ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਮੁਲਾਕਾਤ

imagesਸੁਖਵੰਤ ਹੁੰਦਲ
ਸਾਧੂ ਬਿਨਿੰਗ

(ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਕੀਤੀ ਇਹ ਮੁਲਾਕਾਤ ਪਹਿਲੀ ਵਾਰ ਵਤਨ ਦੇ ਅਕਤੂਬਰ/ਨਵੰਬਰ/ਦਸੰਬਰ-1992 ਦੇ ਵਿਸ਼ੇਸ਼ ਮੁਲਾਕਾਤ ਅੰਕ ਵਿੱਚ ਛਪੀ ਸੀ। ਸ਼ਾਇਦ ਓਮਪੁਰੀ ਦੇ ਫਿਲਮੀ ਸਫਰ ਉੱਪਰ ਵਿਸਥਾਰ ਪੂਰਬਕ ਝਾਤ ਪਵਾਉਣ ਵਾਲੀ ਪੰਜਾਬੀ ਵਿੱਚ ਛਪੀ ਇਹ ਪਹਿਲੀ ਮੁਲਾਕਾਤ ਸੀ। ਕੁਝ ਦਿਨ ਪਹਿਲਾਂ ਓਮ ਪੁਰੀ ਹੁਰਾਂ ਦੇ ਹੋਏ ਅਚਾਨਕ ਦੇਹਾਂਤ ‘ਤੇ ਉਹਨਾਂ ਦੀ ਯਾਦ ਵਿੱਚ ਅਸੀਂ ਇਸ ਨੂੰ ਫਿਰ ਪਾਠਕਾਂ ਸਨਮੁਖ ਕਰ ਰਹੇ ਹਾਂ। – ਸੁਖਵੰਤ ਹੁੰਦਲ,ਸਾਧੂ ਬਿਨਿੰਗ)

ਸਵਾਲ: ਸੱਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਪਿਛੋਕੜ ਬਾਰੇ ਦੱਸੋ?
ਜਵਾਬ: ਮੈਂ ਜੰਮਿਆ ਤਾਂ ਅੰਬਾਲੇ ਸੀ ਪਰ ਮੈਂ ਰਿਹਾ ਪਟਿਆਲੇ ਹੀ ਹਾਂ ਤੇ ਉਸ ਨੂੰ ਹੀ ਆਪਣਾ ਸ਼ਹਿਰ ਮੰਨਦਾ ਹਾਂ। ਕਾਲਜ ਵੀ ਉੱਥੇ ਗਿਆ। ਜਦੋਂ ਮੈਂ ਸੁਰਤ ਸੰਭਾਲੀ ਸੀ ਤਾਂ ਬਠਿੰਡਾ, ਰਾਮਾ ਮੰਡੀ, ਫੀਰੋਜ਼ਪੁਰ, ਆਦਿ ਥਾਵਾਂ ਤੇ ਮੇਰਾ ਪਾਲਣ ਹੋਇਆ। ਬਾਅਦ ਵਿਚ ਮੈਂ ਨਾਨਕੇ ਪਿੰਡ ਸਨੌਰ ਪੜ੍ਹਣ ਲੱਗ ਪਿਆ। ਫਿਰ ਖਾਲਸਾ ਕਾਲਜ ਪਟਿਆਲੇ ਪੜ੍ਹਣ ਲੱਗ ਪਿਆ। ਫਸਟ ਈਅਰ ਰੈਗੂਲਰ ਕਾਲਜ, ਸੈਕੰਡ ਈਅਰ ਈਵਨਿੰਗ ਕਾਲਜ ਤੇ ਥਰਡ ਈਅਰ ਕੋਰਸਪੋਂਡਸ (ਡਾਕ ਰਾਹੀਂ) ਨਾਲ ਪਾਸ ਕੀਤੇ।

ਦਸਵੀਂ ਜਾਂ ਬਲਕਿ ਕਹਿ ਲਓ ਅੱਠਵੀਂ ਤੋਂ ਬਾਅਦ ਮੈਂ ਆਪਣੇ ਆਪ ਸਿਰ ਸੀ। ਨੌਵੀਂ ਜਮਾਤ ਵਿਚ ਮੈਂ ਟਿਊਸ਼ਨ ਪੜ੍ਹਾਉਂਦਾ ਸੀ ਤੇ ਆਪਣਾ ਖਰਚਾ ਤੋਰਦਾ ਸੀ। ਕਾਲਜ ਟਾਇਮ ਵਿਚ ਮੈਂ ਇਕ ਵਕੀਲ ਕੋਲ ਕਲਰਕ ਦਾ ਕੰਮ ਕਰਦਾ ਸੀ। ਕਾਲਜ ਵਿਚ ਮੈਂ “ਲੈਬ ਅਸਿਸਟੈਂਟ” ਵੀ ਸੀ। ਵਕੀਲ ਛੁੱਟੀ ਨਹੀਂ ਸੀ ਦਿੰਦਾ ਹੁੰਦਾ। ਮੈਨੂੰ ਯਾਦ ਹੈ ਕਿ ਇਕ ਵਾਰੀ ਚੰਡੀਗੜ੍ਹ ਯੂਥ ਫੈਸਟੀਵਲ ਵਿਚ ਸਾਡਾ ਪ੍ਰੋਗਰਾਮ ਸੀ। ਵਕੀਲ ਕਹਿੰਦਾ ਕਿ ਛੁੱਟੀ ਨਹੀਂ ਦੇਣੀ। ਮੈਂ ਕਿਹਾ ਤਾਂ ਆਹ ਫੜ ਆਪਣੀ ਨੌਕਰੀ। ਫਿਰ ਜਦੋਂ ਬਾਕੀ ਮੁੰਡਿਆਂ ਨੂੰ ਪਤਾ ਲੱਗਾ ਕਿ ਮੈਂ ਨੌਕਰੀ ਛੱਡ ਦਿੱਤੀ ਹੈ ਤਾਂ ਸਾਰਿਆਂ ਨੇ ਪ੍ਰੋਫੈਸਰਾਂ ਨੂੰ ਕਿਹਾ। ਉਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸਾਹਿਬ ਨਾਲ ਗੱਲ ਕੀਤੀ ਤੇ ਮੈਨੂੰ “ਲੈਬ ਅਸਿਸਟੈਂਟ” ਦੀ ਨੌਕਰੀ ਮਿਲ ਗਈ। ਮੈਨੂੰ ਸਾਇੰਸ ਦਾ ਕੁੱਝ ਪਤਾ ਹੀ ਨਹੀਂ ਸੀ ਕਿਉਂਕਿ ਮੈਂ ਤਾਂ ਆਰਟ ਦਾ ਸਟੂਡੈਂਟ ਸੀ। ਉਸ ਤੋਂ ਬਾਅਦ ਟਿਵਾਣਾ ਸਾਹਿਬ (ਹਰਪਾਲ ਟਿਵਾਣਾ) ਨਾਲ ਮੁਲਾਕਾਤ ਹੋਈ। ਉਨ੍ਹਾਂ ਨੇ ਮੈਨੂੰ ਜੱਜ ਦੇ ਤੌਰ ਤੇ ਯੂਥ ਫੈਸਟੀਵਲ ਵਿਚ ਦੇਖਿਆ ਹੋਇਆ ਸੀ । ਫਿਰ ਮੈਂ ਕਾਲਜ ਦੀ ਨੌਕਰੀ ਛੱਡ ਕੇ ਉਨ੍ਹਾਂ ਨਾਲ ਹੀ ਥਿਏਟਰ ਵਿਚ ਫੁੱਲ ਟਾਇਮ ਕੰਮ ਕਰਨ ਲੱਗਾ। ਤਿੰਨ ਸਾਲ ਲਾਏ। ਉਨ੍ਹਾਂ ਨਾਲ ਹੀ ਪਹਿਲੀ ਵਾਰੀ ਬੰਬਈ ਗਏ। ਇਹ ਸ਼ਾਇਦ 1968-69 ਦੀ ਗੱਲ ਹੈ। ਪੂਨੇ ਸ਼ੋਅ ਕੀਤਾ ਸੀ। ਕਾਫੀ ਚੰਗੇ ਪਲੇਅ ਕੀਤੇ ਸਨ।

ਸਵਾਲ: ਕਾਲਜ ਵਿਚ ਕਿਹੋ ਜਿਹੇ ਨਾਟਕ ਕਰਦੇ ਸੀ?
ਜਵਾਬ: ਕਪੂਰ ਸਿੰਘ ਘੁੰਮਣ ਦਾ ਕੀਤਾ ਸੀ “ਅਣਹੋਣੀ”। ਇਕ ਵੰਨ ਐਕਟ ਸੀ “ਸਮੁੰਦਰੋਂ ਪਾਰ”। ਪਹਿਲਾਂ ਪਹਿਲ ਕਪੂਰ ਸਿੰਘ ਘੁੰਮਣ ਦੇ ਹੀ ਕੀਤੇ ਤਿੰਨ ਚਾਰ। ਥਿਏਟਰ ਦਾ ਕੀੜਾ ਟਿਵਾਣਾ ਸਾਹਿਬ ਕੋਲ ਆਕੇ ਪੱਕ ਗਿਆ। ਸਕੂਲ ਟਾਇਮ ਤੇ ਤਾਂ ਆਰਮੀ ਵਿਚ ਜਾਣ ਦੀ ਦਿਲਚਸਪੀ ਸੀ, ਫੌਜੀ ਬਣਨ ਦੀ। ਮੈਂ ਫੌਜੀਆਂ ਨੂੰ ਇਉਂ ਦੇਖਦਾ ਹੁੰਦਾ ਸੀ ਜਿਵੇਂ ਲੋਕ ਫਿਲਮ ਸਟਾਰਾਂ ਨੂੰ ਦੇਖਦੇ ਹਨ। ਕਿਤੇ ਰੇਲਵੇ ਸਟੇਸ਼ਨ ਤੇ ਕੋਈ ਲੈਫਟੀਨੈਂਟ ਦਿਸ ਪੈਣਾ ਵਧੀਆ ਮੁੱਛਾਂ ਵਾਲਾ, ਸਿਤਾਰੇ ਆਦਿ ਲਗਾਏ ਹੋਣੇ ਤੇ ਫੱਬਦੀ ਪੱਗ ਬੰਨ੍ਹੀ ਜਾਂ ਟੋਪੀ ਪਾਈ ਹੋਣੀ ਤਾਂ ਉੁਹ ਮੈਨੂੰ ਬੜਾ ਹੀ ਚੰਗਾ ਲੱਗਣਾ। ਨਾਲੇ ਉਹਨੀਂ ਦਿਨੀ ਲੋਕੀਂ ਫੌਜੀਆਂ ਨੂੰ ਮੰਨਦੇ ਵੀ ਸੀ ਤੇ ਪਿਆਰ ਵੀ ਬਹੁਤ ਕਰਦੇ ਸਨ। ਸਕੂਲ ਵਿਚ ਐਨ. ਸੀ. ਸੀ. ਤੇ ਸਕਾਉਟ ਵਗੈਰਾ ਵੀ ਜੁਆਇਨ ਕੀਤੇ। ਮੈਂ ਮਨੀਟਰ ਹੁੰਦਾ ਸੀ ਤੇ ਖੇਡਾਂ ਵਿਚ ਵੀ ਚੰਗਾ ਵਧੀਆ ਹੁੰਦਾ ਸੀ।

ਸਵਾਲ: ਫਿਰ ਟਿਵਾਣਾ ਸਾਹਿਬ ਨਾਲ ਨਾਟਕ ਹੀ ਕੀਤੇ ਜਾਂ ਕਿਤੇ ਕੋਈ ਹੋਰ ਕੰਮ ਜਾਂ ਨੌਕਰੀ ਵੀ ਕਰਦੇ ਸੀ?
ਜਵਾਬ: ਨਹੀਂ ਪੂਰਾ ਵਕਤ ਨਾਟਕ ਹੀ ਕੀਤੇ। ਭਾਵ ਝਾੜੂ ਤੋਂ ਲੈ ਕੇ ਟੁਆਲਿਟ ਸਾਫ ਕਰਨ ਤੱਕ ਕਿਸੇ ਚੀਜ਼ ਦੀ ਕੋਈ ਸ਼ਰਮ ਨਹੀਂ ਸੀ। ਪੋਸਟਰ ਵੀ ਲਿਖਦੇ ਸੀ ਤੇ ਪੋਸਟਰ ਡਿਜ਼ਾਈਨ ਵੀ ਕਰਦੇ ਸੀ। ਮਤਲਬ ਕਿ ਥਿਏਟਰ ਦਾ ਪੂਰਾ ਕੰਮ। ਮੈਂ ਹੀ ਇਕ ਬੰਦਾ ਸੀ ਜਿਸਨੂੰ ਤਨਖਾਹ ਮਿਲਦੀ ਸੀ। ਬੈਕ ਸਟੇਜ ਦਾ ਪੂਰਾ ਕੰਮ ਮੈਂ ਕਰਦਾ ਸੀ। ਪਰਫਾਰਮੈਂਸ ਦੇ ਪੈਸੇ ਮੈਨੂੰ ਨਹੀਂ ਮਿਲਦੇ ਸਨ। ਉਥੋਂ ਬਾਅਦ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਜੁਆਇਨ ਕੀਤਾ। ਤਿੰਨ ਸਾਲ ਤੋਂ ਬਾਅਦ ਮੈਂ ਇਕ ਸਾਲ ਫਰੀਲਾਂਸ ਦਿੱਲੀ ਵਿਚ ਰਿਹਾ, ਉਦੋਂ ਮੈਂ ਇਹੋ ਹਮਾਰਾ ਜੀਵਣਾ ਨਾਟਕ ਡਾਇਰੈਕਟ ਕੀਤਾ ਸੀ।

ਸਵਾਲ: ਉਥੇ ਹੋਰ ਡਾਇਰੈਕਟਰਾਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ?
ਜਵਾਬ: ਬਾਹਰੋਂ ਵੀ ਡਾਇਰੈਕਟਰ ਆਉਂਦੇ ਸਨ ਜਿਵੇਂ ਜਰਮਨੀ ਤੋਂ “ਫਿੱਟਸ ਬੈਨੇਵਰਤਜ਼” ਆਇਆ। ਫਿਰ ਇਕ ਬ੍ਰਾਜ਼ੀਲੀਅਨ ਡਾਇਰੈਕਟਰ ਆਇਆ ਸੀ ਜਿਸਨੇ ਇਕ ਪਲੇਅ ਕੀਤਾ ਸੀ “ਟਰੂ ਹੌਰਸ” ਹਿੰਦੀ ਵਿਚ। ਫਿਰ ਇਕ ਜਾਪਾਨੀ ਡਾਇਰੈਕਟਰ ਆਇਆ ਸੋਲਜਨਸਾਤੋ, ਉਸਨੇ ਹਿੰਦੀ ਵਿਚ “ਕਾਬੂਕੀ” ਨਾਮ ਦਾ ਪਲੇਅ ਕੀਤਾ। ਬਾਕੀ ਫਿਰ ਗਿਰੀਸ਼ ਕਰਨਾਰਡ, ਪੀ. ਐਲ਼ ਦੇਸ਼ਪਾਂਡੇ ਆਦਿ ਵੀ ਗੈਸਟ ਡਾਇਰੈਕਟਰਾਂ ਦੇ ਤੌਰ ਤੇ ਆਉਂਦੇ ਰਹਿੰਦੇ ਸਨ। ਸੋ ਇਟ ਵਾਜ਼ ਏ ਵੈਰੀ ਥੌਰੋ ਪ੍ਰੋਫੈਸ਼ਨਲ ਟ੍ਰੇਨਿੰਗ। ਮਤਲਬ ਮੈਂ ਅੱਜ ਜੋ ਵੀ ਹਾਂ ਉਹ ਨੈਸ਼ਨਲ ਸਕੂਲ ਆਫ ਡਰਾਮਾ ਦੀ ਵਜਹ ਨਾਲ ਹਾਂ। ਉਸਤੋਂ ਪਹਿਲਾਂ ਜੜ੍ਹ ਟਿਵਾਣਾ ਸਾਹਿਬ ਨੇ ਲਾਈ ਸੀ।

ਸਵਾਲ: ਜੋ ਕੁੱਝ ਤੁਸੀਂ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਜਾਣ ਤੋਂ ਪਹਿਲਾਂ ਸਿੱਖਿਆ ਸੀ, ਕੀ ਉਹ ਆਧਾਰ ਤੁਹਾਡੇ ਉਥੇ ਜਾਣ ਲਈ ਕਾਫੀ ਸੀ ਜਾਂ ਉੱਥੇ ਜਾਕੇ ਤੁਹਾਨੂੰ ਬਾਕੀਆਂ ਨਾਲੋਂ ਜ਼ਿਆਦਾ ਮਿਹਨਤ ਕਰਨੀ ਪਈ?
ਜਵਾਬ: ਪ੍ਰੈਕਟੀਕਲ ਤਜ਼ਰਬਾ ਤਾਂ ਮੇਰਾ ਸਾਰਿਆਂ ਤੋਂ ਜ਼ਿਆਦਾ ਸੀ ਜਿਵੇਂ ਐਕਟਿੰਗ, ਇਮਪਰੋਵਾਈਜੇਸ਼ਨ, ਸਪੀਚ ਆਦਿ ਵਿਚ ਮੇਰੇ ਚੰਗੇ ਨੰਬਰ ਹੁੰਦੇ ਸਨ। ਥਿਊਰੀ ਕਮਜ਼ੋਰ ਸੀ ਅਤੇ ਉਸ ਤੋਂ ਇਲਾਵਾ ਅੰਗ੍ਰੇਜ਼ੀ ਬਹੁਤ ਕਮਜ਼ੋਰ ਸੀ। ਭਾਵੇਂ ਮੈਂ ਕਾਲਜ ਪਾਸ ਕੀਤਾ ਸੀ ਪਰ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਵਿਚ ਪੰਜਾਬੀ ਬੋਲੀਦੀ ਸੀ। ਸੋ ਅੰਗ੍ਰੇਜ਼ੀ ਦੀ ਬਿਲਕੁਲ ਪ੍ਰੈਕਟਿਸ ਨਹੀਂ ਸੀ ਤੇ ਸਾਰੀਆਂ ਕਲਾਸਾਂ ਅੰਗ੍ਰੇਜ਼ੀ ਵਿਚ ਹੀ ਹੁੰਦੀਆਂ ਸਨ। ਇਸ ਲਈ ਮੈਨੂੰ ਜ਼ਰਾ ਕੰਪਲੈਕਸ ਮਹਿਸੂਸ ਹੁੰਦਾ ਸੀ। ਬਾਕੀ ਕਾਨਵੈਂਟ ਦੇ ਪੜ੍ਹੇ ਹੁੰਦੇ ਸਨ ਜਿਵੇਂ ਨਸੀਰ (ਨਸੁਰਦੀਨ ਸ਼ਾਹ) ਵਗੈਰਾ, ਇਹ ਸਾਰੇ ਪੱਟ ਪੱਟ ਅਗ੍ਰੇਜ਼ੀ ਬੋਲਦੇ ਸਨ। ਸੋ ਪਹਿਲਾਂ ਜ਼ਰਾ ਔਖ ਹੋਈ। ਸਾਡੇ ਟੀਚਰ ਐਮ. ਕੇ. ਰੈਣਾ ਨੇ ਮੇਰੀ ਬੈਕਗਰਾਉਂਡ ਬਾਰੇ ਪਤਾ ਕੀਤਾ ਤੇ ਉਸਨੇ ਮੈਨੂੰ ਉਤਸ਼ਾਹਿਤ ਕੀਤਾ ਕਿ ਜਦੋਂ ਵੀ ਮੈਨੂੰ ਅੰਗ੍ਰੇਜ਼ੀ ਬੋਲਣ ਵਿਚ ਮੁਸ਼ਕਿਲ ਆਵੇ ਤਾਂ ਮੈਂ ਹਿੰਦੀ ਜਾਂ ਪੰਜਾਬੀ ਬੋਲਣ ਲੱਗ ਪਿਆ ਕਰਾਂ। ਜੇ ਉਸਨੂੰ ਮੇਰੀ ਗੱਲ ਸਮਝ ਨਹੀਂ ਆਵੇਗੀ ਤਾਂ ਉਹ ਆਪੇ ਹੀ ਦੂਜਿਆਂ ਤੋਂ ਪੁੱਛ ਲਿਆ ਕਰੇਗਾ। ਇਸ ਨਾਲ ਮੈਨੁੰ ਕਾਫੀ ਸੌਖ ਮਹਿਸੂਸ ਹੋਈ। ਨਾਲ ਹੀ ਉਸਨੇ ਮੈਨੂੰ ਇਹ ਵੀ ਕਿਹਾ ਕਿ ਅੰਗ੍ਰੇਜ਼ੀ ਵੀ ਇਕ ਜ਼ਰੂਰੀ ਚੀਜ਼ ਹੈ ਕਿਉਂਕਿ ਇਹ ਦੁਨੀਆਂ ਦੀ ਭਾਸ਼ਾ ਹੈ। ਉਸਨੇ ਮੈਨੂੰ ਅੰਗ੍ਰੇਜ਼ੀ ਵਿਚ ਰੇਡੀਓ ਦੀਆਂ ਖਬਰਾਂ ਸੁਣਨ ਤੇ ਅਖਬਾਰ ਤੇ ਕਿਤਾਬਾਂ ਉੱਚੀ ਉੱਚੀ ਪੜ੍ਹਨ ਦੀ ਸਲਾਹ ਦਿੱਤੀ।

ਸਵਾਲ: ਨੈਸ਼ਨਲ ਸਕੂਲ ਆਫ ਡਰਾਮਾ ਤੋਂ ਬਾਅਦ?
ਜਵਾਬ: ਇਕ ਸਾਲ ਰੈਪਰਟਰੀ ‘ਚ ਕੰਮ ਕੀਤਾ ਜੋ ਬਹੁਤ ਔਖਾ ਨਿਕਲਿਆ। ਫਿਰ ਮੈਂ ਗਿਆ ਫਿਲਮ ਇੰਸਟੀਚਿਊਟ। ਇਹ 1974 ਦੀ ਗੱਲ ਹੈ ਕਿਉਂਕਿ ਜੇਕਰ ਥਿਏਟਰ ਕਰਨਾ ਸੀ ਤਾਂ ਪਹਿਲਾਂ ਦਿਨ ਨੂੰ ਨੌਕਰੀ ਕਰਨੀ ਪੈਣੀ ਸੀ ਤੇ ਰਾਤ ਨੂੰ ਥਿਏਟਰ। ਪੰਜਾਬੀ, ਹਿੰਦੀ ਵਿਚ ਪ੍ਰੋਫੈਸ਼ਨਲ ਥਿਏਟਰ ਹੈ ਨਹੀਂ। ਪੰਜਾਬ ਵਿਚ ਟਿਵਾਣਾ ਸਾਹਿਬ ਨੇ ਮਾੜੀ ਮੋਟੀ ਆਦਤ ਪਾਈ ਹੈ ਲੋਕਾਂ ਨੂੰ ਪੈਸੇ ਖਰਚ ਕੇ ਡਰਾਮਾ ਦੇਖਣ ਦੀ ਪਰ ਫਿਰ ਵੀ ਲੋਕ ਪਾਸ ਵਗੈਰਾ ਹੀ ਭਾਲਦੇ ਰਹਿੰਦੇ ਸਨ। ਲੋਕਾਂ ਨੂੰ ਨਾਟਕ ਦੇਖਣ ਲਈ ਤਿੰਨ ਰੁਪੈ ਖਰਚਣੇ ਵਾਧੂ ਲੱਗਦੇ ਸਨ। ਜੇ ਮੈਂ ਬੰਗਾਲੀ ਹੁੰਦਾ ਤਾਂ ਠੀਕ ਸੀ ਕਿਉਂਕਿ ਬੰਗਾਲੀ ਵਿਚ ਪ੍ਰੋਫੈਸ਼ਨਲ ਥਿਏਟਰ ਹੈ ਸੀ ਜਾਂ ਗੁਜਰਾਤੀ ਵਿਚ ਜਾਂ ਮਰਾਠੀ ਵਿਚ ਸੀ। ਆਪਣੇ ਪੰਜਾਬ ਵਿਚ ਪ੍ਰੋਫੈਸ਼ਨਲ ਥਿਏਟਰ ਦੀ ਰਵਾਇਤ ਨਹੀਂ ਰਹੀ।

ਸਵਾਲ: ਤੁਹਾਨੂੰ ਇਹ ਫੈਸਲਾ ਕਰਨ ਵਿਚ ਕੋਈ ਮੁਸ਼ਕਿਲ ਆਈ ਕਿ ਥਿਏਟਰ ਨਾਲੋਂ ਫਿਲਮ ਵਿਚ ਜਾਣਾ ਹੈ?
ਜਵਾਬ: ਉਨ੍ਹਾਂ ਦਿਨਾਂ ਵਿਚ ਮਿਡਲ ਸਿਨਮੇ ਦੀ ਮੂਵਮੈਂਟ ਚੱਲੀ ਸੀ ਅਤੇ ਰਿਸ਼ੀਕੇਸ਼ ਮੁਕਰਜ਼ੀ, ਗੁਲਜ਼ਾਰ, ਬਾਸੂ ਚੈਟਰਜੀ, ਬਾਸੂ ਭੱਟਾਚਾਰੀਆ ਆਦਿ ਦੀਆਂ ਫਿਲਮਾਂ ਬਣਨ ਲੱਗੀਆਂ ਸਨ। ਬਾਅਦ ਵਿਚ ਬੈਨੇਗਲ ਤੇ ਗੋਬਿੰਦ ਨਿਹਲਾਨੀ ਆਦਿ ਆਫ ਬੀਟ ਫਿਲਮਾਂ ਤੋਂ ਆਕੇ ਮਿਡਲ ਸਿਨਮੇ ਵੱਲ ਹੋਏ ਸਨ। ਇਹ ਸਿਨਮਾ ਜ਼ਿਆਦਾ ਸੱਟ ਮਾਰਦਾ ਸੀ। ਭਾਵੇ ਸਿਆਸੀ ਸੰਕੇਤ (ਪੋਲੀਟੀਕਲ ਕੌਨੋਟੇਸ਼ਨ) ਨਹੀਂ ਸੀ ਪਰ ਥੀਮ ਬੜੇ ਪਾਵਰਫੁੱਲ ਸਨ। ਜਿਵੇਂ: ਅੰਕੁਰ, ਨਿਸ਼ਾਂਤ । ਮੇਰਾ ਧਿਆਨ ਉਧਰ ਗਿਆ। ਪਹਿਲਾਂ ਤਾਂ ਇਹ ਸੀ ਕਿ ਥਿਏਟਰ ਨਾਲ ਬਹੁਤ ਪਿਆਰ ਰੱਖਿਆ ਤੇ ਫਿਲਮ ਗੰਦੀ ਚੀਜ਼ ਲੱਗਦੀ ਸੀ ਕਿਉਂਕਿ ਜਿਆਦਾਤਰ ਵਾਹ ਪੰਜਾਬ ਵਿਚ ਵੀ ਤੇ ਬਾਹਰ ਵੀ ਕਮਰਸ਼ੀਅਲ ਸਿਨਮਾ ਨਾਲ ਪਿਆ ਸੀ। ਕੁਝ ਆਫ ਬੀਟ ਫਿਲਮਾਂ ਮੈਂ ਪੰਜਾਬ ਵਿਚ ਵੀ ਦੇਖੀਆਂ ਸਨ ਜਿਵੇਂ ਆਖਰੀ ਖੱਤ, ਜਾਗਤੇ ਰਹੋ, ਹੀਰ ਰਾਂਝਾ ਆਦਿ।

ਫਿਰ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਸਾਨੂੰ ਦੁਨੀਆਂ ਭਰ ਦੀਆਂ ਫਿਲਮਾਂ ਦੇਖਣ ਦਾ ਮੌਕਾ ਮਿਲਿਆ। ਸਾਨੂੰ ਸਾਲ ਵਿਚ ਇਕ ਵਾਰ ਪੁਰਾਣੀਆਂ ਜਿਵੇਂ ਸਤਿਆਜੀਤ ਰੇਅ ਦੀਆਂ ਫਿਲਮਾਂ ਦਿਖਾਉਂਦੇ ਸਨ। ਉਨ੍ਹਾਂ ਫਿਲਮਾਂ ਨੂੰ ਦੇਖ ਕੇ ਲੱਗਿਆ ਕਿ ਮੀਡੀਅਮ ਦਾ ਕੋਈ ਕਸੂਰ ਨਹੀਂ ਸਗੋਂ ਫਿਲਮਾਂ ਬਣਾਉਣ ਵਾਲਿਆਂ ਦਾ ਕਸੂਰ ਹੈ। ਸੋ ਇਸ ਤਰ੍ਹਾਂ ਨਾਲ ਫਿਲਮਾਂ ਵੱਲ ਝੁਕਾਅ ਹੋ ਗਿਆ। ਨਾਲੇ ਗੱਲ ਆਰਥਿਕਤਾ ਦਾ ਵੀ ਸੀ। ਮੇਰਾ ਝੁਕਾਅ ਕਮਰਸ਼ੀਅਲ ਸਿਨਮੇ ਵਲ ਨਹੀਂ ਸੀ। ਮੈਨੂੰ ਲੱਗਦਾ ਸੀ ਕਿ ਜ਼ਿੰਦਗੀ ਦੀਆਂ ਮੇਰੀਆਂ ਬੇਸਿਕ ਲੋੜਾਂ ਸਿਨਮਾ ਦੇ ਸਕਦਾ ਹੈ ਥਿਏਟਰ ਨਹੀਂ। ਉਂਝ ਕੋਈ ਵੱਡੀਆਂ ਆਰਥਿਕ ਖਾਹਸ਼ਾਂ ਨਹੀਂ ਸਨ। ਸੋ ਜਦੋਂ ਮੈਂ ਬੰਬਈ ਪਹੁੰਚਿਆ ਵੀ ਤਾਂ ਕਿਸੇ ਪ੍ਰੋਡਿਉਸਰ ਨੂੰ ਨਹੀਂ ਮਿਲਿਆ ਸਿਵਾਏ ਸ਼ਿਆਮ ਬੈਨੇਗਲ ਦੇ। ਮੈਂ ਕਿਸੇ ਪ੍ਰੋਡਿਉਸਰ ਕੋਲ ਆਪਣੀਆਂ ਤਸਵੀਰਾਂ ਨਹੀਂ ਲੈ ਕੇ ਗਿਆ। ਮੈਂ ਉਸ ਨੂੰ ਕਿਹਾ ਕਿ ਮੈਂ ਇੰਡੀਆ ਦਾ ਮੋਸਟ ਕੁਆਲੀਫਾਈਡ ਐਕਟਰ ਹਾਂ, ਤਿੰਨ ਸਾਲ ਨੈਸ਼ਨਲ ਸਕੂਲ ਆਫ ਡਰਾਮਾ ਤੇ ਦੋ ਸਲਾ ਫਿਲਮ ਇੰਸਟੀਚਿਊਟ ਵਿਚ ਰਿਹਾ ਹਾਂ, ਮੈਨੂੰ ਕੰਮ ਦਿਉ। ਮੈਨੂੰ ਪਤਾ ਸੀ ਕਿ ਕਮਰਸ਼ੀਅਲ ਸਿਨਮੇ ਵਿਚ ਮੇਰੇ ਚਿਹਰੇ ਨੂੰ ਲੈ ਕੇ ਉਨ੍ਹਾਂ ਨੂੰ ਬਹੁਤ ਔਖ ਹੋਣੀ ਸੀ ਕਿ ਇਸ ਬੰਦੇ ਨੂੰ ਪਾਈਏ ਕਿੱਥੇ, ਨਾਂ ਤਾਂ ਇਹ ਵਿਲਨ ਲੱਗਦਾ ਹੈ ਨਾਂ ਇਹ ਹੀਰੋ ਲੱਗਦਾ ਹੈ ਤੇ ਨਾ ਕਮੇਡੀਅਨ।

ਸੋ ਮੈਂ ਬੰਬੇ ਜਾ ਕੇ ਥਿਏਟਰ ਸ਼ੁਰੂ ਕਰ ਦਿੱਤਾ। “ਮਜ੍ਹਮਾ” ਦੇ ਨਾਮ ਥੱਲੇ। ਤਿੰਨ ਚਾਰ ਸਾਲਾਂ ਵਿਚ 15-20 ਪਲੇਅ ਕੀਤੇ। ਉਹ ਪਲੇਅ ਇਕ ਦੋ ਵਾਰੀ ਸ਼ਿਆਮ ਬੈਨੇਗਲ ਨੇ ਵੀ ਦੇਖੇ। ਇਸ ਸਦਕਾ ਛੋਟੇ ਛੋਟੇ ਰੋਲ ਕੀਤੇ, ਇਕ ਦੋ ਵਾਰੀ ਉਸ ਦੀਆਂ ਫਿਲਮਾਂ ਵਿਚ। “ਆਕਰੋਸ਼” ਵਾਜ਼ ਏ ਬਰੇਕਥਰੂ। ਇਸ ਫਿਲਮ ਕਰਕੇ ਬਾਕੀ ਬੰਦਿਆਂ, ਜਿਵੇਂ ਸਤਿਆਜੀਤ ਰੇਅ, ਆਦਿ ਦਾ ਮੇਰੇ ਵੱਲ ਧਿਆਨ ਗਿਆ ਕਿ ਇਹ ਟੇਲੇਂਟਡ ਬੰਦਾ ਹੈ। ਫਿਰ ਉਨ੍ਹਾਂ ਦੀਆਂ ਫਿਲਮਾਂ ਵਿਚ ਕੰਮ ਕੀਤਾ। “ਅਰਧ ਸੱਤਿਆ” ਬਨਣ ਨਾਲ ਮੈਨੂੰ ਕਮਰਸ਼ੀਅਲ ਸਿਨਮੇ ਨੇ ਵੀ ਕਬੂਲ ਕਰ ਲਿਆ।

ਸਵਾਲ: ਜੋ ਪਹਿਲੀਆਂ ਛੋਟੀਆਂ ਛੋਟੀਆਂ ਫਿਲਮਾਂ ਦੀ ਗੱਲ ਕੀਤੀ ਹੈ ਉਹ ਕਿਹੜੀਆਂ ਸਨ?
ਜਵਾਬ: ਰਿਲੀਜ਼ ਹੋਣ ਵਾਲੀ ਪਹਿਲੀ ਸੀ “ਸ਼ਾਇਦ”। ਉਸ ਵਿਚ ਇਕ ਅਨਇੰਪਲਾਇਡ ਤੇ ਕੌਮਿਕ ਕਿਸਮ ਦਾ ਪਿਆਰਾ ਜਿਹਾ ਕਰੈਕਟਰ ਸੀ। ਗਾਣੇ ਵੀ ਸਨ ਉਸ ਫਿਲਮ ਵਿਚ। ਜਾਣੀਕਿ ਉਹ ਇਕ ਸੈਮੀ ਕਮਰਸ਼ੀਅਲ ਫਿਲਮ ਸੀ।

ਸਵਾਲ: ਜਿਤਨੀ ਦੇਰ ਤੁਸੀਂ ਫਿਲਮ ਇੰਸਟੀਚੀਊਟ ਵਿਚ ਰਹੇ ਉਸ ਦੌਰਾਨ ਵੀ ਕੋਈ “ਆਫਰ” ਆਈ?
ਜਵਾਬ: ਫਿਲਮ ਇੰਸਟੀਚੀਊਟ ਦਾ ਸਪਲਾਈ ਐਂਡ ਡੀਮਾਂਡ ਵਾਲਾ ਕਨਸੈਪਟ ਸੀ। ਬਲਕਿ ਉੱਥੇ ਮੇਰੇ ਦਾਖਲੇ ਬਾਰੇ ਵੀ ਥੋੜ੍ਹੀ ਕੰਟਰੋਵਰਸੀ ਸੀ ਕਿ ਇਸ ਬੰਦੇ ਨੂੰ ਇੰਡਸਟਰੀ ਵਿਚ ਭੇਜ ਕੇ ਇਸਦੀ ਜ਼ਿੰਦਗੀ ਖਰਾਬ ਕਰਨ ਵਾਲੀ ਗੱਲ ਹੈ ਕਿਉਂਕਿ ਇਸਨੇ ਕਿਤੇ ਫਿੱਟ ਨਹੀਂ ਹੋਣਾ। ਉਦੋਂ ਗਿਰੀਸ਼ ਕਰਨਾਰਡ ਵੀ ਉਨ੍ਹਾਂ ਦੇ ਬੋਰਡ ਵਿਚ ਸੀ। ਉਸਨੇ ਕਿਹਾ ਕਿ ਇਹ ਫੈਸਲਾ ਕਰਨ ਵਾਲੇ ਆਪਾਂ ਕੌਣ ਹੁੰਦੇ ਹਾਂ? ਆਪਾਂ ਤਾਂ ਟੇਲੇਂਟਿਡ ਬੰਦਾ ਦਾਖਲ ਕਰਨਾ। ਉਹਦਾ ਨੱਕ ਮੋਟਾ ਹੈ ਜਾਂ ਚਿਹਰੇ ਉਪਰ ਦਾਗ ਹਨ ਆਦਿ ਗੱਲਾਂ ਇਹ ਸਾਡੀ ਪਰੋਬਲਮ ਨਹੀਂ। ਇਸ ਗੱਲ ਦਾ ਮੈਨੂੰ ਬਾਅਦ ਵਿਚ ਪਤਾ ਲੱਗਾ। ਉੱਥੇ ਐਟੀਚਿਊਡ ਇਹ ਹੁੰਦਾ ਕਿ ਇੰਡਸਟਰੀ ਨੂੰ ਵਿਲੇਨ ਚਾਹੀਦੇ ਹਨ, ਹੀਰੋ ਚਾਹੀਦੇ ਹਨ, ਕਮੇਡੀਅਨ ਚਾਹੀਦੇ ਹਨ ਵਗੈਰਾ ਵਗੈਰਾ। ਹੋ ਸਕਦਾ ਹੈ ਕਿ ਕਿਸੇ ਹੱਦ ਤੱਕ ਉਹ ਠੀਕ ਵੀ ਹੋਣ। ਜੇਕਰ ਬੰਦਿਆਂ ਨੂੰ ਮੁਹਰੇ ਕੰਮ ਨਾ ਮਿਲੇ ਤਾਂ ਕਿਉਂ ਉਨ੍ਹਾਂ ਨੂੰ ਟਰੇਂਡ ਕਰ ਕਰ ਸੁੱਟੀ ਜਾਉ। ਇਸ ਕਰਕੇ ਫਿਲਮ ਇੰੰਸਟੀਚੀਊਟ ਦੀਆਂ ਫਿਲਮਾਂ ਵਿਚ ਮੈਨੂੰ ਤੇ ਨਸੀਰ ਨੂੰ ਰੋਲ ਘੱਟ ਮਿਲਦਾ ਸੀ। ਗਾਣੇ ਲਈ ਤਾਂ ਸਾਡੇ ਬਾਰੇ ਸੋਚਿਆ ਹੀ ਨਹੀਂ ਜਾਂਦਾ ਸੀ। ਨਸੀਰ ਨੂੰ ਫਿਰ ਦੂਜੇ ਸਾਲ ਵਿਚ ਇਕ ਦੋ ਗਾਣੇ ਮਿਲੇ ਸਨ ਤੇ ਮੈਨੂੰ ਵੀ ਇਕ ਗਾਣਾ ਸੁਰਿੰਦਰ ਢੱਡਾ ਨੇ ਫਿਲਮ ਇੰਸਟੀਚੀਊਟ ਦੀ ਫਿਲਮ ਵਿਚ ਦਿੱਤਾ। ਇਹ ਫਿਲਮਾਂ ਡਿਪਲੋਮਾ ਫਿਲਮਾਂ ਕਹਾਉਂਦੀਆਂ ਸਨ।

ਮੇਰੇ ਫਿਲਮ ਇੰਸਟੀਚੀਊਟ ਜਾਣ ਬਾਰੇ ਵੀ ਇਕ ਦਿਲਚਸਪ ਕਹਾਣੀ ਹੈ। ਸਾਡੇ ਇਕ ਬੀਬੀ ਹੁੰਦੀ ਸੀ ਉਸਦਾ ਇਕ ਇੰਡਸਟਰੀਅਲਿਸਟ ਦੋਸਤ ਸੀ ਜਿਸਨੇ ਮੈਨੂੰ ਹੈਮਲੈਟ ਨਾਟਕ ਵਿਚ ਦੇਖਿਆ ਸੀ। ਉਸਨੇ ਮੈਨੂੰ ਆਫਰ ਕੀਤੀ ਕਿ ਜੇ ਮੈਂ ਫਿਲਮ ਇੰਸਟੀਚੀਊਟ ਜਾਣਾ ਚਾਹਾਂ ਤਾਂ ਉਹ ਮੇਰਾ ਖਰਚ ਦੇਵੇਗਾ। ਉਸਨੇ ਮੈਨੂੰ ਇਕ ਮਹੀਨੇ ਦਾ ਤਿੰਨ ਸੌ ਰੁਪਿਆ ਐਡਵਾਂਸ ਦੇ ਦਿੱਤਾ ਪਰ ਬਾਅਦ ਵਿਚ ਮੈਨੂੰ ਕੋਈ ਪੈਸਾ ਨਹੀਂ ਭੇਜਿਆ। ਸੋ ਇਸ ਤਰ੍ਹਾਂ ਉਸਨੇ ਮੈਨੂੰ ਧੱਕਾ ਦੇ ਕੇ ਫਿਲਮ ਇੰਸਟੀਚੀਊਟ ਵਿਚ ਦਾਖਲ ਕਰਵਾ ਦਿੱਤਾ ਅਤੇ ਬਾਕੀ ਟਾਈਮ ਤਾਂ ਕਿਸੇ ਨਾ ਕਿਸੇ ਤਰ੍ਹਾਂ ਲੰਘ ਹੀ ਗਿਆ। ਪਹਿਲੇ ਸਾਲ ਜ਼ਰਾ ਔਖ ਹੋਈ। ਪੰਜਾਬ ਗੌਰਮਿੰਟ ਨੇ ਵੀ ਮੈਨੂੰ ਵਜੀਫਾ ਸੈਂਕਸ਼ਨ ਕਰ ਦਿੱਤਾ ਪਰ ਉਹ ਆਇਆ ਉਦੋਂ ਜਦੋਂ ਮੈਂ ਫਿਲਮ ਇੰਸਟੀਚੀਊਟ ਪਾਸ ਕਰ ਲਿਆ। ਉਹ ਪੈਸਾ ਬੰਬੇ ਮੇਰੇ ਕੰਮ ਆਇਆ। ਪਰ ਇੰਸਟੀਚੀਊਟ ਵਿਚ ਦੋਸਤਾਂ ਮਿੱਤਰਾਂ ਦੇ ਸਿਰ ਉੱਪਰ ਹੀ ਕੰਮ ਚਲਿਆ। ਜਿਵੇਂ ਨਸੀਰ ਸੀ, ਇਕ ਦੋ ਹੋਰ ਦੋਸਤ ਸਨ। ਮੇਰੇ ਫਾਦਰ ਨੇ ਵੀ ਕੁੱਝ ਪੈਸੇ ਭੇਜੇ ਸਨ। ਫਿਰ ਗਿਰੀਸ਼ ਕਰਨਾਰਡ ਨੇ ਮੈਨੂੰ ਆਫਿਸ ਬੁਲਾ ਕੇ ਕਿਹਾ ਕਿ ਛੁੱਟੀਆਂ ਵਿਚ ਇਕ ਫਿਲਮ ਕਰ ਲੈ। ਹਾਲਾਂਕਿ ਜਿੰਨਾ ਚਿਰ ਅਸੀਂ ਵਿਦਿਆਰਥੀ ਸਾਂ ਉਨਾ ਚਿਰ ਬਾਹਰ ਕੰਮ ਨਹੀਂ ਕਰ ਸਕਦੇ ਸੀ। ਪਰ ਉਸਨੇ ਮੈਨੂੰ ਇਕ ਬੱਚਿਆਂ ਦੀ ਫਿਲਮ ਦਿਵਾ ਦਿੱਤੀ। ਉਸਦਾ ਮੈਨੂੰ ਤਕਰੀਬਨ ਸਾਢੇ ਤਿੰਨ ਹਜ਼ਾਰ ਰੁਪਿਆ ਮਿਲ ਗਿਆ ਜਿਸ ਨਾਲ ਮੇਰਾ ਪੂਰਾ ਸਾਲ ਲੰਘ ਗਿਆ।

ਸਵਾਲ: ਤੁਸੀਂ ਜ਼ਿਆਦਾ ਆਰਟ ਫਿਲਮਾਂ ਕੀਤੀਆਂ ਹਨ। ਕੀ ਆਰਟ ਫਿਲਮਾਂ ਵਿਚ ਕੰਮ ਕਰਨ ਦੀ ਤੁਹਾਡੀ ਆਪਣੀ ਚੋਣ ਸੀ?
ਜਵਾਬ: ਮੈਂ ਫਿਲਮ ਇੰਸਟੀਚੀਊਟ ਇਹੀ ਸੋਚ ਕੇ ਗਿਆ ਸੀ ਕਿ ਮੈਂ ਰਿਸ਼ੀਕੇਸ਼ ਮੁਕਰਜੀ, ਗੁਲਜ਼ਾਰ, ਬਾਸੂ ਚੈਟਰਜੀ, ਸ਼ਿਆਮ ਬੈਨੇਗਲ ਦੀਆਂ ਫਿਲਮਾਂ ਵਿਚ ਕੰਮ ਕਰਨਾ ਹੈ। ਖੁਸ਼ਕਿਸਮਤੀ ਨਾਲ ਮੈਂ ਤੇ ਨਸੀਰ ਐਸੇ ਟਾਈਮ ਪਹੁੰਚੇ ਜਦੋਂ ਇਹ ਸਿਨਮਾ ਉੱਠ ਰਿਹਾ ਸੀ। ਇਸ ਕਰਕੇ ਸਾਨੂੰ ਦੋਹਾਂ ਨੂੰ ਲੱਗਭਗ ਹਰ ਅੱਛੇ ਫਿਲਮ-ਮੇਕਰ ਨਾਲ ਕੰਮ ਮਿਲਿਆ।

ਸਵਾਲ: ਇਹ ਸੋਚ ਕਦੋਂ ਤੋਂ ਤੁਹਾਡੇ ਮਨ ਵਿਚ ਆਈ ਕਿ ਇਸ ਕਿਸਮ ਦੇ ਥਿਏਟਰ ਜਾਂ ਫਿਲਮ ਵਿਚ ਕੰਮ ਕਰਨਾ ਹੈ?
ਜਵਾਬ: ਸੋਚ ਤਾਂ ਮਨ ਵਿਚ ਬਚਪਨ ਤੋਂ ਹੀ ਸੀ। ਪਿੰਡ ਵਿਚ ਤਾਂ ਕੋਈ ਸਿਨਮਾ ਨਹੀਂ ਸੀ। ਹਾਈ ਸਕੂਲ ਤੱਕ ਮੁਸ਼ਕਿਲ ਨਾਲ ਮੈਂ 10 ਜਾਂ 12 ਫਿਲਮਾਂ ਦੇਖੀਆਂ ਹੋਣਗੀਆਂ। ਬਾਅਦ ਵਿਚ ਪਟਿਆਲੇ ਪਹੁੰਚ ਕੇ ਦੇਖਣੀਆਂ ਸ਼ੁਰੂ ਕੀਤੀਆਂ। ਉਹ ਫਿਲਮਾਂ ਕੁਝ ਨਾ ਕੁਝ ਸੋਚ ਦਿਮਾਗ ਵਿਚ ਜ਼ਰੂਰ ਪਾਉਂਦੀਆਂ ਸਨ। ਹਰ ਫਿਲਮ ਤੋਂ ਬਾਅਦ ਮੈਂ ਦੋ ਘੰਟੇ ਇਧਰ ਉਧਰ ਘੁੰਮਦਾ ਰਹਿਣਾ ਤੇ ਸੜਕ ਉਪਰ ਜੋ “ਡਿਸਪੇਅਰਟੀ” (ਨਾ ਬਰਾਬਰਤਾ) ਦਿਸਦੀ ਸੀ ਜਿਵੇਂ ਇਕ ਪਾਸੇ ਕੋਈ ਲੰਗੜਾ, ਲੂਲਾ ਜਾਂ ਗਰੀਬ ਆਦਮੀ ਹੋਣਾ ਤੇ ਦੂਜੇ ਪਾਸੇ ਕਾਰਾਂ ਮੋਟਰਾਂ ਹੋਣੀਆਂ। ਸੋ ਇਹ “ਡਿਸਪੇਅਰਟੀ” ਮੰਨ ਨੂੰ ਝੰਜੋੜਦੀ ਸੀ। ਲੁਧਿਆਣੇ ਇਕ ਰੇਲਵੇ ਪੁਲ ਹੈ ਜੋ ਸਿਵਲ ਲਾਈਨ ਨੂੰ ਐਧਰ ਨਾਲ ਜੋੜਦਾ ਹੈ। ਉਸ ਪੁਲ ਉਪਰ ਬਹੁਤ ਸਾਰੇ ਭਿਖਾਰੀ ਬੈਠਦੇ ਸਨ। ਛੋਟੇ ਛੋਟੇ ਬੱਚੇ ਮੋਢਿਆਂ ਉਪਰ ਚੁੱਕ ਕੇ ਸਾਈਕਲ ਪਾਰ ਕਰਾਉਂਦੇ ਸਨ। ਸ਼ਾਇਦ ਉਸਨੂੰ ਉੱਚਾ ਪੁਲ ਕਹਿੰਦੇ ਹਨ। ਸੋ ਬੱਚੇ ਬਾਬੂ ਦਾ ਸਾਈਕਲ ਮੋਢਿਆਂ ਉਪਰ ਰੱਖਕੇ ਪਾਰ ਕਰਾਕੇ 5 ਪੈਸੇ ਜਾਂ 10 ਪੈਸੇ ਲੈਂਦੇ ਸਨ। ਉਸਤੋਂ ਪਹਿਲਾਂ ਮੇਰੇ ਫਾਦਰ ਕਿਸੇ ਕੇਸ ਵਿਚ “ਇਨਵਾਲਵ” ਹੋ ਗਏ ਸਨ ਬੇਸ਼ੱਕ ਬਾਅਦ ਵਿਚ ਬਰੀ ਹੋ ਗਏ ਸਨ ਪਰ ਉਹ ਛੇ ਮਹੀਨੇ ਬੜੇ ਔਖੇ ਸਨ। ਮੈਂ ਉਦੋਂ 6-7 ਸਾਲ ਦਾ ਹੋਵਾਂਗਾ ਤੇ ਮੈਂ ਚਾਹ ਦੀ ਦੁਕਾਨ ਉਪਰ ਭਾਂਡੇ ਧੋਂਦਾ ਹੁੰਦਾ ਸੀ। ਮੈਨੂੰ ਯਾਦ ਹੈ ਕਿ ਉਸੇ ਸਿਲਸਿਲੇ ਵਿਚ ਮਾਂ ਮੈਨੂੰ ਨਾਲ ਲੈ ਕੇ ਜੱਜ ਦੇ ਘਰ ਗਈ ਕਿ ਦੇਖੋ ਮੇਰੇ ਛੋਟੇ ਛੋਟੇ ਬੱਚੇ ਹਨ। ਮੈਨੂੰ ਯਾਦ ਹੈ ਕਿ ਮੈਂ ਮਾਂ ਦਾ ਦੁਪੱਟਾ ਖਿੱਚ ਕੇ ਕਿਹਾ ਕਿ ਮਾਂ ਮੈਨੂੰ ਭੁੱਖ ਲੱਗੀ ਹੈ। ਜੱਜ ਦੀ ਜਨਾਨੀ ਦੋ ਰੋਟੀਆਂ ਤੇ ਗੁੜ ਦੀ ਰੋੜੀ ਲੈਕੇ ਆ ਗਈ। ਸੋ ਇਹੋ ਜਿਹੇ ਇਮੇਜਜ਼ (ਦ੍ਰਿਸ਼ਾਂ) ਨੇ ਅੰਦਰ ਸੋਚ ਪੈਦਾ ਕੀਤੀ। ਬਾਅਦ ਵਿਚ ਮੈਂ ਦੋਸਤਾਂ ਕੋਲੋਂ ਬਹੁਤ ਕੁਝ ਸਿੱਖਿਆ। ਮੈਨੂੰ ਬਹੁਤ ਚੰਗੇ ਦੋਸਤ ਮਿਲੇ ਹਨ। ਪਟਿਆਲੇ ਵਿਚ ਵੀ ਤੇ ਬਾਹਰ ਵੀ। ਫਿਰ ਟਿਵਾਣਾ ਸਾਹਿਬ ਨਾਲ ਇਹੋ ਜਿਹੇ ਪਲੇਅ ਕੀਤੇ ਜਿਵੇਂ “ਰੱਤਾ ਸਾਲੂ”, “ਅਧੂਰੇ ਸੁਪਨੇ,” “ਚਮਕੌਰ ਦੀ ਗੜ੍ਹੀ,” ਆਦਿ। ਇਨ੍ਹਾਂ ਚੀਜ਼ਾਂ ਨਾਲ ਸੋਚ ਵਧਦੀ ਗਈ।

ਸਵਾਲ: ਕੀ ਇਸ ਸਮੇਂ ਦੌਰਾਨ ਤੁਸੀਂ ਸਾਹਿਤ ਵੀ ਪੜ੍ਹਦੇ ਰਹੇ?
ਜਵਾਬ: “ਫਰੈਂਕਲੀ” ਮੈਂ ਸਾਹਿਤ ਜ਼ਿਆਦਾ ਨਹੀਂ ਪੜ੍ਹਿਆ, ਪਰ ਮੈਂ ਲੋਕਾਂ ਕੋਲੋਂ ਸੁਣਦਾ ਰਿਹਾਂ। ਉਨ੍ਹਾਂ ਲੋਕਾਂ ਵਿਚ ਬੈਠਦਾ ਰਿਹਾਂ ਹਾਂ ਜੋ ਸਾਹਿਤ ਪੜ੍ਹਦੇ ਸੀ। ਐਨ. ਐੱਸ. ਡੀ. ਵੇਲੇ ਮੈਂ ਥੋੜ੍ਹਾ ਜਿਹਾ ਪੜ੍ਹਿਆ। ਬਾਕੀ ਮੈਗਜ਼ੀਨ ਆਰਟੀਕਲ ਵਗੈਰਾ ਪੜ੍ਹਦਾ ਰਿਹਾਂ ਪਰ ਗੰਭੀਰ ਰੂਪ ਵਿਚ ਸਾਹਿਤ ਪੜ੍ਹਨ ਦੀ ਘਾਟ ਅਜੇ ਵੀ ਮਹਿਸੂਸ ਹੁੰਦੀ ਹੈ।

ਸਵਾਲ: ਪਟਿਆਲੇ ਤੋਂ ਲੈਕੇ ਦਿੱਲੀ ਤੇ ਬਾਅਦ ਵਿਚ ਵੀ ਸਾਰੀਆਂ ਮੁਸ਼ਕਿਲਾਂ ਨਾਲ ਲੜ੍ਹਨ ਦੀ ਸ਼ਕਤੀ ਕਿੱਥੋਂ ਮਿਲਦੀ ਰਹੀ ਹੈ? ਕਿਹੜੀ ਚੀਜ਼ ਨੇ ਐਨੀਆਂ ਔਖਿਆਈਆਂ ਦੇ ਬਾਵਜੂਦ ਚਲਦੇ ਰਖਿਆ?
ਜਵਾਬ: ਮੈਨੂੰ ਲੱਗਦਾ ਕਿ ਸ਼ਕਤੀ ਤਾਂ ਗਲੀਆਂ ਵਿਚੋਂ ਹੀ ਮਿਲੀ ਹੋਊ। ਬਾਕੀ ਬੰਦਿਆਂ ਨੂੰ ਦੇਖ ਕੇ ਕਿ ਜਿਹੜੇ ਬੰਦੇ ਸਾਥੋਂ ਵੀ ਥੱਲੇ ਆ। ਉਹ ਵੀ ਕਿਸੇ ਤਰ੍ਹਾਂ ਜਿਉਂਦੇ ਹਸਦੇ ਹਨ ਤੇ ਉੱਪਰ ਉੱਠਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਚੀਜ਼ ਨੇ ਮੈਨੂੰ ਧੀਰਜ ਦਿੱਤਾ। ਦਿਮਾਗ ਵਿਚ ਕਦੀ ਇਹ ਨਹੀਂ ਸੀ ਕਿ ਫਲਾਨੇ ਨੇ ਚੰਗਾ ਝੱਗਾ ਪਾਇਆ ਹੈ ਜਾਂ ਉਸ ਕੋਲ ਵਧੀਆ ਸਾਈਕਲ ਜਾਂ ਸਕੂਟਰ ਹੈ, ਮੇਰੇ ਕੋਲ ਵੀ ਹੋਣਾ ਚਾਹੀਦਾ। ਅਜਿਹਾ ਕਦੀ ਦਿਮਾਗ ਵਿਚ ਨਹੀਂ ਆਇਆ। ਲੋੜਾਂ ਘੱਟ ਸਨ। ਸ਼ਾਇਦ ਇਹ ਸਬਰ ਹੀ ਮੇਰੇ ਕੰਮ ਆਇਆ।

ਸਵਾਲ: ਬੰਬਈ ਵਿਚ ਫਿਲਮਾਂ ‘ਚ ਜਾਣ ਤੋਂ ਪਹਿਲਾਂ ਕਿਸ ਕਿਸਮ ਦੇ ਡਰਾਮੇ ਕਰਦੇ ਰਹੇ?
ਜਵਾਬ: ਦੇਸ਼ ਪਾਂਡੇ ਦਾ ਇਕ ਪਲੇਅ ਕੀਤਾ। ਉਹ ਕਾਮਰੇਡ ਨੇ। ਕਈ ਵਾਰੀ ਚੀਨ ਵੀ ਗਏ ਹਨ। ਸਾਡਾ ਛੇ ਸੌ ਰੁਪਏ ਦਾ ਬੱਜਟ ਸੀ। ਕਿਸੇ ਨੇ ਸੌ ਦੇ ਦਿੱਤਾ, ਦੀਨਾ ਪਾਠਕ ਨੇ 200 ਦਿੱਤੇ, ਨਸੀਰ ਨੇ 200 ਦਿੱਤਾ। ਫਿਰ ਪ੍ਰੈਸ ਨੇ ਸਾਨੂੰ ਬਹੁਤ ਸਲਾਹਿਆ। ਫਿਰ ਬਾਕੀ ਬੰਦੇ ਵੀ ਆਕੇ ਪਲੇਅ ਦੇਖਣ ਲੱਗੇ ਜਿਵੇਂ ਜਾਵੇਦ ਅਖਤਰ ਵਗੈਰਾ। ਸੋ ਸਾਨੂੰ ਇਕ ਤਸੱਲੀ ਜਿਹੀ ਮਿਲੀ। ਬਾਸੂ ਭੱਟਾਚਾਰੀਆ ਕੋਲ ਇਕ ਜਗਹ ਵਿਹਲੀ ਪਈ ਸੀ ਉਸਨੇ ਉਹ ਸਾਨੂੰ ਰੀਹਰਸਲ ਕਰਨ ਲਈ ਦੇ ਦਿੱਤੀ ਨਹੀਂ ਤਾਂ ਅਸੀਂ ਬੀਚ ਉਪਰ ਰੀਹਰਸਲ ਕਰਦੇ ਸੀ ਜਾਂ ਡਰਾਮੇ ਵਿਚਲੇ ਕਿਸੇ ਐਕਟਰ ਦੇ ਘਰ ਕਰ ਲੈਣੀ। ਇਕ ਐਕਟਰ ਹਸਪਤਾਲ ਵਿਚ ਪੜ੍ਹਦਾ ਸੀ ਤੇ ਸਟੂਡੈਂਟ ਯੂਨੀਅਨ ਦਾ ਪ੍ਰੈਜ਼ੀਡੈਂਟ ਸੀ। ਸੋ ਕਦੀ ਉਸਨੇ ਰੀਹਰਸਲ ਸਟੂਡੈਂਟ ਯੂਨੀਅਨ ਦੇ ਹਾਲ ਵਿਚ ਕਰਵਾ ਦੇਣੀ। ਇਕ ਵਾਰੀ ਬੀਚ ਤੇ ਰੀਹਰਸਲ ਕਰਦੇ ਸੀ ਤਾਂ ਮੀਂਹ ਆ ਗਿਆ ਤਾਂ ਅਸੀਂ ਰੈਸਟੋਰੈਂਟ ਵਿਚ ਵੜ ਗਏ। ਚਾਹ ਦਾ ਆਰਡਰ ਦੇ ਕੇ ਪਲੇਅ ਦੀਆਂ ਲਾਈਨਾਂ ਪੜ੍ਹਨ ਲੱਗ ਪਏ। ਜਦ ਨੂੰ ਚਾਹ ਖਤਮ ਹੋ ਗਈ। ਰੈਸਟੋਰੈਂਟ ਵਿਚ ਭੀੜ ਹੋਣ ਕਰਕੇ ਉੱਠਣਾ ਪੈਣਾ ਸੀ। ਅਸੀਂ ਇਕ ਇਕ ਚਾਹ ਦਾ ਹੋਰ ਆਰਡਰ ਦੇ ਦਿੱਤਾ। ਇਸ ਤਰ੍ਹਾਂ ਪੂਰੀ ਰੀਹਰਸਲ ਕਰਨ ਲਈ ਤਿੰਨ ਤਿੰਨ ਚਾਹਾਂ ਪੀਣੀਆਂ ਪਈਆਂ।

ਸਵਾਲ: ਉਸ ਸਮੇਂ ਡਰਾਮੇ ਵਿਚ ਤੁਹਾਡੇ ਨਾਲ ਹੋਰ ਕਿਹੜੇ ਐਕਟਰ ਸਨ?
ਜਵਾਬ: ਸ਼ੁਰੂ ਵਿਚ ਮੈਂ ਸੀ, ਰੋਹਿਨੀ ਹਤਾਂਗੜੀ ਸੀ, ਮਦਨ ਜੈਨ ਸੀ। ਇਸ ਤੋਂ ਇਲਾਵਾ ਬੰਬੇ ਵਿਚ ਐਕਟਰ ਸਟੂਡੀਓ ਹੁੰਦਾ ਸੀ ਜਿੱਥੇ ਮੈਂ ਨੌਕਰੀ ਵੀ ਕੀਤੀ। ਉਸ ਵਿਚੋਂ ਫਜ਼ਲ ਖਾਨ, ਅਨਿਲ ਕਪੂਰ, ਸੁਰਿੰਦਰ ਗੌਤਮ (ਮਹਾਂਭਾਰਤ ਵਾਲਾ) ਆਦਿ ਸਾਡੇ ਨਾਲ ਸਨ। ਨਸੀਰ ਵੀ ਸਾਡੇ ਨਾਲ ਹੁੰਦਾ ਸੀ ਤੇ ਉਸਦੀ ਪਤਨੀ ਰਤਨਾ ਵੀ। ਨਸੀਰ ਨੂੰ ਤਾਂ ਵੈਸੇ ਇੰਸਟੀਚਿਊਟ ਦੌਰਾਨ ਹੀ ਨਿਸ਼ਾਂਤ ਫਿਲਮ ਮਿਲ ਗਈ ਸੀ। ਸੋ ਉਸ ਹਿਸਾਬ ਨਾਲ ਨਸੀਰ ਮੇਰੇ ਤੋਂ ਥੋੜ੍ਹਾ ਜਿਹਾ ਸੌਖ ਨਾਲ ਉੱਪਰ ਆਇਆ। ਪਹਿਲੀਆਂ ਚਾਰ ਫਿਲਮਾਂ ਉਸਨੇ ਸ਼ਿਆਮ ਬੈਨੇਗਲ ਨਾਲ ਹੀ ਕੀਤੀਆਂ ਹਨ।

ਸਵਾਲ: ਜਿਹੜਾ ਥਿਏਟਰ ਤੁਸੀਂ ਬੰਬਈ ਵਿਚ ਕਰਦੇ ਸੀ ਕੀ ਉਹ ਰੋਟੀ ਜਿਤਨੇ ਪੈਸੇ ਦੇ ਦਿੰਦਾ ਸੀ?
ਜਵਾਬ: ਪੈਸੇ ਥਿਏਟਰ ਤੋਂ ਨਹੀਂ ਸਨ ਮਿਲਦੇ, ਉਹ ਤਾਂ ਮੈਂ ਨੌਕਰੀ ਕਰਦਾ ਸੀ। ਇਸਨੂੰ ਸਿਆਣਪ ਕਹੋ ਜਾਂ ਕਿਵੇਂ ਵੀ, ਬੰਬੇ ਆਕੇ ਮੈਂ ਆਪਣੇ ਆਪ ਨੂੰ ਕਿਹਾ “ਓਮ ਪੁਰੀ, ਉਹ ਪੰਜ ਸਾਲਾਂ ਦੀ ਟ੍ਰੇਨਿੰਗ ਨੂੰ ਪਰ੍ਹੇ ਰੱਖ।’ ਭਾਵ ਮੇਰੇ ਵਿਚ ਈਗੋ ਨਹੀਂ ਸੀ। ਮੈਂ ਟਾਈਪ ਕਰਨ ਦੀ ਨੌਕਰੀ ਕਰਨ ਨੂੰ ਤਿਆਰ ਸੀ ਜਿਸ ਵਿਚੋਂ ਛੇ ਸੱਤ ਸੌ ਮਹੀਨਾ ਦੀ ਆਮਦਨੀ ਹੋਵੇ। ਉਦੋਂ ਮੈਂ ਦਾਰੂ ਨਹੀਂ ਸੀ ਪੀਂਦਾ, ਸਿਗਰਟ ਨਹੀਂ ਸੀ ਪੀਂਦਾ ਜ਼ਿਆਦਾ। ਕਦੀ ਡੱਬੀ ਨਹੀਂ ਸੀ ਖਰੀਦੀ, ਸਿਰਫ ਇਕ ਜਾਂ ਦੋ ਸਿਗਰਟ ਖਰੀਦ ਲੈਣੇ। ਸੋ ਐਕਟਰ ਸਟੂਡੀਓ ਵਿਚ ਨੌਕਰੀ ਕੀਤੀ ਪੜ੍ਹਾਉਣ ਦੀ।

ਸਵਾਲ: ਕਦੀ ਮਨ ਵਿਚ ਸ਼ਿਕਾਇਤ ਨਹੀਂ ਸੀ ਉਭਰੀ ਕਿ ਮੈਂ ਪੰਜ ਸਾਲ ਐਕਟਿੰਗ ਦੀ ਟ੍ਰੇਨਿੰਗ ਕੀਤੀ ਹੈ। ਫਿਰ ਮੈਂ ਇਹ ਕੀ ਕਰ ਰਿਹਾਂ?
ਜਵਾਬ: ਸ਼ਿਕਾਇਤ ਤਾਂ ਵਿਚ ਵਿਚ ਉਭਰਦੀ ਰਹਿੰਦੀ ਹੈ ਜਦੋਂ ਦਾ ਮੈਂ ਜੰਮਿਆਂ। ਪਰ ਸ਼ਿਕਾਇਤ ਦਾ ਕੈਥਾਰਸਿਸ ਹੋ ਜਾਂਦਾ ਰਿਹਾ। ਹਮੇਸ਼ਾ ਮੈਨੂੰ ਕਿਤੇ ਨਾ ਕਿਤੇ ਸ਼ਾਂਤੀ ਮਿਲ ਜਾਂਦੀ ਸੀ। ਪਟਿਆਲੇ ਪੜ੍ਹਦਾ ਮੈਂ ਗੁਰਦਵਾਰੇ ਚਲਾ ਜਾਂਦਾ ਸੀ। ਉਥੇ ਬੈਠ ਕੇ ਮੈਨੂੰ ਚੰਗਾ ਲੱਗਦਾ ਭਾਵੇਂ “ਰਿਚਿਉਲਿਸਟਕ” ਢੰਗ ਦੇ ਪੂਜਾ ਪਾਠ ਵਿਚ ਮੇਰਾ ਯਕੀਨ ਨਹੀਂ ਸੀ। ਇਸੇ ਤਰ੍ਹਾਂ ਬੰਬੇ ਕਦੀ ਕਦੀ ਮੈਂ ਚਰਚ ਚਲਾ ਜਾਂਦਾ ਕਿਉਂਕਿ ਉਹ ਨੇੜੇ ਸੀ। ਸੋਚ ਆਪਣੇ ਬਾਰੇ ਹੀ ਰਿਹਾ ਹੁੰਦਾ ਪਰ ਉਥੋਂ ਦੀ ਸ਼ਾਂਤੀ ਨਾਲ ਮਨ ਜ਼ਰਾ ਹੌਲਾ ਹੋ ਜਾਂਦਾ। ਜਾਂ ਫਿਰ ਕਦੀ ਘੁੰਮਣ ਚਲਾ ਗਿਆ ਸਮੁੰਦਰ ਦੇ ਕਿਨਾਰੇ। ਸੋ ਇਸ ਤਰ੍ਹਾਂ ਇਕ ਕੈਥਾਰਸਿਸ ਹੋ ਜਾਂਦਾ ਸੀ। ਭਾਵ ਉਸ ਗਮ ਨੂੰ “ਚੈਨਲਾਈਜ” ਕਰਨ ਦਾ ਰਾਹ ਮਿਲਦਾ ਰਿਹਾ।

ਸਵਾਲ: ਆਕਰੋਸ਼ ਤੋਂ ਬਾਅਦ ਕਿਵੇਂ ਫਿਲਮਾਂ ਮਿਲੀਆਂ, ਇਕ ਦਮ ਜਾਂ ਹੋਲੀ ਹੋਲੀ?
ਜਵਾਬ: ਆਕਰੋਸ਼ ਤੋਂ ਪਹਿਲਾਂ ਮੈਂ 30-35 ਫਿਲਮਾਂ ਕਰ ਚੁੱਕਿਆ ਸੀ। ਪਰ ਫਿਰ ਵੀ ਮੈਂ ਰਹਿੰਦਾ ਕਿਰਾਏ ਉਪਰ ਸੀ, ਮੇਰੇ ਫਾਦਰ ਨਾਲ ਸਨ। ਅਸੀਂ ਇੱਕਠੇ ਰਹਿੰਦੇ ਸੀ 600 ਰੁਪਏ ਮਹੀਨਾ ਕਿਰਾਏ ਉਪਰ। ਅਰਧ ਸੱਤਿਆ ਕਾਮਯਾਬ ਹੋਣ ਤੋਂ ਬਾਅਦ ਦੋ ਸਾਲਾਂ ਦੇ ਅੰਦਰ ਅੰਦਰ ਮੈਂ ਅਪਣਾ ਘਰ ਲੈ ਲਿਆ। ਭਾਵ ਐਨਾ ਫਰਕ ਪਿਆ। ‘ਅਰਧ ਸੱਤਿਆ’ ਤੋਂ ਪਹਿਲਾਂ 40 ਫਿਲਮਾਂ ਕਰਕੇ ਵੀ ਮੈਂ ਆਪਣਾ ਘਰ ਨਹੀਂ ਲੈ ਸਕਦਾ ਸੀ। ਬਾਅਦ ਵਿਚ ਮਿਕਸ ਕਿਸਮ ਦੀਆਂ ਫਿਲਮਾਂ ਮਿਲੀਆਂ ਜੋ ਐਨੀਆਂ ਕਮਰਸ਼ੀਅਲ ਵੀ ਨਹੀਂ ਸੀ ਤੇ ਐਨੀਆਂ ਆਰਟ ਕਿਸਮ ਦੀਆਂ ਵੀ ਨਹੀਂ, ਜਿਵੇਂ ਪੱਥਰ, ਨਾਸੂਰ। ਉਨ੍ਹਾਂ ਫਿਲਮਾਂ ਤੋਂ ਮੈਨੂੰ ਘਰ ਲੈਣ ਜੋਗੇ ਪੈਸੇ ਮਿਲ ਗਏ। ਮੇਰਾ ਰਵੱਈਆ ਇਹ ਰਿਹਾ ਕਿ ਜਦੋਂ ਕੋਈ ਚੰਗੀ ਫਿਲਮ ‘ਚ ਮੈਂ ਕੰਮ ਕਰ ਰਿਹਾਂ – ਜਿਵੇਂ ਜਦੋਂ ਤਮਸ ਬਣ ਰਹੀ ਹੈ – ਤਾਂ ਮੈਂ ਦੂਸਰੀ ਫਿਲਮ ਨਹੀਂ ਕਰੂੰਗਾ। ਇਸੇ ਤਰ੍ਹਾਂ ਡਿਸਕਵਰੀ ਆਫ ਇੰਡੀਆ ਦੇ ਡੇਢ ਸਾਲ ਦੇ ਦੌਰਾਨ ਮੈਂ ਸ਼ਿਆਮ ਬੈਨੇਗਲ ਨਾਲ ਰਿਹਾ। ਵਿਚ ਵਿਚ ਇਕ ਮਹੀਨੇ ਵਿਚ ਇਕ ਹਫਤਾ ਮੈਂ “ਕਾਕਾ ਜੀ” ਵਾਲਾ ਸੀਰੀਅਲ ਕੀਤਾ। ਪਰ ਹੋਰ ਕੋਈ ਕਮਰਸ਼ੀਅਲ ਫਿਲਮ ਨਹੀਂ ਕੀਤੀ ਉਸ ਦੇ ਦੌਰਾਨ।

ਸਵਾਲ: ਇਹਦੇ ਨਾਲ ਕੋਈ ਫਰਕ ਤਾਂ ਨਹੀਂ ਪੈਂਦਾ ਕਿ ਇਕ ਵਾਰੀ ਜੇ ਤੁਸੀ ਵਿਦਡਰਾਅ ਕਰ ਲਉ ਤਾਂ ਬਾਅਦ ਵਿਚ ਤੁਹਾਨੂੰ ਮੁਸ਼ਕਿਲ ਆਵੇ ਹੋਰ ਫਿਲਮਾਂ ਪ੍ਰਾਪਤ ਕਰਨ ਦੀ?
ਜਵਾਬ: ਨਹੀਂ ਇਸ ਮਾਮਲੇ ਵਿਚ ਮੇਰਾ ਰਵੱਈਆ ਬਹੁਤ “ਐਰੋਗੈਂਟ” (ਸਵੈਮਾਨੀ) ਕਿਸਮ ਦਾ ਹੈ। ਮੈਂ ਕਹਿੰਦਾ ਹਾਂ ਕਿ ਸਾਲੇ ਮੈਨੂੰ ਲੈਣਗੇ ਤਾਂਹੀ ਜੇ ਉਨ੍ਹਾਂ ਨੂੰ ਮੇਰੀ ਲੋੜ ਹੋਵੇਗੀ ਨਹੀਂ ਤਾਂ ਕਮਰਸ਼ੀਅਲ ਸਿਨਮੇ ਵਾਲੇ ਸਾਨੂੰ ਕਿਉਂ ਲੈਣਗੇ। ਸੋ ਇਹ ਮੇਰੀ ਉਨ੍ਹਾਂ ਪ੍ਰਤੀ ਥੋੜ੍ਹੀ ਜਿਹੀ ਆਕੜ ਹੈ। ਲੋੜ ਤਾਂ ਉਨ੍ਹਾਂ ਨੂੰ ਰਹਿੰਦੀ ਹੈ ਕਿਉਂਕਿ ਵਿਚ ਵਿਚ ਕਈ ਰੋਲ ਐਸੇ ਹੁੰਦੇ ਹਨ ਜੋ ਚਿਕਨੇ ਚਿਹਰੇ ਦੇ ਕਰਨ ਵਾਲੇ ਨਹੀਂ ਹੁੰਦੇ। ਉਸ ਵਿਚ ਕੰਮ ਕਰਨ ਵਾਲੇ ਬੰਦੇ ਦੀ ਲੋੜ ਹੰਦੀ ਹੈ ਜੋ ਐਕਟਿੰਗ ਕਰ ਸਕਦਾ ਹੋਵੇ। ਜਿਵੇਂ ਹੁਣ ਪਿਛਲੇ ਤਿੰਨ ਕੁ ਸਾਲ ਤੋਂ ਇਹ ਟ੍ਰੈਂਡ ਹੈ ਕਿ ਫਿਲਮਾਂ ਦਾ ਬੱਜਟ ਘੱਟ ਰੱਖਦੇ ਹਨ ਕਿਉਂਕਿ ਰੀਟਰਨ ਜ਼ਿਆਦਾ ਨਹੀਂ ਹੁੰਦੀ। ਸੋ ਉਹ ਨਵੇਂ ਮੁੰਡੇ ਕੁੜੀਆਂ ਲੱਭਦੇ ਰਹਿੰਦੇ ਹਨ, ਜਿਹਨਾਂ ਨੂੰ ਪੈਸੇ ਨਾ ਦੇਣੇ ਪੈਣ। ਵਿਚ ਇਕ ਅੱਧਾ ਕਰੈਕਟਰ ਐਕਟਰ ਲੈ ਲਂਦੇ ਹਨ ਜਿਵੇਂ ਅਨੂਪਮ ਖੇਰ ਜਾਂ ਗੁਲਸ਼ਨ ਗਰੋਵਰ ਜਾਂ ਓਮ ਪੁਰੀ ਜਾਂ ਨਸੀਰ। ਸੋ ਇਸ ਤਰ੍ਹਾਂ ਬੈਲੇਂਸ ਜਿਹਾ ਬਣਾ ਲੈਂਦੇ ਹਨ ਕਿ ਨਵਾਂ ਮੁੰਡਾ ਕੁੜੀ ਤੇ ਵਿਚ ਇਕ ਦੋ ਚੰਗੇ ਕਰੈਕਟਰ ਐਕਟਰ ਜੋ ਕਹਾਣੀ ਚੁੱਕ ਕੇ ਤੁਰਨ। ਸੋ ਹੁਣ ਇਹ ਕਨਸੈਪਟ ਚਲ ਰਿਹਾ ਹੈ।

ਸਵਾਲ: ਬਹੁਤੇ ਲੋਕ ਇੰਡਸਟਰੀ ਦੇ ਮਿੱਥੇ ਹੋਏ ਅਜੰਡੇ ਮੁਤਾਬਕ ਚਲਦੇ ਹਨ ਪਰ ਲਗਦਾ ਹੈ ਕਿ ਤੁਸੀਂ ਇਕ ਆਪਣਾ ਵਿਅਕਤੀਗਤ ਅਜੰਡਾ ਰੱਖਿਆ ਹੋਇਆ ਹੈ। ਕੀ ਇਹ ਗੱਲ ਠੀਕ ਹੈ?
ਜਵਾਬ: ਹਾਂ ਬਿਲਕੁਲ। ਜਿਸ ਤਰ੍ਹਾਂ ਪਿਛਲੇ ਛੇਆਂ ਮਹੀਨਿਆਂ ਵਿਚ ਮੈਂ 10-12 ਫਿਲਮਾਂ ਨੂੰ ਜੁਆਬ ਦਿੱਤਾ ਹਾਲਾਂਕਿ ਦੋ ਮਹੀਨੇ ਮੈਂ ਵਿਹਲਾ ਬੈਠਾ ਰਿਹਾ ਘਰ, ਸਿਟੀ ਆਫ ਜ਼ੁਆਏ ਤੋਂ ਬਾਅਦ। ਵਿਚ 15 ਕੁ ਦਿਨ ਸ਼ਿਆਮ ਬੈਨੇਗਲ ਦੀ ਨਵੀਂ ਫਿਲਮ ਕੀਤੀ, ਪੁਰਸ਼। ਪੰਜ ਮਹੀਨੇ ਸਿਟੀ ਆਫ ਜ਼ੁਆਏ ਵਿਚ ਲੱਗ ਗਏ । ਸਿਟੀ ਆਫ ਜ਼ੁਆਏ ਤੋਂ ਇਕਦਮ ਪਹਿਲਾਂ ਮੈਂ ਕਰੰਟ ਕੀਤੀ ਸੀ ਜੋ 18 ਦਿਨ ਵਿਚ ਬਣੀ ਕਿਉਂਕਿ ਉਸਦੀ ਲੋਕੇਸ਼ਨ ਬੜੀ ਸੀਮਤ ਸੀ। ਉਹੀ ਘਰ, ਉਹੀ ਖੇਤ। ਉਸਦਾ ਬੱਜ਼ਟ ਸੀ ਸਿਰਫ 15 ਲੱਖ।

ਸਵਾਲ: ਤੁਹਾਨੂੰ ਰੋਲ ਤਿਆਰ ਕਰਨ ਲਈ ਸ਼ੂਟਿੰਗ ਤੋਂ ਪਹਿਲਾ ਕਿਤਨਾ ਕੁ ਟਾਈਮ ਮਿਲਦਾ ਹੈ?
ਜਵਾਬ: ਇਹ ਸਕਰਿਪਟ ਉਪਰ ਨਿਰਭਰ ਕਰਦਾ ਹੈ। ਕੁਝ ਅਜਿਹੇ ਕਿਰਦਾਰ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਇਕ ਦਮ ਜਾਣ ਲੈਂਦੇ ਹੋ ਅਤੇ ਕੁੱਝ ਕਿਰਦਾਰ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਸਮਝਣਾ ਮੁਸ਼ਕਿਲ ਹੁੰਦਾ ਹੈ। ਉਸ ਲਈ ਪੜ੍ਹਨਾ ਪੈਂਦਾ ਹੈ। ਮਿਸਾਲ ਦੇ ਤੌਰ ਤੇ ਜੇਕਰ ਇਥੋਂ ਦੇ ਏਸ਼ੀਅਨ ਲੋਕਾਂ ਬਾਰੇ ਕੋਈ ਗੰਭੀਰ ਫਿਲਮ ਹੋਵੇ ਮੇਰਾ ਮਤਲਬ ਹਿਸਟੌਰੀਕਲ ਫਿਲਮ ਹੋਵੇ ਤਾਂ ਉਸ ਲਈ ਜ਼ਿਆਦਾ ਵਕਤ ਲੱਗੇਗਾ ਉਸ ਕੰਪਲੈਕਸਟੀ ਨੂੰ ਉਭਾਰਨ ਲਈ ਅਰਧ ਸੱਤਿਆ ਵਾਲੇ ਕਿਰਦਾਰ ਦੇ ਮੁਕਾਬਲੇ। ਅਰਧ ਸੱਤਿਆ ਵਿਚ ਸਿਰਫ ਇਕ ਮਿਡਲ ਕਲਾਸ ਦੇ ਈਮਾਨਦਾਰ ਬੰਦੇ ਦੀ ਫਰਸਟ੍ਰੇਸ਼ਨ ਪੇਸ਼ ਕਰਨੀ ਸੀ ਜਿਸ ਤੋਂ ਮੈਂ ਜਾਣੂੰ ਸੀ। ਉਸ ਨੂੰ ਤਿਆਰ ਕਰਨ ਲਈ ਕੋਈ ਔਖ ਨਹੀਂ ਹੋਈ ਸਿਵਾਏ ਮੋਟਰ ਸਾਈਕਲ ਚਲਾਉਣਾ ਸਿੱਖਣ ਤੋਂ, ਜੋ ਮੈਨੂੰ ਪਹਿਲਾਂ ਨਹੀਂ ਸੀ ਆਉਂਦਾ।

ਸਵਾਲ: ਰੋਲ ਤਿਆਰ ਕਰਨ ਵੇਲੇ ਤੁਸੀਂ ਕੀ ਕੀ ਦੇਖਦੇ ਹੋ?
ਜਵਾਬ: ਪਹਿਲਾਂ ਤਾਂ ਸਕਰਿਪਟ ਚੰਗੀ ਤਰ੍ਹਾਂ ਚਾਰ ਪੰਜ ਵਾਰੀ ਪੜ੍ਹਦਾ ਹਾਂ। ਫਿਰ ਉਸ ਕਿਰਦਾਰ ਦੀ ਬੈਕਗਰਾਉਂਡ ਬਾਰੇ ਜਾਣਦਾ ਹਾਂ। ਜਿਵੇਂ ਜੋ ਫਿਲਮ ਮੈਂ ਇਥੇ ਕੀਤੀ ਹੈ ਬਰਨਿੰਗ ਸੀਜ਼ਨ ਉਸਦੇ ਕਿਰਦਾਰ ਦੀ ਬੈਕਗਰਾਉਂਡ ਜਾਨਣ ਲਈ ਮੈਂ ਬੰਬਈ ਅਮਰੀਕ ਗਿੱਲ ਨਾਲ ਬੈਠ ਕੇ ਸਲਾਹ ਕੀਤੀ ਕਿ ਇਹ ਬੰਦਾ ਕਿਹੋ ਜਿਹੇ ਮਾਹੌਲ ਵਿਚੋਂ ਕੈਨੇਡਾ ਗਿਆ ਹੋਵੇਗਾ। ਸਾਨੂੰ ਇਹ ਲੱਗਾ ਕਿ ਇਹ ਬੰਦਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਗਿਆ ਤੇ ਨਾ ਹੀ ਜਾਣ ਤੋਂ ਪਹਿਲਾਂ ਬਹੁਤੇ ਪੈਸੇ ਵਾਲਾ ਸੀ। ਫਿਰ ਅਮਰੀਕ ਨੇ ਇਕ ਦੋ ਸੀਨ ਲਿਖੇ ਜੋ ਭਾਵੇਂ ਇਸ ਫਿਲਮ ਲਈ ਫਿਲਮਾਏ ਨਾ ਜਾਣ ਪਰ ਫਿਰ ਵੀ ਉਹ ਸੀਨ ਇਸ ਫਿਲਮ ਦੇ ਕਿਰਦਾਰ ਦੀ ਬੈਕਗਰਾਉਂਡ ਸਮਝਣ ਲਈ ਬੜੇ ਫਿੱਟ ਬੈਠਦੇ ਹਨ।

ਬਾਕੀ ਜੇਕਰ ਕੋਈ ਫਿਜੀਕਲ ਕੰਮ ਹੋਵੇ ਉਸਨੂੰ ਕਰਨਾ ਸਿੱਖਦਾ ਹਾਂ। ਜਿਵੇਂ ਫਿਲਮ ਸੁਸਮਨ ਵਿਚ ਬੁਣਨ ਦਾ ਕੰਮ ਸੀ ਤਾਂ ਮੈਂ ਬੁਣਨਾ ਸਿੱਖਿਆ। ਇਸੇ ਤਰ੍ਹਾਂ ਸਿਟੀ ਆਫ ਜ਼ੁਆਏ ਲਈ ਮੈਂ ਪਹਿਲਾਂ ਰਿਕਸ਼ਾ ਖਿੱਚਣਾ ਸਿੱਖਿਆ। ਜਿਵੇਂ ਅਸਲੀ ਜ਼ਿੰਦਗੀ ਵਿਚ ਹੁੰਦਾ ਹੈ ਕਿ ਪਾਨ ਬਣਾਉਣ ਵਾਲਾ ਬੰਦਾ ਤੁਹਾਡੇ ਨਾਲ ਗੱਲਾਂ ਵੀ ਕਰੀ ਜਾਂਦਾ ਤੇ ਪਾਨ ਵੀ ਬਣਾਈ ਜਾਂਦਾ, ਪਾਨ ਵੱਲ ਦੇਖਦਾ ਵੀ ਨਹੀਂ। ਜੇਕਰ ਪਾਨ ਬਣਾਉਣ ਦਾ ਸੀਨ ਹੋਵੇ ਤਾਂ ਤੁਹਾਨੂੰ ਇਹ ਨਿਪੁੰਨਤਾ ਆਉਣੀ ਚਾਹੀਦੀ ਹੈ। ਫਿਲਮ ਦਰਸ਼ਕ ਨੂੰ ਇਹ ਲੱਗੇ ਕਿ ਤੁਸੀਂ ਬਹੁਤ ਸਾਲਾਂ ਤੋਂ ਇਹ ਕੰਮ ਕਰਦੇ ਆ ਰਹੇ ਹੋ। ਸੋ ਫਿਜੀਕਲ ਪ੍ਰੈਕਟਿਸ ਹੋਣੀ ਬਹੁਤ ਜ਼ਰੂਰੀ ਹੈ।

ਸਵਾਲ: ਤੁਸੀਂ ਸਿਟੀ ਆਫ ਜ਼ੁਆਏ ਵਿਚ ਦੇਸ਼ੀ ਅਤੇ ਵਿਦੇਸ਼ੀ ਦੋਹਾਂ ਕਰੂਜ਼ (ਕੰਮ ਕਰਨ ਵਾਲੀਆਂ ਟੋਲੀਆਂ) ਨਾਲ ਕੰਮ ਕੀਤਾ ਹੈ। ਉਨ੍ਹਾਂ ਵਿਚਕਾਰ ਕੀ ਕੀ ਫਰਕ ਜਾਂ ਸਮਾਨਤਾਵਾਂ ਨਜ਼ਰ ਅਈਆਂ?
ਜਵਾਬ: ਸਿਟੀ ਆਫ ਜ਼ੁਆਏ ਬਹੁਤ ਮਿਹਨਤ ਨਾਲ ਬਣੀ ਹੈ, ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਕਰਿਪਟ ਪੂਰੀ ਤਿਆਰ ਸੀ। ਇਸੇ ਤਰ੍ਹਾਂ ਡਾਇਰੈਕਟਰ ਗੋਬਿੰਦ ਨਿਹਾਲਨੀ ਦੀਆਂ ਫਿਲਮਾਂ ਦੀ ਵੀ ਪੂਰੀ ਸਕਰਿਪਟ ਤਿਆਰ ਹੁੰਦੀ ਹੈ। ਸਾਡੇ ਕੋਲ ਇਧਰ ਦੇ ਮੁਕਾਬਲੇ ਰੀਸੋਰਸਜ਼ (ਸਾਧਨ) ਘੱਟ ਹੁੰਦੇ ਹਨ, ਇਕਉਪਮੈਂਟ (ਸਾਜ਼ੋ ਸਮਾਨ) ਆਦਿ ਦੇ ਹਿਸਾਬ ਨਾਲ ਤੇ ਰਹਿਣ ਸਹਿਣ ਤੇ ਖਾਣ ਪੀਣ ਦੀਆਂ ਸਹੂਲਤਾਂ ਆਦਿ। ਹਾਲਾਂਕਿ ਖਾਣ ਪੀਣ ਜਾਂ ਰਹਿਣ ਸਹਿਣ ਨੂੰ ਮੈਂ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ।

ਬੇਸਿਕ ਫਰਕ ਇਹ ਹੈ ਕਿ ਜੇਕਰ ਵਿਦੇਸ਼ੀ ਕਰੂਜ਼ (ਕੰਮ ਕਰਨ ਵਾਲੀਆਂ ਟੋਲੀਆਂ) ਕੋਲ ਸਾਜ਼ੋ ਸਮਾਨ ਪੂਰਾ ਨਾ ਹੋਵੇ ਤਾਂ ਉਹ ਸਟੱਕ (ਅੜ) ਹੋ ਜਾਂਦੇ ਹਨ ਪਰ ਸਾਡੇ ਕੰਮ ਕਰਨ ਵਾਲੇ ਕੋਈ ਨਾ ਕੋਈ ਵਿਉਂਤ ਲੱਭ ਲੈਂਦੇ ਹਨ। ਮਿਸਾਲ ਦੇ ਤੌਰ ਜੇ ਸਾਡੇ ਕੋਲ ਡੌਲੀ ਨਹੀਂ। ਤਾਂ ਸਾਡੇ ਕੰਮ ਕਰਨ ਵਾਲੇ ਹਸਪਤਾਲ ਦੀ ਵੀਲ੍ਹ ਚੇਅਰ ਨਾਲ ਕੰਮ ਸਾਰ ਲੈਣਗੇ। ਇਸ ਤਰ੍ਹਾਂ ਉਹਨਾਂ ਕੀਤਾ ਹੈ। ਕੈਮਰਾ ਮੈਨ ਉਸਦੇ ਉਪਰ ਬੈਠ ਜਾਂਦਾ ਹੈ। ਇਸੇ ਤਰ੍ਹਾਂ ਕਰੇਨ ਦੀ ਥਾਂ ਕੰਮ ਸਾਰਨ ਲਈ ਪੁਲੀ ਨਾਲ ਰੱਸੇ ਦੀ ਵਰਤੋਂ ਕਰਕੇ ਕੰਮ ਚਲਾ ਲਿਆ ਜਾਂਦਾ ਹੈ। ਝੂਲਾ ਜਿਹਾ ਬਣਾ ਕੇ ਕੈਮਰਾ ਮੈਨ ਕੈਮਰਾ ਲੈ ਕੇ ਉਸ ਉਪਰ ਬਹਿ ਗਿਆ ਤੇ ਰੱਸਾ ਖਿੱਚ ਲਿਆ। ਉਹ ਕਰੇਨ ਬਣ ਗਈ। ਮੇਰਾ ਖਿਆਲ ਹੈ ਵਿਦੇਸ਼ੀ ਕੰਮ ਕਰਨ ਵਾਲੇ ਇਸ ਤਰ੍ਹਾਂ ਦੀਆਂ ਹਾਲਤਾਂ ਵਿਚ ਕੰਮ ਨਹੀਂ ਕਰ ਸਕਦੇ।

ਸਵਾਲ: ਕਮਰਸ਼ੀਅਲ ਤੇ ਆਰਟ ਸਿਨਮੇ ਦਾ ਆਪਸ ਵਿਚ ਕਿਸ ਤਰ੍ਹਾਂ ਦਾ ਰਿਸ਼ਤਾ ਹੈ?
ਜਵਾਬ: ਪਿਛਲੇ 10-12 ਸਾਲ ਦੌਰਾਨ ਇਹ ਰਿਸ਼ਤਾ ਬਦਲਿਆ ਹੈ। ਹੁਣ ਕਮਰਸ਼ੀਅਲ ਸਿਨਮੇ ਵਾਲੇ ਥਿਏਟਰ ਦੀ ਕਾਫੀ ਇੱਜ਼ਤ ਕਰਨ ਲੱਗ ਪਏ ਹਨ। ਹੁਣ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਆਉਣ ਵਾਲੇ ਬੰਦੇ ਦੀ ਕਦਰ ਕਰਦੇ ਹਨ। ਪਹਿਲਾਂ ਕਿਸੇ ਨੇ ਉਸਦਾ ਨਾਮ ਵੀ ਨਹੀਂ ਸੀ ਸੁਣਿਆ। ਜਦੋਂ ਆਰਟ ਫਿਲਮਾਂ ਕਮਰਸ਼ੀਅਲ ਪੱਧਰ ਉਪਰ ਕਾਮਯਾਬ ਹੋਈਆਂ ਜਿਵੇਂ ਅਰਧ ਸੱਤਿਆ, ਆਕਰੋਸ਼, ਮੰਥਨ ਆਦਿ ਤਾਂ ਕਮਰਸ਼ੀਅਲ ਸਿਨਮੇ ਦਾ ਵਤੀਰਾ ਬਦਲਿਆ ਹੈ। ਦੋਨਾਂ ਵਿਚਕਾਰ ਹਾਲੇ ਵੀ ਇਕ ਸ਼ੀਤਲਤਾ (ਕੋਲਡਨੈਸ) ਹੈ ਜੋ ਮੇਰੇ ਖਿਆਲ ਵਿਚ ਗਲਤ ਹੈ। ਨਾਂ ਤਾਂ ਸਾਨੂੰ ਉਨ੍ਹਾਂ ਨੂੰ ਲਿਤਾੜਨਾ ਚਾਹੀਦਾ ਨਾ ਉਨ੍ਹਾਂ ਨੂੰ ਸਾਨੂੰ। ਇਹ ਫੈਸਲਾ ਲੋਕਾਂ ਨੂੰ ਕਰਨ ਦੇਵੋ ਕੀ ਉਨ੍ਹਾਂ ਨੇ ਕੀ ਦੇਖਣਾ। ਮੈਂ ਇਹ ਨਹੀਂ ਕਹਿੰਦਾ ਕਿ ਕਮਰਸ਼ੀਅਲ ਸਿਨਮਾ ਬੰਦ ਕਰ ਦਿਉ, ਪਰ ਉਸਨੂੰ ਥੋੜ੍ਹਾ ਟੇਸਟਫੁਲ ਤਾਂ ਬਣਾਉ। ਸਿਹਤਮੰਦ ਮਨੋਰੰਜਨ ਹੋਣਾ ਚਾਹੀਦਾ। ਕਮਰਸ਼ੀਅਲ ਫਿਲਮ 25 ਹਫਤੇ ਚਲਦੀ ਹੈ ਤਾਂ ਠੀਕ ਹੈ ਅਤੇ ਸਾਡੀ ਫਿਲਮ 10 ਹਫਤੇ ਚਲ ਜਾਏ ਤਾਂ ਵੀ ਠੀਕ ਹੈ। ਜੇ ਉਨ੍ਹਾਂ ਦੀ ਕਹਾਣੀ ਇਲਸਟਰੇਟਿਡ ਵੀਕਲੀ ਵਿਚ ਛਪਦੀ ਹੈ ਤਾਂ ਸਾਡੀ ਕਹਾਣੀ “ਸਿਰਜਣਾ” ਵਿਚ ਛੱਪਦੀ ਹੈ। ਦੁਸ਼ਮਣੀ ਵਾਲੀ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੀਆਂ ਲਾਈਨਾਂ ਅਲੱਗ ਅਲੱਗ ਹਨ। ਦੋ ਅਲੱਗ ਅਲੱਗ ਕਿਸਮ ਦੀਆਂ ਦੁਕਾਨਾਂ ਹਨ। ਮੁਕਾਬਲਾ ਨਹੀਂ ਹੈ। ਪਹਿਲਾਂ ਦੇ “ਨੋ ਰੀਲੇਸ਼ਨਸ਼ਿੱਪ” ਤੋਂ ਹੁਣ ਇਕ ਡੈਫੀਨਿੱਟ ਰੀਲੇਸ਼ਨਸ਼ਿੱਪ ਬਣਿਆ ਹੈ। ਹੁਣ ਬੰਦੇ ਇਕ ਦੂਜੇ ਤੋਂ ਅੱਖ ਨਹੀਂ ਚੁਰਾਉਂਦੇ ਭਾਵੇਂ ਥੋੜ੍ਹੀ ਬਹੁਤ ਅੰਦਰੂਨੀ ਭਾਵਨਾ ਹੈ ਜਿਸ ਵਿਚ ਫਿਲਮੀ ਮੀਡੀਏ ਦਾ ਵੀ ਰੋਲ ਹੈ। ਜਿਵੇਂ ਮੈਂ ਤੇ ਨਸੀਰ (ਨਸੁਰਦੀਨ ਸ਼ਾਹ) ਨੇ ਐਨੀਆਂ ਕਮਰਸ਼ੀਅਲ ਫਿਲਮਾਂ ਵੀ ਕੀਤੀਆਂ ਹਨ ਪਰ ਉਨ੍ਹਾਂ ਨੇ ਕਦੇ ਵੀ ਸਾਨੂੰ ਕਵਰਪੇਜ ਉਪਰ ਨਹੀਂ ਦਿਖਾਇਆ। ਜਿਵੇਂ ਸਿਟੀ ਆਫ ਜੁਆਏ ਇਕ ਵੱਡੀ ਫਿਲਮ ਸੀ। ਐਥੇ ਦੇ ਅਖਬਾਰਾਂ ਨੇ ਉਸਦੀ ਕਵਰਪੇਜ ਉਪਰ ਕਵਰੇਜ ਦਿੱਤੀ ਪਰ ਇੰਡੀਆ ਦੇ ਫਿਲਮੀ ਅਖਬਾਰਾਂ ਨੇ ਅਜਿਹਾ ਨਹੀਂ ਕੀਤਾ। ਹਾਂ ਜੇਕਰ ਉਨ੍ਹਾਂ ਨੂੰ ਕੁੱਝ ਮਸਾਲਾ ਮਿਲਦਾ ਹੋਵੇ ਜਿਵੇਂ ਕਿ ਓਮ ਪੁਰੀ ਦੀ ਸ਼ਾਦੀ ਵਿਚ ਗੜਬੜ ਹੋ ਰਹੀ ਹੈ, ਫਿਰ ਪਾ ਦੇਣਗੇ ਕਵਰਪੇਜ ਤੇ। ਪਰ ਜੇ ਕੋਈ ਅਵਾਰਡ ਜਿੱਤਿਆ ਤਾਂ ਇਕ ਲਾਈਨ ਪਾ ਦੇਣਗੇ। ਕਿਉਂਕਿ ਇਹ ਮੀਡੀਆ ਪ੍ਰੋਫੈਸ਼ਨਲੀ ਪੇਡ ਮੀਡੀਆ ਹੈ। ਮੈਂ ਤਾਂ ਕਈ ਵਾਰੀ ਮਜ਼ਾਕ ਵਿਚ ਉਨ੍ਹਾਂ ਨੂੰ ਕਹਿੰਦਾ ਹੁੰਦਾ ਕਿ ਤੁਸੀਂ ਕਵਰਪੇਜ ਦੇ ਕਿੰਨੇ ਪੈਸੇ ਲੈਂਦੇ ਹੋ? ਪਰ ਇਟ ਡਜ਼ਨੋਟ ਬਾਦਰ ਮੀ। ਅੱਜ ਤੱਕ ਮੈਂ ਕਦੇ ਪਬਲਿਸਟ (ਮਸ਼ਹੂਰੀ ਕਰਨ ਵਾਲਾ) ਨਹੀਂ ਰੱਿਖਆ। ਕਿਸੇ ਤਰ੍ਹਾਂ ਦੀ ਪਬਲਿਸਟੀ ਉਪਰ ਕੋਈ ਖਰਚਾ ਨਹੀਂ ਕੀਤਾ। ਬਾਕੀ ਜੋ ਨੈਸ਼ਨਲ ਪ੍ਰੈਸ ਹੈ ਜਿਵੇਂ ਸੰਡੇ ਆਦਿ, ਉਹ ਬਾਕਾਇਦਾ ਜਗਹ ਦਿੰਦੇ ਹਨ ਪਰ ਫਿਲਮ ਇੰਡਸਟਰੀ ਦੀ ਪ੍ਰੈਸ ਸਾਨੂੰ ਇਗਨੋਰ ਕਰਦੀ ਹੈ। ਹਾਂ ਜੇ ਉਹਨਾਂ ਕੋਲ ਕੋਈ ਸੈਨਸੇਸ਼ਨਲ ਮਸਾਲਾ ਹੋਵੇ ਤਾਂ ਗੱਲ ਹੋਰ ਹੈ। ਇਟ ਇਜ਼ ਏ ਵੀਸ਼ੀਅਸ ਸਰਕਲ। ਇਸ ਵਿਚ ਡਿਸਟਰੀਬਿਉਸ਼ਨ, ਪ੍ਰੋਡਕਸ਼ਨ, ਪ੍ਰੈਸ ਆਦਿ ਸਭ ਇਕੱਠੇ ਹਨ। ਜਿਵੇਂ ਸਤਿਆਜੀਤ ਰੇਅ ਨੂੰ ਨੈਸ਼ਨਲ ਪ੍ਰੈਸ ਨੇ ਐਨ੍ਹਾਂ ਚੁੱਕਿਆ ਪਰ ਤੁਸੀਂ ਫਿਲਮੀਂ ਪ੍ਰੈਸ ਵੱਲ ਨਿਗ੍ਹਾ ਮਾਰੋ। ਮੈਨੂੰ ਇਕ ਵੀ ਫਿਲਮੀ ਮੈਗਜ਼ੀਨ ਦਿਖਾ ਦਿਉ ਜਿਹਨੇ ਸਾਡੇ ਕੌਮੀ ਹੀਰੋ ਸਤਿਆਜੀਤ ਰੇਅ ਉਪਰ ਕਵਰ ਸਟੋਰੀ ਦਿੱਤੀ ਹੋਵੇ। ਉਸਦੀ ਮੌਤ ਤੇ ਫਿਲਮ ਇੰਡਸਟਰੀ ਨੇ ਇਕ ਦਿਨ ਦੀ ਛੁੱਟੀ ਵੀ ਨਹੀਂ ਕੀਤੀ। ਹਾਲਾਂਕਿ ਉਨ੍ਹਾਂ ਦਾ ਕੋਈ ਛੋਟਾ ਜਿਹਾ ਐਕਟਰ ਵੀ ਮਰ ਜਾਵੇ ਤਾਂ ਇਕ ਦਿਨ ਦੀ ਛੁੱਟੀ ਕਰ ਦਿੰਦੇ ਹਨ ਸ਼ੂਟਿੰਗ ਦੀ।

ਸਵਾਲ: ਆਰਟ ਸਿਨਮੇ ਦੀ ਐਸ ਵੇਲੇ ਕੀ ਹਾਲਤ ਹੈ?
ਜਵਾਬ: ਆਰਟ ਸਿਨਮੇ ਨੂੰ ਅਪਣੀ ਬੋਲੀ ਬਦਲਣੀ ਪੈਣੀ ਹੈ। ਹੁਣ ਮਿਡਲ ਕਲਾਸ ਤੋਂ ਇਲਾਵਾ ਹੋਰ ਲੋਕ ਵੀ ਆਰਟ ਸਿਨਮੇ ਨੂੰ ਦੇਖਣ ਲੱਗੇ ਹਨ। ਪਰ ਅਜੇ ਵੀ ਇਸਦਾ ਕੋਈ ਡਿਸਟਰੀਬਿਉਸ਼ਨ ਸੈਂਟਰ ਨਹੀਂ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਫਿਲਮਾਂ ਸੌਖੀਆਂ ਬਣਾਈਏ। ਆਪਣੀ ਬੋਲੀ ਤੇ ਆਪਣੇ ਫਾਰਮੂਲੇ ਨੂੰ ਇਸਤੇਮਾਲ ਕਰੀਏ। ਜਿਵੇਂ ਮਿਊਜ਼ਕ, ਡਾਂਸ ਕੋਈ ਮਾੜੀ ਗੱਲ ਨਹੀਂ ਹੈ ਪਰ ਅਸੀਂ ਉਹਨੂੰ ਮਾੜਾ ਬਣਾ ਦਿੱਤਾ ਹੈ। ਦੀਅਰ ਇਜ਼ ਨੋ ਪੋਇਟਰੀ। ਫਰਜ਼ ਕਰੋ ਕਿ ਤੁਸੀਂ ਕੋਈ ਕਹਾਣੀ ਸੁਣਾਉਣੀ ਹੈ ਕਿਸੇ ਪਿੰਡ ਵਿਚ ਜਾ ਕੇ। ਜੇਕਰ ਤੁਸੀਂ ਉਸ ਕਹਾਣੀ ਨੂੰ ਗਾ ਕੇ ਸੁਣਾਉ ਤਾਂ ਜ਼ਿਆਦਾ ਲੋਕ ਸੁਣਨ ਆਉਣਗੇ। ਸੋ ਤੁਸੀਂ ਗਾ ਕੇ ਸੁਣਾ ਦਿਉ। ਹੁਣ ਆਰਟ ਸਿਨਮੇ ਨੂੰ ਸਰਕਾਰ ਉਪਰ ਨਿਰਭਰ ਕਰਨ ਦੀ ਬਜਾਏ ਆਪਣਾ ਫਾਰਮੂਲਾ ਲੱਭ ਕੇ ਚੱਲਣਾ ਪੈਣਾ ਹੈ। ਫਿਲਮ ਨੂੰ ਆਪਣੇ ਪੈਰ ਉਪਰ ਆਪ ਖੜਾ ਹੋਣਾ ਪੈਣਾ ਹੈ। ਉਸ ਵਿਚ ਐਨੀ ਤਾਕਤ ਹੈ ਅਤੇ ਬਹੁਤ ਬੰਦੇ ਟਿਕਟ ਲੈ ਕੇ ਫਿਲਮ ਦੇਖਣ ਲਈ ਤਿਆਰ ਹਨ। ਆਫ ਬੀਟ ਫਿਲਮ ਬਣਾਉਣ ਵਾਲੇ ਨੂੰ ਬੈਠ ਕੇ ਸੋਚਣਾ ਪੈਣਾ ਹੈ ਕਿ ਉਹ ਇਸ ਚੱਕਰ ਵਿਚ ਨਾ ਪਵੇ ਕਿ ਸਿਰਫ ਨੈਸ਼ਨਲ ਫਿਲਮ ਫੈਸਟੀਵਲ ਵਿਚ ਜਾਣਾ ਹੈ ਜਿੱਥੇ ਉਸਦੀ ਵਾਹ ਵਾਹ ਹੋਊ। ਉਨ੍ਹਾਂ ਨੂੰ ਆਪਣਾ ਫਾਰਮੂਲਾ ਵਰਤਣਾ ਚਾਹੀਦਾ ਹੈ ਜਿਵੇਂ ਕਮਰਸ਼ੀਅਲ ਸਿਨਮਾ ਸੱਭ ਕੁੱਝ ਵਰਤਦਾ ਹੈ। ਕਮਰਸ਼ੀਅਲ ਸਿਨਮੇ ਨੇ ਆਰਟ ਸਿਨਮੇ ਤੋਂ ਵੀ ਸਿੱਖਿਆ ਹੈ ਸੋ ਆਰਟ ਸਿਨੇਮੇ ਨੂੰ ਵੀ ਕਮਰੀਸ਼ੀਅਲ ਸਿਨਮੇ ਤੋਂ ਸਿੱਖਣਾ ਪੈਣਾ ਹੈ। ਕਮਰਸ਼ੀਅਲ ਸਿਨਮੇ ਨੇ ਆਰਟ ਫਿਲਮਾਂ ਦੇ ਫਾਰਮੂਲੇ ਨੂੰ ਵਰਤਿਆ ਹੈ ਜਿਵੇਂ ਪੁਲਿਸ ਵਿਭਾਗ ਜਾਂ ਨੇਤਾਵਾਂ ਨਾਲ ਸਬੰਧਤ ਫਿਲਮਾਂ ਬਣਾ ਕੇ। ਤੁਸੀਂ ਦੇਖੋ ਕਿ 1984 ਤੋ ਬਾਅਦ ਬਣਨ ਵਾਲੀਆਂ ਕਿਤਨੀਆਂ ਫਿਲਮਾਂ ਵਿਚ ਨੇਤਾਵਾਂ ਦੇ ਕੈਰਕਟਰ ਆਏ ਹਨ। ਉਸਨੂੰ ਮੌਲਿਕ ਬਣਾਉਣ ਲਈ ਸੱਚੀਆਂ ਘਟਨਾਵਾਂ ਵੀ ਪਾਉਂਦੇ ਹਨ, ਮਸਾਲੇ ਦੇ ਨਾਲ ਨਾਲ। ਸਾਨੂੰ ਵੀ ਇਹ ਮੰਨ ਕੇ ਚਲਣਾ ਚਾਹੀਦਾ ਕਿ ਸਾਨੂੰ ਲੋਕਾਂ ਨਾਲ ਵਰਤਣਾ ਚਾਹੀਦਾ ਹੈ। ਜਿਵੇਂ ਗੋਬਿੰਦ ਨਿਹਲਾਨੀ ਫਿਲਮ ਬਣਾਉਂਦਾ ਹੈ ਤਾਂ ਇਹ ਗੱਲ ਮੰਨ ਕੇ ਚਲਦਾ ਕਿ ਮੈਂ ਲੋਕਾਂ ਤੱਕ ਫਿਲਮ ਪਹੁੰਚਾਉਣੀ ਹੈ ਤੇ ਫਿਲਮ ਫੈਸਟੀਵਲ ਤੇ ਟੇਕ ਨਹੀਂ ਰੱਖਣੀ। ਇਸ ਤਰ੍ਹਾਂ ਸੋਚ ਕੇ ਹੀ ਤੁਸੀਂ ਆਰਟ ਸਿਨਮੇ ਵਿਚ ਕਾਮਯਾਬ ਹੋ ਸਕਦੇ ਹੋ।

ਸਵਾਲ: ਗੋਬਿੰਦ ਨਿਹਲਾਨੀ ਤੇ ਸ਼ਿਆਮ ਬੈਨੇਗਲ ਤੋਂ ਇਲਾਵਾ ਨਵੀਂ ਪੀੜ੍ਹੀ ਦੇ ਵੀ ਕੋਈ ਨਵੇਂ ਡਾਇਰੈਕਟਰ ਆਰਟ ਸਿਨਮੇ ਵੱਲ ਆ ਰਹੇ ਹਨ?
ਜਵਾਬ: ਹਾਂ, ਵਿਨੋਦ ਚੋਪੜਾ ਹੈ, ਕੁੰਦਨ ਸ਼ਾਹ ਹੈ, ਸਈਦ ਮਿਰਜਾ, ਗੌਤਮ ਘੋਸ਼, ਚਕਰਵਰਤੀ, ਸਤਿਆਜੀਤ ਦਾ ਬੇਟਾ ਪ੍ਰਦੀਪ ਰੇਅ ਹੈ , ਕੇਤਨ ਮਹਿਤਾ ਹੈ, ਸੁਰਿੰਦਰ ਢੱਡਾ ਆਦਿ ਹਨ। ਇਸ ਤਰ੍ਹਾਂ ਘੱਟੋ ਘੱਟ ਪੰਜਾਹ ਜਵਾਨ ਬੰਦੇ ਹੋਣਗੇ। ਜੇ ਉਨ੍ਹਾਂ ਨੂੰ ਚੰਗੇ ਮੌਕੇ ਤੇ ਸਾਧਨ ਮਿਲਣ ਤਾਂ ਉਹ ਵਧੀਆ ਫਿਲਮਾਂ ਬਣਾ ਸਕਦੇ ਹਨ।

ਸਵਾਲ: ਹੋਰ ਕੀ ਕੀ ਮੁਸ਼ਕਲਾਂ ਹਨ ਵਧੀਆ ਫਿਲਮ ਬਣਾਉਣ ਦੇ ਰਾਹ ਵਿਚ? ਜਾਂ ਆਰਟ ਸਿਨਮੇ ਦੇ ਵਧਣ ਫੁਲਣ ਵਿਚ?
ਜਵਾਬ: ਇਕ ਚੀਜ਼ ਆਰਟ ਸਿਨਮੇ ਨੂੰ ਨਹੀਂ ਛਡਣੀ ਚਾਹੀਦੀ ਸੀ ਜੋ ਕਿ ਉਸ ਵਿਚ ਖਾਸੀਅਤ ਸੀ ਉਹ ਸੀ ਨਵੇਂ ਕਲਾਕਾਰਾਂ ਨੂੰ ਲੈ ਕੇ ਕੰਮ ਕਰਨਾ। ਪਰ ਉਹਨਾਂ ਨੇ ਵੀ ਦੂਜੇ ਸਿਨਮੇ ਵਾਂਗ ਸਟਾਰ ਸਿਸਟਮ ਪੈਦਾ ਕਰ ਦਿੱਤਾ ਹੈ। ਜਾਣੀਕਿ ਹੁਣ ਨਸਰੂਦੀਨ ਸ਼ਾਹ, ਓਮ ਪੁਰੀ, ਸ਼ਬਾਨਾ ਆਜ਼ਮੀ, ਸਮਿਤਾ ਪਾਟਿਲ ਆਦਿ ਆਰਟ ਸਿਨੇਮੇ ਦੇ ਸਟਾਰ ਬਣ ਗਏ ਹਨ। ਪਰ ਆਰਟ ਸਿਨਮਾ ਨੂੰ ਇਹ ਸੋਚਣਾ ਚਾਹੀਦਾ ਕਿ ਜਦੋਂ ਉਨ੍ਹਾਂ ਨੇ ਸਾਨੂੰ ਲਿਆ ਸੀ ਤਾਂ ਅਸੀਂ ਕੁਝ ਵੀ ਨਹੀਂ ਸੀ। ਨਵੀਂ ਪੌਂਦ ਨੂੰ ਉਸੇ ਤਰ੍ਹਾਂ ਲੈਂਦੇ ਰਹਿਣਾ ਚਾਹੀਦਾ ਜਿਵੇਂ ਪਹਿਲਾਂ ਲੈਂਦੇ ਸੀ। ਹੁਣ ਆਰਟ ਸਿਨੇਮੇ ਵਿਚ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਵੀ ਆਰਟ ਫਿਲਮ ਬਣਾਉਣ ਵਾਲਾ ਆਪਣੀ ਫਿਲਮ ਨੂੰ ਸਫਲ ਨਹੀਂ ਬਣਾ ਸਕਦਾ ਬਗੈਰ ਸਮਿਤਾ, ਸ਼ਬਾਨਾ ਜਾਂ ਨਸਰੂਦੀਨ ਸ਼ਾਹ ਲਏ ਬਿਨਾਂ। ਪਰ ਇਸ ਨਾਲ ਇਕ ਮੁਸ਼ਕਿਲ ਖੜ੍ਹੀ ਹੁੰਦੀ ਹੈ ਕਿ ਇਹ ਐਕਟਰ ਸਾਰੀ ਉਮਰ ਘੱਟ ਪੈਸੇ ਲੈ ਲੈ ਕੇ ਥੋੜ੍ਹੀ ਕੰਮ ਕਰ ਸਕਦੇ ਹਨ। ਉਨ੍ਹਾਂ ਦੀਆਂ ਵੀ ਰੋਜ਼ਾਨਾ ਜ਼ਿੰਦਗੀ ਦੀਆਂ ਲੋੜ੍ਹਾਂ ਹਨ। ਅਸੀਂ ਕੋਈ ਜ਼ਿਆਦਾ ਪੈਸੇ ਦੀ ਮੰਗ ਨਹੀਂ ਕਰਦੇ। ਪਰ ਜੇ ਤੁਹਾਡਾ ਬੱਜਟ 10 ਲੱਖ ਹੀ ਹੈ ਤਾਂ ਨਾ ਲਵੋ ਓਮ ਨੂੰ ਜਾਂ ਨਸੀਰ ਨੂੰ, ਨਵੇਂ ਬੰਦੇ ਨਾਲ ਕੰਮ ਚਲਾਓ। ਜਾਂ ਨਸੀਰ ਨੂੰ ਪੁੱਛੋ ਕਿ ਪੰਜ ਦਿਨ ਮਹਿਮਾਨ ਕਾਲਾਕਾਰ ਦੇ ਤੌਰ ਤੇ ਕੰਮ ਕਰ ਦੇਵੇ। ਕੇਤਨ ਮਹਿਤਾ ਨੇ ਫਿਲਮ “ਹੋਲੀ” ਸਾਢੇ ਪੰਜ ਲੱਖ ਵਿਚ ਬਣਾਈ। ਫਿਲਮ ਇਨਸਟੀਚਿਉੂਟ ਦੇ ਮੁੰਡੇ ਲਏ, ਤੇ ਉਥੇ ਹੀ ਸ਼ੂਟਿੰਗ ਲਈ ਥਾਂ ਰੱਖੀ ਤੇ ਰਹਿਣ ਲਈ ਥਾਂ ਮੁਫਤ ਦੇ ਦਿੱਤੀ। ਅਸੀਂ ਜਾਕੇ ਉਥੇ ਚਾਰ ਚਾਰ ਦਿਨ ਕੰਮ ਕੀਤਾ। ਉਨ੍ਹਾਂ ਨੇ ਸਾਨੂੰ 3000 ਰੁਪੈ ਫੜਾ ਦਿੱਤੇ ਦਕਸ਼ਿਨਾ ਦੇ ਤੌਰ ਤੇ। ਅਸੀਂ ਕਿਹਾ ਠੀਕ ਹੈ ਬਈ ਇਹ ਵੀ ਰੱਖ ਲਉ। ਪਰ ਜੇਕਰ ਉਹ ਮੈਨੂੰ ਜਾਂ ਨਸੀਰ ਨੂੰ ਕਹਿੰਦੇ ਕਿ ਦੋ ਮਹੀਨੇ ਚਾਹੀਦੇ ਹਨ ਤੇ ਤੁਹਾਨੂੰ ਤਿੰਨ ਹਜ਼ਾਰ ਰੁਪੈ ਦੇਵਾਂਗੇ। ਫਿਰ ਅਸੀਂ ਕਿਥੋਂ ਚਲੇ ਜਾਂਦੇ?

ਗੋਬਿੰਦ ਤੇ ਸ਼ਿਆਮ ਦੀ ਬੜੀ ਵੱਡੀ ਦੇਣ ਹੈ ਕਿ ਉਨ੍ਹਾਂ ਨੇ ਕਿਤਨੇ ਹੀ ਨਵੇਂ ਬੰਦਿਆਂ ਨਾਲ ਫਿਲਮ ਦਰਸ਼ਕਾਂ ਦੀ ਜਾਨ-ਪਹਿਚਾਣ ਕਰਵਾਈ ਹੈ ਜੋ ਹੁਣ ਕਮਰਸ਼ੀਅਲ ਸਿਨਮੇ ਵਿਚ ਵੀ ਕੰਮ ਕਰਦੇ ਹਨ ਜਿਵੇਂ ਸਮਿਤਾ ਸੀ। ਹੁਣ ਸ਼ਬਾਨਾ, ਅਮਰੀਸ਼, ਮੈਂ, ਅਨੀਤਾ ਕੰਵਰ, ਕੁਲਭੂਸ਼ਨ ਖਰਬੰਦਾ, ਆਦਿ ਹਾਂ। ਉਹ ਜਾ ਕੇ ਨਾਟਕ ਦੇਖਦੇ ਹਨ ਜਾਂ ਦੂਜੇ ਲੋਕਾਂ ਤੋਂ ਜਾਕੇ ਪਤਾ ਕਰਦੇ ਹਨ ਤੇ ਫਿਰ ਨਵੇਂ ਬੰਦਿਆਂ ਨੂੰ ਇੰਟਰੋਡਿਊਸ ਕਰਦੇ ਹਨ।

ਸਵਾਲ: ਹੁਣ ਆਰਟ ਫਿਲਮਾਂ ਦੇ ਕਾਫੀ ਲੋਕ ਟੈਲੀਵਿਯਨ ਵੱਲ ਆ ਗਏ ਹਨ। ਪਰ ਟੀæਵੀæ ਸਟੇਟ ਕੰਟਰੋਲ ਹੇਠ ਹੈ। ਜਿਹੜੀ ਗੱਲ ਉਹ ਇਕ ਆਜ਼ਾਦ ਫਿਲਮਸਾਜ਼ ਦੇ ਤੌਰ ਤੇ ਆਪਣੀ ਫਿਲਮ ਵਿਚ ਕਹਿੰਦੇ ਸੀ, ਕੀ ਉਹੀ ਗੱਲ ਉਹ ਟੀæ ਵੀæ ਉਪਰ ਕਹਿ ਸਕਣਗੇ?
ਜਵਾਬ: ਕੁਝ ਹੱਦ ਤੱਕ ਤਾਂ ਮੁਸ਼ਕਿਲ ਆਉਂਦੀ ਹੈ। ਫਿਰ ਵੀ ਕੁਝ ਫਿਲਮਾਂ ਐਸੀਆਂ ਆਈਆਂ ਹਨ ਜਿਨ੍ਹਾਂ ਬਾਰੇ ਰੌਲਾ ਪਿਆ ਹੈ ਪਰ ਫਿਰ ਵੀ ਉਹ ਉਨ੍ਹਾਂ ਨੂੰ ਦਿਖਾਉਣੀਆਂ ਪਈਆਂ ਹਨ। ਜੇਕਰ ਗੌਰਮਿੰਟ ਦੀ ਸੈਂਸਰਸ਼ਿਪ ਹੈ ਤਾਂ ਦੂਸਰੇ ਪਾਸੇ ਵੀ ਲੋਕ ਹਨ। ਚਾਹੇ ਉਹ ਕਾਮਰੇਡ ਹੋਣ ਜਾਂ ਸਿਵਿਲ ਲਿਬਰਟੀ ਵਾਲੇ ਜਾਂ ਸੋਸ਼ਲ ਗਰੁਪ ਹੋਣ। ਜਿਵੇਂ ਬੀ. ਜੇ. ਪੀ. ਦੀ ਮੂਵਮੈਂਟ ਤੇ ਅਨੰਦ ਪਟਵਰਧਨ ਨੇ ਫਿਲਮ ਬਣਾਈ ਸੀ, ਇਹ ਕੋਰਟ ਗਈ, ਤੇ ਕੋਰਟ ਨੇ ਰਿਲੀਜ਼ ਕਰ ਦਿੱਤੀ। ਇਸੇ ਤਰ੍ਹਾਂ ਤਮਸ ਵੇਲੇ ਹੈਦਰਾਬਾਦ ਵਿਚ ਰੇਡੀਓ ਸਟੇਸ਼ਨ ਸਾੜ ਦਿੱਤਾ। ਟੈਲੀਕਾਸਟ ਤੋਂ ਦੋ ਦਿਨ ਪਹਿਲਾਂ ਸਟੇਅ ਆਰਡਰ ਮਿਲ ਗਿਆ ਇਸਨੂੰ ਨਾ ਦਿਖਾਉਣ ਦਾ। ਪਰ ਫਿਰ ਫੈਸਲਾ ਤਮਸ ਦੇ ਹੱਕ ਵਿਚ ਹੋ ਗਿਆ ਕਿ ਇਸ ਵਿਚ ਕੋਈ ਗਲਤ ਨਹੀਂ, ਸਾਡਾ ਟੈਲੀਕਾਸਟ ਹੋਵੇਗਾ। ਮਤਲਬ ਐਨੀ ਵੀ ਹਨ੍ਹੇਰ ਗਰਦੀ ਨਹੀਂ ਹੈ। ਪਰ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਕਿ ਸਾਨੂੰ ਇਸ ਲਈ ਜ਼ਿਆਦਾ ਮੇਹਨਤ ਕਰਨੀ ਪੈਣੀ ਹੈ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਣ ਲਈ। ਅਸੀਂ ਕਈ ਵਾਰੀ ਪਹਿਲਾਂ ਹੀ ਡਰ ਜਾਂਦੇ ਹਾਂ ਕਿ ਸਾਡੀ ਤਾਂ ਸਰਕਾਰ ਇਹੋ ਜਿਹੀ ਹੈ ਅਸੀਂ ਐਸੀ ਫਿਲਮ ਨਾ ਬਣਾਈਏ। ਇਸੇ ਤਰ੍ਹਾਂ ਨਿਉ ਦਿੱਲੀ ਟਾਈਮਜ਼ ਕਾਫੀ ਵਧੀਆ ਫਿਲਮ ਸੀ, ਕਾਫੀ ਮੁਸ਼ਕਿਲਾਂ ਆਈਆਂ ਪਰ ਆਖਿਰ ਦਿਖਾਈ ਗਈ। ਹੁਣ ਆਹ ਫਿਲਮ “ਪੁਰਸ਼” ਬਣੀ ਹੈ। ਇਸ ਵਿਚ ਕੋਈ ਸਮਝੌਤਾ ਨਹੀਂ ਹੈ। ਹੋ ਸਕਦਾ ਹੈ ਉਸ ਵਿਚ ਔਖ ਆਵੇ। ਪਰ ਨਾਲ ਨਾਲ ਇਹ ਵੀ ਹੈ ਕਿ ਬੰਦੇ ਐਸੇ ਵੀ ਹਨ ਜੋ ਔਖੇ ਵੇਲੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਨੂੰ ਤਿਆਰ ਹਨ। ਹਨ੍ਹੇਰ ਗਰਦੀ ਸਿਰਫ ਸਰਕਾਰ ਹੀ ਨਹੀਂ ਪਾਉਂਦੀ, ਹੋਰ ਬੰਦੇ ਵੀ ਪਾਉਂਦੇ ਹਨ। ਬਿਹਾਰ ਵਿਚ ਜੇਕਰ ਦਸ ਮਜਦੂਰ ਮਾਰ ਦਿੰਦੇ ਹਾਂ ਤਾਂ ਉਹ ਸਰਕਾਰ ਨਹੀਂ ਮਾਰਦੀ, ਬੰਦੇ ਮਾਰਦੇ ਹਨ ਜਿਹੜੇ ਜ਼ਿਮੀਂਦਾਰ ਨੇ ਜਾਂ ਦੂਜੀ ਜਾਤ ਦੇ ਹਨ। ਹਰ ਚੀਜ਼ ਸਾਨੂੰ ਸਰਕਾਰ ਤੇ ਨਹੀਂ ਸੁੱਟਣੀ ਚਾਹੀਦੀ।

ਸਵਾਲ: ਕੁੱਝ ਟੀ. ਵੀ. ਸੀਰੀਅਲਾਂ ਬਾਰੇ ਦੱਸੋ?
ਜਵਾਬ: ਇਨ੍ਹਾਂ ਨੂੰ ਅਪਣਾਂ ਸਟੈਂਡਰਡ ਠੀਕ ਕਰਣਾ ਪਵੇਗਾ। ਕਈ ਸੀਰੀਅਲ ਬਹੁਤ ਅੱਛੇ ਹਨ। ਪੰਜਾਬ ਉਪਰ ਇਕ ਚੁੱਪ ਸੀਰੀਅਲ ਸੀ ਜਿਸ ਵਿਚ ਕੋਈ ਡਾਇਲਾਗ ਨਹੀਂ ਸੀ, ਅੰਤ ਵਿਚ ਸਿਰਫ ਇਕ ਸ਼ਬਦ ਸੀ। ਇਹ ਇਕ ਔਰਤ ਮੰਜੂ ਸਿੰਘ ਨੇ ਬਣਾਇਆ ਸੀ। “ਖੇਡ” ਉਸਦਾ ਨਾਮ ਹੈ। ਇਹ ਸਾਰੇ ਦੇਸ਼ ਬਾਰੇ ਦਸਦਾ ਹੈ। ਸਭ ਕੁਝ ਇਕ 12-14 ਸਾਲ ਦੇ ਸਿੱਖ ਮੁੰਡੇ ਨਾਲ ਜੁੜਿਆ ਹੈ। ਇਹ ਸੱਚੀਂ ਹੀ ਤੁਹਾਡੇ ਤੇ ਅਸਰ ਕਰਦਾ ਹੈ।

ਸਵਾਲ: ਇਕ ਚੰਗਾ ਡਾਇਰੈਕਟਰ ਕੋਣ ਹੁੰਦਾ ਹੈ? ਇਕ ਐਕਟਰ ਦੇ ਤੌਰ ਤੇ ਉਸਦੀ ਅਹਿਮੀਅਤ ਦੱਸੋ।
ਜਵਾਬ: ਡਾਇਰੈਕਟਰ ਵਿਚ ਇਕ ਕਾਬਲੀਅਤ ਹੋਣੀ ਚਾਹੀਦੀ ਹੈ ਕਿ ਉਹ ਐਕਟਰ ਨੂੰ ਐਕਟਿੰਗ ਕਰਕੇ ਨਾ ਦਿਖਾਵੇ ਬਲਕਿ ਉਸ ਵਿਚੋਂ ਕੱਢੇ। ਕੁਝ ਡਾਇਰੈਕਟਰਾਂ ਨੂੰ ਕਰਕੇ ਦਿਖਾਉਣ ਦਾ ਸ਼ੌਕ ਹੁੰਦਾ ਕਿ ਮੈਂ ਆਹ ਚਾਹੁੰਦਾ ਹਾਂ। ਉਹਦੇ ਵਿਚ ਇਹ ਹੈ ਕਿ ਜੇਕਰ ਐਕਟਰ ਬਹੁਤ ਚੰਗਾ ਕਰੂਗਾ ਤਾਂ ਸਿਰਫ ਡਾਇਰੈਕਟਰ ਦੀ ਚੰਗੀ ਨਕਲ ਹੀ ਕਰੂਗਾ, ਉਸਦਾ ਆਪਣਾ ਕੋਈ ਮੌਲਿਕ ਯੋਗਦਾਨ ਨਹੀਂ ਹੋਵੇਗਾ। ਜੇਕਰ ਐਕਟਰ ਕੋਲੋਂ ਕੋਈ ਸੀਨ ਨਿਕਲ ਨਹੀਂ ਰਿਹਾ ਤਾਂ ਚੰਗਾ ਡਾਇਰੈਕਟਰ ਉਸਨੂੰ ਅਸਿੱਧੇ ਢੰਗ ਨਾਲ ਸੀਨ ਦਾ ਪਿਛੋਕੜ ਆਦਿ ਸਮਝਾ ਕੇ ਜਾਂ ਮਿਸਾਲਾਂ ਦੇ ਕੇ ਐਕਟਰ ਦੇ ਅੰਦਰੋਂ ਭਾਵਨਾ ਕੱਢੇ। ਉਸ ਨਾਲ ਐਕਟਰ ਦੀ ਅਦਾਕਾਰੀ ਨਕਲੀ ਨਹੀਂ ਲੱਗੇਗੀ। ਐਕਟਰ ਦੀ ਸਿਰਜਣਾ ਵੀ ਹੋਵੇਗੀ। ਦੂਜੇ, ਡਾਇਰੈਕਟਰ ਨੂੰ ਫਿਲਮ ਦੇ ਜਾਂ ਥਿਏਟਰ ਦੇ ਹਰ ਪੱਖ ਦੀ ਸਮਝ ਹੋਣੀ ਚਾਹੀਦੀ ਹੈ ਚਾਹੇ ਉਹ ਕੈਮਰਾ ਲੈਨਜ਼ ਹੈ, ਚਾਹੇ ਉਹ ਕੈਮਰਾ ਐਂਗਲ ਹੈ ਜਾਂ ਲਾਇਟਿੰਗ ਹੈ। ਸੱਭ ਕਾਸੇ ਬਾਰੇ ਬੇਸਿਕ ਜਾਣਕਾਰੀ ਹੋਣੀ ਜ਼ਰੂਰੀ ਹੈ। ਡਾਇਰੈਕਟਰ ਦੀ ਫਿਲਮ ਵਿਚ ਪਿਤਾ ਵਾਲੀ ਜਗਹ ਹੈ। ਜਿਵੇਂ ਪਿਤਾ ਚਾਹੁੰਦਾ ਹੈ ਕਿ ਉਸਦੇ ਬੱਚੇ ਇਸ ਤਰ੍ਹਾਂ ਦੇ ਹੋਣ ਇਸ ਤਰ੍ਹਾਂ ਡਾਇਰੈਕਟਰ ਦਾ ਰੋਲ ਵੀ ਉਹੀ ਹੋਣਾ ਚਾਹੀਦਾ ਹੈ। ਉਸਦਾ ਪੂਰਾ ਸੁਭਾਅ ਇਕ ਜ਼ਿੰਮੇਵਾਰ ਬਾਪ ਵਾਲਾ ਹੋਣਾ ਚਾਹੀਦਾ ਹੈ।

ਸਵਾਲ: ਜਦੋਂ ਕੋਈ ਫਿਲਮ ਪੂਰੀ ਹੋ ਜਾਂਦੀ ਹੈ ਤਾਂ ਉਸਨੂੰ ਆਮ ਤੌਰ ਤੇ ਉਸ ਦੇ ਡਾਇਰੈਕਟਰ ਦੀ ਫਿਲਮ ਕਿਹਾ ਜਾਂਦਾ ਹੈ। ਤੁਸੀਂ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
ਜਵਾਬ: ਜਦੋਂ ਕਹਿੰਦੇ ਹਨ ਕਿ ਫਲਾਨੇ ਡਾਇਰੈਕਟਰ ਦੀ ਫਿਲਮ ਹੈ ਪਰ ਜੇ ਕਿਸੇ ਐਕਟਰ ਨੇ ਉਹਦੇ ਵਿਚ ਚੰਗਾ ਕੰਮ ਕੀਤਾ ਤਾਂ ਉਸਦਾ ਨਾਮ ਵੀ ਆਉਂਦਾ ਹੈ। ਇਟ ਵੀਕਮਜ਼ ਕੰਪਲੀਮੈਂਟਰੀ। ਫਰਜ਼ ਕਰੋ “ਅਰਧ ਸਤਿਆ” ਫਿਲਮ ਲੋਕਾਂ ਨੇ ਦੇਖੀ ਤਾਂ ਉਸ ਵਿਚੋਂ ਓਮ ਪੁਰੀ ਨੂੰ ਜ਼ਿਆਦਾ ਪਬਲੀਸਿਟੀ ਮਿਲੀ, ਗੋਬਿੰਦ ਨਿਹਲਾਨੀ ਦੇ ਮੁਕਾਬਲੇ, ਹਾਲਾਂਕਿ ਫਿਲਮ ਉਸਨੇ ਬਣਾਈ ਹੈ।

ਸਵਾਲ: ਕੀ ਕਮਰਸ਼ੀਅਲ ਸਿਨਮਾ ਵਿਚ ਵੀ ਇਵੇਂ ਹੀ ਹੁੰਦਾ ਹੈ?
ਜਵਾਬ: ਕੁੱਝ ਡਾਇਰੈਕਟਰ ਹਨ ਜਿਵੇਂ ਸੁਭਾਸ਼ ਘਈ , ਰਮੇਸ਼ ਸਿੱਪੀ ਉਨ੍ਹਾਂ ਦਾ ਨਾਮ ਵੀ ਆਵੇਗਾ ਜੇਕਰ ਫਿਲਮ ਦੇ ਮੁੱਖ ਐਕਟਰ ਦਾ ਨਾਮ ਆਵੇਗਾ। ਇਸੇ ਤਰ੍ਹਾਂ ਸ਼ਕਤੀ ਸਾਮੰਤ, ਰਿਸ਼ੀਕੇਸ਼ ਮੁਕਰਜੀ ਹਨ। ਪਰ ਕਮਰਸ਼ੀਅਲ ਸਿਨਮਾ ਵਿਚ ਕਰੀਬ 80% ਫਿਲਮਾਂ ਵਿਚ ਹੀਰੋ ਦਾ ਹੀ ਨਾਮ ਵੱਜਦਾ ਹੈ। ਕਮਰਸ਼ੀਅਲ ਸਿਨੇਮੇ ਵਿਚ ਅਜਿਹੇ ਡਾਇਰੈਕਟਰ ਵੀ ਹਨ ਜਿਨ੍ਹਾਂ ਨੂੰ ਆਉਂਦਾ ਵੀ ਕੁਝ ਨਹੀਂ।

ਸਵਾਲ: ਤੁਸੀਂ ਭਾਰਤ ਦੇ ਸਾਰੇ ਵਧੀਆ ਤੇ ਚੰਗੇ ਡਾਇਰੈਕਟਰਾਂ ਨਾਲ ਕੰਮ ਕੀਤਾ ਹੈ। ਤੁਸੀਂ ਇਸ ਬਾਰੇ ਕੁਝ ਦੱਸੋ ਜਿਵੇਂ ਕਿ ਸਤਿਆਜੀਤ ਰੇਅ ਨਾਲ ਕੰਮ ਕਰਕੇ ਕਿਵੇਂ ਲੱਗਾ?
ਜਵਾਬ: ਸਤਿਆਜੀਤ ਰੇਅ ਇਕ ਖਾਸ ਹੀ ਫਿਲਮ ਮੇਕਰ ਸੀ ਜਿਸਨੂੰ ਫਿਲਮ ਦੀ ਸਭ ਪਾਸੋਂ ਜਾਣਕਾਰੀ ਸੀ। ਉਹ ਸਕਰਿਪਟ ਵੀ ਲਿਖ ਸਕਦਾ ਸੀ, ਸੰਗੀਤ ਬਾਰੇ ਵੀ ਜਾਣਦਾ ਸੀ, ਐਡੀਟਿੰਗ, ਕੈਮਰੇ ਬਾਰੇ, ਸਾਉਂਡ ਬਾਰੇ, ਬਹੁਤ ਕੁਝ ਜਾਣਦਾ ਸੀ। ਇਸੇ ਕਰਕੇ ਉਸਨੂੰ ਮੈਨ ਆਫ ਰੈਨੇਸਿਸ ਕਹਿੰਦੇ ਹਨ। ਉਨ੍ਹਾਂ ਨਾਲ ਕੰਮ ਕਰਕੇ ਮੈਨੂੰ ਮਹਿਸੂਸ ਹੋਇਆ ਕਿ ਉਹ ਬਹੁਤ ਸ਼ਾਂਤ ਅਤੇ ਕਾਨਸਟੈਂਟਲ ਇੰਪਰੋਵਾਈਜਿੰਗ – ਇਕ ਦਮ ਨਵੀਆਂ ਚੀਜ਼ਾਂ ਸਿਰਜ਼ ਸਕਣ ਵਾਲਾ ਵਿਅਕਤੀ ਸੀ। ਉਹ ਲੋਕੇਸ਼ਨ ਤੇ ਪਹੁੰਚ ਕੇ ਵੀ ਨਵੀਂ ਚੀਜ਼ ਅਪਣਾ ਲੈਂਦਾ ਸੀ, ਜੇ ਐਕਟਰ ਨੇ ਕੋਈ ਨਵੀਂ ਚੀਜ਼ ਕੀਤੀ ਤਾਂ ਉਸਨੂੰ ਵੀ ਵਰਤ ਲੈਣਾ, ਭਾਵ ਕਿ ਉਹ “ਫਲੈਕਸੀਵਲ” ਸੀ। ਇਕ ਵਾਰੀ ਉਸਨੇ ਬਿਜ਼ਲੀ ਚਮਕਣ ਦਾ ਸੀਨ ਲੈਣਾ ਸੀ ਤਾਂ ਦੁਪਹਿਰ ਨੂੰ ਖਾਣਾ ਖਾਂਦੇ ਖਾਂਦੇ ਨੂੰ ਕੁਝ ਸੁੱਝ ਗਿਆ। ਉਸਨੇ ਇਕ ਦਮ ਸਾਰਾ ਕੰਨਸੈਪਟ ਬਦਲ ਦਿੱਤਾ ਕਿਉਂਕਿ ਬੱਦਲ ਅਚਾਨਕ ਆ ਚੜ੍ਹੇ ਸਨ। ਉਸਨੂੰ ਪਤਾ ਸੀ ਕਿ ਹੁਣ ਮੀਂਹ ਪੈ ਜਾਵੇਗਾ ਤੇ ਉਸਨੇ ਉਹ ਸੀਨ ਮੀਂਹ ਵਿਚ ਕਰ ਲਿਆ। ਭਾਵ ਉਸਨੇ ਪ੍ਰਤੀਕੂਲ ਹਾਲਤ ਨੂੰ ਆਪਣੇ ਹਿੱਤ ਵਿਚ ਵਰਤ ਲਿਆ। ਉਸਦੇ ਕੋਲ ਅਗਾਂਹ ਦੇਖਣ ਦੀ ਸ਼ਕਤੀ ਸੀ। ਬਿਜ਼ਲੀ ਚਮਕਣ ਦਾ ਦ੍ਰਿਸ਼ ਦਿਖਾਉਣ ਲਈ ਉਸਨੇ ਇਕ ਨਵਾਂ ਤੇ ਸਾਧਾ ਢੰਗ ਖੋਜ ਲਿਆ। ਉਸਨੇ ਇਕ ਤਸਲਾ ਲੈਕੇ ਤੇ ਉਸ ਵਿਚ ਗੂੰਦ ਲਾਕੇ ਤੇ ਸ਼ੀਸ਼ਾ ਭੰਨ ਕੇ ਛੋਟੇ ਛੋਟੇ ਟੁਕੜੇ ਤਸਲੇ ਵਿਚ ਜੜ ਦਿੱਤੇ। ਵੈਲਡਿੰਗ ਦੀ ਮਸ਼ੀਨ ਨਾਲ ਸਪਾਰਕ ਦੇ ਕੇ ਬਿਜ਼ਲੀ ਚਮਕਣ ਦਾ ਇਫੈਕਟ ਪੈਦਾ ਕਰ ਦਿੱਤਾ।

ਸਵਾਲ: ਪੰਜਾਬ ਦੇ ਲੋਕ ਤੁਹਾਨੂੰ ਪੰਜਾਬੀ ਫਿਲਮਾਂ ਕਰਕੇ ਜਾਣਦੇ ਹਨ ਖਾਸਕਰ ਲੋਕਾਂ ਅੰਦਰ ਤੁਹਾਡੇ ਲਈ ਅਪਣਤ “ਚੰਨ ਪ੍ਰਦੇਸੀ” ਤੋਂ ਆਈ ਹੈ। ਉਸ ਫਿਲਮ ਵਿਚ ਲੋਕਾਂ ਨੂੰ ਤੁਹਾਡੀ ਬੋਲੀ ਬਹੁਤ ਪਸੰਦ ਆਈ ਸੀ। ਪੰਜਾਬੀ ਫਿਲਮ ਵਿਚ ਕੰਮ ਕਰਕੇ ਤੁਸੀਂ ਖੁੱਦ ਕਿਵੇਂ ਮਹਿਸੂਸ ਕੀਤਾ?
ਜਵਾਬ: ਸੱਭ ਤੋਂ ਵੱਡੀ ਚੀਜ਼ ਤਾਂ ਇਹ ਹੈ ਕਿ ਮੈਂ “ਚੰਨ ਪ੍ਰਦੇਸੀ” ਤੋਂ ਪਹਿਲਾਂ 10-12 ਫਿਲਮਾਂ ਕਰ ਚੁੱਕਾ ਸੀ। ਇਸ ਕਰਕੇ ਮੇਰੀ ਪੰਜਾਬੀ ਬੋਲਣ ਦੀ ਪ੍ਰੈਕਟਿਸ ਕਾਫੀ ਘੱਟ ਚੁੱਕੀ ਸੀ। ਇਸ ਫਿਲਮ ਵਿਚ ਕੁੱਝ ਚੀਜ਼ਾਂ ਮੈਂ ਨਵੀਆਂ ਕੀਤੀਆਂ ਜੋ ਕਿ ਮੈਂ ਪਹਿਲਾਂ ਕਦੀ ਨਹੀਂ ਸੀ ਕੀਤੀਆਂ। ਇਸਦਾ ਮਤਲਬ ਇਹ ਕਿ ਪੰਜਾਬੀ ਮੇਰੀ ਮਾਂ ਬੋਲੀ ਹੈ ਅਤੇ ਮੈਂ ਇਸਨੂੰ ਭੁੱਲ ਨਹੀਂ ਸਕਿਆ। ਮੇਰਾ ਵਿਚਾਰ ਹੈ ਕਿ ਤੁਸੀਂ ਕਿਸੇ ਨੂੰ 50 ਸਾਲ ਕੋਠੇ ਵਿਚ ਬੰਦ ਕਰ ਦਿਉ ਅਤੇ ਕਹੋ ਕਿ ਜੇਕਰ ਤੂੰ ਪੰਜਾਬੀ ਬੋਲੀ ਤਾਂ ਤੇਰੀ ਲੱਤ ਭੰਨ ਦੇਵਾਂਗੇ, ਤਾਂ ਵੀ ਉਹ ਪੰਜਾਬੀ ਨਹੀਂ ਭੁੱਲੇਗਾ।

ਆਪਣੀਆਂ ਪੰਜਾਬੀ ਫਿਲਮਾਂ ਬਹੁਤੀਆਂ ਚੰਗੀਆਂ ਨਹੀਂ ਬਣਦੀਆਂ। ਪੰਜਾਹਵਿਆਂ ਵਿਚ ਪੰਜਾਬੀ ਤੇ ਹਿੰਦੀ ਦੋਵੇਂ ਫਿਲਮਾਂ ਚੰਗੀਆਂ ਬਣਦੀਆਂ ਸਨ। ਬਾਅਦ ਵਿਚ ਪੱਛਮ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਤੇ ਫਿਲਮਾਂ ਵਿਚ ਮਸਾਲਾ ਭਰਨਾ ਸ਼ੁਰੂ ਹੋ ਗਿਆ। ਚਾਹੇ ਪੰਜਾਬ, ਚਾਹੇ ਗੁਜਰਾਤ, ਚਾਹੇ ਸਾਊਥ ਹੋਵੇ ਹਰ ਪਾਸੇ ਘਟੀਆਂ ਫਿਲਮਾਂ ਬਣਨ ਲੱਗੀਆਂ। ਇਹ ਸਾਰਾ ਅਸਰ ਘਟੀਆ ਹਿੰਦੀ ਫਿਲਮਾਂ ਦਾ ਸੀ। ਬਾਕੀ ਪਾਸੇ ਤਾਂ ਚੰਗੀਆਂ ਮਾੜੀਆਂ ਦੋਵੇਂ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਰਹੀਆਂ ਹਨ ਪਰ ਪੰਜਾਬ ਵਿਚ ਮਾੜੀਆਂ ਹੀ ਬਣਨੀਆਂ ਸ਼ੁਰੂ ਹੋ ਗਈਆਂ।

ਸਵਾਲ: ਹਿੰਦੁਸਤਨ ਦੀਆਂ ਬਾਕੀ ਜ਼ੁਬਾਨਾਂ ਵਿਚ ਥਿਏਟਰ ਦੀ ਕਾਫੀ ਰਵਾਇਤ ਹੈ। ਪੰਜਾਬ ਵਿਚ ਸਿਰਫ ਫੋਕ ਥਿਏਟਰ ਹੀ ਮਸ਼ਹੂਰ ਰਿਹਾ ਹੈ। ਪਿਛਲੇ 10-15 ਸਾਲ ਵਿਚ ਪੰਜਾਬੀ ਥਿਏਟਰ ਨੇ ਪੰਜਾਬ ਦੀ ਸਿਆਸੀ ਸਥਿਤੀ ਦੇ ਬਾਵਜੂਦ ਕੁੱਝ ਵਿਕਾਸ ਕੀਤਾ ਹੈ ਪਰ ਪੰਜਾਬੀ ਫਿਲਮਾਂ ਵਿਚ ਇਹ ਸੁਧਾਰ ਨਹੀਂ ਹੋਇਆ। ਕੀ ਭਵਿੱਖ ਵਿਚ ਪੰਜਾਬੀ ਫਿਲਮਾਂ ਵਿਚ ਕੁਝ ਸੁਧਾਰ ਹੋਣ ਦੀ ਆਸ ਹੈ?
ਜਵਾਬ: ਮੈਨੂੰ ਨਹੀਂ ਲੱਗਦਾ ਕਿ ਬੰਬਈ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ। ਇਹ ਆਸ ਉਨ੍ਹਾਂ ਬੰਦਿਆਂ ਤੋਂ ਹੋਣੀ ਚਾਹੀਦੀ ਹੈ ਜੋ ਇਸਨੂੰ ਮਹਿਸੂਸ ਕਰਦੇ ਹਨ। “ਚੰਨ ਪ੍ਰਦੇਸੀ” ਇਕ ਹਿਸਾਬ ਨਾਲ ਨਵੀਂ ਸ਼ੁਰੂਆਤ ਸੀ। ਬਾਅਦ ਵਿਚ ਟਿਵਾਣਾ ਸਾਹਿਬ ਨੇ “ਲੌਂਗ ਦਾ ਲਿਸ਼ਕਾਰਾ” ਬਣਾਈ ਜੋ ਕਿ ਮੈਂ ਸਮਝਦਾ “ਚੰਨ ਪ੍ਰਦੇਸੀ” ਦੇ ਪੱਧਰ ਦੀ ਨਹੀਂ ਸੀ। ਸੋ ਭਾਵ ਜੇਕਰ ਚੰਗੀ ਸ਼ੁਰੂਆਤ ਹੋ ਜਾਵੇ ਤਾਂ ਹੋਰ ਲੋਕ ਵੀ ਪਿੱਛੇ ਲੱਗ ਪੈਂਦੇ ਹਨ। ਜਿਹੜੇ ਬੰਦੇ ਪੰਜਾਬੀ ਵਿਚ ਚੰਗੀ ਫਿਲਮ ਬਣਾਉਣ ਬਾਰੇ ਮਹਿਸੂਸ ਕਰਦੇ ਹਨ ਉਨ੍ਹਾਂ ਨੂੰ ਬਣਾ ਦੇਣੀ ਚਾਹੀਦੀ ਹੈ। ਇਸਦੀ ਜ਼ਰੂਰਤ ਹੈ, ਇਸਦੀ ਜਗਹ ਹੈ, ਇਸਨੂੰ ਦੇਖਣ ਵਾਲੇ ਮੌਜੂਦ ਹਨ। ਮੈਂ ਇਹ ਬਿਲਕੁਲ ਉਸੇ ਲਿਹਾਜ਼ ਨਾਲ ਕਹਿ ਰਿਹਾ ਹਾਂ ਜਿਵੇਂ ਮੈਂ ਹਿੰਦੀ ਫਿਲਮਾਂ ਬਾਰੇ ਕਹਿ ਚੁਕਾ ਹਾਂ। ਫਿਲਮਾਂ ਆਪਣੇ ਪੈਰਾਂ ਉਪਰ ਖੜ੍ਹੀਆਂ ਹੋਣੀਆਂ ਚਾਹੀਦੀਆਂ ਹਨ ਤੇ ਮੇਰੇ ਖਿਆਲ ਵਿਚ ਹੋ ਸਕਦੀਆਂ ਹਨ। ਪੰਜਾਬੀ ਵਿਚ ਫਿਲਮ ਬਣਾਓ, ਨਾਲ ਉਸਨੂੰ ਹਿੰਦੀ ਵਿਚ ਡੱਬ ਕਰ ਲਉ। ਬਹੁਤ ਜਗਹ ਦੋਭਾਸ਼ੀ ਫਿਲਮਾਂ ਬਣਦੀਆਂ ਹਨ। ਜੇ ਤੁਸੀਂ ਪਹਿਲਾਂ ਹੀ ਤਿਆਰ ਹੋ ਤਾਂ ਤੁਸੀਂ ਇਕੋ ਸਮੇਂ ਦੋਨਾਂ ਜ਼ੁਬਾਨਾਂ ਵਿਚ ਫਿਲਮ ਬਣਾ ਸਕਦੇ ਹੋ। ਇਕ ਸ਼ਾਟ ਪੰਜਾਬੀ ਵਿਚ ਹੋ ਜਾਵੇ ਅਤੇ ਉਸੇ ਹੀ ਸੈੱਟ ਤੇ ਉਹੀ ਸ਼ਾਟ ਹਿੰਦੀ ਵਿਚ ਹੋ ਜਾਵੇ। ਜਿਹੜੇ ਸੀਨਾਂ ਵਿਚ ਕੋਈ ਡਾਇਲਾਗ ਨਹੀਂ ਹਨ ਉਹਨਾਂ ਦਾ ਇਕ ਸੀਨ ਨਾਲ ਹੀ ਸਰ ਸਕਦਾ ਹੈ। ਆਰਥਿਕ ਤੌਰ ਤੇ ਸਿਰਫ ਪੰਜਾਬੀ ਵਿਚ ਫਿਲਮ ਬਣਾਉਣਾ ਸ਼ਾਇਦ ਐਨਾ ਫਾਇਦੇਮੰਦ ਨਾ ਹੋਵੇ। ਜੇਕਰ ਦੋ ਭਾਸ਼ਾਵਾਂ ਵਿਚ ਹੋਵੇ ਤਾਂ ਇਕ ਤਾਂ ਦਰਸ਼ਕਾਂ ਦੀ ਗਿਣਤੀ ਵੱਧ ਮਿਲਦੀ ਹੈ, ਪ੍ਰੋਡਿਉਸਰ ਦੇ ਪੈਸੇ ਜਲਦੀ ਵਾਪਿਸ ਆਉਂਦੇ ਹਨ। ਦੂਸਰਾ ਪੰਜਾਬ ਦੇ ਕਲਚਰ ਨੂੰ ਤੁਸੀਂ ਦੂਸਰੇ ਲੋਕਾਂ ਨਾਲ ਸਾਂਝਾ ਕਰ ਸਕਦੇ ਹੋ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ। ***

Advertisements
This entry was posted in ਫਿਲਮ, ਸਾਰੀਆਂ and tagged , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.