ਆਪਣੇ ਬਾਰੇ : ਫੈਜ਼ ਅਹਿਮਦ ਫੈਜ਼

(ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ)

[ਆਪਣੀ ਮੌਤ ਤੋਂ ਅੱਠ ਮਹੀਨੇ ਪਹਿਲਾਂ 7 ਮਾਰਚ 1984 ਨੂੰ ਫੈਜ਼ ਅਹਿਮਦ ਫੈਜ਼ ਨੂੰ ਇਸਲਾਮਾਬਾਦ ਵਿੱਚ ਏਸ਼ੀਆ ਸਟੱਡੀ ਗਰੁੱਪ ਸਾਹਮਣੇ ਬੋਲਣ ਲਈ ਸੱਦਿਆ ਗਿਆ ਸੀ। ਉਸ ਮੀਟਿੰਗ ਵਿੱਚ ਫੈਜ਼ ਨੇ ਆਪਣੀ ਜ਼ਿੰਦਗੀ ਦੇ ਸਫਰ ਬਾਰੇ ਜੋ ਸ਼ਬਦ ਕਹੇ, ਉਹ ਪਾਠਕਾਂ ਲਈ ਹਾਜ਼ਰ ਹਨ। ਇਹ ਗੱਲਬਾਤ ਸ਼ੀਮਾ ਮਜੀਦ ਵੱਲੋਂ ਸੰਪਾਦਤ ਕੀਤੀ ਕਿਤਾਬ, “ਕਲਚਰ ਐਂਡ ਆਈਡੈਂਟਟੀ: ਸਿਲੈਕਟਡ ਰਾਈਟਿੰਗਜ਼ ਆਫ ਫੈਜ਼” ਵਿੱਚ ਅੰਗਰੇਜ਼ੀ ਵਿੱਚ ਦਿੱਤੀ ਗੱਲਬਾਤ ਦਾ ਪੰਜਾਬੀ ਅਨੁਵਾਦ ਹੈ।]

ਮੈਨੂੰ ਸੱਦਣ ਲਈ ਧੰਨਵਾਦ। ਮੈਂ ਪਾਸ਼ਾ ਨੂੰ ਪੁੱਛਿਆ ਸੀ ਕਿ ਉਹ ਕੀ ਚਾਹੁੰਦਾ ਹੈ, ਮੈਂ ਕਿਸ ਬਾਰੇ ਗੱਲ ਕਰਾਂ। ਉਹ ਕਹਿੰਦਾ, “ਆਪਣੇ ਬਾਰੇ ਅਤੇ ਜੋ ਕੁਝ ਤੁਸੀਂ ਕਰਦੇ ਰਹੇ ਹੋ”। ਇਹ ਇਕ ਤਰ੍ਹਾਂ ਛੁਟਕਾਰੇ ਵਾਲੀ ਗੱਲ ਸੀ, ਇਸ ਦਾ ਮਤਲਬ ਸੀ ਕਿ ਮੈਨੂੰ ਭਾਸ਼ਣ ਤਿਆਰ ਨਹੀਂ ਕਰਨਾ ਪੈਣਾ ਸੀ। ਇਸ ਦੇ ਨਾਲ ਹੀ ਮੈਨੂੰ ਇਹ ਦੋ ਕਾਰਨਾਂ ਕਰਕੇ ਔਖਾ ਵੀ ਲੱਗਾ। ਇਕ ਤਾਂ ਇਹ ਗੱਲ ਹੈ ਕਿ ਮੈਂ ਕਈ ਸਾਲ ਪਹਿਲਾਂ ਉਸ ਉਮਰ ‘ਤੇ ਅੱਪੜ ਗਿਆ ਹਾਂ, ਜਿਸ ਨੂੰ ਡੈਜ਼ਰਾਇਲੀ ‘ਗਾਲੜੀ ਬੁਢਾਪੇ’ ਦੀ ਉਮਰ ਕਹਿੰਦਾ ਹੈ ਅਤੇ ਦੂਸਰੀ ਗੱਲ ਇਹ ਹੈ ਕਿ ਇਕ ਲੰਮੇ ਸਮੇਂ ਤੋਂ ਸਮੇਂ ਦੇ ਬੇਖਬਰ ਰਉਂ ਵਿੱਚੋਂ ਗੁਜ਼ਰ ਰਿਹਾ ਹਾਂ,  ਮੈਨੂੰ ਪੱਕਾ ਪਤਾ ਨਹੀਂ ਕਿ ਮੈਂ ਇਕ ਲੰਮੀ ਕਹਾਣੀ ਨੂੰ ਛੋਟੀ ਕਿਵੇਂ ਕਰਾਂ।

ਮੈਂ ਇਕ ਅਜਿਹੇ ਸ਼ਰੀਫ ਇਨਸਾਨ ਦੇ ਘਰ ਪੈਦਾ ਹੋਇਆ ਸਾਂ ਜੋ ਉੱਨੀਵੀਂ ਸਦੀ ਦਾ ਇਕ ਹਿੰਮਤੀ (ਐਡਵੈਂਚਰਰ) ਇਨਸਾਨ ਸੀ, ਜਿਸ ਦੀ ਜ਼ਿੰਦਗੀ ਮੇਰੇ ਮੁਕਾਬਲੇ ਬਹੁਤ ਜ਼ਿਆਦਾ ਰੰਗੀਨ ਸੀ। ਉਸ ਦਾ ਜਨਮ ਸਿਆਲਕੋਟ ਜ਼ਿਲੇ ਦੇ ਇਕ ਛੋਟੇ ਜਿਹੇ ਪਿੰਡ ਵਿੱਚ ਇਕ ਬੇਜ਼ਮੀਨੇ ਕਿਸਾਨ ਦੇ ਘਰ ਹੋਇਆ ਸੀ। ਉਸ ਵੱਲੋਂ ਸਾਨੂੰ ਦੱਸੀ ਗਈ ਕਹਾਣੀ ਅਨੁਸਾਰ (ਜਿਸ ਦੀ ਪਿੰਡ ਦੇ ਹੋਰ ਲੋਕਾਂ ਨੇ ਵੀ ਪੁਸ਼ਟੀ ਕੀਤੀ ਹੈ) ਉਸ ਦਾ ਪਿਤਾ ਇਕ ਬੇਜ਼ਮੀਨਾ ਕਿਸਾਨ ਸੀ, ਇਸ ਲਈ ਉਹ ਉਹਨਾਂ ਲੋਕਾਂ ਦੇ ਘਰ ਪਸ਼ੂ ਚਾਰਨ ਦਾ ਕੰਮ ਕਰਦਾ ਸੀ ਜਿਹਨਾਂ ਲੋਕਾਂ ਕੋਲ ਕੁਝ ਜ਼ਮੀਨ ਸੀ। ਉਹਨੇ ਦੱਸਿਆ, “ਮੈਂ ਪਸ਼ੂ ਪਿੰਡ ਤੋਂ ਬਾਹਰ ਲਿਜਾਇਆ ਕਰਦਾ ਸੀ, ਅਤੇ ਪਿੰਡ ਤੋਂ ਥੋੜ੍ਹੀ ਦੂਰ ਇਕ ਸਕੂਲ ਸੀ। ਮੈਂ ਪਸ਼ੂਆਂ ਨੂੰ ਚਰਦੇ ਛੱਡ ਕੇ ਸਕੂਲ ਜਾਇਆ ਕਰਦਾ ਸੀ। ਇਸ ਤਰ੍ਹਾਂ ਉਸ ਨੇ ਆਪਣਾ ਪ੍ਰਾਇਮਰੀ ਸਕੂਲ ਪਾਸ ਕਰ ਲਿਆ। ਫਿਰ ਉਹਨੇ ਦੱਸਿਆ, “ਸਾਡੇ ਪਿੰਡ ਵਿੱਚ ਉਸ ਤੋਂ ਅੱਗੇ ਪੜ੍ਹਾਈ ਨਹੀਂ ਸੀ, ਇਸ ਲਈ ਮੈਂ ਲਾਹੌਰ ਨੂੰ ਦੌੜ ਗਿਆ।” ਉੱਥੇ ਉਹ ਇਕ ਮਸਜਦ ਵਿੱਚ ਰਿਹਾ ਅਤੇ ਉਹਨੇ ਦੱਸਿਆ ਕਿ “ਮੈਂ ਸ਼ਾਮ ਨੂੰ ਰੇਲਵੇ ਸਟੇਸ਼ਨ ‘ਤੇ ਜਾ ਕੇ ਕੁਲੀ ਦਾ ਕੰਮ ਕਰਦਾ ਹੁੰਦਾ ਸੀ। ਦਿਨ ਵੇਲੇ ਮੈਂ ਪੜ੍ਹਦਾ ਹੁੰਦਾ ਸੀ। ਸਾਡੇ ਦਿਨਾਂ ਵਿੱਚ ਹਰ ਮਸਜਦ  ਲੋੜਵੰਦ ਵਿਦਿਆਰਥੀ ਲਈ ਘਰ ਵਾਂਗ ਹੁੰਦੀ ਸੀ, ਅਤੇ ਖਾਣਾ ਇਲਾਕੇ ਦੇ ਲੋਕਾਂ ਵਲੋਂ ਦਿੱਤਾ ਜਾਂਦਾ ਸੀ ਅਤੇ ਵਿਦਿਆ ਮਸਜਦ ਦੇ ਮੌਲਵੀ ਜਾਂ ਕਿਸੇ ਹੋਰ ਵਲੋਂ ਦਿੱਤੀ ਜਾਂਦੀ ਸੀ।” (ਬਦਕਿਸਮਤੀ ਨਾਲ ਇਹ ਰਿਵਾਜ਼ ਹੁਣ ਨਹੀਂ ਰਿਹਾ)। ਅਤੇ ਇਸ ਤਰ੍ਹਾਂ ਉਸ ਨੇ ਮੁਫਤ ਵਿਦਿਆ ਪ੍ਰਾਪਤ ਕੀਤੀ।

ਜਦੋਂ ਉਹ ਮਸਜਦ ਵਿੱਚ ਰਹਿ ਰਿਹਾ ਸੀ ਤਾਂ ਪੰਜਾਬ ਦੀ ਸਰਕਾਰ ਦਾ ਸਲਾਹਕਾਰ ਇਕ ਅਫਗਾਨ ਰਈਸ  ਉਸ ਮਸਜਦ ਵਿੱਚ ਨਮਾਜ ਪੜ੍ਹਨ ਲਈ ਆਉਂਦਾ ਹੁੰਦਾ ਸੀ।  ਉਸ ਨੇ ਇਸ ਨੌਜਵਾਨ ਮੁੰਡੇ ਨੂੰ ਦੇਖਿਆ ਅਤੇ ਅਸਲ ਵਿੱਚ ਉਹ ਮੁੰਡਾ ਉਸ ਨੂੰ ਚੰਗਾ ਲੱਗਾ ਅਤੇ ਉਹ ਕਹਿਣ ਲੱਗਾ, “ਦੇਖ, ਸਾਨੂੰ ਅਫਗਾਨਿਸਤਾਨ ਲਈ ਇਕ ਅੰਗਰੇਜ਼ੀ ਦੋਭਾਸ਼ੀਏ ਦੀ ਲੋੜ ਹੈ”। ਇਹ ਅਫਗਾਨਿਸਤਾਨ ਦੇ ਰਾਜੇ ਦੇ ਦਾਦੇ ਦਾ ਸਮਾਂ ਸੀ, ਨਾਦਿਰ ਸ਼ਾਹ ਤੋਂ ਪਹਿਲਾਂ, ਕਿਉਂਕਿ ਉਦੋਂ ਹਰ ਇਕ ਜਾਂ ਦੋ ਜਾਂ ਤਿੰਨ ਸਾਲਾਂ ਬਾਅਦ ਇਕ ਸ਼ਾਹੀ ਖਾਨਦਾਨ ਨੂੰ ਗੱਦੀਓਂ ਲਾਹ ਦਿੱਤਾ ਜਾਂਦਾ ਸੀ ਅਤੇ ਦੂਸਰਾ ਸ਼ਾਹੀ ਖਾਨਦਾਨ ਤਾਕਤ ਵਿੱਚ ਆ ਜਾਂਦਾ ਸੀ। ਜਿਸ ਸ਼ਾਹੀ ਖਾਨਦਾਨ ਨੂੰ 1924-1925 ਵਿੱਚ ਗੱਦੀਓਂ ਲਾਹਿਆ ਗਿਆ ਸੀ, ਉਹ ਅਮਾਨਉੱਲਾ ਖਾਨ ਦਾ ਖਾਨਦਾਨ ਸੀ, ਉਸ ਵੇਲੇ ਉਸ ਦਾ ਦਾਦਾ ਬਾਦਸ਼ਾਹ ਸੀ। ਜਿਵੇਂ ਵੀ ਸੀ, ਇਸ ਬਾਦਸ਼ਾਹ ਨੂੰ ਇਕ ਅੰਗਰੇਜ਼ੀ ਦੇ ਦੋਭਾਸ਼ੀਏ ਦੀ ਲੋੜ ਸੀ, ਕਿਉਂਕਿ ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ਾਂ ਅਤੇ ਅਫਗਾਨੀਆਂ ਵਿਚਕਾਰ ਡੂਰੈਂਡ ਸੰਧੀ ਬਾਰੇ ਗੱਲਬਾਤ ਹੋ ਰਹੀ ਸੀ। ਇਸ ਲਈ ਇਸ ਅਫ਼ਗਾਨ ਸਫ਼ੀਰ ਨੇ ਕਿਹਾ “ਕੀ ਤੂੰ ਅਫਗਾਨਿਸਤਾਨ ਜਾਣਾ ਚਾਹੁੰਦਾ ਹੈਂ?” ਮੇਰੇ ਪਿਤਾ ਨੇ ਜੁਆਬ ਦਿੱਤਾ, “ਕਿਉਂ ਨਹੀਂ? ਮੇਰੇ ਕੋਲ ਕਰਨ ਲਈ ਹੋਰ ਕੁੱਝ ਨਹੀਂ ਹੈ।” ਬਾਦਸ਼ਾਹ ਨੇ ਪਹਿਲਾਂ ਉਹਨੂੰ ਇਕ ਦੁਭਾਸ਼ੀਏ ਵਜੋਂ ਕੰਮ ‘ਤੇ ਰੱਖ ਲਿਆ ਅਤੇ ਬਾਅਦ ਵਿੱਚ ਉਸ ਨੇ ਅੰਗਰੇਜ਼ਾਂ ਨਾਲ ਗੱਲਬਾਤ ਕੀਤੀ। ਬਾਅਦ ਵਿੱਚ ਉਹ ਉਸ ਦਾ ਚੀਫ ਸੈਕਟਰੀ ਅਤੇ ਫਿਰ ਮਨਿਸਟਰ ਬਣ ਗਿਆ ਅਤੇ ਇਸ ਤਰ੍ਹਾਂ ਚਲਦਾ ਰਿਹਾ। ਉਸ ਦੇ ਸਮੇਂ ਦੌਰਾਨ ਕਈ ਕਬੀਲਿਆਂ ਨੂੰ ਜਿੱਤਿਆ ਗਿਆ ਸੀ। ਅਤੇ ਜਦੋਂ ਵੀ ਕਿਸੇ ਕਬੀਲੇ ਦੇ ਇਲਾਕੇ ਨੂੰ ਜਿੱਤਿਆ ਜਾਂਦਾ ਸੀ, ਤਾਂ ਹਾਰੇ ਹੋਏ ਕਬੀਲੇ ਦੀਆਂ ਸ਼ਹਿਜ਼ਾਦੀਆਂ ਨੂੰ ਦਰਬਾਰੀਆਂ ਵਿਚਕਾਰ ਵੰਡ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਮੇਰੇ ਪਿਤਾ ਨੂੰ ਮੇਰੀਆਂ ਮਤਰੇਈਆਂ ਮਾਵਾਂ ਦਾ ਹਿੱਸਾ ਮਿਲਿਆ (ਮੈਨੂੰ ਪਤਾ ਨਹੀਂ ਕਿੰਨੀਆਂ – ਤਿੰਨ ਜਾਂ ਚਾਰ)।

ਬਾਦਸ਼ਾਹ ਦੀ ਸੇਵਾ ਵਿੱਚ 15 ਸਾਲ ਕੰਮ ਕਰਨ ਤੋਂ ਬਾਅਦ ਮੇਰਾ ਬਾਪ ਤੰਗ ਆ ਗਿਆ ਕਿਉਂਕਿ ਉਹ ਇਕ ਬਾਹਰਲਾ ਆਦਮੀ ਸੀ ਅਤੇ ਕੁਦਰਤੀ ਹੀ ਦਰਬਾਰ ਦੇ ਸਾਰੇ ਮਨਿਸਟਰ ਅਤੇ ਰਈਸ ਸਾਮੰਤੀ ਸਨ। ਇਸ ਲਈ ਉਹ ਆਪਣੇ ਹਿੱਸੇ ‘ਤੇ ਹੱਕ ਜਮਾਉਣ ਵਾਲੇ ਇਸ ਆਦਮੀ ਤੋਂ ਔਖੇ ਸਨ। ਉਹ ਦੱਸਦਾ ਹੁੰਦਾ ਸੀ ਕਿ ਉਸ ਉੱਤੇ ਵਾਰ ਵਾਰ ਅੰਗਰੇਜ਼ਾਂ ਦਾ ਜਸੂਸ ਹੋਣ ਦਾ ਇਲਜ਼ਾਮ ਲਾਇਆ ਗਿਆ, ਅਤੇ ਹਰ ਵਾਰ ਜਦੋਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਤਾਂ ਇਹ ਪਤਾ ਲੱਗਦਾ ਰਿਹਾ ਕਿ ਲਾਏ ਗਏ ਦੋਸ਼ ਝੂਠੇ ਸਨ ਅਤੇ ਫਿਰ ਉਸ ਨੂੰ ਤਰੱਕੀ ਦੇ ਦਿੱਤੀ ਜਾਂਦੀ ਸੀ। ਉਸ ਨੇ ਸੋਚਿਆ ਕਿ “ਸ਼ਾਇਦ ਇਕ ਦਿਨ ਉਹ ਉਸ ਨੂੰ ਮੌਤ ਦੀ ਸਜ਼ਾ ਜ਼ਰੂਰ ਦੇ ਦੇਣਗੇ”। ਇਸ ਲਈ ਉਹ ਮੰਗਤੇ ਦਾ ਭੇਸ ਬਣਾ ਕੇ ਉੱਥੋਂ ਬਚ ਕੇ ਨਿਕਲ ਗਿਆ, ਲਾਹੌਰ ਆਇਆ ਅਤੇ ਉੱਥੇ ਉਸ ਨੂੰ ਝੱਟ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਉੱਤੇ ਅਫਗਾਨਿਸਤਾਨ ਦਾ ਜਸੂਸ ਹੋਣ ਦਾ ਮੁਕੱਦਮਾ ਚਲਾਇਆ ਗਿਆ।

ਦਰਬਾਰ ਵਿੱਚ ਉਸ ਵਰਗੀ ਹੀ ਇਕ ਅੰਗਰੇਜ਼ ਔਰਤ ਹੁੰਦੀ ਸੀ, ਜਿਹੜੀ ਉੱਥੇ ਇਕ ਡਾਕਟਰ ਵਜੋਂ ਕੰਮ ਕਰਦੀ ਸੀ। ਉਸ ਦਾ ਨਾਂ ਡਾਕਟਰ ਹੈਮਿਲਟਨ ਸੀ। ਉਹ ਦੋਵੇਂ ਦੋਸਤ ਬਣ ਗਏ। ਜਿਹੜੀਆਂ ਬਖ਼ਸ਼ੀਸ਼ਾਂ ਉਸ ਨੂੰ ਬਾਦਸ਼ਾਹ ਕੋਲੋਂ ਮਿਲਿਆਂ ਸਨ, ਉਹਨਾਂ ਵਿੱਚੋਂ ਕੁਝ ਹਿੱਸਾ ਲੈ ਕੇ ਇਸ ਔਰਤ ਨੇ ਲੰਡਨ ਵਿੱਚ ਇਨਵੈਸਟ ਕਰ ਦਿੱਤਾ ਸੀ। ਸੋ ਜਦੋਂ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਇਸ ਔਰਤ ਨੇ ਉਸ ਨੂੰ ਇੰਗਲੈਂਡ ਤੋਂ ਲਿਖਿਆ, “ਲੰਡਨ ਆ ਜਾ”। ਫਿਰ ਉਹ ਲੰਡਨ ਆ ਗਿਆ ਅਤੇ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖਲ ਹੋ ਗਿਆ। ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਕਿ ਉਹ ਬਚ ਕੇ ਨਿਕਲ ਗਿਆ ਹੈ ਤਾਂ ਉਸ ਨੇ ਕਿਹਾ, “ਹੁਣ ਜਦੋਂ ਤੂੰ ਲੰਡਨ ਵਿੱਚ ਹੈਂ, ਤਾਂ ਤੂੰ ਮੇਰਾ ਅੰਬੈਸਡਰ ਕਿਉਂ ਨਹੀਂ ਬਣ ਜਾਂਦਾ?” ਇਸ ਤਰ੍ਹਾਂ ਉਹ ਕੈਂਬਰਿਜ ਵਿੱਚ ਇਕ ਵਿਦਿਆਰਥੀ ਸੀ ਅਤੇ ਫਿਰ ਉਹ ਬਾਰ ਦਾ ਮੈਂਬਰ ਬਣ ਗਿਆ ਅਤੇ ਆਪਣੀ ਕਾਨੂੰਨ ਦੀ ਡਿਗਰੀ ਮੁਕੰਮਲ ਕਰ ਲਈ ਅਤੇ ਇਸ ਦੇ ਨਾਲ ਹੀ ਉਹ ਅੰਬੈਸਡਰ ਵੀ ਸੀ। ਫਾਰਸੀ ਵਿੱਚ ਇਕ ਕਹਾਵਤ ਹੈ ਕਿ ਜਦੋਂ ਕੋਈ ਆਪਣੇ ਬਾਪ ਬਾਰੇ ਸ਼ੇਖੀ ਮਾਰਨੀ ਚਾਹੁੰਦਾ ਹੈ ਤਾਂ ਉਹ ਕਹਿੰਦਾ ਹੈ, “ਮੇਰਾ ਬਾਪ ਇਕ ਬਾਦਸ਼ਾਹ ਸੀ।” ਅਤੇ ਬਾਦਸ਼ਾਹ ਲਈ ਇਕ ਹੋਰ ਸ਼ਬਦ ਹੈ ਸੁਲਤਾਨ। ਮੇਰੇ ਬਾਪ ਦਾ ਨਾਂ ਸੁਲਤਾਨ ਸੀ, ਇਸ ਲਈ ਮੈਂ ਕਹਿ ਸਕਦਾ ਹਾਂ ਕਿ ਮੇਰਾ ਬਾਪ ਸੁਲਤਾਨ ਸੀ!

ਕਾਨੂੰਨ ਦੀ ਡਿਗਰੀ ਲੈਣ ਤੋਂ ਬਾਅਦ, ਅਫਗਾਨਿਸਤਾਨ ਵਾਪਸ ਜਾਣ ਦੀ ਥਾਂ ਮੇਰਾ ਬਾਪ ਵਾਪਸ ਆਪਣੇ ਕਸਬੇ, ਬਲਕਿ ਆਪਣੇ ਜ਼ਿਲੇ ਸਿਆਲਕੋਟ ਵਿੱਚ ਆ ਗਿਆ। ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਕਿ ਉਹ ਚਲਾ ਗਿਆ ਹੈ ਤਾਂ ਉਸ ਨੇ ਉਹਦੇ ਪਰਿਵਾਰ ਨੂੰ ਸਿਆਲਕੋਟ ਭੇਜ ਦਿੱਤਾ – ਮੇਰੀਆਂ ਮਤਰੇਈਆਂ ਭੈਣਾਂ ਨੂੰ ਅਤੇ ਸ਼ਾਇਦ ਮੇਰੀ ਇਕ ਜਾਂ ਦੋ ਮਤਰੇਈਆਂ ਮਾਂਵਾਂ ਨੂੰ ਵੀ। ਉਸ ਦੇ ਬਾਰੇ ਇਕ ਨਾਵਲ ਹੈ ਜਿਸ ਦਾ ਨਾਂ “ਡਾਟਰ ਸਮਥਿੰਗ ਹੈ। (1) ਹੁਣ ਇਹ ਛਪਿਆ ਹੋਇਆ ਨਹੀਂ ਮਿਲਦਾ ਪਰ ਸ਼ਾਇਦ ਤੁਹਾਨੂੰ ਇਹ ਕਿਸੇ ਪੁਰਾਣੀ ਲਾਇਬ੍ਰੇਰੀ ਵਿੱਚ ਲੱਭ ਪਵੇ। ਇਹ ਉਸ ਅੰਗਰੇਜ਼ ਔਰਤ ਨੇ ਲਿਖਿਆ ਹੈ। ਉਹ ਵਾਪਸ ਆ ਗਿਆ ਅਤੇ ਉਸ ਨੇ ਵਕਾਲਤ ਸ਼ੁਰੂ ਕਰ ਦਿੱਤੀ। ਜਦੋਂ ਮੇਰੀ ਮਤਰੇਈ ਮਾਂ ਦੀ ਮੌਤ ਹੋ ਗਈ ਤਾਂ ਉਸ ਨੇ ਨੇੜਲੇ ਪਿੰਡ ਤੋਂ ਮੇਰੀ ਮਾਂ ਨਾਲ ਵਿਆਹ ਕਰਵਾ ਲਿਆ। ਇਸ ਤਰ੍ਹਾਂ ਮੇਰੀ ਮਾਂ ਅਤੇ ਮਤਰੇਈਆਂ ਭੈਣਾਂ ਤਕਰੀਬਨ ਇਕ ਹੀ ਉਮਰ ਦੀਆਂ ਸਨ; ਵੱਡੀ ਭੈਣ ਮਾਂ ਤੋਂ ਵੱਡੀ ਸੀ।

ਅਸੀਂ ਸਿਆਲਕੋਟ ਵਿੱਚ ਸਕੂਲ ਗਏ। ਮੈਂ ਆਪਣੀ ਸ਼ੁਰੂ ਦੀ ਪੜ੍ਹਾਈ ਇਕ ਮਸਜਦ ਵਿੱਚ ਕੀਤੀ, ਆਪਣੇ ਇਲਾਕੇ ਦੀ ਇਕ ਮਸਜਦ ਵਿੱਚ। ਸ਼ਹਿਰ ਵਿੱਚ ਦੋ ਸਕੂਲ ਸਨ, ਇਕ ਸਕੌਟ ਮਿਸ਼ਨ ਦਾ ਸੀ ਅਤੇ ਦੂਸਰਾ ਅਮਰੀਕਨ ਮਿਸ਼ਨ ਦਾ। ਮੈਂ ਸਕੌਟ ਮਿਸ਼ਨ ਦੇ ਸਕੂਲ ਵਿੱਚ ਗਿਆ ਕਿਉਂਕਿ ਇਹ ਘਰ ਦੇ ਨੇੜੇ ਸੀ। ਬਾਅਦ ਵਿੱਚ ਅਮਰੀਕਨ ਮਿਸ਼ਨ ਬੰਦ ਹੋ ਗਿਆ। ਇਹ ਸਮਾਂ – ਪਹਿਲੀ ਸੰਸਾਰ ਜੰਗ ਦੇ ਖਾਤਮੇ ਦਾ ਅਤੇ 1920ਵਿਆਂ ਦੇ ਸ਼ੁਰੂ ਦਾ – ਹਿੰਦੁਸਤਾਨ ਵਿੱਚ ਬਹੁਤ ਉਥਲ ਪੁਥਲ ਦਾ ਸਮਾਂ ਸੀ। ਤਿੰਨਾਂ ਭਾਈਚਾਰਿਆਂ ਨਾਲ ਸੰਬੰਧਤ ਕਈ ਕੌਮੀ ਲਹਿਰਾਂ ਚੱਲ ਰਹੀਆਂ ਸਨ। ਕਾਂਗਰਸ ਦੀ ਲੀਡਰਸ਼ਿੱਪ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਸਨ, ਪਰ ਇਸ ਦੀਆਂ ਹੇਠਲੀਆਂ ਸਫਾਂ ਵਿੱਚ ਜ਼ਿਆਦਾਤਰ ਹਿੰਦੂ ਸਨ। ਮੁਸਲਮਾਨਾਂ ਦੀ ਖ਼ਿਲਾਫ਼ਤ ਲਹਿਰ ਸੀ, ਮੁਸਲਮਾਨ ਰੁਮਾਂਟਿਕ ਲੋਕ ਸਨ। ਇਹ ਪਹਿਲੀ ਸੰਸਾਰ ਜੰਗ ਦੇ ਖਾਤਮੇ ਤੋਂ ਬਾਅਦ ਦਾ ਸਮਾਂ ਸੀ ਅਤੇ ਤੁਰਕ ਹਰਾ ਦਿੱਤੇ ਗਏ ਸਨ ਅਤੇ ਓਟੋਮੈਨ ਸਲਤਨਤ ਖਿੰਡਰ ਚੁੱਕੀ ਸੀ ਅਤੇ ਤੁਰਕ ਬਰਤਾਨਵੀ ਅਤੇ ਯੂਨਾਨੀ ਦੋਵੇਂ ਹਮਲਾਂਵਰਾਂ ਨਾਲ ਲੜ ਰਹੇ ਸਨ। ਹਿੰਦੁਸਤਾਨ ਦੇ ਮੁਸਲਮਾਨਾਂ ਨੇ ਖ਼ਲੀਫ਼ੇ ਨੂੰ ਦੇਖਣ ਲਈ ਲਹਿਰ ਸ਼ੁਰੂ ਕਰ ਦਿੱਤੀ, ਜਿਸ ਨੂੰ ਉਹਨਾਂ ਨੇ ਕਦੇ ਨਹੀਂ ਦੇਖਿਆ ਸੀ ਅਤੇ ਨਾ ਹੀ ਉਹ ਉਸ ਨੂੰ ਜਾਣਦੇ ਸਨ। ਉਹ ਕਿਤੇ ਤੁਰਕੀ ਵਿੱਚ ਸੀ। ਪਰ ਉਹ ਉਸ ਨੂੰ ਬਚਾ ਨਾ ਸਕੇ ਕਿਉਂਕਿ ਉਸਨੂੰ ਅਜੋਕੇ ਤੁਰਕੀ ਦੇ ਬਾਨੀ ਕਮਾਲ ਅਤਾਤੁਰਕ ਨੇ ਗੱਦੀਉਂ ਲਾਹ ਦਿੱਤਾ ਸੀ। ਸਿੱਖਾਂ ਨੇ ਗੁਰਦਵਾਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲਈ ਅਕਾਲੀ ਲਹਿਰ ਸ਼ੁਰੂ ਕਰ ਦਿੱਤੀ ਸੀ। ਇਸ ਤਰ੍ਹਾਂ 6-7 ਸਾਲਾਂ ਦੇ ਇਸ ਥੋੜ੍ਹੇ ਜਿਹੇ ਅਰਸੇ ਦੌਰਾਨ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਸਾਂਝਾ ਜਹਾਦ ਛੇੜਿਆ ਹੋਇਆ ਸੀ ਅਤੇ ਸਾਰੇ ਦੇਸ਼ ਵਿੱਚ ਇਕ ਵੱਡੀ ਤਰਥੱਲੀ ਮਚੀ ਹੋਈ ਸੀ। ਸਾਡੇ ਛੋਟੇ ਜਿਹੇ ਸ਼ਹਿਰ ਵਿੱਚ ਜਦੋਂ ਵੀ ਵੱਡੇ ਨੇਤਾ, ਮਹਾਤਮਾ ਗਾਂਧੀ, ਨਹਿਰੂ ਦਾ ਪਿਤਾ, ਸਿੱਖਾਂ ਦੇ ਲੀਡਰ ਆਉਂਦੇ ਸਨ ਤਾਂ ਸਾਰੇ ਸ਼ਹਿਰ ਨੂੰ ਸਜਾਇਆ ਜਾਂਦਾ ਸੀ, ਫੁੱਲਾਂ ਦੇ ਗੇਟ ਬਣਾਏ ਜਾਂਦੇ ਸਨ ਅਤੇ ਸਾਰਾ ਸ਼ਹਿਰ ਉਹਨਾਂ ਦਾ ਸਵਾਗਤ ਕਰਨ ਬਾਹਰ ਆਉਂਦਾ ਸੀ। ਇਹਨਾਂ ਘਟਨਾਵਾਂ ਭਰਪੂਰ ਸਾਲਾਂ ਵਿੱਚ ਇਕ ਵਿਅਕਤੀ ਦਾ ਇਸ ਤਰ੍ਹਾਂ ਸਿਆਸਤ ਦੇ ਬੁੱਲਿਆਂ ਨਾਲ ਵਾਹ ਪੈਂਦਾ ਸੀ, ਉਹ ਇਸ ਤਰ੍ਹਾਂ ਸਿਆਸਤ ਨੂੰ ਗ੍ਰਹਿਣ ਕਰਦਾ ਸੀ।

ਇਸ ਹੀ ਵੇਲੇ ਅਕਤੂਬਰ ਇਨਕਲਾਬ ਹੋ ਚੁੱਕਾ ਸੀ। ਇਸ ਦੀ ਖਬਰ ਸਿਆਲਕੋਟ ਤੱਕ ਪਹੁੰਚ ਚੁੱਕੀ ਸੀ। ਮੈਂ ਲੋਕਾਂ ਨੂੰ ਗੱਲਾਂ ਕਰਦਿਆਂ ਸੁਣਿਆ ਸੀ, “ਦੇਖੋ, ਅਸੀਂ ਸੁਣਿਆ ਹੈ ਕਿ ਰੂਸ ਨਾਂ ਦੇ ਇਕ ਮੁਲਕ ਵਿੱਚ ਲੈਨਿਨ ਨਾਂ ਦੇ ਇਕ ਵਿਅਕਤੀ ਨੇ ਬਾਦਸ਼ਾਹ ਦਾ ਤਖਤਾ ਪਲਟ ਦਿੱਤਾ ਹੈ ਅਤੇ ਉਸ ਨੇ ਸਾਰੇ ਲੋਕਾਂ ਦੀ ਦੌਲਤ ਮਜ਼ਦੂਰਾਂ ਵਿੱਚ ਵੰਡ ਦਿੱਤੀ ਹੈ। ਮੰਨ ਲਉ ਕਿ ਤੁਸੀਂ ਇਕ ਬੈਂਕਰ ਨੂੰ ਲੁੱਟ ਕੇ ਉਸ ਦੀ ਦੌਲਤ ਵੰਡ ਦਿੰਦੇ ਹੋ, ਇਹ ਬੜੇ ਮਜ਼ੇ ਦੀ ਗੱਲ ਹੋਵੇਗੀ!”

ਸੋ ਸਾਡੇ ਸਕੂਲ ਦੇ ਪਹਿਲੇ ਸਾਲਾਂ ਦੌਰਾਨ ਇਹ ਕੁਝ ਵਾਪਰ ਰਿਹਾ ਸੀ। ਸਕੂਲ ਵਿੱਚ ਮੈਂ ਸ਼ਾਇਰੀ ਵੱਲ ਦੋ ਤਰ੍ਹਾਂ ਖਿੱਚਿਆ ਗਿਆ। ਪਹਿਲੀ ਗੱਲ ਤਾਂ ਇਹ ਸੀ ਕਿ ਸਾਡੇ ਘਰ ਦੇ ਨੇੜੇ ਇਕ ਨੌਜਵਾਨ ਦੀ ਇਕ ਛੋਟੀ ਜਿਹੀ ਕਿਤਾਬਾਂ ਦੀ ਦੁਕਾਨ ਸੀ। ਇਹ ਨੌਜਵਾਨ ਕਿਤਾਬਾਂ ਕਿਰਾਏ ‘ਤੇ ਦਿੰਦਾ ਸੀ – ਇਕ ਕਿਤਾਬ ਇਕ ਹਫਤੇ ਲਈ ਦੋ ਪੈਸਿਆਂ ਦੀ ਮਿਲਦੀ ਸੀ। ਉਸ ਕੋਲ ਜਿੰਨੀਆਂ ਵੀ ਕਿਤਾਬਾਂ ਸਨ, ਮੈਂ ਉਹ ਸਾਰੀਆਂ ਕਿਰਾਏ ‘ਤੇ ਲੈ ਕੇ ਪੜ੍ਹੀਆਂ। ਮੇਰਾ ਸਾਰਾ ਜ਼ੇਬ-ਖਰਚਾ ਇਹਨਾਂ ਕਿਤਾਬਾਂ ਨੂੰ ਪੜ੍ਹਨ ਉੱਤੇ ਖਰਚ ਹੋ ਜਾਂਦਾ ਸੀ। ਹਾਈ ਸਕੂਲ ਪਹੁੰਚਣ ਤੋਂ ਪਹਿਲਾਂ ਮੈਂ ਸਾਰੀਆਂ ਕਲਾਸਿਕ ਕਿਤਾਬਾਂ ਪੜ੍ਹ ਚੁੱਕਾ ਸੀ। ਦੂਜੀ ਗੱਲ ਇਹ ਸੀ, ਕਿ ਇਸ ਸ਼ਹਿਰ ਵਿੱਚ ਇਕ ਮਹਾਨ ਕਵੀ ਦਾ ਪਹਿਲਾਂ ਹੀ ਬਹੁਤ ਵੱਡਾ ਨਾਂ ਸੀ; ਇਕਬਾਲ ਇਸ ਸ਼ਹਿਰ ਵਿੱਚ ਪੈਦਾ ਹੋਇਆ ਸੀ ਅਤੇ ਇਸ ਲਈ ਆਮ ਲੋਕਾਂ ਵੱਲੋਂ ਉਸ ਦੀਆਂ ਕਵਿਤਾਵਾਂ ਬੋਲੀਆਂ ਅਤੇ ਗਾਈਆਂ ਜਾਂਦੀਆਂ ਸਨ। ਤੀਜੀ ਗੱਲ ਇਹ ਸੀ, ਸਾਡੇ ਘਰ ਦੇ ਨੇੜੇ ਇਕ ਵੱਡੀ ਸਾਰੀ ਹਵੇਲੀ ਸੀ, ਜਿਸ ਵਿੱਚ ਦਿਨ ਦੇ ਵਕਤ ਇਕ ਪ੍ਰਾਇਮਰੀ ਸਕੂਲ ਚਲਾਇਆ ਜਾਂਦਾ ਸੀ ਜਿਸ ਵਿੱਚ ਮੈਂ ਪੜ੍ਹਦਾ ਸੀ, ਪਰ ਮਹੀਨੇ ਵਿੱਚ ਇਕ ਸ਼ਾਮ ਨੂੰ ਇੱਥੇ ਇਕ ਮੁਸ਼ਾਇਰਾ ਕਰਵਾਇਆ ਜਾਂਦਾ ਸੀ। ਜਦੋਂ ਮੈਂ ਸਕੂਲ ਦੇ ਆਖਰੀ ਵਰ੍ਹੇ ਵਿੱਚ ਸੀ ਤਾਂ ਸਾਡੇ ਹੈੱਡਮਾਸਟਰ ਨੇ ਕਿਹਾ, “ਮੈਂ ਇਕ ਮੁਕਾਬਲਾ ਕਰਾਉਣ ਜਾ ਰਿਹਾ ਹਾਂ। ਅਸੀਂ ਇਸ ਲਾਈਨ ਤੋਂ ਪੰਜ ਜਾਂ ਛੇ ਦੋਹੇ ਜੋੜਾਂਗੇ ਅਤੇ ਅਸੀਂ ਇਹ ਦੋਹੇ ਸ਼ਹਿਰ ਦੇ ਵੱਡੇ ਵਿਦਵਾਨ ਨੂੰ ਭੇਜਾਂਗੇ (ਜਿਹੜਾ ਮਹਾਨ ਕਵੀ ਇਕਬਾਲ ਦਾ ਅਧਿਆਪਕ ਸੀ) ਅਤੇ ਉਹ ਫੈਸਲਾ ਕਰੇਗਾ ਕਿ ਇਨਾਮ ਕੌਣ ਜਿੱਤੇਗਾ।” ਮੈਂ ਉਹ ਇਨਾਮ ਜਿੱਤ ਗਿਆ। ਇਨਾਮ ਇਕ ਰੁਪਈਆ ਸੀ ਜਿਹੜਾ ਉਹਨਾਂ ਦਿਨਾਂ ਵਿੱਚ ਬਹੁਤ ਵੱਡੀ ਰਕਮ ਹੁੰਦਾ ਸੀ।

ਸਿਆਲਕੋਟ ਵਿੱਚ ਆਪਣੇ ਦੋ ਸਾਲ ਖਤਮ ਕਰਨ ਤੋਂ ਬਾਅਦ, ਮੈਂ ਲਾਹੌਰ ਦੇ ਗੌਰਮਿੰਟ ਕਾਲਜ ਚਲਾ ਗਿਆ। ਸਿਆਲਕੋਟ ਵਰਗੇ ਇਕ ਛੋਟੇ ਜਿਹੇ ਸ਼ਹਿਰ ਵਿੱਚੋਂ ਲਾਹੌਰ ਆਉਣਾ ਇਕ ਬਾਹਰਲੇ ਮੁਲਕ ਵਿੱਚ ਜਾਣ ਵਰਗੀ ਗੱਲ ਸੀ। ਕਿਉਂਕਿ ਉਸ ਸਮੇਂ ਸ਼ਹਿਰ (ਸਿਆਲਕੋਟ) ਵਿੱਚ ਟੂਟੀਆਂ ਦਾ ਪਾਣੀ ਨਹੀਂ ਸੀ, ਉੱਥੇ ਕੋਈ ਬਿਜਲੀ ਨਹੀਂ ਸੀ। ਘਰਾਂ ਵਿੱਚ ਪਾਣੀ ਕਹਾਰਾਂ ਵਲੋਂ ਲਿਆਇਆ ਜਾਂਦਾ ਸੀ ਅਤੇ ਜਦੋਂ ਉਹ ਨਹੀਂ ਆਉਂਦੇ ਸਨ ਤਾਂ ਤੁਹਾਨੂੰ ਪਾਣੀ ਖੂਹ ਵਿੱਚੋਂ ਕੱਢਣਾ ਪੈਂਦਾ ਸੀ। ਹਰ ਇਲਾਕੇ ਦਾ ਆਪਣਾ ਖੂਹ ਹੁੰਦਾ ਸੀ ਅਤੇ ਕਈ ਵੱਡੇ ਘਰਾਂ ਵਿੱਚ ਆਪਣੇ ਆਪਣੇ ਖੂਹ ਹੁੰਦੇ ਸਨ। ਬਿਜਲੀ ਨਹੀਂ ਸੀ; ਅਸੀਂ ਮਿੱਟੀ ਦੇ ਤੇਲ ਦੀਆਂ ਲੈਂਪਾਂ ਦੀ ਰੌਸ਼ਨੀ ਵਿੱਚ ਪੜ੍ਹਦੇ ਸੀ ਜਿਹੜੀਆਂ ਕਿ ਬਹੁਤ ਦਿਲਚਸਪ ਹੁੰਦੀਆਂ ਸਨ, ਬਹੁਤ ਹੀ ਚਿੱਤਰਮਈ ਲੈਂਪਾਂ। ਸਿਆਲਕੋਟ ਵਿੱਚ ਕਾਰਾਂ ਨਹੀਂ ਸਨ। ਏਥੋਂ ਤੱਕ ਜ਼ਿਲੇ ਦਾ ਮੁਖੀ, ਡਿਪਟੀ ਕਮਿਸ਼ਨਰ, ਬੱਘੀ ਵਿੱਚ ਆਉਂਦਾ ਹੁੰਦਾ ਸੀ। ਅਤੇ ਉਸ ਕੋਲ ਇਕ ਬੱਘੀ ਸੀ ਜਦੋਂ ਕਿ ਮੇਰੇ ਬਾਪ ਕੋਲ ਦੋ ਬੱਘੀਆਂ ਸਨ।

ਮੈਂ ਲਾਹੌਰ ਆ ਗਿਆ; ਇੱਥੇ ਪਹਿਲੀ ਵਾਰ ਅਸੀਂ ਕਾਰਾਂ ਦੇਖੀਆਂ ਅਤੇ ਪਹਿਲੀ ਵਾਰ ਲੋਕਾਂ ਨੂੰ ਉਹਨਾਂ ਸੁੰਦਰ ਪਹਿਰਾਵਿਆਂ ਵਿੱਚ ਦੇਖਿਆ ਅਤੇ ਨੌਜਵਾਨ ਕੁੜੀਆਂ ਨੂੰ ਪਰਦੇ ਤੋਂ ਬਿਨਾਂ ਜਾਂਦਿਆਂ ਦੇਖਿਆ। ਸਾਡੇ ਸਿਆਲਕੋਟ ਦੇ ਕਾਲਜ ਤੋਂ ਉਲਟ ਇਸ ਕਾਲਜ ਵਿੱਚ ਅੱਧੇ ਟੀਚਰ ਅੰਗਰੇਜ਼ ਸਨ, ਅਤੇ ਹਰ ਚੀਜ਼ ਇਸ ਦੁਨੀਆਂ ਤੋਂ ਅਗਾਂਹ ਦੀ ਸੀ। ਕਾਲਜ ਵਿੱਚ ਮੈਂ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਇਮਤਿਹਾਨ ਦਿੱਤਾ ਉਹ ਅੰਗਰੇਜ਼ੀ ਦਾ ਸੀ। ਮੇਰੇ ਅੰਗਰੇਜ਼ੀ ਦੇ ਟੀਚਰ ਦਾ ਨਾਂ ਲੈਂਗਹੌਰਨ ਸੀ ਜਿਹੜਾ ਬਹੁਤ ਹੀ ਗੁੱਸੇਖੋਰ ਸੀ, ਪਰ ਸੀ ਬਹੁਤ ਵਧੀਆ ਟੀਚਰ। ਆਪਣੇ ਪਹਿਲੇ ਅੰਗਰੇਜ਼ੀ ਦੇ ਪੇਪਰ ਵਿੱਚ ਮੇਰੇ 150 ਵਿੱਚੋਂ ਸਿਰਫ 63 ਨੰਬਰ ਆਏ। ਬਸ ਫਿਰ ਹਰ ਇਕ ਨੇ ਸਿਰ ਝੁਕਾ ਲਿਆ ਅਤੇ ਮੈਂ ਇਕ ਦਮ ਮਸ਼ਹੂਰ ਹੋ ਗਿਆ। ਹੋਰ ਵੱਡੇ ਸਕਾਲਰ, ਮੁਸਲਮਾਨ ਸਕਾਲਰ, ਜਿਹੜੇ ਬਾਅਦ ਵਿੱਚ ਪਾਕਿਸਤਾਨ ਦੇ ਸਿਵਲ ਦੇ ਉੱਚ ਅਧਿਕਾਰੀ ਬਣੇ ਕਹਿਣ ਲੱਗੇ, “ਦੇਖ, ਇੰਡੀਅਨ ਸਿਵਲ ਸਰਵਿਸ ਦੇ ਇਮਤਿਹਾਨ ਲਈ ਤਿਆਰੀ ਸ਼ੁਰੂ ਕਰ ਦੇ।”  ਮੈਂ ਕਿਹਾ “ਠੀਕ ਹੈ”। ਪਰ ਉਸ ਵੇਲੇ ਇੰਡੀਅਨ ਸਿਵਲ ਸਰਵਿਸ ਲਈ ਤਿਆਰੀ ਕਰਨ ਦੀ ਥਾਂ, ਮੈਂ ਹੌਲੀ ਹੌਲੀ ਸ਼ਾਇਰ ਬਣਨਾ ਸ਼ੁਰੂ ਕਰ ਦਿੱਤਾ। ਇਸ ਦਾ ਫੈਸਲਾ ਦੋ ਤਿੰਨ ਚੀਜ਼ਾਂ ਨੇ ਕਰ ਦਿੱਤਾ। ਸਭ ਤੋਂ ਪਹਿਲਾਂ, ਮੁਸੀਬਤ ਇਹ ਬਣੀ ਕਿ  ਮੇਰੀ ਪਹਿਲੀ ਡਿਗਰੀ ਮੁੱਕਣ ਤੋਂ ਪਹਿਲਾਂ ਮੇਰੇ ਬਾਪ ਦੀ ਮੌਤ ਹੋ ਗਈ ਅਤੇ ਮੈਨੂੰ ਅਚਾਨਕ ਪਤਾ ਲੱਗਾ ਕਿ ਸ਼ਹਿਰ ਦੇ ਰਈਸ ਅਤੇ ਧਨੀ ਆਦਮੀਆਂ ਤੋਂ ਅਸੀਂ ਮੰਗਤੇ ਬਣ ਗਏ ਹਾਂ। ਉਹ ਕੁਝ ਜਾਇਦਾਦ ਛੱਡ ਗਿਆ ਸੀ – ਕੁੱਝ ਜ਼ਮੀਨ – ਪਰ ਉਸ ਦੇ ਕਰਜ਼ੇ ਜ਼ਮੀਨ ਨਾਲੋਂ ਵੱਡੇ ਸਨ। ਇਹ ਇਕ ਗੱਲ ਸੀ ਜਿਸ ਨੇ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਬਹੁਤ ਵੱਡਾ ਅਸਰ ਪਾਇਆ। ਦੂਜੀ ਗੱਲ ਇਹ ਹੋਈ, ਅਚਾਨਕ ਵੱਡਾ ਮੰਦਵਾੜਾ (ਗਰੇਟ ਡਿਪ੍ਰੈਸ਼ਨ) ਆ ਗਿਆ। ਨਤੀਜੇ ਵਜੋਂ ਖੇਤੀਬਾੜੀ ਦੀਆਂ ਵਸਤਾਂ ਦੀਆਂ ਕੀਮਤਾਂ ਇਕਦਮ ਹੇਠਾਂ ਆ ਡਿੱਗੀਆਂ। ਪੇਂਡੂ ਇਲਾਕੇ ਬਹੁਤ ਹੀ ਗਰੀਬ ਹੋ ਗਏ ਅਤੇ ਜਿਹੜੀ ਥੋੜ੍ਹੀ ਬਹੁਤ ਆਮਦਨ ਸਾਨੂੰ ਜ਼ਮੀਨ ਤੋਂ ਆਉਂਦੀ ਸੀ ਉਹ ਬੰਦ ਹੋ ਗਈ। ਵੱਡੇ ਮੰਦਵਾੜੇ ਨੇ ਨਿੱਜੀ ਅਤੇ ਸਿਆਸੀ ਤੌਰ ‘ਤੇ ਬਹੁਤ ਵੱਡਾ ਅਸਰ ਪਾਇਆ, ਸਿਰਫ ਮੇਰੇ ‘ਤੇ ਹੀ ਨਹੀਂ, ਸਗੋਂ ਸਾਰੇ ਭਾਈਚਾਰਿਆਂ ‘ਤੇ ਖਾਸ ਕਰਕੇ ਮੁਸਲਮਾਨਾਂ ‘ਤੇ। ਉਹ ਮੁੱਖ ਤੌਰ ‘ਤੇ ਖੇਤੀਬਾੜੀ ਕਰਨ ਵਾਲਾ ਭਾਈਚਾਰਾ ਸੀ, ਅਤੇ ਉਹ ਆਪਣੇ ਗੁਜ਼ਾਰੇ ਲਈ ਮੁੱਖ ਤੌਰ ਉੱਤੇ ਜੋ ਕੁੱਝ ਜ਼ਮੀਨ ਤੋਂ ਆਉਂਦਾ ਸੀ ਉਹਦੇ ਉੱਤੇ ਨਿਰਭਰ ਸਨ ਅਤੇ ਜ਼ਮੀਨ ਵਿੱਚੋਂ ਮੁਸ਼ਕਿਲ ਨਾਲ ਹੀ ਕੁਝ ਆਉਂਦਾ ਸੀ। ਇਸ ਦੇ ਨਾਲ ਹੀ ਕੋਈ ਰੁਜ਼ਗਾਰ ਨਹੀਂ ਸੀ ਕਿਉਂਕਿ ਉੱਥੇ ਕੋਈ ਇੰਡਸਟਰੀ ਨਹੀਂ ਸੀ। ਜਿਹੜੀਆਂ ਵੀ ਇੰਡਸਟਰੀਆਂ ਸਨ, ਉਹ ਗੈਰ-ਮੁਸਲਿਮ ਲੋਕਾਂ ਕੋਲ ਸਨ।

ਰੁਜ਼ਗਾਰ ਦਾ ਤੀਸਰਾ ਰਸਤਾ ਸਰਕਾਰੀ ਨੌਕਰੀ ਸੀ। ਅਤੇ ਉੱਥੇ ਵੀ ਮੁਸਲਮਾਨਾਂ ਨੂੰ, ਜਿਹੜੇ ਕਿ ਪੜ੍ਹਾਈ ਵਿੱਚ ਪਿੱਛੇ ਸਨ, ਕੋਈ ਨੌਕਰੀਆਂ ਨਹੀਂ ਮਿਲ ਸਕਦੀਆਂ ਸਨ। ਇਸ ਲਈ ਸਿਆਸੀ ਅਤੇ ਨਿੱਜੀ ਤੌਰ ‘ਤੇ ਇਹ ਪਰਿਵਾਰ ਲਈ ਬਹੁਤ ਮੁਸ਼ਕਿਲਾਂ ਭਰਿਆ ਸਮਾਂ ਸੀ। ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਦੀ ਇਕ ਗੱਲ ਹੋਰ ਸੀ ਜਿਸ ਨੇ ਇਸ ਕਰੜੀ ਅਜਮਾਇਸ਼ ਨੂੰ ਸ਼ਾਇਰੀ ਰਾਹੀਂ ਪ੍ਰਗਟ ਕਰਨ ਲਈ ਉਕਸਾਇਆ ਅਤੇ ਪ੍ਰੇਰਿਆ, ਉਹ ਸੀ ਕਿ  ਮੈਨੂੰ ਪਿਆਰ ਹੋ ਗਿਆ ਸੀ ਜਿਵੇਂ ਕਿ ਇਸ ਉਮਰ – 17 ਜਾਂ 18 ਸਾਲ –  ਵਿੱਚ ਸਾਰਿਆਂ ਨੂੰ ਹੁੰਦਾ ਹੀ ਹੈ। ਮੈਨੂੰ ਆਪਣੇ ਨਾਲ ਖੇਡਣ ਵਾਲੀ ਇਕ ਕੁੜੀ, ਇਕ ਅਫਗਾਨੀ ਕੁੜੀ, ਨਾਲ ਪਿਆਰ ਹੋ ਗਿਆ। ਉਸ ਦਾ ਪਰਿਵਾਰ ਉਸ ਸਮੇਂ ਹੀ ਅਫਗਾਨਿਸਤਾਨ ਤੋਂ ਆਇਆ ਸੀ ਜਿਸ ਸਮੇਂ ਮੇਰਾ ਬਾਪ ਆਇਆ ਸੀ। ਜਦੋਂ ਅਸੀਂ ਅਜੇ ਛੋਟੇ ਸੀ, ਉਸ ਸਮੇਂ ਉਸ ਦਾ ਪਰਿਵਾਰ ਸਿਆਲਕੋਟ ਤੋਂ ਚਲਾ ਗਿਆ ਸੀ ਅਤੇ ਉਹ 12 ਜਾਂ 13 ਸਾਲ ਦੀ ਉਮਰ ਵਿੱਚ ਪਰਦੇ ਵਿੱਚ ਚਲੀ ਗਈ ਸੀ ਅਤੇ ਮੈਂ ਉਸ ਨੂੰ ਬਚਪਨ ਤੋਂ ਬਾਅਦ ਨਹੀਂ ਦੇਖਿਆ ਸੀ। ਉਹ ਫੈਸਲਾਬਾਦ ਦੇ ਨੇੜੇ ਇਕ ਪਿੰਡ ਵਿੱਚ ਜਾ ਵਸੇ ਸਨ ਅਤੇ ਮੇਰੀ ਭੈਣ ਦੀ ਉਸ ਸ਼ਹਿਰ ਵਿੱਚ ਸ਼ਾਦੀ ਹੋ ਗਈ ਸੀ। ਸੋ ਇਕ ਦਿਨ ਮੈਂ ਇਸ ਪਰਿਵਾਰ ਨੂੰ ਮਿਲਣ ਇਸ ਪਿੰਡ ਗਿਆ ਅਤੇ ਉੱਥੇ ਇਕ ਸਵੇਰੇ ਜਦੋਂ ਮੈਂ ਉੱਠਿਆ, ਮੈਂ ਇਕ ਬਹੁਤ ਸੁਹਣੀ ਕੁੜੀ ਨੂੰ ਤੋਤੇ ਨੂੰ ਚੋਗਾ ਪਾਉਂਦੀ ਹੋਈ ਦੇਖਿਆ। ਉਸ ਨੇ ਮੇਰੇ ਵੱਲ ਦੇਖਿਆ ਅਤੇ ਮੈਂ ਉਸ ਵੱਲ ਅਤੇ ਸਾਨੂੰ ਇਕਦਮ ਪਿਆਰ ਹੋ ਗਿਆ; ਇੰਝ ਕਹੋ ਕਿ ਮੈਨੂੰ ਪਿਆਰ ਹੋ ਗਿਆ। ਜਿਵੇਂ ਕਿ ਰਿਵਾਜ਼ ਸੀ, ਅਸੀਂ ਲੁਕ ਕੇ ਇਕ ਦੂਸਰੇ ਦੇ ਹੱਥ ਫੜੇ, ਪਰ ਅਸੀਂ ਸਿਰਫ ਇੱਥੋਂ ਤੱਕ ਹੀ ਜਾ ਸਕਦੇ ਸੀ। ਪਰ ਦੂਸਰੇ ਦਿਨ ਉਸ ਦਾ ਇਕ ਅਮੀਰ ਜਗੀਰਦਾਰ ਨਾਲ ਵਿਆਹ ਹੋ ਗਿਆ। ਉਹ ਉੱਥੇ ਪਹਿਲੀ ਵਾਰ ਇਕ ਕੁੜੀ ਦੇ ਰੂਪ ਵਿੱਚ ਗਈ। ਜਦੋਂ ਉਹ ਮੁੜ ਕੇ ਆਈ, ਮੈਂ ਉਸ ਨੂੰ ਫਿਰ ਕਦੇ ਨਹੀਂ ਮਿਲਿਆ। ਸੋ ਉਸ ਤੋਂ ਬਾਅਦ ਅਸੀਂ ਹਮੇਸ਼ਾਂ ਦੁਖੀ ਰਹੇ – ਅੱਠ ਸਾਲਾਂ ਲਈ। ਇਸ ਸਮੇਂ ਮੈਂ ਆਪਣੀ ਪੜ੍ਹਾਈ ਕਰ ਰਿਹਾ ਸੀ, ਅਤੇ ਮੇਰੇ ਖਿਆਲ ਵਿੱਚ ਤੀਜੇ ਮੁਸ਼ਾਇਰੇ ਵਿੱਚ ਸ਼ਾਇਰੀ ਪੜ੍ਹਨ ਤੋਂ ਬਾਅਦ ਮੈਨੂੰ ਇਕ ਲੇਖਕ ਜਾਂ ਸ਼ਾਇਰ ਮੰਨ ਲਿਆ ਗਿਆ। ਫਿਰ ਲਾਹੌਰ ਸ਼ਹਿਰ ਵਿੱਚ, ਮਹਾਨ ਲੇਖਕਾਂ ਨੇ, ਮੇਰੇ ਤੋਂ ਸੀਨੀਅਰ ਲੇਖਕਾਂ ਨੇ, ਜਿਹੜੇ ਮੇਰੇ ਟੀਚਰ ਸਨ, ਮੈਨੂੰ ਇਕ ਸ਼ਗਿਰਦ ਵੱਜੋਂ ਅਪਣਾ ਲਿਆ ਅਤੇ ਇਸ ਤਰ੍ਹਾਂ ਮੈਂ ਸ਼ਾਇਰ ਬਣ ਗਿਆ।

ਇਹ ਉੱਪ-ਮਹਾਂਦੀਪ ਵਿੱਚ ਪਹਿਲੀ ਦਹਿਸ਼ਤਵਾਦੀ ਲਹਿਰ ਦਾ ਸਮਾਂ ਸੀ। ਇਹ ਦਹਿਸ਼ਤਵਾਦੀ ਸਾਡੇ ਕਾਲਜ ਵਿੱਚ ਵੀ ਪਹੁੰਚ ਗਏ ਅਤੇ ਉਹਨਾਂ ਵਿੱਚੋਂ ਇਕ ਮੈਂਬਰ ਮੇਰਾ ਜਿਗਰੀ ਯਾਰ ਸੀ, ਜਿਹੜਾ ਬਾਅਦ ਵਿੱਚ ਬਹੁਤ ਵੱਡਾ ਸੰਗੀਤਕਾਰ ਬਣਿਆ, ਖਵਾਜਾ ਖ਼ੁਰਸ਼ੀਦ ਅਨਵਰ। ਉਹ ਕਾਲਜ ਦੀ ਲੈਬਾਰਟਰੀ ਵਿੱਚੋਂ ਬੰਬ ਬਣਾਉਣ  ਲਈ ਤੇਜ਼ਾਬ ਚੁਰਾਉਂਦਾਂ ਗ੍ਰਿਫਤਾਰ ਹੋ ਗਿਆ ਸੀ ਅਤੇ ਉਸ ਨੂੰ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਗਈ ਸੀ, ਜਿਹਦੇ ਵਿੱਚੋਂ ਉਹਨੇ ਕੁਝ ਸਜ਼ਾ ਕੱਟੀ ਸੀ। ਫਿਰ ਉਹਨਾਂ ਨੇ ਉਹਨੂੰ ਛੱਡ ਦਿੱਤਾ ਕਿਉਂਕਿ ਉਹਦਾ ਬਾਪ ਇਕ ਵੱਡਾ ਆਦਮੀ ਸੀ। ਮੈਨੂੰ ਇਹਨਾਂ ਗੱਲਾਂ ਬਾਰੇ ਉਹਦੇ ਰਾਹੀਂ ਪਤਾ ਲੱਗਾ। ਉਹ ਆਪਣਾ ਗੈਰ-ਕਾਨੂੰਨੀ ਲਿਟਰੇਚਰ ਹੋਸਟਲ ਵਿੱਚ ਮੇਰੇ ਕਮਰੇ ਵਿੱਚ ਛੱਡ ਜਾਇਆ ਕਰਦਾ ਸੀ। ਕਈ ਵਾਰੀ ਜਦੋਂ ਮੈਂ ਇਹਨੂੰ ਪੜ੍ਹਦਾ ਸੀ ਤਾਂ ਮੈਂ ਬਹੁਤ ਡਰ ਜਾਂਦਾ ਸੀ ਕਿਉਂਕਿ ਮੇਰੇ ਬਾਪ ਨੂੰ ਖਿਤਾਬ ਮਿਲੇ ਹੋਏ ਸਨ ਜੋ ਇਹ ਦਰਸਾਉਂਦੇ ਸਨ ਕਿ ਉਹ ਬਰਤਾਨਵੀ ਸਾਮਰਾਜ ਦੀ ਖੈਰ ਮੰਗਣ ਵਾਲੇ ਲੋਕਾਂ ਵਿੱਚੋਂ ਸੀ। ਇਸ ਤਰ੍ਹਾਂ ਮੈਨੂੰ ਦਹਿਸ਼ਤਵਾਦ ਅਤੇ ਇਨਕਲਾਬੀਆਂ ਦੀ ਜ਼ਬਾਨ ਦਾ ਪਤਾ ਲੱਗਾ। ਉਸ ਨਾਲ ਜ਼ਰੂਰ ਮੈਨੂੰ ਥੋੜ੍ਹੀ ਬਹੁਤ ਲਾਗ ਲੱਗੀ ਹੋਵੇਗੀ, ਪਰ ਮੈਂ ਇਸ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ।

ਤਿੰਨ ਜਾਂ ਚਾਰ ਸਾਲਾਂ ਬਾਅਦ ਮੈਂ ਆਪਣੀ ਡਿਗਰੀ ਮੁਕਾ ਲਈ। ਪਹਿਲਾਂ ਮੈਂ ਅੰਗਰੇਜ਼ੀ ਵਿੱਚ ਮਾਸਟਰ ਦੀ ਡਿਗਰੀ ਕੀਤੀ ਅਤੇ ਫਿਰ ਮੈਂ ਅਰਬੀ ਦੀ ਡਿਗਰੀ ਕੀਤੀ ਅਤੇ ਫਿਰ ਮੈਂ ਪੜ੍ਹਾਉਣ ਲੱਗ ਪਿਆ ਅਤੇ ਇਹ ਉਹ ਸਮਾਂ ਸੀ ਜਦੋਂ ਮੈਂ ਆਪਣੇ ਮੁਸ਼ਕਿਲਾਂ ਭਰੇ ਸਮੇਂ ਤੋਂ ਬਾਹਰ ਨਿਕਲਿਆ ਅਤੇ ਮੇਰੇ ਭਰਾ ਨੂੰ ਵੀ ਨੌਕਰੀ ਮਿਲ ਗਈ ਅਤੇ ਪਰਿਵਾਰ ਦੇ ਹਾਲਾਤ ਥੋੜ੍ਹੇ ਬਿਹਤਰ ਹੋ ਗਏ।

ਉਸ ਸਮੇਂ ਦੌਰਾਨ ਕਾਲਜ ਵਿੱਚ ਮੇਰੇ ਕੁਲੀਗ, ਦੋ ਜਣੇ ਜਿਹੜੇ ਆਕਸਫੋਰਡ ਤੋਂ ਪੜ੍ਹ ਕੇ ਵਾਪਸ ਆਏ ਸਨ, ਮਾਰਕਸਵਾਦੀ ਬਣ ਚੁੱਕੇ ਸਨ ਅਤੇ ਉਹਨਾਂ ਨੇ ਮੈਨੂੰ ਮਾਰਕਸਵਾਦ ਤੋਂ ਜਾਣੂ ਕਰਵਾਇਆ। ਬਾਅਦ ਵਿੱਚ ਕਈ ਹੋਰ ਨੋਜਵਾਨ ਬਰਤਾਨੀਆ ਦੀਆਂ ਯੂਨੀਵਰਸਿਟੀਆ ਤੋਂ ਪੜ੍ਹ ਕੇ ਵਾਪਸ ਆਏ, ਸਾਰੇ ਅਮੀਰ ਜਾਂ ਕੁਲੀਨ ਪਰਿਵਾਰਾਂ ਨਾਲ ਸੰਬੰਧਤ ਸਨ, ਅਤੇ ਸਾਰੇ ਕਮਿਊਨਿਸਟ ਬਣ ਗਏ ਸਨ। ਉਹਨਾਂ ਵਿੱਚੋਂ ਕਈ ਕਮਿਊਨਿਸਟ ਹੀ ਰਹੇ ਅਤੇ ਕਈਆਂ ਨੇ ਕੁੱਝ ਸਾਲ ਇਸ ਵਿੱਚ ਰਹਿ ਕੇ ਕੋਈ ਹੋਰ ਨੌਕਰੀਆਂ ਲੈ ਲਈਆਂ ਹਨ। ਸੋ ਉਹ ਵਾਪਸ ਆਏ ਅਤੇ ਉਹਨਾਂ ਨੇ ਇਕ ਸਾਹਿਤਕ ਲਹਿਰ ਸ਼ੁਰੂ ਕੀਤੀ ਜਿਹੜੀ ਪ੍ਰੌਗਰੈਸਿਵ ਰਾਈਟਰਜ਼ ਮੂਵਮੈਂਟ (ਪ੍ਰਗਤੀਵਾਦੀ ਲੇਖਕਾਂ ਦੀ ਲਹਿਰ) ਵਜੋਂ ਜਾਣੀ ਗਈ। ਇਹ ਇਕ ਤਰ੍ਹਾਂ ਦੀ ਕਮਿਊਨਿਸਟ ਜਾਂ ਮਾਰਕਸਵਾਦੀ ਲਹਿਰ ਨਹੀਂ ਸੀ, ਬੇਸ਼ੱਕ ਇਸ ਦੇ ਕਈ ਅਹੁਦੇਦਾਰ ਇਸ ਗਰੁੱਪ ਨਾਲ ਸੰਬੰਧਤ ਸਨ, ਪਰ ਇਹ ਅਸਲ ਵਿੱਚ ਯਥਾਰਥਵਾਦੀ ਲਹਿਰ ਸੀ। ਕਿਉਂਕਿ ਪਹਿਲਾਂ ਕਲਾਸੀਕਲ ਦੌਰ ਅਤੇ ਬਾਅਦ ਦੇ ਦੌਰ ਵਿੱਚ, ਸਾਡੀ ਸ਼ਾਇਰੀ ਅਤੇ ਸਾਡਾ ਸਾਹਿਤ ਬਹੁਤ ਹੱਦ ਤੱਕ ਮਿਥਿਹਾਸਕ ਅਤੇ ਕਾਲਪਨਿਕ ਕਹਾਣੀਆਂ ਅਤੇ ਪਿਆਰ ਕਥਾਵਾਂ ਤੱਕ ਸੀਮਤ ਸੀ ਅਤੇ ਬਹੁਤ ਸਾਰੀ ਸ਼ਾਇਰੀ ਸ਼ਬਦਾਂ ਦੀ ਜਿਮਨਾਸਟਿਕ ਹੀ ਸੀ। ਇਸ ਸਮੇਂ ਦੌਰਾਨ ਇਕ ਨਿਰੋਲ (ਜੈਨੂਅਨ) ਸਰੋਦੀ-ਸਿਆਸੀ ਸ਼ਾਇਰੀ ਦਾ ਜਨਮ ਹੋਇਆ।

ਫ਼ੈਜ਼ ਆਪਣੀ ਪਤਨੀ ਐਲਿਸ ਫ਼ੈਜ਼ ਨਾਲ

ਇਸ ਹੀ ਵੇਲੇ 1930ਵਿਆਂ ਵਿੱਚ ਫਾਸ਼ਿਸਟ ਵਿਰੋਧੀ ਮਹਾਨ ਲਹਿਰ ਉੱਠ ਖੜ੍ਹੀ ਹੋਈ ਅਤੇ ਯੂਰਪ ਅਤੇ ਅਮਰੀਕਾ ਦੋਵਾਂ ਵਿੱਚ ਸਾਹਿਤਕ ਲਹਿਰਾਂ ਸਮਾਜਕ ਟਿੱਪਣੀ (ਸੋਸ਼ਲ ਕੁਮੈਂਟ) ਦੇ ਸਾਹਿਤ ਵਲ ਨੂੰ ਮੁੜ ਆਈਆਂ। ਅਸੀਂ ਇਸ ਲਹਿਰ ਤੋਂ ਸਿੱਧੀ ਤਰ੍ਹਾਂ ਪ੍ਰਭਾਵਤ ਹੋਏ ਅਤੇ ਇਸ ਤਰ੍ਹਾਂ 1932-1935 ਦਰਮਿਆਨ ਮੈਂ ਇਸ ਸਿਆਸਤ-ਨੁਮਾ-ਸਾਹਿਤਕ ਲਹਿਰ ਵਿੱਚ ਸ਼ਾਮਲ ਹੋ ਗਿਆ। ਦੂਸਰੀ ਗੱਲ ਮੈਂ ਟਰੇਡ ਯੂਨੀਅਨ ਅਤੇ ਮਜ਼ਦੂਰਾਂ, ਅਤੇ ਕਿਸਾਨਾਂ ਦੀਆਂ ਲਹਿਰਾਂ ਨਾਲ ਸੰਬੰਧਤ ਹੋਇਆ ਅਤੇ ਤੀਜੀ ਗੱਲ ਮੈਂ ਆਪਣੀ ਨਵੀਂ ਸ਼ੈਲੀ ਪੈਦਾ ਕੀਤੀ ਜਿਹੜੀ ਸਰੋਦੀ ਅਤੇ ਸਿਆਸੀ ਸ਼ਾਇਰੀ, ਕਲਾਸੀਜ਼ਮ ਅਤੇ ਮਾਡਰਨਿਜ਼ਮ ਦਾ ਸੁਮੇਲ ਸੀ ਅਤੇ ਜਿਹੜੀ ਲੋਕਾਂ ਨੂੰ ਅਪੀਲ ਕਰਦੀ ਸੀ। ਜਦੋਂ 1941 ਵਿੱਚ ਮੇਰੀ ਪਹਿਲੀ ਕਿਤਾਬ ਛੱਪ ਕੇ ਆਈ ਤਾਂ ਉਹ ਇਕਦਮ ਹੀ ਬੈਸਟ-ਸੈੱਲਰ (ਵੱਡੀ ਗਿਣਤੀ ਵਿੱਚ ਵਿਕਣ ਵਾਲੀ) ਬਣ ਗਈ। ਫਿਰ ਜੰਗ ਸ਼ੁਰੂ ਹੋ ਗਈ। ਪਹਿਲਾਂ ਪਹਿਲ ਅਸੀਂ ਜੰਗ ਵਲ ਬਹੁਤਾ ਧਿਆਨ ਨਾ ਦਿੱਤਾ। ਅਸੀਂ ਸਮਝਿਆ ਕਿ ਇਸ ਦਾ ਸੰਬੰਧ ਅੰਗਰੇਜ਼ ਅਤੇ ਜਰਮਨ ਲੋਕਾਂ ਨਾਲ ਹੈ, ਪਰ 1941 ਵਿੱਚ ਜਾਪਾਨੀ ਜੰਗ ਵਿੱਚ ਸ਼ਾਮਲ ਹੋ ਗਏ। ਇਕ ਪਾਸੇ ਜਾਪਾਨੀ ਇੰਡਿਆ ਦੇ ਬਾਰਡਰਾਂ ਦੇ ਨੇੜੇ ਪਹੁੰਚ ਗਏ ਅਤੇ ਦੂਸਰੇ ਪਾਸੇ ਨਾਜ਼ੀ ਅਤੇ ਫਾਸ਼ਿਸਟ ਮਾਸਕੋ ਅਤੇ ਲੈਨਿਨਗਰੈਡ ਦੀਆਂ ਦਹਿਲੀਜ਼ਾਂ ਤੱਕ ਪਹੁੰਚ ਗਏ। ਅਸੀਂ ਸੋਚਿਆ ਕਿ ਹੁਣ ਜੰਗ ਵਿੱਚ ਸ਼ਾਮਲ ਹੋਣ ਦਾ ਸਮਾਂ ਆ ਗਿਆ ਹੈ, ਅਤੇ ਅਸੀਂ ਫੌਜ ਵਿੱਚ ਭਰਤੀ ਹੋ ਗਏ। ਮੈਂ ਫੌਜ ਵਿੱਚ ਭਰਤੀ ਹੋ ਗਿਆ ਅਤੇ ਮੈਨੂੰ ਆਪਣਾ ਪਹਿਲਾ ਦਿਨ ਯਾਦ ਹੈ ਜਦੋਂ ਮੈਨੂੰ ਪਬਲਿਕ ਰੀਲੇਸ਼ਨ ਡਿਪਾਰਟਮੈਂਟ ਅੱਗੇ ਪੇਸ਼ ਕੀਤਾ ਗਿਆ। ਉਹ ਇਕ ਆਮ ਫੌਜੀ ਨਹੀਂ ਸੀ, ਉਹ ਲੰਡਨ ਟਾਈਮਜ਼ ਦਾ ਇਕ ਜਰਨਲਿਸਟ ਸੀ (ਇਕ ਬਹੁਤ ਹੀ ਖੁਸ਼ਮਿਜਾਜ਼ ਆਇਰਸ਼ਮੈਨ ਸੀ)। ਉਹ ਕਹਿੰਦਾ, “ਦੇਖ, ਮੇਰੇ ਕੋਲ ਤੇਰੀ ਪੁਲੀਸ ਰਿਪੋਰਟ ਹੈ। ਇਹ ਕਹਿੰਦੀ ਹੈ ਕਿ ਤੂੰ ਇਕ ਉਤਲੇ ਦਰਜੇ ਦਾ ਕਮਿਊਨਿਸਟ ਹੈਂ। ਕੀ ਤੂੰ ਕਮਿਊਨਿਸਟ ਹੈਂ? ਮੈਂ ਕਿਹਾ, “ਮੈਨੂੰ ਨਹੀਂ ਪਤਾ ਇਹ ਕਮਿਊਨਿਸਟ ਕੀ ਚੀਜ਼ ਹੁੰਦੀ ਹੈ? ਤਾਂ ਉਹ ਬੋਲਿਆ, “ਮੈਨੂੰ ਕੋਈ ਪਰਵਾਹ ਨਹੀਂ, ਤੂੰ ਭਾਵੇਂ ਫਾਸ਼ਿਸਟ ਹੋਵੇਂ, ਜਿੰਨਾ ਚਿਰ ਤੱਕ ਤੂੰ ਸਾਡੇ ਨਾਲ ਧੋਖਾ ਨਹੀਂ ਕਰਦਾ। ਤੂੰ ਸਾਡੇ ਨਾਲ ਧੋਖਾ ਤਾਂ ਨਹੀਂ ਕਰੇਂਗਾ”? ਮੈਂ ਕਿਹਾ, “ਬਿਲਕੁਲ ਨਹੀਂ”।

ਇਹ ਉਹ ਸਮਾਂ ਸੀ ਜਦੋਂ ਇਕ ਪਾਸੇ ਅੰਗਰੇਜ਼ਾਂ ਅਤੇ ਇਤਿਹਾਦੀ ਫੌਜਾਂ ਦੀ ਜੰਗ ਵਿੱਚ ਹਾਲਤ ਬਹੁਤ ਚੰਗੀ ਨਹੀਂ ਸੀ। ਦੂਸਰੇ ਪਾਸੇ ਮਹਾਤਮਾ ਗਾਂਧੀ ਨੇ ‘ਭਾਰਤ ਛੋੜੋ’ ਦਾ ਅੰਦੋਲਨ ਸ਼ੁਰੂ ਕਰ ਦਿੱਤਾ ਸੀ ਅਤੇ ਉਹ ਅੰਦੋਲਨ ਜੰਗਲ ਦੀ ਅੱਗ ਵਾਂਗ ਫੈਲ ਗਿਆ ਸੀ। ਇਸ ਲਈ ਅੰਗਰੇਜ਼ਾਂ ਦੇ ਸਾਹਮਣੇ ਦੋ ਸਮੱਸਿਆਵਾਂ ਸਨ: ਲੋਕਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਤਿਆਰ ਕਰਨਾ ਅਤੇ ਬਰਤਾਨਵੀ ਸਾਮਰਾਜ ਦੇ ਵਿਰੁੱਧ ਉੱਠੀ ਵੱਡੀ ਲਹਿਰ ਵਿਰੁੱਧ ਲੜਨਾ।

ਉਹ ਬ੍ਰਿਗੇਡੀਅਰ ਮੇਰੇ ਨਾਲ ਇਸ ਲਹਿਰ ਬਾਰੇ ਗੱਲ ਕਰਨ ਲੱਗਾ। ਉਹ ਕਹਿੰਦਾ, “ਜਿੱਥੋਂ ਤੱਕ ਭਾਰਤੀ ਫੌਜੀਆਂ ਦਾ ਸੰਬੰਧ ਹੈ, ਅਸੀਂ ਇਸ ਲਹਿਰ ਬਾਰੇ ਕੀ ਲਾਈਨ ਅਖ਼ਤਿਆਰ ਕਰੀਏ?” ਮੈਂ ਕਿਹਾ, “ਸਾਨੂੰ ਬਿਲਕੁਲ ਕੋਈ ਵੀ ਲਾਈਨ ਨਹੀਂ ਲੈਣੀ ਚਾਹੀਦੀ।” ਉਹ ਕਹਿੰਦਾ, “ਕੀ ਮਤਲਬ?” ਮੈਂ ਕਿਹਾ “ਮੇਰਾ ਮਤਲਬ ਹੈ ਕਿ ਤੁਸੀਂ ਇਹ ਲਾਈਨ ਲਵੋ ਕਿ ਤੁਸੀਂ ਨਾ ਤਾਂ ਅੰਗਰੇਜ਼ਾਂ ਲਈ ਲੜ ਰਹੇ ਅਤੇ ਨਾ ਹੀ ਤੁਸੀਂ ਇਸ ਲਈ ਲੜ ਰਹੇ ਹੋ ਕਿ ਲੂਣ ਕਿੱਥੋਂ ਆਉਂਦਾ ਹੈ, ਤੁਸੀਂ ਆਪਣੇ ਮੁਲਕ ਲਈ ਲੜ ਰਹੇ ਹੋ। ਹੁਣ ਤੁਹਾਡਾ ਮੁਲਕ ਖਤਰੇ ਵਿੱਚ ਹੈ ਕਿਉਂਕਿ ਜਾਪਾਨੀ ਤੁਹਾਡੀਆਂ ਬਰੂਹਾਂ ‘ਤੇ ਹਨ। ਅੰਗਰੇਜ਼ ਦੋ ਜਾਂ ਤਿੰਨ ਸਾਲਾਂ ਨੂੰ ਇੱਥੋਂ ਚਲੇ ਜਾਣਗੇ ਕਿਉਂਕਿ ਉਹ ਇੱਥੇ ਲੰਮੇ ਸਮੇਂ ਤੋਂ ਲੜ ਰਹੇ ਹਨ। ਪਰ ਜੇ ਜਾਪਾਨੀ ਜਾਂ ਜਰਮਨ ਆ ਗਏ, ਉਸ ਦਾ ਮਤਲਬ ਹੋਏਗਾ ਕਿ ਤੁਸੀਂ ਅਗਲੇ ਸੌ ਜਾਂ ਦੋ ਸੌ ਸਾਲਾਂ ਤੱਕ ਗੁਲਾਮ ਰਹੋਗੇ। ਇਸ ਲਈ ਅਸੀਂ ਆਪਣੇ ਦੇਸ਼ ਦੀ ਰਾਖੀ ਕਰਨੀ ਹੈ – ਤੁਸੀਂ ਬਰਤਾਨੀਆ ਲਈ ਨਹੀਂ ਲੜ ਰਹੇ, ਤੁਸੀਂ ਇੰਡਿਆ ਲਈ ਲੜ ਰਹੇ ਹੋ।”

ਉਹ ਕਹਿੰਦਾ, “ਨੌਜਵਾਨਾਂ, ਪਰ ਇਹ ਤਾਂ ਸਿਆਸਤ ਹੈ, ਅਸੀਂ ਇਹ ਫੌਜ ਦੇ ਮੰਨਣਯੋਗ ਕਿਵੇਂ ਬਣਾਈਏ? ਮੈਂ ਇਹ ਗੱਲ ਫੌਜ ਨੂੰ ਕਿਵੇਂ ਸਮਝਾਵਾਂ?” ਮੈਂ ਕਿਹਾ, “ਉਸ ਤਰ੍ਹਾਂ ਸਮਝਾ, ਜਿਸ ਤਰ੍ਹਾਂ ਕਮਿਊਨਿਸਟ ਸਮਝਾਉਂਦੇ ਹਨ”। ਉਹ ਕਹਿੰਦਾ, “ਤੇਰਾ ਕੀ ਮਤਲਬ ਹੈ?” ਮੈਂ ਕਿਹਾ, “ਅਸੀਂ ਫੌਜ ਦੀ ਹਰ ਯੂਨਿਟ ਵਿੱਚ ਇਕ ਸੈੱਲ, ਸਹੀ ਤਰ੍ਹਾਂ ਦਾ ਸੈੱਲ ਬਣਾਈਏ ਅਤੇ ਇਸ ਸੈੱਲ ਰਾਹੀਂ ਅਸੀਂ ਪਹਿਲਾਂ ਅਫਸਰਾਂ ਨੂੰ ਦੱਸੀਏ ਕਿ ਫਾਸ਼ੀਵਾਦ ਕੀ ਹੁੰਦਾ ਹੈ, ਜਾਪਾਨੀ ਕੀ ਕਰ ਰਹੇ ਹਨ, ਇਟਲੀ ਵਾਲੇ ਕੀ ਕਰ ਰਹੇ ਹਨ। ਫਿਰ ਅਸੀਂ ਉਹਨਾਂ ਨੂੰ ਕਹੀਏ, ਕਿਉਂਕਿ ਸਾਡੇ ਫੌਜੀ ਏਨੇ ਪੜ੍ਹੇ ਲਿਖੇ ਨਹੀਂ, ਇਸ ਲਈ ਤੁਸੀਂ ਉਹਨਾਂ ਨੂੰ ਗੱਲਬਾਤ ਕਰਕੇ ਹੀ ਸਮਝਾ ਸਕਦੇ ਹੋ। ਇਸ ਲਈ ਪਹਿਲਾਂ ਅਸੀਂ ਟੀਚਰਾਂ ਨੂੰ ਸਮਝਾਵਾਂਗੇ, ਅਸੀਂ ਉਹਨਾਂ ਨੂੰ ਫਾਸ਼ੀਵਾਦ ਬਾਰੇ ਸਮਝਾਵਾਂਗੇ, ਜਾਪਾਨੀਆਂ ਬਾਰੇ ਸਮਝਾਵਾਂਗੇ ਵਗੈਰਾ ਵਗੈਰਾ, ਅਤੇ ਫਿਰ ਉਹ ਸਿਪਾਹੀਆਂ ਨੂੰ ਸਮਝਾਉਣਗੇ ਅਤੇ ਅਸੀਂ ਇਹ ਗਰੁੱਪ ਬਣਾਈਏ।”  ਕਾਫੀ ਵਾਦ-ਵਿਵਾਦ ਤੋਂ ਬਾਅਦ, ਇਹ ਵਿਚਾਰ ਵਾਇਸਰਾਏ ਅੱਗੇ ਗਿਆ, ਇਹ ਕਮਾਂਡਰ-ਇਨ-ਚੀਫ ਅੱਗੇ ਗਿਆ, ਅਤੇ ਇਹ ਇੰਡਿਆ ਆਫਿਸ ਵਿੱਚ ਗਿਆ। ਉਹ ਕਹਿੰਦਾ, “ਇਹ ਸਾਰਾ ਕੁਝ ਲਿਖ ਦੇ”। ਮੈਂ ਸਕੀਮ ਲਿਖ ਦਿੱਤੀ। ਅਖੀਰ ਵਿੱਚ ਇਹਨੂੰ ਪ੍ਰਵਾਨਗੀ ਮਿਲ ਗਈ। ਅਸੀਂ ਇਹ ਗਰੁੱਪ ਸ਼ੁਰੂ ਕੀਤੇ; ਉਹਨਾਂ ਨੂੰ ਜੋਸ਼ ਗਰੁੱਪ ਕਿਹਾ ਜਾਂਦਾ ਸੀ।  ਇਸ ਤਰ੍ਹਾਂ ਇਹ ਗਰੁੱਪ ਬਣਾਏ ਗਏ। ਉਹ ਬਹੁਤ ਕਾਮਯਾਬ ਰਹੇ ਅਤੇ ਇਸ ਤਰ੍ਹਾਂ ਮੈਨੂੰ ਮੇਰਾ ਆਰਡਰ ਆਫ ਦੀ ਬ੍ਰਿਟਿਸ਼ ਇੰਪਾਇਰ ਮਿਲਿਆ।

ਕਈ ਢੰਗਾਂ ਨਾਲ ਮੈਂ ਤਿੰਨਾਂ ਸਾਲਾਂ ਵਿੱਚ ਕਰਨਲ ਬਣ ਗਿਆ। ਉਸ ਵੇਲੇ ਇਕ ਇੰਡਿਅਨ ਵਜੋਂ ਤੁਸੀਂ ਵੱਧ ਤੋਂ ਵੱਧ ਇਸ ਅਹੁਦੇ ਤੱਕ ਹੀ ਪਹੁੰਚ ਸਕਦੇ ਸੀ। ਇਸ ਸਮੇਂ ਦੌਰਾਨ, ਪਹਿਲਾਂ ਮੈਨੂੰ ਫੌਜ ਬਾਰੇ ਪਤਾ ਲੱਗਾ; ਦੂਸਰਾ ਮੈਨੂੰ ਅੰਗਰੇਜ਼ਾਂ ਬਾਰੇ ਪਤਾ ਲੱਗਾ; ਅਤੇ ਤੀਜੀ ਗੱਲ ਮੈਂ ਬਹੁਤੀ ਸ਼ਾਇਰੀ ਨਹੀਂ ਕਰ ਸਕਿਆ ਪਰ ਮੈਂ ਜਰਨਲਿਜ਼ਮ ਸਿੱਖ ਗਿਆ ਕਿਉਂਕਿ ਮੈਂ ਸਾਰੇ ਫਰੰਟਾਂ ਉੱਤੇ ਲੱਗੀ ਸਾਰੀ ਇੰਡਿਅਨ ਫੌਜ ਲਈ ਪਬਲਿਸਟੀ ਦਾ ਇੰਚਾਰਜ ਸੀ ਅਤੇ ਮੈਂ ਤਕਰੀਬਨ ਤਕਰੀਬਨ ਇੰਡੀਅਨ ਫੌਜ ਦਾ ਸਿਆਸੀ ਕੌਮੀਸਾਰ ਬਣ ਗਿਆ। ਲੜਾਈ ਖਤਮ ਹੋ ਗਈ, ਅਤੇ ਫਿਰ ਮੈਂ ਫੌਜ ਛੱਡ ਦਿੱਤੀ ਅਤੇ ਮੇਰੇ ਕੋਲ ਜਾਂ ਤਾਂ ਫੌਰਨ ਸਰਵਿਸ ਵਿੱਚ ਜਾਣ ਦਾ ਰਾਹ ਸੀ ਜਾਂ ਸਿਵਲ ਸਰਵਿਸ ਵਿੱਚ। ਅਤੇ ਮੈਂ ਸੋਚਿਆ, “ਕੁਝ ਨਹੀਂ ਕਰਨਾ।”

ਇਹ ਉਹ ਸਮਾਂ ਸੀ ਜਦੋਂ ਪਾਕਿਸਤਾਨ ਲਈ ਲਹਿਰ ਅਤੇ ਇੰਡਿਅਨ ਕਾਂਗਰਸ ਦੀ ਲਹਿਰ ਆਪਣੇ ਸਿਖਰ ਉੱਤੇ ਸਨ। ਮੇਰਾ ਇਕ ਪੁਰਾਣਾ ਦੋਸਤ – ਇਕ ਬਹੁਤ ਵੱਡਾ ਜਾਗੀਰਦਾਰ – ਜਿਹੜਾ ਪਹਿਲਾਂ ਪੰਜਾਬ ਕਾਂਗਰਸ ਪਾਰਟੀ ਦਾ ਪ੍ਰੈਜ਼ੀਡੈਂਟ ਹੁੰਦਾ ਸੀ, ਮੁਸਲਿਮ ਲੀਗ ਵਿੱਚ ਆ ਗਿਆ ਅਤੇ ਮੈਨੂੰ ਕਹਿਣ ਲੱਗਾ, “ਦੇਖ, ਫੌਰਨ ਸਰਵਿਸ ਅਤੇ ਸਿਵਲ ਸਰਵਿਸ ਦੇ ਗੋਲੀ ਮਾਰ, ਅਸੀਂ ਲਾਹੌਰ ਵਿੱਚ ਰੋਜ਼ਾਨਾ ਅਖ਼ਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ। ਤੂੰ ਆ ਕੇ ਅਖਬਾਰ ਨੂੰ ਸੰਪਾਦਤ ਕਰ।” ਇਸ ਤਰ੍ਹਾਂ ਜਨਵਰੀ 1947 ਵਿੱਚ ਮੈਂ ਲਾਹੌਰ ਆ ਗਿਆ ਅਤੇ ਪਾਕਿਸਤਾਨ ਟਾਇਮਜ਼, ਸ਼ੁਰੂ ਕਰ ਦਿੱਤਾ। ਮੈਂ ਇਸ ਨੂੰ ਚਾਰ ਸਾਲ ਸੰਪਾਦਤ ਕੀਤਾ। ਇਸ ਦੇ  ਨਾਲ ਹੀ ਮੈਂ ਪਾਕਿਸਤਾਨ ਟਰੇਡ ਯੂਨੀਅਨ ਦਾ ਵਾਈਸ-ਪ੍ਰੈਜ਼ੀਡੈਂਟ ਬਣ ਗਿਆ। ਇਸ ਹੀ ਸਮੇਂ ਸੰਨ 1948 ਵਿੱਚ, ਹੀਰੋਸ਼ੀਮਾ ਅਤੇ ਨਾਗਾਸਾਕੀ ਤੋਂ ਬਾਅਦ, ਕੋਰੀਆ ਦੀ ਲੜਾਈ ਲੱਗ ਗਈ। ਸਾਨੂੰ ਸਟਾਕਹੌਮ ਤੋਂ ਅਪੀਲ ਆਈ ਕਿ ਅਸੀਂ ਅਮਨ ਲਹਿਰ ਸ਼ੁਰੂ ਕਰੀਏ। ਇਸ ਲਈ ਅਸੀਂ ਅਮਨ ਕਮੇਟੀ ਬਣਾ ਲਈ। ਮੈਂ ਟਰੇਡ ਯੂਨੀਅਨਾਂ ਦਾ ਇੰਚਾਰਜ ਸੀ; ਮੈਂ ਪਾਕਿਸਤਾਨ ਟਾਇਮਜ਼ ਦਾ ਇੰਚਾਰਜ ਸੀ। ਉਹਨਾਂ ਚਾਰ ਸਾਲਾਂ ਦੌਰਾਨ ਦੇ ਉਹ ਦਿਨ ਬਹੁਤ ਸੰਤੁਸ਼ਟੀ ਭਰੇ ਸਨ। ਇਸ ਵੇਲੇ ਮੈਂ ਪਹਿਲੀ ਵਾਰ ਯੂਰਪ ਨੂੰ ਗਿਆ, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਵਿੱਚ ਮਜ਼ਦੂਰਾਂ ਦੇ ਇਕ ਪ੍ਰਤੀਨਿਧ ਵਜੋਂ। ਮੈਂ ਉਹਨਾਂ ਦੀਆਂ ਮੀਟਿੰਗਾਂ ਵਿੱਚ ਹਾਜ਼ਰ ਹੋਇਆ, ਪਹਿਲਾਂ ਸਾਨ ਫਰਾਂਸਿਸਕੋ ਵਿੱਚ ਅਤੇ ਫਿਰ ਦੋ ਵਾਰ ਜਨੇਵਾ ਵਿੱਚ। ਇਸ ਵੇਲੇ ਪਹਿਲੀ ਵਾਰ ਮੇਰੀ ਅਮਰੀਕਾ ਅਤੇ ਯੂਰਪ ਨਾਲ ਪਛਾਣ ਹੋਈ।

“ਪਿੰਡੀ ਸਾਜਿਸ਼” ਤੋਂ ਬੈਰੂਤ ਤੱਕ

ਫਿਰ 1950 ਦੇ ਅਖੀਰ ‘ਤੇ, ਮੈਂ ਫੌਜ ਦੇ ਆਪਣੇ ਇਕ ਪੁਰਾਣੇ ਦੋਸਤ ਨੂੰ ਮਿਲਿਆ, ਜਿਸ ਨੂੰ ਚੀਫ ਆਫ ਜਨਰਲ ਸਟਾਫ ਨਿਯੁਕਤ ਕੀਤਾ ਗਿਆ ਸੀ, ਜਨਰਲ ਅਕਬਰ ਖਾਨ। ਉਸ ਨੇ ਪਹਿਲਾਂ ਬਰਮਾ ਅਤੇ ਫਿਰ ਕਸ਼ਮੀਰ ਦੀ ਲੜਾਈ ਵਿੱਚ ਚੰਗਾ ਨਾਮਣਾ ਖੱਟਿਆ ਸੀ। ਮੈਂ ਉਸ ਨੂੰ ਅਚਾਨਕ ਮਰੀ ਵਿੱਚ ਮਿਲਿਆ ਸੀ, ਜਿੱਥੇ ਮੈਂ ਦਸ ਦਿਨਾਂ ਦੀਆਂ ਛੁੱਟੀਆਂ ਲਈ ਗਿਆ ਹੋਇਆ ਸੀ। ਉਸ ਨੇ ਮੈਨੂੰ ਕਿਹਾ, “ਫੌਜ ਵਿੱਚ ਅਸੀਂ ਲੋਕ, ਖਾਸ ਕਰਕੇ ਉਹ ਲੋਕ ਜਿਹੜੇ ਕਸ਼ਮੀਰ ਵਿੱਚ ਲੜੇ ਸਨ, ਬਹੁਤ ਅਸੰਤੁਸ਼ਟ ਹਾਂ ਕਿਉਂਕਿ ਦੇਸ਼ ਬਹੁਤ ਨਿਘਾਰ ਵੱਲ ਜਾ ਰਿਹਾ ਹੈ। ਅਸੀਂ ਚਾਰ ਸਾਲਾਂ ਵਿੱਚ ਕੋਈ ਸੰਵਿਧਾਨ ਨਹੀਂ ਬਣਾਇਆ, ਭ੍ਰਿਸ਼ਟਾਚਾਰ ਹੱਦੋਂ ਜ਼ਿਆਦਾ ਹੈ, ਭਾਈ-ਭਤੀਜਾਵਾਦ ਦਾ ਬੋਲਬਾਲਾ ਹੈ, ਕੋਈ ਇਲੈਕਸ਼ਨ ਨਹੀਂ ਕਰਵਾਈ ਜਾ ਰਹੀ… ਅਤੇ ਕੋਈ ਉਮੀਦ ਨਹੀਂ ਹੈ ਅਤੇ ਅਸੀਂ ਕੁੱਝ ਕਰਨਾ ਚਾਹੁੰਦੇ ਹਾਂ।” ਮੈਂ ਪੁੱਛਿਆ, “ਕੀ ਕਰਨਾ ਚਾਹੁੰਦੇ ਹੋ?” ਉਹ ਕਹਿੰਦਾ, “ਸਰਕਾਰ ਪਲਟਨੀ ਚਾਹੁੰਦੇ ਹਾਂ ਅਤੇ ਅਸੀਂ ਇਕ ਗੈਰ-ਪਾਰਟੀ ਸਰਕਾਰ ਬਣਾਉਣੀ ਚਾਹੁੰਦੇ ਹਾਂ ਅਤੇ ਇਲੈਕਸ਼ਨਾਂ ਕਰਵਾਉਣੀਆਂ ਚਾਹੁੰਦੇ ਹਾਂ ਅਤੇ ਸੰਵਿਧਾਨ ਬਣਾਉਣਾ ਚਾਹੁੰਦੇ ਹਾਂ…” ਅਤੇ ਇਹ ਅਤੇ ਅਹੁ ਕਰਨਾ ਚਾਹੁੰਦੇ ਹਾਂ। ਮੈਂ ਕਿਹਾ, “ਠੀਕ ਹੈ!” ਉਹ ਕਹਿੰਦਾ, “ਅਸੀਂ ਤੇਰੀ ਸਲਾਹ ਚਾਹੁੰਦੇ ਹਾਂ”। ਮੈਂ ਕਿਹਾ, “ਇਹ ਇਕ ਫੌਜੀ ਕਾਰਵਾਈ ਹੈ, ਮੈਂ ਤੈਨੂੰ ਕੋਈ ਸਲਾਹ ਨਹੀਂ ਦੇ ਸਕਦਾ।” ਉਹ ਕਹਿੰਦਾ, “ਕੋਈ ਨਹੀਂ, ਤੂੰ ਸਾਡੀ ਮੀਟਿੰਗ ‘ਤੇ ਆਈਂ ਅਤੇ ਮੇਰੀ ਪਲੈਨ ਸੁਣੀਂ।”

ਫਿਰ, ਬਹੁਤ ਹੀ ਮੂਰਖਤਾ ਭਰੇ ਢੰਗ ਨਾਲ, ਮੈਂ ਦੋ ਹੋਰ ਸਿਵਲੀਅਨ ਦੋਸਤਾਂ ਨਾਲ ਉਸ ਦੀ ਮੀਟਿੰਗ ਵਿੱਚ ਗਿਆ ਅਤੇ ਅਸੀਂ ਉਸ ਦੀ ਪਲੈਨ ਸੁਣੀ। ਪਲੈਨ ਇਹ ਸੀ ਕਿ ਪ੍ਰੈਜ਼ੀਡੈਂਟ ਹਾਊਸ ‘ਤੇ ਕਬਜ਼ਾ ਕਰਨਾ ਸੀ, ਰੇਡੀਓ ਸਟੇਸ਼ਨ ‘ਤੇ ਕਬਜ਼ਾ ਕਰਨਾ ਸੀ- ਉਸ ਵੇਲੇ ਟੀæ ਵੀæ ਨਹੀਂ ਹੁੰਦਾ ਸੀ – ਅਤੇ ਪ੍ਰੈਜ਼ੀਡੈਂਟ ਤੋਂ ਇਹ ਐਲਾਨ ਕਰਵਾਉਣਾ ਸੀ ਕਿ ਸਰਕਾਰ ਪਲਟ ਦਿੱਤੀ ਗਈ ਹੈ ਅਤੇ ਇਕ ਗੈਰ-ਪਾਰਟੀ ਸਰਕਾਰ ਬਣਾ ਦਿੱਤੀ ਗਈ ਹੈ ਅਤੇ ਛੇ ਮਹੀਨਿਆਂ ਵਿੱਚ ਨਵਾਂ ਸੰਵਿਧਾਨ ਲਾਗੂ ਕਰ ਦਿੱਤਾ ਜਾਵੇਗਾ ਅਤੇ ਨਵੀਂਆਂ ਇਲੈਕਸ਼ਨਾਂ ਕਰਾਈਆਂ ਜਾਣਗੀਆਂ ਅਤੇ ਸਮਾਜਕ ਸੁਧਾਰ ਕੀਤੇ ਜਾਣਗੇ ਆਦਿ। ਇਸ ਬਾਰੇ 5-6 ਘੰਟੇ ਵਿਚਾਰ ਵਟਾਂਦਰਾ ਹੁੰਦਾ ਰਿਹਾ ਅਤੇ ਅਖੀਰ ‘ਤੇ – ਉਸ ਵੇਲੇ ਉੱਥੇ ਚੌਦਾਂ ਜਾਂ ਸੋਲਾਂ ਦੇ ਲਗਭਗ ਅਫਸਰ ਹੋਣਗੇ- ਅਖੀਰ ‘ਤੇ ਉਹਨਾਂ ਨੇ ਕਾਫੀ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਕਿ ਅਜਿਹਾ ਨਹੀਂ ਕੀਤਾ ਜਾਵੇਗਾ।  ਇਸ ਦਾ ਕਾਰਨ ਇਕ ਸਾਧਾਰਣ ਮੁੱਦਾ ਸੀ ਕਿ ਉਸ ਵੇਲੇ ਦੇਸ਼ ਦੇ ਸਾਹਮਣੇ ਕੋਈ ਮਸਲਾ ਨਹੀਂ ਸੀ ਜਿਸ ਉੱਤੇ ਤੁਸੀਂ ਲੋਕਾਂ ਨੂੰ ਲਾਮਬੰਦ ਕਰ ਸਕੋ ਅਤੇ ਦੂਸਰੀ ਗੱਲ ਇਹ ਸੀ ਜੇ ਕਦਮ ਚੁੱਕੇ  ਜਾਣ ਤੋਂ ਪਹਿਲਾਂ ਹੀ ਇਸ ਬਾਰੇ ਪਤਾ ਲੱਗ ਗਿਆ ਤਾਂ। ਇਸ ਤੋਂ ਇਲਾਵਾ, ਇਹ ਬਹੁਤ ਖਤਰਨਾਕ ਸੀ। ਇਸ ਲਈ ਇਹ ਫੈਸਲਾ ਹੋਇਆ ਕਿ ਕੁਝ ਵੀ ਨਹੀਂ ਕੀਤਾ ਜਾਵੇਗਾ।

ਫਿਰ ਵੀ, ਵਿੱਚੋਂ ਕੋਈ ਘਬਰਾ ਗਿਆ – ਇਸ ਸਮੇਂ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਦੀ ਅਗਵਾਈ ਹੇਠ ਪਾਕਿਸਤਾਨ ਵਿੱਚ ਇਹ ਪਹਿਲੀ ਸਰਕਾਰ ਸੀ। ਉਹ ਇਸ ਵੇਲੇ ਬਹੁਤ ਜ਼ਿਆਦਾ ਘਬਰਾ ਗਏ, ਮੈਂ ਇਸ ਬਾਰੇ ਸਭ ਕੁਝ ਭੁੱਲ ਭੁਲਾ ਗਿਆ। ਕੁੱਝ ਵੀ ਨਹੀਂ ਹੋਇਆ, ਤੁਸੀਂ ਸਮਝਦੇ ਹੋ, ਕੁਝ ਵੀ ਨਹੀਂ ਕੀਤਾ ਜਾਣਾ ਸੀ। ਅਚਾਨਕ, ਇਕ ਸਵੇਰੇ ਚਾਰ ਕੁ ਵਜੇ ਦੇ ਕਰੀਬ, ਮੈਂ ਦੇਖਿਆ ਕਿ ਮੇਰਾ ਘਰ ਫੌਜੀਆਂ ਨੇ ਘੇਰਿਆ ਹੋਇਆ ਹੈ। ਇਕ ਜਣਾ ਆਇਆ ਅਤੇ ਕਹਿਣ ਲੱਗਾ, “ਆ ਜਾਉ”। ਮੈਂ ਪੁੱਛਿਆ, “ਕੀ ਹੋਇਆ?” ਉਹ ਕਹਿੰਦਾ, “ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ।” ਮੈਂ ਪੁੱਛਿਆ, “ਕਾਹਦੇ ਲਈ?” ਉਹ ਬੋਲਿਆ, “ਮੈਨੂੰ ਪਤਾ ਨਹੀਂ ਕਾਹਦੇ ਲਈ, ਪਰ ਇਹ ਹੁਕਮ ਖ਼ੁਦ ਗਵਰਨਰ ਜਨਰਲ ਵਲੋਂ ਆਇਆ ਹੈ।” ਮੈਂ ਕਿਹਾ, “ਅਸੀਂ ਕੁਛ ਨਹੀਂ ਕੀਤਾ। ਸਾਨੂੰ ਨਹੀਂ ਪਤਾ ਇਹ ਸਭ ਕਿਸ ਕਰਕੇ ਹੈ।” ਸਾਨੂੰ ਬਾਅਦ ‘ਚ ਪਤਾ ਲੱਗ। ਚਾਰ ਮਹੀਨਿਆਂ ਲਈ ਮੈਂ ਤਨਹਾਈ ਵਿੱਚ ਕੈਦ ਰਿਹਾ; ਮੈਨੂੰ ਚਾਰ ਮਹੀਨਿਆਂ ਤੱਕ ਇਹ ਨਹੀਂ ਪਤਾ ਲੱਗਾ ਕਿ ਕੀ ਹੋਇਆ ਹੈ। ਸਵਿੰਧਾਨਕ ਅਸੰਬਲੀ ਨੇ ਇਕ ਸਪੈਸ਼ਲ ਕਾਨੂੰਨ ਪਾਸ ਕੀਤਾ; ਜਿਸ ਦਾ ਨਾਂ ਰੱਖਿਆ ਰਾਵਲਪਿੰਡੀ ਕਾਂਸਪਰੇਸੀ ਐਕਟ। ਫਿਰ ਸਾਡੇ ‘ਤੇ ਮੁਕੱਦਮਾ ਚਲਾਇਆ ਗਿਆ, ਇਸ ਐਕਟ ਅਧੀਨ ਇਕ ਗੁਪਤ ਮੁਕੱਦਮਾ। ਇਹ ਐਕਟ ਸਿਰਫ ਇਸ ਕੇਸ ਲਈ ਪਾਸ ਕੀਤਾ ਗਿਆ ਸੀ। ਅੰਗਰੇਜ਼ਾਂ ਦੇ ਜ਼ਮਾਨੇ ਤੋਂ ਹੀ ਸਾਜਿਸ਼ ਦਾ ਕਾਨੂੰਨ ਕਾਫੀ ਭੈੜਾ ਸੀ, ਬੇਸ਼ੱਕ ਤੁਸੀਂ ਕੁਛ ਵੀ ਨਾ ਕੀਤਾ ਹੋਵੇ, ਪਰ ਜੇ ਇਹ ਸਿੱਧ ਹੋ ਜਾਵੇ ਕਿ ਦੋ ਜਣੇ ਕਾਨੂੰਨ ਤੋੜਨ ਲਈ ਸਹਿਮਤ ਹੋਏ ਸਨ ਤਾਂ ਇਹ ਸਾਜਿਸ਼ ਬਣ ਜਾਂਦੀ ਸੀ ਅਤੇ ਜੇ ਕੋਈ ਤੀਸਰਾ ਵਿਅਕਤੀ ਇਹ ਗਵਾਹੀ ਦੇ ਦਿੰਦਾ ਸੀ ਕਿ ਉਸ ਨੇ ਦੋਹਾਂ ਵਿਅਕਤੀਆਂ ਨੂੰ ਸਹਿਮਤ ਹੁੰਦੇ ਦੇਖਿਆ ਸੀ, ਤਾਂ ਬੱਸ ਏਨਾ ਕਾਫੀ ਹੁੰਦਾ ਸੀ। ਅਮਲ ਕਰਨ ਦੇ ਤਾਕਤ ਦੀ ਕੋਈ ਲੋੜ ਨਹੀਂ ਸੀ; ਅੰਗਰੇਜ਼ਾਂ ਦੇ ਕਾਨੂੰਨ ਵਿੱਚ ਬੱਸ ਏਨਾ ਹੀ ਕਾਫੀ ਸੀ। ਸਰਕਾਰ ਨੇ ਸੋਚਿਆ ਕਿ ਇਹ ਕਾਫੀ ਨਹੀਂ ਸੀ, ਇਸ ਲਈ ਉਹਨਾਂ ਨੇ ਇਕ ਖਾਸ ਕਾਨੂੰਨ ਬਣਾਇਆ ਜਿਸ ਅਧੀਨ ਬਚਾਅ ਲਈ ਜਿਹੜੇ ਥੋੜ੍ਹੇ ਬਹੁਤ ਰਸਤੇ ਸਨ ਉਹ ਵੀ ਬੰਦ ਕਰ ਦਿੱਤੇ ਗਏ, ਅਤੇ ਸਹੀ ਅਰਥਾਂ ਵਿੱਚ ਇਸ ਐਕਟ ਅਧੀਨ ਮੁਜ਼ਰਮ ਠਹਿਰਾਏ ਜਾਣ ਤੋਂ ਬਿਲਕੁਲ ਹੀ ਬਚਿਆ ਨਹੀਂ ਸੀ ਜਾ ਸਕਦਾ । ਇਹ ਕਾਫੀ ਲੰਮਾ ਮੁਕੱਦਮਾ ਸੀ, ਜਿਹੜਾ ਸਾਲ-ਡੇਢ ਸਾਲ ਚੱਲਿਆ – ਸੁਰੱਖਿਆ ਦੀ ਖੇਡ। ਅਖੀਰ ਵਿੱਚ ਸਾਨੂੰ ਸਾਰਿਆਂ ਨੂੰ ਰੈਂਕ ਦੇ ਹਿਸਾਬ ਨਾਲ ਵੱਖ ਵੱਖ ਸਮੇਂ ਦੀਆਂ ਸਜ਼ਾਵਾਂ ਹੋਈਆਂ, ਜਨਰਲ ਨੂੰ ਦਸਾਂ ਸਾਲਾਂ ਦੀ, ਬ੍ਰਿਗੇਡੀਅਰ ਨੂੰ ਸੱਤਾਂ ਸਾਲਾਂ ਦੀ, ਕਰਨਲ ਨੂੰ ਛੇਆਂ ਸਾਲਾਂ ਦੀ। ਸਾਨੂੰ ਸਿਵਲੀਅਨ ਹੋਣ ਕਾਰਨ ਸਭ ਤੋਂ ਘੱਟ ਸਜ਼ਾ ਹੋਈ – ਚਾਰ ਸਾਲਾਂ ਦੀ।

ਇਹ ਮੇਰੀ ਸਜ਼ਾ ਦਾ ਸਮਾਂ ਸੀ, ਜਿਹੜਾ ਇਕ ਤਰ੍ਹਾਂ ਨਾਲ ਬਹੁਤ ਹੀ ਜਰਖੇਜ਼ ਸਮਾਂ ਸੀ ਕਿਉਂਕਿ ਮੇਰੇ ਕਰਨ ਲਈ ਕੁਛ ਨਹੀਂ ਸੀ। ਮੇਰੇ ਕੋਲ ਪੜ੍ਹਨ ਲਈ ਬਹੁਤ ਸਮਾਂ ਸੀ ਅਤੇ ਸਾਨੂੰ ਸਦਾ ਗੁੱਸਾ ਆਉਂਦਾ ਰਹਿੰਦਾ ਸੀ ਕਿਉਂਕਿ ਅਸੀਂ ਜਾਣਦੇ ਸੀ ਕਿ ਅਸੀਂ ਬੇਗੁਨਾਹ ਹਾਂ। ਸੋ ਇਹਨਾਂ ਚਾਰ ਸਾਲਾਂ ਦੌਰਾਨ ਮੈਂ ਸ਼ਾਇਰੀ ਦੀਆਂ ਦੋ ਕਿਤਾਬਾਂ ਲਿਖੀਆਂ। ਮੇਰੀ ਪਹਿਲੀ ਕਿਤਾਬ 1941 ਵਿੱਚ ਆਈ ਸੀ ਅਤੇ ਇਕਦਮ ਵਿਕ ਗਈ ਸੀ। ਇਹ ਦੋਵੇਂ ਕਿਤਾਬਾਂ ਆਈਆਂ – ਜਦੋਂ ਪਹਿਲੀ ਆਈ ਮੈਂ ਉਦੋਂ ਜੇਲ੍ਹ ਵਿੱਚ ਹੀ ਸੀ ਅਤੇ ਦੂਜੀ ਉਦੋਂ ਆਈ ਜਦੋਂ ਮੈਂ ਜੇਲ੍ਹ ਤੋਂ ਬਾਹਰ ਆ ਚੁੱਕਾ ਸੀ। ਜਦੋਂ ਤੁਸੀਂ ਚਾਰ ਸਾਲ ਲਈ ਜੇਲ੍ਹ ਵਿੱਚ ਹੋਵੋ ਅਤੇ ਤੁਸੀਂ ਤਨਹਾਈ ਦੀ ਕੈਦ ਵਿੱਚ ਰਹੇ ਹੋਵੋ ਤਾਂ ਇਸ ਨਾਲ ਮੰਡੀ ਵਿੱਚ ਤੁਹਾਡੀ ਕੀਮਤ ਕਾਫੀ ਵਧ ਜਾਂਦੀ ਹੈ। ਇਸ ਲਈ ਜਦੋਂ ਮੈਂ ਬਾਹਰ ਆਇਆ ਤਾਂ ਮੈਂ ਦੇਖਿਆ ਕਿ ਮੈਂ ਪਹਿਲਾਂ ਨਾਲੋਂ ਵੀ ਮਸ਼ਹੂਰ ਹੋ ਗਿਆ ਸੀ। ਮੈਂ ਵਾਪਸ ਆਪਣੀ ਅਖਬਾਰ ਵਿੱਚ ਗਿਆ, ਹੋਰ ਤਿੰਨ ਚਾਰ ਸਾਲ ਮੈਂ ਉਸ ਹੀ ਪੇਪਰ ਲਈ ਕੰਮ ਕੀਤਾ, ਅਮਨ ਲਹਿਰ ਲਈ ਕੰਮ ਕਰਨਾ ਜਾਰੀ ਰੱਖਿਆ। ਇਸ ਸਮੇਂ ਦੌਰਾਨ ਟਰੇਡ ਯੂਨੀਅਨ ਲਹਿਰ ਖਤਮ ਕਰ ਦਿੱਤੀ ਗਈ ਸੀ ਕਿਉਂਕਿ ਸਾਰੀਆਂ ਖੱਬੀਆਂ ਜਥੇਬੰਦੀਆਂ ਬੈਨ ਕਰ ਦਿੱਤੀਆਂ ਗਈਆਂ ਸਨ। ਇਸ ਤਰ੍ਹਾਂ ਤਿੰਨ ਤੋਂ ਚਾਰ ਸਾਲ ਤੱਕ ਚਲਦਾ ਰਿਹਾ ਅਤੇ ਫਿਰ ਆਇਆ ਪਹਿਲਾ ਮਾਰਸ਼ਲ ਲਾਅ ਅਤੇ ਪਹਿਲੀ ਫੌਜੀ ਸਰਕਾਰ ਅਤੇ ਉਸ ਵੇਲੇ ਬਿਨਾਂ ਕਿਸੇ ਕਸੂਰ ਦੇ ਜੇਲ੍ਹ ਜਾਣਾ ਪਿਆ। ਸ਼ੁਗਲ ਵਾਲੀ ਗੱਲ ਇਹ ਸੀ ਕਿ ਉਸ ਸਮੇਂ ਮਾਰਸ਼ਲ ਲਾਅ ਦੀ ਸਰਕਾਰ ਨੇ ਹਰ ਉਸ ਵਿਅਕਤੀ ਨੂੰ ਫੜ੍ਹ ਲਿਆ ਜਿਹਦਾ ਵੀ ਨਾਂ ਸੰਨ 1920 ਤੋਂ ਪੁਲਿਸ ਦੀਆਂ ਫਾਇਲਾਂ ਵਿੱਚ ਚੱਲਿਆ ਆ ਰਿਹਾ ਸੀ।

ਇਸ ਤਰ੍ਹਾਂ ਅਸੀਂ ਜੇਲ੍ਹਾਂ ਵਿੱਚ ਨੱਬਿਆਂ ਸਾਲਾਂ ਦੇ ਲੋਕਾਂ ਨੂੰ ਮਿਲੇ, ਅੱਸੀਆਂ ਸਾਲਾਂ ਦੇ ਲੋਕਾਂ ਨੂੰ ਮਿਲੇ, ਜਿਹਨਾਂ ਵਿੱਚੋਂ ਬਹੁਤਿਆਂ ਦੀ ਯਾਦਦਾਸ਼ਤ ਜਾ ਚੁੱਕੀ ਸੀ, ਉਹਨਾਂ ਵਿੱਚੋਂ ਕੁਝ ਟੀ ਬੀ ਜਾਂ ਇਸ ਤਰ੍ਹਾਂ ਦੀ ਕਿਸੇ ਹੋਰ ਬੀਮਾਰੀ ਨਾਲ ਮਰ ਗਏ। ਚਾਰ ਪੰਜ ਮਹੀਨਿਆਂ ਬਾਅਦ ਸਾਡੇ ਲਈ ਇਕ ਬਹੁਤ ਵਧੀਆ ਜੱਜ ਆਇਆ, ਉਸ ਨੇ ਹਰ ਉਸ ਵਿਅਕਤੀ ਨੂੰ ਛੱਡ ਦਿੱਤਾ ਜਿਸ ਨੇ ਹੇਬੀਅਸ ਕਾਰਪਸ ਲਈ ਅਰਜ਼ੀ (ਨਜਾਇਜ਼ ਨਜ਼ਰਬੰਦੀ ਦੀ ਪੜਤਾਲ ਲਈ ਅਰਜ਼ੀ) ਕੀਤੀ ਸੀ। ਇਸ ਸਮੇਂ ਮੈਂ ਸ਼ਹਿਰ ਦੇ ਮਸ਼ਹੂਰ ਕੈਦਖਾਨੇ, ਲਾਹੌਰ ਕਿਲੇ ਵਿੱਚ ਡੇਢ ਮਹੀਨਾ ਬਿਤਾਇਆ। ਚਾਰ ਪੰਜ ਮਹੀਨਿਆਂ ਬਾਅਦ ਮੈਨੂੰ ਛੱਡ ਦਿੱਤਾ ਗਿਆ। ਸੋ ਮੈਂ ਸੋਚਿਆ ਕਿ ਮੈਂ ਆਪਣੀ ਅਖਬਾਰ ਵਿੱਚ ਵਾਪਸ ਜਾਵਾਂਗਾ। ਰਿਹਾਈ ਤੋਂ ਤਿੰਨ ਦਿਨ ਬਾਅਦ ਜਦੋਂ ਮੈਂ ਦਫਤਰ ਗਿਆ ਅਤੇ ਦੇਖਿਆ ਕਿ ਦਫਤਰ ਨੂੰ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ। ਮੈਂ ਪੁੱਛਿਆ, “ਕੀ ਹੋਇਆ?” ਉਹਨਾਂ ਨੇ ਦੱਸਿਆ “ਇਸ ਉੱਤੇ ਕਬਜ਼ਾ ਕਰ ਲਿਆ ਗਿਆ ਹੈ।” ਇਹ ਸਾਰੇ ਅਖ਼ਬਾਰ ਜ਼ਬਤ ਕਰ ਲਏ ਗਏ ਸਨ, ਉਹ ਸਾਰੇ ਫੌਜੀ ਸਰਕਾਰ ਨੇ ਕਬਜ਼ੇ ‘ਚ ਲੈ ਲਏ ਸਨ ਅਤੇ ਉਹ ਮੇਰੇ ਪੱਤਰਕਾਰੀ ਦੇ ਕੰਮ ਦਾ ਅੰਤ ਸੀ। ਕੁਝ ਸਮੇਂ ਬਾਅਦ ਮੈਂ ਪੁੱਛਿਆ, “ਮੈਂ ਹੁਣ ਕੀ ਕਰਾਂ?” ਸ਼ਾਇਰੀ ਕਰਕੇ ਮੇਰੇ ਕੁਝ ਦੋਸਤ ਉੱਚੇ ਅਹੁਦਿਆਂ ‘ਤੇ ਸਨ, ਉਹ ਕਹਿਣ ਲੱਗੇ, “ਕੁਝ ਸਭਿਆਚਾਰਕ ਕੰਮ ਕਰਨ ਬਾਰੇ ਕੀ ਖਿਆਲ ਹੈ?” ਮੈਂ ਕਿਹਾ, “ਠੀਕ ਹੈ।” ਫਿਰ ਮੈਂ ਲਾਹੌਰ ਵਿੱਚ ਆਰਟ ਕਾਉਂਸਲ ਸਥਾਪਤ ਕਰ ਦਿੱਤੀ, ਭਾਵੇਂ ਕਿ ਇਹ ਇਕ ਟੁੱਟੀ-ਫੁੱਟੀ ਇਮਾਰਤ ਵਿੱਚ ਸੀ, ਉਸ ਤਰ੍ਹਾਂ ਦੀ ਪ੍ਰਭਾਵਸ਼ਾਲੀ ਨਹੀਂ ਸੀ ਜਿਸ ਤਰ੍ਹਾਂ ਦੀ ਹੁਣ ਦਿਖਾਈ ਦਿੰਦੀ ਹੈ, ਪਰ ਕੰਮ ਚੱਲ ਨਿਕਲਿਆ – ਨੁਮਾਇਸ਼ਾਂ ਅਤੇ ਸੰਗੀਤ ਸਮਾਗਮ ਅਤੇ ਨਾਟਕ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਹੋਣ ਲੱਗੀਆਂ।

ਸਾਡੇ ਕੋਲ ਤਿੰਨ ਜਾਂ ਚਾਰ ਸਾਲਾਂ ਲਈ ਫੰਡ ਸਨ। ਤਿੰਨ ਜਾਂ ਚਾਰ ਸਾਲ ਇਹ ਕਾਉਂਸਲ ਚਲਾਉਣ ਤੋਂ ਬਾਅਦ ਮੈਂ ਬੀਮਾਰ ਹੋ ਗਿਆ। ਮੈਨੂੰ ਮੇਰਾ ਪਹਿਲਾ ਦਿਲ ਦਾ ਦੌਰਾ ਪਿਆ ਅਤੇ ਬੀਮਾਰੀ ਦੇ ਦੌਰ ਸਮੇਂ ਮੈਨੂੰ ਖ਼ਬਰ ਮਿਲੀ ਕਿ ਮੈਨੂੰ ਅੰਤਰਰਾਸ਼ਟਰੀ ਲੈਨਿਨ ਇਨਾਮ ਦੇ ਦਿੱਤਾ ਗਿਆ ਹੈ। ਕਿਸੇ ਨੇ ਮੈਨੂੰ ਅਖਬਾਰ ਦੇ ਦਫਤਰੋਂ ਫੋਨ ਕੀਤਾ, “ਤੁਹਾਨੂੰ ਲੈਨਿਨ ਇਨਾਮ ਦੇ ਦਿੱਤਾ ਗਿਆ ਹੈ।” ਮੈਂ ਕਿਹਾ, “ਚੁੱਪ ਕਰ!” ਮੈਂ ਉਹਨੂੰ ਫਿਰ ਕਿਹਾ, “ਦੇਖ ਮੈਂ ਬੀਮਾਰ ਹਾਂ ਅਤੇ ਤੂੰ ਮਜ਼ਾਕ ਕਰ ਰਿਹਾ ਹੈਂ।” ਉਹ ਕਹਿੰਦਾ “ਨਹੀਂ ਨਹੀਂ ਇਹ ਮਜ਼ਾਕ ਨਹੀਂ ਹੈ, ਇਹ ਸਾਡੇ ਟੈਲੀਪ੍ਰਿੰਟਰ ‘ਤੇ ਹੈ। ਇਹਦੇ ‘ਤੇ ਲਿਖਿਆ ਕਿ ਤੁਹਾਨੂੰ ਅਤੇ ਪਿਕਾਸੋ ਨੂੰ ਅਤੇ ਫਲਾਨੇ ਅਤੇ ਧਿਮਕਾਣੇ ਨੂੰ ਇਨਾਮ ਦਿੱਤਾ ਗਿਆ ਹੈ।”

ਸੋ ਜਦੋਂ ਮੈਂ ਰਾਜ਼ੀ ਹੋ ਗਿਆ ਤਾਂ ਮੈਨੂੰ ਆਪਣਾ ਇਨਾਮ ਲੈਣ ਲਈ ਅਤੇ ਆਪਣਾ ਇਲਾਜ ਕਰਵਾਉਣ ਲਈ ਮਾਸਕੋ ਬੁਲਾਇਆ ਗਿਆ। ਮਾਸਕੋ ਤੋਂ ਬਾਅਦ ਮੈਂ ਲੰਡਨ ਚਲੇ ਗਿਆ, ਲੰਡਨ ‘ਚ ਦੋ ਸਾਲ ਬਿਤਾਏ ਅਤੇ ਵਾਪਸ ਆ ਗਿਆ। ਲਾਹੌਰ ਆਉਣ ਦੀ ਥਾਂ ਅਸੀਂ ਅੱਠ ਸਾਲਾਂ ਲਈ ਕਰਾਚੀ ਰਹੇ ਕਿਉਂਕਿ ਹੈਰੂਨ ਪਰਿਵਾਰ (ਤੁਹਾਡੇ ਮੌਜੂਦਾ ਮਨਿਸਟਰ ਆਫ ਇਨਟੀਰੀਅਰ ਮਹਿਮੂਦ ਹੈਰੂਨ ਦਾ ਪਰਿਵਾਰ) ਮੈਨੂੰ ਜਾਣਦਾ ਸੀ। ਉਹਦੀ ਭੈਣ, ਜਿਹੜੀ ਕਿ ਇਕ ਡਾਕਟਰ ਸੀ, ਮੇਰੀ ਦੋਸਤ ਸੀ। ਉਹ ਕਹਿਣ ਲੱਗੀ, “ਸਾਡੀ ਇਕ ਚੈਰਿਟੇਬਲ ਫਾਊਂਡੇਸ਼ਨ ਹੈ। ਇਸ ਅਧੀਨ ਇਕ ਸਕੂਲ ਹੈ, ਇਕ ਹਸਪਤਾਲ ਹੈ ਅਤੇ ਇਕ ਅਨਾਥ ਆਸ਼ਰਮ ਹੈ ਅਤੇ ਜੇ ਤੇਰੇ ਕੋਲ ਹੋਰ ਕੁਝ ਕਰਨ ਲਈ ਨਹੀਂ ਹੈ ਤਾਂ ਤੂੰ ਫਾਊਡੇਸ਼ਨ ਦਾ ਚਾਰਜ ਲੈ ਕੇ ਇਸ ਦਾ ਪ੍ਰਬੰਧ ਕਿਉਂ ਨਹੀਂ ਕਰਨ ਲੱਗ ਪੈਂਦਾ। ਮੇਰੇ ਪੁੱਤਰਾਂ ਕੋਲ ਸਮਾਂ ਨਹੀਂ ਹੈ, ਉਹ ਆਪਣੇ ਵਪਾਰਾਂ ਅਤੇ ਸਿਆਸਤ ਵਿੱਚ ਵਿਅਸਤ ਹਨ।” ਮੈਂ ਜਾ ਕੇ ਥਾਂ ਦੇਖੀ। ਇਹ ਝੋਂਪੜ-ਪੱਟੀ ਵਿੱਚ ਸੀ, ਅਤੇ ਇਹ ਡਰੱਗ ਵੇਚਣ ਵਾਲਿਆਂ, ਊਠ ਵਾਹੁਣ ਵਾਲਿਆਂ, ਮਛੇਰਿਆਂ ਅਤੇ ਗੁੰਡਿਆਂ ਦਾ ਕੇਂਦਰ ਸੀ। ਮੈਂ ਕਿਹਾ, “ਬਹੁਤ ਵਧੀਆ, ਬਹੁਤ ਹੀ ਮਨਮੋਹਣਾ ਦ੍ਰਿਸ਼ ਹੈ।” ਅਸੀਂ ਸਕੂਲ ਨੂੰ ਕਾਲਜ ਵਿੱਚ ਬਦਲ ਦਿੱਤਾ, ਅਸੀਂ ਇਕ ਟੈਕਨੀਕਲ ਇੰਸਟੀਚਿਊਟ ਸਥਾਪਤ ਕੀਤਾ, ਅਸੀਂ ਪਬਲਿਕ ਹਾਲ ਬਣਾਇਆ ਅਤੇ ਅਨਾਥਆਸ਼ਰਮ ਦਾ ਪ੍ਰਬੰਧ ਕੀਤਾ।

ਇਸ ਤਰ੍ਹਾਂ ਅੱਠ ਸਾਲਾਂ ਲਈ ਮੈਂ ਵਾਪਸ ਪੜ੍ਹਾਉਣ ਅਤੇ ਪ੍ਰਸ਼ਾਸਨ ਦੇ ਕੰਮ ਵਿੱਚ ਪੈ ਗਿਆ ਅਤੇ ਫਿਰ ਵਾਪਸ ਆ ਗਿਆ। ਇਸ ਸਮੇਂ ਦੌਰਾਨ ਦੋ ਜੰਗਾਂ ਹੋਈਆਂ ਇਕ ਇੰਡਿਆ ਨਾਲ 1965 ਦੀ ਜੰਗ ਅਤੇ ਦੂਸਰੀ ਬੰਗਲਾਦੇਸ਼ ਨਾਲ 1971 ਦੀ ਜੰਗ। ਇਹ ਦੋਵੇਂ ਸਮੇਂ ਮੇਰੇ ਲਈ ਬਹੁਤ ਕਸ਼ਟ ਭਰੇ ਸਮੇਂ ਸਨ ਕਿਉਂਕਿ ਮੇਰੇ ‘ਤੇ ਜੰਗੀ ਗੀਤ ਲਿਖਣ ਲਈ ਬਹੁਤ ਦਬਾਅ ਪਾਇਆ ਜਾ ਰਿਹਾ ਸੀ। ਪਰ ਮੈਂ ਕਿਹਾ, “ਦੇਖੋ, ਮੈਂ ਜੰਗੀ ਗੀਤ ਨਹੀਂ ਲਿਖਣੇ!” ਉਹ ਕਹਿੰਦੇ, “ਦਸ ਕਿਉਂ ਨਹੀਂ? ਇਹ ਤੇਰਾ ਦੇਸ਼ਭਗਤੀ ਦਾ ਫਰਜ਼ ਹੈ।” ਮੈਂ ਕਿਹਾ, “ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਇਹਨਾਂ ਜੰਗਾਂ ਨੂੰ ਕੀਮਤੀ ਜਾਨਾਂ ਦੀ ਬੇਤੁਕੀ ਬਰਬਾਦੀ ਸਮਝਦਾ ਹਾਂ ਅਤੇ ਦੂਜੀ ਗੱਲ ਇਹ ਹੈ ਕਿ ਪਾਕਿਸਤਾਨ ਨੂੰ ਇਸ ਜੰਗ ਵਿੱਚੋਂ ਜਾਂ ਉਸ ਜੰਗ ਵਿੱਚੋਂ ਕੁਝ ਨਹੀਂ ਮਿਲਣ ਲੱਗਾ। ਮੈਂ ਜੰਗੀ ਗੀਤ ਨਹੀਂ ਲਿਖਣੇ।” ਪਰ ਮੈਂ ਦੋਵੇਂ ਜੰਗਾਂ ਲਈ ਨਜ਼ਮਾਂ ਲਿਖੀਆਂ। ਪਹਿਲੀ ਜੰਗ ਵੇਲੇ ਮੈਂ ਦੋ ਨਜ਼ਮਾਂ ਲਿਖੀਆਂ, ਇਕ ਦਾ ਨਾਂ ਹੈ, “ਬਲੈਕ ਆਊਟ” ਅਤੇ ਉਸ ਦਾ ਥੀਮ ਹੈ ਰੌਸ਼ਨੀਆਂ – ਸੱਚੀਂ ਦੀਆਂ ਰੌਸ਼ਨੀਆਂ – ਬੁਝਣ ਦੇ ਨਾਲ ਖਿਜ਼ਾਂ ਬੁਝ ਗਈ ਹੈ, ਤਰਕ ਦੀ ਰੌਸ਼ਨੀ ਬੁਝ ਗਈ ਹੈ, ਪਿਆਰ ਦੀ ਰੌਸ਼ਨੀ ਬੁਝ ਗਈ ਹੈ, ਅਤੇ ਲੋਕਾਂ ਦੇ ਦਿਲਾਂ ਵਿੱਚ ਜਗਦੀਆਂ ਸਾਰੀਆਂ ਬੱਤੀਆਂ ਬੁਝ ਗਈਆਂ ਹਨ। ਅਤੇ ਦੂਸਰੀ ਨਜ਼ਮ ਇਕ ਸ਼ਹੀਦ ਹੋ ਚੁੱਕੇ ਸਿਪਾਹੀ ਦਾ ਮਰਸੀਆ ਸੀ ਅਤੇ ਆਪਣੇ ਪੁੱਤਰ ਦੇ ਸੋਗ ਵਿੱਚ ਪਾਏ ਉਸ ਦੀ ਮਾਂ ਦੇ ਵੈਣ ਸਨ। ਇਸ ਨਾਲ ਮੇਰੇ ਦੇਸ਼ਭਗਤ ਦੋਸਤਾਂ ਨੂੰ ਹੋਰ ਗੁੱਸਾ ਚੜ੍ਹ ਗਿਆ।

ਦੂਸਰੀ, ਬੰਗਲਾਦੇਸ਼ ਦੀ ਜੰਗ, ਸਮੇਂ ਮੈਂ ਤਿੰਨ ਜਾਂ ਵੱਧ ਨਜ਼ਮਾਂ ਲਿਖੀਆਂ। ਇਕ ਸੀ “ਫੈਸਟੀਵਲ ਆਫ ਬਲੱਡਸ਼ੈੱਡ” ਅਤੇ ਦੂਸਰੀ ਦਾ ਨਾਂ ਸੀ , “ਡਸਟ ਆਫ ਹੇਟਰਡ ਇਨ ਮਾਈ ਆਈਜ਼”, ਇਹ ਬੰਗਲਾਦੇਸ਼ ਦੇ ਨਜ਼ਰੀਏ ਤੋਂ ਲਿਖੀ ਗਈ ਸੀ। ਸੋ ਕੁਦਰਤੀ ਹੀ ਇਸ ਨਾਲ ਇਹਨਾਂ ਲੋਕਾਂ ਨੂੰ ਹੋਰ ਗੁੱਸਾ ਚੜ੍ਹ ਗਿਆ। ਇਸ ਲਈ ਕੁਝ ਦਿਨਾਂ ਲਈ ਮੈਨੂੰ ਸਿੰਧ ਵਿੱਚ ਰੂਪੋਸ਼ ਹੋਣਾ ਪਿਆ ਤਾਂ ਕਿ ਆਪਣੇ ਦੇਸ਼ਭਗਤ ਦੋਸਤਾਂ ਦੇ ਗੁੱਸੇ ਤੋਂ ਦੂਰ ਰਿਹਾ ਜਾ ਸਕੇ। ਅਤੇ ਫਿਰ ਜੰਗ ਖਤਮ ਹੋ ਗਈ। ਪਾਕਿਸਤਾਨ ਦੇ ਟੁੱਕੜੇ ਹੋ ਗਏ।

ਇਲੈਕਸ਼ਨਾਂ ਕਰਕੇ ਫੌਜੀ ਸਰਕਾਰ ਗੱਦੀਉਂ ਲਾਹ ਦਿੱਤੀ ਗਈ ਅਤੇ ਭੁੱਟੋ ਦੀ ਸਰਕਾਰ – ਪੀਪਲਜ਼ ਪਾਰਟੀ ਦੀ ਸਰਕਾਰ- ਤਾਕਤ ਵਿੱਚ ਆ ਗਈ। ਮੈਂ ਉਸ ਨੂੰ (ਭੁੱਟੋ ਨੂੰ) ਪੁਰਾਣੇ ਦਿਨਾਂ ਤੋਂ ਜਾਣਦਾ ਸੀ, ਪਹਿਲਾਂ ਜਦੋਂ ਉਹ ਵਿਦੇਸ਼ ਮੰਤਰੀ ਸੀ, ਅਤੇ ਫਿਰ ਜਦੋਂ ਉਹ ਵਿਰੋਧੀ ਧਿਰ ਦਾ ਲੀਡਰ ਸੀ। ਫਿਰ ਉਸ ਨੇ ਮੈਨੂੰ ਸੱਦਿਆ। ਉਹਨੇ ਕਿਹਾ, “ਆ ਜਾ ਸਾਡੇ ਨਾਲ ਮਿਲ ਜਾ।” ਮੈਂ ਕਿਹਾ, “ਅਤੇ ਕਰਨਾ ਕੀ ਹੈ?” ਉਹ ਕਹਿੰਦਾ, “ਦੇਖ ਤੂੰ ਇਹ ਸਭਿਆਚਾਰ ਦਾ ਕਾਰੋਬਾਰ ਕਰਦਾ ਸੀ, ਹੁਣ ਤੂੰ ਇਸ ਨੂੰ ਕੌਮੀ ਪੱਧਰ ‘ਤੇ ਕਰ।” ਇਸ ਤਰ੍ਹਾਂ ਮੈਂ ਨੈਸ਼ਨਲ ਕਾਉਂਸਲ ਆਫ ਦੀ ਆਰਟਸ, ਇਸ ਪੀ ਐੱਨ ਸੀ ਏ ਜਿਹੜੀ ਇੱਥੇ ਹੈ, ਦੀ ਨੀਂਹ ਰੱਖੀ। ਮੈਂ ਇਸ ਨੂੰ ਸਥਾਪਤ ਕੀਤਾ ਅਤੇ ਫਿਰ ਮੈਂ ਇਕ ਨਿਰਮਾਣ ਜਿਹੇ ਨਾਂ ਵਾਲੀ ਇਕ ਹੋਰ ਸੰਸਥਾ ਖੜ੍ਹੀ ਕੀਤੀ, “ਫੋਕ ਆਰਟਸ” ਜਿਹੜੀ ਹੁਣ ਨੈਸ਼ਨਲ ਇੰਸਟੀਚਿਊਟ ਆਫ ਫੋਕ ਹੈਰੀਟੇਜ ਬਣ ਚੁੱਕਾ ਹੈ। ਮੈਂ ਇਹ ਕੰਮ ਤਕਰੀਬਨ ਚਾਰ ਸਾਲਾਂ ਲਈ ਕੀਤਾ ਜਦੋਂ ਤੱਕ ਸਰਕਾਰ ਬਦਲ ਨਹੀਂ ਗਈ। ਇਸ ਦੇ ਨਾਲ ਨਾਲ ਮੈਂ ਲਿਖ ਰਿਹਾ ਸੀ। ਮੈਂ ਤਿੰਨ ਹੋਰ ਕਿਤਾਬਾਂ ਲਿਖੀਆਂ; ਮੈਂ ਦੋ ਜਾਂ ਤਿੰਨ ਕਿਤਾਬਾਂ ਵਾਰਤਕ ਦੀਆਂ ਲਿਖੀਆਂ, ਦੋ ਜਾਂ ਤਿੰਨ ਨਜ਼ਮਾਂ ਦੀਆਂ ਕਿਤਾਬਾਂ ਲਿਖੀਆਂ। ਇਸ ਸਮੇਂ ਤੱਕ ਮੇਰੀਆਂ ਲਿਖਤਾਂ ਅੰਗਰੇਜ਼ੀ, ਫਰਾਂਸੀਸੀ ਅਤੇ ਰੂਸੀ ਅਤੇ ਹੋਰ ਕਈ ਜ਼ਬਾਨਾਂ ਵਿੱਚ ਅਨੁਵਾਦ ਹੋ ਚੁੱਕੀਆਂ ਸਨ। ਅਤੇ ਫਿਰ ਉਹ ਸਰਕਾਰ ਪਲਟ ਦਿੱਤੀ ਗਈ ਅਤੇ ਮੌਜੂਦਾ ਨਿਜ਼ਾਮ (ਜ਼ਿਆ-ਉਲ-ਹੱਕ ਦਾ ਨਿਜ਼ਾਮ) ਤਾਕਤ ਵਿੱਚ ਆ ਗਿਆ। ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ, ਪਰ ਜਿਸ ਹੱਦ ਤੱਕ ਸਭਿਆਚਾਰਕ ਕੰਮ ਦਾ ਤਅਲਕ ਸੀ, ਇਹ ਪੂਰੀ ਤਰ੍ਹਾਂ ਪਹਿਲਾਂ ਵਰਗਾ ਨਾ ਰਿਹਾ। ਮੈਂ ਇਹ ਵੀ ਸੋਚਿਆ ਕਿ ਮੈਨੂੰ ਕੁੱਝ ਹੋਰ ਕਰਨਾ ਚਾਹੀਦਾ ਹੈ।

ਫ਼ੈਜ਼ ਅਤੇ ਪਾਬਲੋ ਨਾਰੂਦਾ

ਫਿਰ ਇਸ ਸਮੇਂ ਦੌਰਾਨ ਬਾਹਰ ਕੁਝ ਚੀਜ਼ਾਂ ਵਾਪਰੀਆਂ। ਇਕ ਸੰਸਥਾ ਜਿਸ ਲਈ ਮੈਂ ਯੋਗਦਾਨ ਪਾ ਰਿਹਾ ਸੀ ਉਹ ਸੰਸਥਾਂ ਹੋਂਦ ਵਿੱਚ ਆ ਗਈ – ਇਹ ਏਸ਼ੀਆਈ ਅਤੇ ਅਫਰੀਕੀ ਲੇਖਕਾਂ ਦੀ ਸੰਸਥਾ ਸੀ ਜਿਸ ਦਾ ਨਾਂ ਸੀ ਐਫਰੋ-ਏਸ਼ੀਅਨ ਰਾਈਟਰਜ਼ ਐਸੋਸੀਏਸ਼ਨ। ਮੈਂ ਉਹਨਾਂ ਲਈ ਕੰਮ ਕਰ ਰਿਹਾ ਸੀ, ਉਹਨਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੁੰਦਾ ਸੀ। ਇਸ ਸਮੇਂ ਉਹਨਾਂ ਦਾ ਹੈਡਕੁਆਰਟਰ ਕਾਇਰੋ ਵਿੱਚ ਸੀ, ਜਿੱਥੋਂ ਉਹ ਇਕ ਲੋਟਸ ਨਾਂ ਦਾ ਮੈਗਜ਼ੀਨ ਕੱਢਦੇ ਸਨ। ਕੈਂਪ ਡੇਵਿਡ ਦੇ ਸਮਝੌਤੇ ਬਾਅਦ ਅਰਬ ਦੇਸਾਂ ਨੇ ਜ਼ੋਰ ਪਾਇਆ ਕਿ ਦਫਤਰ ਨੂੰ ਕਾਇਰੋ ਤੋਂ ਬਦਲ ਦਿੱਤਾ ਜਾਵੇ ਅਤੇ ਦਫਤਰ ਹੋਰ ਕਿਸੇ ਥਾਂ ਬਦਲ ਦਿੱਤਾ ਗਿਆ। ਇਸ ਮੈਗਜ਼ੀਨ ਦਾ ਚੀਫ ਐਡੀਟਰ ਸੈਕਟਰੀ ਜਨਰਲ ਵੀ ਸੀ। ਉਸ ਨੂੰ ਸਾਈਪ੍ਰੈਸ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਇਸ ਤਰ੍ਹਾਂ ਇਸ ਮੈਗਜ਼ੀਨ ਦਾ ਪ੍ਰਬੰਧ ਕਰਨ ਵਾਲਾ ਕੋਈ ਨਹੀਂ ਸੀ ਅਤੇ ਨਵੇਂ ਦਫਤਰ ਲਈ ਕੋਈ ਥਾਂ ਨਹੀਂ ਸੀ। ਇਹ ਫੈਸਲਾ ਕੀਤਾ ਗਿਆ ਕਿ ਨਵਾਂ ਦਫਤਰ ਬੈਰੂਤ ਵਿੱਚ ਖੋਲ੍ਹਿਆ ਜਾਵੇ ਅਤੇ ਮੈਨੂੰ ਇਸ ਮੈਗਜ਼ੀਨ ਦਾ ਇੰਚਾਰਜ ਬਣਨ ਲਈ ਸੱਦਾ ਆਇਆ। ਇਸ ਤਰ੍ਹਾਂ ਮੈਂ ਬੈਰੂਤ ਵਿੱਚ ਇਸ ਮੈਗਜ਼ੀਨ ਦਾ ਚਾਰਜ ਲੈ ਲਿਆ ਅਤੇ ਇਸ ਸੰਸਥਾ ਲਈ ਚਾਰ ਸਾਲ ਕੰਮ ਕੀਤਾ। ਅਤੇ ਫਿਰ ਬਿਨਾਂ ਸ਼ੱਕ ਸਾਨੂੰ ਬਾਹਰ ਕੱਢ ਦਿੱਤਾ ਗਿਆ।

ਜਦੋਂ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ ਤਾਂ ਘੇਰਾ ਪਾਏ ਜਾਣ ਤੋਂ ਇਕ ਮਹੀਨਾ ਬਾਅਦ ਮੈਂ ਘੇਰੇ ਵਿੱਚ ਬਚ ਕੇ ਨਿਕਲ ਆਇਆ ਅਤੇ ਇੱਥੇ ਆ ਗਿਆ। ਅਤੇ ਆਉਂਦਿਆਂ ਹੀ ਮੈਂ ਇਕ ਵਾਰ ਫਿਰ ਬੀੰਮਾਰ ਹੋ ਗਿਆ, ਦੁਬਾਰਾ ਵੀਹਾਂ ਸਾਲਾਂ ਬਾਅਦ ਅਤੇ ਇਹ ਕਹਾਣੀ ਦਾ ਅੰਤ ਹੈ। ਮੈਨੂੰ ਅਫਸੋਸ ਹੈ ਕਿ ਮੈਂ ਏਨਾ ਵਕਤ ਲਾ ਦਿੱਤਾ, ਪਰ ਮੈਂ ਇਸ ਨੂੰ ਇਸ ਤੋਂ ਛੋਟਾ ਨਹੀਂ ਸੀ ਕਰ ਸਕਦਾ। ***

ਨੋਟ:
1. ਇਸ ਕਿਤਾਬ ਦਾ ਨਾਂ ਹੈ ਵਿਜ਼ੀਅਰ’ਜ਼ ਡਾਟਰ ਹੈ ਅਤੇ ਇਸ ਨੂੰ ਡਾ: ਹੈਮਿਲਟਨ ਨੇ ਲਿਖਿਆ ਹੈ ਅਤੇ ਜੌਹਨ ਮੁਰੇ ਨੇ ਪ੍ਰਕਾਸ਼ਤ ਕੀਤਾ ਹੈ।

Advertisements
This entry was posted in ਸਾਰੀਆਂ and tagged , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.