ਪੰਜਾਬੀ ਫਿਲਮ ਪ੍ਰੋਡਿਊਸਰ ਅਤੇ ਡਾਇਰੈਕਟਰ ਜਗਜੀਤ ਨਾਲ ਇਕ ਮੁਲਾਕਾਤ

ਸੁਖਵੰਤ ਹੁੰਦਲ

ਇਹ ਮੁਲਾਕਾਤ ਸਰੀ, ਕਨੇਡਾ ਵਿੱਚ 16 ਜੂਨ 1988 ਨੂੰ ਕੀਤੀ ਗਈ ਸੀ ਅਤੇ ਉਸ ਸਮੇਂ ਸਰੀ ਤੋਂ ਨਿਕਲਦੇ ਹਫਤਾਵਾਰੀ ਕੈਨੇਡਾ ਦਰਪਣ ਵਿੱਚ ਛਪੀ ਸੀ। ਇਸ ਵਿੱਚ ਜਗਜੀਤ ਆਪਣੇ ਫਿਲਮੀ ਸਫਰ ਦੇ ਨਾਲ ਨਾਲ ਪੰਜਾਬੀ ਸਿਨਮੇ ਵਿੱਚ ਆਪਣੇ ਸਮੇਂ ਦੇ ਕੁਝ  ਰੁਝਾਨਾਂ ਬਾਰੇ ਵੀ ਗੱਲ ਕਰਦਾ ਹੈ। ਆਸ ਹੈ ਪੰਜਾਬੀ ਫਿਲਮ ਦੇ ਵਿਦਿਆਰਥੀਆਂ ਇਹ ਗੱਲਬਾਤ ਅੱਜ ਵੀ ਮਹੱਤਵਪੂਰਨ ਲੱਗੇਗੀ।

(ਫਿਲਮ ਪ੍ਰੋਡਿਊਸਰ ਅਤੇ ਡਾਇਰੈਕਟਰ ਜਗਜੀਤ ਹੁਣ ਤੱਕ ਪੰਜ ਪੰਜਾਬੀ ਫਿਲਮਾਂ ਬਣਾ ਚੁੱਕੇ ਹਨ। ਇਹਨਾਂ ਫਿਲਮਾਂ ਦੇ ਨਾਂ ਹਨ: ਮਾਹੀ ਮੁੰਡਾ, ਗੱਭਰੂ ਪੰਜਾਬ ਦੇ, ਕੀ ਬਣੂ ਦੁਨੀਆਂ ਦਾ, ਪੁੱਤ ਜੱਟਾਂ ਦੇ ਅਤੇ ਪਟੋਲਾ। ਫਿਲਮਾਂ ਵਿੱਚ ਜਾਣ ਤੋਂ ਪਹਿਲਾਂ ਉਹ ਨੋਰਾ ਰਿਚਰਡ ਰੰਗ ਮੰਚ ਨਾਲ ਇਕ ਐਕਟਰ ਵਜੋਂ ਸੰਬੰਧਤ ਰਹੇ ਹਨ। ਉਨ੍ਹਾਂ ਨੇ ਚਿੱਟੀਆਂ ਰਾਤਾਂ, ਮਸੀਹਾ, ਪਰਸੂ ਪਰਸਾ ਪਰਸ ਰਾਮ, ਢਾਈ ਅੱਖਰ ਪ੍ਰੇਮ ਦੇ ਆਦਿ ਨਾਟਕਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਬਿਨਾਂ ਉਹ ਪੰਜਾਬੀ ਕਹਾਣੀਆਂ ਦੀ ਇਕ ਕਿਤਾਬ “ਜ਼ਿੰਦਗੀ ਦੀ ਵਾਟ” ਪੰਜਾਬੀ ਸਾਹਿਤ ਨੂੰ ਭੇਟ ਕਰ ਚੁੱਕੇ ਹਨ। ਇਸ ਸਮੇਂ ਉਹ ਪੰਜਾਬੀ ਫਿਲਮੀ ਕਲਾਕਾਰਾਂ (ਜਿਹਨਾਂ ਵਿੱਚ ਰਮਾ ਵਿੱਜ ਅਤੇ ਦਿਲਜੀਤ ਕੌਰ ਵੀ ਸ਼ਾਮਲ ਹਨ) ਦੀ ਟੀਮ ਲੈ ਕੇ ਕਨੇਡਾ ਵਿੱਚ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਨ ਆਏ ਹੋਏ ਹਨ। ਵੈਨਕੂਵਰ ਵਿੱਚ ਉਹਨਾਂ ਦਾ ਸ਼ੋਅ ਤਿੰਨ ਜੁਲਾਈ ਨੂੰ ਕੁਈਨ ਇਲੈਜ਼ਵਿਥ ਥੀਏਟਰ ਵਿੱਚ ਹੋਵੇਗਾ- 16 ਜੂਨ, 1988।)

ਸਵਾਲ: ਤੁਸੀਂ ਫਿਲਮਾਂ ਵਿੱਚ ਕਦੋਂ ਆਏ?
ਜਵਾਬ: ਮੈਂ 1975 ਵਿੱਚ ਪਹਿਲੀ ਵਾਰ ਬੰਬੇ ਕਦਮ ਰੱਖਿਆ। ਉਸ ਤੋਂ ਪਹਿਲਾਂ ਮੈਂ ਚੰਡੀਗੜ੍ਹ ਪੜ੍ਹਦਾ ਸੀ, ਢੁੱਡੀਕੇ ਕਾਲਜ ਵਿੱਚ ਪੜ੍ਹਦਾ ਸੀ। ਉੱਥੇ ਮੇਰਾ ਡਰਾਮਿਆਂ ਦਾ ਸ਼ੌਕ ਸੀ। ਮੈਂ ਡਰਾਮੇ ਕਰਦਾ ਸੀ। ਸਾਡੀ ਚੰਡੀਗੜ੍ਹ ਵਿੱਚ ਨੋਰਾ ਰਿਚਰਡ ਰੰਗਮੰਚ ਸੀ। ਉੱਥੋਂ ਮੈਂ ਐਕਟਰ ਬਣਨ ਦੇ ਸ਼ੌਕ ਨਾਲ ਸਿੱਧਾ ਬੰਬੇ ਗਿਆ ਸੀ।
ਸਵਾਲ: ਤੁਸੀਂ ਥੀਏਟਰ ਵਿੱਚ ਇਕ ਐਕਟਰ ਵਜੋਂ ਕੰਮ ਕਰਦੇ ਸੀ?
ਜਵਾਬ: ਹਾਂ ਜੀ, ਇਕ ਐਕਟਰ ਵਜੋਂ।
ਸਵਾਲ: ਤੁਸੀਂ ਫਿਲਮਾਂ ਵਿੱਚ ਜਾਣ ਤੋਂ ਪਹਿਲਾਂ ਕਿਸੇ ਇੰਸਟੀਚਿਊਸ਼ਨ ਵਿੱਚੋਂ ਫਿਲਮਾਂ ਬਾਰੇ ਕੋਈ ‘ਫਾਰਮਲ’ ਟਰੇਨਿੰਗ ਵੀ ਲਈ, ਇਕ ਐਕਟਰ ਵਜੋਂ ਜਾਂ ਇਕ ਡਾਇਰੈਕਟਰ ਵਜੋਂ?
ਜਵਾਬ: ਨਹੀਂ। ਮੇਰਾ ਸਾਰਾ ਸੰਬੰਧ ਰੰਗਮੰਚ ਦੇ ਨਾਲ ਹੀ ਰਿਹਾ। ਮੈਂ ਚੰਡੀਗੜ੍ਹ ਰੰਗਮੰਚ ਵਿੱਚ ਜਾਣਿਆ ਪਛਾਣਿਆ ਐਕਟਰ ਸੀ। ਜਗਤ ਪ੍ਰਸਿੱਧ ਨਾਵਲਕਾਰ ਦੋਸਤੋਵਸਕੀ ਦੇ ਨਾਵਲ ‘ਚਿੱਟੀਆਂ ਰਾਤਾਂ’ ਉੱਤੇ ਆਧਾਰਤ ਨਾਟਕ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਸੀ। ਪੋਣੇ ਦੋ ਘੰਟੇ ਲੰਮੇ ਪਲੇਅ ਵਿੱਚ ਅਸੀਂ ਸਿਰਫ ਦੋ ਆਰਟਿਸਟ ਹੀ ਸੀ। ਜਦੋਂ ਅਸੀਂ ਉਹ ਖੇਡਿਆ, ਨਵਤੇਜ ਸਿੰਘ ਪ੍ਰੀਤਲੜੀ, ਉਦੋਂ ਉਹ ਜਿਉਂਦੇ ਸਨ, ਨੇ ਸਾਡਾ ਉਹ ਪਲੇਅ ਦੇਖਿਆ। ਸਾਰੇ ਹੀ ਅਖਬਾਰਾਂ ਵਿੱਚ ਪਬਲਿਸਟੀ ਵੀ ਦਿੱਤੀ। ਏਥੋਂ ਤੱਕ ਕਿ ‘ਸੋਵੀਅਤ ਦੇਸ’ ਵਿੱਚ ਉਹਦਾ ਰਿਵੀਊ ਕੀਤਾ। ਉਨ੍ਹਾਂ ਇਸ ਸਿਲਸਿਲੇ ਵਿੱਚ ਮੈਨੂੰ ਰਾਜਿੰਦਰ ਸਿੰਘ ਬੇਦੀ ਹੁਰਾਂ ਨਾਲ ਵੀ ਮਿਲਵਾਇਆ। ਇਸ ਲਈ ਇਕ ਐਕਟਰ ਵਜੋਂ ਜਿਹੜੀ ਮੈਂ ਟਰੇਨਿੰਗ ਲਈ ਉਹ ਰੰਗਮੰਚ ਦੀ ਹੀ ਟ੍ਰੇਨਿੰਗ ਸੀ।
ਸਵਾਲ: ਕੀ ਤੁਸੀਂ ਫਿਲਮਾਂ ਵਿੱਚ ਇਕ ਐਕਟਰ ਵਜੋਂ ਵੀ ਕੰਮ ਕੀਤਾ?
ਜਵਾਬ: ਹਾਂ ਇਕ ਦੋ ਫਿਲਮਾਂ ਵਿੱਚ ਕੀਤਾ। ਇਕ ਫਿਲਮ ਵਿੱਚ ਇਕ ਸਾਈਡ ਹੀਰੋ ਦਾ ਰੋਲ ਵੀ ਕੀਤਾ।  ਉਹ ਫਿਲਮ ਅਸੀਂ ਆਪ ਹੀ ਪ੍ਰੋਡਿਊਸ ਕੀਤੀ ਸੀ। ਪਰ ਉਹਦੇ ਵਿੱਚ ਇਕ ਐਕਟਰ ਦੀ ਅਤੇ ‘ਕਰੈਕਟਰ’ ਦੀ ਜਿਹੜੀ ਸਾਂਝ ਹੁੰਦੀ ਹੈ, ਉਹ ਨਹੀਂ ਪੈ ਸਕੀ। ਉੱਥੇ ਮੈਂ ਮਹਿਸੂਸ ਕੀਤਾ ਕਿ ਰੰਗਮੰਚ ਅਤੇ ਫਿਲਮ ਵਿੱਚ ਬੇਸਿਕ ਫਰਕ ਹੈ। ਉੱਥੇ ਇਉਂ ਹੈ ਕਿ ਐਕਟਰ ਦੀ ਅਤੇ ਕਰੈਕਟਰ ਦੀ ਪਹਿਲਾਂ ਫਿਜ਼ੀਕਲ ਸਾਂਝ ਬਹੁਤ ਜ਼ਰੂਰੀ ਹੈ। ਉਹਦਾ ਚਿਹਰਾ-ਮੁਹਰਾ, ਉਹਦਾ ਰੰਗ ਰੂਪ, ਉਹਦੇ ਨੈਣ ਨਕਸ਼ ਉਸ ਕਰੈਕਟਰ ਨਾਲ ਮੇਲ ਖਾ ਜਾਣ ਤਾਂ ਬਹੁਤ ਬੱਲੇ ਬੱਲੇ। ਮਤਲਬ ਫਿਫਟੀ ਪਰਸੈਂਟ ਨੰਬਰ ਤਾਂ ਸਾਨੂੰ ਸਕਰੀਨ ਤੇ, ਕਿਉਂਕਿ ਸਾਹਮਣੇ ਦੇਖਣ ਵਾਲੀ ਚੀਜ਼, ਰੰਗ ਰੂਪ ਵਗੈਰਾ ਜਾਂ ਚਾਲ-ਢਾਲ ਦੇ ਹੀ ਮਿਲ ਜਾਂਦੇ ਹਨ। ਫਿਫਟੀ ਪਰਸੈਂਟ ਅਸੀਂ ਆਪਣੇ ਅੰਦਰੋਂ ਐਕਟਰ ਦੇ ਤੌਰ ‘ਤੇ ਕੱਢਣੇ ਹਨ। ਇਸ ਕਰਕੇ ਮੇਰੀ ਉਸ ਕਰੈਕਟਰ ਨਾਲ ਸਾਂਝ ਨਾ ਪੈ ਸਕੀ ਅਤੇ ਇਕ ਐਕਟਰ ਵਜੋਂ ਮੈਂ ਫਲਾਪ ਹੋ ਗਿਆ।
ਸਵਾਲ: ਤੁਸੀਂ ਕਦੋਂ ਮਹਿਸੂਸ ਕੀਤਾ ਕਿ ਤੁਹਾਨੂੰ ਫਿਲਮਸਾਜ਼ੀ ਵਿੱਚ ਇਕ ਐਕਟਰ ਦੀ ਥਾਂ ਇਕ ਪ੍ਰੋਡਿਊਸਰ ਅਤੇ ਡਾਇਰੈਕਟਰ ਵਜੋਂ ਕੰਮ ਕਰਨਾ ਚਾਹੀਦਾ ਹੈ?
ਜਵਾਬ: ਜਦੋਂ ਮੈਂ ਇਕ ਐਕਟਰ ਵਜੋਂ ਫੇਲ ਹੋਇਆ। ਹਾਲਾਂਕਿ ਬਾਅਦ ਵਿੱਚ ਮੈਂ ਦੋ ਫਿਲਮਾਂ ਵਿਚ ਰੋਲ ਵੀ ਕੀਤਾ। ‘ਬਲਬੀਰੋ ਭਾਬੀ’ ਵਿੱਚ ਮੇਰਾ ਛੋਟਾ ਜਿਹਾ ਰੋਲ ਸੀ। ਲੋਕਾਂ ਨੇ ਉਹ ਰੋਲ ਪਸੰਦ ਕੀਤਾ। ਉਸ ਤੋਂ ਬਾਅਦ ਮੈਂ ‘ਗੱਭਰੂ ਪੰਜਾਬ ਦਾ’ ਵਿੱਚ ਰੋਲ ਕੀਤਾ। ਉਹ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ। ਇਹ ਹੁਣ ਦੀ ਗੱਲ ਹੈ। ਪਰ ਫੇਰ ਵੀ ਮੈਂ ਇਹ ਮਹਿਸੂਸ ਕੀਤਾ ਕਿ ਜਿੱਥੋਂ ਤੱਕ ਆਪਣੇ ਮਨ ਦੀ ਗੱਲ ਕਹਿਣ ਦਾ ਸੰਬੰਧ ਹੈ ਉਹ ਇਕ ਡਾਇਰੈਕਟਰ ਹੀ ਬੇਹਤਰ ਢੰਗ ਨਾਲ ਕਹਿ ਸਕਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਮੈਂ ਇਕ ਲੇਖਕ ਦੇ ਤੌਰ ‘ਤੇ ਕਈ ਕਹਾਣੀਆਂ ਲਿਖ ਚੁੱਕਾ ਸੀ, ਮਨ ਦੇ ਵਿੱਚ ਲੋਕਾਂ ਅੱਗੇ ਕੁਝ ਕਰਨ, ਉਨ੍ਹਾਂ ਨੂੰ ਕੁਝ ਕਹਿਣ ਦੀ ਤਾਂਘ ਸੀ। ਡਾਇਰੈਕਟਰ ਕੈਪਟਨ ਹੈ ਸ਼ਿੱਪ ਦਾ। ਐਕਟਰ ਤਾਂ ਇਕ ਮੁਹਰਾ ਹੈ, ਜਿਸ ਤਰ੍ਹਾਂ ਡਾਇਰੈਕਟਰ ਚਾਹੇ, ਉਸ ਨੇ ਤਾਂ ਉਸ ਤਰ੍ਹਾਂ ਹੀ ਚੱਲਣਾ ਹੈ। ਜੇ ਤੁਸੀਂ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ, ਉਹ ਤੁਸੀਂ ਇਕ ਡਾਇਰੈਕਟਰ ਦੇ ਤੌਰ ‘ਤੇ ਹੀ ਖੁਬਸੂਰਤ ਢੰਗ ਨਾਲ ਕਹਿ ਸਕਦੇ ਹੋ। ਇਸ ਲਈ ਉੱਥੋਂ ਮੈਂ ਆਪਣੀ ਲਾਈਨ ਚੇਂਜ ਕਰ ਲਈ।
ਸਵਾਲ: ਹੁਣ ਤੱਕ ਤੁਸੀਂ ਕਿੰਨੀਆਂ ਫਿਲਮਾਂ ਬਣਾ ਚੁੱਕੇ ਹੋ?
ਜਵਾਬ: ਇਕ ਪ੍ਰੋਡਿਊਸਰ ਦੇ ਤੌਰ ‘ਤੇ ਮੈਂ ‘ਮਾਹੀ ਮੁੰਡਾ’ ਬਣਾਈ ਸੀ। ਉਸ ਤੋਂ ਬਾਅਦ ਜਿੰਨੀਆਂ ਮੈਂ ਫਿਲਮਾਂ ਕੀਤੀਆਂ, ਉਹਨਾਂ ਦਾ ਰਾਈਟਰ, ਡਾਇਰੈਕਟਰ ਮੈਂ ਹੀ ਰਿਹਾ। ਕੋਈ ਪੰਜ ਫਿਲਮਾਂ ਮੇਰੀਆਂ ਰਿਲੀਜ਼ ਹੋ ਚੁੱਕੀਆਂ ਹਨ ‘ਮਾਹੀ ਮੁੰਡਾ’ ਤੋਂ ਬਿਨਾਂ। ਪੰਜਵੀਂ ਫਿਲਮ ਪਟੋਲਾ 25 ਮਾਰਚ 1988 ਨੂੰ ਰਿਲੀਜ਼ ਹੋਈ ਹੈ। ਇਹ ਪੰਜਾਬ ਦੇ ਹਾਲਤ ਮਾੜੇ ਹੋਣ ਦੇ ਬਾਵਜੂਦ ਵੀ ਬੜੀ ਸੁਹਣੀ ਚੱਲ ਰਹੀ ਹੈ। ਜਿਵੇਂ ਕਿ ਮੋਗੇ ਵਰਗੇ ਇਕ ਛੋਟੇ ਜਿਹੇ ਸ਼ਹਿਰ ਵਿੱਚ ਉਹਦਾ ਤੇਰ੍ਹਵਾਂ ਹਫਤਾ ਲੱਗ ਜਾਣਾ। ਇਹ ਇਕ ਰਿਕਾਰਡ ਹੈ।
ਸਵਾਲ: ਇਸ ਫਿਲਮ ਤੋਂ ਬਾਅਦ ਤੁਸੀਂ ਅੱਜਕੱਲ੍ਹ ਕੀ ਕਰ ਰਹੇ ਹੋ? ਕੋਈ ਨਵੀਂ ਫਿਲਮ ਦਾ ਪ੍ਰਾਜੈਕਟ ਹੈ ਜਾਂ ਟੀ ਵੀ ਵਗੈਰਾ ਲਈ ਕੋਈ ਪ੍ਰੋਗਰਾਮ ਤਿਆਰ ਕਰ ਰਹੇ ਹੋ? ਸੁਣਿਆ ਅੱਜਕੱਲ੍ਹ ਟੀ ਵੀ ਉੱਤੇ ਕਾਫੀ ਕੁਛ ਹੋ ਰਿਹਾ ਪੰਜਾਬੀ ਵਿੱਚ ਜਾਂ ਨੇੜ ਭਵਿੱਖ ਵਿੱਚ ਹੋਣ ਜਾ ਰਿਹਾ ਹੈ।
ਜਵਾਬ: ਸਾਡੇ ਦਿਨ ਬਦਿਨ ਟੈਲੀਵਿਯਨ ਪਾਪੁਲਰ ਹੋ ਰਿਹਾ ਹੈ। ਪਹਿਲਾਂ ਉਹ ਹਾਲਤ ਨਹੀਂ ਸਨ ਜੋ ਅੱਜ ਹਨ। ਉਸ ਨੂੰ ਦੇਖਦਿਆਂ ਹਿੰਦੁਸਤਾਨ ਸਰਕਾਰ ਦਾ ਪ੍ਰਾਜੈਕਟ ਹੈ ਕਿ ਦੇਸ਼ ਨੂੰ ਚਾਰ ਜੋਨਾਂ ਵਿੱਚ ਵੰਡ ਕੇ ਜਿਹੜੀਆਂ ਰੀਜਨਲ ਲੈਂਗੂਏਜਜ਼ (ਇਲਾਕਾਈ ਬੋਲੀਆਂ) ਹਨ ਉਨ੍ਹਾਂ ਨੂੰ ਵੀ ਉਭਾਰਿਆ ਜਾਵੇ ਕਿਉਂਕਿ ਪਹਿਲਾਂ ਇਹਨਾਂ ਬੋਲੀਆਂ ਨੂੰ ਉਨਾ ਟਾਇਮ ਨਹੀਂ ਮਿਲਿਆ। ਉਸ ਦੇ ਤਹਿਤ ਮੈਂ ਪੰਜਾਬੀ ਵਿੱਚ ਪੰਜਾਬੀ ਅਕਾਦਮੀ ਦੀ ਸਪਾਂਸਰਸ਼ਿੱਪ ਹੇਠ ਪੰਜਾਬੀ ਸ਼ਾਰਟ ਸਟੋਰੀਜ਼ ‘ਤੇ ਫਿਲਮਾਂ ਬਣਾਵਾਂਗਾ। ਜਿਹਦੇ ਵਿੱਚ ਗੁਰਬਖਸ਼ ਸਿੰਘ, ਨਾਨਕ ਸਿੰਘ ਨਾਵਲਿਸਟ, ਸੁਜਾਨ ਸਿੰਘ, ਕੁਲਵੰਤ ਸਿੰਘ ਵਿਰਕ ਅਪ ਟੂ ਨਵਤੇਜ ਸਿੰਘ ਪ੍ਰੀਤਲੜੀ ਅਤੇ ਅਜੀਤ ਕੌਰ ਦੀ ਪੀੜੀ ਤੱਕ ਤੇਰਾ ਪਾਇਨੀਰ ਲੇਖਕਾਂ ਦੀਆਂ ਕਹਾਣੀਆਂ ਨੂੰ ਚੁਣਿਆ ਹੈ।
ਸਵਾਲ: ਇਹ ਤਾਂ ਪੰਜਾਬੀ ਲਈ ਬਹੁਤ ਸ਼ੁਭ ਗੱਲ ਹੋਵੇਗੀ। ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਪੰਜਾਬੀ ਫਿਲਮਾਂ ਬਾਰੇ ਆਮ ਗੱਲਬਾਤ ਕਰਾਂ, ਮੈਂ ਇਕ ਸਵਾਲ ਇਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਫਿਲਮ ਬਣਾਉਣ ਬਾਰੇ ਸੋਚਦੇ ਹੋ ਤਾਂ ਉਸ ਸਮੇਂ ਤੁਸੀਂ  ਕਿਹੜੀਆਂ ਗੱਲਾਂ ਦਾ ਧਿਆਨ ਕਰਦੇ ਹੋ? ਕਿਹੜੇ ਕਿਹੜੇ ਪਹਿਲੂਆਂ ਉੱਪਰ ਵਿਚਾਰ ਕਰਦੇ ਹੋ?
ਜਵਾਬ: ਇਹ ਕੌੜਾ ਸੱਚ ਹੈ ਕਿ ਅਸੀਂ ਫਿਲਮਾਂ ਕਮਰਸ਼ਿਅਲ ਬਣਾਉਂਦੇ ਹਾਂ। ਇਹ ਇਲਜ਼ਾਮ ਹਿੰਦੀ ਫਿਲਮਾਂ ਉੱਤੇ ਵੀ ਲਾਇਆ ਜਾਂਦਾ ਹੈ ਅਤੇ ਪੰਜਾਬੀ ਫਿਲਮਾਂ ‘ਤੇ ਵੀ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸੋਚਣਾ ਪੈਂਦਾ ਹੈ ਕਿ ਇਹ ਦਸ-ਬਾਰਾਂ ਲੱਖ ਜਿਹੜਾ ਫਿਲਮ ‘ਤੇ ਲਾਉਣਾ ਹੈ, ਉਹ ਰਿਕਵਰ ਕਿਵੇਂ ਕਰਨਾ ਹੈ। ਅੱਜ ਕੋਈ ਵੀ ਪੰਜਾਬੀ ਫਿਲਮ 10-12 ਲੱਖ ਤੋਂ ਹੇਠਾਂ ਨਹੀਂ ਬਣਦੀ। ਇਸ ਲਈ ਪਹਿਲਾਂ ਜਦੋਂ ਵੀ ਬੱਜਟ ਬਣਾਇਆ ਜਾਂਦਾ ਹੈ ਤਾਂ ਇਹ ਦੇਖਿਆ ਜਾਂਦਾ ਹੈ ਕਿ ਇਹ ਜਿਹੜਾ ਪੈਸਾ ਲਾ ਰਿਹਾ ਹੈ, ਫਾਈਨੈਂਸਰ ਲਾ ਰਿਹਾ ਹੈ, ਪ੍ਰੋਡਿਊਸਰ ਲਾ ਰਿਹਾ ਹੈ ਜਾਂ ਖੁੱਦ ਆਪ ਲਾ ਰਹੇ ਹੋ ਡਾਇਰੈਕਟਰ ਦੇ ਤੌਰ ‘ਤੇ ਉਹ ਵਾਪਸ ਕਿਵੇਂ ਆਵੇਗਾ। ਇਸ ਲਈ ਉਸ ਨੂੰ ਦੇਖਦੇ ਹੋਏ ਪਹਿਲਾਂ ਤਾਂ ਅਸੀਂ ਕਮਰਸ਼ੀਅਲ ਹੀ ਸੋਚਦੇ ਹਾਂ
ਸਵਾਲ: ਬਈ ਫਿਲਮ ਟਿਕਟ ਆਫਿਸ ਉੱਪਰ ਕਾਮਯਾਬ ਹੋਵੇਗੀ ਜਾਂ ਨਹੀ?
ਜਵਾਬ: ਹਾਂ ਜੀ। ਏਥੇ ਵੀ ਹਰ ਇਕ ਡਾਇਰੈਕਟਰ ਦੀ ਵੱਖ ਵੱਖ ਨਜ਼ਰ ਹੈ। ਰਾਜਕਪੂਰ ਦੀ ਹੋਰ ਢੰਗ ਦੀ ਸੋਚ ਹੈ, ਮਨਮੋਹਨ ਦਿਸਾਈ ਹੈ, ਉਹ ਮਾਰਧਾੜ ਦੀ ਫਿਲਮ ਲੈ ਕੇ ਸੋਚੇਗਾ ਕਿ ਹਾਂ ਇਸ ਢੰਗ ਦੀ ਫਿਲਮ ਵਿਕੇਗੀ। ਇਸ ਤਰ੍ਹਾਂ ਇਹ ਸਮਝ ਲਉ ਕਿ ਹਰ ਡਾਇਰੈਕਟਰ ਦੀ ਆਪਣੀ ਸੋਚ ਹੈ ਕਿ ਉਸ ਨੂੰ ਕਿਹੜੀ ਚੀਜ਼ ਕਮਰਸ਼ਿਅਲ ਲੱਗਦੀ ਹੈ। ਕਮਰਸ਼ਿਅਲ ਚੀਜ਼ ਉਸ ਨੇ ਬਣਾਉਣੀ ਕਿਵੇਂ ਹੈ।
ਸਵਾਲ: ਅੱਛਾ ਜਦੋਂ ਵੀ ਕੋਈ ਫਿਲਮ ਦੇਖੀਦੀ ਹੈ ਤਾਂ ਇਕ ਸੁਆਲ ਮਨ ਵਿੱਚ ਆਉਂਦਾ ਹੈ, ਕਿ ਹਿੰਦੀ ਫਿਲਮਾਂ ਵਾਲੇ ਵੀ ਅਤੇ ਪੰਜਾਬੀ ਫਿਲਮਾਂ ਵਾਲੇ ਵੀ, ਇਕ ਹੀ ਕਹਾਣੀ ਨੂੰ ਵਾਰ ਵਾਰ ਦੁਹਰਾਈ ਕਿਉਂ ਜਾਂਦੇ ਹਨ? ਇਕ ਹੀ ਕਹਾਣੀ ਨੂੰ ਵਾਰ ਵਾਰ ਦੁਹਰਾਈ ਜਾਣ ਦੇ ਕੀ ਕਾਰਨ ਹਨ?
ਜਵਾਬ: ਇਹਦੇ ਕਾਰਨ ਇਹ ਹਨ ਕਿ ਫਿਲਮ ਨੂੰ ਰਾਈਟਰ ਦਾ ਮਾਧਿਅਮ ਹੋਣਾ ਚਾਹੀਦਾ ਹੈ, ਪਰ ਸਾਡੀ ਫਿਲਮ ਅਜੇ ਤੱਕ ਰਾਈਟਰ ਦਾ ਮਾਧੀਅਮ ਨਹੀਂ ਬਣੀ। ਉਹ ਪ੍ਰੋਡਿਊਸਰ ਔਰ ਫਾਈਨੈਂਸਰ ਔਰ ਡਿਸਟਰੀਬਿਊਟਰ ਦਾ ਮਾਧੀਅਮ ਬਣੀ ਹੋਈ ਹੈ, ਜਿਹੜੀ ਨਹੀਂ ਹੋਣੀ ਚਾਹੀਦੀ। ਸਾਡੇ ਕੋਲ ਵਧੀਆ ਰਾਈਟਰ ਨਹੀਂ ਹਨ। ਵਧੀਆ ਫਿਲਮ ਰਾਈਟਰ। ਜੇ ਉਹ ਵਧੀਆ ਫਿਲਮ ਲਿਖਣ ਤਾਂ ਨਵੇਂ ਨਵੇਂ ਆਈਡੀਏ ਵੀ ਆਉਣ। ਬਜਾਏ ਇਸ ਦੇ ਕਿ ਇਕ ਰਾਈਟਰ ਦੇ ਦਿਮਾਗ ਵਿੱਚ ਇਕ ਆਈਡਿਆ ਆਵੇ ਅਤੇ ਉਸ ਨੂੰ ਡਿਵੈਲਪ ਕਰਨ ਲਈ ਅੱਗੇ ਸੌ ਡਾਇਰੈਕਟਰਾਂ ਕੋਲ ਜਾਵੇ, ਪ੍ਰੋਡਿਊਸਰਾਂ ਕੋਲ ਜਾਵੇ। ਜੇ ਉਸ ‘ਤੇ ਫਿਲਮ ਬਣੇ ਤਾਂ ਡੈਫੀਨਿਟਲੀ ਨਵੀਂ ਫਿਲਮ ਹੋਏਗੀ। ਹੁੰਦਾ ਕੀ ਹੈ ਕਿ ਡਾਇਰੈਕਟਰ ਜਿਹੜਾ ਹੈ ਜਾਂ ਜਿਹੜਾ ਪ੍ਰੋਡਿਊਸਰ ਹੈ, ਉਸ ਨੂੰ ਇਕ ਆਈਡਿਆ ਸੁੱਝਦਾ ਹੈ ਕਿ ਮੈਂ ਇਕ ਫਿਲਮ ਬਣਾਉਣੀ ਹੈ ਅਤੇ ਉਸ ਵਿੱਚ ਮੈਂ ਅਮਿਤਾਭ ਬੱਚਣ ਨੂੰ ਲੈਣਾ ਹੈ। ਜੇ ਅਮਿਤਾਭ ਬੱਚਣ ਨੂੰ ਲੈਣਾ ਤਾਂ ਉਸ ਦੇ ਹਿਸਾਬ ਨਾਲ ਕਹਾਣੀ ਲਿਖ ਲਉ। ਅਮਿਤਾਭ ਬੱਚਣ ਦਾ ਐਂਗਰੀ ਯੰਗਮੈਨ ਦਾ ਇਮੇਜ ਹੈ ਤਾਂ ਐਂਗਰੀ ਯੰਗਮੈਨ ਦੀ ਕਹਾਣੀ ਲਿਖ ਲਉ। ਬਹੁਤੇ ਤਾਂ ਏਨੀ ਵੀ ਖੇਚਲ ਨਹੀਂ ਕਰਦੇ। ਉਹ ਕਹਿੰਦੇ ਆ ਕਿ ਪਾਕਿਸਤਾਨ ਦੀਆਂ ਫਿਲਮਾਂ ਦੇਖ ਲਉ। ਉਧਰ ਪਾਕਿਸਤਾਨੀ ਕਹਿੰਦੇ ਹਨ ਕਿ ਕਿ ਹਿੰਦੁਸਤਾਨ ਦੀਆਂ ਫਿਲਮਾਂ ਦੇਖ ਲਉ। ਉਹ ਉਹਨਾਂ ਦੀ ਨਕਲ ਮਾਰ ਜਾਂਦੇ ਹਨ, ਉਹ ਉਹਨਾਂ ਦੀ। ਸਾਡੀਆਂ 25 ਪਰਸੈਂਟ ਜਿਹੜੀਆਂ ਫਿਲਮਾਂ ਬਣਦੀਆਂ ਹਨ, ਉਹ ਸਾਊਥ ਵਿੱਚ ਹਿੱਟ ਹੋਈਆਂ ਹੁੰਦੀਆਂ ਹਨ, ਏਧਰ ਬਣੀ ਜਾ ਰਹੀਆਂ ਹਨ। ਜ਼ਰੂਰੀ ਨਹੀਂ ਕਿ ਉਹ ਚੱਲਣ ਵੀ। ਜਾਂ ਅਸੀਂ ਅੰਗ੍ਰੇਜ਼ੀ ਫਿਲਮਾਂ ਦੀ ਬਹੁਤ ਸੋਹਣੀ ਨਕਲ ਮਾਰ ਲੈਂਦੇ ਹਾਂ। ਇਸ ਦੀ ਵਜਹ ਇਹ ਹੈ ਕਿ ਪ੍ਰੋਡਿਊਸਰ ਇਹ ਹੀ ਸੋਚ ਲੈਂਦਾ ਹੈ, ਡਾਇਰੈਕਟਰ ਇਹ ਹੀ ਸੋਚ ਲੈਂਦਾ ਹੈ ਕਿ ਮੈਂ ਇਸ ਤਰ੍ਹਾਂ ਦੀ ਫਿਲਮ ਬਣਾਉਣੀ ਹੈ। ਜਿਵੇਂ ਕਹਿੰਦੇ ਹੁੰਦੇ ਆ ਕਿ ਝੱਗਾ ਪਹਿਲਾਂ ਸਿਉਂਦਾ ਹੈ, ਕਮੀਜ਼ ਪਹਿਲਾ ਸਿਉਂਦਾ ਹੈ ਅਤੇ ਆਦਮੀ ਨੂੰ ਉਹਦੇ ਵਿੱਚ ਬਾਅਦ ਵਿੱਚ ਫਿੱਟ ਕਰਦਾ ਹੈ।
ਸਵਾਲ: ਤੁਸੀਂ ਕਿਹਾ ਹੈ ਕਿ ਫਿਲਮ ਜਿਹੜੀ ਹੈ ਉਹ ਰਾਈਟਰ ਦਾ ਮੀਡੀਅਮ ਨਹੀਂ ਬਣੀ। ਪਰ ਪਹਿਲਾਂ ਤੁਸੀਂ ਕਿਹਾ ਸੀ ਕਿ ਫਿਲਮ ਦਾ ਕੈਪਟਨ ਡਾਇਰੈਕਟਰ ਹੁੰਦਾ ਹੈ। ਫਿਲਮ ਡਾਇਰੈਕਟਰ ਦਾ ਐਕਸਪ੍ਰੈਸ਼ਨ ਹੁੰਦੀ ਹੈ। ਇਹ ਤਾਂ ਨਹੀਂ ਕਿ ਡਾਇਰੈਕਟਰ ਆਪਣਾ ਐਕਸਪ੍ਰੈਸ਼ਨ ਦੇਣ ਦੀ ਥਾਂ ਟਿਕਟ ਖਿੜਕੀ ਨੂੰ ਹੀ ਨਜ਼ਰ ਵਿੱਚ ਰੱਖਦਾ ਹੈ। ਉਦਾਹਰਣ ਲਈ ਜਦੋਂ ਪਹਿਲਾਂ ਪੰਜਾਬੀ ਦੀ ਫਿਲਮ ‘ਨਾਨਕ ਨਾਮ ਜਹਾਜ਼’ ਆਈ ਤਾਂ ਉਦੋਂ ਇਕੱਠੀਆਂ ਹੀ ਕਿੰਨੀਆਂ ਹੀ ਧਾਰਮਿਕ ਨਾਵਾਂ ਵਾਲੀਆਂ ਫਿਲਮਾਂ ਪੰਜਾਬੀ ਵਿੱਚ ਬਣੀਆਂ। ਜਿਵੇਂ ‘ਨਾਨਕ ਦੁਖੀਆ ਸਭ ਸੰਸਾਰ’, ‘ਦੁੱਖ ਭੰਜਨ ਤੇਰਾ ਨਾਮ’ ‘ਮਨ ਜੀਤੇ ਜਗ ਜੀਤ’ ਆਦਿ। ਗੁਰਬਾਣੀ ਵਿੱਚੋਂ ਕੁਝ ਸ਼ਬਦ ਲੈ ਕੇ ਨਾਂ ਰੱਖ ਦਿੱਤੇ ਗਏ ਪਰ ਫਿਲਮਾਂ ਦੀਆਂ ਕਹਾਣੀਆਂ ਉਹ ਪੁਰਾਣੀਆਂ ਹੀ ਰਹੀਆਂ। ਜਿਵੇਂ ‘ਮਨ ਜੀਤੇ ਜਗ ਜੀਤ’ ਵਿੱਚ ਡਾਕੂਆਂ ਦੀ ਕਹਾਣੀ ਤੁਸੀਂ ਕਿਸੇ ਹਿੰਦੀ ਫਿਲਮ ਵਿੱਚ ਪਹਿਲਾਂ ਹੀ ਫਿਲਮਾਈ ਜਾ ਚੁੱਕੀ ਦੇਖ ਸਕਦੇ ਹੋ।
ਜਵਾਬ: ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਹੁੰਦਾ ਇਹ ਹੈ ਕਿ ਪੈਸਾ ਰਿਕਵਰ ਕਰਨ ਦਾ ਅਸੀਂ ਸੌਖਾ ਤਰੀਕਾ ਅਪਨਾਉਂਦੇ ਹਾਂ। ਸੌਖਾ ਤਰੀਕਾ ਕੀ ਹੈ? ਉਹ ਕਹਿੰਦੇ ਹਨ ਕਿ ਆਹ ਫਿਲਮ ਬੜੀ ਹਿੱਟ ਹੋਈ ਹੈ। ਇਸ ਵਿੱਚ ਕਾਮੇਡੀ ਸੀ, ਇਸ ਕਰਕੇ ਹਿੱਟ ਹੋਈ ਹੈ। ਤਾਂ ਫਿਰ ਕਾਮੇਡੀ ਫਿਲਮਾਂ ਹੀ ਸੋਚੀਆਂ ਜਾਣਗੀਆਂ। ਹੁਣ ‘ਨਾਨਕ ਨਾਮ ਜਹਾਜ਼’ ਚੱਲੀ ਹੈ। ਤੁਹਾਨੂੰ ਯਾਦ ਹੋਏਗਾ ਕਿ ਉਨ੍ਹਾਂ ਬੰਦਿਆਂ ਨੇ ‘ਨਾਨਕ ਨਾਮ ਜਹਾਜ਼’ ਸਿਰਫ ਇਕ ਟ੍ਰੀਬਿਊਟ ਪੇਸ਼ ਕਰਨ ਲਈ ਬਣਾਈ ਸੀ, ਗੁਰੂ ਨਾਨਕ ਦੇਵ ਜੀ ਦੇ ਜਨਮ ‘ਤੇ। ਉਸ ਪ੍ਰੋਡਿਊਸਰ ਡਾਇਰੈਕਟਰ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਫਿਲਮ ਉਹਨਾਂ ਨੂੰ ਕਮਰਸ਼ਿਅਲੀ ਬਹੁਤ ਪੈਸਾ ਕਮਾ ਕੇ ਦੇਵੇ। ਉਹ ਇਕ ਡਾਕੂਮੈਂਟਰੀ ਫਿਲਮ ਵਰਗੀ ਸੀ। ਉਹਦੇ ਵਿੱਚ ਸੰਤ ਫਤਿਹ ਸਿੰਘ ਨੂੰ ਯੁਜ਼ ਕਰਨਾ, ਗੁਰਨਾਮ ਸਿੰਘ ਨੂੰ ਦਿਖਾਉਣਾ। ਸੰਤ ਫਤਿਹ ਸਿੰਘ ਦੀ ਅਵਾਜ਼ ਵੀ ਵਰਤਣਾ। ਉਹਨਾਂ ਨੇ ਇਹ ਫਿਲਮ ਇਕ ਡਾਕੂਮੈਂਟਰੀ ਤਰੀਕੇ ਨਾਲ ਸੋਚੀ ਸੀ। ਪਰ ਹੋਇਆ ਉਲਟ। ਉਹ ਏਨਾ ਚੱਲ ਗਈ ਕਿ ਉਹ ਚੀਜ਼ਾਂ ਫਾਰਮੂਲਾ ਬਣ ਗਈਆਂ। ਲੋਕ ਇਹ ਫਿਲਮ ਟਰਾਲੀਆਂ ਵਿੱਚ ਚੜ੍ਹਕੇ ਦੇਖਣ ਆਏ। ਉਸ ਤੋਂ ਬਾਅਦ ਤਿੰਨ ਚਾਰ ਫਿਲਮਾਂ ਹੋਰ ਵੀ ਚੱਲੀਆਂ। ਪਰ ਹੌਲੀ ਹੌਲੀ ਇਹ ਫਾਰਮੂਲਾ ਘਸ ਗਿਆ। ਕਿਉਂਕਿ ਵਿੱਚ ਗੱਲ ਕੁਛ ਵੀ ਨਹੀਂ ਸੀ। ਉਹ ਫਾਰਮੂਲਾ ਫੇਲ੍ਹ ਹੋ ਗਿਆ। ਜਾਨੀਕਿ ਅੱਡ ਅੱਡ ਟਰੈਂਡ ਸੈੱਟ ਹੁੰਦੇ ਰਹਿੰਦੇ ਹਨ। ਸਾਡੀ ਫਿਲਮ ‘ਪੁੱਤ ਜੱਟਾਂ ਦੇ’ ਆਈ, ਉਹਦਾ ਵੀ ਇਹ ਹੀ ਹਾਲ ਸੀ। ਉਹ ਕਹਿੰਦੇ ਯਾਰ ਏਦਾਂ ਦੀ ਲਾਊਡ ਫਿਲਮ ਕੌਣ ਦੇਖੇਗਾ। ਉਹਦੇ ਵਿਚ ਵਾਰ ਵਾਰ ਹਰ ਦੂਜੇ ਤੀਜੇ ਪਲ ਜੱਟ ਨੂੰ ਭੰਨਾਇਆ ਜਾ ਰਿਹਾ ਹੈ। ਮੈਂ ਉਹਦੇ ਵਿੱਚ ਸੋਚ ਸਮਝ ਕੇ ਕੀਤਾ ਸੀ ਕਿ ਪੰਜਾਬੀ ਲੋਕਾਂ ਦੀ ਜਿਹੜੀ ਵੱਡੀ ਆਡੀਐਂਸ ਹੈ, ਉਹ ਪੰਜਾਬ ਦੇ ਪੇਂਡੂ ਨੇ ਅਤੇ ਖਾਸ ਕਰਕੇ ਜੱਟ ਨੇ। ਅਤੇ ਉਸ ਫਿਲਮ ਵਿੱਚ ਮੈਂ ਢੰਗ ਨਾਲ ਹਰ ਡਾਇਲਾਗ ਵਿੱਚ, ਹਰ ਗਾਣੇ ਵਿੱਚ ਜੱਟ ਨੂੰ ਐਕਸਪਲਾਇਟ ਕੀਤਾ। ਐਕਸਪਲਾਇਟੇਸ਼ਨ ਕੀਤੀ ਜੱਟ ਸ਼ਬਦ ਦੀ। ਉਸ ਤੋਂ ਬਾਅਦ ਹੁਣ ਜਿਹੜੀਆਂ ਤੇਰਾਂ ਚੌਦਾਂ ਫਿਲਮਾਂ ਬਣੀਆਂ ਉਹਨਾਂ ਦਾ ਨਾਂ ‘ਪੁੱਤ ਜੱਟਾਂ ਦੇ’ ਹੀ ਵਰਗਾ ਹੈ। ਜੱਟ ਨਾਲ ਸੰਬੰਧਤ ‘ਜੱਟ ਦਾ ਗੰਡਾਸਾ’, ‘ਯਾਰੀ ਜੱਟ ਦੀ’, ਜਿਹੜੀ ਪਿੱਛੇ ਜਿਹੇ ਹਿੱਟ ਵੀ ਹੋਈ ਹੈ। ਔਰ ‘ਦੁਸ਼ਮਣੀ ਜੱਟ ਦੀ’, ‘ਵੈਰੀ ਜੱਟ’। ਪਤਾ ਨਹੀਂ ਕਿੰਨੀਆਂ ਕੁ ਜੱਟ ਸ਼ਬਦ ਵਾਲੇ ਨਾਂ ਵਾਲੀਆਂ ਹਨ। ਦੂਜੇ ਲੋਕ ਇਹ ਸਮਝਦੇ ਹਨ ਕਿ ਫਿਲਮ, ਆਹ ਜਿਹੜਾ ਜਗਜੀਤ ਨੇ ਜੱਟਾਂ ਵਾਲਾ ਨਵਾਂ ਫਾਰਮੂਲਾ ਸੈੱਟ ਕੀਤਾ, ਇਹਦੇ ਨਾਲ ਹੀ ਚੱਲੇਗੀ।
ਸਵਾਲ: ਤੁਸੀਂ ਕਿਹਾ ਹੈ ਕਿ ਤੁਸੀਂ ਪੰਜਾਬ ਦੀ ਆਡੀਐਂਸ ਨੂੰ ਧਿਆਨ ਵਿੱਚ ਰੱਖ ਕੇ ‘ਪੁੱਤ ਜੱਟਾਂ ਦੇ’ ਵਿੱਚ ਜੱਟਾਂ ਨਾਲ ਸੰਬੰਧਤ ਇਕ ਫਾਰਮੂਲਾ ਪੇਸ਼ ਕੀਤਾ ਹੈ। ਤੁਸੀਂ ਇਕ ਲੇਖਕ ਰਹੇ ਹੋ, ਜਦੋਂ ਟਿਕਟ ਆਫਿਸ ਨੂੰ ਧਿਆਨ ਵਿੱਚ ਰੱਖ ਕੇ ਇਕ ਆਰਟਿਸਟ ਆਪਣੇ ਆਪ ਨੂੰ ਮਾਰਦਾ ਹੈ ਤਾਂ ਤੁਸੀਂ ਉਹਦੇ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ?
ਜਵਾਬ: ਮੈਂ ‘ਮਾਹੀ ਮੁੰਡਾ’ ਫਿਲਮ ਬਣਾਈ। ਉਸ ਫਿਲਮ ਨੇ ਟਿਕਟ ਖਿੜਕੀ ‘ਤੇ ਬਹੁਤ ਮਾਰ ਖਾਧੀ। ਉਸ ਫਿਲਮ ਉੱਤੇ ਸਾਡਾ ਨੌਂ ਲੱਖ ਰੁਪਈਆ ਲੱਗਾ ਸੀ, ਜਿਸ ਵਿੱਚੋਂ ਸਿਰਫ ਡੇਢ ਲੱਖ ਰੁਪਈਆ ਵਾਪਸ ਆਇਆ। ਏਡੀ ਮਾਰ ਮੈਂ ਇਕੱਲਾ ਤਾਂ ਸਹਿ ਹੀ ਨਹੀਂ ਸਕਦਾ ਸੀ, ਮੇਰੇ ਨਾਲ ਹੋਰ ਪਾਰਟਨਰ ਸੀ, ਇਸ ਕਰਕੇ ਬੱਚ ਗਏ। ਉਹ ਫਿਲਮ ਕਾਫੀ ਸਾਹਿਤਕ ਸੀ, ਉਹਦੇ ਵਿੱਚ ਇਹ ਫਾਰਮੂਲੇ ਵੀ ਨਹੀਂ ਸਨ। ਉਹਦਾ ਮਿਊਜ਼ਕ ਮਿੱਠਾ ਸੀ। ਪਰ ਜਦੋਂ ਉਹ ਫਿਲਮ ਆਈ, ਉਸ ਸਮੇਂ ਪੰਜਾਬੀ ਫਿਲਮਾਂ ਵਿੱਚ ਜਿਹੜਾ ਫਾਰਮੂਲਾ ਸੈੱਟ ਸੀ, ਉਹ ਸੀ ‘ਵਲਗਰ’ ਫਿਲਮਾਂ ਦਾ। ਦੂਹਰੇ ਅਰਥਾਂ ਵਾਲੇ ਡਾਇਲਾਗਾਂ ਵਾਲੀਆਂ ਫਿਲਮਾਂ। ਜਿਹਦਾ ਮੁੱਢ ਦਿੱਲੀ ਥੀਏਟਰ ਤੋਂ ਸ਼ੁਰੂ ਹੋਇਆ ਸੀ। ਦਿੱਲੀ ਵਿੱਚ ਸਪਰੂ ਹਾਊਸ ਵਿੱਚ ਹੁੰਦੇ ਪਲੇਆਂ ‘ਤੇ ਆਧਾਰਿਤ। ਇਸ ਦਾ ਆਰੰਭ ਹੋਇਆ ਪੰਜਾਬੀ ਫਿਲਮ ‘ਚੜ੍ਹੀ ਜਵਾਨੀ ਬੁੱਢੇ ਨੂੰ’ ਤੋਂ। ਇਹ ਦੂਹਰੇ ਅਰਥਾਂ ਵਾਲੀ ਪਹਿਲੀ ਫਿਲਮ ਸੀ। ਉਸ ਤੋਂ ਬਾਅਦ ਤਾਂ ‘ਲੈ ਉਹ ਲੰਡੇ ਆਲਿਆ’, ‘ਲੈ ਉਹ ਲੰਡੇ ਆਲਿਆ’ ਵਾਲੀ ਗੱਲ ਹੋ ਗਈ। ਹਰ ਕੋਈ ਇਸ ਤਰ੍ਹਾਂ ਸੋਚਦਾ ਸੀ। ਜਿਵੇਂ ‘ਰਾਂਝਾ ਇਕ ਤਾਂ ਹੀਰਾਂ ਦੋ’ ਵਰਗੇ ਟਾਈਟਲ ਲੈ ਕੇ ਦੂਹਰੇ ਅਰਥਾਂ ਵਾਲੀਆਂ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ। ਔਰ ਜਦੋਂ ਮੇਰੀ ਫਿਲਮ ਆਈ… ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਉਦੋਂ ਦੀ ਕਾਂਗਰਸ ਸਰਕਾਰ ਨੇ ਵੀ ਅਤੇ ਅਕਾਲੀ ਸਰਕਾਰ ਨੇ ਵੀ, ਦੋਨਾਂ ਨੇ ਜਿਹੜੀਆਂ ਦੋ ਫਿਲਮਾਂ ਦਾ ਸਭ ਤੋਂ ਵੱਧ ਟੈਕਸ ਮੁਆਫ ਕੀਤਾ, ਉਹ ਫਿਲਮਾਂ ਸਨ, ਇਕ ‘ਚੜ੍ਹੀ ਜਵਾਨੀ ਬੁੱਢੇ ਨੂੰ’ ਇਕ ਵਲਗਰ ਫਿਲਮ, ਇਹ ਕਾਂਗਰਸ ਸਰਕਾਰ ਦੀ ਮਿਹਰਬਾਨੀ ਸੀ ਅਤੇ ਉਸ ਤੋਂ ਬਾਅਦ ਅਕਾਲੀ ਸਰਕਾਰ ਦੀ ਮਿਹਰਬਾਨੀ ਹੋਈ ‘ਰਾਂਝਾ ਇਕ ‘ਤੇ ਹੀਰਾਂ ਦੋ’ ਉੱਤੇ। ਮੇਰੀ ਫਿਲਮ ਦੇ ਮੁਕਾਬਲੇ ‘ਰਾਂਝਾ ਇਕ ਤੇ ਹੀਰਾਂ ਦੋ’ ਦਾ 125 ਪਰਸੈਂਟ ਟੈਕਸ ਮੁਆਫ ਕੀਤਾ ਗਿਆ। ਮੇਰੀ ਫਿਲਮ ‘ਉਡੀਕਾਂ’ ਇਕ ਬਹੁਤ ਹੀ ਖੂਬਸੂਰਤ ਫਿਲਮ ਸੀ, ਉਸ ਦਾ ਟੈਕਸ ਪੈਂਹਟ ਪਰਸੈਂਟ ਮੁਆਫ ਕੀਤਾ ਗਿਆ। ਹੁਣ ਇਕ ਪਾਸੇ ਵਲਗਰ ਫਿਲਮ ਹੈ, ਉਹਦਾ ਟੈਕਸ ਵੀ ਵੱਧ ਮੁਆਫ ਹੈ, ਲੋਕ ਸਾਡੀ ਫਿਲਮ ਕਿਉਂ ਦੇਖਣਗੇ। ਮੈਂ ਆਪਣੀਆਂ ਅੱਖਾਂ ਦੇ ਨਾਲ ਆਪਣਾ ਹਸ਼ਰ ਦੇਖਿਆ ਕਿ ਦੋ ਸਿਨਮਿਆਂ ਵਿੱਚ ਕਿਸ ਤਰ੍ਹਾਂ ਲੋਕ ਸਾਡੀ ਫਿਲਮ ਦੇਖਣ ਦੀ ਥਾਂ ਦੂਸਰੀ ਫਿਲਮ ਵੱਲ ਭੱਜ ਭੱਜ ਕੇ ਜਾ ਰਹੇ ਹਨ। ਸਾਡੀ ਫਿਲਮ ਉੱਥੇ ਫੇਲ੍ਹ ਹੋ ਰਹੀ ਹੈ, ਦੂਜੀ ਚੱਲ ਰਹੀ ਹੈ। ਉਸ ਤੋਂ ਬਾਅਦ ਮੈਨੂੰ ਆਪਣੇ ਅੰਦਰ ਦੇ ਰਾਈਟਰ ਨੂੰ ਮਾਰ ਫਾਰਮੂਲੇ ਘੜਨੇ ਪਏ। ਹਾਲਾਂਕਿ ਮੈਂ ਚਾਹੁੰਦਾ ਸੀ ਕਿ ਪੰਜਾਬੀ ਵਿੱਚ ਹੋਰ ਖੂਬਸੂਰਤ ਫਿਲਮਾਂ ਬਣਾਵਾਂ। ਫੇਰ ਵੀ ‘ਪੁੱਤ ਜੱਟਾਂ ਦੇ’ ਵਿੱਚ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਮੈਂ ਆਪਣੇ ਆਪ ਵਿਚਲੇ ਰਾਈਟਰ ਨੂੰ ਏਨਾ ਮਾਰਿਆ ਹੋਵੇ। ਇਸ ਫਿਲਮ ਵਿੱਚ ਮੈਂ ਜਿੱਥੇ ‘ਮਾਹੀ ਮੁੰਡਾ’ ਫਿਲਮ ਖਤਮ ਹੁੰਦੀ ਸੀ, ਅਖੀਰਲੀਆਂ ਦੋ ਤਿੰਨ ਰੀਲਾਂ ਵਿੱਚ ਜਿੱਥੋਂ ਫਿਲਮ ਉੱਠਦੀ ਹੈ ਐਕਸ਼ਨ ਤੋਂ। ਮੈਂ ਸੋਚਿਆ ਕਿ ਪੰਜਾਬੀ ਦੇ ਵਿੱਚ ਐਕਸ਼ਨ ਬਹੁਤ ਪਸੰਦ ਕਰਨਗੇ। ਅਤੇ ਮੈਂ ‘ਪੁੱਤ ਜੱਟਾਂ ਦੇ’ ਦਾ ਸਟਾਰਟ ਹੀ ਉੱਥੋਂ ਸ਼ੁਰੂ ਕੀਤਾ, ਐਕਸ਼ਨ ਤੋਂ। ਮੇਰਾ ਖਿਆਲ ਹੈ ਕਿ ਪੰਜਾਬੀ ਦੀ ਏਨੀ ਵੱਡੀ ਐਕਸ਼ਨ ਫਿਲਮ ਨਾ ਪਹਿਲਾਂ ਬਣੀ ਹੈ ਅਤੇ ਨਾ ਹੀ ਛੇਤੀ ਕੀਤੇ ਬਣੇਗੀ। ਉਹਦੇ ਵਿੱਚ ਮੈਂ ਵਲਗਰਟੀ ਭੰਨਾਉਣ ਦੀ ਜਗ੍ਹਾ ‘ਐਕਸ਼ਨ’ ਨੂੰ ਭੰਨਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚ ਤੁਹਾਨੂੰ ਕੁਛ ਵੀ ‘ਵਲਗਰ’ ਨਹੀਂ ਮਿਲੇਗਾ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ‘ਚੰਨ ਪ੍ਰਦੇਸੀ’ ਅਤੇ ‘ਲੋਂਗ ਦਾ ਲਿਸ਼ਕਾਰਾ’ ਨੂੰ ਜ਼ਿਆਦਾ ਅਖਬਾਰਾਂ ਨੇ ਚੁੱਕਿਆ ਹੋਵੇ ਪਰ ‘ਪੁੱਤ ਜੱਟਾਂ ਦੇ’ ਉਨ੍ਹਾਂ ਨਾਲੋਂ ਜ਼ਿਆਦਾ ਸਭਿਆਚਾਰਕ ਫਿਲਮ ਸੀ। ਜ਼ਿਆਦਾ ਨਿੱਗਰ ਫਿਲਮ ਸੀ। ਉਹਦੇ ਵਿੱਚ ਸਾਡੇ ਗੁਆਚ ਰਹੇ ‘ਕਲਚਰ’ – ਊਠਾਂ ਘੋੜਿਆਂ ‘ਤੇ ਬਰਾਤਾਂ ਜਾਣੀਆਂ, ਸਾਡੀਆਂ ਮਕਾਣਾਂ ਦਾ ਜਾਣਾ – ਨਾਲ ਸੰਬੰਧਤ ਸੈਂਕੜੇ ਚੀਜ਼ਾਂ ਸਨ, ਜਿਵੇਂ ਸਿਠਣੀਆਂ, ਭਾਬੀ ਦਾ ਦਿਓਰ ਦੇ ਜੰਝ ਚੜ੍ਹਨ ਲੱਗਿਆਂ ਸੁਰਮਾ ਪਾਉਣਾ ਆਦਿ। ਇਹ ਚੀਜ਼ਾਂ ਫਾਰਮੂਲਿਆਂ ਕਰਕੇ ਜ਼ਿਆਦਾ ਨਹੀਂ ਉਭਰ ਸਕੀਆਂ। ਜਦੋਂ ਕਿ ਉਨ੍ਹਾਂ ਫਿਲਮਾਂ ਦੇ ਮੁਕਾਬਲੇ ਇਸ ਵਿੱਚ ਜ਼ਿਆਦਾ ਸਨ।
ਸਵਾਲ: ਤੁਸੀਂ ਕਲਚਰ ਸਾਂਭਣ ਬਾਰੇ ਗੱਲ ਕੀਤੀ ਹੈ। ਇਹ ਬਹੁਤ ਵਧੀਆ ਗੱਲ ਹੈ। ਸਾਨੂੰ ਆਪਣਾ ਪੁਰਾਣਾ ਕਲਚਰ ਸਾਂਭਣਾ ਚਾਹੀਦਾ ਹੈ। ਪਰ ਨਾਲ ਦੀ ਨਾਲ ਜੋ ਕੁਝ ਅੱਜ ਹੋ ਰਿਹਾ ਹੈ ਉਸ ਦੀ ਵੀ ਗੱਲ ਹੋਣੀ ਚਾਹੀਦੀ ਹੈ। ਜਿਵੇਂ ਕਿ ਪੰਜਾਬੀ ਫਿਲਮਾਂ ਵਿੱਚ ਅੱਜਕੱਲ੍ਹ ਜੋ ਵਿਲਨ (ਖਲਨਾਇਕ) ਪੇਸ਼ ਕੀਤੇ ਜਾਂਦੇ ਹਨ ਉਹ ਹੁੰਦੇ ਹਨ ਜਗੀਰਦਾਰ, ਡਾਕੂ, ਬਦਮਾਸ਼। ਜਦੋਂ ਕਿ ਅੱਜ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਜਿਹੜੇ ਵਿਲਨ (ਖਲਨਾਇਕ) ਹਨ, ਉਹ ਹਨ: ਐੱਮ ਐੱਲ ਏ, ਉਹ ਹਨ ਮਨਿਸਟਰ, ਉਹ ਹੈ ਪੁਲੀਸ। ਉਨ੍ਹਾਂ ਨੂੰ ਫਿਲਮਾਂ ਦੇ ਵਿੱਚ ਵਿਲਨ (ਖਲਨਾਇਕ) ਕਿਉਂ ਨਹੀਂ ਦਿਖਾਇਆ ਜਾਂਦਾ। ਬਲਕਿ ਉਹਨਾਂ ਨੂੰ ਬਹੁਤ ਵਧੀਆ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਕਿ ਹੁਣ ‘ਪੁੱਤ ਜੱਟਾਂ ਦੇ’ ਵਿੱਚ… ਜਦੋਂ ਕਿ ਪੁਲੀਸ ਬਾਰੇ ਆਮ ਪੇਂਡੂ ਦੇ ਦਿਮਾਗ ਵਿੱਚ ਇਹ ਗੱਲ ਹੈ ਕਿ ਪੁਲੀਸ ਵਾਲੇ ਲੋਕਾਂ ਨੂੰ ਕਹਿੰਦੇ ਹਨ ਕਿ, ‘ਸਾਨੂੰ ਕਿਹੜਾ ਕੋਈ ਵਿਆਹ ਜਾਂ ਮੰਗਣੇ ‘ਤੇ ਸੱਦਦਾ। ਸਾਨੂੰ ਤਾਂ ਲੋਕੀ ਕਤਲ ਹੋਏ ਤੇ ਹੀ ਸੱਦਦੇ ਹਨ’। ਇਸ ਲਈ ਉਹ ਅਜਿਹੇ ਸਮੇਂ ਲੋਕਾਂ ਦੀ ਛਿੱਲ ਲਾਹੁੰਦੇ ਹਨ।
ਜਵਾਬ: ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈ ਕਿ ਅਸੀਂ ਇਹ ਚੀਜ਼ਾਂ ਕਿਉਂ ਨਹੀਂ ਦਿਖਾਉਂਦੇ। ਅਸੀਂ ਦਿਖਾਉਣਾ ਚਾਹੁੰਦੇ ਹਾਂ ਪਰ ਦਿਖਾ ਨਹੀਂ ਸਕਦੇ। ਜੇ ਫਿਲਮ ਟੋਟਲ ਪੁਲੀਸ ਦੇ ਖਿਲਾਫ ਹੈ ਉਹ ਪਾਸ ਨਹੀਂ ਹੋ ਸਕਦੀ ਕਿਉਂਕਿ ਪੁਲੀਸ ਦਾ ਜਿਹੜਾ ਕੋਈ ਵੱਡਾ ਅਫਸਰ ਹੋਏਗਾ, ਉਹਤੋਂ ਵੀ ਪਾਸ ਕਰਾਉਣੀ ਪੈਂਦੀ ਹੈ। ਬਈ ਹਾਂ ਇਹ ਠੀਕ ਹੈ। ਹਾਂਲਾਂਕਿ ਹਿੰਦੀ ਵਿੱਚ ਇਹ ਰੁਝਾਣ ਆਇਆ ਹੈ। ਪਿੱਛੇ ਜਿਹੇ ਕੇਰਲਾ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ, ਉੱਥੋਂ ਦਾ ਸੈਂਸਰ ਇਨ੍ਹਾਂ ਚੀਜ਼ਾਂ ਦੀ ਛੋਟ ਦਿੰਦਾ ਹੈ। ਜਿਹੜੀਆਂ ਫਿਲਮਾਂ ਸਾਊਥ ਵਿੱਚ ਪਾਸ ਹੋਈਆਂ, ਉਨ੍ਹਾਂ ਵਿੱਚ ਤੁਹਾਨੂੰ ਮਿਲੇਗਾ ਕਿ ਜਿਹੜੀ ਪੁਲੀਸ ਦੀ ਜ਼ਿਆਦਤੀ ਵੀ ਹੈ, ਉਸ ਨੂੰ ਵੀ ਉਹਨਾਂ ਨੇ ਪਾਸ ਕੀਤਾ ਹੈ, ਪਰ ਬੰਬੇ ਦਾ ਸੈਂਸਰ ਨਹੀਂ ਪਾਸ ਕਰਦਾ। ਇਹ ਸਾਡੀਆਂ ਪ੍ਰਾਬਲਮਾਂ ਨੇ। ਜੇ ਤੁਸੀਂ ਕਿਤੇ ਦਿਖਾਇਆ ਵੀ ਹੈ ਤਾਂ ਉਹ ਵੀ ਬੜੇ ਲੁਕਵੇਂ ਤਰੀਕੇ ਨਾਲ। ਜੇ ਦਿਖਾਉਣਗੇ ਵੀ ਕੋਈ ਐੱਮ ਐੱਲ ਏ ਜਾਂ ਵਜ਼ੀਰ ਤਾਂ ਉਹ ਬੜੀ ਚਲਾਕੀ ਨਾਲ ਦਿਖਾਉਣਗੇ ਕਿ ਉਹ ਰਾਜ ਕਰ ਰਹੀ ਪਾਰਟੀ ਦਾ ਐੱਮ ਐੱਲ ਏ ਨਹੀਂ ਹੈ ਸਗੋਂ ਵਿਰੋਧੀ ਪਾਰਟੀ ਦਾ ਐੱਮ ਐੱਲ ਏ ਜਾਂ ਵਜ਼ੀਰ ਜਾਂ ਐਮ ਪੀ ਸੀ।
ਸਵਾਲ: ਹੁਣ ਇਕ ਸਵਾਲ ਮੈਂ ਤੁਹਾਨੂੰ ਪੰਜਾਬੀ ਫਿਲਮਾਂ ਵਿੱਚ ਦਿੱਤੀ ਜਾਂਦੀ ਕਾਮੇਡੀ ਬਾਰੇ ਪੁੱਛਣਾ ਚਾਹਾਂਗਾ। ਪੰਜਾਬ ਦਾ ਜੀਵਨ ਬੜਾ ਖੁੱਲ੍ਹਾ ਡੁੱਲ੍ਹਾ ਤੇ ਹਾਸੇ ਮਖੌਲ ਵਾਲਾ ਹੈ। ਪੰਜਾਬੀ ਸਭਿਆਚਾਰ ਵਿੱਚ ਕਾਮੇਡੀ ਦੀ ਰਵਾਇਤ ਬਹੁਤ ਨਿੱਗਰ ਹੈ। ਪਰ ਜਦੋਂ ਪੰਜਾਬੀ ਫਿਲਮਾਂ ਵਿੱਚ ਕਾਮੇਡੀ ਦਿਖਾਈ ਜਾਂਦੀ ਹੈ, ਉਹ ਇਕ ਚੁਟਕਲੇਬਾਜ਼ੀ ਤੋਂ ਅੱਗੇ ਨਹੀਂ ਵਧਦੀ?
ਜਵਾਬ: ਤੁਹਾਡਾ ਇਹ ਸਵਾਲ ਵੀ ਬਹੁਤ ਸੁਹਣਾ ਹੈ। ਸੰਤਾਲੀ ਤੋਂ ਬਾਅਦ ਜਿਹੜੀ ਪੰਜਾਬੀ ਦੀ ਫਿਲਮ ਬਣੀ ਹੈ, ਉਹ ਜ਼ਿਆਦਾ ਰਹੀ ਹੈ ਉਨ੍ਹਾਂ ਹੱਥਾਂ ਵਿੱਚ ਜਿਹੜੇ ਪਾਕਿਸਤਾਨ ਤੋਂ ਪੰਜਾਬੀ ਆਏ ਸਨ। ਜਿਹੜੇ ਲਾਹੌਰ ਤੋਂ ਸਿੱਧੇ ਬੰਬਈ ਸ਼ਿਫਟ ਹੋ ਗਏ ਸਨ। ਭਾਖੜੀ ਬ੍ਰਦਰਜ਼ ਵਗੈਰਾ। ਉਨ੍ਹਾਂ ਲੋਕਾਂ ਨੂੰ ਜੋ ਕੁਝ ਏਧਰ ਹੋ ਰਿਹਾ ਸੀ, ਏਧਰਲੇ ਸਭਿਆਚਾਰ ਦਾ ਕੋਈ ਪਤਾ ਨਹੀਂ ਸੀ। ਏਥੋਂ ਤੱਕ ਕਿ ਸੰਨ ਸੱਠ ਤੱਕ, ਸੰਨ ਬਾਹਟ ਤੱਕ ਏਥੋਂ ਤੱਕ ਕਿ ਸੰਨ ਪੈਂਹਟ ਤੱਕ ਪੰਜਾਬੀ ਫਿਲਮਾਂ ਵਿੱਚ ਔਰਤਾਂ ਲੁੰਗੀਆਂ ਬੰਨੀ ਤੁਰੀਆਂ ਫਿਰਦੀਆਂ ਸਨ, ਜਦੋਂ ਕਿ ਸਾਡੇ ਸਲਵਾਰ ਕਮੀਜ਼ ਪਾਈ ਜਾਂਦੀ ਸੀ। ਉਹ ਭਰਾ ਨੂੰ ਭਾਈਆ ਕਹਿੰਦੇ ਸੀ, ਜਦੋਂ ਕਿ ਭਾਈਆ ਸਾਡੇ ਸ਼ਬਦ ਨਹੀਂ ਹੈ, ਸਾਡੇ ਬਾਈ ਹੈ, ਸਾਡੇ ਭਾਊ ਹੈ। ਉਹ ਸ਼ਬਦ ਸਾਰੇ ਪਾਕਿਸਤਾਨ ਤੋਂ ਉਵੇਂ ਚੱਲੀ ਆ ਰਹੇ ਸਨ। ਉਵੇਂ ਪੰਜਾਬੀ ਦੇਖੀ ਜਾ ਰਹੇ ਸੀ ਕਿ ਚਲੋ ਪੰਜਾਬੀ ਫਿਲਮ ਜਿੰਨੀ ਕੁ ਆਉਂਦੀ ਹੈ, ਉਨੀ ਕੁ ਦੇਖ ਲਿਆ ਕਰੋ। ਇਹ ਜਦੋਂ ਸੰਨ 1970 ਤੋਂ ਬਾਅਦ ਜਿਹੜੇ ਫਿਲਮ-ਮੇਕਰ ਆਏ ਹਨ, ਜਿਹਦੇ ਵਿੱਚ ‘ਚੰਨ ਪ੍ਰਦੇਸੀ’ ਦੇ ਮੇਕਰ ਆਏ, ‘ਲੌਂਗ ਦਾ ਲਿਸ਼ਕਾਰਾ’ ਦਾ ਹਰਪਾਲ ਟਿਵਾਣਾ ਆਇਆ, ਮੈਂ ਗਿਆ, ਵਰਿੰਦਰ ਗਿਆ, ਇਹ ਚਾਰ ਜਿਹੜੇ  ਫਿਲਮ-ਮੇਕਰ ਹਨ, ਇਹਨਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਮਿਲਣਗੀਆਂ। ਸਾਡੀਆਂ ਜਿਹੜੀਆਂ ਫਿਲਮਾਂ ਆਈਆਂ ਉਨ੍ਹਾਂ ਦੇ ਵਿੱਚ ਬਹੁਤ ਸਟਾਇਲ ਦਾ ਫਰਕ ਪਿਆ। ਕਾਮੇਡੀ ਦਾ ਫਰਕ ਪਿਆ। ਹਾਂਲਾਂਕਿ ਮੈਂ ਕਾਮੇਡੀ ਨਹੀਂ ਲਿਖ ਸਕਦਾ। ਹੋ ਸਕਦਾ ਹੈ ਕਿ ਮੇਰੀ ਫਿਲਮ ਵਿੱਚ ਤਹਾਨੂੰ ਉਹੋ ਜਿਹੀ ਵਧੀਆ ਕਾਮੇਡੀ ਨਾ ਮਿਲੇ। ਪਰ ਬਾਬੂ ਸਿੰਘ ਮਾਨ ਸਾਡਾ ਦੋਸਤ ਹੈ। ਉਹਦੀ ਫਿਲਮ ‘ਰਾਣੋ’ ਆਈ, ਉਹਦੀ ਫਿਲਮ ‘ਸੈਦਾ ਜੋਗੀ’ ਆਈ, ਤੀਜੀ ਇਹ ਮੇਰੀ ‘ਪਟੋਲਾ’ ਆਈ ਜਿਹੜੀ ਅਸੀਂ ਇਕੱਠਿਆਂ ਬਣਾਈ ਹੈ, ਮੈਂ ਡਾਇਰੈਕਟਰ ਹਾਂ, ਉਹਨੇ ਲਿਖੀ ਹੈ। ਇਹਨਾਂ ਵਿੱਚ ਕਾਮੇਡੀ ਬਹੁਤ ਧੜਾਕੇ ਨਾਲ ਪੇਸ਼ ਹੋਈ ਹੈ ਦੂਜੀਆਂ ਦੀ ਨਿਸਬਤ। ਅੱਛਾ ਜਿਹੜੀਆਂ ਭਾਖੜੀ ਬ੍ਰਦਰਜ਼ ਜਾਂ ਹੋਰਨਾਂ ਦੀਆਂ ਫਿਲਮਾਂ ਆਈਆਂ ਉਨ੍ਹਾਂ ਨੇ ਇਕ ਫਾਰਮੂਲਾ ਬਣਾਇਆ ਕਿ ਪਾਕਿਸਤਾਨ ਦੀ ਕੋਈ ਕਾਮੇਡੀ ਫਿਲਮ ਦੇ ਆਧਾਰ ‘ਤੇ ਫਿਲਮ ਬਣਾਉ, ਉਹ ਹਿੱਟ ਹੋ ਜਾਂਦੀ ਹੈ। ਪਾਕਿਸਤਾਨ ਦੀ ਇਕ ਕਾਮੇਡੀ ਫਿਲਮ ਹੈ, ‘ਸਹੁਰਾ ਤੇ ਜਵਾਈ’, ਉਨ੍ਹਾਂ ਨੇ ਉਹਨੂੰ ਐਜ਼ ਇਟ ਇਜ਼ ਬਣਾ ਦਿੱਤਾ ਅਤੇ ਨਾਂ ਰੱਖ ਦਿੱਤਾ ‘ਜੀਜਾ ਸਾਲੀ’। ਉਹ ਵੀ ਹਿੱਟ ਹੋ ਗਈ। ਕਈ ਫੇਲ੍ਹ ਵੀ ਹੋਈਆਂ ਜਿਹੜੀਆਂ ਪਾਕਿਸਤਾਨੀ ਫਿਲਮਾਂ ਉੱਤੇ ਬਣੀਆਂ ਪਰ ਨਹੀਂ ਚੱਲੀਆਂ ਅਤੇ ਅਜੇ ਵੀ ਬਣ ਰਹੀਆਂ ਹਨ।
ਸਵਾਲ: ਤੁਸੀਂ ਪੰਜਾਬੀ ਸਾਹਿਤ ਨਾਲ ਸੰਬੰਧਤ ਰਹੇ ਹੋ। ਪਹਿਲਾਂ ਪਹਿਲਾਂ ਤੁਸੀਂ ਵਧੀਆ ਕਹਾਣੀਆਂ ਲਿਖੀਆਂ ਹਨ। ਪੰਜਾਬੀ ਸਾਹਿਤ ਅਤੇ ਉਸ ਵਿੱਚ ਪੇਸ਼ ਕੀਤੇ ਖਿਆਲਾਂ ਉੱਪਰ ਆਧਾਰਿਤ ਫਿਲਮਾਂ ਕਿਉਂ ਨਹੀਂ ਬਣਦੀਆਂ? ਉਸ ਦੇ ਕੀ ਕਾਰਨ ਹਨ?
ਜਵਾਬ: ਜੇ ਤੁਸੀਂ ਦੁਨੀਆ ਦਾ ਫਿਲਮੀ ਇਤਿਹਾਸ ਦੇਖੋ ਤਾਂ ਤੁਹਾਨੂੰ ਇਸ ਦਾ ਬਹੁਤ ਵਧੀਆ ਜੁਆਬ ਮਿਲੇਗਾ। ਕੋਈ ਅਜਿਹੀ ਫਿਲਮ ਨਹੀਂ, ਸ਼ਾਇਦ ਇਕ ਅੱਧ ਹੋਵੇ, ਜਿਹੜੀ ਫਿਲਮ ਵੀ ਵਧੀਆ ਹੋਵੇ ਅਤੇ ਲਿਟਰੇਚਰ ਦਾ ਵੀ ਇਕ ਵਧੀਆ ਪੀਸ ਹੋਵੇ।  ਏਥੋਂ ਤੱਕ ‘ਵਾਰ ਐਂਡ ਪੀਸ’ ਵਰਗੇ ਨਾਵਲ ਤੇ ਵੀ ਕੋਈ ਵਧੀਆ ਫਿਲਮ ਨਹੀਂ ਬਣ ਸਕੀ। ਡਿਕਨਜ਼ ਦੇ ਨਾਵਲਾਂ ‘ਤੇ ਫਿਲਮਾਂ ਬਣੀਆਂ। ‘ਟੈੱਸ’ ਬਣੀ। ਪਰ ਜੋ ‘ਟੈੱਸ’ ਨਾਵਲ ਸੀ ਉਹ ਫਿਲਮ ਨਹੀਂ ਬਣ ਸਕੀ। ਇਵੇਂ ਪ੍ਰੇਮ ਚੰਦ ਦੇ ਨਾਵਲਾਂ ‘ਤੇ ਫਿਲਮਾਂ ਬਣੀਆਂ, ਉਹ ਨਹੀਂ ਕਾਮਯਾਬ ਹੋਈਆਂ। ਇਹ ਇਕ ਵੱਖਰਾ ਮੀਡੀਆ ਹੈ। ਤੁਹਾਨੂੰ ਕਿਤੇ ਵੀ ਅਜਿਹੀ ਉਦਾਹਰਨ ਨਹੀਂ ਮਿਲੇਗੀ ਜਿਹੜੀ ਵਧੀਆ ਨਾਵਲ ਤੇ ਵਧੀਆ ਫਿਲਮ ਬਣੀ ਹੋਵੇ। ਫਿਲਮ ਮੀਡੀਆ ਹੀ ਵੱਖਰਾ ਹੈ। ਜਿਵੇਂ ਕਹਾਣੀ ਅਤੇ ਨਾਵਲ ਵਿੱਚ ਇਕ ਬੇਸਿਕ ਫਰਕ ਹੈ, ਉਵੇਂ ਜਿਹੜੀ ਫਿਲਮ ਰਾਈਟਿੰਗ ਹੈ, ਉਸ ਦਾ ਇਕ ਬੇਸਿਕ ਫਰਕ ਹੈ, ਉਸ ਦੀ ਇਕ ਵੱਖਰੀ ਬਣਤਰ ਹੈ। ਉਹ ਅਜੇ ਕਿਸੇ ਹੱਦ ਤੱਕ ਡਰਾਮੇ ਦੇ ਨੇੜੇ ਤਾਂ ਹੋਏਗੀ ਪਰ ਨਾਵਲ, ਕਹਾਣੀ ਦੇ ਬਿਲਕੁਲ ਨਹੀਂ। ਜਿਵੇਂ ਵਧੀਆ ਫਿਲਮਾਂ ਹਨ, ਜਿਵੇਂ ‘ਲਾਰੈਂਸ ਆਫ ਅਰਬੀਆ’, ਚਾਹੇ ਹਿੰਦੀ ਦੀ ‘ਅੰਕੁਰ’ ਹੋਵੇ, ‘ਅੰਕੁਸ਼’ ਹੋਵੇ, ਇਸ ਤਰ੍ਹਾਂ ਜਿਹੜੀਆਂ ਹੋਰ ਹਿੰਦੀ ਵਿੱਚ ਵਧੀਆ ਫਿਲਮਾਂ ਆਈਆਂ, ਜਿਨ੍ਹਾਂ ਨੂੰ ਅਸੀਂ ‘ਆਰਟ ਮੂਵੀਜ਼’ ਕਹਿੰਦੇ ਹਾਂ, ਉਹਨਾਂ ਵਿੱਚੋਂ ਕੋਈ ਵੀ ਕਿਸੇ ਸਾਹਿਤਕ ਪੀਸ ‘ਤੇ ਨਹੀਂ ਬਣੀ, ਬਲਕਿ ਉਹ ਖੁਦ ਵਧੀਆ ਕਹਾਣੀਆਂ, ਫਿਲਮ ਨੂੰ ਵੱਖਰਾ ਮੀਡੀਆ ਮੰਨ ਕੇ ਲਿਖੀਆਂ ਗਈਆਂ ਜਿਹੜੀ ਸਾਹਿਤਕ ਵੀ ਲਗਦੀ ਹੈ।
ਸਵਾਲ: ਚਲੋ ਜੇ ਮੈਂ ਆਪਣੇ ਸਵਾਲ ਨੂ ਇਸ ਤਰ੍ਹਾਂ ਪੇਸ਼ ਕਰਾਂ ਕਿ ਪੰਜਾਬ ਦੀ ਜ਼ਿੰਦਗੀ, ਜਿਸ ਪੱਧਰ ‘ਤੇ ਪੰਜਾਬੀ ਸਾਹਿਤ ਵਿੱਚ ਪੇਸ਼ ਹੁੰਦੀ ਹੈ, ਉਸ ਪੱਧਰ ‘ਤੇ ਉਹ ਪੰਜਾਬੀ ਫਿਲਮਾਂ ਵਿੱਚ ਨਹੀਂ ਪੇਸ਼ ਹੁੰਦੀ। ਕਿਉਂ?
ਜਵਾਬ: ਉਹ ਗੱਲ ਉੱਥੇ ਹੀ ਆ ਜਾਂਦੀ ਹੈ – ਸੌ ਹੱਥ ਰੱਸਾ, ਸਿਰੇ ‘ਤੇ ਗੰਢ’ ਕਿ ਸਾਡੇ ਸੋਰਸਜ਼ ਕਿੰਨੇ ਹਨ? ਅਸੀਂ ਜਿਹੜਾ ਅੱਗੋਂ ਕਮਾਉਣਾ ਹੈ, ਉਹ ਕਿੰਨਾ ਹੈ? ਅਸੀਂ ਪਿੱਛੇ ਜਿਹੇ ਕੁਝ ਸਾਹਿਤਕਾਰਾਂ ਨੇ ਰਲ ਕੇ, ਡਰਾਮਾ ਆਰਟਿਸਟਾਂ ਨੇ ਰਲ ਕੇ, ਇਹਦੇ ਵਿੱਚ ਗੁਰਸ਼ਰਨ ਭਾਜੀ ਵੀ ਸੀ ਸਾਡੇ ਨਾਲ ਸਹਾਇਤਾ ਦੇਣ ਵਾਲੇ, ਅਜਮੇਰ ਔਲਖ, ਸਾਡੇ ਫਿਲਮਾਂ ਦੇ ਆਰਟਿਸਟ ਓਮ ਪੁਰੀ ਵਗੈਰਾ, ਇਨ੍ਹਾਂ ਨਾਲ ਰਲ ਕੇ ਅਸੀਂ ਸਾਰਿਆਂ ਨੇ ਸੋਚਿਆ ਕਿ ਇਕ ਅਜਿਹੀ ਫਿਲਮ ਬਣਾਈਏ ਜਿਹਦੇ ਵਿੱਚ ‘ਨੋ ਪਰਾਫਿਟ, ਨੋ ਲਾਸ’ ਹੀ ਰਹਿ ਜਾਏ ਬੇਸ਼ੱਕ। ਅਸੀਂ ਆਪ ਕੰਮ ਕਰਾਂਗੇ ਨਾਲ ਦਸ-ਦਸ, ਪੰਦਰਾਂ-ਪੰਦਰਾਂ ਹਜ਼ਾਰ ਰੁਪਈਆ ਪਾਵਾਂਗੇ। ਅਸੀਂ ‘ਬਿਗਾਨੇ ਬੋਹੜ ਦੀ ਛਾਂ’ ਫਿਲਮ ਲਿਖੀ। ਪੰਜਾਬ ਦੀ ਇਕ ਦਮ ਹਾਲਾਤ ਖਰਾਬ ਹੋਣ ਕਰਕੇ ਉਹ ਫਿਲਮ ਰੁਕ ਗਈ। ਜਦੋ ਉਹ ਬਣੀ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਪੰਜਾਬ  ਉਹਦੇ ਅੰਗ ਅੰਗ ਵਿੱਚੋਂ, ਉਹਦੇ ਸੀਨ ਸੀਨ ਵਿੱਚੋਂ, ਉਹਦੇ ਸ਼ਾਟ ਸ਼ਾਟ ਵਿੱਚੋਂ ਨਜ਼ਰ ਆਏਗਾ। ਤੁਹਾਨੂੰ ਕਿਤੇ ਵੀ ਇਹ ਨਜ਼ਰ ਨਹੀਂ ਆਵੇਗਾ ਕਿ ਆਹ ਤਾਂ ਅਨਨੈਚੁਰਲ ਹੈ, ਇਹ ਹੋ ਨਹੀਂ ਸਕਦਾ। ਹਾਂ ਸਾਡਾ ਹੈ ਇਹ ਕੁਝ ਦੋਸਤਾਂ ਦਾ ਪ੍ਰਾਜੈਕਟ ਜਿਹੜਾ ਅਸੀਂ ਪੂਰਾ ਕਰਾਂਗੇ, ਪਰ ਥੋੜ੍ਹੀ ਜਿਹੀ ਪੰਜਾਬ ਵਲੋਂ ਠੰਢੀ ਹਵਾ ਆਏ।
ਸਵਾਲ: ਹਿੰਦੁਸਤਾਨ ਦੀ ਫਿਲਮ ਇੰਡਸਟਰੀ ਵਿੱਚ ਪੰਜਾਬੀ ਪਹਿਲਾਂ ਤੋਂ ਹੀ ਹਾਵੀ ਰਹੇ ਹਨ। ਪਰ ਅਜੇ ਤੱਕ ਕੋਈ ਵੀ ਪੰਜਾਬੀ ਫਿਲਮ ਅੰਤਰਰਾਸ਼ਟਰੀ ਪੱਧਰ ਦੀ ਕਿਉਂ ਨਹੀਂ ਆਈ? ਆਪਾਂ ਸਾਰੇ (ਕਲਾ ਨਾਲ ਸੰਬੰਧਤ ਲੋਕ) ਕਈ ਵਾਰੀ ਗੱਲਾਂ ਕਰਦੇ ਹਾਂ ਕਿ ਪੰਜਾਬੀ ਬੋਲੀ ਦਾ ਮਾਨ ਵਧਣਾ ਚਾਹੀਦਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਮਾਣ ਵਧਣ ਦਾ ਇਕ ਢੰਗ ਇਹ ਵੀ ਹੈ ਕਿ ਉਸ ਬੋਲੀ ਦੀਆਂ ਕਲਾਕ੍ਰਿਤਾਂ ਬਾਹਰਲੇ ਲੋਕਾਂ ਤੱਕ ਪਹੁੰਚਣ, ਅੰਤਰਰਾਸ਼ਟਰੀ ਪੱਧਰ ਦੀਆਂ ਹੋਣ। ਜਿਵੇਂ ਬੰਗਾਲੀ ਦਾ ਬਾਹਰ ਕਾਫੀ ਨਾਂ ਹੈ। ਪੰਜਾਬੀ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਫਿਲਮ ਨਾ ਬਣਨ ਦੇ ਕੀ ਕਾਰਨ ਹਨ?
ਜਵਾਬ: ਇਹਦੇ ਵਿੱਚ ਵੀ ਗੱਲ ਤਾਂ ਉੱਥੇ ਹੀ ਆ ਜਾਂਦੀ ਹੈ ਕਿ ਜੇ ਹੁਣ ਕੋਈ ਅਜਿਹੀ ਫਿਲਮ ਬਣੇ ਤਾਂ ਉਹ ਲੱਖ ਰੁਪਈਆ ਵੀ ਨਹੀਂ ਕਮਾਏਗੀ ਅਤੇ ਦਸ ਲੱਖ ਤੋਂ ਹੇਠਾਂ ਨਹੀਂ ਬਣੇਗੀ। ਵੱਡਾ ਘਾਟਾ ਸਹਿਣ ਲਈ ਕੋਈ ਤਿਆਰ ਨਹੀਂ। ਸਤਿਆਜੀਤ ਰੇਅ ਦੁਨੀਆ ਵਿੱਚ ਪ੍ਰਸਿੱਧ ਡਾਇਰੈਕਟਰ ਦੇ ਤੌਰ ‘ਤੇ ਪ੍ਰਸਿੱਧ ਹੈ। ਉਹਨੇ ਹਿੰਦੀ ਦੀ ਫਿਲਮ ਬਣਾਈ ‘ਸ਼ੰਤਰਜ ਕੇ ਖਿਲਾੜੀ’। ਉਹ ਸਿਰਫ ਦੋ ਟੈਰਾਟਰੀਆਂ ਵਿੱਚ ਰਿਲੀਜ਼ ਹੋਈ। ਦਿੱਲੀ, ਬੰਬੇ ‘ਤੇ ਕਲਕੱਤਾ। ਤਿੰਨ ਟੈਰਾਟਰੀਆਂ ਵਿੱਚ। ਬਾਕੀ ਛੇ ਟੈਰਾਟਰੀਆਂ, ਜਿਹੜੇ ਹਿੱਸੇ ਹਨ ਉਹ ਖਾਲੀ ਰਹਿ ਗਏ। ਉਹਦਾ ਕੀ ਕਾਰਨ ਹੈ? ਜਿਹੜਾ ਸਾਡਾ ਸਿਸਟਮ ਹੈ, ਇਸ ਸਿਸਟਮ ਵਿੱਚ ਜਿਸ ਫਿਲਮ ਨੂੰ ਬਹੁਤ ਲੋਕ ਪਸੰਦ ਕਰਦੇ ਹਨ, ਉਹਨੂੰ ਸਿਨਮਿਆਂ ਵਾਲਾ ਲਿਆਉਣਾ ਚਾਹੁੰਦਾ ਹੈ, ਜਿਸ ਨੂੰ ਸਿਨਮਿਆਂ ਵਾਲਾ ਲਿਜਾਣਾ ਚਾਹੁੰਦਾ ਹੈ ਹੱਸ ਕੇ, ਉਹਨੂੰ ਡਿਸਟ੍ਰੀਬਿਊਟਰ ਖਰੀਦਣਾ ਚਾਹੁੰਦਾ ਹੈ, ਉਹਨੂੰ ਪ੍ਰੋਡਿਊਸਰ ਬਣਾਉਣਾ ਚਾਹੁੰਦਾ ਹੈ। ਉੱਥੇ ਇਸ ਤਰ੍ਹਾਂ ਦਾ ਸਰਕਲ ਬਣ ਜਾਂਦਾ ਹੈ।
ਸਵਾਲ: ਇਹਦਾ ਹੱਲ ਕੀ ਹੈ? ਇਸ ਚੱਕਰਵਿਯੂ ਵਿੱਚੋਂ ਨਿਕਲਿਆ ਕਿਸ ਤਰ੍ਹਾਂ ਜਾਵੇ। ਲੋਕਾਂ ਦਾ ਪੱਧਰ ਵੀ ਆਰਟਿਸਟਾਂ ਨੇ ਹੀ ਉਤਾਂਹ ਚੁੱਕਣਾ…।
ਜਵਾਬ: ਹੱਲ ਇਹਦਾ ਸਰਕਾਰਾਂ ਹਨ। ਐੱਨ. ਐੱਫ਼. ਡੀ. ਸੀ. ਇਸ ਕਰਕੇ ਬਣੀ ਕਿ ਉਹ ਬਾਕੀ ਥਾਂਵਾਂ ਤੋਂ ਪੈਸੇ ਕਮਾਉਂਦੀ ਹੈ। ਉਹ ਚੰਗੀਆਂ ਫਿਲਮਾਂ ਨੂੰ ਫਾਈਨੈਂਸ ਕਰੇ। ਪਰ ਉੱਥੇ ਕੁਰਪਟ ਲੋਕ ਪਹੁੰਚ ਗਏ। ਟੈਲੀਵਿਯਨ ਦਾ ਮੀਡੀਆ ਆਇਆ। ਟੈਲੀਵਿਯਨ ‘ਤੇ ਤਾਂ ਕੋਈ ਐਸੀ ਗੱਲ ਨਹੀਂ, ਉੱਥੇ ਜੋ ਕੁਝ ਤੁਸੀਂ ਦੇ ਦਿੱਤਾ ਉਹ ਲੋਕਾਂ ਨੇ ਦੇਖ ਹੀ ਲੈਣਾ। ਪਰ ਉੱਥੇ ਕੁਰਪਸ਼ਨ ਹੈ। ਮੈਂ ਇਹ ਕਹਿੰਦਾ ਹਾਂ, ਮੈਂ ਇਹ ਦਾਅਵਾ ਕਰਦਾ ਹਾਂ ਕਿ ਜਦੋਂ ਮੇਰੇ ਕੋਲ ਪੰਜ-ਦਸ ਲੱਖ ਰੁਪਈਆ ਹੋਇਆ ਮੈਂ ਜ਼ਰੂਰ ਅਜਿਹੀ ਫਿਲਮ ਬਣਾਵਾਂਗਾ…।
ਸਵਾਲ: ਜੇ ਤੁਹਾਨੂੰ ਕੋਈ ਮੁਸ਼ਕਿਲ ਨਾ ਹੋਵੇ ਫਿਲਮ ਫਾਈਨੈਂਸਰਾਂ ਦੀ, ਤੁਹਾਨੂੰ ਟਿਕਟ ਆਫਿਸ ਦਾ ਫਿਕਰ ਨਾ ਹੋਵੇ। ਫੇਰ ਤੁਸੀਂ ਕਿਸ ਤਰ੍ਹਾਂ ਦੀ ਫਿਲਮ ਬਣਾਉਗੇ। ਤੁਹਾਡਾ ਸੁਪਨਾ ਕੀ ਹੈ? ਫਿਲਮ ਦੀ ਕਹਾਣੀ ਚੁਣਨ ਲੱਗਿਆਂ ਤੁਸੀਂ ਕਿਹਨਾਂ ਕਿਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖੋਗੇ?
ਜਵਾਬ: ਪਹਿਲਾਂ, ਅੱਜ ਤੋਂ ਦਸ ਸਾਲ ਪਹਿਲਾਂ,ਇਹ ਸਵਾਲ ਹੁੰਦਾ ਤਾਂ ਮੈਂ ਕਹਿਣਾ ਸੀ ਕਿ ਮੈਂ ਤਾਂ ਆਰਟ ਮੂਵੀ ਬਣਾਉਣੀ ਪਸੰਦ ਕਰਾਂਗਾ ਜਿਹਨੂੰ ਭਾਵੇਂ ਦਸ ਆਦਮੀ ਨਾ ਦੇਖਣ ਪਰ ਉਹ ਇਨਾਮ ‘ਤੇ ਇਨਾਮ ਜਿੱਤ ਕੇ ਲਿਆਵੇ। ਪਰ ਹੁਣ ਮੇਰਾ ਉਹ ਨਜ਼ਰੀਆ ਬਦਲ ਗਿਆ। ਮੈਂ ਚਾਹੁੰਦਾ ਹਾਂ ਕਿ ਫਿਲਮ ਮੀਡੀਆ ਲੋਕਾਂ, ਦਾ ਮਾਸ ਮੀਡੀਆ ਹੈ, ਉਹ ਚੀਜ਼ ਹੀ ਬਣਾਉਣੀ ਹੈ ਮੈਂ ਜਿਹੜੀ ਪਹਿਲਾਂ ਮਾਸਜ਼ ਵਿੱਚ ਮਕਬੂਲ ਹੋਵੇ, ਲੋਕਾਂ ਵਿੱਚ ਚੱਲੇ। ਲੋਕ ਉਹਨੂੰ ਪਿਆਰ ਕਰਨ। ਜਿਵੇਂ ‘ਮੁਗਲੇ ਆਜਿਮ” ਹੈ, ‘ਮਦਰ ਇੰਡਿਆ’ ਹੈ। ਨਾਲ ਨਾਲ ਉਹ ਜੇ ਆਪਣੇ ਵਿੱਚ ਸਾਹਿਤਕ ‘ਵੈਲਯੂਜ਼” ਨੂੰ ਵੀ ਕਾਇਮ ਰੱਖ ਸਕੇ। ਇਹ ਮੇਰਾ ਆਸ਼ਾ ਹੋਏਗਾ ਕਿ ਐਸੀ ਫਿਲਮ ਬਣਾਵਾਂ ਜਿਹਨੂੰ ਵਧ ਤੋਂ ਵਧ ਲੋਕ ਵੀ ਦੇਖਣ ਅਤੇ ਇਹ ਵੀ ਕਹਿਣ ਕਿ ਇਹਦੇ ਵਿੱਚ ਆਰਟਿਸਟਕ ਅਪਰੋਚ ਹੈ।
ਸਵਾਲ: ਜਿਹਦੀ ਫੋਰਮ ਇਸ ਤਰ੍ਹਾਂ ਦੀ ਹੋਵੇ ਕਿ ਜਿਹੜੀ ਲੋਕਾਂ ਨੂੰ ਪਸੰਦ ਆਵੇ…
ਜਵਾਬ: ਹਾਂ। ਪਸੰਦ ਜ਼ਰੂਰ ਆਵੇ…
ਸਵਾਲ: ਅਤੇ ਜਿਹੜਾ ਉਹਦੇ ਵਿੱਚ ‘ਕਨਟੈਂਟ’ ਹੋਵੇ, ਉਹ ਉਹਦੇ ਵਿੱਚ ਤੱਕੜਾ ਹੋਵੇ, ਨਿੱਗਰ ਹੋਵੇ।
ਜਵਾਬ: ਹਾਂ।

Advertisements
This entry was posted in ਫਿਲਮ, ਸਾਰੀਆਂ and tagged , , , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.