ਪਰੋਵੋਕਡ

ਨਿਰਦੇਸੰਕ: ਜੈਗ ਮੁੰਧਰਾ

(ਇੰਗਲੈਂਡ ਵਿੱਚ ਵਿਆਹ ਕੇ ਆਈ ਇਕ ਪੰਜਾਬੀ ਔਰਤ ਦੀ ਸੱਚੀ ਕਹਾਣੀ ‘ਤੇ ਆਧਾਰਿਤ ਫਿਲਮ)

ਅੰਗਰੇਜ਼ੀ ਦੀ ਫਿਲਮ “ਪਰੋਵੋਕਡ” ਇੰਗਲੈਂਡ ਵਿੱਚ ਵਿਆਹ ਕੇ ਆਈ ਇਕ ਪੰਜਾਬੀ ਔਰਤ ਕਿਰਨਜੀਤ ਆਹਲੂਵਾਲੀਆ ਦੇ ਜੀਵਨ ਦੀ ਸੱਚੀ ਕਹਾਣੀ ਉੱਪਰ ਬਣਾਈ ਗਈ ਹੈ। ਕਿਰਨਜੀਤ ਭਾਰਤੀ ਮੂਲ ਦੇ ਇਕ ਬਰਤਾਨਵੀ ਮਰਦ ਨਾਲ ਵਿਆਹ ਕਰਵਾ ਕੇ 1980 ਦੇ ਨੇੜੇ ਤੇੜੇ ਇੰਗਲੈਂਡ ਪਹੁੰਚਦੀ ਹੈ। ਇਸ ਉਮਰ ਦੀਆਂ ਆਮ ਕੁੜੀਆਂ ਵਾਂਗ ਉਸ ਦੇ ਮਨ ਵਿੱਚ ਵੀ ਵਿਆਹ ਤੋਂ ਬਾਅਦ ਇਕ ਚੰਗਾ ਘਰ ਵਸਾਉਣ ਦੇ ਸੁਫਨੇ ਹਨ। ਪਰ ਇੰਗਲੈਂਡ ਪਹੁੰਚਣ ਬਾਅਦ ਛੇਤੀਂ ਹੀ ਉਸ ਦੇ ਇਹ ਸੁਫਨੇ ਚਕਨਾਚੂਰ ਹੋਣੇ ਸੁੰਰੂ ਹੋ ਜਾਂਦੇ ਹਨ। ਉਸ ਦਾ ਪਤੀ ਉਸ ਨੂੰ ਪਿਆਰ ਅਤੇ ਇੱਜ਼ਤ ਦੇਣ ਦੀ ਥਾਂ ਨਮੋਸੰੀ, ਬੇਵਿਸ਼ਵਾਸੀ, ਧੋਖਾ ਅਤੇ ਮਾਰ ਕੁੱਟ ਦਿੰਦਾ ਹੈ। ਉਸ ਲਈ ਕਿਰਨਜੀਤ ਦੀ ਹੋਂਦ ਦਾ ਕੋਈ ਅਰਥ ਨਹੀਂ। ਉਹ ਕਿਰਨਜੀਤ ਨੂੰ ਕਹਿੰਦਾ ਹੈ, “ਤੂੰ ਇਕ ਔਰਤ ਹੈਂ, ਇਸ ਲਈ ਤੂੰ ਕੁਝ ਵੀ ਨਹੀਂ। ਤੂੰ ਇਕ … (ਮੁਆਫ ਕਰਨਾ ਪੰਜਾਬੀ ਜ਼ਬਾਨ ਦਾ ਸ਼ਿਸ਼ਟਾਚਾਰ ਮੈਨੂੰ ਇਹ ਸੰਬਦ ਲਿਖਣ ਦੀ ਇਜਾਜ਼ਤ ਨਹੀਂ ਦੇ ਰਿਹਾ) ਹੈਂ, ਇਸ ਲਈ ਤੂੰ ਕੁਝ ਵੀ ਨਹੀਂ ਨਾਲੋਂ ਵੀ ਨੀਵੀਂ ਹੈਂ।” ਸਮਾਂ ਪੈਣ ਨਾਲ ਕਿਰਨਜੀਤ ਦੀ ਜ਼ਿੰਦਗੀ ਵਿਚਲੀ ਜ਼ਿੱਲਤ ਅਤੇ ਹਿੰਸਾ ਘਟਣ ਦੀ ਥਾਂ ਵਧਦੀ ਜਾਂਦੀ ਹੈ। ਅਖੀਰ 1989 ਵਿੱਚ ਕਿਰਨਜੀਤ ਆਪਣੇ ਸੁੱਤੇ ਪਏ ਪਤੀ ਨੂੰ ਅੱਗ ਲਾ ਦਿੰਦੀ ਹੈ ਅਤੇ ਉਸ ਦੇ ਪਤੀ ਦੀ ਕੁਝ ਦਿਨ ਹਸਪਤਾਲ ਵਿੱਚ ਰਹਿ ਕੇ ਮੌਤ ਹੋ ਜਾਂਦੀ ਹੈ। ਫਿਲਮ ‘ਪ੍ਰੋਵੋਕਡ’ ਦੀ ਕਹਾਣੀ ਇਥੋਂ ਸੁੰਰੂ ਹੁੰਦੀ ਹੈ।

ਫਿਲਮ ਵਿੱਚ ਕਿਰਨਜੀਤ ਦੇ ਜੀਵਨ ਵਿਚਲੀ ਹਿੰਸਾ ਦਿਖਾਉਣ ਲਈ ਹਿੰਸਾ ਭਰੇ ਦ੍ਰਿਸ਼ਾਂ ਦੀ ਵਰਤੋਂ ਤਾਂ ਕੀਤੀ ਗਈ ਹੈ ਪਰ ਬਹੁਤ ਸੰਜਮ ਨਾਲ। ਨਤੀਜੇ ਵਜੋਂ ਦਰਸ਼ਕਾਂ ਨੂੰ ਔਰਤਾਂ ਵਿਰੁੱਧ ਵਾਪਰਦੀ ਪਰਿਵਾਰਕ ਹਿੰਸਾ ਇਕ ਆਮ ਅਤੇ ਕੁਦਰਤੀ ਵਰਤਾਰਾ ਨਹੀਂ ਜਾਪਦੀ ਸਗੋਂ ਇਕ ਅਜਿਹਾ ਵਰਤਾਰਾ ਜਾਪਦੀ ਹੈ ਜਿਸ ਨੂੰ ਨਫਰਤ ਕਰਨੀ ਚਾਹੀਦੀ ਹੈ। ਹਿੰਸਾ ਭਰੇ ਦ੍ਰਿਸ਼ਾਂ ਦੀ ਥਾਂ ਨਾਰੀ ਹੱਕਾਂ ਲਈ ਕੰਮ ਕਰਦੀ ਇਕ ਕਾਰਕੁੰਨ, ਰਾਧਾ, ਨਾਲ ਜੇਲ੍ਹ ਵਿੱਚ ਇਕ ਸੰਖੇਪ ਮੁਲਾਕਾਤ ਸਮੇਂ ਕਿਰਨਜੀਤ ਦਾ ਇਕ ਸਾਧਾਰਣ ਡਾਇਲਾਗ ਉਸ ਦੇ ਘਰ ਦੇ ਹਿੰਸਾ ਭਰੇ ਵਾਤਾਵਰਣ ਬਾਰੇ ਬਹੁਤ ਵੱਡਾ ਪ੍ਰਗਟਾਵਾ ਕਰ ਜਾਂਦਾ ਹੈ। ਰਾਧਾ ਕਿਰਨਜੀਤ ਨੂੰ ਪੁੱਛਦੀ ਹੈ ਕਿ ਉਹ ਜੇਲ੍ਹ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੈ। ਕਿਰਨਜੀਤ ਜੁਆਬ ਦਿੰਦੀ ਹੈ, “ਮੈਂ ਅਜ਼ਾਦ ਮਹਿਸੂਸ ਕਰ ਰਹੀ ਹਾਂ।” ਕਿਰਨਜੀਤ ਦਾ ਇਹ ਜੁਆਬ ਦਰਸ਼ਕ ਨੂੰ ਸੋਚਣ ਲਾ ਦਿੰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਘਰ ਹੋਵੇਗਾ, ਜਿਸ ਦੇ ਮੁਕਾਬਲੇ ਇਹ ਔਰਤ ਜੇਲ੍ਹ ਵਿੱਚ ਆ ਕੇ ਅਜ਼ਾਦ ਮਹਿਸੂਸ ਕਰ ਰਹੀ ਹੈ।

ਫਿਲਮ ਵਿੱਚ ਇੰਗਲੈਂਡ ਦੇ ਨਿਆਂ ਪ੍ਰਬੰਧ ਉੱਪਰ ਵੀ ਆਲੋਚਨਾਤਮਕ ਰੌਸ਼ਨੀ ਪਾਈ ਗਈ ਹੈ ਅਤੇ ਇਹ ਦਿਖਾਉਣ ਦੀ ਕੋਸ਼ਸ਼ ਕੀਤੀ ਗਈ ਹੈ ਕਿ ਉਹ ਔਰਤਾਂ ਇੰਗਲੈਂਡ ਦੇ ਨਿਆਂ ਪ੍ਰਬੰਧ ਵਿੱਚ ਦੁਹਰੇ ਵਿਤਕਰੇ ਦਾ ਸ਼ਿਕਾਰ ਹੁੰਦੀਆਂ ਹਨ, ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਜਿਹਨਾਂ ਦਾ ਸਭਿਆਚਾਰ ਐਂਗਲੋ ਸੈਕਸਨ ਸਭਿਆਚਾਰ ਨਾਲੋਂ ਵੱਖਰਾ ਹੈ। ਨਿਆਂ ਪ੍ਰਬੰਧ ਨੂੰ ਤਿੱਖੀ ਨਜ਼ਰ ਨਾਲ ਦੇਖਦੇ ਹੋਏ ਫਿਲਮ ਵਿੱਚ ਇਹ ਨੁਕਤਾ ਬਹੁਤ ਚੰਗੀ ਤਰ੍ਹਾਂ ਉਭਾਰਿਆ ਗਿਆ ਹੈ ਕਿ ਔਰਤਾਂ ਨੂੰ ਨਿਆਂ ਦਿਵਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਭਾਈਚਾਰੇ ਵਿੱਚ ਔਰਤਾਂ ਦੀਆਂ ਅਜਿਹੀਆਂ ਸੰਸਥਾਂਵਾਂ ਹੋਣ ਜੋ ਔਰਤਾਂ ਦੇ ਨਜ਼ਰੀਏ ਤੋਂ ਨਿਆਂ ਪ੍ਰਬੰਧ ਦਾ ਵਿਸ਼ਲੇਸ਼ਣ ਕਰ ਸਕਣ ਅਤੇ ਉਸ ਵਿੱਚ ਮੌਜੂਦ ਢਾਂਚਾਗਤ ਬੰਦਸ਼ਾਂ ਨੂੰ ਚੁਣੌਤੀ ਦੇ ਸਕਣ।

ਘਰਾਂ ਵਿੱਚ ਔਰਤਾਂ ਨਾਲ ਇਹ ਹਿੰਸਾ ਕਿਉਂ ਵਾਪਰਦੀ ਹੈ? ਇਸ ਸਵਾਲ ਦਾ ਜੁਆਬ ਲੱਭਣ ਲਈ ਫਿਲਮ ਨੇ ਪੰਜਾਬੀ ਸਭਿਆਚਾਰ ਦੇ ਕੁਝ ਪੱਖਾਂ ਵਲ ਇਸ਼ਾਰਾ ਕੀਤਾ ਹੈ। ਫਿਲਮ ਵਿੱਚ ਇਹ ਕਹਿਣ ਦੀ ਕੋਸ਼ਸ਼ ਕੀਤੀ ਗਈ ਹੈ ਕਿ ਬੇਸ਼ੱਕ ਪੰਜਾਬੀ ਸਭਿਆਚਾਰ ਘਰਾਂ ਵਿੱਚ ਔਰਤਾਂ ਪ੍ਰਤੀ ਹੁੰਦੀ ਹਿੰਸਾ ਦਾ ਸਮਰਥਨ ਨਾ ਵੀ ਕਰਦਾ ਹੋਵੇ ਫਿਰ ਵੀ ਪੰਜਾਬੀ ਲੋਕ (ਪਰਿਵਾਰ ਦੇ ਮੈਂਬਰ ਅਤੇ ਦੂਸਰੇ ਲੋਕ) ਇਸ ਹਿੰਸਾ ਨੂੰ ਦੇਖ ਕੇ ਅਣਗੌਲ੍ਹਿਆਂ ਜ਼ਰੂਰ ਕਰ ਦਿੰਦੇ ਹਨ, ਜਿਸ ਕਾਰਨ ਇਸ ਦਾ ਵਾਪਰਨਾ ਜਾਰੀ ਰਹਿੰਦਾ ਹੈ। ਇਸ ਦੇ ਨਾਲ ਹੀ ਪੰਜਾਬੀ ਸਭਿਆਚਾਰ ਦੇ ਸੰਦਰਭ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ਰਮ, ਪਰਿਵਾਰਕ ਇੱਜ਼ਤ ਆਦਿ ਗੱਲਾਂ ਕਰ ਕੇ ਪੰਜਾਬੀ ਔਰਤਾਂ ਇਸ ਹਿੰਸਾ ਬਾਰੇ ਬਾਹਰ ਗੱਲ ਨਹੀਂ ਕਰਦੀਆਂ। ਨਤੀਜੇ ਵਜੋਂ ਇਹ ਹਿੰਸਾ ਕਰਨ ਵਾਲੇ ਪੰਜਾਬੀ ਮਰਦ ਬਿਨਾਂ ਕਿਸੇ ਡਰ-ਭਉ ਦੇ ਹਿੰਸਾ ਕਰਨਾ ਜਾਰੀ ਰੱਖਦੇ ਹਨ। ਇਸ ਲਈ ਫਿਲਮ ਦੇ ਅਖੀਰ ਵਿੱਚ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਈ ਕਿਰਨਜੀਤ ਦੇ ਇਹ ਸੰਬਦ “ਜ਼ਿੰਦਗੀ ਵਿੱਚ ਚੁੱਪ ਚਾਪ (ਜੁਲਮ) ਸਹੀ ਜਾਣ ਵਿੱਚ ਕੋਈ ਇੱਜ਼ਤ ਨਹੀਂ…” ਪੰਜਾਬੀ ਸਭਿਆਚਾਰ ਦੀ ਇਸ ਧਾਰਨਾ ਨੂੰ ਚੁਣੌਤੀ ਦੇਣ ਦੀ ਅਪੀਲ ਕਰਦੇ ਹਨ। ਪੰਜਾਬੀ ਸਭਿਆਚਾਰ ਦੇ ਇਹਨਾਂ ਪੱਖਾਂ ਉੱਪਰ ਉਂਗਲ ਰੱਖਦੇ ਹੋਏ ਫਿਲਮ ਵਿੱਚ ਦੂਜੇ ਸਭਿਆਚਾਰਾਂ ਵਿੱਚ ਵਾਪਰਦੀ ਪਰਿਵਾਰਕ ਹਿੰਸਾ ਵਲ ਵੀ ਇਸ਼ਾਰਾ ਕੀਤਾ ਗਿਆ ਹੈ ਤਾਂ ਕਿ ਇਹ ਸੰਤੁਲਨ ਕਾਇਮ ਰੱਖਿਆ ਜਾ ਸਕੇ ਕਿ ਇਹ ਸਮੱਸਿਆ ਇਕੱਲੇ ਪੰਜਾਬੀ ਸਭਿਆਚਾਰ ਦੀ ਹੀ ਸਮੱਸਿਆ ਨਹੀਂ ਸਗੋਂ ਸਮੁੱਚੇ ਸਮਾਜ ਦੀ ਸਮੱਸਿਆ ਹੈ।

‘ਪ੍ਰੋਵੋਕਡ’ ਦੇਖਣ ਨੂੰ ਇਕ ਦਿਲਚਸਪ ਫਿਲਮ ਹੈ। ਫਿਲਮ ਦਾ ਨਿਭਾਅ ਦਰਸ਼ਕਾਂ ਦੀ ਕਿਰਨਜੀਤ ਨਾਲ ਹਮਦਰਦੀ ਪੈਦਾ ਕਰਦਾ ਹੈ। ਬੇਸ਼ੱਕ ਫਿਲਮ ਇਕ ਔਰਤ ਦੀ ਨਿੱਜੀ ਕਹਾਣੀ ਉੱਤੇ ਆਧਾਰਿਤ ਹੈ, ਫਿਰ ਵੀ ਇਹ ਸਮਾਜ ਵਿੱਚ ਔਰਤਾਂ ਵਿਰੁੱਧ ਹੁੰਦੀ ਪਰਿਵਾਰਕ ਹਿੰਸਾ ਦੇ ਸਮੁੱਚੇ ਮਸਲੇ ਵਲ ਧਿਆਨ ਦਿਵਾਉਂਦੀ ਹੈ। ਇਸ ਲਈ ਇਹ ਫਿਲਮ ਪਰਿਵਾਰਕ ਹਿੰਸਾ ਬਾਰੇ ਨਿੱਜੀ ਅਤੇ ਸਮੂਹਿਕ ਪੱਧਰ ਉੱਪਰ ਗੱਲਬਾਤ ਕਰਨ ਦਾ ਸਾਧਨ ਬਣ ਸਕਦੀ ਹੈ। ਆਮ ਭਾਰਤੀ ਵੀਡੀਓ ਸਟੋਰਾਂ ਤੋਂ ਮਿਲਣ ਵਾਲੀ ਇਸ ਫਿਲਮ ਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ ਅਤੇ ਇਸ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ( ਸੁਖਵੰਤ ਹੁੰਦਲ  )

ਫਿਲਮ ਦੇਖਣ ਲਈ ਹੇਠਲੇ ਲਿੰਕਾਂ ‘ਤੇ ਕਲਿੱਕ ਕਰੋ।

Advertisements
This entry was posted in ਫਿਲਮ, ਸਾਰੀਆਂ and tagged , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s