ਪਾਕਿਸਤਾਨੀ ਫਿਲਮ ਬੋਲ ਬਾਰੇ ਵਿਚਾਰ ਵਟਾਂਦਰਾ

ਕੁਝ ਹਫਤੇ ਪਹਿਲਾਂ ਅਸੀਂ ਵਤਨ ਦੇ ਸਾਈਟ ‘ਤੇ ਸਾਧੂ ਬਿਨਿੰਗ ਵਲੋਂ ਲਿਖਿਆ ਫਿਲਮ ਬੋਲ ਦਾ ਰਿਵੀਊ ਪੋਸਟ ਕੀਤਾ ਸੀ। ਉਸ ਰਿਵੀਊ ਦੇ ਪ੍ਰਤੀਕਰਮ ਵਿੱਚ ਫੇਸ ਬੁੱਕ ਦੇ ਸਫੇ “ਅਸੀਂ ਕਬਰ ਪੁੱਟਣੀ ਚਾਹੁੰਦੇ ਹਾਂ” ‘ਤੇ ਇਕਬਾਲ ਪਾਠਕ, ਬਿੰਦਰ ਪਾਲ ਫਤੇ ਅਤੇ ਸਾਧੂ ਹੁਰਾਂ ਵਿਚਕਾਰ ਵਿਚਾਰਾਂ ਦਾ ਸੰਖੇਪ ਅਦਾਨ ਪ੍ਰਦਾਨ ਹੋਇਆ ਸੀ। ਬਾਅਦ ਵਿੱਚ ਇਕ ਹੋਰ ਦੋਸਤ ਜਸਵਿੰਦਰ ਸੰਧੂ ਨੇ ਸਾਧੂ ਦੇ ਰਿਵੀਊ ਬਾਰੇ ਕੁੱਝ ਹੋਰ ਨੁਕਤੇ ਉਠਾਏ ਸਨ।

ਮੇਰੇ ਖਿਆਲ ਵਿੱਚ ਇਹਨਾਂ ਸਾਰੇ ਦੋਸਤਾਂ ਦੇ ਵਿਚਾਰ ਫਿਲਮ ਬੋਲ ਦੇ ਵੱਖ ਵੱਖ ਪਹਿਲੂਆਂ ਵੱਲ ਧਿਆਨ ਦਿਵਾਉਂਦੇ ਹਨ ਅਤੇ ਦਰਸ਼ਕ ਨੂੰ ਇਸ ਫਿਲਮ ਨੂੰ ਗੌਰ ਨਾਲ ਦੇਖਣ ਲਈ ਪ੍ਰੇਰਿਤ ਕਰਦੇ ਹਨ। ਇਸ ਲਈ ਇਹਨਾਂ ਸਾਰੇ ਵਿਚਾਰਾਂ ਨੂੰ ਇੱਥੇ ਇਕ ਥਾਂ ਦਿੱਤਾ ਜਾ ਰਿਹਾ ਹੈ। ਵਿਚਾਰ ਵਟਾਂਦਰੇ ਦੇ ਅਖੀਰ ‘ਤੇ ਫਿਲਮ ਬੋਲ ਦੇਖਣ ਲਈ ਲਿੰਕ ਵੀ ਦਿੱਤਾ ਗਿਆ ਹੈ। – ਸੁਖਵੰਤ ਹੁੰਦਲ

***
ਬੋਲ

ਨਿਰਦੇਸ਼ਕ: ਸ਼ੋਇਬ ਮਨਸੂਰ
ਰਿਵੀਊਕਾਰ: ਸਾਧੂ ਬਿਨਿੰਗ

ਬੋਲ ਪਾਕਿਸਤਾਨ ਵਿਚ ਬਣੀ ਬਹੁਤ ਹੀ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਫਿਲਮ ਹੈ। ਇਹ ਪਾਕਿਸਤਾਨੀ ਸਮਾਜ ਦੇ ਬਹੁਤ ਸਾਰੇ ਮਸਲਿਆਂ ਨੂੰ ਸਾਹਮਣੇ ਲਿਆਉਂਦੀ ਹੈ ਅਤੇ ਆਮ ਦੇਖਣ ਵਾਲੇ ਨੂੰ ਵੀ ਸੋਚਣ ਵਾਸਤੇ ਮਜਬੂਰ ਕਰਦੀ ਹੈ। ਬੋਲ ਸ਼ਬਦ ਸੁਣਦਿਆਂ ਹੀ ਫੈਜ਼ ਅਹਿਮਦ ਫੈਜ਼ ਦੀ ਇਨਕਲਾਬੀ ਕਵਿਤਾ ਯਾਦ ਆ ਜਾਂਦੀ ਹੈ – ‘ਬੋਲ ਕਿ ਲਬ ਆਜ਼ਾਦ ਹੈਂ ਤੇਰੇ, ਬੋਲ ਕਿ ਜ਼ੁਬਾਂ ਅਬ ਤੱਕ ਤੇਰੀ ਹੈ।’ ਇਸ ਫਿਲਮ ਦੀ ਸ਼ੁਰੂਆਤ ਵੀ ਇਸੇ ਵਿਚਾਰ ਨਾਲ ਹੁੰਦੀ ਹੈ। ਜ਼ੈਨਬ (ਹੁਮੇਮਾ ਮਲਿਕ) ਫਾਂਸੀ ਦੀ ਉਡੀਕ ਕਰ ਰਹੀ ਹੈ ਤੇ ਚੁੱਪ ਚਾਪ ਆਪਣੇ ਕੀਤੇ ਜ਼ੁਰਮ ਲਈ ਸਜ਼ਾ ਪਾਉਣਾ ਚਾਹੁੰਦੀ ਹੈ। ਉਹਦਾ ਗੁਆਂਢੀ ਤੇ ਹਮਦਰਦ ਨੌਜਵਾਨ ਮੁੰਡਾ ਮੁਸਤਫਾ (ਆਤਿਫ ਅਸਲਮ) ਜੋ ਇਕ ਡਾਕਟਰ ਹੈ, ਉਸ ਨੂੰ ਕਹਿੰਦਾ ਹੈ ਕਿ ਉਹ ਆਪਣੀ ਕਹਾਣੀ ਦੱਸੇ, ਬੋਲੇ। ਉਹਦਾ ਕਹਿਣਾ ਹੈ ਕਿ ‘ਹਮਾਰੀਆਂ ਬੁਰਾਈਆਂ ਇਸ ਲੀਏ ਖਤਮ ਨਹੀਂ ਹੋ ਰਹੀ ਕਿ ਹਮ ਬੋਲਤੇ ਨਹੀਂ ਹੈਂ – ਖਾਮੋਸ਼ ਹੋ ਜਾਤੇ ਹੈਂ – ਜ਼ਰਾ ਸੋਚੋ ਆਪ ਕੀ ਕਹਾਨੀ ਸੁਨ ਕਰ ਅਗਰ ਏਕ ਭੀ ਘਰ ਬਦਲ ਗਿਆ ਤੋ ਕਿਤਨੀ ਲੜਕੀਓਂ ਕੀ ਜ਼ਿੰਦਗੀਆਂ ਬਦਲ ਜਾਏਂਗੀ।’ ਇਸ ਤਰ੍ਹਾਂ ਫਾਂਸੀ ਲੱਗਣ ਤੋਂ ਕੁਝ ਪਲ ਪਹਿਲਾਂ ਜ਼ੈਨਬ ਆਪਣੇ ਪਰਵਾਰ ਦੀ ਕਹਾਣੀ ਮੀਡੀਏ ਨੂੰ ਦੱਸਦੀ ਹੈ।

ਲੇਖਕ ਤੇ ਡਾਇਰੈਕਟਰ ਸ਼ੋਇਬ ਮਨਸੂਰ ਨੇ 2007 ਵਿਚ ਫਿਲਮ ‘ਖੁਦਾ ਕੇ ਲੀਏ’ ਨਾਲ ਮਸ਼ਹੂਰੀ ਪ੍ਰਾਪਤ ਕੀਤੀ ਸੀ। ਹੁਣ ਉਸ ਨੇ ਬੋਲ ਰਾਹੀਂ ਕਈ ਗੰਭੀਰ ਸਮਾਜਿਕ ਮਸਲੇ ਬਹੁਤ ਕਲਾਤਮਕ ਤਰੀਕੇ ਨਾਲ ਉਭਾਰੇ ਹਨ ਅਤੇ ਸੋਚ ਨੂੰ ਹਲੂਣਾ ਦੇਣ ਵਾਲੀ ਇਕ ਹੋਰ ਅਸਰਦਾਰ ਕਿਰਤ ਦਰਸ਼ਕਾਂ ਅੱਗੇ ਪੇਸ਼ ਕੀਤੀ ਹੈ।

ਜ਼ੈਨਬ ਇਕ ਆਮ ਗਰੀਬ ਪਰਵਾਰ ਦੀ ਵੱਡੀ ਲੜਕੀ ਹੈ। ਉਸ ਦਾ ਪਿਓ ਜੱਦੀ-ਪੁਸ਼ਤੀ ਹਕੀਮੀ ਕਰਦਾ ਹੈ ਪਰ ਸਮੇਂ ਦੇ ਬਦਲਣ ਨਾਲ ਹੁਣ ਉਸ ਦਾ ਕੰਮ ਏਨਾ ਕਮਾਈ ਵਾਲਾ ਨਹੀਂ ਰਿਹਾ। ਹਕੀਮ (ਮਨਜ਼ਰ ਸਹਿਬਾਈ) ਬੜਾ ਧਾਰਮਿਕ ਤੇ ਇਮਾਨਦਾਰ ਮੁਸਲਮਾਨ ਹੈ ਅਤੇ ਹਰ ਕੰਮ ਧਰਮ, ਸਭਿਆਚਾਰ ਅਤੇ ਆਪਣੇ ਖਾਨਦਾਨੀ ਵਿਰਸੇ ਵਿੱਚੋਂ ਮਿਲੀ ਸਿੱਖਿਆ ਅਨੁਸਾਰ ਕਰਦਾ ਹੈ। ਉਹ ਆਪਣੀ ਵਲੋਂ ਹਰ ਕੰਮ ਸੋਚ ਸਮਝ ਕੇ ਇਮਾਨਦਾਰੀ ਨਾਲ ਸਹੀ ਕਰਦਾ ਹੈ ਤੇ ਉਹਨੂੰ ਆਪਣੇ ਆਪ ‘ਤੇ ਏਨਾ ਵਿਸ਼ਵਾਸ ਹੈ ਕਿ ਆਪਣੇ ਕੀਤੇ ਕਿਸੇ ਵੀ ਕੰਮ ਲਈ ਉਸ ਦੇ ਮਨ ਵਿਚ ਕੋਈ ਸ਼ੰਕਾ ਨਹੀਂ ਉੱਭਰਦੀ। ਉਹ ਪੁੱਤ ਦੀ ਖਾਹਿਸ਼ ਵਿਚ ਧੀ ਤੇ ਧੀ ਪੈਦਾ ਕਰੀ ਜਾ ਰਿਹਾ ਹੈ। ਫਿਲਮ ਵਿਚ ਇਹ ਨੁਕਤਾ ਕਾਫੀ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਗਿਆ ਹੈ। ਜ਼ੈਨਬ ਦੇ ਬਾਪ ਦੀ ਸੋਚ ਅਨੁਸਾਰ ਜੋ ਕੁਝ ਹੁੰਦਾ ਹੈ ਅੱਲਾ ਦੀ ਮਰਜ਼ੀ ਨਾਲ ਹੁੰਦਾ ਹੈ – ‘ਜਿਸ ਨੇ ਚੋਂਜ ਦੀ ਹੈ ਵੋ ਚੋਗਾ ਵੀ ਦੇਤਾ ਹੈ।’ ਇਸ ਦੇ ਵਿਰੋਧ ਵਿਚ ਜ਼ੈਨਬ ਦਾ ਕਹਿਣਾ ਹੈ ਕਿ ਜੇ ਤੁਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਪਾਲ਼ ਨਹੀਂ ਸਕਦੇ ਤਾਂ ਪੈਦਾ ਨਹੀਂ ਕਰਨੇ ਚਾਹੀਦੇ। ਫਿਲਮ ਦੇ ਐਨ ਅਖੀਰ ਵਿਚ ਜ਼ੈਨਬ ਕਹਿੰਦੀ ਹੈ ਕਿ ਇਸ ਤਰੀਕੇ ਨਾਲ ਬੱਚੇ ਪੈਦਾ ਕਰਨਾ ਵੀ ਜ਼ੁਰਮ ਹੋਣਾ ਚਾਹੀਦਾ ਹੈ ਤੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸ ਦਾ ਇਹ ਸਵਾਲ ਕਿ ਜਦ ‘ਖਿਲਾ ਨਹੀਂ ਸਕਦੇ ਤੋਂ ਪੈਦਾ ਕਿਓਂ ਕਰਤੇ ਹੋ?’ ਥੋੜ੍ਹੇ ਕੀਤੇ ਤੁਹਾਡਾ ਪਿੱਛਾ ਨਹੀਂ ਛੱਡਦਾ।

ਹਕੀਮ ਸਾਹਿਬ ਦੀਆਂ ਪੈਦਾ ਕੀਤੀਆਂ ਕੁਲ ਚੌਦਾਂ ਧੀਆਂ ਵਿੱਚੋਂ ਸੱਤ ਬਚ ਰਹਿੰਦੀਆਂ ਹਨ ਤੇ ਅੱਠਵੀਂ ਵਾਰ ਉਸ ਦੇ ਘਰ ਪੁੱਤ ਜੰਮਦਾ ਹੈ ਪਰ ਉਹ ਖੁਸਰਾ ਹੈ। ਹਕੀਮ ਸਮਾਜ ਦੇ ਡਰੋਂ ਉਸ ਨੂੰ ਜਨਮ ਸਮੇਂ ਮਾਰਨ ਦੀ ਕੋਸ਼ਸ਼ ਕਰਦਾ ਹੈ। ਮੁੰਡੇ ਦੀ ਮਾਂ ਉਹਨੂੰ ਇਹ ਕੰਮ ਕਰਨ ਨਹੀਂ ਦਿੰਦੀ। ਇਸ ਪਾਤਰ ਰਾਹੀਂ ਸ਼ੋਇਬ ਮਨਸੂਰ ਨੇ ਪਾਕਿਸਤਾਨੀ (ਭਾਰਤੀ ਵੀ) ਸਮਾਜ ਦੇ ਲਿੰਗ ਅਤੇ ਕਾਮਿਕਤਾ ਨਾਲ ਸਬੰਧਤ ਮਸਲੇ ਦੇ ਕਈ ਘਿਨਾਉਣੇ ਪੱਖ ਇਸ ਤਰ੍ਹਾਂ ਉਘਾੜੇ ਹਨ ਕਿ ਦੇਖਣ ਵਾਲੇ ਨੂੰ ਹਰ ਹਾਲਤ ਵਿਚ ਇਸ ਬਾਰੇ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਜੋ ਹੈ ਉਹ ਠੀਕ ਨਹੀਂ ਹੈ, ਇਸ ਦਾ ਕੋਈ ਹੱਲ ਹੋਣਾ ਚਾਹੀਦਾ ਹੈ। ਫਿਲਮ ਵਿਚ ਇਸੇ ਕਿਸਮ ਦਾ ਇਕ ਹੋਰ ਮਸਲਾ ਸਾਹਮਣੇ ਲਿਆਂਦਾ ਗਿਆ ਹੈ ਕਿ ਸਮਾਜ ਵਿਚਲੇ ਜਿਨ੍ਹਾਂ ਲੋਕਾਂ ਦਾ ਜੱਦੀ-ਪੁਸ਼ਤੀ ਕੰਮ ਵੇਸਵਾਗਿਰੀ ਹੈ ਉਹ ਸਮਾਜ ਨੂੰ ਕਿਸ ਤਰੀਕੇ ਨਾਲ ਦੇਖਦੇ ਹਨ। ਜਿੱਥੇ ਬਾਕੀ ਦੇ ਪਾਕਿਸਤਾਨੀ ਤੇ ਭਾਰਤੀ ਸਮਾਜ ਵਿਚ ਕੁੜੀ ਦਾ ਪੈਦਾ ਹੋਣਾ ਇਕ ਬਹੁਤ ਘਾਟੇ ਵਾਲੀ ਘਟਨਾ ਹੈ ਉੱਥੇ ਇਸ ਕਿੱਤੇ ਦੇ ਲੋਕਾਂ ਵਾਸਤੇ ਇਹ ਬਹੁਤ ਵੱਡੀ ਫਾਇਦੇ ਵਾਲੀ ਗੱਲ ਹੈ। ਹਕੀਮ ਆਪਣੀ ਕੁੜੀਆਂ ਪੈਦਾ ਕਰਨ ਦੀ ਯੋਗਤਾ (ਓਦਾਂ ਆਪਣੇ ਘਰ ਜੰਮੀਆਂ ਕੁੜੀਆਂ ਲਈ ਉਹ ਆਪਣੀ ਘਰ ਵਾਲੀ ਨੂੰ ਹੀ ਕਸੂਰਵਾਰ ਮੰਨਦਾ ਹੈ) ਦੀ ਵਰਤੋਂ ਕਰ ਕੇ ਲੋੜ ਸਮੇਂ ਇਨ੍ਹਾਂ ਲੋਕਾਂ ਤੋਂ ਪੈਸੇ ਕਮਾਉਂਦਾ ਹੈ। ਫੇਰ ‘ਗੰਦੇ ਥਾਂ’ ਤੋਂ ਆਏ ਨੋਟਾਂ ਨੂੰ ਸਾਬਣ ਨਾਲ ਧੋਂਦਾ ਹੈ। ਇਕ ਧਾਰਮਿਕ ਇਨਸਾਨ ਆਪਣੀ ਲੋੜ ਲਈ ਅਜੀਬ ਕਿਸਮ ਦੀ ਗੱਲ ਕਰਦਾ ਹੈ ਪਰ ਉਸ ਨੂੰ ਇਹ ਕਿਸੇ ਤਰ੍ਹਾਂ ਵੀ ਗਲਤ ਨਹੀਂ ਜਾਪਦੀ।

ਹਕੀਮ ਆਪਣੀਆਂ ਲੜਕੀਆਂ ਨੂੰ ਵਿਦਿਆ ਦੇਣ ਦੇ ਖਿਲਾਫ ਹੈ ਭਾਵੇਂ ਸਕੂਲ ਉਹਦੇ ਘਰ ਦੇ ਬਿਲਕੁਲ ਨਾਲ ਹੈ। ਇਸ ਪਿਛਾਂਹ ਖਿੱਚੂ ਸੋਚ ਨੂੰ ਉਘਾੜਨ ਲਈ ਗੁਆਂਢ ਵਿਚ ਰਹਿੰਦਾ ਪਰਵਾਰ ਦਿਖਾਇਆ ਗਿਆ ਹੈ ਜਿਨ੍ਹਾਂ ਦੇ ਮੁੰਡਾ ਤੇ ਕੁੜੀ ਦੋਵੇਂ ਪੜ੍ਹ ਰਹੇ ਹਨ। ਮੁਸਤਫਾ ਨਾਅ ਦਾ ਉਹ ਮੁੰਡਾ ਗਾਉਣ ਦਾ ਸ਼ੌਕ ਵੀ ਰੱਖਦਾ ਹੈ ਤੇ ਡਾਕਟਰੀ ਦੀ ਸਿੱਖਿਆ ਲੈ ਰਿਹਾ ਹੈ। ਹਕੀਮ ਦੀ ਇਕ ਕੁੜੀ ਜੋ ਗਾਇਕ ਬਣਨ ਦੀ ਚਾਹਵੰਦ ਹੈ ਮੁਸਤਫਾ ਨਾਲ ਰਲ਼ ਕੇ ਆਪਣੇ ਬਾਪ ਤੋਂ ਚੋਰੀਂ ਬਾਹਰ ਗਾਉਣ ਵੀ ਜਾਂਦੀ ਹੈ। ਮੁਸਲਮਾਨ ਧਰਮ ਵਿਚਲੇ ਸ਼ੀਆ ਤੇ ਸੁੰਨੀ ਦੇ ਫਰਕ ਕਰ ਕੇ ਹਕੀਮ ਆਪਣੀ ਇਸ ਲੜਕੀ ਦਾ ਵਿਆਹ ਮੁਸਤਫਾ ਨਾਲ ਕਰਨ ਦੀ ਥਾਂ ਕੁੜੀ ਨਾਲੋਂ ਤਿੱਗਣੀ ਉਮਰ ਦੇ ਬੰਦੇ ਨਾਲ ਕਰਨ ਨੂੰ ਤਿਆਰ ਹੈ।

ਹਕੀਮ ਦੀ ਵੱਡੀ ਲੜਕੀ ਜ਼ੈਨਬ ਆਪਣੇ ਪਤੀ ਨੂੰ ਛੱਡ ਕੇ ਮੁੜ ਆਪਣੇ ਬਾਪ ਦੇ ਘਰ ਰਹਿੰਦੀ ਹੈ। ਹਕੀਮ ਦੇ ਘਰ ਵਾਲੀ ਨੂੰ ਕਿਸੇ ਵੀ ਮਸਲੇ ਬਾਰੇ ਬੋਲਣ ਦਾ ਜਾਂ ਕੋਈ ਰਾਇ ਰੱਖਣ ਦਾ ਬਿਲਕੁਲ ਹੱਕ ਨਹੀਂ ਹੈ। ਘਰ ਵਿਚ ਬਾਪ ਦੇ ਕੰਮਾਂ ਵਿਰੁੱਧ ਪੈਰ ਪੈਰ ‘ਤੇ ਜ਼ੈਨਬ ਆਵਾਜ਼ ਉਠਾਉਂਦੀ ਹੈ ਅਤੇ ਉਸ ਦੇ ਦਕਿਆਨੂਸੀ ਵਿਚਾਰਾਂ ਨੂੰ ਨਵੀਂ ਸੇਧ ਦੇਣ ਦੀ ਕੋਸ਼ਸ਼ ਕਰਦੀ ਹੈ। ਉਸ ਦੀਆਂ ਇਹ ਕੋਸ਼ਸ਼ਾਂ ਕੋਈ ਸਾਰਥਕ ਨਤੀਜਾ ਨਹੀਂ ਕੱਢਦੀਆਂ ਸਗੋਂ ਸਿੱਟਾ ਹਿੰਸਾ ਵਿਚ ਨਿਕਲਦਾ ਹੈ। ਏਥੇ ਸ਼ੋਇਬ ਮਨਸੂਰ ਜ਼ੈਨਬ ਕੋਲੋਂ ਉਹ ਹੀ ਵਿਚਾਰ ਪੇਸ਼ ਕਰਵਾਉਂਦਾ ਹੈ ਜੋ ਇਸਲਾਮ ਦੇ ਘੇਰੇ ਵਿਚ ਆਉਂਦੇ ਹਨ। ਉਸ ਦੀ ਮਜਬੂਰੀ ਸਮਝ ਪੈਂਦੀ ਹੈ। ਪਰ ਦਰਸ਼ਕ ਸਹਿਜੇ ਹੀ ਇਸ ਤੋਂ ਅੱਗੇ ਸੋਚ ਸਕਦੇ ਹਨ ਕਿ ਜੇ ਇਹ ਹਕੀਮ ਬਾਪ ਆਪਣੇ ਫੈਸਲੇ ਧਰਮ, ਸਭਿਆਚਾਰ ਤੇ ਖਾਨਦਾਨ ਦਾ ਕੂੜਾ ਛੱਡ ਕੇ ਤੇ ਇਨਸਾਨੀਅਤ ਨੂੰ ਸਾਹਮਣੇ ਰੱਖ ਕੇ ਤਰਕ ਨਾਲ ਕਰੇ ਤਾਂ ਉਹ ਕਦੇ ਵੀ ਇਸ ਕਿਸਮ ਦੇ ਅਣਮਨੁੱਖੀ ਤੇ ਗੈਰ-ਕੁਦਰਤੀ ਕੰਮ ਨਾ ਕਰੇ। ਇਸ ਫਿਲਮ ਵਿਚ ਦਰਸ਼ਕ ਨੂੰ ਇਸ ਸੋਚ ਵਲ ਮੋੜਨ ਦੀ ਸ਼ਕਤੀ ਹੈ।

ਕਲਾਤਮਕ ਪੱਖੋਂ ਬੋਲ ਪੂਰੀ ਕਾਮਯਾਬ ਫਿਲਮ ਹੈ। ਹਰ ਪਲ ਦਰਸ਼ਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਸਮਾਜ ਦੇ ਵੱਖਰੇ ਵੱਖਰੇ ਗੰਭੀਰ ਮਸਲਿਆਂ ਨੂੰ ਸ਼ਾਨਦਾਰ ਤਰੀਕੇ ਨਾਲ ਇਕ ਪਰਵਾਰ ਦੇ ਜੀਆਂ ਦੀਆਂ ਜ਼ਿੰਦਗੀਆਂ ਨਾਲ ਬੁਣ ਕੇ ਪੇਸ਼ ਕੀਤਾ ਗਿਆ ਹੈ। ਫਿਲਮ ਕਹਾਣੀ ਦੇ ਪੱਖੋਂ ਤਾਂ ਦੇਖਣਯੋਗ ਹੈ ਹੀ ਨਾਲ ਹੀ ਇਸ ਵਿਚ ਹਰ ਕਲਾਕਾਰ ਵਲੋਂ ਕਮਾਲ ਦੀ ਅਦਾਕਾਰੀ ਪੇਸ਼ ਕੀਤੀ ਗਈ ਹੈ। ਸਿਰਫ ਮੁੱਖ ਭੂਮਕਾਵਾਂ ਨਿਭਾਅ ਰਹੇ ਅਦਾਕਾਰ ਹੀ ਕਮਾਲ ਨਹੀਂ ਕਰਦੇ ਸਗੋਂ ਕਈ ਅਦਾਕਾਰ ਜਿਹੜੇ ਛੋਟੇ ਛੋਟੇ ਰੋਲਾਂ ਵਿਚ ਕੁਝ ਪਲ ਹੀ ਸਾਹਮਣੇ ਆਉਂਦੇ ਹਨ ਉਹ ਵੀ ਚੇਤੇ ‘ਚ ਖੁੱਭ ਜਾਂਦੇ ਹਨ। ਫਿਲਮ ਵਿਚ ਪਾਤਰ ਉਰਦੂ, ਪੰਜਾਬੀ ਤੇ ਕਿਤੇ ਕਿਤੇ ਅੰਗ੍ਰੇਜ਼ੀ ਬੋਲਦੇ ਹਨ। ਬੋਲੀਆਂ ਦੀ ਇਹ ਢੁੱਕਵੀਂ ਵਰਤੋਂ ਫਿਲਮ ਨੂੰ ਮੌਲਿਕਤਾ ਬਖਸ਼ਦੀ ਹੈ। ਨਿਰਦੇਸ਼ਕ ਸ਼ੋਇਬ ਮਨਸੂਰ ਇਸ ਉਤਮ ਕਿਰਤ ਲਈ ਵਧਾਈ ਦਾ ਹੱਕਦਾਰ ਹੈ।

***

ਰਿਵੀਊ ਬਾਰੇ ਫੇਸਬੁੱਕ ਦੇ ਸਫੇ “ਅਸੀਂ ਕਬਰ ਪੁੱਟਣੀ ਚਾਹੁੰਦੇ ਹਾਂ” ‘ਤੇ ਇਕਬਾਲ ਪਾਠਕ ਦੀ ਸੰਖੇਪ ਟਿੱਪਣੀ:

ਮੈਂ ਵਤਨ ਵਿੱਚਲੇ “ਬੋਲ” ਫਿਲਮ ਦੇ ਰਿਵਿਊ ਨਾਲ ਇਤਫਾਕ ਨਹੀਂ ਰੱਖ ਸਕਦਾ ਕਿਉਂਕਿ ਉਸਦਾ ਮੁੱਖ ਮੁੱਦਾ ਸਿਰਫ ਇਹ ਉਛਾਲਣਾ ਹੈ “ਜਬ ਖਿਲਾ ਨਹੀਂ ਸਕਤੇ ਤੋ ਪੈਦਾ ਕਿਉਂ ਕਰਤੇ ਹੋ” ਇਹ ਖਤਰਨਾਕ ਫਿਲਮ ਹੈ ਜੋ ਇਹ ਉਪਰੋਕਤ ਸੁਨੇਹਾਂ ਫਾਂਸੀ ਦੇ ਤਖਤੇ ਤੋਂ ਦਿੱਤਾ ਜਾਂਦਾ ਵਿਖਾਇਆ ਗਿਆ ਹੈ ਹੋਰ ਵੀ ਖਤਰਨਾਕ ਹੈ ਇਸਦੇ ਬਣਤਰੀ ਤਲਿਸਮ ਵਿੱਚ ਆਮ ਦਰਸ਼ਕ ਦਾ ਗੁਆਚ ਜਾਣਾ | ਅਦਾ ਨਾਲ ਬੋਲੇ ਗਏ ਫਰੇਬੀ ਬੋਲ ਖਤਰਨਾਕ ਹੁੰਦੇ ਹਨ ਪਤਾ ਨਹੀਂ ਸਾਧੂ ਬਿਨਿੰਗ ਜੀ ਵਰਗੇ ਇਨਸਾਨ ਤੋਂ ਇਹ ਚੂਕ ਕਿਵੇਂ ਹੋ ਗਈ? – ਇਕਬਾਲ ਪਾਠਕ

ਇਸ ਟਿੱਪਣੀ ‘ਤੇ ਸਾਧੂ ਦੀ ਟਿੱਪਣੀ:

ਪਿਆਰੇ ਇਕਬਾਲ ਪਾਠਕ ਜੀ,
ਵਤਨ `ਤੇ ਨਜ਼ਰ ਮਾਰਨ ਲਈ ਤੇ `ਬੋਲ` ਦੇ ਰੀਵਿਊ ਬਾਰੇ ਵਿਚਾਰ ਸਾਂਝੇ ਕਰਨ ਲਈ ਸ਼ੁਕਰੀਆ। ਤੁਹਾਡੀ ਟਿੱਪਣੀ ਪੜ੍ਹਨ ਬਾਅਦ ਮੈਂ ਫਿਲਮ ਬਾਰੇ ਮੁੜ ਸੋਚਿਆ ਹੈ। ਮੈਂ ਇਹ ਗੱਲ ਮੰਨਦਾ ਹਾਂ ਕਿ ਮੈਨੂੰ ਫਿਲਮ ਨੇ ਬਹੁਤ ਪ੍ਰਭਾਵਤ ਕੀਤਾ ਹੈ ਤੇ ਕਈ ਵਾਰੀ ਜਦੋਂ ਤੁਸੀਂ ਕਿਸੇ ਚੀਜ਼ ਤੋਂ ਜ਼ਿਆਦਾ ਪ੍ਰਭਾਵਤ ਹੋ ਜਾਂਦੇ ਹੋ ਤਾਂ ਸੰਭਵ ਹੈ ਕਿ ਉਹਦੀਆਂ ਨਾਂਹਪੱਖੀ ਚੀਜ਼ਾਂ ਵਲ ਪੂਰਾ ਧਿਆਨ ਨਾ ਜਾ ਸਕੇ। ਜੇ ਕੋਈ ਅਜਿਹੀ ਕੋਈ ਗੱਲ ਹੋਈ ਹੈ ਤਾਂ ਮੈਨੂੰ ਆਪਣੀ ਗਲਤੀ ਬਾਰੇ ਜਾਨਣਾ ਚੰਗਾ ਲੱਗੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਫਿਲਮ ਵਿਚ ਇਸ ਨੁਕਤੇ “ਜਬ ਖਿਲਾ ਨਹੀਂ ਸਕਤੇ ਤੋ ਪੈਦਾ ਕਿਉਂ ਕਰਤੇ ਹੋ” ਨੂੰ ਮੁਕਾਬਲਤਨ ਜ਼ਿਆਦਾ ਉਭਾਰਿਆ ਗਿਆ ਹੈ, ਖਾਸ ਕਰ ਅਖੀਰ `ਤੇ। ਪਰ ਇਸ ਨਾਲ ਸਾਰੀ ਦੀ ਸਾਰੀ ਫਿਲਮ ਖਤਰਨਾਕ ਬਣ ਜਾਂਦੀ ਹੈ, ਇਹ ਗੱਲ ਮਨ ਨਹੀਂ ਲਗਦੀ। ਜੇ ਬੁਰਾ ਨਾ ਮਨਾਓ ਤਾਂ ਥੋੜ੍ਹਾ ਵਿਸਥਾਰ ਨਾਲ ਦੱਸੋ ਕਿ ਤੁਸੀਂ ਇਸ ਤਰ੍ਹਾਂ ਕਿਉਂ ਮਹਸੂਸ ਕਰਦੇ ਹੋ?
ਸਤਿਕਾਰ ਨਾਲ
ਸਾਧੂ ਬਿਨਿੰਗ

***

ਸਾਧੂ ਦੀ ਟਿੱਪਣੀ ਬਾਰੇ ਬਿੰਦਰ ਪਾਲ ਫਤੇ ਅਤੇ ਇਕਬਾਲ ਪਾਠਕ  ਦੀਆਂ ਟਿੱਪਣੀਆਂ:

ਸਰ ਜੀ ਦੁਨੀਆਂ ਦੇ “ਮਹਾਨ” ਅਰਥ ਸ਼ਾਸਤਰੀ ਮਾਲਥਸ ਦਾ ਸਿਧਾਂਤ “ਅਬਾਦੀ ਜੇ ਬੇ ਤੁਕੀ ਤੇ ਬੇ ਹਿਸਾਬ ਵਧੇ, ਫ਼ਾਲਤੂ ਹੋ ਜਾਏ ਤਾਂ ਸ਼ਹਿਰ ਗੁਰਾਂ ਉਹਨੂੰ ਸਾਂਭਣ ਦਾ ਆਹਰ ਨਹੀਂ ਕਰਸਕਦੇ”। ਇਸ ਦਾ ਫਿਲਮ ਵਿੱਚ ਜੋਰਦਾਰ ਸਮਰਥਨ ਕੀਤਾ ਗਿਆ ਹੈ ਪਰ ਮੈ ਵੀ ਇਸ ਸਿਧਾਂਤ ਨਾਲ ਸਹਿਮਤ ਨਹੀ ਹਾਂ ਕਿਉਂ ਕਿ ਦੁਨੀਆਂ ਦੀ ਸਾਰੀ ਆਬਾਦੀ ਮੁਕਾਬਲਤਨ ਪੈਦਾਵਾਰੀ ਸਾਧਨਾਂ ਦੇ ਬਹੁਤ ਘੱਟ ਹੈ ਅਤੇ ਦੂਜੀ ਗੱਲ ਮਾਪਿਆ ਨੂੰ ਬੱਚੇ ਪੈਦਾ ਕਰਨ ਡਾ ਕਸੂਰਵਾਰ ਠੇਹਿਰਾਇਆ ਗਿਆ ਹੈ ਪਰ ਸਰਕਾਰਾਂ ਅਤੇ ਪੂੰਜੀਵਾਦੀ ਨਿਜਾਮ ਦਾ ਕਿ ਰੋਲ ਹੈ ਇਸ ਬਾਰੇ ਫਿਲਮਕਾਰ ਣੇ ਪੂਰੀ ਚੁੱਪ ਧਾਰੀ ਹੈ ਜੋ ਕਿ ਬਹੁਤ ਬੇਹਾਜ੍ਮੀ ਗੱਲ ਹੋ ਨਿੱਬੜਦੀ ਹੈ – ਬਿੰਦਰ ਪਾਲ ਫਤੇ

ਇਕਬਾਲ ਪਾਠਕ ਦੀ ਟਿੱਪਣੀ

ਸ਼ੁਕਰੀਆ ਜਵਾਬ ਦੇਣ ਲਈ ਜਦੋਂ ਕਿਸੇ ਵਿਸ਼ੇ ਤੇ ਸਿਧੀ-ਸਿਧੀ ਗੱਲ ਕੀਤੀ ਜਾਵੇ ਤਾਂ ਉਹ ਉਨਾਂ ਖਤਰਨਾਕ ਨਹੀਂ ਰਹਿੰਦਾ ਉਸਦਾ ਸਵਾਦ ਕੁਨੀਨ ਦੀ ਤਰਾਂ ਹੁੰਦਾ ਹੈ ਤੇ ਲੈਣ ਵਾਲਾ ਉਸਨੂੰ ਲੈਣ ਤੋਂ ਪਹਿਲਾਂ ਕਈ ਵੇਰ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਪਰ ਉਸੇ ਕੁਨੀਨ ਦੀ ਗੋਲੀ ਨੂੰ ਜੇਕਰ ਸ਼ੱਕਰ ਦੀ ਪਰਤ ਝੜਾ ਦਿੱਤੀ ਜਾਵੇ ਤਾਂ ਕੋਈ ਵੀ ਬਿਨਾ ਚੱਬੇ ਨਿਗਲ ਜਾਂਦਾ ਹੈ | ਇਸ ਫਿਲਮ ਦੀ ਜੋ ਖਾਸ਼ੀਅਤ ਹੈ ਜਦ ਅਸੀਂ ਉਸਨੂੰ ਜਮਾਤੀ ਨਜ਼ਰੀਏ ਤੋਂ ਦੇਖਦੇ ਹਾਂ ਤਾਂ ਖਤਰਨਾਕ ਲੱਗਣ ਲਗਦੀ ਹੈ | ਮੁੱਖ ਸੰਦੇਸ਼ “ਜਬ ਖਿਲਾ ਨਹੀਂ ਸਕਤੇ ਤੋ ਪੈਦਾ ਕਿਉਂ ਕਰਤੇ ਹੋ” ਨੂੰ ਐਨੀਆਂ ਪਰਤਾਂ ਦੇ ਹੇਠ ਛੁਪਾਕੇ ਪੇਸ਼ ਕਰਨਾ ਵਾਕਿਆ ਹੀ ਕਲਾਕਾਰੀ ਹੈ ਪਰ ਖਤਰਨਾਕ ਕਾਰਾਗਰੀ | ਅਜਿਹਾ ਨਹੀਂ ਕਿ ਅਖੀਰ ਵਿੱਚ ਹੀ ਇਸ ਸੰਦੇਸ਼ ਤੇ ਜ਼ੋਰ ਦਿੱਤਾ ਗਿਆ ਪੂਰੀ ਫਿਲਮ ਹੀ ਇਹ ਰਾਗ ਬਿੰਦੇ-ਝੱਟੇ ਅਲਾਪਦੀ ਹੈ | “ਦੁਨੀਆਂ ਮੇਂ ਇਤਨੇ ਲੋਗ ਕਿਆ ਇਸ ਲੀਏ ਭੂਖੇ ਮਰ ਰਹੇ ਹੈਂ ਕਿ ਖੁਦਾ ਆਪਨੀ ਜਿੰਮੇਦਾਰੀਆਂ ਪੂਰੀ ਨਹੀਂ ਕਰ ਰਹਾ ?”, ਮਾਸਟਰ ਜੀ ਕੀ ਮਾਮੂਲੀ ਤਨਖਾਹ ਕੇ ਬਾਵਜ਼ੂਦ ਉਨਕੇ ਬੱਚੇ ਡਾਕਟਰੀ ਪੜ੍ਹਤੇ ਥੇ ਔਰ ਹਮੇਂ ਪਾਂਚਵੀਂ ਕੇ ਬਾਅਦ ਘਰ ਬਿਠਾ ਲੀਆ ਗਯਾ ਥਾ | ਫਿਲਮ ਨੂੰ ਬੁਰੀ ਨਹੀਂ ਕਿਹਾ ਗਿਆ ਮੇਰੇ ਵੱਲੋਂ ਕਿਤੇ ਵੀ ਕਿਉਂਕਿ ਇਸਦੇ ਆਪਣੇ ਕੁਝ ਸੋਹਣੇ ਪਹਿਲੂ ਹਨ ਜਿਵੇਂ ਐਕਟਿੰਗ, ਲੋਕੇਸ਼ਨ, ਘਟਨਾਵਾਂ ਨੂੰ ਤਰਤੀਬ ਵਿੱਚ ਪਿਰੋਨਾ ਪਰ ਇਹ ਕੰਮ ਇਸੇ ਨੂੰ ਉਛਾਲਣ ਦੇ ਆਉਂਦੇ ਹਨ ਕਿ “ਗਰੀਬ ਬੱਚੇ ਪੈਦਾ ਕਰਨ ਦਾ ਅਧਿਕਾਰੀ ਕਿਉਂ ਹੈ ?” ਇੱਕ ਲੜਕੀ ਦਾ ਮਰਦੇ ਵਕਤ ਇਹ ਗੱਲ ਨੂੰ ਉਛਾਲਣਾ ਹੋਰ ਵੀ ਭਾਵਨਾਤਮਿਕ ਬਲਾਤਕਾਰ ਹੈ ਦਰਸ਼ਕ ਨਾਲ ਜੋ ਪਤਾ ਵੀ ਨਹੀਂ ਚਲਦਾ ਕਿ ਕਿਸ ਵਕਤ ਹੋ ਗਿਆ, ਇਸ ਲਈ ਖਤਰਨਾਕ ਲਫਜ਼ ਵਰਤਿਆ | ਕਿਉਂਕਿ ਭੁਖ-ਮਰੀ ਨੂੰ ਸਿਰਫ ਤੇ ਸਿਰਫ ਆਬਾਦੀ ਤੇ ਟੰਗਣ ਦੀ ਕੋਸ਼ਿਸ਼ ਨੂੰ ਹੋਰ ਕੀ ਕਿਹਾ ਜਾਵੇ ? ਬਾਕੀ ਹਰ ਆਦਮੀਂ ਆਪਣੀ ਤਰਾਂ ਹੀ ਦੇਖਦਾ ਹੈ, ਨਾਮ ਲੈਕੇ ਕਮੈਂਟ ਇਸ ਲਈ ਲਿਖਿਆ ਕਿਉਂਕਿ ਤੁਹਾਡੀਆਂ ਕਿਰਤਾਂ ਅਕਸਰ ਹੀ ਪੜ੍ਹਦਾ ਰਹਿੰਦਾ ਹਾਂ ਵਤਨ ਵਿਚ | ਆਦਮ ਸੁਭਾਅ ਕਿ ਅਸੀਂ ਜਿਸ ਨੂੰ ਜਾਣਦੇ ਹੁੰਦੇ ਹਾਂ ਉਸਤੋਂ ਹੋਰ ਚੰਗਾ, ਹੋਰ ਚੰਗਾ ਚਾਹੁਣ ਲਗਦੇ ਹਾਂ |
ਆਪ ਜੀ ਦਾ ਪਾਠਕ
ਇਕਬਾਲ

ਉਪਰਲੀਆਂ ਟਿੱਪਣੀਆਂ ਬਾਰੇ ਸਾਧੂ ਦਾ ਪ੍ਰਤੀਕਰਮ:

ਇਕਬਾਲ ਪਾਠਕ ਜੀ ਤੇ ਬਿੰਦਰ ਪਾਲ ਫਤੇ ਜੀ, ਮੈਂ ਤੁਹਾਡੇ ਇਸ ਨੁਕਤੇ ਨਾਲ ਤਾਂ ਸਹਿਮਤ ਹਾਂ ਕਿ ਦੁਨੀਆਂ ਵਿਚ ਗਰੀਬੀ ਤੇ ਭੁੱਖਮਰੀ ਦਾ ਮੁੱਖ ਕਾਰਨ ਪੂੰਜੀਵਾਦੀ ਢਾਂਚੇ ਵਿਚਲੀ ਨਾਬਰਾਬਰਤਾ ਹੈ ਨਾ ਕਿ ਬਹੁਤੀ ਜਨਸੰਖਿਆ। ਅਜੋਕੇ ਸਮੇਂ ਜੇ ਵਿਗਿਆਨ ਤੇ ਤਕਨੌਲੌਜੀ ਦਾ ਸਹੀ ਉਪਯੋਗ ਕੀਤਾ ਜਾਵੇ ਅਤੇ ਇਸ ਨੂੰ ਸਿਰਫ ਮੁਨਾਫੇ ਲਈ ਬੇਲੋੜੀਆਂ ਵਸਤਾਂ ਤੇ ਹਥਿਆਰ ਬਣਾਉਣ ਲਈ ਹੀ ਨਾ ਵਰਤਿਆ ਜਾਵੇ ਤਾਂ ਇਨਸਾਨ ਦੀਆਂ ਸਾਰੀਆਂ ਮੁੱਢਲੀਆਂ ਲੋੜਾਂ ਸੁਖਾਲਿਆਂ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਫਿਲਮ ਵਿਚ ਇਸ ਨੁਕਤੇ ‘ਤੇ ਵਾਧੂ ਜ਼ੋਰ ਰੜਕਦਾ ਹੈ। ਪਰ ਮੇਰੇ ਖਿਆਲ ਵਿਚ ਫਿਲਮ ਵਿਚ ਉਠਾਏ ਦੂਜੇ ਮਸਲੇ ਬਹੁਤ ਮਹੱਤਵਪੂਰਨ ਹਨ ਜੋ ਸਾਡੇ ਸਮਾਜਾਂ ਨੂੰ ਅੱਗੇ ਨਹੀਂ ਵਧਣ ਦੇ ਰਹੇ। ਉਨ੍ਹਾਂ ਬਾਰੇ ਇਹ ਫਿਲਮ ਚਰਚਾ ਛੇੜਨ ਦੀ ਯੋਗਤਾ ਰੱਖਦੀ ਹੈ ਅਤੇ ਸਾਨੂੰ ਉਨ੍ਹਾਂ ਬਾਰੇ ਗੰਭੀਰ ਚਰਚਾ ਛੇੜਨੀ ਚਾਹੀਦੀ ਹੈ। ਸੰਭਵ ਹੈ ਕਿ ਨਿਰਦੇਸ਼ਕ ਇਸ ਨੁਕਤੇ ਰਾਹੀਂ ਹੀ ਸਾਡਾ ਉਨ੍ਹਾਂ ਸਾਰੇ ਮਸਲਿਆਂ ਵਲ ਧਿਆਨ ਦੁਆਉਣਾ ਚਾਹੁੰਦਾ ਹੋਵੇ, ਮੈਨੂੰ ਇਸ ਤਰ੍ਹਾਂ ਲਗਦਾ ਹੈ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਉਸ ਨੇ ਸਿਰਫ ਇਹ ਨੁਕਤਾ ਉਭਾਰਨ ਲਈ ਹੀ ਸਾਰੇ ਮਸਲੇ ਫਿਲਮ ਵਿਚ ਲਿਆਂਦੇ ਹਨ। ਟਰਾਂਟੋ ਤੋਂ ਇਕ ਦੋਸਤ ਨੇ ਮੇਰੀ ਅਲੋਚਨਾ ਕੀਤੀ ਹੈ ਕਿ ਮੈਂ ਇਹ ਰੀਵੀਊ ਗੰਭੀਰਤਾ ਨਾਲ ਨਹੀਂ ਲਿਖਿਆ, ਉਹਦੇ ਅਨੁਸਾਰ ਇਹ ਐਵੇਂ ਸਰਸਰੀ ਜਿਹੀ ਨਜ਼ਰ ਹੈ ਤੇ ਇਹ ਫਿਲਮ ਬਹੁਤ ਗੰਭੀਰ ਧਿਆਨ ਦੀ ਮੰਗ ਕਰਦੀ ਹੈ। ਮੈਂ ਉਹਦੇ ਨਾਲ ਸਹਿਮਤ ਹਾਂ ਕਿ ਇਸ ਬਾਰੇ ਹੋਰ ਡੂੰਘਾਈ ਨਾਲ ਲਿਖਿਆ ਜਾਣਾ ਚਾਹੀਦਾ ਹੈ ਤੇ ਫਿਲਮ ਵਿਚ ਉਠਾਏ ਸਾਰੇ ਮਸਲੇ ਵਿਸਥਾਰ ਵਿਚ ਵਿਚਾਰੇ ਜਾਣੇ ਚਾਹੀਦੇ ਹਨ।

ਸਾਧੂ ਦੇ ਰਿਵੀਊ ਬਾਰੇ ਜਸਵਿੰਦਰ ਸੰਧੂ ਦਾ ਪ੍ਰਤੀਕਰਮ

ਬਿਨਿੰਗ ਸਾਹਿਬ, ਤੁਹਾਡਾ ਬੋਲ ਫਿਲਮ ਦਾ ਰਿਵੀਊ ਪੜ੍ਹਿਆ ਜੋ ਬੜਾ ਸਰਸਰੀ ਜਿਹੀ ਨਜ਼ਰ ਵਾਲ਼ਾ ਲੱਗਿਆ। ਮੈਂ ਮੰਨਦਾ ਹਾਂ ਕਿ ਤੁਸੀਂ ਇਸ ਫਿਲਮ ਨੂੰ ਮਾਣਿਆ ਹੋਵੇਗਾ, ਪਰ ਮੇਰੇ ਖਿਆਲ ਮੁਤਾਬਿਕ ਤੁਸੀਂ ਇਸਦੇ ਵਿਸ਼ਾ-ਵਸਤੂ ਤੇ ਪਾਕਿਸਤਾਨੀ ਪੰਜਾਬੀ ਸਮਾਜ ਦੇ ਪੱਖੋਂ ਇਸਦੇ ਨਾਲ਼ ਇਨਸਾਫ਼ ਨਹੀਂ ਕਰ ਸਕੇ। ਉਸ ਮੌਲਵੀ ਪਿਤਾ ਦਾ ਜੋ ਪਰਿਵਾਰ ਤੇ ਕਬਜ਼ਾ ਦਿਖਾਇਆ ਹੈ ਉਹ ਕਿਸੇ ਤਾਨਾਸ਼ਾਹ ਤੋਂ ਘੱਟ ਨਹੀਂ ਹੈ ਅਤੇ ਇਸਦੀ ਝਲਕ ਭਾਰਤੀ ਪੰਜਾਬ ਦੇ ਹਰ ਘਰ ਤੋਂ ਵੀ ਮਿਲਦੀ ਹੈ। ਪੰਜਾਬ ਹੀ ਕਿਉਂ ਘਰ ਦੇ ਰੀਤੀ ਰਿਵਾਜਾਂ ਦੇ ਨਾਂ ਤੇ ਚੱਲਦੇ ਡਰਾਮਾ-ਸੀਰੀਅਲਾਂ ‘ਚ ਅੱਜ ਵੀ ਤੁਸੀਂ ਦੂਸਰੇ ਭਾਰਤੀ ਸੂਬਿਆਂ ਦੇ ਅਜਿਹੇ ਹੀ ਕਾਬਿਜ਼ ਪਿਓ-ਪੁੱਤਾਂ ਨੂੰ ਹਰ-ਰੋਜ਼ ਦੇਖ ਸਕਦੇ ਹੋ। ਇਸ ਫਿਲਮ ਦੀ ਟੀਮ ਨੇ ਇੱਕ ਬਹੁਤ ਹੀ ਸੰਵੇਦਨਾਤਮਕ ਤਰੀਕੇ ਨਾਲ਼ ਸਾਡੇ ਸਮਾਜ ਦੇ ਇਸ ਘਿਨਾਉਣੇ ਪੱਖ ਨੂੰ ਉਘਾੜਿਆ ਹੈ ਤੇ ਨਾਲ਼ ਹੀ ਇਸਦੇ ਬਦਲ ਦੀ ਤਸਵੀਰ ਵੀ ਦਿਖਾਈ ਹੈ। ਇਹ ਫਿਲਮ ਸਚਾਈ ਦੇ ਇੰਨੀ ਨੇੜੇ ਹੈ ਕਿ ਦੇਖਦੇ ਦੇਖਦੇ ਕਈ ਵਾਰ ਦਿਲ ਉੱਚੜਦਾ ਜਿਹਾ ਲਗਦਾ ਹੈ ਕਿਉਂਕਿ ਕਈ ਅਜਿਹੇ ਕਾਰੇ ਹੁੰਦੇ ਅਸੀਂ ਆਪਣੇ ਬਚਪਨ ‘ਚ ਦੇਖੇ ਹਨ। ਵੇਸ਼ਵਾਵਾਂ ਵੀ ਉਸੇ ਸਮਾਜ ਦੇ ਅੰਗ ਵੱਜੋਂ ਕਿਵੇਂ ਵਿਚਰਦੀਆਂ ਹਨ ਤੇ ਉਨ੍ਹਾਂ ਦੀਆਂ ਕੀ ਕਦਰਾਂ-ਕੀਮਤਾਂ ਹਨ, ਇਸ ਫਿਲਮ ਵਾਂਙ ਕਦੇ ਕਿਸੇ ਹੋਰ ਫਿਲਮ ‘ਚ ਦਿਖਾਈ ਨਹੀਂ ਦਿੱਤੀਆਂ। ਉਨ੍ਹਾਂ ਦਾ ਵਿਲਨੀ ਕਿਰਦਾਰ ਵੀ ਅਸਲ ਵਿੱਚ ਜਿੰਨਾ ਕੁ ਹੁੰਦਾ ਹੇ, ਓਨਾ ਹੀ ਦਰਸਾਇਆ ਹੈ ਇਸ ਫਿਲਮ ਵਿੱਚ। ਸਾਡੇ ਸਮਾਜ ਦੇ ਹੀ ਦੋਗਲੇ ਮਾਪ-ਦੰਡ ਖੁਸਰੇ ਕਿਰਦਾਰਾਂ ਰਾਹੀਂ ਬੜੀ ਖੂਬਸੂਰਤੀ ਤੇ ਦਲੇਰੀ ਨਾਲ਼ ਪੇਸ਼ ਕੀਤਾ ਹੈ। ਇੱਥੇ (ਕਨੇਡਾ ‘ਚ) ਇਹ ਰੌਲ਼ਾ ਪਾਉਣ ਵਾਲ਼ੇ ਕਿ ਸਾਡੇ ਐੱਮ ਪੀ ਨੇ ਸਮਲਿੰਗੀਆਂ ਦੇ ਹੱਕ ‘ਚ ਵੋਟ ਪਾਈ ਸੀ ਇਸ ਲਈ ਉਹ ਗ਼ਲਤ ਸੀ, ਸਭ ਆਪ ਗ਼ਲਤ ਤੇ ਦੂਹਰੇ ਮਾਪ-ਦੰਡਾਂ ਵਾਲ਼ੇ ਹਨ। ਸਾਡੇ ਪੰਜਾਬ ‘ਚ ਸਮਲਿੰਗੀ ਗਤੀਵਿਧੀਆਂ ਅਸੀਂ ਬਚਪਨ ਤੋਂ ਦੇਖਦੇ ਸੁਣਦੇ ਆਏ ਹਾਂ। ਇਸ ਸਭ ਜਾਣਕਾਰੀ ਨੂੰ ਪਿਛਲੀ ਜੇਭ ‘ਚ ਪਾ ਕੇ ਗੱਲਾਂ ਕਰੀ ਜਾਣੀਆਂ ਕਿ ਅਸੀਂ ਅਜਿਹੀ ਬਰਿਤੀ ਦੇ ਹੀ ਖਿਲਾਫ਼ ਹਾਂ ਕੀ ਦਿਖਾਉਂਦੀਆਂ ਹਨ? ਇਹੀ ਕਿ ਅਸੀਂ ਸੱਚ ਦਾ ਰੌਲ਼ਾ ਪਾਉਂਦੇ ਹਾਂ, ਪਰ ਸੱਚ ਬੋਲਣ ਲਈ ਸਾਡੇ ਕੋਲ਼ ਹੌਸਲਾ ਨਹੀਂ ਹੈ।

ਕਈ ਹੋਰ ਪੱਖਾਂ ਤੋਂ ਵੀ ਤੁਹਾਡਾ ਰਿਵੀਊ ਠੀਕ ਨਹੀਂ ਸੀ। ਸਲੱਮ-ਡੌਗ ਮਿਲੇਨੇਅਰ ਨੂੰ ਥੱਬਾ ਔਸਕਰ ਇਨਾਮਾਂ ਦਾ ਦਿੱਤਾ ਗਿਆ ਸੀ, ਕੀ ਤੁਹਾਨੂੰ ਇਸ ਪੱਖੋਂ ਇਸ ਫਿਲਮ ਨੂੰ ਦੇਖਣਾ ਯਾਦ ਨਹੀਂ ਰਿਹਾ? ਇਹ ਫਿਲਮ ਮੇਰੇ ਹਿਸਾਬ ਨਾਲ਼ ਹਰ ਪੱਖ ਤੋਂ ਉਸ ਫਿਲਮ ਨਾਲ਼ੋਂ ਵਧੀਆ ਸੀ, ਪਰ ਇਸ ਨੂੰ ਕਿਸੇ ਨੇ ਔਸਕਰਾਂ ਵਾਸਤੇ ਨਾਮਜ਼ਦ ਵੀ ਨਹੀਂ ਕੀਤਾ। ਇਸੇ ਤਰਾਂ ਹੀ ਆਮੀਰ ਖਾਨ ਦੀ “ਤਾਰੇ ਜ਼ਮੀਂ ਪਰ” ਅਣਦੇਖੀ ਕੀਤੀ ਗਈ ਸੀ ਜੋ ਬੋਲ ਦੀ ਤਰਾਂ ਹੀ ਇੱਕ ਨਵੇਂ ਵਿਚਾਰ ਨੂੰ ਲੈ ਕੇ ਬਣਾਈ ਗਈ ਸੀ। ਬੋਲ ਦੇ ਕਿਰਦਾਰਾਂ ਦੀ ਐਕਟਿੰਗ ਪੱਖੋਂ ਵੀ ਬਹੁਤ ਹੀ ਵਧੀਆ ਕਾਰਗੁਜ਼ਾਰੀ ਸੀ। ਮੌਲਵੀ ਪਿਓ ਤਾਂ ਸਭ ਤੋਂ ਵਧੀਆ ਐਕਟਰ ਦਾ ਔਸਕਰ ਦਾ ਹੱਕਦਾਰ ਹੋ ਸਕਦਾ ਹੈ। ਜੇ ਤੁਸੀਂ ਉਸ ਵੇਸ਼ਵਾ ਕੁੜੀ ਦੇ ਚਿਤਰਣ ਵੱਲ ਵੀ ਧਿਆਨ ਦਿਓ ਤਾਂ ਉਹ ਵੀ ਅਸਲੀਅਤ ਦੇ ਲਾਗੇ ਲੱਗਦਾ ਹੈ ਕਿ ਕਿਵੇਂ ਉਹ ਕੁੜੀਆਂ ਆਪਣੇ ਗਾਹਕਾਂ ਨੂੰ ਰਿਝਾਉਣ ਲਈ ਫਿਲਮੀ ਕਲਾਕਾਰਾਂ ਦੀ ਨਕਲ ਕਰਦੀਆਂ ਹਨ। ਫੇਰ ਡਿਰੈੱਕਸ਼ਨ ਪੱਖੋਂ ਦੇਖਿਆਂ ਪਤਾ ਲੱਗਦਾ ਹੈ ਕਿ ਕਿਤੇ ਵੀ ਗ਼ੈਰ-ਜ਼ਰੂਰੀ ਖਿੱਚੋਤਾਣ ਨਹੀਂ ਕੀਤੀ ਗਈ ਜੋ ਸਾਡੀਆਂ ਆਮ ਫਿਲਮਾਂ ਦੀ ਕਮਜ਼ੋਰੀ ਹੈ ਐਵੇਂ ਇਮੋਸ਼ਨਲ ਸੀਨਾਂ ਨੂੰ ਲੰਬੇ ਕਰਦੇ ਰਹਿੰਦੇ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਭਵਿੱਖ ‘ਚ ਅਜਿਹੀਆਂ ਗੱਲਾਂ ਤੇ ਵੀ ਧਿਆਨ ਦਿਓਗੇ।
ਤੁਹਾਡਾ ਇੱਕ ਪਾਠਕ
ਜਸਵਿੰਦਰ ਸੰਧੂ

***

ਫਿਲਮ ਬੋਲ ਦੇਖਣ ਲਈ ਹੇਠਾਂ ਕਲਿੱਕ ਕਰੋ:

Advertisements
This entry was posted in ਸਾਰੀਆਂ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.