ਸਾਡੀ ਸਿਹਤ ਅਤੇ ਸਮਾਜਕ-ਆਰਥਿਕ ਪ੍ਰਬੰਧ

ਸੁਖਵੰਤ ਹੁੰਦਲ

(ਇਹ ਲੇਖ ਪਹਿਲੀ ਵਾਰ 20 ਮਾਰਚ 2001 ਵਿੱਚ ਛੱਪਿਆ ਸੀ। ਹੋ ਸਕਦਾ ਹੈ ਕਿ ਇਸ ਵਿੱਚ ਵਰਤੇ ਕੁਝ ਅੰਕੜੇ ਤਾਜ਼ੇ ਨਾ ਹੋਣ, ਪਰ ਇਸ ਲੇਖ ਵਿੱਚ ਪੇਸ਼ ਕੀਤੀ ਦਲੀਲ ਇਸ ਵੇਲੇ ਵੀ ਸਹੀ ਹੈ।)

ਅੱਜ ਇਨਸਾਨ ਨੂੰ ਹਰ ਰੋਜ਼ ਨਵੀਂਆਂ ਨਵੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਤੌਰ ‘ਤੇ ਬਿਮਾਰ ਇਨਸਾਨ ਅਤੇ ਉਸ ਦਾ ਪਰਿਵਾਰ ਬਿਮਾਰੀ ਨੂੰ ਮਾੜੀ ਕਿਸਮਤ ਦੀ  ਦੇਣ ਸਮਝਦਾ ਹੈ ਜਾਂ ਬਿਮਾਰੀ ਦਾ ਕਾਰਨ ਬਿਮਾਰ ਇਨਸਾਨ ਦਾ ਨਿੱਜੀ ਕਸੂਰ ਸਮਝਿਆ ਜਾਂਦਾ ਹੈ। ਬਹੁਤ ਘੱਟ ਹਾਲਤਾਂ ਵਿੱਚ ਅਸੀਂ ਬਿਮਾਰੀਆਂ ਨੂੰ ਆਪਣੇ ਸਮਾਜਕ ਅਤੇ ਆਰਥਿਕ ਪ੍ਰਬੰਧ ਅਤੇ ਆਲੇ-ਦੁਆਲੇ ਦੇ ਵਾਤਾਵਰਨ ਨਾਲ ਜੋੜ ਕੇ ਦੇਖਦੇ ਹਾਂ। ਜੇ ਅਸੀਂ ਅਜਿਹਾ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਸਾਡਾ ਸਮਾਜਕ ਅਤੇ ਆਰਥਿਕ ਪ੍ਰਬੰਧ ਅਤੇ ਆਲਾ ਦੁਆਲਾ ਹੈ। ਆਉ ਇਸ ਦੇ ਕੁਝ ਪਹਿਲੂਆਂ ਉੱਤੇ ਨਿਗ੍ਹਾ ਮਾਰੀਏ।

ਕੰਮ: ਇਨਸਾਨ ਆਪਣੀ ਜ਼ਿੰਦਗੀ ਦਾ ਕਾਫੀ ਵੱਡਾ ਹਿੱਸਾ ਕੰਮ ਕਰਦਿਆਂ ਲੰਘਾਉਂਦਾ ਹੈ। ਖੋਜੀਆਂ ਅਨੁਸਾਰ ਕਾਮਿਆਂ ਨੂੰ ਕੰਮਾਂ ਉੱਪਰ ਕਈ ਅਜਿਹੀ ਕਿਸਮ ਦੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਾਮਿਆਂ ਦੀ ਸਿਹਤ ਲਈ ਖਤਰਾ ਬਣਦੀਆਂ ਹਨ। ਉਦਾਹਰਨ ਲਈ ਕਈ ਧੰਦਿਆਂ ਵਿੱਚ ਕਾਮਿਆਂ ਨੂੰ ਵੱਖ ਵੱਖ ਤਰ੍ਹਾਂ ਦੇ ਰਸਾਇਣਾਂ ਅਤੇ ਐਸਬੈਸਟਸ ਅਤੇ ਕੋਇਲੇ ਦੀ ਬਾਰੀਕ ਧੂੜ ਵਰਗੇ ਖਤਰਨਾਕ ਪਦਾਰਥਾਂ ਨੂੰ ਵਰਤਣਾ ਅਤੇ ਚੁੱਕਣਾ-ਥੱਲਣਾ ਪੈਂਦਾ ਹੈ। ਇਹ ਪਦਾਰਥ ਕਾਮਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ (ਅਨੇਕ ਤਰ੍ਹਾਂ ਦੇ ਕੈਂਸਰ, ਸਾਹ ਨਾਲ ਸੰਬੰਧਤ ਮਾਰੂ ਬਿਮਾਰੀਆਂ, ਤੰਤੂ ਪ੍ਰਬੰਧ ਦੀਆਂ ਬਿਮਾਰੀਆਂ, ਦਿਲ ਨਾਲ ਸੰਬੰਧਤ ਬਿਮਾਰੀਆਂ, ਗੁਰਦਿਆਂ ਦੀਆਂ ਬਿਮਾਰੀਆਂ ਆਦਿ) ਲਾਉਂਦੇ ਹਨ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਵਲੋਂ 1990 ਵਿੱਚ ਕੀਤੇ ਇਕ ਸਰਵੇ ਅਨੁਸਾਰ ਹਰ ਸਾਲ ਦੁਨੀਆ ਭਰ ਵਿੱਚ 9, 92, 445 ਕਾਮੇ ਕੰਮਾਂ ਤੋਂ ਸਹੇੜੀਆਂ ਉੱਪਰ ਦੱਸੀਆਂ ਬਿਮਾਰੀਆਂ ਨਾਲ ਮਰਦੇ ਹਨ। ਖਤਰਨਾਕ ਰਸਾਇਣਕ ਪਦਾਰਥਾਂ ਤੋਂ ਬਿਨਾਂ ਕੰਮਾਂ ਉੱਪਰ ਹੋਰ ਵੀ ਕਈ ਗੱਲਾਂ ਹਨ ਜੋ ਕਾਮਿਆਂ ਨੂੰ ਗੰਭੀਰ ਬਿਮਾਰੀਆਂ ਲਾਉਣ ਦਾ ਕਾਰਨ ਬਣਦੀਆਂ ਹਨ। ਕੰਮਾਂ ਉੱਤੇ ਜਿਹੜੇ ਕਾਮਿਆਂ ਨੂੰ ਤਣਾਅ ਅਤੇ ਦਬਾਅ ਹੇਠ ਕੰਮ ਕਰਨਾ ਪੈਂਦਾ ਹੈ, ਉਹਨਾਂ ਨੂੰ ਹਾਇਪਰਟੈਨਸ਼ਨ, ਹਾਈ ਬਲੱਡ ਪ੍ਰੈਸ਼ਰ, ਅਲਸਰ (ਸਰੀਰ ਅੰਦਰ ਨਾਸੂਰ ਬਣਨਾ), ਦਿਲ ਦੀਆਂ ਬਿਮਾਰੀਆਂ ਅਤੇ ਉਦਾਸੀ ਰੋਗ ਵਰਗੀਆਂ ਮਾਨਸਿਕ ਬਿਮਾਰੀਆਂ ਲੱਗਣ ਦਾ ਖਤਰਾ ਵੱਧ ਜਾਂਦਾ ਹੈ।

ਗਰੀਬੀ ਅਤੇ ਸਮਾਜਕ ਨਾ-ਬਰਾਬਰੀ: ਗਰੀਬੀ ਅਤੇ ਸਮਾਜਕ ਨਾਬਰਾਬਰੀ ਲੋਕਾਂ, ਖਾਸ ਕਰਕੇ ਗਰੀਬ ਲੋਕਾਂ, ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਅੱਜ ਦੁਨੀਆਂ ਵਿੱਚ, ਖਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਵਿੱਚ,  ਅਜਿਹੇ ਲੋਕਾਂ ਦੀ ਵੱਡੀ ਗਿਣਤੀ ਹੈ ਜਿਨ੍ਹਾਂ ਨੂੰ ਪੇਟ ਭਰ ਖਾਣਾ ਨਹੀਂ ਮਿਲਦਾ। ਨਤੀਜੇ ਵਜੋਂ, ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਯੁਨੀਸੈਫ ਦੀ ਇਕ ਰਿਪੋਰਟ ਅਨੁਸਾਰ ਸੰਨ 1991 ਵਿੱਚ ਦੁਨੀਆ ਭਰ ਵਿੱਚ ਮਰਨ ਵਾਲੇ ਕੁੱਲ ਬੱਚਿਆਂ ਵਿੱਚੋਂ 35 ਪ੍ਰਤੀਸ਼ਤ ਦੀ ਮੌਤ ਦਾ ਕਾਰਨ ਉਨ੍ਹਾਂ ਨੂੰ ਪੂਰਨ ਖੁਰਾਕ ਦਾ ਨਾ ਮਿਲਣਾ ਸੀ। 1996 ਵਿੱਚ ਇਹ ਦਰ ਵਧ ਕੇ 55 ਪ੍ਰਤੀਸ਼ਤ ਹੋ ਗਈ ਸੀ। ਭੁੱਖਮਰੀ ਦਾ ਸ਼ਿਕਾਰ ਲੋਕ ਬਿਮਾਰੀਆਂ ਦਾ ਸੌਖਾ ਸ਼ਿਕਾਰ ਹੀ ਨਹੀਂ ਬਣਦੇ ਸਗੋਂ ਉਨ੍ਹਾਂ ਵਿੱਚ ਲੱਗੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਘੱਟ ਜਾਂਦੀ ਹੈ। ਇਸ ਦੇ ਨਾਲ ਨਾਲ ਬਹੁਤੇ ਗਰੀਬ ਲੋਕ ਬਿਮਾਰੀ ਸਮੇਂ ਆਪਣਾ ਡਾਕਟਰੀ ਇਲਾਜ ਕਰਾਉਣ ਦੀ ਸਮਰੱਥਾ ਨਹੀਂ ਰੱਖਦੇ। ਨਤੀਜੇ ਵਜੋਂ ਉਨ੍ਹਾਂ ਨੂੰ ਲੱਗੀਆਂ ਮਾਮੂਲੀ ਬਿਮਾਰੀਆਂ ਵੀ ਜਾਨਲੇਵਾ ਬਣ ਜਾਂਦੀਆਂ ਹਨ। ਇਕ ਰਿਪੋਰਟ ਮੁਤਾਬਕ ਅੱਜ ਦੁਨੀਆ ਦੀ 20 ਪ੍ਰਤੀਸ਼ਤ ਵਸੋਂ ਨੂੰ ਆਧੁਨਿਕ ਇਲਾਜ ਮੁਹੱਈਆ ਨਹੀਂ ਹੈ।

ਸਮਾਜਕ ਨਾਬਰਾਬਰੀ ਕਾਰਨ ਲੋਕਾਂ ਦੀ ਸਿਹਤ ਉੱਪਰ ਪੈਂਦੇ ਅਸਰ ਸਿਰਫ ਵਿਕਾਸਸ਼ੀਲ ਦੇਸ਼ਾਂ ਤੱਕ ਹੀ ਸੀਮਤ ਨਹੀਂ ਸਗੋਂ ਇਨ੍ਹਾਂ ਦਾ ਅਸਰ ਵਿਕਸਤ ਦੇਸ਼ਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਅਮਰੀਕਾ, ਬਰਤਾਨੀਆ ਅਤੇ ਜਰਮਨੀ ਵਰਗੇ ਦੇਸ਼ਾਂ ਵਿੱਚ ਵਰਤਮਾਨ ਸਮੇਂ ਵਿੱਚ ਪਿਛਲੀ ਸਦੀ ਤੋਂ ਔਸਤਨ ਉਮਰ ਵਿੱਚ ਹੋਣ ਵਾਲਾ ਵਾਧਾ ਰੁਕਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਮੁਲਕਾਂ ਬਾਰੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਇਨ੍ਹਾਂ ਮੁਲਕਾਂ ਵਿੱਚ ਸਮਾਜਕ ਨਾਬਰਾਬਰੀ ਵਿੱਚ ਕਾਫੀ ਵਾਧਾ ਹੋਇਆ ਹੈ।

ਵਾਤਾਵਰਨ: ਇਨਸਾਨ ਦਾ ਵਾਤਾਵਰਨ ਅਤੇ ਚੌਗਿਰਦਾ ਉਸ ਦੀ ਸਿਹਤ ਉੱਤੇ ਮਹੱਤਵਪੂਰਨ ਅਸਰ ਪਾਉਂਦਾ ਹੈ। ਸਮਾਜਕ ਲੋੜਾਂ ਦੀ ਪੂਰਤੀ ਦੀ ਥਾਂ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਕੰਮ ਕਰਦਾ ਅਜੋਕਾ ਸਨਅਤੀਕਰਨ ਧਰਤੀ ਦੇ ਵਾਤਾਵਰਨ ਉੱਪਰ ਕਈ ਤਰ੍ਹਾਂ ਦੇ ਮਾੜੇ ਅਸਰ ਪਾ ਰਿਹਾ ਹੈ। ਤੇਲ ਅਤੇ ਕੋਇਲੇ ਵਰਗੇ ਊਰਜਾ ਸ੍ਰੋਤਾਂ ਦੀ ਵੱਧ ਰਹੀਂ ਵਰਤੋਂ ਨੇ ਧਰਤੀ ਦੀ ਓਜ਼ੋਨ ਪਰਤ ਵਿੱਚ ਛੇਕ ਕਰ ਦਿੱਤੇ ਹਨ। ਧਰਤੀ ਦੇ ਜਿਨ੍ਹਾਂ ਹਿੱਸਿਆਂ ਵਿੱਚ ਓਜ਼ੋਨ ਦੀ ਪਰਤ ਵਿੱਚ ਛੇਕ ਹੋਏੇ ਹਨ ਉਨ੍ਹਾਂ ਹਿੱਸਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਚਮੜੀ ਦੀ ਕੈਂਸਰ ਹੋਣ ਦਾ ਖਤਰਾ ਵੱਧ ਗਿਆ ਹੈ। ਇਹ ਜ਼ਰੂਰੀ ਨਹੀਂ ਕਿ ਜਿਹੜੇ ਦੇਸ਼ ਊਰਜਾ ਸ੍ਰੋਤਾਂ ਦੀ ਵਰਤੋਂ ਵੱਧ ਕਰਦੇ ਹਨ, ਉਨ੍ਹਾਂ ਲੋਕਾਂ ਲਈ ਹੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਖਤਰੇ ਵਧੇ ਹਨ ਸਗੋਂ ਦੂਸਰੇ ਦੇਸ਼ਾਂ ਦੇ ਲੋਕ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੀ ਮਾਰ ਹੇਠ ਆ ਰਹੇ ਹਨ। ਉਦਾਹਰਨ ਲਈ ਧਰਤੀ ਦੀ ਓਜ਼ੋਨ ਪਰਤ ਨੂੰ ਨੁਕਸਾਨ ਕਰਨ ਵਾਲੀਆਂ ਗੈਸਾਂ ਦਾ 80 ਪ੍ਰਤੀਸ਼ਤ ਹਿੱਸਾ ਅਮੀਰ ਦੇਸ਼ਾਂ ਵਲੋਂ ਪੈਦਾ ਕੀਤਾ ਜਾਂਦਾ ਹੈ ਪਰ ਇਨ੍ਹਾਂ ਗੈਸਾਂ ਨਾਲ ਓਜ਼ੋਨ ਪਰਤ ਵਿੱਚ ਹੋਏ ਛੇਕ ਨਾਲ ਸਿਰਫ ਅਮੀਰ ਦੇਸ਼ਾਂ ਦੇ ਲੋਕਾਂ ਦੀ ਸਿਹਤ ਉੱਤੇ ਹੀ ਅਸਰ ਨਹੀਂ ਪੈਂਦਾ ਸਗੋਂ ਗਰੀਬ ਦੇਸ਼ਾਂ ਦੇ ਲੋਕ ਵੀ ਇਸ ਤੋਂ ਅਸਰ-ਅੰਦਾਜ਼ ਹੁੰਦੇ ਹਨ। ਪਿਛਲੇ ਸਾਲ ਚਿੱਲੀ ਅਤੇ ਅਰਜਨਟੀਨਾ ਦੇ ਕੁਝ ਹਿੱਸਿਆਂ ਵਿੱਚ ਵਸਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਸਵੇਰ ਦੇ 11 ਵਜੇ ਤੋਂ ਲੈ ਕੇ ਲੌਢੇ ਵੇਲੇ ਦੇ 3 ਵਜੇ ਤੱਕ ਬਾਹਰ ਧੁੱਪ ਵਿੱਚ ਨਾ ਨਿਕਲਣ, ਨਹੀਂ ਤਾਂ ਉਸ ਇਲਾਕੇ ਉੱਤਲੀ ਓਜ਼ੋਨ ਦੀ ਪਰਤ ਫਟਣ ਕਾਰਨ ਪੈਂਦੀ ਤੇਜ਼ ਧੁੱਪ ਉਨ੍ਹਾਂ ਦੀ ਚਮੜੀ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।

ਦੁਨੀਆ ਦੇ ਬਹੁਤ ਹਿੱਸਿਆਂ ਵਿਚ ਧਰਤੀ ਹੇਠਲਾ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਤ ਹੋ ਰਿਹਾ ਹੈ। ਪਾਣੀ ਵਿੱਚ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਲਾਉਣ ਵਾਲੇ ਰਸਾਇਣਕ ਤੱਤ ਘੁਲਦੇ ਜਾ ਰਹੇ ਹਨ। ਇਨ੍ਹਾਂ ਰਸਾਇਣਕ ਤੱਤਾਂ ਵਿੱਚੋਂ ਬਹੁਤੇ ਸਨਅਤਾਂ ਵਲੋਂ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਕਾਰਨ ਪਾਣੀ ਵਿੱਚ ਮਿਲ ਰਹੇ ਹਨ ਪਰ ਬਹੁਤੀਆਂ ਸਨਅਤਾਂ ਮੁਨਾਫਿਆਂ ਦੀ ਦੌੜ ਕਾਰਨ ਇਸ ਤਰ੍ਹਾਂ ਦੇ ਪ੍ਰਦੂਸ਼ਣ ਦੀ ਸੰਭਾਲ ਦੀ ਜ਼ਿੰਮੇਵਾਰੀ ਨਹੀਂ ਲੈ ਰਹੀਆਂ। ਬਹੁਤੀਆਂ ਥਾਂਵਾਂ ‘ਤੇ ਵੱਡੀਆਂ ਸਨਅਤਾਂ ਦੇ ਅਸਰ ਹੇਠਾਂ ਚਲਦੀਆਂ ਸਰਕਾਰਾਂ ਵੀ ਇਸ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਅੱਖਾਂ ਮੀਟੀ ਰੱਖਦੀਆਂ ਹਨ ਜਾਂ ਇਸ ਵੱਲ ਬਹੁਤ ਘੱਟ ਧਿਆਨ ਦਿੰਦੀਆਂ ਹਨ। ਜੇ ਕਿਤੇ ਨਾਗਰਿਕਾਂ ਵਲੋਂ ਪਾਏ ਦਬਾਅ ਕਾਰਨ ਸਰਕਾਰਾਂ ਇਸ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੋਈ ਕਾਨੂੰਨ ਪਾਸ ਕਰਦੀਆਂ ਵੀ ਹਨ ਤਾਂ ਸਨਅਤੀ ਲਾਬੀ ਦੁਨੀਆ ਭਰ ਵਿੱਚ ਚਲਦੇ ਸਨਅਤੀ ਮੁਕਾਬਲੇ ਵਿੱਚ ਪਿੱਛੇ ਰਹਿ ਜਾਣ ਅਤੇ ਅਫਸਰਸ਼ਾਹੀ ਅਤੇ ਲਾਲ ਫੀਤਾਸ਼ਾਹੀ ਦੇ ਵੱਧ ਜਾਣ ਦਾ ਰੌਲ਼ਾ ਪਾ ਕੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਜਾਂ ਨਰਮ ਕਰਨ ਲਈ ਜ਼ੋਰ ਲਾਉਣਾ ਸ਼ੁਰੂ ਕਰ ਦਿੰਦੀਆਂ ਹਨ।

ਦੁਨੀਆ ਦੇ ਵੱਡੇ ਸ਼ਹਿਰਾਂ ਵਿੱਚ ਹਵਾ ਦਾ ਪ੍ਰਦੂਸ਼ਣ ਦਮ-ਘੋਟੂ ਹੱਦ ਤੱਕ ਵਧ ਗਿਆ ਹੈ। ਇਹ ਦਮ-ਘੋਟੂ ਪ੍ਰਦੂਸ਼ਣ ਕਈ ਤਰ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ ਲਾਉਣ ਦਾ ਕਾਰਨ ਬਣਦਾ ਹੈ। ਇਕ ਅੰਦਾਜ਼ੇ ਅਨੁਸਾਰ ਦੁਨੀਆ ਵਿੱਚ ਹਰ ਸਾਲ 40 ਲੱਖ ਬੱਚੇ ਹਵਾ ਦੇ ਪ੍ਰਦੂਸ਼ਨ ਕਾਰਨ ਲੱਗਣ ਵਾਲੀਆਂ ਬਿਮਾਰੀਆਂ ਨਾਲ ਮਰਦੇ ਹਨ। ਵੱਡੇ ਸ਼ਹਿਰਾਂ ਵਿੱਚ ਹਵਾ ਦਾ ਪ੍ਰਦੂਸ਼ਣ ਫੈਲਾਉਣ ਵਿੱਚ ਮੋਟਰ ਗੱਡੀਆਂ ਦੀ ਵਰਤੋਂ ਵੱਡਾ ਹਿੱਸਾ ਪਾਉਂਦੀ ਹੈ। ਮੋਟਰ ਗੱਡੀਆਂ ਦੀ ਵਰਤੋਂ ਘਟਾਉਣ ਦਾ ਇਕ ਕਾਰਗਰ ਢੰਗ ਸਰਵਜਨਕ ਆਵਾਜਾਈ ਪ੍ਰਬੰਧ (ਪਬਲਿਕ ਟਰਾਂਸਪੋਰਟੇਸ਼ਨ ਸਿਸਟਮ) ਨੂੰ ਵਧੀਆ ਬਣਾ ਕੇ ਵਿਅਕਤੀਗਤ ਪੱਧਰ ਉੱਤੇ ਕਾਰਾਂ ਦੀ ਵਰਤੋਂ ਘਟਾਉਣਾ ਹੈ। ਅਮੀਰ ਦੇਸ਼ਾਂ ਦੇ ਕਈ ਸ਼ਹਿਰਾਂ ਵਿੱਚ ਸਰਵਜਨਕ ਆਵਾਜਾਈ ਪ੍ਰਬੰਧ ਬਾਰੇ ਹੋਏ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕਾਰਾਂ ਬਣਾਉਣ ਵਾਲਿਆਂ ਅਤੇ ਪੈਟਰੋਲ ਵੇਚਣ ਵਾਲੀਆਂ ਕੰਪਨੀਆਂ ਦੀ ਲਾਬੀ ਕਾਰਨ ਸਰਕਾਰ ਨੇ ਉਨ੍ਹਾਂ ਸ਼ਹਿਰਾਂ ਵਿੱਚ ਵਧੀਆ ਸਰਵਜਨਕ ਆਵਾਜਾਈ ਪ੍ਰਬੰਧ ਉਸਾਰਨ ਦੇ ਯਤਨ ਹੀ ਨਹੀਂ ਕੀਤੇ। ਵਿਕਾਸਸ਼ੀਲ ਦੇਸ਼ਾਂ ਵਿੱਚ ਅੱਜ ਵਿਸ਼ਵੀਕਰਨ ਦੀ ਵਿਚਾਰਧਾਰਾ ਅਧੀਨ ਵਿਸ਼ਵ ਬੈਂਕ (ਵਰਲਡ ਬੈਂਕ) ਅਤੇ ਵਿਸ਼ਵ ਮੁਦਰਾ ਕੋਸ਼ (ਆਈ ਐੱਮ ਐੱਫ) ਵਲੋਂ ਸਰਕਾਰਾਂ ਨੂੰ ਸਰਵਜਨਕ (ਪਬਲਿਕ) ਖੇਤਰ ਵਿੱਚੋਂ ਹੱਥ ਖਿੱਚ ਲੈਣ ਦੀਆਂ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਇਨ੍ਹਾਂ ਦੇਸ਼ਾਂ ਦੇ ਸਰਵਜਨਕ ਆਵਾਜਾਈ ਪ੍ਰਬੰਧ ਦਾ ਸੁਧਾਰ ਹੋਣ ਦੀ ਥਾਂ ਭੱਠਾ ਬੈਠੀ ਜਾ ਰਿਹਾ ਹੈ। ਨਤੀਜੇ ਵਜੋਂ ਉਪਰਲੇ ਮੱਧ ਵਰਗ ਅਤੇ ਉਤਲੇ ਵਰਗ ਵਿੱਚ ਨਿੱਜੀ ਆਵਾਜਾਈ ਲਈ ਕਾਰਾਂ ਦੀ ਵਰਤੋਂ ਵੱਧ ਰਹੀ ਹੈ ਅਤੇ ਕਾਰਾਂ ਦੀ ਇਹ ਵਰਤੋਂ ਹਵਾ ਦੇ ਪ੍ਰਦੂਸ਼ਣ ਨੂੰ ਵਧਾ ਰਹੀ ਹੈ ਅਤੇ ਇਸ ਪ੍ਰਦੂਸ਼ਣ ਕਾਰਨ ਲੱਗਣ ਵਾਲੀਆਂ ਬਿਮਾਰੀਆਂ ਦੇ ਮੌਕੇ ਵਧਾ ਰਹੀ ਹੈ।

ਕੀਟਨਾਸ਼ਕ ਦਵਾਈਆਂ: ਅੱਜ ਦੁਨੀਆ ਵਿੱਚ ਖੇਤੀਬਾੜੀ ਵਿੱਚ ਵੱਡੀ ਪੱਧਰ ਉੱਤੇ ਕੀਟਨਾਸ਼ਕ, ਨਦੀਨ-ਮਾਰ, ਬੂਟੀ-ਮਾਰ, ਉੱਲੀ-ਮਾਰ ਆਦਿ ਦਵਾਈਆਂ ਵਰਤੀਆਂ ਜਾਂਦੀਆਂ ਹਨ। ਇਕ ਰਿਪੋਰਟ ਅਨੁਸਾਰ ਅੱਜ ਦੁਨੀਆ ਭਰ ਵਿੱਚ 1,00,000 ਤਰ੍ਹਾਂ ਦੀਆਂ ਕੀਟਨਾਸ਼ਕ ਦਵਾਈਆਂ, ਹਰ ਸਾਲ 25 ਲੱਖ ਟਨ ਦੀ ਮਾਤਰਾ ਵਿੱਚ, ਖੇਤਾਂ ਵਿੱਚ ਵਰਤੀਆਂ ਜਾਂਦੀਆਂ ਹਨ।

ਇਹ ਦਵਾਈਆਂ ਹਵਾ ਵਿੱਚ ਰਹਿ ਕੇ, ਧਰਤੀ ਹੇਠਲੇ ਪਾਣੀ ਵਿੱਚ ਮਿਲ ਕੇ, ਉਗਾਈਆਂ ਜਾਂਦੀਆਂ ਫਸਲਾਂ ਵਿਚ ਰਚ ਕੇ ਅਤੇ ਵਰਤੋ ਸਮੇਂ ਵਰਤਣ ਵਾਲਿਆਂ ਦੇ ਅੰਦਰ ਜਾ ਕੇ ਕਈ ਤਰ੍ਹਾਂ ਦੇ ਸਿਹਤ ਮਾਰੂ ਰੋਗ ਲਾਉਂਦੀਆਂ ਹਨ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਦਾਜ਼ੇ ਮੁਤਾਬਕ ਹਰ ਸਾਲ ਦੁਨੀਆ ਭਰ ਵਿੱਚ 30 ਲੱਖ ਲੋਕ ਕੀਟਨਾਸ਼ਕ ਦਵਾਈਆਂ ਦੀ ਜ਼ਹਿਰ ਦੀ ਮਾਰ ਹੇਠ ਆਉਂਦੇ ਹਨ, ਜਿਨ੍ਹਾਂ ਵਿੱਚੋਂ 2,00,000 ਦੀ ਮੌਤ ਹੋ ਜਾਂਦੀ ਹੈ। ਕੀਟਨਾਸ਼ਕ ਦਵਾਈਆਂ ਦੀ ਜ਼ਹਿਰ ਹੇਠ ਆਏ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ: ਜੰਮਣ ਵਾਲੇ ਬੱਚਿਆਂ ਵਿੱਚ ਨੁਕਸ ਪੈਦਾ ਹੋਣਾ, ਕਈ ਤਰ੍ਹਾਂ ਦੇ ਕੈਂਸਰ, ਔਰਤਾਂ ਅਤੇ ਮਰਦਾਂ ਦੀ ਬੱਚੇ ਪੈਦਾ ਕਰ ਸਕਣ ਦੀ ਯੋਗਤਾ ਨੂੰ ਢਾਹ, ਤੰਤੂ ਪ੍ਰਬੰਧ ਨੂੰ ਨੁਕਸਾਨ, ਖੂਨ ਦੀਆਂ ਬਿਮਾਰੀਆਂ, ਗੁਰਦਿਆਂ ਦੀਆਂ ਬਿਮਾਰੀਆਂ ਆਦਿ। ਇਸ ਤਰ੍ਹਾਂ ਦੀਆਂ ਮਾਗੂ ਬਿਮਾਰੀਆਂ ਦੇ ਖਤਰਿਆਂ ਦੇ  ਬਾਵਜੂਦ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹਰ ਸਾਲ ਵਧ ਰਹੀ ਹੈ। ਭਲਾ ਕਿਉਂ? ਜਵਾਬ ਸਿੱਧਾ ਹੈ, ਇਨ੍ਹਾਂ ਦਵਾਈਆਂ ਦੇ ਉਤਪਾਦਨ ਅਤੇ ਵਪਾਰ ਤੋਂ ਪੈਸੇ ਬਣਦੇ ਹਨ। ਸੰਨ 1988 ਵਿੱਚ ਦੁਨੀਆ ਭਰ ਵਿੱਚ ਕੀੜੇਮਾਰ ਦਵਾਈਆਂ ਨੇ 31 ਅਰਬ (31 ਬਿਲੀਅਨ) ਡਾਲਰ ਦਾ ਵਪਾਰ ਕੀਤਾ ਸੀ।

ਇਨ੍ਹਾਂ ਦਵਾਈਆਂ ਦੇ ਵਪਾਰ ਦਾ ਵੱਡਾ ਹਿੱਸਾ ਮੁੱਠੀ ਭਰ ਕੰਪਨੀਆਂ ਦੇ ਹੱਥਾਂ ਵਿੱਚ ਹੈ। ਇਸ ਵਪਾਰ ਦਾ 90 ਪ੍ਰਤੀਸ਼ਤ ਹਿੱਸਾ 20 ਬਹੁਕੌਮੀ ਕੰਪਨੀਆਂ ਦੇ ਹੱਥਾਂ ਵਿੱਚ ਹੈ। ਇਸ ਗੱਲ ਦਾ ਤਾਂ ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਅੱਜ ਦੁਨੀਆ ਵਿੱਚ ਬਹੁਕੌਮੀ ਕਾਰਪੋਰੇਸ਼ਨਾਂ ਦਾ ਰਾਜ ਹੈ। ਨਤੀਜੇ ਵਜੋਂ ਜਿਸ ਚੀਜ਼ ਦੀ ਵਰਤੋਂ ਕਾਰਨ ਇਨ੍ਹਾਂ ਕੰਪਨੀਆਂ ਨੂੰ ਪੈਸੇ ਬਣਦੇ ਹੋਣ, ਉਨ੍ਹਾਂ ਦੀ ਵਰਤੋਂ ਕਿਵੇਂ ਰੁਕ ਸਕਦੀ ਹੈ।

ਦਵਾਈਆਂ ਦਾ ਉਤਪਾਦਨ ਮੁਨਾਫੇ ਲਈ: ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਦੀ ਜੋ ਮਹੱਤਤਾ ਹੈ, ਉਸ ਬਾਰੇ ਕੁਝ ਕਹਿਣ ਦੀ ਲੋੜ ਨਹੀਂ। ਇਸ ਗੱਲ ਨਾਲ ਸਾਰੇ ਸਹਿਮਤ ਹੋਣਗੇ ਕਿ ਬਿਮਾਰੀਆਂ ਦੇ ਇਲਾਜ ਲਈ ਮਿਲਦੀਆਂ ਦਵਾਈਆਂ ਦਾ ਇਕ ਵੱਡਾ ਰੋਲ ਹੈ ਪਰ ਦਵਾਈਆਂ ਦਾ ਉਤਪਾਦਨ ਬਿਮਾਰ ਲੋਕਾਂ ਅਤੇ ਉਨ੍ਹਾਂ ਨੂੰ ਲੱਗੀਆਂ ਬਿਮਾਰੀਆਂ ਨੂੰ ਸਾਹਮਣੇ ਰੱਖ ਕੇ ਨਹੀਂ ਕੀਤਾ ਜਾਂਦਾ ਸਗੋਂ ਦਵਾਈਆਂ ਤੋਂ ਹੋਣ ਵਾਲੇ ਮੁਨਾਫੇ ਨੂੰ ਸਾਹਮਣੇ ਰੱਖ ਕੇ ਕੀਤਾ ਜਾਂਦਾ ਹੈ। ਜਿਨ੍ਹਾਂ ਦਵਾਈਆਂ ਤੋਂ ਕੰਪਨੀਆਂ ਮੁਨਾਫਾ ਕਮਾ ਸਕਦੀਆਂ ਹਨ, ਉਹ ਦਵਾਈਆਂ ਬਣਾਈਆਂ ਜਾਂਦੀਆਂ ਹਨ ਅਤੇ ਜਿਨ੍ਹਾਂ ਦਵਾਈਆਂ ਤੋਂ ਕੰਪਨੀਆਂ ਪੈਸਾ ਨਹੀਂ ਕਮਾ ਸਕਦੀਆਂ, ਉਹ ਦਵਾਈਆਂ ਨਹੀਂ ਬਣਾਈਆਂ ਜਾਂਦੀਆਂ ਬੇਸ਼ੱਕ ਉਨ੍ਹਾਂ ਦੀ ਕਿੰਨੀ ਵੀ ਲੋੜ ਹੋਵੇ। ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਉਨ੍ਹਾਂ ਬਿਮਾਰੀਆਂ ਦੇ ਇਲਾਜ ਲਈ ਨਵੀਂਆਂ ਦਵਾਈਆਂ ਲੱਭਣ ਲਈ ਖੋਜ ਕੀਤੀ ਜਾਂਦੀ ਹੈ, ਜਿਨ੍ਹਾਂ ਤੋਂ ਵਧ ਮੁਨਾਫਾ ਕਮਾਇਆ ਜਾ ਸਕੇ ਦੂਜੀਆਂ ਲਈ ਨਹੀਂ। ਉਦਾਹਰਨ ਲਈ 1975-1996 ਤੱਕ 2000 ਨਵੀਂਆਂ ਦਵਾਈਆਂ ਲਈ ਲਾਇਸੈਂਸ ਦਿੱਤੇ ਗਏ ਸਨ ਅਤੇ ਇਨ੍ਹਾਂ ਵਿੱਚੋਂ ਸਿਰਫ 13 ਅਜਿਹੀਆਂ ਦਵਾਈਆਂ ਸਨ ਜੋ ਤਪਤ ਖੰਡ (ਟਰਾਪੀਕਲ ਏਰੀਆ) ਦੇ ਅਤੇ ਗਰੀਬ ਮੁਲਕਾਂ ਦੇ ਲੋਕਾਂ ਨੂੰ ਲੱਗਣ ਵਾਲੀਆਂ ਮਾਰੂ ਬਿਮਾਰੀਆਂ ਦੇ ਇਲਾਜ ਲਈ ਸਨ। 1990ਵਿਆਂ ਦੇ ਅਖੀਰ ਵਿੱਚ ਮਲੇਰੀਏ ਕਾਰਨ ਹਰ ਰੋਜ਼ 3,000 ਬੱਚੇ  ਮਰ ਰਹੇ ਸਨ ਪਰ ਦੁਨੀਆ ਵਿੱਚ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਿੱਚੋਂ ਕੋਈ ਵੀ ਮਲੇਰੀਏ ਦੇ ਇਲਾਜ ਉੱਤੇ ਖੋਜ ਨਹੀਂ ਕਰ ਰਹੀ ਸੀ। ਇਸੇ ਤਰ੍ਹਾਂ ਇਕ ਰਿਪੋਰਟ ਅਨੁਸਾਰ 1998 ਵਿੱਚ 20 ਕਰੋੜ ਲੋਕਾਂ ਨੂੰ ਟੀ ਬੀ ਦੀ ਬਿਮਾਰੀ ਲੱਗਣ ਖਦਸ਼ਾ ਸੀ ਪਰ 1998 ਵਿੱਚ ਦਵਾਈਆਂ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਵਿੱਚੋਂ ਕੋਈ ਵੀ ਟੀ ਬੀ ਉੱਪਰ ਖੋਜ ਨਹੀਂ ਕਰ ਰਹੀ ਸੀ।

ਸਿੱਟਾ: ਕੰਮ ਦੀਆਂ ਹਾਲਤਾਂ, ਸਮਾਜਕ ਨਾ-ਬਰਾਬਰੀ, ਵਾਤਾਵਰਨ ਦਾ ਪ੍ਰਦੂਸ਼ਣ, ਕੀਟਨਾਸ਼ਕ ਦਵਾਈਆਂ ਦੀ ਖਤਰਨਾਕ ਵਰਤੋਂ ਅਤੇ ਮੁਨਾਫੇ ਲਈ ਦਵਾਈਆਂ ਦਾ ਉਤਪਾਦਨ ਸਾਡੀ ਕਿਸਮਤ ਦਾ ਨਤੀਜਾ ਨਹੀਂ ਹੈ ਸਗੋਂ ਇਹ ਸਭ ਕੁਝ ਸਾਡੇ ਸਮਾਜਕ-ਆਰਥਿਕ ਪ੍ਰਬੰਧ ਦੀ ਦੇਣ ਹੈ। ਇਸ ਕਰਕੇ ਇਨ੍ਹਾਂ ਸਾਰੀਆਂ ਗੱਲਾਂ ਕਾਰਨ ਲੱਗਣ ਵਾਲੀਆਂ ਬਿਮਾਰੀਆਂ ਲਈ ਦੋਸ਼ ਕਿਸਮਤ ਦਾ ਨਹੀਂ ਸਗੋਂ ਸਾਡੇ ਆਰਥਿਕ-ਸਮਾਜਕ ਪ੍ਰਬੰਧਾਂ ਦਾ ਹੈ। ਚੰਗੀ ਸਿਹਤ ਅਤੇ ਸਿਹਤਮੰਦ ਜੀਵਨ ਦੇ ਚਾਹਵਾਨ ਲੋਕਾਂ ਲਈ ਸਿਹਤ ਅਤੇ ਸਮਾਜਕ-ਆਰਥਿਕ ਪ੍ਰਬੰਧ ਵਿਚਕਾਰ ਬਣਦੇ ਰਿਸ਼ਤੇ ਨੂੰ ਸਮਝਣਾ ਜ਼ਰੂਰੀ ਹੈ।

ਹਿੰਦੁਸਤਾਨ ਵਿੱਚ ਕੀਟਨਾਸ਼ਕ ਦਵਾਈਆਂ ਦੀ ਖਤਰਨਾਕ ਵਰਤੋਂ ਬਾਰੇ ਡਾਕੂਮੈਂਟਰੀ ਦੇਖਣ ਲਈ ਕਲਿੱਕ ਕਰੋ:

Advertisements
This entry was posted in ਵਾਤਾਵਰਨ, ਸਾਰੀਆਂ and tagged , , , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.