਤਵਪੂਰਨ ਪ੍ਰਾਪਤੀ – ਅਸਲ ਵਿੱਚ ਇਹ ਕਿਸੇ ਵੀ ਜ਼ਬਾਨ ਵਿੱਚ ਵਿਲੱਖਣ ਹੈ – ਰੈਟਰਿਕ ਅਤੇ ਰਵਾਨੀ ਦਾ ਸੁਰਮੇਲ ਪੈਦਾ ਕਰਨਾ ਹੈ; ਉਹ ਆਪਣੇ ਪਾਠਕਾਂ ਸਾਹਮਣੇ ਕਲਾਸੀਕਲ ਰੂਪਾਂ (ਕਸੀਦਾ, ਗ਼ਜ਼ਲ, ਮਸਨਵੀ, ਕਿਤਾਅ) ਦੀ ਵਰਤੋਂ ਕਰਦਿਆਂ ਉਹਨਾਂ ਤੋਂ ਤੋੜ-ਵਿਛੋੜਾ ਕਰਨ ਦੀ ਥਾਂ ਉਹਨਾਂ ਦੀ ਕਾਇਆ ਪਲਟ ਦਿੰਦਾ ਹੈ। ਤੁਸੀਂ ਪੁਰਾਣੇ ਅਤੇ ਨਵੇਂ ਨੂੰ ਇਕੱਠਿਆਂ ਸੁਣ ਸਕਦੇ ਹੋ। ਉਸ ਦੀ ਸ਼ੁੱਧਤਾ ਅਤੇ ਸੁਨਿਸ਼ਚਿਤਤਾ ਹੈਰਾਨਕੁੰਨ ਸੀ, ਅਤੇ ਇਸ ਲਈ ਤੁਸੀਂ ਇਕ ਅਜਿਹੇ ਕਵੀ ਦੀ ਕਲਪਨਾ ਕਰ ਸਕਦੇ ਹੋ ਜਿਸ ਦੀ ਕਵਿਤਾ ਵਿੱਚ ਯੀਟਸ ਦੇ ਇੰਦਰਿਆਵੀ ਅਨੁਭਵ ਅਤੇ ਨਰੂਦਾ ਦੀ ਤਾਕਤ ਦਾ ਸੁਮੇਲ ਸੀ। ਮੇਰੇ ਖਿਆਲ ਵਿੱਚ ਉਹ ਇਸ (ਵੀਹਵੀਂ) ਸਦੀ ਦੇ ਮਹਾਨ ਕਵੀਆਂ ਵਿੱਚੋਂ ਇਕ ਸੀ ਅਤੇ ਉਸ ਨੂੰ ਏਸ਼ੀਆ ਅਤੇ ਅਫਰੀਕਾ ਦੇ ਬਹੁਤ ਵੱਡੇ ਹਿੱਸਿਆਂ ਵਿੱਚ ਇਸ ਪੱਧਰ ਦਾ ਸਨਮਾਨ ਪ੍ਰਾਪਤ ਹੋਇਆ ਸੀ। *

ਸੰਨ 1962 ਵਿੱਚ ਫੈਜ਼ ਨੂੰ ਉਹਨਾਂ ਦੀ ਸ਼ਾਇਰੀ ਕਰਕੇ ਲੈਨਿਨ ਪੀਸ ਪਰਾਈਜ਼ ਦਿੱਤਾ ਗਿਆ। ਉਸ ਸਮੇਂ ਇਹ ਇਨਾਮ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਏਸ਼ੀਅਨ ਕਵੀ ਸਨ। ਇਹ ਇਨਾਮ ਲੈਣ ਸਮੇਂ ਦਿੱਤੇ ਆਪਣੇ ਭਾਸ਼ਨ ਵਿੱਚ ਉਹਨਾਂ ਕਿਹਾ ਕਿ ਦੁਨੀਆ ਵਿੱਚ ਅਮਨ ਦੀ ਸਥਾਪਤੀ ਅਤੇ ਹਰ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਤਾਂ ਹੀ ਸੰਭਵ ਹੈ, ਜੇ “ਕੁਦਰਤ ਦੀਆਂ ਸੀਮਤ ਹੱਦਾਂ, ਪੈਦਾਵਾਰ ਦੇ ਅਸੀਮਤ ਤਰੀਕੇ ਕੁਝ ਮੁਨਾਫਾਖੋਰਾਂ ਜਾਂ ਨਿੱਜੀ ਹਿੱਤਾਂ ਵਾਲੇ ਲੋਕਾਂ ਦੀ ਹਿਰਸ ਪੂਰੀ ਕਰਨ ਵੱਲ ਨਾ ਸਗੋਂ ਸਾਰੇ ਲੋਕਾਂ ਦੀ ਭਲਾਈ ਵਲ ਸੇਧਤ ਹੋਣ ਅਤੇ ਮਨੁੱਖ ਦੀ ਵਿਗਿਆਨਕ ਅਤੇ ਸਨਅਤੀ ਯੋਗਤਾ ਨੂੰ ਢਾਹੂ ਕੰਮਾਂ ਨਾਲੋਂ ਉਸਾਰੂ ਕੰਮਾਂ ਵਲ ਲਾਇਆ ਜਾਵੇ। ਇਹ ਸਭ ਕੁਝ ਸਿਰਫ ਅਜਿਹੇ ਸਮਾਜਿਕ ਢਾਂਚੇ ਵਿਚ ਸੰਭਵ ਹੋ ਸਕਦਾ ਹੈ ਜਿਹੜਾ ਇਨਸਾਫ, ਬਰਾਬਰਤਾ, ਆਜ਼ਾਦੀ, ਅਤੇ ਸਰਬੱਤ ਦੇ ਭਲੇ ‘ਤੇ ਉਸਰਿਆਂ ਹੋਵੇ ਨਾ ਕਿ ਲਾਲਚ, ਸ਼ੋਸ਼ਣ ਅਤੇ ਇਜਾਰਾਦਾਰੀ ਹਿੱਤਾਂ ‘ਤੇ।” **

ਫੈਜ਼ ਦੇ ਜੀਵਨ ਕਾਲ ਦੌਰਾਨ ਉਨ੍ਹਾਂ ਦੀ ਸ਼ਾਇਰੀ ਸਮਾਜਕ ਇਨਸਾਫ ਅਤੇ ਬਰਾਬਰੀ ਲਈ ਲੜ ਰਹੇ ਲੋਕਾਂ ਲਈ ਪ੍ਰੇਰਨਾ ਸ੍ਰੋਤ ਰਹੀ ਹੈ। ਉਹਨਾਂ ਦੀ ਮੌਤ ਤੋਂ ਬਾਅਦ ਵੀ, ਉਹਨਾਂ ਦੀ ਸ਼ਾਇਰੀ ਸੱਚ ਅਤੇ ਨਿਆਂ ਲਈ ਚਲਦੀਆਂ ਲੋਕ ਲਹਿਰਾਂ ਦਾ ਪ੍ਰੇਰਨਾ ਸ੍ਰੋਤ ਬਣੀ ਰਹੇਗੀ ਅਤੇ ਲੋਕਾਂ ਨੂੰ ਇਹ ਯਕੀਨ ਦਿਵਾਉਂਦੀ ਰਹੇਗੀ ਕਿ ਨੇਕੀ ਅਤੇ ਬਦੀ ਦੀ ਲੜਾਈ ਵਿੱਚ ਜਿੱਤ ਅਖੀਰ ਵਿੱਚ ਨੇਕੀ ਦੀ ਹੀ ਹੁੰਦੀ ਹੈ।

* Quoted in Agha, Shahid Ali (1995). The rebel’s silhouette: selected poems/Faiz Ahmed Faiz. Amherst: University of Massachusetts Press.
** ਲੈਨਿਨ ਪੀਸ ਪਰਾਈਜ਼ ਲੈਣ ਸਮੇਂ ਕੀਤਾ ਭਾਸ਼ਣ

ਫ਼ੈਜ਼ ਅਹਿਮਦ ਫ਼ੈਜ਼ ਦੀ ਬਹੁਤ ਸਾਰੀ ਸ਼ਾਇਰੀ ਦੁਨੀਆ ਦੇ ਬਿਹਤਰੀਨ ਕਲਾਕਾਰਾਂ ਨੇ ਗਾਈ ਹੈ। ਉਸ ਵਿੱਚੋਂ ਕੁਝ ਚੋਣਵੇਂ ਨਮੂਨੇ ਪਾਠਕਾਂ ਲਈ ਪੇਸ਼ ਹਨ:

ਹਮ ਦੇਖੇਂਗੇ – (ਅਵਾਜ਼ ਇਕਬਾਲ ਬਾਨੋ)

ਦਰੀਚਾ – (ਅਵਾਜ਼ ਜ਼ਿਹਰਾ ਨਿਗਾਹ)

ਪਾ-ਬ-ਜੋਲਾਂ ਚਲੋ – (ਅਵਾਜ਼ ਫ਼ੈਜ਼ ਅਹਿਮਦ ਫੈਜ਼ ਅਤੇ ਨਿਆਰਾ ਨੂਰ)

ਚਲੋ ਫਿਰ ਸੇ ਮੁਸਕਰਾਏਂ – (ਅਵਾਜ਼ ਨਿਆਰਾ ਨੂਰ)

ਖੁਰਸ਼ੀਦ-ਏ-ਮਿਹਸ਼ਰ  (ਅਵਾਜ਼ ਜ਼ਿਹਰਾ ਨਿਗਾਹ)

ਦਸ਼ਤ-ਏ-ਤਨਹਾਈ ਮੇਂ  (ਅਵਾਜ਼ ਇਕਬਾਲ ਬਾਨੋ)

ਯਿਹ ਹਾਥ ਸਲਾਮਤ ਹੈਂ – ਨਿਆਰਾ ਨੂਰ

ਮੁਝ ਸੇ ਪਹਿਲੀ ਸੀ ਮੁਹੱਬਤ ਮੇਰੀ ਮਹਿਬੂਬ ਨਾ ਮਾਂਗ – (ਅਵਾਜ਼ ਨੂਰ ਜਹਾਂ)

Advertisements
This entry was posted in ਸਾਰੀਆਂ and tagged , , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.