ਨੀਚਾ ਨਗਰ (1946)

ਨਿਰਦੇਸ਼ਕ: ਚੇਤਨ ਆਨੰਦ

1946 ਵਿੱਚ ਬਣੀ ਨੀਚਾ ਨਗਰ ਕਾਨ ਫੈਸਟੀਵੈੱਲ ਵਿੱਚ ਇਨਾਮ ਜਿੱਤਣ ਵਾਲੀ ਪਹਿਲੀ ਹਿੰਦੀ ਫਿਲਮ ਸੀ। ਫਿਲਮ ਵਿੱਚ ‘ਊਂਚਾ ਨਗਰ’ ਅਤੇ ‘ਨੀਚਾ ਨਗਰ’ ਵਿੱਚ ਰਹਿਣ ਵਾਲੇ ਲੋਕਾਂ ਦੀ ਆਪਸੀ ਟੱਕਰ ਨੂੰ ਦਿਖਾਇਆ ਗਿਆ ਹੈ। ‘ਊਂਚਾ ਨਗਰ’ ਵਿੱਚ ਰਹਿਣ ਵਾਲੇ ਸਰਕਾਰ ਨਾਂ ਦੇ ਇਕ ਸਰਮਾਏਦਾਰ ਵਸ਼ਿੰਦੇ ਨੇ ਨਵੀਂ ਜ਼ਮੀਨ ਖ੍ਰੀਦੀ ਹੈ ਜਿਸ ਵਿੱਚ ਉਹ ਇਮਾਰਤ ਉਸਾਰੀ ਕਰਨਾ ਚਾਹੁੰਦਾ ਹੈ। ਇਸ ਇਮਾਰਤ ਉਸਾਰੀ ਦੇ ਪ੍ਰੌਜੈਕਟ ਨੂੰ ਮੁਕੰਮਲ ਕਰਕੇ ਉਸ ਦੀ ਵੱਡਾ ਮੁਨਾਫਾ ਕਮਾਉਣ ਦੀ ਯੋਜਨਾ ਹੈ। ਪਰ ਇਸ ਪ੍ਰੌਜੈਕਟ ਦੇ ਸਿਰੇ ਚੜ੍ਹਨ ਵਿੱਚ ਇਕ ਮੁਸ਼ਕਿਲ ਹੈ। ਉਸ ਵਲੋਂ ਖ੍ਰੀਦੀ ਜ਼ਮੀਨ ਵਿੱਚ ਦੀ ਇਕ ਗੰਦਾ ਨਾਲਾ ਵਗਦਾ ਹੈ। ਜਿੰਨਾ ਚਿਰ ਉਹ ਗੰਦਾ ਨਾਲਾ ਉਸ ਦੀ ਜ਼ਮੀਨ ਵਿੱਚੋਂ ਦੀ ਲੰਘਦਾ ਹੈ, ਉਨੀ ਦੇਰ ਤੱਕ ਉੱਥੇ ਉਸਾਰੀ ਨਹੀਂ ਹੋ ਸਕਦੀ। ਇਸ ਲਈ ਇਸ ਗੰਦੇ ਨਾਲੇ ਦਾ ਕੋਈ ਨਾ ਕੋਈ ਹੱਲ ਲੱਭਣਾ ਜ਼ਰੁਰੀ ਹੈ।

ਸਰਕਾਰ ਆਪਣੀ ਇਸ ਸਮੱਸਿਆ ਦਾ ਹੱਲ ਛੇਤੀ ਹੀ ਲੱਭ ਲੈਂਦਾ ਹੈ। ਉਹ ਆਪਣੇ ਪੈਸੇ ਦੇ ਜ਼ੋਰ ਨਾਲ ਮਿਉਂਸਪਲ ਕਾਉਂਸਲ ਤੋਂ ਇਹ ਫੈਸਲਾ ਕਰਵਾ ਲੈਂਦਾ ਹੈ ਕਿ ਗੰਦੇ ਨਾਲੇ ਦਾ ਰੁੱਖ ਮੋੜ ਦਿੱਤਾ ਜਾਵੇ ਅਤੇ ਨਾਲਾ ਸਰਕਾਰ ਦੀ ਜ਼ਮੀਨ ਵਿੱਚ ਦੀ ਲੰਘਣ ਦੀ ਥਾਂ ‘ਨੀਚਾ ਨਗਰ’ ਵਿੱਚ ਦੀ ਲੰਘੇ। ਗੰਦੇ ਨਾਲੇ ਦੇ ਵਹਿਣ ਦਾ ਬਦਲਿਆ ਇਹ ਰੁੱਖ ਜਿੱਥੇ ਸਰਕਾਰ ਲਈ ਹੋਰ ਦੌਲਤ ਕਮਾਉਣ ਦਾ ਰਾਹ ਖੋਲ੍ਹ ਦੇਵੇਗਾ, ਉੱਥੇ ਇਹ ਨੀਚਾ ਨਗਰ ਦੇ ਲੋਕਾਂ ‘ਤੇ ਬਹੁਤ ਹੀ ਮਾਰੂ ਅਸਰ ਪਾਏਗਾ। ‘ਨੀਚਾ ਨਗਰ’ ਵਿੱਚ ਦੀ ਨਾਲਾ ਲੰਘਣ ਨਾਲ ਉੱਥੋਂ ਦੇ ਨਿਵਾਸੀਆਂ ਦੇ ਘਰ-ਵਾਰ ਦਾ ਉਜਾੜਾ ਹੋਣ ਦੇ ਨਾਲ ਨਾਲ ਨਗਰ ਵਿੱਚ ਬੀਮਾਰੀ ਫੈਲਣ ਦਾ ਖਤਰਾ ਬਣ ਜਾਏਗਾ।

ਇਸ ਸਥਿਤੀ ਨੂੰ ਦੇਖਦਿਆਂ ‘ਨੀਚਾ ਨਗਰ’ ਦੇ ਲੋਕ ਗੰਦੇ ਨਾਲੇ ਦਾ ਵਹਿਣ ਬਦਲਣ ਦੇ ਫੈਸਲੇ ਦਾ ਵਿਰੋਧ ਕਰਨ ਦਾ ਨਿਰਣਾ ਕਰਦੇ ਹਨ। ਫਿਲਮ ਨੀਚਾ ਨਗਰ ਦੀ ਕਹਾਣੀ ਇਸ ਜੱਦੋਜਹਿਦ ਦੀ ਕਹਾਣੀ ਹੈ। ਇਸ ਵਿੱਚ ਇਕ ਪਾਸੇ ਸਰਮਾਏਦਾਰ ਸਰਕਾਰ ਦੀ ਹੈਂਕੜ ਅਤੇ ਹੋਰ ਦੌਲਤ ਕਮਾਉਣ ਲਈ ਆਪਣੀ ਪਹਿਲੀ ਦੌਲਤ ਦੀ ਦੁਰਵਰਤੋਂ ਨੂੰ ਬਹੁਤ ਵਧੀਆ ਢੰਗ ਨਾਲ ਦਿਖਾਇਆ ਗਿਆ ਹੈ। ਉਹ ਆਪਣੇ ਹਿਤਾਂ ਦੀ ਸੁਰੱਖਿਆ ਲਈ ਸਿਆਸੀ ਲੋਕਾਂ, ਮੀਡੀਆ ਅਤੇ ‘ਨੀਚਾ ਨਗਰ’ ਦੇ ‘ਖ੍ਰੀਦੇ ਜਾ ਸਕਣ ਵਾਲੇ ਲੋਕਾਂ’ ਨੂੰ ਖ੍ਰੀਦਣ ਲਈ ਆਪਣੀ ਦੌਲਤ ਦੀ ਅਥਾਹ ਵਰਤੋਂ ਕਰਦਾ ਹੈ। ਦੂਸਰੇ ਪਾਸੇ ‘ਨੀਚਾ ਨਗਰ’ ਦੇ ਲੋਕਾਂ ਵਲੋਂ ਜ਼ਿੰਦਾ ਰਹਿਣ ਦੀ ਆਪਣੀ ਲੜਾਈ ਨਾਲ ਪ੍ਰਤੀਬੱਧਤਾ ਅਤੇ ਕੁਰਬਾਨੀ ਦੀ ਭਾਵਨਾ ਨੂੰ ਸ਼ਕਤੀਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ‘ਨੀਚਾ ਨਗਰ’ ਦਾ ਇਕ ਪਾਤਰ ਕਹਿੰਦਾ ਹੈ:

ਜੋ ਡਰ ਕਰ ਏਕ ਵਾਰ ਭਾਗੇਗਾ,
ਉਸ ਕੇ ਲਿਏ ਫਿਰ ਕਹੀਂ ਡਰ ਸੇ ਛੁਟਕਾਰਾ ਨਹੀਂ।
ਇਸ ਡਰ ਪਰ ਫਤਿਹ ਪਾ ਲਉ।
ਡਰੇਂ ਵੁਹ ਜੋ ਜ਼ੁਲਮ ਕਰਤੇ ਹੈਂ।
ਜਿਤਨਾ ਜ਼ੁਲਮ ਕਰਤੇ ਹੈਂ, ਉਤਨਾ ਹੀ ਉਨਕੇ ਦਿਲ ਮੇਂ ਡਰ ਬੜਤਾ ਹੈ
ਔਰ ਉਤਨਾ ਹੀ ਔਰ ਜ਼ੁਲਮ ਕਰਤੇ ਹੈਂ।
ਏਕ ਵਾਰ ਡੱਟ ਜਾਉ, ਫਿਰ ਡਰ ਉਨਕੋ ਡਰਾਏਗਾ।

ਨਤੀਜੇ ਵਜੋਂ ‘ਨੀਚਾ ਨਗਰ’ ਦੇ ਲੋਕ ਹੇਠ ਲਿਖੇ ਗੀਤ ਨਾਲ ਆਪਣੀ ਜੱਦੋਜਹਿਦ ਸ਼ੁਰੂਆਤ ਕਰਦੇ ਹਨ , “ਉੱਠੋ ਕਿ ਹਮੇਂ ਵਕਤ ਕੀ ਗਰਦਸ਼ ਨੇ ਪੁਕਾਰਾ”।

ਫਿਲਮ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ‘ਊਂਚਾ ਨਗਰ’ ਦੇ ਸਰਮਾਏਦਾਰ ਨਾਲ ‘ਨੀਚਾ ਨਗਰ’ ਦੇ ਲੋਕਾਂ ਦੀ ਜੱਦੋਜਹਿਦ ਏਨੀ ਸੁਖਾਲੀ ਨਹੀਂ। ਜੇ ‘ਨੀਚਾ ਨਗਰ’ ਦੇ ਲੋਕਾਂ ਨੇ ਇਸ ਲੜਾਈ ਵਿੱਚ ਜਿੱਤਣਾ ਹੈ ਤਾਂ ਉਹਨਾਂ ਨੂੰ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਪਏਗਾ।

ਹਿੰਦੂ ਅਖਬਾਰ ਵਿੱਚ ਛਪੇ ਇਕ ਆਰਟੀਕਲ ਅਨੁਸਾਰ ਆਪਣੇ ਹੋਰ ਸਮਕਾਲੀਆਂ ਵਾਂਗ ਚੇਤਨ ਆਨੰਦ ਵੀ ਉਸ ਸਮੇਂ ਰੂਸੀ ਸਾਹਿਤ ਅਤੇ ਇਨਕਲਾਬ ਤੋਂ ਪ੍ਰਭਾਵਿਤ ਸੀ। ਇਸ ਲਈ ਉਸ ਨੇ ਫਿਲਮ ਨੀਚਾ ਨਗਰ ਦੀ ਕਹਾਣੀ ਦੀ ਪ੍ਰੇਰਣਾ ਮੈਕਸਿਮ ਗੋਰਕੀ ਦੇ ਨਾਵਲ “ਲੋਅਰ ਡੈਪਥਸ” ਤੋਂ ਲਈ ਸੀ।

ਅੱਜ ਇਹ ਫਿਲਮ ਇਸ ਲਈ ਦੇਖਣੀ ਚਾਹੀਦੀ ਹੈ ਕਿਉਂਕਿ ਇਹ ਫਿਲਮ ਹਿੰਦੀ ਫਿਲਮ ਜਗਤ ਦੀਆਂ ਉਹਨਾਂ ਪਹਿਲੀਆਂ ਫਿਲਮਾਂ ਵਿੱਚੋਂ ਹੈ, ਜਿਹੜੀਆਂ ਫਿਲਮਾਂ ਸਾਡੇ ਦਰਸ਼ਕਾਂ ਨੂੰ ਸਮਾਜ ਦੀ ਨਾਬਰਾਬਰੀ ਦਾ ਕੋਹਝਾ ਰੂਪ ਦਿਖਾ ਕੇ ਉਸ ਸਚਾਈ ਨੂੰ ਬਦਲਣ ਲਈ ਪ੍ਰੇਰਿਤ ਕਰਨਾ ਚਾਹੁੰਦੀਆਂ ਹਨ। ਇਸ ਦੇ ਨਾਲ ਹੀ ਇਸ ਫਿਲਮ ਦੀ ਕਹਾਣੀ ਅੱਜ ਵੀ ਉਨੀ ਪ੍ਰਸੰਗਕ ਹੈ ਜਿੰਨੀ ਇਹ 1946 ਵਿੱਚ ਸੀ। ਅੱਜ ਵੀ ਸਾਡੇ ਸਮਾਜ ਵਿੱਚ ‘ਊਂਚਾ ਨਗਰ’ ਅਤੇ ‘ਨੀਚਾ ਨਗਰ’ ਵਿਚਕਾਰ ਫਰਕ ਹੈ। ਸਰਮਾਏ ਦੇ ਵਿਸ਼ਵੀਕਰਨ ਦੇ ਦੌਰ ਵਿੱਚ ‘ਊਂਚਾ ਨਗਰ’ ਅਤੇ ‘ਨੀਚਾ ਨਗਰ’ ਵਿਚਕਾਰਲੀ ਖਾਈ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਅੱਜ ਵੀ ਸਰਮਾਏਦਾਰ ਅਤੇ ਉਹਨਾਂ ਦੀਆਂ ਕਾਰਪੋਰੇਸ਼ਨਾਂ ਆਪਣੇ ਮੁਨਾਫੇ ਲਈ ਵਾਤਾਵਰਨ ਵਿੱਚ ਇਸ ਤਰ੍ਹਾਂ ਦਾ ਪ੍ਰਦੂਸ਼ਨ ਫੈਲਾ ਰਹੀਆਂ ਹਨ ਜੋ ਆਮ ਲੋਕਾਂ ਲਈ ਘਾਤਕ ਬੀਮਾਰੀਆਂ ਦਾ ਕਾਰਨ ਬਣ ਰਿਹਾ ਹੈ।

ਇਹ ਫਿਲਮ ਸਾਨੂੰ ਕਾਰਪੋਰੇਸ਼ਨਾਂ ਦੇ ਮੁਨਾਫੇ ਅਤੇ ਵਾਤਾਵਰਨ ਦੇ ਨੁਕਸਾਨ ਵਿਚਲਾ ਰਿਸ਼ਤਾ ਸਮਝਣ ਵਿੱਚ ਮਦਦਗਾਰ ਹੋ ਸਕਦੀ ਹੈ ਅਤੇ ਇਸ ਰਿਸ਼ਤੇ ਕਾਰਨ ਲੋਕਾਂ ਦੇ ਜੀਵਨ ਉੱਤੇ ਪੈਣ ਵਾਲੇ ਭੈੜੇ ਅਸਰਾਂ ਦਾ ਖਾਤਮਾ ਕਰਨ ਲਈ ਚੱਲਦੀ ਜੱਦੋਜਹਿਦ ਵਿੱਚ ਸ਼ਾਮਲ ਹੋਣ ਦੀ ਪ੍ਰੇਰਣਾ ਦੇ ਸਕਦੀ ਹੈ। – ਸੁਖਵੰਤ ਹੁੰਦਲ

ਫਿਲਮ ਦੇਖਣ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ:

Advertisements
This entry was posted in ਫਿਲਮ, ਸਾਰੀਆਂ and tagged , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s