ਬਿਹਤਰੀਨ ਫਿਲਮਸਾਜ਼ ਸਤਿਆਜੀਤ ਰੇਅ

ਸੁਖਵੰਤ ਹੁੰਦਲ

(ਇਹ ਛੋਟਾ ਜਿਹਾ ਲੇਖ ਸਤਿਆਜੀਤ ਰੇਅ ਦੀ ਮੌਤ ਤੋਂ ਬਾਅਦ ਇਕ ਸ਼ਰਧਾਂਜਲੀ ਵਲੋਂ ਲਿਖਿਆ ਗਿਆ ਸੀ ਅਤੇ ਕੈਨੇਡਾ ਤੋਂ ਨਿਕਲਣ ਵਾਲੇ ਸਾਹਿਤਕ ਪਰਚੇ ‘ਵਤਨ’ ਦੇ ਅਪ੍ਰੈਲ/ਮਈ/ਜੂਨ 1992 ਦੇ ਅੰਕ ਵਿੱਚ ਛਪਿਆ ਸੀ।)

ਦੁਨੀਆ ਦੇ ਬਿਹਤਰੀਨ ਫਿਲਮਸਾਜ਼ ਸਤਿਆਜੀਤ ਰੇਅ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ। ਸਤਿਆਜੀਤ ਰੇਅ ਨੇ ਆਪਣੀ ਪਹਿਲੀ ਫਿਲਮ ‘ਪਾਥੇਰ ਪੰਚਲੀ’ 1952 ਵਿੱਚ ਬਣਾਉਣੀ ਸ਼ੁਰੂ ਕੀਤੀ ਅਤੇ 1955 ਵਿੱਚ ਪੂਰੀ ਕੀਤੀ। ਆਪਣੀ ਪਹਿਲੀ ਫਿਲਮ ਨਾਲ ਹੀ ਉਹ ਦੁਨੀਆ ਦੇ ਇਕ ਵਧੀਆ ਫਿਲਮਸਾਜ਼ ਦੇ ਤੌਰ ‘ਤੇ ਜਾਣੇ ਜਾਣ ਲੱਗੇ। 1952- ਤੋਂ 1992 ਤੱਕ ਉਹਨਾਂ ਨੇ 32 ਫੀਚਰ ਫਿਲਮਾਂ ਅਤੇ 5 ਡਾਕੂਮੈਂਟਰੀ ਫਿਲਮਾਂ ਬਣਾਈਆਂ।

1943 ਅਤੇ 1952 ਦੌਰਾਨ ਜਦੋਂ ਉਹ ਇਕ ਐਡਵਰਟਾਇਜ਼ਮੈਂਟ ਦੀ ਕੰਪਨੀ ਨਾਲ ਕੰਮ ਕਰਦੇ ਸਨ, ਸਿਨਮੇ ਦੇ ਹੁਨਰ ਬਾਰੇ ਗਿਆਨ ਹਾਸਲ ਕਰਨ ਲਈ ਉਹਨਾਂ ਨੇ ਵੱਡੀ ਗਿਣਤੀ ਵਿੱਚ ਫਿਲਮਾਂ ਵੇਖੀਆਂ, ਹਨ੍ਹੇਰੇ ਸਿਨਮੇ ਹਾਲਾਂ ਵਿੱਚ ਬੈਠ ਕੇ ਅਣਗਿਣਤ ਨੋਟ ਲਏ ਅਤੇ ਫਿਲਮਾਂ ਦੇ ਥਿਉਰੈਟੀਕਲ ਪੱਖ ਬਾਰੇ ਬੇਥਾਹ ਪੜ੍ਹਿਆ। 1950 ਵਿੱਚ ਆਪਣੇ ਕੰਮ ਦੇ ਸਿਲਸਿਲੇ ਵਿੱਚ ਉਹ ਲੰਡਨ ਆਏ ਤਾਂ ਉਹਨਾਂ ਇਕ ਮਹੀਨੇ ਦੌਰਾਨ 100 ਤੋਂ ਵੱਧ ਨਵ-ਯਥਾਰਥਵਾਦੀ, ਖਾਸ ਕਰਕੇ ਇਟਲੀ ਦੇ ਫਿਲਮਸਾਜ਼ਾਂ ਦੀਆਂ, ਫਿਲਮਾਂ ਦੇਖੀਆਂ। ਇਸ ਦੇ ਨਾਲ ਹੀ ਉਹ ਇੰਗਲੈਂਡ ਦੇ ਫਿਲਮਸਾਜ਼ ਜੀਨ ਰੇਨੋਅਰ ਤੋਂ ਬਹੁਤ ਪ੍ਰਭਾਵਿਤ ਸਨ।

ਸਤਿਆਜੀਤ ਰੇਅ ਨੇ ਆਪਣੀਆਂ ਫਿਲਮਾਂ ਵਿੱਚ ਹਿੰਦੁਸਤਾਨ ਦੀ ਜ਼ਿੰਦਗੀ ਦੀ ਸਚਾਈ ਨੂੰ ਪੇਸ਼ ਕੀਤਾ ਅਤੇ ਇਸ ਸਚਾਈ ਨੂੰ ਪੇਸ਼ ਕਰਨ ਲਈ ਬੰਗਾਲ ਦੀ ਜ਼ਿੰਦਗੀ ਨੂੰ ਅਧਾਰ ਬਣਾਇਆ। ਉਹਨਾਂ ਵਿਸ਼ਵ ਦੇ ਇਕ ਬਿੰਦੂ ਬੰਗਾਲ ਨੂੰ ਆਪਣੇ ਹੁਨਰ ਦਾ ਕੇਂਦਰ ਬਣਾ ਕੇ ਵਿਸ਼ਵ ਪੱਧਰ ਦੀਆਂ ਫਿਲਮਾਂ ਬਣਾਈਆਂ। ਉਹਨਾਂ ਹਿੰਦੁਸਤਾਨੀ ਜ਼ਿੰਦਗੀ ਦੀ ਸਚਾਈ ਨੂੰ ਪੇਸ਼ ਤਾਂ ਕੀਤਾ ਪਰ ਆਪਣੀਆਂ ਫਿਲਮਾਂ ਵਿੱਚ ਸਚਾਈ ਦੀ ਨਕਲ ਨਹੀਂ ਕੀਤੀ। ਇਸ ਸੰਬੰਧ ਵਿੱਚ ਕੇਰਲਾ ਦਾ ਫਿਲਮਸਾਜ਼ ਅਦੂਰ ਗੋਪਾਲ ਕ੍ਰਿਸ਼ਨਨ ਲਿਖਦਾ ਹੈ, “ਇਕ ਅਸਲੀ ਕਲਾਕਾਰ ਕਦੇ ਵੀ ਜ਼ਿੰਦਗੀ ਨੂੰ ਨਕਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਉਹ ਅੰਦਰਲੀ ਸਚਾਈ ਨੂੰ ਨਵੇਂ ਸਿਰਿਓਂ ਸਿਰਜਦਾ ਹੈ, ਤਾਂ ਕਿ ਉਹ ਕਈ ਪਰਤਾਂ ਅਤੇ ਕਈ ਰੂਪਾਂ ਵਾਲੀ ਸਚਾਈ ਦੇ ਧੁਰ ਅੰਦਰ ਤੱਕ ਪਹੁੰਚ ਸਕੇ। ਇਸੇ ਕਰਕੇ ਸਤਿਆਜੀਤ ਰੇਅ ਦੀਆਂ ਫਿਲਮਾਂ ਬਹੁਤ ਹੀ ਮਹਾਨ ਹਨ, ਇੱਥੋਂ ਤੱਕ ਕਿ ਉਹਨਾਂ ਸਾਹਿਤਕ ਕਿਰਤਾਂ ਤੋਂ ਵੀ ਵੱਧ ਜਿਹਨਾਂ ਦੇ ਆਧਾਰ ‘ਤੇ ਉਹ ਫਿਲਮਾਂ ਬਣਾਈਆਂ ਗਈਆਂ ਹਨ।”

ਪਰ ਭਾਰਤੀ ਫਿਲਮ ਸਨਅਤ ਨੇ ਸਦਾ ਹੀ ਉਸ ਨਾਲ ਦੂਰ ਦਾ ਰਿਸ਼ਤਾ ਹੀ ਰੱਖਿਆ ਹੈ। ਭਾਰਤੀ ਫਿਲਮ ਸਨਅਤ ਨੇ ਉਸ ਨੂੰ “ਬਾਹਰ ਜਾ ਕੇ ਭਾਰਤ ਦੀ ਗਰੀਬੀ ਨੂੰ ਵੇਚਣ ਵਾਲਾ ਕਿਹਾ।” ਪਰ ਸਤਿਆਜੀਤ ਰੇਅ ਨੇ ਭਾਰਤ ਦੀ ਗਰੀਬੀ ਬਾਰੇ ਫਿਲਮਾਂ ਇਸ ਲਈ ਬਣਾਈਆਂ ਕਿਉਂਕਿ ਉਹ ਚਾਹੁੰਦੇ ਸਨ ਕਿ ਸੋਚ ਰੱਖਣ ਵਾਲੇ ਭਾਰਤੀ ਇਸ ਬਾਰੇ ਸੋਚਣ। ਉਸ ਦੀਆਂ ਫਿਲਮਾਂ ਵਿੱਚ ਪੇਸ਼ ਕੀਤੀ ਗਰੀਬੀ ਬਾਰੇ ਚਿਦੰਦਨ ਦਾਸ ਗੁਪਤਾ, ਜਿਹਨਾਂ ਨੇ 1947 ਵਿੱਚ ਸਤਿਆਜੀਤ ਰੇਅ ਨਾਲ ਮਿਲ ਕੇ ਕਲਕੱਤੇ ਵਿੱਚ ਪਹਿਲੀ ਭਾਰਤੀ ਫਿਲਮ ਸੁਸਾਇਟੀ ਦੀ ਨੀਂਹ ਰੱਖੀ ਸੀ, ਕਹਿੰਦੇ ਹਨ, “ਸਤਿਆਜੀਤ ਰੇਆ ਦੀਆਂ ਫਿਲਮਾਂ ਵਿੱਚ ਇਕੱਲੀ ਗਰੀਬੀ ਹੀ ਨਹੀਂ ਸਗੋਂ ਇਕ  ਉਮੀਦ ਵੀ ਪੇਸ਼ ਕੀਤੀ ਗਈ ਹੁੰਦੀ ਹੈ। ਉਹਦੀਆਂ ਫਿਲਮਾਂ ਬਦਸੂਰਤੀ ਵਿੱਚ ਸੁੰਦਰਤਾ ਪੇਸ਼ ਕਰਦੀਆਂ ਹਨ। ਦੁਨਿਆਵੀ ਜ਼ਰੂਰਤਾਂ ਕਾਰਨ ਪੈਦਾ ਹੋਈ ਕਮੀਨਗੀ ਵਿੱਚ ਉਹ ਪਿਆਰ ਦਰਸਾਉਂਦੀਆਂ ਹਨ।”

ਆਪਣੇ ਫਿਲਮੀ ਕੈਰੀਅਰ ਦੌਰਾਨ ਸਤਿਆਜੀਤ ਰੇਅ ਨੂੰ ਵਿਸ਼ਵ ਪੱਧਰ ਦੇ ਕਈ ਇਨਾਮ ਮਿਲੇ। ਮਾਰਚ 1992 ਵਿੱਚ ਉਹਨਾਂ ਨੂੰ ਉਹਨਾਂ ਦੀ ਸਾਰੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਕਾਰਨ ‘ਆਸਕਰ’ ਇਨਾਮ ਦਿੱਤਾ ਗਿਆ।

ਸਤਿਆਜੀਤ ਰੇਅ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀਆਂ ਕਿਰਤਾਂ ਸਦਾ ਹੀ ਜੀਵਤ ਰਹਿਣਗੀਆਂ। ਉਹ ਦੁਨੀਆ ਪੱਧਰ ਦੇ ਇਕ ਬਿਹਤਰੀਨ ਫਿਲਮਸਾਜ਼ ਹੀ ਨਹੀਂ ਸਨ ਸਗੋਂ ਇਕ ਵਧੀਆ ਲੇਖਕ ਵੀ ਸਨ। ਉਹਨਾਂ ਦੀਆਂ ਕਿਰਤਾਂ ਵਿੱਚ ਏਨੀ ਡੂੰਘਾਈ ਅਤੇ ਉੱਚਤਾ ਦਾ ਇਕ ਕਾਰਨ ਇਹ ਵੀ ਸੀ ਕਿ ਉਹ ਇਕ ਵੱਡੇ ਚਿੰਤਕ ਸਨ। ●

Advertisements
This entry was posted in ਫਿਲਮ, ਸਾਰੀਆਂ and tagged , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s