ਹਮਾਰਾ ਸ਼ਹਿਰ ਬੰਬੇ – (Bombay Our City)

ਰਿਵੀਊਕਾਰ: ਸੁਖਵੰਤ ਹੁੰਦਲ, ਸਾਧੂ ਬਿਨਿੰਗ

(ਮਸ਼ਹੂਰ ਡਾਕੂਮੈਂਟਰੀ ਫਿਲਮ ਮੇਕਰ ਅਨੰਦ ਪਟਵਰਧਨ ਦੀ 1985 ਵਿੱਚ ਬਣੀ ਇਸ ਫਿਲਮ ਦਾ ਇਹ ਰਿਵੀਊ ਪਹਿਲੀ ਵਾਰ 14 ਨਵੰਬਰ 1986 ਨੂੰ ਕੈਨੇਡਾ ਦਰਪਣ ਅਖਬਾਰ ਦੇ ਸਫਾ 29 ‘ਤੇ ਛਪਿਆ ਸੀ।)

“ਹਮਾਰਾ ਸ਼ਹਿਰ ਬੰਬੇ ( Bombay Our City) ਬੰਬਈ ਦੀ ਕਹਾਣੀ ਹੈ। ਪਰ ਆਮ ਬੰਬਈਆ ਫਿਲਮਾਂ ਵਾਂਗ ਇਹ ਕਹਾਣੀ ਹੋਂਦ-ਰਹਿਤ, ਕਲਪਤ ਪਾਤਰਾਂ ਦੀ ਕਹਾਣੀ ਨਹੀਂ ਸਗੋਂ ਬੰਬਈ ਸ਼ਹਿਰ ਦੇ 40 ਲੱਖ ਲੋਕਾਂ ਦੀ ਕਹਾਣੀ ਹੈ। ਇਹ ਚਾਲੀ ਲੱਖ ਲੋਕ ਬੇਘਰ, ਸੜਕਾਂ, ਫੁੱਟਪਾਥਾਂ ਅਤੇ ਝੋਂਪੜਪੱਟੀਆਂ ਵਿੱਚ ਰਹਿੰਦੇ ਹਨ।

ਇਹ ਲੋਕ ਹਿੰਦੁਸਤਾਨ ਤੇ ਖਾਸ ਕਰਕੇ ਮਹਾਂਰਾਸ਼ਟਰ ਦੇ ਪਿੰਡਾਂ ਵਿੱਚੋਂ ਉੱਠ ਕੇ ਰੁਜ਼ਗਾਰ ਦੀ ਭਾਲ ਵਿੱਚ ਬੰਬਈ ਆਏ ਹਨ। ਉਨ੍ਹਾਂ ਵਿੱਚ ਬਹੁਤਿਆਂ ਦੀਆਂ ਥੋੜ੍ਹੀਆਂ ਬਹੁਤ ਜ਼ਮੀਨਾਂ ਜੋ ਪਿੰਡਾਂ ਵਿੱਚ ਸਨ ਉਹਨਾਂ ਉੱਪਰ ਪਿੰਡ ਦੇ ਜ਼ਗੀਰਦਾਰਾਂ ਅਤੇ ਸ਼ਾਹੂਕਾਰਾਂ ਨੇ ਕਬਜ਼ਾ ਕਰ ਲਿਆ ਹੈ। ਜਿਹੜੇ ਲੋਕ ਸਿਰਫ ਮਿਹਨਤ, ਮਜ਼ਦੂਰੀ ਕਰਦੇ ਸਨ, ਉਨ੍ਹਾਂ ਨੂੰ ਇਨ੍ਹਾਂ ਸ਼ਾਹੂਕਾਰਾਂ ਅਤੇ ਜਗੀਰਦਾਰਾਂ ਦੀਆਂ ਵਗਾਰਾਂ ਕਰਨੀਆਂ ਪੈਂਦੀਆਂ ਸਨ। ਇਸ ਸਭ ਕੁਝ ਤੋਂ ਅੱਕ-ਥੱਕ ਕੇ ਇਹ ਲੋਕ ਬੰਬਈ ਸ਼ਹਿਰ ਵਿੱਚ ਰੋਜ਼ੀ ਦੀ ਤਲਾਸ਼ ਲਈ ਪਹੁੰਚੇ ਹਨ। ਪਿੰਡਾਂ ਵਿੱਚੋਂ ਸ਼ਹਿਰਾਂ ਵਲ ਜਾਣ ਦਾ ਰੁਝਾਣ ਇਕੱਲੇ ਬੰਬਈ ਵਿੱਚ ਹੀ ਨਹੀਂ ਵਾਪਰ ਰਿਹਾ ਸਗੋਂ ਇਹ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਜਿਵੇਂ ਕਲਕੱਤੇ, ਦਿੱਲੀ ਆਦਿ ਵਿੱਚ ਵੀ ਵਾਪਰ ਰਿਹਾ ਹੈ। ਅਸਲ ਵਿੱਚ ਇਹ ਰੁਝਾਣ ਅੰਤਰਰਾਸ਼ਟਰੀ ਰੁਝਾਣ ਹੈ। ਸਰਮਾਏ ਦੇ ਵਿਕਾਸ ਨਾਲ ਵੱਡੀਆਂ ਵੱਡੀਆਂ ਫੈਕਟਰੀਆਂ ਅਤੇ ਉਦਯੋਗਾਂ ਦੇ ਲੱਗਣ ਕਾਰਨ ਰੁਜ਼ਗਾਰ ਅਤੇ ਜੀਣ ਦੇ ਸਾਧਨ ਸ਼ਹਿਰਾਂ ਵਿੱਚ ਕੇਂਦਰਿਤ ਹੁੰਦੇ ਜਾਂਦੇ ਹਨ। ਸ਼ਹਿਰਾਂ ਵਿੱਚ ਲੱਗੇ ਇਨ੍ਹਾਂ ਕਾਰਖਾਨਿਆਂ ਅਤੇ ਮਿੱਲਾਂ ਨੂੰ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਅਤੇ ਇਸ ਇਸ ਲੋੜ ਨੂੰ ਪੂਰਾ ਕਰਨ ਲਈ ਉਹ ਪਿੰਡਾਂ ਵਿੱਚ ਪਹੁੰਚਦੇ ਹਨ ਅਤੇ ਪਿੰਡਾਂ ਵਿੱਚੋਂ ਲੋਕ ਸ਼ਹਿਰਾਂ ਵੱਲ ਆਉਣੇ ਸ਼ੁਰੂ ਹੁੰਦੇ ਹਨ। ਸਭ ਤੋਂ ਪਹਿਲਾਂ ਇਹ ਰੁਝਾਣ ਇੰਗਲੈਂਡ ਵਿੱਚ ਸਨਅਤੀ ਇਨਕਲਾਬ ਤੋਂ ਬਾਅਦ ਸ਼ੁਰੂ ਹੋਇਆ ਤੇ ਅੱਜ ਇਹ ਵਿਕਾਸ ਕਰ ਰਹੇ ਦੇਸ਼ਾਂ ਵਿੱਚ ਵਾਪਰ ਰਿਹਾ ਹੈ। ਇਸ ਤਰ੍ਹਾਂ ਇਸ ਪੱਖੋਂ ਇਹ ਫਿਲਮ ਬੰਬਈ ਬਾਰੇ ਗੱਲ ਕਰਦੀ ਕਰਦੀ ਅੰਤਰਰਾਸ਼ਟਰੀ ਮਸਲੇ ਬਾਰੇ ਗੱਲ ਕਰਦੀ ਹੈ।

ਜਦੋਂ ਪਿੰਡਾਂ ਵਿੱਚੋਂ ਰੋਜ਼ੀ ਦੀ ਭਾਲ ਵਿੱਚ ਇਹ ਲੋਕ ਬੰਬਈ ਪਹੁੰਚੇ ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਮਾਰਤਾਂ ਬਣਾਉਣ ਦੀ ਸਨਅਤ (ਕਨਸਟ੍ਰਕਸ਼ਨ ਇੰਡਸਟਰੀ) ਵਿੱਚ ਕੰਮ ਮਿਲ ਗਿਆ। ਬਾਕੀ ਵੀ ਕੋਈ ਨਾ ਕੋਈ ਹੋਰ ਥਾਂਵਾਂ ਜਿਵੇਂ ਘਰਾਂ ਵਿੱਚ ਨੌਕਰਾਂ ਦੇ ਤੌਰ ‘ਤੇ ਕੰਮ ਕਰਨ ਲੱਗੇ। ਰੁਜ਼ਗਾਰ ਤਾਂ ਉਨ੍ਹਾਂ ਨੂੰ ਮਿਲ ਗਿਆ ਪਰ ਉਹਨਾਂ ਕੋਲ ਰਹਿਣ ਲਈ ਕੋਈ ਥਾਂ ਟਿਕਾਣਾ ਨਹੀਂ ਕਿਉਂਕਿ ਉਨ੍ਹਾਂ ਨੂੰ ਤਨਖਾਹ ਏਨੀ ਕੁ ਮਿਲਦੀ ਹੈ ਕਿ ਜਿਸ ਨਾਲ ਉਹ ਰੁੱਖੀ ਮਿੱਸੀ ਰੋਟੀ ਤਾਂ ਖਾ ਸਕਦੇ ਹਨ ਪਰ ਮਕਾਨ ਦਾ ਪ੍ਰਬੰਧ ਨਹੀਂ ਕਰ ਸਕਦੇ। ਇਸ ਲਈ ਇਹ ਲੋਕ ਸੜਕਾਂ, ਫੁੱਟਪਾਥਾਂ ਅਤੇ ਬਣ ਰਹੀਆਂ ਇਮਾਰਤਾਂ ਦੇ ਨਾਲ ਲੱਗਦੀਆਂ ਖਾਲੀ ਥਾਂਵਾਂ ਵਿੱਚ ਝੌਂਪੜੀਆਂ ਬਣਾ ਕੇ ਰਹਿਣ ਲਈ ਮਜ਼ਬੂਰ ਹਨ। ਬੰਬਈ ਸ਼ਹਿਰ ਦੀ ਮਿਉਂਸਪਲ ਸਰਕਾਰ ਇਨ੍ਹਾਂ ਬੇਘਰਾਂ ਦੇ ਘਰ ਬਾਰ ਦੀ ਸਮੱਸਿਆ ਦੂਰ ਕਰਨ ਦੀ ਥਾਂ ਉਨ੍ਹਾਂ ਦੀਆਂ ਝੋਂਪੜੀਆਂ ਉਖਾੜਨ ਲਈ ਸਰਗਰਮ ਹੈ। ਕਿਉਂਕਿ ਉਸ ਉੱਪਰ ਸ਼ਹਿਰ ਦੇ ਅਮੀਰਾਂ ਦਾ ਅਸਰ ਹੈ ਅਤੇ ਇਨ੍ਹਾਂ ਅਮੀਰਾਂ ਨੂੰ ਲੋਕਾਂ ਦਾ ਸੜਕਾਂ, ਫੁੱਟਪਾਥਾਂ ‘ਤੇ ਰਹਿਣਾ ਪਸੰਦ ਨਹੀਂ। ਉਨ੍ਹਾਂ ਦੇ ਖਿਆਲ ਵਿੱਚ  ਬੰਬਈ ਦੀ ਖੂਬਸੂਰਤੀ ਖਰਾਬ ਹੁੰਦੀ ਹੈ। ਬੰਬਈ ਦੀ ਮਿਉਂਸਪਲ ਕਾਰਪੋਰੇਸ਼ਨ ਦੇ ਕਰਮਚਾਰੀ, ਪੁਲੀਸ ਫੋਰਸ ਨਾਲ ਲਿਜਾਕੇ ਝੌਂਪੜੀਆਂ ਢਾਹ ਦਿੰਦੇ ਹਨ ਅਤੇ ਲੋਕਾਂ ਦਾ ਸਾਮਾਨ ਟਰੱਕ ਵਿੱਚ ਲੱਦ ਕੇ ਲੈ ਜਾਂਦੇ ਹਨ। ਪਰ ਇਹ ਲੋਕ ਕੋਈ ਹੋਰ ਥਾਂ ਨਾ ਹੋਣ ਕਰਕੇ ਫਿਰ ਉਸ ਹੀ ਜਗ੍ਹਾ ਝੌਂਪੜੀਆਂ ਬਣਾਉਂਦੇ ਹਨ। ਇਸ ਦੇ ਨਾਲ ਨਾਲ ਇਹ ਲੋਕ ਸਰਕਾਰ ਦੀ ਇਸ ਵਧੀਕੀ ਵਿਰੁੱਧ ਜੱਦੋਜਹਿਦ ਕਰ ਰਹੇ ਹਨ। ਇਸ ਜੱਦੋਜਹਿਦ ਵਿੱਚ ਉਨ੍ਹਾਂ ਦੇ ਨਾਲ ਬੰਬਈ ਦੇ ਹੋਰ ਸਾਧਾਰਨ ਲੋਕ ਜਿਵੇਂ ਮਜ਼ਦੂਰ ਯੁਨੀਅਨ ਅਤੇ ਲੋਕਪੱਖੀ ਪਾਰਟੀਆਂ ਸ਼ਾਮਲ ਹਨ। ਇਸ ਤਰ੍ਹਾਂ ਇਹ ਸਾਰੀ ਫਿਲਮ ਬੰਬਈ ਦੀ ਮਿਉਂਸਪਲ ਸਰਕਾਰ ਅਤੇ ਇਨ੍ਹਾਂ ਲੋਕਾਂ ਦਰਮਿਆਨ ਕਸ਼ਮਕਸ਼ ਦੀ ਕਹਾਣੀ ਹੈ।

ਇਸ ਕਸ਼ਮਕਸ਼ ਦੌਰਾਨ ਜੋ ਕੁਝ ਸਾਹਮਣੇ ਆਉਂਦਾ ਹੈ, ਉਸ ਵਿੱਚ ਕੁਝ ਪੱਖ ਬੜੇ ਸਾਫ ਦਿਖਾਏ ਦਿੰਦੇ ਹਨ। ਜਿਵੇਂ:

1. ਇਸ ਬੇਘਰੇ ਜੀਵਨ ਦਾ ਇਨ੍ਹਾਂ ਚਾਲੀ ਲੱਖ ਲੋਕਾਂ ਦੇ ਜੀਵਨ ਉਪਰ ਕੀ ਅਸਰ ਪੈਂਦਾ ਹੈ?
2. ਬੰਬਈ ਦੇ ਅਮੀਰ ਲੋਕਾਂ ਦਾ ਇਨ੍ਹਾਂ ਲੋਕਾਂ ਬਾਰੇ ਕੀ ਰਵੱਈਆ ਹੈ।
3. ਬੰਬਈ ਦੀ ਮਿਉਂਸਪਲ ਸਰਕਾਰ ਅਤੇ ਮਹਾਂਰਾਸ਼ਟਰ ਦੀ ਪ੍ਰਾਂਤਕ ਤੇ ਹਿੰਦੁਸਤਾਨ ਦੀ ਕੇਂਦਰੀ ਸਰਕਾਰ ਦੀ ਨਲਾਇਕੀ।
4. ਬੰਬਈ ਦੀ ਫਿਲਮ ਇੰਡਸਟਰੀ ਦੀ ਬਦਮਾਸ਼ੀ।

ਝੋਂਪੜਪੱਟੀਆਂ ‘ਚ ਰਹਿਣ ਵਾਲੇ ਇਨ੍ਹਾਂ ਚਾਲੀ ਲੱਖ ਲੋਕਾਂ ਵਿੱਚ ਕੁਝ ਅਜਿਹੇ ਹਨ ਜੋ ਪੰਦਰਾਂ ਤੋਂ ਤੀਹ ਸਾਲਾਂ ਦੇ ਇਸ ਤਰ੍ਹਾਂ ਰਹਿ ਰਹੇ ਹਨ। ਕਈ ਅਜਿਹੇ ਹਨ ਜਿਹੜੇ ਦੂਜੀ ਪੀੜੀ ਦੇ ਉੱਥੇ ਰਹਿ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਸੌਖਿਆਂ ਹੀ ਲਾਇਆ ਜਾ ਸਕਦਾ ਹੈ ਕਿ ਇਹ ਲੋਕ ਜਿਹੜੇ 15-20 ਸਾਲਾਂ ਤੋਂ ਇਸ ਤਰ੍ਹਾਂ ਬੇ-ਘਰਿਆਂ ਵਾਲਾ ਜੀਵਨ ਜੀ ਰਹੇ ਹਨ ਉਨ੍ਹਾਂ ਦੇ ਜੀਵਨ ‘ਤੇ ਇਸ ਦਾ ਕੀ ਅਸਰ ਪੈਂਦਾ ਹੋਵੇਗਾ। ਇਸ ਫਿਲਮ ਵਿੱਚੋਂ ਇਸ ਦੀ ਇਕ ਉਦਾਹਰਨ ਦਿੰਦੇ ਹਾਂ: ਭਾਰਤ ਸਰਕਾਰ ਦੇ ਇਕ ਕਾਨੂੰਨ ਮੁਤਾਬਕ ਉਹ ਬੱਚੇ ਸਕੂਲਾਂ ਵਿੱਚ ਦਾਖਲ ਨਹੀਂ ਹੋ ਸਕਦੇ ਜਿਹਨਾਂ ਦਾ ਕੋਈ ਪੱਕਾ ਐਡਰਸ ਨਹੀਂ। ਇਸ ਤਰ੍ਹਾਂ ਇਨ੍ਹਾਂ ਚਾਲੀ ਲੱਖ ਲੋਕਾਂ ਦੇ ਪਤਾ ਨਹੀਂ ਕਿੰਨੇ ਲੱਖ ਬੱਚਿਆਂ ਨੂੰ ਪੜ੍ਹਨ ਦਾ ਕੋਈ ਮੌਕਾ ਨਹੀਂ ਮਿਲ ਰਿਹਾ। ਜਦੋਂ ਇਹ ਬੱਚੇ ਵੱਡੇ ਹੋਣਗੇ ਤਾਂ ਉਨ੍ਹਾਂ ਦਾ ਕੀ ਭਵਿੱਖ ਹੋਵੇਗਾ?

ਫਿਲਮ ਵਿੱਚ ਕੁਝ ਅਮੀਰਾਂ ਅਤੇ ਉੱਥੋਂ ਦੀ ਪੁਲੀਸ ਦੇ ਇਨਸਪੈਕਟਰ ਜਨਰਲ ਰੀਬੈਰੋ (ਜੋ ਅੱਜ ਕੱਲ੍ਹ ਪੰਜਾਬ ‘ਚ ਅਮਨ ਦੀ ਰਾਖੀ ਕਰਨ ਗਿਆ ਹੋਇਆ ਹੈ) ਨਾਲ ਵੀ ਮੁਲਾਕਾਤਾਂ ਜਾਂ ਉਨ੍ਹਾਂ ਦੇ ਭਾਸ਼ਨ ਦਿੱਤੇ ਗਏ ਹਨ। ਇਨ੍ਹਾਂ ਸਭ ਦੀ ਇਕ ਹੀ ਅਵਾਜ਼ ਹੈ ਕਿ ਇਹ ਲੋਕ ਮੁਜ਼ਰਿਮ ਹਨ। ਪਰ ਤੱਥ ਇਸ ਦੇ ਬਿਲਕੁਲ ਉਲਟ ਹਨ। ਝੌਂਪੜਪੱਟੀਆਂ ‘ਚ ਰਹਿਣ ਵਾਲੇ ਇਹ ਲੋਕ ਬੰਬਈ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹਨ। ਇਹ ਲੋਕ ਘਰਾਂ ਵਿੱਚ ਨੌਕਰਾਂ ਦਾ ਕੰਮ ਕਰਕੇ, ਕਚਰੇ ਵਿੱਚੋਂ ਕਾਗਜ਼, ਕੱਚ ਤੇ ਵਾਲ ਚੁਣਕੇ ਤੇ ਹੋਰ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦੇ ਹਨ। ਬੰਬਈ ਦੀ ਇਮਾਰਤਾਂ ਬਣਾਉਣ ਦੀ ਸਨਅਤ ਇਨ੍ਹਾਂ ਲੋਕਾਂ ਦੀ ਮਿਹਨਤ ਦੀ ਲੁੱਟ ਕਰਕੇ ਹੀ ਏਨੀ ਪ੍ਰਫੁੱਲਤ ਹੈ। ਫਿਲਮ ਦੇ ਇਕ ਪਾਤਰ ਮੁਤਾਬਕ, “ਜੇ ਇਹ ਸਭ ਲੋਕ ਬੰਬਈ ਵਿੱਚ ਨਾ ਹੋਣ ਤਾਂ ਬੰਬਈ  ਭੁੱਖੀ ਮਰ ਜਾਏ।” ਜਦੋਂ ਇਸ ਤਰ੍ਹਾਂ ਦੇ ਤੱਥਾਂ ਦੇ ਆਧਾਰ ‘ਤੇ ਅਮੀਰਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਵੀ ਉਹ ‘ਮੈਂ ਨਾ ਮਾਨੂੰ’ ਦੀ ਰੱਟ ਲਾਈ ਇਹ ਹੀ ਕਹੀ ਜਾਂਦੇ ਹਨ ਕਿ ਝੌਂਪੜਪੱਟੀਆਂ ‘ਚ ਰਹਿਣ ਵਾਲੇ ਇਹ ਲੋਕ ਮੁਜ਼ਰਿਮ ਹਨ, ਚੋਰ ਹਨ।

ਏਨੀ ਵੱਡੀ ਗਿਣਤੀ ਵਿੱਚ ਲੋਕ ਬੰਬਈ ‘ਚ ਬੇਘਰਿਆਂ ਵਾਲਾ ਜੀਵਨ ਬਤੀਤ ਕਰ ਰਹੇ ਹਨ ਪਰ ਬੰਬਈ ਦੀ ਕਾਰਪੋਰੇਸ਼ਨ ਇਨ੍ਹਾਂ ਲਈ ਰਹਿਣ ਸਹਿਣ ਦਾ ਪ੍ਰਬੰਧ ਕਰਨ ਦੀ ਥਾਂ ਸ਼ਹਿਰ ਦੀ ਖੂਬਸੂਰਤੀ ਕਾਇਮ ਰੱਖਣ ਲਈ ਇਨ੍ਹਾਂ ਲੋਕਾਂ ਨੂੰ ਮਜ਼ਬੂਰ ਕਰ ਰਹੀ ਹੈ ਕਿ ਉਹ ਬੰਬਈ ਛੱਡ ਕੇ ਪਿੰਡਾਂ ਨੂੰ ਪਰਤ ਜਾਣ। ਉਹਨਾਂ ਪਿੰਡਾਂ ਨੂੰ ਜਿੱਥੋਂ ਉਹ ਭੁੱਖ ਦੇ ਸਤਾਏ ਬੰਬਈ ਆਏ ਸਨ। ਬੰਬਈ ਦੀ ਇਹ ਕਾਰਪੋਰੇਸ਼ਨ ਇਨ੍ਹਾਂ ਲੋਕਾਂ ਦੀ ਭਲਾਈ ਲਈ ਕੋਈ ਪੈਸਾ ਖਰਚਣ ਨੂੰ ਤਿਆਰ ਨਹੀਂ ਪਰ ਪੁਲੀਸ ਦੀ ਤਾਕਤ ਨੂੰ ਹੋਰ ਮਜ਼ਬੂਤ ਕਰਨ ਲਈ ਪੈਸਾ ਖਰਚਣ ਨੂੰ ਤਿਆਰ ਹੈ। ਇਸ ਤਰ੍ਹਾਂ ਪਤਾ ਲਗਦਾ ਹੈ ਕਿ ਬੰਬਈ ਦੀ ਮਿਊਂਸਪਲ ਸਰਕਾਰ ਅਤੇ ਮਹਾਂਰਾਸ਼ਟਰ ਦੀ ਪ੍ਰਾਂਤਕ ਸਰਕਾਰ ਨੂੰ ਸਾਧਾਰਨ ਲੋਕਾਂ ਦਾ ਕਿੰਨਾ ਕੁ ਫਿਕਰ ਹੈ। ਜਿਵੇਂ ਅਸੀਂ ਪਹਿਲਾਂ ਦੱਸਿਆ ਹੈ ਕਿ ਇਹ ਕੁਝ ਇਕੱਲੇ ਬੰਬਈ ‘ਚ ਨਹੀਂ ਵਾਪਰ ਰਿਹਾ ਸਗੋਂ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਵਿੱਚ ਵੀ ਹਰ ਰੋਜ਼ ਅਜਿਹਾ ਕੁਝ ਵਾਪਰ ਰਿਹਾ ਹੈ। ਇਸ ਤੋਂ ਹਿੰਦੁਸਤਾਨ ਦੇ ਸਰਕਾਰੀ ਪ੍ਰਬੰਧ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਕਿ ਉਹ ਕਿੰਨਾ ਕੁ ਲੋਕ ਪੱਖੀ ਹੈ।

ਫਿਲਮ ਦੇਖਣ ਬਾਅਦ ਬੰਬੇ ਦੀ ਫਿਲਮ ਇੰਡਸਟਰੀ ਬਾਰੇ ਤਾਂ ਇਹ ਹੀ ਪਤਾ ਲਗਦਾ ਹੈ ਕਿ ਉਹ ਲੋਕਾਂ ਨਾਲ ਕਿੰਨੀ ਬਦਮਾਸ਼ੀ ਕਰ ਰਹੀ ਹੈ। ਹਰ ਸਾਲ ਬੰਬਈ ਵਿੱਚ 400 ਤੋਂ ਵੱਧ ਫਿਲਮਾਂ ਬਣਦੀਆਂ ਹਨ। ਸਾਡੀ ਜਾਣਕਾਰੀ ਮੁਤਾਬਕ ਸਿਰਫ ਇਕ ਫਿਲਮ (ਚੱਕਰਾ) ਤੋਂ ਬਿਨਾਂ ਕੋਈ ਵੀ ਅਜਿਹੀ ਫਿਲਮ ਨਹੀਂ ਬਣੀ ਜੋ ਬੰਬਈ ਦੇ ਇਨ੍ਹਾਂ ਚਾਲੀ ਲੱਖ ਲੋਕਾਂ ਦੀ ਜ਼ਿੰਦਗੀ ਉਪਰ ਸਹੀ ਰੋਸ਼ਨੀ ਪਾਉਂਦੀ ਹੋਵੇ। ਜਦੋਂ ਕਿ ਇਨ੍ਹਾਂ ਲੋਕਾਂ ਨਾਲ ਇਹ ਸਭ ਕੁਝ ਕਾਫੀ ਲੰਬੇ ਸਮੇਂ ਤੋਂ ਹੋ ਰਿਹਾ ਹੈ ਅਤੇ ਇਹ ਲੋਕ ਬੰਬਈ ਵਿੱਚ ਇਸ ਵਿਰੁੱਧ ਡਟ ਕੇ ਜੱਦੋਜਹਿਦ ਕਰ ਰਹੇ ਹਨ। ਜੇ ਬੰਬਈ ਦੀ ਫਿਲਮ ਇੰਡਸਟਰੀ ਆਪਣੇ ਨੱਕ ਹੇਠ ਰਹਿੰਦੇ ਲੋਕਾਂ ਦੀ ਸਹੀ ਤਸਵੀਰ ਪੇਸ਼ ਨਹੀਂ ਕਰ ਸਕਦੀ ਤਾਂ ਬਾਕੀ ਭਾਰਤ ਵਿੱਚ ਰਹਿੰਦੇ ਲੋਕਾਂ ਦੇ ਜੀਵਨ ਬਾਰੇ ਕਿਸ ਤਰ੍ਹਾਂ ਦੀ ਸਚਾਈ ਪੇਸ਼ ਕਰਦੀ ਹੋਵੇਗੀ। ਸਾਫ ਜ਼ਾਹਿਰ ਹੈ ਕਿ ਬੰਬਈ ਦੀ ਫਿਲਮ ਇੰਡਸਟਰੀ ਹਰ ਸਾਲ ਲੋਕਾਂ ਦੀ ਜ਼ਿੰਦਗੀ ਨਾਲ ਦੂਰ ਦਾ ਵਾਸਤਾ ਨਾ ਰੱਖਣ ਵਾਲੀਆਂ, ਲੋਕਾਂ ਨੂੰ ਅਸਲੀਅਤ ਤੋਂ ਦੂਰ ਲਿਜਾਣ ਵਾਲੀਆਂ, ਸੈਂਕੜਿਆਂ ਦੀ ਗਿਣਤੀ ਵਿੱਚ ਫਿਲਮਾਂ ਬਣਾ ਕੇ, ਲੋਕਾਂ ਨਾਲ ਹੇਰਾ ਫੇਰੀ ਕਰ ਰਹੀ ਹੈ।

ਇਸ ਫਿਲਮ ਦੀ ਸਾਰੀ ਕਹਾਣੀ ਫਿਲਮ ਦੇ ਇਕ ਪਾਤਰ ਵਲੋਂ ਕੀਤੀ ਅੱਗੇ ਦਿੱਤੀ ਗੱਲਬਾਤ ਵਿੱਚ ਸਮਾਈ ਹੈ:

“ਕਿਸ ਕੀ ਕਦਰ ਹੈ? ਜੋ ਅਮੀਰ ਹੈ। ਜਿਸ ਕੇ ਪਾਸ ਮੋਟਰਕਾਰ ਹੈ, ਬੰਗਲਾ ਹੈ। ਉਸ ਕੇ ਸਾਥ ਦਸ ਆਦਮੀ ਖੜ੍ਹੇ ਰਹੇਂਗੇ। ਉਸ ਕੋ ਔਰ ਬੜਾ ਕਰੇਂਗੇ। ਪਰ ਯਿਹ ਕੋਈ ਨਹੀਂ ਸੋਚੇਗਾ ਕਿ ਕਿਤਨੇ ਗਰੀਬ ਲੋਕ ਹੈਂ। ਕਿਤਨੇ ਗਰੀਬ ਝੌਂਪੜਪੱਟੀਓਂ ਮੇਂ ਰਹਿਤੇ ਹੈਂ।”

“ਬੰਬੇ ਹਮਾਰਾ ਸ਼ਹਿਰ” ਇਕ ਡਾਕੂਮੈਂਟਰੀ ਫਿਲਮ ਹੈ। ਪਰ ਫੀਚਰ ਫਿਲਮਾਂ ਨਾਲੋਂ ਜ਼ਿਆਦਾ ਦਿਲਚਸਪ, ਮਨੋਰੰਜਨ ਅਤੇ ਜਾਣਕਾਰੀ ਭਰਪੂਰ। ਫਿਲਮ ਵਿੱਚ ਪੇਸ਼ ਕੀਤੇ ਨੁੱਕੜ ਨਾਟਕ ਦੇ ਦ੍ਰਿਸ਼ ਤੁਹਾਨੂੰ ਹਸਾਉਣੋਂ ਨਹੀਂ ਹੱਟਦੇ। ‘ਆਵਾਹਨ ਨਾਟਯ ਮੰਚ’ ਦੇ ਕਲਾਕਾਰਾਂ ਵਲੋਂ ਗਾਇਆ ਗੀਤ , “ਕਥਾ ਸੁਣੋ ਰੇ ਲੋਗੋ … ਮਨ ਨੂੰ ਛੂਹ ਜਾਂਦਾ ਹੈ।

ਇਸ ਫਿਲਮ ਦਾ ਡਾਇਰੈਕਟਰ ਅਨੰਦ ਪਟਵਰਧਨ ਹੈ। ਅਨੰਦ ਨਾਲ ਕਨੇਡਾ ਦੀ ਪੰਜਾਬੀ ਕਮਿਊਨਿਟੀ ਦੀ ਆਪਣੀ ਇਕ ਸਾਂਝ ਹੈ। ਕੁਝ ਸਾਲ ਪਹਿਲਾਂ ਅਨੰਦ ਨੇ ਕਨੇਡਾ ਦੀ ਤੇ ਖਾਸ ਕਰਕੇ ਵੈਨਕੂਵਰ ਦੀ ਪੰਜਾਬੀ ਕਮਿਊਨਿਟੀ ਦੇ ਇਕ ਹਿੱਸੇ (ਖੇਤ ਮਜ਼ਦੂਰਾਂ) ਬਾਰੇ ਇਕ ਫਿਲਮ “ਉੱਠਣ ਦਾ ਵੇਲਾ” ਬਣਾਈ ਸੀ। “ਉੱਠਣ ਦਾ ਵੇਲਾ” ਇੰਟਰਨੈਸ਼ਨਲ ਫਿਲਮ ਮੇਲਿਆਂ ਵਿੱਚ ਇਨਾਮ ਜਿੱਤ ਚੁੱਕੀ ਹੈ। ਪਰ ਹਿੰਦੁਸਤਾਨ ਦੀ ਸਰਕਾਰ ਨੇ “ਉੱਠਣ ਦਾ ਵੇਲਾ” ਤੇ ਪਾਬੰਦੀ ਲਾ ਦਿੱਤੀ ਸੀ।

“ਹਮਾਰਾ ਸ਼ਹਿਰ ਬੰਬੇ” “ਵੀਡੀਓ” ਰੂਪ ਵਿੱਚ ਪ੍ਰਾਪਤ ਹੈ ਪਰ ਬਦਕਿਸਮਤੀ ਇਹ ਹੈ ਕਿ ਇੱਥੋਂ ਦੇ ਭਾਰਤੀ ਵੀਡੀਓ ਸਟੋਰਾਂ ‘ਚ ਨਹੀਂ ਮਿਲਦੀ। ਹਾਂ ‘ਇਪਾਨਾ’ ਨੇ ਇਹ ਫਿਲਮ ਕੁਝ ਇਕ ਮੀਟਿੰਗਾਂ ਵਿੱਚ ਦਿਖਾਈ ਸੀ। ਪਰ ਸਾਡੀ ਜਾਚੇ ਤਾਂ ਇਸ ਫਿਲਮ ਨੂੰ ਜ਼ਿਆਦਾ ਲੋਕਾਂ ਨੂੰ ਦੇਖਣਾ ਚਾਹੀਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੀਡੀਓ ਸਟੋਰਾਂ ਤੋਂ ਇਸ ਫਿਲਮ ਦੀ ਮੰਗ ਕਰਨ ਤਾਂ ਕਿ ਸਟੋਰਾਂ ਵਾਲੇ ਅਜਿਹੀਆਂ ਫਿਲਮਾਂ ਵੀ ਲਿਆ ਕੇ ਰੱਖਣ। ਏਥੋਂ ਦੇ ਭਾਰਤੀ ਟੀ ਵੀ ਮੀਡੀਆ ਵੀ ਇਸ ਫਿਲਮ ਨੂੰ ਆਪਣੇ ਪ੍ਰੋਗਰਾਮਾਂ ‘ਤੇ ਦਿਖਾ ਇਸ ਫਿਲਮ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਵਧੀਆ ਹਿੱਸਾ ਪਾ ਸਕਦਾ ਹੈ, ਕਿਉਂਕਿ ਉਹ ਫਿਲਮਾਂ, ਜਿਹੜੀਆਂ ਇੱਥੋਂ ਦੇ ਵੀਡੀਓ ਸਟੋਰਾਂ ਵਿੱਚ ਆਮ ਮਿਲ ਜਾਂਦੀਆਂ ਹਨ, ਦੀ ਥਾਂ ਅਜਿਹੀਆਂ ਫਿਲਮਾਂ ਦਿਖਾਉਣਾ ਇਸ ਮੀਡੀਏ ਦੀ ਇਕ ਵੱਡੀ ਦੇਣ ਹੋਵੇਗੀ।

ਹੁਣ ਇਹ ਫਿਲਮ “ਯੂ ਟਿਊਬ” ਉੱਤੇ ਪਾ ਦਿੱਤੀ ਗਈ ਹੈ. ਇਸ ਨੂੰ ਹੇਠ ਲਿਖੇ ਲਿੰਕ ‘ਤੇ ਦੇਖਿਆ ਜਾ ਸਕਦਾ ਹੈ:

ਹਮਾਰਾ ਸ਼ਹਿਰ ਬੰਬੇ

ਫਿਲਮ ਵਿਚ ਪੇਸ਼ ਕੀਤਾ ਬਹੁਤ ਹੀ ਖੂਬਸੂਰਤ ਗੀਤ “ਕਥਾ ਸੁਣੋ ਰੇ ਲੋਗੋ” ਫਿਲਮ ਦੇ ਪਹਿਲੇ ਭਾਗ ਵਿੱਚ ਹੈ. ਉਸ ਨੂੰ ਜ਼ਰੂਰ ਸੁਣੋ।

Advertisements
This entry was posted in ਫਿਲਮ, ਸਾਰੀਆਂ and tagged , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.