ਉੱਤਰੀ ਅਮਰੀਕਾ ਵਿਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ – ਹਿਊ ਜਾਹਨਸਨ

(ਅੰਗਰੇਜ਼ੀ ਤੋਂ ਅਨੁਵਾਦ : ਸੁਖਵੰਤ ਹੁੰਦਲ)

ਉੱਤਰੀ ਅਮਰੀਕਾ ਵਿੱਚ ਦੇਸ਼ਭਗਤਾਂ ਦੀ ਜਾਸੂਸੀ ਕਰਨ ਵਾਲਾ ਵਿਲੀਅਮ ਹਾਪਕਿਨਸਨ, ਕੈਨੇਡਾ ਦੇ ਹੋਰ ਅਧਿਕਾਰੀਆਂ ਨਾਲ।

ਉੱਤਰੀ ਅਮਰੀਕਾ ਵਿੱਚ ਦੇਸ਼ਭਗਤਾਂ ਦੀ ਜਾਸੂਸੀ ਕਰਨ ਵਾਲਾ ਵਿਲੀਅਮ ਹਾਪਕਿਨਸਨ, ਕੈਨੇਡਾ ਦੇ ਹੋਰ ਅਧਿਕਾਰੀਆਂ ਨਾਲ।

ਉੱਤਰੀ ਅਮਰੀਕਾ ਵਿਚ ਹਿੰਦੁਸਤਾਨ ਤੋਂ ਪਹਿਲੇ ਅਵਾਸੀ, ਜਿਹਨਾਂ ਵਿਚੋਂ ਬਹੁਗਿਣਤੀ ਸਿੱਖ ਸਨ, 1903-1904 ਵਿਚ ਏਥੇ ਆਏ। ਬੇਸ਼ੱਕ ਕੈਨੇਡਾ ਨੇ 1908 ਵਿਚ ਅਤੇ ਅਮਰੀਕਾ ਨੇ 1910 ਵਿਚ ਉਹਨਾਂ ਦੇ ਆਵਾਸ ਉਪਰ ਰੋਕ ਲਾ ਦਿੱਤੀ, ਪਰ ਉਦੋਂ ਭਾਰਤੀਆਂ ਦੀ ਇਕ ਛੋਟੀ ਜਿਹੀ ਕਮਿਊਨਿਟੀ ਬੀ. ਸੀ. ਅਤੇ ਸ਼ਾਂਤ ਮਹਾਸਾਗਰ ਦੇ ਕੰਢੇ ਨਾਲ ਲੱਗਦੀਆਂ ਹੋਰ ਸਟੇਟਾਂ ਵਿਚ ਸਥਾਪਤ ਹੋ ਚੁੱਕੀ ਸੀ। ਇਸ ਕਮਿਊਨਿਟੀ ਵਿਚ ਪੰਜਾਬੀਆਂ ਤੋਂ ਬਿਨਾਂ ਬੰਗਾਲ ਅਤੇ ਹਿੰਦੁਸਤਾਨ ਦੇ ਦੂਜੇ ਹਿੱਸਿਆਂ ਤੋਂ ਆਏ ਵਿਦਿਆਰਥੀ ਅਤੇ ਵਪਾਰੀ ਤਬਕੇ ਦੇ ਲੋਕ ਵੀ ਸਨ। ਕਿਉਂਕਿ ਇਸ ਕਮਿਊਨਿਟੀ ਦੇ ਨੇਤਾਵਾਂ ਉਪਰ ਪੂਰੀ ਨਿਗ੍ਹਾ ਰੱਖੀ ਜਾਂਦੀ ਸੀ ਇਸ ਲਈ ਅੱਜ ਚਾਰ ਦੇਸ਼ਾਂ ਦੀਆਂ ਆਰਕਾਈਵਜ਼ ਵਿਚ ਇੰਨਾ ਮਸਾਲਾ ਮਿਲ ਜਾਂਦਾ ਹੈ ਕਿ ਇਹਨਾਂ ਨੇਤਾਵਾਂ ਦੀਆਂ ਸਰਗਰਮੀਆਂ ਦੀ ਰੂਪ ਰੇਖਾ ਆਸਾਨੀ ਨਾਲ ਹੀ ਉਲੀਕੀ ਜਾ ਸਕਦੀ ਹੈ। ਇਹਨਾਂ ਵਿਚੋਂ ਬਹੁਤੇ ਸਿਆਸੀ ਕਾਰਕੁੰਨ ਸਨ ਅਤੇ ਖੁਲ੍ਹੇ ਰੂਪ ਵਿਚ ਅੰਗਰੇਜ਼ ਸਰਕਾਰ ਦੀ ਆਲੋਚਨਾ ਕਰਦੇ ਅਤੇ ਬ੍ਰਿਟਿਸ਼ ਰਾਜ ਦੇ ਅੰਦਰ ਜਾਂ ਬਾਹਰ ਰਹਿ ਕੇ ਸਵੈਰਾਜ ਦੀ ਮੰਗ ਕਰਦੇ ਸਨ। ਜੇ ਅੰਗਰੇਜ਼ ਸਰਕਾਰ ਦੇ ਸ਼ੱਕ ਅਤੇ ਬ੍ਰਿਟਿਸ਼ ਕੋਲੰਬੀਆ ਅਤੇ ਸ਼ਾਂਤ ਮਹਾਸਾਗਰ ਨਾਲ ਲੱਗਦੀਆਂ ਹੋਰ ਸਟੇਟਾਂ ਵਿਚ ਸਥਾਪਤ ਏਸ਼ੀਆਟਿਕ ਐਕਸਕਲੂਜ਼ਿਨ ਲੀਗ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਇਨ੍ਹਾਂ ਨੇਤਾਵਾਂ ਉਪਰ ਹੋ ਰਹੀ ਜਾਸੂਸੀ ਦੀ ਗੱਲ ਇੰਨੀ ਹੈਰਾਨਕੁੰਨ ਨਹੀਂ ਜਾਪਦੀ। ਸਮੇਂ ਦੇ ਲੰਘਣ ਨਾਲ ਇਹ ਜਾਸੂਸੀ ਹੋਰ ਵੱਧਦੀ ਗਈ। 1913 ਵਿਚ ਸਾਨਫਰਾਂਸਿਸਕੋ ਵਿਚ ਰਹਿੰਦੇ ਭਾਰਤੀਆਂ ਨੇ ਗ਼ਦਰ ਪਾਰਟੀ ਦੀ ਨੀਂਹ ਰੱਖੀ। ਗ਼ਦਰ ਪਾਰਟੀ ਦੇ ਸੰਬੰਧ ਵੈਨਕੂਵਰ, ਵਿਕਟੋਰੀਆ ਅਤੇ ਹੋਰ ਸ਼ਹਿਰਾਂ ਵਿਚ ਸਨ। ਪਹਿਲੀ ਸੰਸਾਰ ਜੰਗ ਦੇ ਪਹਿਲੇ ਮਹੀਨਿਆਂ ਦੇ ਦੌਰਾਨ ਗ਼ਦਰ ਪਾਰਟੀ ਨੇ ਪੰਜਾਬ ਵਿਚ ਜਾ ਕੇ ਗ਼ਦਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਹਰ ਰਹਿ ਰਹੇ ਲੋਕਾਂ ਨੂੰ ਭਾਰਤ ਵਾਪਸ ਜਾ ਕੇ ਇਸ ਵਿਚ ਹਿੱਸਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਚੰਗੀ ਤਰ੍ਹਾਂ ਜਥੇਬੰਦ ਨਾ ਹੋਣ ਕਾਰਨ ਉਹ ਪੰਜਾਬ ਦੇ ਲੋਕਾਂ ਕੋਲੋਂ ਏਨੀ ਮਦਦ ਨਾ ਹਾਸਲ ਕਰ ਸਕੇ। ਪਰ ਭਾਰਤ ਦੀ ਸਰਕਾਰ ਨੇ ਇਸ ਨੂੰ ਬਹੁਤ ਸਖ਼ਤੀ ਨਾਲ ਕੁਚਲਿਆ ਜਿਸ ਕਰਕੇ ਸਿੱਖਾਂ ਅਤੇ ਹੋਰ ਭਾਰਤੀਆਂ ਦੀ ਸੋਚ ਉਪਰ ਡੂੰਘਾ ਅਸਰ ਹੋਇਆ। ਇਸ ਨਾਲ ਜੰਗ ਤੋਂ ਬਾਅਦ ਪੰਜਾਬ ਵਿਚ ਗੜਬੜ ਨੂੰ ਕਾਫੀ ਬੱਲ ਮਿਲਿਆ।

ਵੈਨਕੂਵਰ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਉੱਤਰੀ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੀ ਜਾਸੂਸੀ ਕਰਨ ਵਿਚ ਇਕ ਅਹਿਮ ਰੋਲ ਨਿਭਾਇਆ। ਪੰਜਾਬੀ ਕਮਿਊਨਿਟੀ ਬਾਰੇ ਹੋਏ ਪਹਿਲੇ ਅਧਿਅਨਾਂ ਵਿਚ ਇਸ ਰੋਲ ਦਾ ਜ਼ਿਕਰ ਹੈ ਪਰ ਜਿਸ ਪੱਧਰ ਉੱਪਰ ਇਹ ਜਾਸੂਸੀ ਕੀਤੀ ਗਈ ਅਤੇ ਜਿਸ ਤਰ੍ਹਾਂ ਦੇ ਇਸਦੇ ਨਤੀਜੇ ਨਿਕਲੇ ਉਨ੍ਹਾਂ ਨੂੰ ਦੇਖਦਿਆਂ ਇਸ ਬਾਰੇ ਵਿਸਥਾਰ ਪੂਰਵਕ ਅਧਿਅਨ ਦੀ ਲੋੜ ਹੈ।(1) ਜਿਸ ਤਰ੍ਹਾਂ ਕੈਨੇਡੀਅਨ ਅਤੇ ਭਾਰਤੀ ਸਰਕਾਰਾਂ ਕੈਨੇਡਾ ਵਿਚ ਹੁਣ ਦੇ ਕੋਮਪ੍ਰਸਤਾਂ (ਨਅਟਿਨਅਲਸਿਟਸ) ਦੀਆਂ ਗਤੀਵਿਧੀਆਂ ਨੂੰ ਦੇਖਦੀਆਂ ਹਨ ਉਸ ਨਾਲ ਇਸ ਵਿਸ਼ੇ ਦੀ ਸਮਕਾਲੀ ਸਥਿਤੀਆਂ ਨਾਲ ਸਾਂਝ ਬੱਝਦੀ ਹੈ। ਭੂਤ ਭਵਿੱਖ ਲਈ ਸਬਕ ਮੁਹੱਈਆ ਕਰਦਾ ਹੈ। ਇਸ ਸਦੀ ਦੇ ਸ਼ੁਰੂ ਵਿਚ ਆਉਣ ਵਾਲੇ ਭਾਰਤੀ ਅਵਾਸੀ ਵੀ ਅੱਜ ਦੇ ਅਵਾਸੀਆਂ ਵਾਂਗ ਆਰਥਿਕ ਕਾਰਨਾਂ ਕਰਕੇ ਇਥੇ ਆਏ ਸਨ। ਉਹ ਸਿਆਸਤ ਦੀ ਥਾਂ ਰੁਜ਼ਗਾਰ ਵਿਚ ਦਿਲਚਸਪੀ ਰੱਖਦੇ ਸਨ। ਲਾਲਾ ਹਰਦਿਆਲ ਨੇ ਇਕਵਾਰ ਇਨ੍ਹਾਂ ਬਾਰੇ ਕਿਹਾ ਸੀ ਕਿ ਇਹ ਲੋਕ ਡਰਾਕਲ ਹਨ।(2) ਇਨ੍ਹਾਂ ਅਵਾਸੀਆਂ ਵਿਚੋਂ ਵੱਡੀ ਗਿਣਤੀ ਕਿਸੇ ਵੀ ਅਜਿਹੇ ਕਮਿਉਨਿਟੀ ਐਕਸ਼ਨ ‘ਤੇ ਬੇਚੈਨੀ ਮਹਿਸੂਸ ਕਰਦੀ ਸੀ ਜੋ ਕੈਨੇਡੀਅਨ ਜਾਂ ਭਾਰਤੀ ਸਰਕਾਰ ਨੂੰ ਪਸੰਦ ਨਾ ਹੋਵੇ। (3) ਫਿਰ ਵੀ ਸਮੇਂ ਅਤੇ ਘਟਨਾਵਾਂ ਨੇ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਦੇਸ਼ਭਗਤਾਂ ਦੇ ਹੱਕ ਵਿਚ ਕਰ ਦਿੱਤਾ। ਹੋ ਰਹੀ ਜਾਸੂਸੀ ਨੇ ਇਸ ਵਿਚ ਇਕ ਅਹਿਮ ਭੂਮਿਕਾ ਨਿਭਾਈ। ਜਾਸੂਸੀ ਕਰਨ ਵਾਲਿਆਂ ਅਤੇ ਜਿਨ੍ਹਾਂ ਦੀ ਜਾਸੂਸੀ ਕੀਤੀ ਜਾਂਦੀ ਸੀ ਵਿਚਕਾਰ ਇਕ ਪ੍ਰਤੀਕਮਈ ਰਿਸ਼ਤਾ ਸੀ। ਦੋਵੇਂ ਧਿਰਾਂ ਸਮਝਦੀਆਂ ਸਨ ਕਿ ਉੱਤਰੀ ਅਮਰੀਕਾ ਵਿਚ ਸਿੱਖਾਂ ਦੀਆਂ ਸਰਗਰਮੀਆਂ ਹਿੰਦੁਸਤਾਨ ਵਿਚ ਅੰਗਰੇਜ਼ ਰਾਜ ਲਈ ਖਤਰਾ ਹਨ। ਦੋਵੇਂ ਧਿਰਾਂ ਇਕ-ਦੂਜੇ ਲਈ ਤੁੱਖਣਾ ਦਾ ਕੰਮ ਕਰਦੀਆਂ ਸਨ। ਪੰਜਾਬੀ ਕਿਸਾਨਾਂ ਦੇ ਮਨਾਂ ਵਿਚ ਅੰਗਰੇਜ਼ ਪ੍ਰਤੀ ਕੋਈ ਮੋਹ ਨਹੀਂ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਸਿਆਸੀ ਤੌਰ ਉੱਪਰ ਚੇਤੰਨ ਹੋਣ ਵੱਲ ਪਹਿਲਾ ਕਦਮ ਵਧਾਇਆ। ਇਕ ਢੰਗ ਨਾਲ ਜਾਸੂਸੀ ਨੇ ਹਿੰਦੁਸਤਾਨੀਆਂ ਨੂੰ ਸਿਆਸੀ ਸਰਗਰਮੀਆਂ ਵੱਲ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਨੇ ਜਾਸੂਸੀ ਵਿਚ ਹੋਰ ਵਾਧਾ ਕਰਨ ਦੀ ਪ੍ਰੋੜਤਾ ਕੀਤੀ। ਵੈਨਕੂਵਰ ਵਿਚ ਵਾਪਰੀਆਂ ਇਨ੍ਹਾਂ ਜਾਸੂਸੀ ਕਾਰਵਾਈਆਂ ਦੀ ਪੂਰਨ ਘੋਖ ਕਰ ਇਸ ਅਮਲ ਨੂੰ ਠੀਕ ਢੰਗ ਨਾਲ ਸਮਝਿਆ ਜਾ ਸਕਦਾ ਹੈ।

ਇਸ ਜਾਸੂਸੀ ਦਾ ਮੁੱਖ ਪਾਤਰ ਕਲਕੱਤੇ ਦਾ ਸਾਬਕਾ ਪੁਲਿਸ ਇਨਸਪੈਕਟਰ ਡਬਲਿਊ. ਸੀ. ਹਾਪਕਿਨਸਨ ਸੀ, ਜਿਹੜਾ 1908 ਵਿਚ ਵੈਨਕੂਵਰ ਆਇਆ। ਉਸਨੇ 1909 ਤੋਂ 1914 (ਜਦੋਂ ਮੇਵਾ ਸਿੰਘ ਨੇ ਉਸਨੂੰ ਗੋਲੀ ਮਾਰ ਦਿੱਤੀ) ਤੱਕ ਕੈਨੇਡੀਅਨ ਇਮੀਗਰੇਸ਼ਨ ਵਿਭਾਗ ਵਿਚ ਕੰਮ ਕੀਤਾ। ਆਪਣੀ ਨੌਕਰੀ ਦੌਰਾਨ ਹਾਪਕਿਨਸਨ ਇੰਮੀਗਰੇਸ਼ਨ ਵਿਭਾਗ ਦਾ ਕੰਮ ਵੀ ਕਰਦਾ ਸੀ ਪਰ ਉਸ ਦੀ ਮੁੱਖ ਜ਼ਿੰਮੇਵਾਰੀ ‘ਪੁਲਿਸ ਵਰਕ’ (ਜਾਸੂਸੀ) ਸੀ। ਉਸ ਦੇ ਜਾਸੂਸੀ ਦੇ ਕੰਮ ਵਿਚ ਕੈਨੇਡੀਅਨ ਸਰਕਾਰ ਨਾਲੋਂ ਜ਼ਿਆਦਾ ਇੰਡੀਆ ਆਫਿਸ ਅਤੇ ਭਾਰਤੀ ਸਰਕਾਰ ਨੂੰ ਦਿਲਚਸਪੀ ਸੀ। ਆਰਕਾਈਵਜ਼ ਦੇ ਰਿਕਾਰਡ ਮੁਤਾਬਕ ਜਾਸੂਸੀ ਦੇ ਕੰਮ ਨੂੰ ਸ਼ੁਰੂ ਕਰਨ ਦਾ ਸਿਹਰਾ ਹਾਪਕਿਨਸਨ ਦੇ ਸਿਰ ਹੀ ਬੱਝਦਾ ਹੈ। ਉਹਨੇ ਸ਼ਾਂਤ ਮਹਾਂ ਸਾਗਰਦੇ ਕੰਢੇ ਉੱਪਰ ਭਾਰਤੀ ਦੇਸ਼ਭਗਤਾਂ ਨੂੰ ਲੱਭਿਆ ਅਤੇ ਬਿਨਾਂ ਕਿਸੇ ਮੁਸ਼ਕਿਲ ਦੇ ਸਬੰਧਿਤ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸਰਗਰਮੀਆਂ ਦੀ ਗੰਭੀਰਤਾ ਦਾ ਅਹਿਸਾਸ ਕਰਾਇਆ। ਅਤੇ ਉਨ੍ਹਾਂ ਦੀ ਜਾਂਚ ਕਰਨ ਲਈ ਸਪੈਸ਼ਲ ਕਮਿਸ਼ਨ ਅਤੇ ਨੌਕਰੀ ਹਾਸਲ ਕਰ ਲਈ। ਸ਼ੁਰੂ ਵਿਚ ਉਹ ਵੈਨਕੂਵਰ ਕਿਉਂ ਆਇਆ ਇਸ ਗੱਲ ਦਾ ਕੋਈ ਸਪੱਸ਼ਟ ਪਤਾ ਨਹੀਂ ਚੱਲਦਾ। ਸ਼ਾਇਦ ਭਾਰਤੀ ਸਰਕਾਰ ਨੇ ਉਸ ਨੂੰ ਸਿੱਖਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੀ ਭੇਜਿਆ ਹੋਵੇ। ਪਰ ਜਦੋਂ ਉਹ ਪਹਿਲਾਂ ਇਥੇ ਪਹੁੰਚਿਆ ਤਾਂ ਉਸ ਨੇ ਕੈਨੇਡੀਅਨ ਸਰਕਾਰ ਨੂੰ ਆਪਣੇ ਆਉਣ ਦਾ ਕੋਈ ਖਾਸ ਮਕਸਦ ਨਹੀਂ ਦੱਸਿਆ।

ਹਾਪਕਿਨਸਨ ਯੂਰਪੀਨ ਪਿਤਾ ਅਤੇ ਏਸ਼ੀਅਨ ਮਾਂ ਦੇ ਘਰ 1880 ਵਿਚ ਦਿੱਲੀ ਵਿਚ ਪੈਦਾ ਹੋਇਆ, ਭਾਵੇਂ ਉਹ ਹਮੇਸ਼ਾ ਇਹ ਦਾਅਵਾ ਕਰਦਾ ਸੀ ਕਿ ਉਹ ਇੰਗਲੈਂਡ ਵਿਚ ਪੈਦਾ ਹੋਇਆ ਅਤੇ ਉਸਦੇ ਮਾਂ ਬਾਪ ਦੋਵੇਂ ਅੰਗਰੇਜ ਸਨ। (4) 1904-1907 ਤੱਕ ਚਾਰ ਸਾਲ ਉਸ ਨੇ ਕਲਕੱਤੇ ਵਿਚ ਪੁਲਿਸ ਇੰਸਪੈਕਟਰ ਦੇ ਤੌਰ ‘ਤੇ ਨੌਕਰੀ ਕੀਤੀ। ਉਸ ਸਮੇਂ ਉਹ 24 ਸਾਲਾਂ ਦਾ ਸੀ ਅਤੇ ਉਸ ਦੀ ਤਨਖਾਹ 80 ਰੁਪਏ ਮਹੀਨਾ ਸੀ ਜਿਹੜੀ ਬਾਅਦ ਵਿਚ ਵੱਧਕੇ 125 ਰੁਪਏ ਹੋ ਗਈ। (5) 1908 ਦੀ ਬਸੰਤ ਵਿਚ ਬਿਨਾਂ ਕਿਸੇ ਸਪੱਸ਼ਟ ਵਜ੍ਹਾ ਦੇ ਉਹ ਵੈਨਕੂਵਰ ਪਹੁੰਚਿਆ। ਪਰ ਛੇਤੀਂ ਹੀ ਉਹ ਛਾਣਬੀਣ ਦੇ ਕੰਮ ਵਿਚ ਲੱਗ ਗਿਆ। ਉਸਦਾ ਇਹ ਕੰਮ ਪਹਿਲੀ ਵਾਰ ਉਦੋਂ ਸਾਹਮਣੇ ਆਇਆ ਜਦੋਂ ਉਸ ਨੇ ਵੈਨਕੂਵਰ ਦੇ ਦੇਸ਼ਭਗਤਾਂ ਦੀਆਂ ਸਰਗਰਮੀਆਂ ਬਾਰੇ ਇਕ ਕਹਾਣੀ ‘ਲੰਡਨ ਟਾਇਮਜ਼’ ਦੇ ਇਕ ਰਿਪੋਰਟਰ ਨੂੰ ਦੱਸੀ। (6) ਇਸ ਕਹਾਣੀ ਉੱਪਰ ਆਧਾਰਿਤ ਇਕ ਲੇਖ ‘ਲੰਡਨ ਟਾਇਮਜ਼’ ਦੇ 22 ਮਈ 1908 ਦੇ ਅੰਕ ਵਿਚ ਛਪਿਆ। ਇਸ ਵਿਚ ਲਿਖਿਆ ਸੀ ਕਿ ਹਿੰਦੁਸਤਾਨ ਵਿਚ ਇਨਕਲਾਬੀ ਅੰਦੋਲਨ ਦੀ ਮੱਦਦ ਲਈ ਵੈਨਕੂਵਰ ਅਤੇ ਸਿਆਟਲ ਵਿਚ ਰਹਿੰਦੇ ਭਾਰਤੀ ਪੈਸੇ ਇਕੱਠੇ ਕਰ ਰਹੇ ਹਨ, ਸਾਹਿਤ ਛਾਪ ਰਹੇ ਹਨ, ਅਤੇ ਬੰਬ ਬਨਾਉਣ ਦੀ ਸਿੱਖਿਆ ਦੇ ਰਹੇ ਹਨ। ਉਸ ਸਮੇਂ ਦੇ ਡਿਪਟੀ ਲੇਬਰ ਮਨਿਸਟਰ ਮੈਕੈਨਿਜੀ ਕਿੰਗ ਨੇ ਮਈ ਦੇ ਅਖੀਰ ਜਾਂ ਜੂਨ ਦੇ ਸ਼ੁਰੂ ਵਿਚ ਉਸ ਨਾਲ ਮੁਲਾਕਾਤ ਕੀਤੀ। ਕਿੰਗ ਉਸ ਸਮੇਂ ‘ਉਰੀਐਂਟਲ’ ਲੋਕਾਂ ਦੀ ਇਮੀਗਰੇਸ਼ਨ ਸਬੰਧੀ ਰੌਇਲ ਕਮਿਸ਼ਨ’ ਦੀ ਅਗਵਾਈ ਕਰ ਰਿਹਾ ਸੀ। ਉਹ ਹਾਪਕਿਨਸਨ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਹਾਪਕਿਨਸਨ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ 9 ਸਫਿਆਂ ਦੀ ਇਕ ਗੁਪਤ ਰਿਪੋਰਟ ਤਿਆਰ ਕੀਤੀ।(7) ਉਸ ਨੇ ਕਿਹਾ ਕਿ ਇਹ ਜਾਣਕਾਰੀ ਕੈਨੇਡਾ ਵਿਚ ਭਾਰਤੀਆਂ ਦੀ ਇੰਮੀਗਰੇਸ਼ਨ ਰੋਕਣ ਲਈ ਕਾਫੀ ਸਮੱਗਰੀ ਪ੍ਰਦਾਨ ਕਰਦੀ ਹੈ। ਅਗਲੇ ਕੁਝ ਮਹੀਨਿਆਂ ਦੌਰਾਨ ਵੈਨਕੂਵਰ ਦੇ ਇਮੀਗਰੇਸ਼ਨ ਦਫ਼ਤਰ ਵਿਚ ਹਾਪਕਿਨਸਨ ਦਾ ਆਮ ਆਉਣਾ ਜਾਣਾ ਰਿਹਾ ਭਾਵੇਂ ਕਿ ਉਹ ਉਥੇ ਕੰਮ ਨਹੀਂ ਕਰਦਾ ਸੀ। ਉਸਦੇ ਆਪਣੇ ਕਹਿਣ ਮੁਤਾਬਕ ਉਹ ਕਲਕੱਤਾ ਪੁਲਿਸ ਦੀ ਨੌਕਰੀ ਤੋਂ ਛੁੱਟੀਆਂ ‘ਤੇ ਸੀ।(8) ਪਰ ਉਸਦੀਆਂ ਸਰਗਰਮੀਆਂ ਦੱਸਦੀਆਂ ਸਨ ਕਿ ਉਹ ਇਥੇ ਚੰਗੀ ਨੌਕਰੀ ਲਈ ਕੋਸ਼ਿਸ਼ ਕਰ ਰਿਹਾ ਸੀ ਅਤੇ ਕੈਨੇਡੀਅਨ ਅਧਿਕਾਰੀ ਉਸ ਨੂੰ ਕਾਫੀ ਕੰਮ ਦੇ ਰਹੇ ਸਨ। ਜੁਲਾਈ ਦੇ ਅਖੀਰ ਵਿਚ ਇਨਟੀਰੀਅਰ ਮਨਿਸਟਰ ਦੇ ਪ੍ਰਾਈਵੇਟ ਸੈਕਟਰੀ ਜੇ. ਬੀ. ਹਾਰਕਿਨ ਨੇ ਓਟਾਵਾ ਵਿਚ ਇਮੀਗਰੇਸ਼ਨ ਦੇ ਸੁਪਰਡੈਂਟ ਡਬਲਿਊ. ਡੀ. ਸਕਾਟ ਨੂੰ ਇਕ ਖਤ ਲਿਖਿਆ, ”ਮੈਂ ਹਾਪਕਿਨਸਨ ਨੂੰ ਹਿੰਦੂਆਂ ਵਿਚਕਾਰ ਇਕ ਦਿਨ ਗੁਜ਼ਾਰਨ ਲਈ ਭੇਜਿਆ।….” ਹੈਰਾਨੀ ਦੀ ਗੱਲ ਇਹ ਹੈ ਕਿ ਹਾਪਕਿਨਸਨ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸੁਪਰਡੈਂਟ ਸਕਾਟ ਨੂੰ ਪਤਾ ਸੀ ਕਿ ਹਾਪਕਿਨਸਨ ਕੌਣ ਸੀ। (9)

ਅਕਤੂਬਰ ਨਵੰਬਰ 1908 ਵਿਚ ਹਾਪਕਿਨਸਨ ਨੇ ਬ੍ਰਿਟਿਸ਼ ਹਾਂਡਰੂਸ ਵਿਚ ਭਾਰਤੀ ਮਜ਼ਦੂਰਾਂ ਦੀਆਂ ਹਾਲਤਾਂ ਦੀ ਪੜਤਾਲ ਕਰਨ ਲਈ ਬਣਾਏ ਸਪੈਸ਼ਲ ਡੈਲੀਗੇਸ਼ਨ ਵਿਚ ਮਿਸਟਰ ਹਾਰਕਿਨ ਲਈ ਸੈਕਟਰੀ ਅਤੇ ਦੁਭਾਸ਼ੀਏ ਦੇ ਤੌਰ ‘ਤੇ ਕੰਮ ਕੀਤਾ। ਇਸ ਡੈਲੀਗੇਸ਼ਨ ਵਿਚ ਮਿਸਟਰ ਹਾਰਕਿਨ ਅਤੇ ਹਾਪਕਿਨਸਨ ਤੋਂ ਬਿਨਾਂ ਭਾਰਤੀ ਕਮਿਊਨਿਟੀ ਵਿੱਚੋਂ ਨਾਜਰ ਸਿੰਘ ਅਤੇ ਸ਼ਾਮ ਸਿੰਘ ਵੀ ਸ਼ਾਮਲ ਸਨ। ਡੈਲੀਗੇਸ਼ਨ ਦੇ ਸਾਰੇ ਖਰਚੇ ਇਨਟੀਰੀਅਰ ਦੇ ਮਹਿਕਮੇਂ ਵੱਲੋਂ ਕੀਤੇ ਗਏ ਸਨ। ਕਾਲੋਨੀਅਲ ਆਫਿਸ ਵਲੋਂ ਮਿੱਥਿਆ ਇਸ ਡੈਲੀਗੇਸ਼ਨ ਦਾ ਉਦੇਸ਼ ਸੀ ਵੈਨਕੂਵਰ ਦੇ ਵਾਧੂ ਭਾਰਤੀਆਂ ਦੀ ਪਰੇਸ਼ਾਨੀ ਤੋਂ ਬਚਣ ਲਈ ਉਹਨਾਂ ਨੂੰ ਬੰਧੂਆ ਮਜ਼ਦੂਰਾਂ ਦੇ ਤੌਰ ਉੱਤੇ ਵੈਸਟ ਇੰਡੀਜ਼ ਜਾਂ ਹਾਂਡਰੂਸ ਵਿੱਚ ਭੇਜਣਾ । (10) ਨਾਜਰ ਸਿੰਘ ਅਤੇ ਸ਼ਾਮ ਸਿੰਘ ਨੂੰ ਇਸ ਲਈ ਲਿਜਾਇਆ ਗਿਆ ਸੀ ਕਿ ਉਹ ਭਾਰਤੀਆਂ ਵੱਲੋਂ ਜਾ ਕੇ ਉਥੋਂ ਦੀਆਂ ਹਾਲਤਾਂ ਦੇਖ ਲੈਣ। ਉਨ੍ਹਾਂ ਉਥੋਂ ਆ ਕੇ ਨਾਹ ਪੱਖੀ ਰਿਪੋਰਟ ਦਿੱਤੀ ਅਤੇ ਹਾਪਕਿਨਸਨ ਉੱਤੇ ਉਨ੍ਹਾਂ ਨੂੰ ਵੱਢੀ ਦੇਣ ਦਾ ਦੋਸ਼ ਲਾਇਆ।(11) ਹਾਂਡੂਰਸ ਜਾਣ ਦੀ ਤਜਵੀਜ਼ ਵੈਨਕੂਵਰ ਗੁਰਦੁਆਰੇ ਵਿਚ ਹੋਈ ਇਕ ਗੁੱਸੇ ਭਰੀ ਮੀਟਿੰਗ ਵਿਚ ਰੱਦ ਕਰ ਦਿੱਤੀ ਗਈ। ਇਸ ਨਾਲ ਹਾਪਕਿਨਸਨ ਦੀ ਪ੍ਰਮਾਣਕਤਾ ਉੱਪਰ ਕੋਈ ਭੈੜਾ ਅਸਰ ਨਹੀਂ ਪਿਆ ਸਗੋਂ ਇਸ ਨਾਲ ਉਸ ਨੂੰ ਮਹੱਤਤਾ ਹੀ ਮਿਲੀ। ਇਸ ਕਰਕੇ ਉਸ ਨੂੰ ਇਨਟੀਰੀਅਰ ਦੇ ਡਿਪਟੀ ਮਨਿਸਟਰ ਅਤੇ ਪਰਾਈਮ ਮਨਿਸਟਰ ਨਾਲ ਖੱਤ ਪੱਤਰ ਕਰਨ ਦਾ ਮੌਕਾ ਮਿਲਿਆ(12) ਅਤੇ ਪੱਕੀ ਨੌਕਰੀ ਲਈ ਸਿਫਾਰਿਸ਼ ਪ੍ਰਾਪਤ ਹੋਈ। ਜਦੋਂ ਪਹਿਲੀ ਵਾਰ ਵੈਨਕੂਵਰ ਤੋਂ (ਹਾਂਡਰੂਸ ਲਈ) ਕੁਲੀ ਮਜ਼ਦੂਰ ਭਰਤੀ ਕਰਨ ਦੀ ਗੱਲ ਚੱਲੀ ਉਸ ਸਮੇਂ ਬ੍ਰਿਟਿਸ਼ ਹਾਂਡੂਰਸ ਦਾ ਗਵਰਨਰ ਜਨਰਲ ਕਰਨਲ ਈ. ਜੇ. ਸਵਾਇਨੀ ਲੰਡਨ ਵਿਚ ਸੀ। ਉਸ ਨੇ ਤਜਵੀਜ਼ ਰੱਖੀ ਕਿ ਕੈਨੇਡੀਅਨ ਸਰਕਾਰ ਉਸਦਾ ਕਿਰਾਇਆ ਰੱਖੇ ਤਾਂ ਉਹ ਵੈਨਕੂਵਰ ਦੇ ਰਸਤੇ ਲੰਡਨ ਤੋਂ ਬਿਲੀਜ (ਹਾਂਡੂਰਸ) ਜਾ ਸਕਦਾ ਹੈ। ਕੈਨੇਡੀਅਨ ਸਰਕਾਰ ਨੇ ਉਸਦੀ ਤਜਵੀਜ਼ ਮੰਨ ਲਈ।(13) ਉਹ ਦਸੰਬਰ (1908) ਵਿਚ ਓਟਾਵਾ ਅਤੇ ਮਾਂਟਰੀਅਲ ਆਇਆ। ਉਹਨੇ ਆਪਣੇ ਮਿਸ਼ਨ ਬਾਰੇ ਪਹਿਲਾਂ ਗਵਰਨਰ ਜਨਰਲ ਅਰਲ ਗਰੇਅ (ਚੌਥੇ) ਅਤੇ ਫਿਰ ਪ੍ਰਧਾਨ ਮੰਤਰੀ ਸਾਰ ਵਿਲਫਰਡ ਲਾਰੀਅਰ ਅਤੇ ਉਹਦੇ ਮੰਤਰੀ ਮੰਡਲ ਨਾਲ ਗੱਲਬਾਤ ਕੀਤੀ। ਭਾਰਤ ਨਾਲ ਪੁਰਾਣੇ ਸਬੰਧਾਂ ਕਰਕੇ ਸਵਾਇਨੀ ਨੂੰ ਵੈਨਕੂਵਰ ਦੇ ਭਾਰਤੀਆਂ ਦੀ ਸਿਆਸੀ ਅਤੇ ਕੰਮਕਾਰ ਦੀ ਹਾਲਤ ਦੇਖਣ ਲਈ ਕਿਹਾ ਗਿਆ। ਸਾਲ ਦੇ ਅੰਤ ਉੱਤੇ ਕੈਨੇਡਾ ਤੋਂ ਜਾਣ ਤੋਂ ਪਹਿਲਾਂ ਕਰਨਲ ਈæ ਜੇæ ਸਵਾਇਨੀ ਨੇ ਕੈਨੇਡੀਅਨ ਸਰਕਾਰ ਅੱਗੇ ਜ਼ਬਾਨੀ ਅਤੇ ਲਿਖਤੀ ਰਿਪੋਰਟ ਪੇਸ਼ ਕੀਤੀ। ਆਪਣੀ ਗੁਪਤ ਰਿਪੋਰਟ ਵਿਚ ਸਵਾਇਨੀ ਨੇ ਸਿਫਾਰਿਸ਼ ਕੀਤੀ ਕਿ ਭਾਰਤੀ ਕਾਰਕੁੰਨਾਂ ਦੀਆਂ ਸਰਗਰਮੀਆਂ ਉੱਪਰ ਨਿਗ੍ਹਾ ਰੱਖਣ ਲਈ ਹਾਪਕਿਨਸਨ ਨੂੰ ਡੁਮੀਨਿਅਨ ਦੇ ਪੁਲਿਸ ਇਨਸਪੈਕਟਰ ਦੇ ਤੌਰ ‘ਤੇ ਨਿਯੁਕਤ ਕੀਤਾ ਜਾਵੇ।

ਸਵਾਇਨੀ ਅਨੁਸਾਰ ਹਾਪਕਿਨਸਨ ਕਿਸੇ ਵੇਲੇ ਵੀ ਭਾਰਤ ਵਾਪਿਸ ਜਾ ਸਕਦਾ ਸੀ। ਪਰ ਇਸ ਤੋਂ ਪਹਿਲਾਂ ਉਸ ਨੂੰ ਵੈਨਕੂਵਰ ਵਿਚ ਇਮੀਗਰੇਸ਼ਨ ਮਹਿਕਮੇ ਵਿਚ ਇਨਸਪੈਕਟਰ ਰੱਖ ਲਿਆ ਗਿਆ। ਅਖਾਉਂਤੀ ‘ਹਿੰਦੂ ਵਰਕ’ ਉਸ ਦੇ ਜਿੰਮੇ ਦੇ ਦਿੱਤਾ ਗਿਆ। ਉਸ ਦੀ ਨੌਕਰੀ ਦੀ ਪੇਸ਼ਕਸ਼ ਇਨਟੀਰੀਅਲ ਮਨਿਸਟਰੀ ਦੇ ਡਿਪਟੀ ਮਨਿਸਟਰ ਵਲੋਂ ਕੀਤੀ ਗਈ ਪਰ ਇਸ ਪਿੱਛੇ ਅਸਲ ਹੱਥ ਗਵਰਨਰ ਜਨਰਲ ਅਰਲ ਗਰੇਅ ਦਾ ਸੀ। (14) ….

8 ਫਰਵਰੀ 1909 ਨੂੰ ਹਾਪਕਿਨਸਨ ਵੈਨਕੂਵਰ ਵਿਚ ਆਪਣੀ ਨੌਕਰੀ ਉੱਪਰ ਹਾਜ਼ਰ ਹੋਇਆ। ਉਸਦੀ ਤਨਖਾਹ 100 ਡਾਲਰ ਪ੍ਰਤੀ ਮਹੀਨਾ ਬਣਦੀ ਸੀ। ਇਹ ਤਨਖਾਹ ਕਲਕੱਤੇ ਵਿਚ ਉਸਨੂੰ ਮਿਲਦੀ ਤਨਖਾਹ ਨਾਲੋਂ ਢਾਈ ਗੁਣਾਂ ਸੀ। ਉਸ ਦਾ ਕੰਮ ਭਾਰਤੀ ਕਮਿਉਨਟੀ ਉੱਪਰ ਨਿਗ੍ਹਾ ਰੱਖਣਾ ਅਤੇ ਮਹਿਕਮੇ ਨੂੰ ਇਸ ਬਾਰੇ ਬਕਾਇਦਗੀ ਨਾਲ ਰਿਪੋਰਟ ਕਰਨਾ ਸੀ। ਜਦੋਂ ਉਹ ਆਪਣੇ ਇਸ ਕੰਮ ਤੋਂ ਵਿਹਲਾ ਹੋਵੇ ਤਾਂ ਉਸ ਦੀ ਡਿਊਟੀ ਇਮੀਗਰੇਸ਼ਨ ਦੇ ਨਿੱਤਕਰਮੀ ਕੰਮ ਵਿਚ ਵੀ ਲਾਈ ਜਾ ਸਕਦੀ ਸੀ। ਉਸ ਨੂੰ ਅਤੇ ਇਮੀਗਰੇਸ਼ਨ ਦੇ ਏਜੰਟ ਜੇæ ਐਚæ ਮਗਿੱਲ ਨੂੰ ਇਹ ਹਦਾਇਤਾਂ ਸਨ। (15) ਪਰ ਬਹੁਤਾ ਸਮਾਂ ਹਾਪਕਿਨਸਨ ਆਜ਼ਾਦਾਨਾ ਤੌਰ ‘ਤੇ ਹੀ ਕੰਮ ਕਰਦਾ। ਉਸ ਨੇ ਆਪਣਾ ਧਿਆਨ ਵੈਨਕੂਵਰ ਦੀ ਭਾਰਤੀ ਕਮਿਉਨਟੀ ਦੇ ਨੇਤਾਵਾਂ ਉੱਪਰ ਕੇਂਦਰਿਤ ਕਰ ਦਿੱਤਾ। ਉਹ ਉਨ੍ਹਾਂ ਵਲੋਂ ਛਾਪਿਆ ਜਾਂਦਾ ਸਾਹਿਤ ਇਕੱਠਾ ਕਰਨ, ਪਬਲਿਕ ਵਿਚ ਕੀਤੀਆਂ ਗੱਲਾਂ-ਬਾਤਾਂ ਦਾ ਰੀਕਾਰਡ ਰੱਖਣ, ਉਨ੍ਹਾਂ ਦੀ ਡਾਕ ਦੀ ਤਾੜ ਰੱਖਣ ਅਤੇ ਕਦੇ ਕਦੇ ਡਾਕ ਰੋਕਣ ਅਤੇ ਉਨ੍ਹਾਂ ਦੇ ਆਉਣ ਜਾਣ ਦਾ ਪੂਰਾ ਭੇਤ ਰੱਖਣ ਲੱਗਾ। ਨਿਊਯਾਰਕ ਨੂੰ ਭੇਜੇ 20 ਡਾਲਰਾਂ ਦੇ ਮਨੀਆਰਡਰ ਵਰਗੀ ਆਮ ਜਿਹੀ ਗੱਲ ਹਾਪਕਿਨਸਨ ਲਈ ਬਹੁਤ ਵੱਡੀ ਗੱਲ ਸੀ। ਹਾਪਕਿਨਸਨ ਜਿੰਨੀ ਸਮੱਗਰੀ ਇਕੱਠੀ ਕਰ ਸਕਦਾ ਕਰਦਾ ਅਤੇ ਉਸ ਦੀ ਰਿਪੋਰਟ ਡਿਪਟੀ ਮਨਿਸਟਰ ਨੂੰ ਭੇਜਦਾ। ਡਿਪਟੀ ਮਨਿਸਟਰ ਅਗਾਂਹ ਇਕ ਕਾਪੀ ਗਵਰਨਰ ਜਨਰਲ ਨੂੰ ਭੇਜ ਦਿੰਦਾ। ਅਰਲ ਗਰੇਅ ਇਹ ਰਿਪੋਰਟ ਬੜੀ ਦਿਲਚਸਪੀ ਨਾਲ ਪੜ੍ਹਦਾ। 1909 ਵਿਚ ਯੂਕਾਨ ਨੂੰ ਜਾਂਦਾ ਹੋਇਆ ਅਰਲ ਗਰੇਅ ਜਦੋਂ ਵੈਨਕੂਵਰ ਰੁਕਿਆ ਤਾਂ ਉਸ ਹਾਪਕਿਨਸਨ ਨਾਲ ਡੇਢ ਘੰਟੇ ਦੀ ਮੁਲਾਕਾਤ ਕੀਤੀ। ਉਸ ਨੇ ਇਹ ਇੱਛਾ ਜਾਹਿਰ ਕੀਤੀ ਕਿ ਜਿੰਨਾ ਸਮਾਂ ਉਹ ਉੱਤਰ ਵੱਲ ਹੈ, ਉਨਾ ਚਿਰ ਹਾਪਕਿਨਸਨ ‘ਸਕੈਗਵੇ’ ਰਾਹੀਂ ਉਸ ਨੂੰ ਰਿਪੋਰਟਾਂ ਭੇਜਦਾ ਰਹੇ।(16) ਬਾਅਦ ਵਿਚ ਛੇਤੀ ਹੀ ਉਸ ਨੇ ਹਾਪਕਿਨਸਨ ਤੋਂ ਇਕ ਰਿਪੋਰਟ ਦੀਆਂ ਤਿੰਨ ਤਿੰਨ ਕਾਪੀਆਂ ਭੇਜਣ ਦੀ ਮੰਗ ਕੀਤੀ। ਇਕ ਆਪਣੇ ਲਈ, ਇਕ ਹੋਮ ਸਰਕਾਰ ਲਈ ਅਤੇ ਇਕ ਓਟਾਵਾ ਵਿਚ ਸਥਿਤ ਮਿਲਟਰੀ ਇਨਟੈਲੀਜੈਂਸ ਦੇ ਡਾਇਰੈਕਟਰ ਲਈ। ਭਾਰਤ ਵਿਚ ਕਰਿਮਨਲ ਇਨਟੈਲੀਜੈਂਸ ਵਿਭਾਗ ਦੀਆਂ ਫਾਈਲਾਂ ਵਿਚ ਇਹ ਸਮੱਗਰੀ ਦੋ ਰਸਤਿਆਂ ਰਾਹੀਂ ਪੁੱਜਦੀ। ਗਵਰਨਰ ਜਨਰਲ ਇਹ ਰਿਪੋਰਟਾਂ ਲੰਡਨ ਸਥਿਤ ਕਲੋਨੀਅਲ ਆਫਿਸ ਅਤੇ ਇੰਡੀਆ ਆਫਿਸ ਰਾਹੀਂ ਬਾਕਾਇਦਗੀ ਨਾਲ ਵਾਇਸਰਾਏ ਨੂੰ ਭੇਜਦਾ। ਕਦੇ ਕਦੇ ਇਹ ਰਿਪੋਰਟਾਂ ਓਟਾਵਾ ਦੇ ਮਿਲਟਰੀ ਇਨਟੈਲੀਜੈਂਸ ਦਫਤਰ ਰਾਹੀਂ ਸ਼ਿਮਲੇ ਵਿਚ ਇਨਟੈਲੀਜੈਂਸ ਮਹਿਕਮੇ ਦੇ ਦਫਤਰ ਨੂੰ ਭੇਜੀਆਂ ਜਾਂਦੀਆਂ। (17)

ਜੇ ਲੋੜ ਪਵੇ ਤਾਂ ਹਾਪਕਿਨਸਨ ਗਵਰਨਰ ਜਨਰਲ ਦੇ ਦਫਤਰ ਦੇ ਵਸੀਲੇ ਵਰਤ ਸਕਦਾ ਸੀ। ਉਸ ਵਲੋਂ ਕੀਤੀ ਜਾਂਦੀ ਬੇਨਤੀ ਉੱਪਰ ਗਵਰਨਰ ਜਨਰਲ ਦੇ ਦਫਤਰ ਵਲੋਂ ਗਰਮਜੋਸ਼ੀ ਅਤੇ ਫੁਰਤੀ ਨਾਲ ਅਮਲ ਕੀਤਾ ਜਾਂਦਾ ਸੀ। ਹਸਨ ਰਹੀਮ, ਜੋ ਬਾਅਦ ਵਿਚ ਵੈਨਕੂਵਰ ਵਿਚ ਭਾਰਤੀ ਕਮਿਉਨਟੀ ਦੇ ਲੀਡਰ ਵਜੋਂ ਉਭਰਿਆ, ਹਨਾਲੂਲੂ ਅਤੇ ਜਾਪਾਨ ਰਾਹੀਂ ਹੁੰਦਾ ਹੋਇਆ 1910 ਵਿਚ ਕੈਨੇਡਾ ਪਹੁੰਚਿਆ। ਕੈਨੇਡਾ ਆਉਣ ਤੋਂ ਪਹਿਲਾਂ ਰਹੀਮ ਜਾਪਾਨ ਵਿਚ ਬਰਮਾ ਐਂਡ ਕੰਪਨੀ ਨਾਂ ਦੀ ਫਰਮ ਵਿਚ ਮੈਨੇਜਰ ਸੀ। ਹਾਪਕਿਨਸਨ ਦੀ ਬੇਨਤੀ ਤੇ ਗਵਰਨਰ ਜਨਰਲ ਨੇ ਜਾਪਾਨ ਵਿਚ ਇੰਗਲੈਂਡ ਦੇ ਰਾਜਦੂਤ ਤੋਂ ਰਹੀਮ ਦੀਆਂ ਉਥੋਂ ਦੀਆਂ ਸਰਗਰਮੀਆਂ ਬਾਰੇ ਰਿਪੋਰਟਾਂ ਮੰਗਵਾਈਆਂ। (18) ਜਦੋਂ ਗੁਰਾਂਦਿੱਤਾ ਕੁਮਾਰ (ਜਿਸਦੇ ਕਾਰਡ ਉੱਪਰ ‘ਪੰਜਾਬੀ ਬੋਧੀ’, ‘ਸਵੈ ਸੰਜਮ’ ਅਤੇ ‘ਸ਼ਾਖਾਹਾਰੀ ਜੀਵਨ’ ਦਾ ਪ੍ਰਚਾਰਕ ਲਿਖਿਆ ਸੀ) ਬਾਰੇ ਜਾਣਕਾਰੀ ਦੀ ਲੋੜ ਸੀ ਤਾਂ ਹਾਪਕਿਨਸਨ ਨੇ ਉਸ ਬਾਰੇ ਕਲਕੱਤਾ ਦੇ ਪੁਲਿਸ ਕਮਿਸ਼ਨਰ ਨੂੰ ਲਿਖਿਆ। ਜਦੋਂ ਉਹ ਤੇਜਾ ਸਿੰਘ ਬਾਰੇ ਜਾਨਣਾ ਚਾਹੁੰਦਾ ਸੀ ਕਿ ਉਹ ਇਗਲੈਂਡ ਵਿਚ ਕੀ ਕਰ ਰਿਹਾ ਹੈ ਤਾਂ ਹਾਪਕਿਨਸਨ ਨੇ ਸਕਾਟਲੈਂਡ ਯਾਰਡ ਕੋਲ ਉਸ ਉੱਪਰ ਨਿਗ੍ਹਾ ਰੱਖਣ ਦਾ ਪ੍ਰਸਤਾਵ ਰੱਖਿਆ। (19)

ਤੇਜਾ ਸਿੰਘ ਇਕ ਖੱਤਰੀ ਸਿੱਖ ਸੀ ਜੋ ਨਿਊਯਾਰਕ ਅਤੇ ਮਾਂਟਰੀਅਲ ਹੁੰਦਾ ਹੋਇਆ ਸਤੰਬਰ 1908 ਵਿਚ ਵੈਨਕੂਵਰ ਪਹੁੰਚਿਆ। ਛੇਤੀ ਹੀ ਉਹ ਵੈਨਕੂਵਰ ਦੀ ਸਿੱਖ ਕਮਿਉਨਟੀ ਵਿਚ ਇਕ ਲੀਡਰ ਦਾ ਰੋਲ ਅਦਾ ਕਰਨ ਲੱਗਾ ਅਤੇ 1909-10 ਵਿਚ ਹਾਪਕਿਨਸਨ ਦੇ ਧਿਆਨ ਦਾ ਕੇਂਦਰ ਬਣਿਆ। ਪੰਜਾਬ ਸਰਕਾਰ ਅਨੁਸਾਰ ਉਹ ਗੁਜਰਾਂਵਾਲਾ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਗੌਰਮਿੰਟ ਕਾਲਜ ਲਾਹੌਰ ਤੋਂ ਗਰੈਜੁਏਸ਼ਨ ਅਤੇ ਪੰਜਾਬ ਯੂਨੀਵਰਸਿਟੀ ਤੋਂ ਐਮ. ਏ. ਪਾਸ ਕੀਤੀ ਸੀ।(20) ਉਹਨੇ ਕਾਨੂੰਨ ਦਾ ਇੰਟਰਮੀਡੀਏਟ ਇਮਤਿਹਾਨ ਵੀ ਪਾਸ ਕੀਤਾ ਸੀ। ਉਸ ਨੇ ਜ਼ਿਲ੍ਹਾ ਸ਼ਾਹਪੁਰ ਦੇ ਇਕ ਸਕੂਲ ਵਿਚ ਹੈੱਡ ਮਾਸਟਰ ਦੇ ਤੌਰ ‘ਤੇ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ (ਜਿੱਥੇ ਉਹ ਆਰਜ਼ੀ ਤੌਰ ਉੱਪਰ ਪ੍ਰਿੰਸੀਪਲ ਲੱਗਾ ਹੋਇਆ ਸੀ) ਕੁਝ ਸਮਾਂ ਪੜ੍ਹਾਇਆ। ਕੁਝ ਸਮਾਂ ਉਸ ਨੇ ਰਾਵਲਪਿੰਡੀ ਵਿਚ ਵਕਾਲਤ ਵੀ ਕੀਤੀ। ਉਸ ਦੇ ਪਿਤਾ ਜੀ ਜੋ ਹਸਪਤਾਲ ਵਿਚ ਸਹਾਇਕ ਸਰਜਨ ਜਾਂ ਹਸਪਤਾਲ ਸਹਾਇਕ ਦੇ ਤੌਰ ਉੱਪਰ ਕੰਮ ਕਰਦੇ ਸਨ ਆਪਣੀ ਮੌਤ ਸਮੇਂ ਉਹਦੇ ਲਈ ਚੰਗੀ ਜਾਇਦਾਦ ਛੱਡ ਗਏ ਸਨ। ਫਿਰ ਉਹ ਕੈਂਬਰਿਜ ਵਿਚ ਕੁਦਰਤੀ ਵਿਗਿਆਨ ਦੀ ਉੱਚ ਵਿੱਦਿਆ ਪ੍ਰਾਪਤ ਕਰਨ ਚਲਾ ਗਿਆ ਅਤੇ 1908 ਦੀਆਂ ਗਰਮੀਆਂ ਵਿਚ ਉਹ ਉੱਤਰੀ ਅਮਰੀਕਾ ਵਿਚ ਆ ਗਿਆ। ਭਾਵੇਂ ਉਹਨੇ ਅਜੇ ਕੈਂਬਰਿਜ ਦਾ ਇਮਤਿਹਾਨ ਨਹੀਂ ਦਿੱਤਾ ਸੀ ਫਿਰ ਵੀ ਉਹਨੂੰ ਕੋਲੰਬੀਆ ਯੂਨੀਵਰਸਿਟੀ ਵਿਚ ਇਕ ਗਰੈਜੂਏਟ ਵਿਦਿਆਰਥੀ ਦੇ ਤੌਰ ਉੱਪਰ ਦਾਖਲਾ ਮਿਲ ਗਿਆ। ਉਹਦੀਆਂ ਸਿਆਸੀ ਗਤੀਵਿਧੀਆਂ ਬਾਰੇ ਭਾਰਤ ਸਰਕਾਰ ਦੇ ਰਲੇ ਮਿਲੇ ਪ੍ਰਭਾਵ ਸਨ। ਪਹਿਲੀ ਗੱਲ ਉਸ ਦੇ ਵਿਚਾਰ “ਖਤਰਨਾਕ ਨਹੀਂ ਸਨ, ਸਗੋਂ ਕਾਫੀ ਨਰਮ ਸਨ।” ਅਗਲੀ ਗੱਲ ਉਹ “ਤਅੱਸਬੀ” ਸਨ।(21) ਉਸ ਨੇ ਇਥੇ ਕੋਈ ਵੀ ਅਜਿਹਾ ਬਿਆਨ ਨਹੀਂ ਦਿੱਤਾ ਸੀ ਜਿਸ ਅਨੁਸਾਰ ਇਹ ਕਿਹਾ ਜਾ ਸਕੇ ਕਿ ਉਹ ਇੰਤਹਾਪਸੰਦ ਸੀ। ਵੈਨਕੂਵਰ ਵਿਚ ਉਹਨੇ ਲੈਕਚਰਾਂ ਦੀ ਇਕ ਲੜੀ ਪੇਸ਼ ਕੀਤੀ। ਇਨ੍ਹਾਂ ਲੈਕਚਰਾਂ ਦਾ ਵਿਸ਼ਾ ਅਧਿਆਤਮਵਾਦੀ (ਬੁੱਧ ਧਰਮ ਦੇ ਅਸੂਲ) ਸੀ। ਪਰ ਹਾਪਕਿਨਸਨ ਦੀਆਂ ਨਜ਼ਰਾਂ ਵਿਚ ਉਹ ਇਕ ਰਾਜ ਪਲਟਾਊ ਸੀ। (22) 1910 ਵਿਚ ਛੇ ਮਹੀਨੇ ਬਾਹਰ ਲਾ ਕੇ ਤੇਜਾ ਸਿੰਘ ਵੈਨਕੂਵਰ ਪਰਤਿਆ। ਹਾਪਕਿਨਸਨ ਨੂੰ ਪਤਾ ਲੱਗਾ ਕਿ ਤੇਜਾ ਸਿੰਘ ਗਾਂਧੀ ਨੂੰ ਮਿਲਿਆ ਸੀ। ਹਾਪਕਿਨਸਨ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਗਾਂਧੀ ਸਾਊਥ ਅਫਰੀਕਾ ਵਿਚ ਇਕ ਮਸ਼ਹੂਰ ਵਿਅਕਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਗਾਂਧੀ ਦਾ ਸਬੰਧ ਉਥੋਂ ਦੀ ਹਿੰਦੂ ਸਮੱਸਿਆ ਨਾਲ ਹੈ ਅਤੇ ਮੇਰੀ ਜਾਣਕਾਰੀ ਅਨੂਸਾਰ ਇਸ ਸਮੇਂ ਉਹ ਉਥੇ ਜਿਹਲ ਭੁਗਤ ਰਿਹਾ ਹੈ। (23)

ਹੋਰ ਲੋਕ ਜਿਨ੍ਹਾਂ ਦੀ ਹਾਪਕਿਨਸਨ ਸੂਹ ਰੱਖਦਾ ਸੀ ਉਹ ਸਨ ਮਿੱਲ ਵਰਕਰ ਅਤੇ ਵੈਨਕੂਵਰ ਗੁਰਦੁਆਰੇ ਦਾ ਗ੍ਰੰਥੀ ਬਲਵੰਤ ਸਿੰਘ, ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭਾਗ ਸਿੰਘ, ਵਿਕਟੋਰੀਆ ਤੋਂ ਨਿਕਲਦੇ ਪੇਪਰ ਆਰੀਯਨ ਦਾ ਸੰਪਾਦਕ ਡਾ: ਸੁੰਦਰ ਸਿੰਘ, ਬਿਹਾਰੀ ਲਾਲ ਵਰਮਾ, ਹਰਨਾਮ ਸਿੰਘ, ਸੁਰਿੰਦਰ ਮੋਹਨ ਬੋਸ (ਇਹ ਤਿੰਨੇ ਵਿਦਿਆਰਥੀ ਸਨ) ਅਤੇ ਕਈ ਹੋਰ ਲੋਕ ਜੋ ਅਮਰੀਕਾ ਦੇ ਕਾਲਜਾਂ ਵਿਚ ਪੜ੍ਹਦੇ ਸਨ ਪਰ ਸਮੇਂ ਸਮੇਂ ਵੈਨਕੂਵਰ ਆਉਂਦੇ ਜਾਂਦੇ ਰਹਿੰਦੇ ਸਨ। ਤੇਜਾ ਸਿੰਘ ਤੋਂ ਬਿਨਾ ਜਿਸ ਵਿਅਕਤੀ ਉਪਰ ਹਾਪਕਿਨਸਨ ਕੜੀ ਨਜ਼ਰ ਰੱਖਦਾ ਸੀ ਉਹ ਸੀ ਬੰਗਾਲੀ, ਤਾਰਕਨਾਥ ਦਾਸ ਜੋ ਸਿਆਟਲ ਦੀ ਯੂਨੀਵਰਸਿਟੀ ਆਫ ਵਸ਼ਿੰਗਟਨ ਵਿਚ ਵਿਦਿਆਰਥੀ ਸੀ। ਉਹ ਕਲਕੱਤਾ ਯੂਨੀਵਰਸਿਟੀ ਤੋਂ ਗ੍ਰੈਜੂਏਟ ਸੀ ਅਤੇ ਸੰਨ 1906 ਵਿਚ ਵੈਨਕੂਵਰ ਆਇਆ ਸੀ। ਥੋੜ੍ਹਾ ਸਮਾਂ ਉਹਨੇ ਵੈਨਕੂਵਰ ਸਥਿਤ ਅਮਰੀਕਾ ਦੇ ਇਮੀਗ੍ਰੇਸ਼ਨ ਦਫ਼ਤਰ ਵਿਚ ਦੁਭਾਸ਼ੀਏ ਦਾ ਕੰਮ ਕੀਤਾ। 1908 ਵਿਚ ਉਸਨੇ ਸਿੱਖ ਅਵਾਸੀਆਂ ਲਈ ਇਕ ਸਕੂਲ ਖੋਲ੍ਹਿਆ। ਇਹ ਸਕੂਲ ਹਾਪਕਿਨਸਨ ਵੱਲੋਂ ਭੇਤ ਖੋਲ੍ਹਣ ਤੇ ਅਧਿਕਾਰੀਆਂ ਨੇ ਬੰਦ ਕਰਵਾ ਦਿੱਤਾ। ਤਾਰਕਨਾਥ ਦਾਸ ਵਿਰੁੱਧ ਸ਼ੱਕ ਦਾ ਮੁੱਦਾ ਸੀ ਕਿ ਉਹ ਅਰਬਿੰਦੋ ਘੋਸ਼ ਅਤੇ ਸੁਰਿੰਦਰ ਨਾਥ ਬੈਨਰਜੀ ਨੂੰ ਜਾਣਦਾ ਸੀ। ਅਰਬਿੰਦੋ ਘੋਸ਼ ਨੈਸ਼ਨਲ ਕਾਲਜ ਕਲਕੱਤਾ ਵਿਚ ਇਤਿਹਾਸ ਅਤੇ ਰਾਜਨੀਤੀ ਦੇ ਪ੍ਰੋਫੈਸਰ ਸਨ। ਉਨ੍ਹਾਂ ਉੱਪਰ ਅਗਸਤ 1907 ਵਿੱਚ ਵਿਦਰੋਹੀ ਪੱਤਰਕਾਰੀ ਦਾ ਮੁਕੱਦਮਾ ਚਲਾਇਆ ਗਿਆ ਸੀ ਜਿਸ ਵਿਚੋਂ ਉਹ ਬਰੀ ਹੋ ਗਏ ਸਨ। ਸੁਰਿੰਦਰ ਨਾਥ ਬੈਨਰਜੀ ‘ਦੀ ਬੰਗਾਲੀ’ ਰਸਾਲੇ ਦੇ ਸੰਪਾਦਕ ਸਨ ਅਤੇ 1905 ਵਿਚ ਬੰਗਾਲ ਦੀ ਵੰਡ ਵਿਰੁੱਧ ਇਕ ਸ਼ਕਤੀਸ਼ਾਲੀ ਆਵਾਜ਼ ਸਨ।(24) ਇਨ੍ਹਾਂ ਨੂੰ ਜਾਣਦਾ ਹੋਣ ਤੋਂ ਬਿਨਾਂ ਹਾਪਕਿਨਸਨ ਦਾ ਤਾਰਕਨਾਥ ਦਾਸ ਵਿਰੁੱਧ ਹੋਣ ਦਾ ਇਕ ਹੋਰ ਕਾਰਨ ਤਾਰਕਨਾਥ ਵੱਲੋਂ 1908-10 ਵਿਚਕਾਰ ਛਾਪੇ ਜਾਂਦੇ ਰਸਾਲੇ ‘ਫਰੀ ਹਿੰਦੁਸਤਾਨ’ ਵਿਚ ਛਪਦੀ ਸਮੱਗਰੀ ਸੀ। ਤਾਰਕਨਾਥ ਦਾਸ ਇਸ ਰਸਾਲੇ ਦੇ ਹਰ ਸਫੇ ਉੱਤੇ ਭਾਰਤ ਵਿਚ ਅੰਗਰੇਜ਼ਾਂ ਦੇ ਰਾਜ ਵਿਰੁੱਧ ਹਮਲੇ ਕਰਦਾ ਅਤੇ ਭਾਰਤ ਤੋਂ ਬਾਹਰ ਅੰਗਰੇਜ਼ਾਂ ਦੀਆਂ ਬਸਤੀਆਂ ਵਿਚ ਹਿੰਦੁਸਤਾਨੀਆਂ ਨਾਲ ਹੁੰਦੇ ਦੁਰਵਿਹਾਰ ਵੱਲ ਧਿਆਨ ਦਿਵਾਉਂਦਾ। (25)

ਇਹ ਵਿਅਕਤੀ ਜਿਨ੍ਹਾਂ ਪਿੱਛੇ ਹਾਪਕਿਨਸਨ ਲੱਗਾ ਹੋਇਆ ਸੀ ਲਗਾਤਾਰ ਆਪਣੇ-ਟਿਕਾਣੇ ਬਦਲਦੇ ਰਹਿੰਦੇ। ਆਪਣੀ ਨੌਕਰੀ ਦੇ ਪਹਿਲੇ ਦੋ ਢਾਈ ਸਾਲ ਹਾਪਕਿਨਸਨ ਉਨ੍ਹਾਂ ਦੇ ਮੁਕਾਬਲੇ ਇਕ ਹੀ ਥਾਂ ਟਿਕਿਆ ਰਿਹਾ। ਨਵੰਬਰ ਦਸੰਬਰ 1909 ਵਿਚ ਉਹਨੇ ਲੋਅਰ ਫਰੇਜ਼ਰ ਵੈਲੀ ਅਤੇ ਕੁਟਨੀਜ਼ ਦਾ ਗੇੜਾ ਕੱਢਿਆ। ਬਾਅਦ ਵਿਚ ਉਹਨੇ ਕਿਤੇ ਕਿਤੇ ਇਨਟੀਰਿਅਰ ਦੇ ਚੱਕਰ ਮਾਰੇ ਪਰ ਜ਼ਿਆਦਾ ਸਮਾਂ ਉਹ ਵੈਨਕੂਵਰ ਅਤੇ ਵਿਕਟੋਰੀਆ ਵਿਚ ਹੀ ਰਿਹਾ। ਇਸ ਨਾਲ ਉਹ ਸੰਤੁਸ਼ਟ ਨਹੀਂ ਸੀ। 1910 ਵਿਚ ਉਹ ਸਿਆਟਲ ਨੂੰ ਇਨਕਲਾਬੀਆਂ ਦਾ ਮੁੱਖ ਅੱਡਾ ਸਮਝਦਾ ਸੀ। ਉਥੇ ਤਾਰਕਨਾਥ ਦਾਸ ਅਤੇ ਉਸ ਦੇ ਸਾਥੀ ਗ੍ਰਿਫ਼ਤਾਰੀ ਦੇ ਡਰ ਤੋਂ ਬਿਨਾ ਆਪਣਾ ਕੰਮ ਕਰ ਸਕਦੇ ਸਨ। ਉਸ ਅਨੁਸਾਰ, ”ਜੇ ਪੂਰੀ ਸਾਵਧਾਨੀ ਅਤੇ ਪਕਿਆਈ ਨਾਲ ਜਾਂਚ ਪੜਤਾਲ ਕੀਤੀ ਜਾਵੇ ਤਾਂ ਬਿਨਾਂ ਸ਼ੱਕ ਇਸ ਦੇ ਸਬੂਤ ਮਿਲ ਸਕਦੇ ਸਨ…”। (26)

1911 ਦੀ ਜੂਨ ਤੋਂ ਬਾਅਦ ਹਾਪਕਿਨਸਨ ਦੇ ਜਾਂਚ ਪੜਤਾਲ ਦੇ ਘੇਰੇ ਵਿਚ ਹੋਰ ਵਾਧਾ ਹੋ ਗਿਆ। ਉਸ ਨੂੰ ਆਪਣੇ ਸੂਹੀਆਂ ਤੋਂ ਖਬਰ ਮਿਲੀ ਕਿ ਤਾਰਕਨਾਥ ਦਾਸ ਅਮਰੀਕਾ ਦੀ ਸਿਟੀਜ਼ਨਸ਼ਿੱਪ ਲਈ ਦਿੱਤੀ ਅਰਜ਼ੀ ਦੀ ਪੈਰਵੀ ਤੇਜ਼ੀ ਨਾਲ ਕਰ ਰਿਹਾ ਸੀ। ਅਰਜ਼ੀ ਪਿਛਲੇ ਕੁਝ ਸਮੇਂ ਤੋਂ ਵਿਚੇ ਲਮਕ ਰਹੀ ਸੀ। ਇਸ ਹੀ ਸਮੇਂ ਸਿਆਟਲ ਵਿਚ ਹੋਈ ਇਕ ਮੀਟਿੰਗ ਬਾਰੇ ਅਫਵਾਹ ਉੱਡੀ ਹੋਈ ਸੀ ਕਿ ਇਸ ਮੀਟਿੰਗ ਵਿਚ ਤਾਰਕਨਾਥ ਦਾਸ ਅਤੇ ਕੁਮਾਰ ਨੂੰ ਵਾਪਸ ਭਾਰਤ ਭੇਜਣ ਦਾ ਫ਼ੈਸਲਾ ਲਿਆ ਗਿਆ ਸੀ। ਹਾਪਕਿਨਸਨ ਅਨੁਸਾਰ ਇਸ ਪਿੱਛੇ ਇਕੋ ਹੀ ਉਦੇਸ਼ ਹੋ ਸਕਦਾ ਸੀ। ਤਾਰਕਨਾਥ ਦਾਸ ਅਮਰੀਕਨ ਨਾਗਰਿਕਤਾ ਦੀ ਸੁਰੱਖਿਆ ਹੇਠ ਭਾਰਤ ਜਾ ਕੇ ਦਸੰਬਰ ਵਿਚ ਕਿੰਗ ਜਾਰਜ ਪੰਜਵੇਂ ਅਤੇ ਕੁਈਨ ਮੈਰੀ ਦੀ ਭਾਰਤ ਫੇਰੀ ਦੌਰਾਨ ਸ਼ਾਹੀ ਦਰਬਾਰ ਸਮੇਂ ਸ਼ਾਂਤੀ ਭੰਗ ਕਰਨਾ ਚਾਹੁੰਦਾ ਸੀ। (27) ਚਿਤਾਵਨੀ ਵਸ ਅਰਲ ਗਰੇਅ ਨੇ ਇਸ ਬਾਰੇ ਕਲੋਨੀਅਲ ਆਫਿਸ ਨੂੰ ਤਾਰ ਪਾਈ। ਗਰਮੀਆਂ ਹੋਣ ਕਾਰਨ ਇੰਡੀਆ ਆਫਿਸ ਅਤੇ ਕਲੋਨੀਅਲ ਆਫਿਸ ਦੀ ਦਫਤਰਸ਼ਾਹੀ ਰਾਹੀਂ ਹੁੰਦਿਆਂ ਹੋਇਆਂ ਇਸ ਸੁਨੇਹੇ ਨੂੰ ਆਪਣੇ ਟਿਕਾਣੇ ਪਹੁੰਚਣ ਲਈ ਕਈ ਹਫਤੇ ਲੱਗੇ। ਪਰ ਸਤੰਬਰ ਤੱਕ ਇਹ ਮਸਲਾ ਬਹੁਤੀ ਜ਼ਰੂਰੀ ਅਤੇ ਤੱਤਕਾਲੀਨ ਬਣ ਚੁੱਕਾ ਸੀ। ਹਾਪਕਿਨਸਨ ਨੂੰ ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਕਿਹਾ ਗਿਆ, ਜਿਹੜੀ ਤਾਰਕਨਾਥ ਦਾਸ ਦੀ ਅਰਜ਼ੀ ਰੁਕਵਾਉਣ ਲਈ ਅਮਰੀਕਨਾਂ ਨਾਲ ‘ਡਿਪਲੋਮੈਟਿਕ’ ਗੱਲਬਾਤ ਸਮੇਂ ਵਰਤੀ ਜਾ ਸਕੇ। ਹਾਪਕਿਨਸਨ ਨੇ ਇਸ ਦਾ ਜਵਾਬ ਦਿੱਤਾ ਕਿ ਉਹ ਅਜਿਹਾ ਤਾਂ ਹੀ ਕਰ ਸਕਦਾ ਹੈ ਜੇ ਉਸ ਨੂੰ ਬਾਰਡਰ ਦੇ ਪਾਰ ਸਿਆਟਲ, ਪੋਰਟਲੈਂਡ, ਸਾਨਫਰਾਂਸਿਸਕੋ, ਬਰਕਲੇ, ਅਤੇ ਸਟਾਕਟਨ ਵਰਗੇ ਸ਼ਹਿਰਾਂ ਵਿਚ ਜਾ ਕੇ ਜਾਂਚ-ਪੜਤਾਲ ਕਰਨ ਦੀ ਆਗਿਆ ਦਿੱਤੀ ਜਾਵੇ। ਇਨ੍ਹਾਂ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ ਰਹਿੰਦੇ ਸਨ ਅਤੇ ਤਾਰਕਨਾਥ ਦਾਸ ਇਥੇ ਆਮ ਆਇਆ ਜਾਇਆ ਕਰਦਾ ਸੀ। ਹਾਪਕਿਨਸਨ ਨੇ ਇਹ ਵੀ ਕਿਹਾ ਕਿ ਇਹ ਕੰਮ ਉਸ ਨੂੰ ਆਪ ਕਰਨਾ ਪਵੇਗਾ ਕਿਉਂਕਿ ਉਸ ਸਮੇਂ ਅਜਿਹਾ ਕੋਈ ਪੜ੍ਹਿਆ ਲਿਖਿਆ ਭਾਰਤੀ ਨਹੀਂ ਸੀ ਜਿਸ ਉੱਪਰ ਉਹ ਯਕੀਨ ਕਰ ਸਕੇ। ਅਰਲ ਗਰੇਅ ਦੀਆਂ ਹਿਦਾਇਤਾਂ ਨਾਲ ਇਸ ਦੀ ਇਜਾਜ਼ਤ ਇਕ ਦਮ ਮਿਲ ਗਈ। (28) ਉਸ ਨੂੰ ਇਕਦਮ ਜਾਣ ਲਈ ਕਿਹਾ ਗਿਆ। ਉਹ ਸ਼ਾਂਤ ਮਹਾਂਸਾਗਰ ਦੇ ਕੰਢੇ ਦੇ 19 ਦਿਨਾਂ ਦੇ ਦੌਰੇ ਵਿਚ ਰਵਾਨਾ ਹੋ ਗਿਆ।

ਸਿਆਟਿਲ ਜਾਂ ਉਹ ਸਿੱਧਾ ਅਮਰੀਕਾ ਦੇ ਇਮੀਗਰੇਸ਼ਨ ਦੇ ਦਫ਼ਤਰ ਗਿਆ ਅਤੇ ਉਸ ਇੰਸਪੈਕਟਰ ਨੂੰ ਮਿਲਿਆ ਜੋ ਉਥੋਂ ਦੀ ਭਾਰਤੀ ਕਮਿਊਨਿਟੀ ਬਾਰੇ ਬਹੁਤਾ ਜਾਣਦਾ ਸੀ। ਇਸੇ ਤਰ੍ਹਾਂ ਸਾਨਫਰਾਂਸਿਸਕੋ ਜਾ ਕੇ ਉਹ ਇਮੀਗਰੇਸ਼ਨ ਇਨਸਪੈਕਟਰ ਏæ ਐਚæ ਏਨਸਵਰਥ ਨੂੰ ਮਿਲਿਆ ਜੋ ਭਾਰਤੀ ਇਮੀਗਰੇਸ਼ਨ ਨਾਲ ਸਬੰਧਤ ਸੀ। ਏਨਸਵਰਥ ਨੇ ਬਰਕਲੇ ਅਤੇ ਸਟੈਨਫੋਰਡ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀਆਂ ਸਰਗਰਮੀਆਂ ਦੀ ਰਹੱਸਮਈ ਤਸਵੀਰ ਪੇਸ਼ ਕੀਤੀ ਅਤੇ ਇਸ ਬਾਰੇ ਬ੍ਰਿਟਿਸ਼ ਸਰਕਾਰ ਦੀ ਬੇਧਿਆਨੀ ਉੱਪਰ ਹੈਰਾਨੀ ਜ਼ਾਹਿਰ ਕੀਤੀ। ਇਮੀਗਰੇਸ਼ਨ ਦਫ਼ਤਰ ਤੋਂ ਸਿੱਧਾ ਉਹ ਏਸ਼ੀਅਨਾਂ ਨੂੰ ਬਾਹਰ ਕੱਢਣ ਲਈ ਬਣੀ ਏਸ਼ੀਆਟਕ ਐਕਸਕਲੂਜ਼ਿਨ ਲੀਗ ਦੇ ਦਫ਼ਤਰ ਗਿਆ। ਉਥੇ ਉਸ ਨੇ ਕੁਝ ਸਮਾਂ ਉਨ੍ਹਾਂ ਦੀਆਂ ਅਖ਼ਬਾਰਾਂ ਦੀਆਂ ‘ਕੱਟਿਕਗਜ਼’ ਦੀਆਂ ਫਾਇਲਾਂ ਦੇਖਦਿਆਂ ਲੰਘਾਇਆ। ਸਾਨਫਰਾਂਸਿਸਕੋ ਵਿਚ ਉਸ ਨੂੰ ਸਵਾਮੀ ਤ੍ਰਿਗਨਤੀ ਨਾਂ ਦਾ ਇਕ ਮੁਖਬਰ ਵੀ ਮਿਲ ਗਿਆ। ਸਵਾਮੀ ਤ੍ਰਿਗਨਤੀ ਸਾਨਫਰਾਂਸਿਸਕੋ ਦੀ ਵੇਦਾਂਤਕ ਸੁਸਾਇਟੀ ਵਿਚ ਅਧਿਆਪਕ, ਵੈਬਸਟਰ ਸਟਰੀਟ ਉੱਪਰ ਸਥਿਤ ਹਿੰਦੂ ਮੰਦਿਰ ਦਾ ਪੁਜਾਰੀ, ਅਤੇ ਸਵਾਮੀ ਵਿਵੇਕਾਨੰਦ ਦਾ ਚੇਲਾ ਸੀ ਅਤੇ ਕਲਕੱਤੇ ਦੇ ਵਿਵੇਕਾਨੰਦ ਰਾਮਾਕ੍ਰਿਸਨਾ ਮਿਸ਼ਨ ਨਾਲ ਸਬੰਧਤ ਸੀ। ਤਾਰਕਨਾਥ ਦਾਸ ਵੇਦਾਂਤਕ ਸੁਸਾਇਟੀ ਦਾ ਮੈਂਬਰ ਬਣਿਆ ਸੀ ਅਤੇ ਕੁਝ ਚਿਰ ਸਵਾਮੀ ਤ੍ਰਿਗਨਤੀ ਨਾਲ ਰਿਹਾ ਸੀ। ਪਰ ਸਵਾਮੀ ਉਸ ਨੂੰ ਪਸੰਦ ਨਹੀਂ ਕਰਦਾ ਸੀ। ਸਵਾਮੀ ਅਨੁਸਾਰ ਤਾਰਕਨਾਥ ਦਾਸ ਸੁਸਾਇਟੀ ਨੂੰ ਭਾਰਤੀ ਵਿਦਿਆਰਥੀਆਂ ਅਤੇ ਭਾਰਤੀ ਫਿਲਾਸਫੀ ਵੱਲ ਆਕਰਸ਼ਿਤ ਕੁਝ ਗੋਰੀਆਂ ਔਰਤਾਂ ਵਿਚੋਂ ਰਾਜਨੀਤਕ ਪੈਰੋਕਾਰ ਪੈਦਾ ਕਰਨ ਲਈ ਵਰਤਦਾ ਸੀ। ਉਨ੍ਹਾਂ ਵਿਚ ਇਸ ਤਰ੍ਹਾਂ ਦਾ ਝਗੜਾ ਸੀ। ਇਸ ਕਰਕੇ ਸਵਾਮੀ ਨੇ ਤਾਰਕਨਾਥ ਦਾਸ ਵੱਲੋਂ ਪ੍ਰਾਪਤ ਸਾਹਿਤ ਅਤੇ ਖਤਾਂ ਦੀਆਂ ਕਾਪੀਆਂ ਖੁਸ਼ੀ ਖੁਸ਼ੀ ਹਾਪਕਿਨਸਨ ਦੇ ਹਵਾਲੇ ਕਰ ਦਿੱਤੀਆਂ।

ਸਾਨਫਰਾਂਸਿਸਕੋ ਵਿਚ ਆਪਣੀ ਰਿਹਾਇਸ਼ ਦੇ ਕੁਝ ਚਿਰ ਬਾਅਦ ਉਹ ਬ੍ਰਿਟਿਸ਼ ਕੌਂਸਲ ਜਨਰਲ ਦੇ ਦਫਤਰ ਗਿਆ। ਉਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਕੌਂਸਲ ਜਨਰਲ ਦੇ ਸਟਾਫ ਨੂੰ ਆਪਣੇ ਨੱਕ ਹੇਠਲੇ ਇਸ ਖਤਰੇ (ਜਿਸ ਤਰ੍ਹਾਂ ਉਹ ਸਮਝਦਾ ਸੀ) ਬਾਰੇ ਕੁਝ ਪਤਾ ਨਹੀਂ ਸੀ। ਉਹਦੀਆਂ ਰਿਪੋਰਟਾਂ ਨੇ ਇਸ ਵਿਚ ਤਬਦੀਲੀ ਲਿਆਂਦੀ। ਉਸ ਨੂੰ ਯਕੀਨ ਸੀ ਕਿ ਉਹਨੇ ਇੰਨਾ ਮਸਾਲਾ ਇਕੱਠਾ ਕਰ ਲਿਆ ਹੈ ਜੋ ਇਹ ਦਰਸਾਉਂਦਾ ਹੈ ਕਿ ਤਾਰਕਨਾਥ ਦਾਸ ਭਾਰਤੀ ਵਿਦਿਆਰਥੀਆਂ ਅਤੇ ਮਜ਼ਦੂਰਾਂ ਵਿਚਕਾਰ ਇਨਕਲਾਬੀ ਪ੍ਰਚਾਰ ਕਰਨ ਵਾਲਾ ਪ੍ਰਮੁੱਖ ਵਿਅਕਤੀ ਸੀ। ਹਾਪਕਿਨਸਨ ਅਨੁਸਾਰ ਇਹ ਜਾਣਕਾਰੀ ਤਾਰਕਨਾਥ ਦਾਸ ਦੀ ਅਮਰੀਕਨ ਨਾਗਰਿਕਤਾ ਲਈ ਦਿੱਤੀ ਅਰਜ਼ੀ ਨੂੰ ਰੱਦ ਕਰਨ ਲਈ ਕਾਫੀ ਸੀ। ਬਰਕਲੇ, ਸਾਨਫਰਾਂਸਿਸਕੋ ਅਤੇ ਸਿਆਟਿਲ ਇਨਕਲਾਬੀ ਅੰਦੋਲਨ ਦੇ ਮੁੱਖ ਕੇਂਦਰ ਸਨ ਅਤੇ ਤਾਰਕਨਾਥ ਦਾਸ ਉਸ ਦਾ ਨੇਤਾ ਸੀ। ਹਾਪਕਿਨਸਨ ਅਨੁਸਾਰ ਬਰਕਲੇ ਕੈਂਪਸ (ਜਿਥੇ ਸਿਰਫ 36 ਭਾਰਤੀ ਵਿਦਿਆਰਥੀ ਦਾਖਲ ਸਨ) ਇਸ ਖੜਯੰਤਰ ਦਾ ਕੇਂਦਰੀ ਅੱਡਾ ਸੀ। ਇਥੋਂ ਦੇ ਹਾਲਾਤ ਉਸ ਦੇ ਕਿਆਸ ਨਾਲੋਂ ਵੱਧ ਗੰਭੀਰ ਸਨ। ਉਸ ਨੇ ਸਿਫਾਰਸ਼ ਕੀਤੀ ਕਿ ਕੌਂਸਲਰ ਸਟਾਫ਼ ਵਿਚ ਅਜਿਹੇ ਵਿਅਕਤੀ ਦੀ ਨਿਯੁਕਤੀ ਕੀਤੀ ਜਾਵੇ ਜੋ ਕੈਨੇਡਾ ਅਤੇ ਅਮਰੀਕਾ ਵਿਚ ਰਹਿ ਰਹੀ ਭਾਰਤੀ ਕਮਿਉਨਿਟੀ ਬਾਰੇ ਜਾਣਕਾਰੀ ਰੱਖਦਾ ਹੋਵੇ। (29) ਅਸਲ ਵਿਚ ਉਹ ਆਪਣੀ ਨਿਯੁਕਤੀ ਬਾਰੇ ਪ੍ਰਸਤਾਵ ਰੱਖ ਰਿਹਾ ਸੀ। ਪਰ ਹਾਲ ਦੀ ਘੜੀ ਇਸਦਾ ਕੋਈ ਵੀ ਨਤੀਜਾ ਨਾ ਨਿਕਲਿਆ।

ਅਕਤੂਬਰ 1911 ਵਿਚ, ਜਦੋਂ ਹਾਪਕਿਨਸਨ ਅਜੇ ਕੈਲਾਫੋਰਨੀਆਂ ਵਿਚ ਹੀ ਸੀ, ਲਾਰਡ ਗਰੇਅ ਦੀ ਗਵਰਨਰ ਜਨਰਲ ਦੀ ਮਿਆਦ ਖਤਮ ਹੋ ਗਈ। ਉਸ ਦੀ ਥਾਂ ‘ਹਿਜ਼ ਰੌਇਲ ਹਾਈਨਸ ਦੀ ਡਿਊਕ ਆਫ ਕਨ੍ਹਾਟ’ ਗਵਰਨਰ ਜਨਰਲ ਬਣ ਕੇ ਆਇਆ। ਇਸ ਨਾਲ ਹਾਪਕਿਨਸਨ ਦੇ ਰੋਲ ਉੱਪਰ ਕੋਈ ਅਸਰ ਨਹੀਂ ਪਿਆ। ਛੇਤੀਂ ਹੀ ਨਵੇਂ ਗਵਰਨਰ ਜਨਰਲ ਦੀ ਉਸ ਬਾਰੇ ਚੰਗੀ ਰਾਇ ਬਣ ਗਈ ਅਤੇ ਉਹ ਉਸ ਦੇ ਕੰਮ ਨੂੰ ਕੀਮਤੀ ਸਮਝਣ ਲੱਗਾ। ਫਿਰ ਵੀ ਹਾਪਕਿਨਸਨ ਨੌਕਰੀ ਛੱਡਣ ਬਾਰੇ ਗੱਲਾਂ ਕਰਨ ਲੱਗਾ। ਉਹ ਉਸ ਨੂੰ ਮਿਲਦੀ ਤਨਖਾਹ ਕਰਕੇ ਨਾ ਖੁਸ਼ ਸੀ। ਉਸਦਾ ਕਹਿਣਾ ਸੀ ਕਿ ਇਹ ਤਨਖਾਹ ਉਸਦੇ ਜੋਖਿਮ ਭਰੇ ਕੰਮ ਦਾ ਸਹੀ ਮੁੱਲ ਨਹੀਂ ਪਾਉਂਦੀ ਸੀ। ਫਰਵਰੀ 1909 ਤੋਂ ਮਾਰਚ 1912 ਤੱਕ ਉਸ ਨੂੰ 100 ਡਾਲਰ ਪ੍ਰਤੀ ਮਹੀਨਾ ਮਿਲਦੇ ਸਨ। ਮਾਰਚ 1912 ਵਿਚ ਉਸ ਨੂੰ ਮਹੀਨੇ ਦੇ 25 ਡਾਲਰ ਵੱਧ ਮਿਲਣ ਲੱਗੇ। ਉਹ 25 ਡਾਲਰ ਪ੍ਰਤੀ ਮਹੀਨਾ ਹੋਰ ਚਾਹੁੰਦਾ ਸੀ।(30) 1911 ਦੀਆਂ ਗਰਮੀਆਂ ਵਿਚ ਉਸ ਨੇ ਜੇæ ਐਚæ ਮਗਿੱਲ ਦੀ ਗੈਰਹਾਜ਼ਰੀ ਵਿਚ ਇਮੀਗਰੇਸ਼ਨ ਏਜੰਟ ਦੇ ਤੌਰ ‘ਤੇ ਕੰਮ ਕੀਤਾ ਸੀ। ਪਰ ਕੁਝ ਮਹੀਨੇ ਪਿੱਛੋਂ 1911 ਦੀ ਇਲੈਕਸ਼ਨ ਵਿਚ ਟੋਰੀਆਂ ਦੀ ਜਿੱਤ ਬਾਅਦ ਜੇæ ਐਚæ ਮਗਿੱਲ ਨੂੰ ਹਟਾ ਕੇ ਉਸ ਦੀ ਜਗ੍ਹਾ ਮੈਲਕਮ ਰੀਡ ਨੂੰ ਲਾ ਦਿੱਤਾ ਗਿਆ। ਇਹ ਇਕ ਸਿਆਸੀ ਨਿਯੁਕਤੀ ਸੀ। ਰੀਡ ਇਸ ਗੱਲੋਂ ਕਾਇਲ ਸੀ ਕਿ ਜੇ ਤਨਖਾਹ ਨਾ ਵਧੀ ਤਾਂ ਹਾਪਕਿਨਸਨ ਨੌਕਰੀ ਛੱਡ ਕੇ ਚਲਾ ਜਾਵੇਗਾ, ਇਸ ਲਈ ਉਸ ਨੇ 1912 ਵਿਚ ਉਸ ਦੀ ਤਨਖਾਹ ਵੱਧਵਾਉਣ ਦੀ ਕੋਸ਼ਿਸ਼ ਕੀਤੀ। ਪਰ ਅਗਲੇ ਦੋ ਮਹੀਨਿਆਂ ਵਿਚ ਜੋ ਕੁਝ ਵਾਪਰਿਆ ਉਸ ਨੇ ਹਾਪਕਿਨਸਨ ਦੇ ਦਿਮਾਗ ਵਿਚ ਇਸ ਖਿਆਲ ਨੂੰ ਬਹੁਤ ਪਿੱਛੇ ਧੱਕ ਦਿੱਤਾ।

ਕੈਲਾਫੋਰਨੀਆਂ ਦੇ ਦੌਰੇ ਤੋਂ ਇਕ ਸਾਲ ਪਿੱਛੋਂ ਹਾਪਕਿਨਸਨ ਨੂੰ ਦੁਬਾਰਾ ਬਾਰਡਰ ਤੋਂ ਪਾਰ ਅਮਰੀਕਾ ਜਾਣ ਦੀ ਇਜਾਜ਼ਤ ਮਿਲ ਗਈ;(31) ਆਪਣੇ ਇਸ ਦੌਰੇ ਦੌਰਾਨ ਨਵੰਬਰ 1912 ਅਤੇ ਜਨਵਰੀ 1913 ਵਿਚ ਜਦੋਂ ਉਹ ਸਿਆਟਲ ਅਤੇ ਸਾਨਫਰਾਂਸਿਸਕੋ ਵਿਚ ਸੀ ਉਸ ਨੂੰ ਲਾਲਾ ਹਰਦਿਆਲ ਦੀ ਅਮਰੀਕਾ ਵਿਚ ਹਾਜ਼ਰੀ ਬਾਰੇ ਪਤਾ ਲੱਗਾ। ਉਸ ਦੇ ਖਿਆਲ ਵਿਚ ਲਾਲਾ ਹਰਦਿਆਲ, ਤਾਰਕਨਾਥ ਦਾਸ ਨਾਲੋਂ ਵੱਧ ਖਤਰਨਾਕ ਸੀ। ਇਸ ਬਾਰੇ ਉਸ ਨੂੰ ਪਹਿਲੀ ਵਾਰ ਨਵੰਬਰ 1912 ਵਿਚ ਸਿਆਟਲ ਜਾਣ ਤੇ ਪਤਾ ਲੱਗਾ ਪਰ ਉਸ ਨੇ ਇਸ ਨੂੰ ਬਹੁਤੀ ਮਹੱਤਤਾ ਨਾ ਦਿੱਤੀ। ਉਸ ਅਨੁਸਾਰ ਹਰਦਿਆਲ ਇਕ ਅਮੀਰ ਹਿੰਦੂ ਸੀ ਜਿਸ ਨੇ ਬਰਕਲੇ ਵਿਚ ਪੜ੍ਹ ਰਹੇ ਭਾਰਤੀਆਂ ਨੂੰ 500 ਡਾਲਰ ਦੇ ਵਜ਼ੀਫੇ ਦੀ ਪੇਸ਼ਕਸ਼ ਕੀਤੀ ਸੀ।(32) (ਉਸ ਦੀ ਇਹ ਸੂਚਨਾ ਗਲਤ ਸੀ। ਅਸਲ ਵਿਚ ਕੈਲਾਫੋਰਨੀਆ ਦੇ ਸਟਾਕਟਨ ਦੇ ਏਰੀਏ ਦੇ ਇਕ ਅਮੀਰ ਸਿੱਖ ਫਾਰਮਰ ਜਵਾਲਾ ਸਿੰਘ ਨੇ ਹਰਦਿਆਲ ਨਾਲ ਛੇ ਵਜ਼ੀਫੇ ਦੇਣ ਦਾ ਵਾਅਦਾ ਕੀਤਾ ਸੀ। (ਜਨਵਰੀ 1913 ਵਿਚ ਜਦੋਂ ਹਾਪਕਿਨਸਨ ਸਾਨਫਰਾਂਸਿਸਕੋ ਜਾ ਕੇ ਨਵੇਂ ਬ੍ਰਿਟਿਸ਼ ਕੌਂਸਲ ਜਨਰਲ ਐਂਡਰਿਊ ਕਾਰਨਿਗੀ ਰੌਸ ਨੂੰ ਮਿਲਿਆ ਤਾਂ ਉਸ ਨੇ ਹਾਪਕਿਨਸਨ ਨੂੰ ਹਰਦਿਆਲ ਬਾਰੇ ਬੜੀ ਮਹੱਤਵਪੂਰਨ ਗੱਲ ਦੱਸੀ। ਹਰਦਿਆਲ, 23 ਦਸੰਬਰ 1912 ਨੂੰ ਦਿੱਲੀ ਵਿਖੇ ਵਾਇਸਰਾਏ ਲਾਰਡ ਹਾਰਡਿੰਗ ਉੱਪਰ ਸੁੱਟੇ ਬੰਬ ਨਾਲ ਸਬੰਧਤ ਸੀ।(33) ਇਸ ਖਬਰ ਦਾ ਇਕ ਸੋਮਾ ਮਦਰਾਸ ਤੋਂ ਆਇਆ ਇਕ ਇੱੱਕੀ ਸਾਲਾਂ ਦਾ ਵਿਦਿਆਰਥੀ ਸੀ, ਜੋ ਪੰਜ ਮਹੀਨੇ ਪਹਿਲਾਂ ਹਰਦਿਆਲ ਦੇ ਵਜ਼ੀਫੇ ਦੇ ਭਰੋਸੇ ਬਰਕਲੇ ਆਇਆ ਸੀ। ਵਜ਼ੀਫੇ ਦੀ ਰਕਮ ਦਾ ਪ੍ਰਬੰਧ ਨਾ ਹੋ ਸਕਿਆ ਪਰ ਉਹ ਹਰਦਿਆਲ ਅਤੇ ਹੋਰ ਪੰਜਾਬੀ ਅਤੇ ਮਦਰਾਸੀ ਵਿਦਿਆਰਥੀਆਂ ਨਾਲ ਇਕ ਘਰ ਜਾਂ ਹੋਸਟਲ ਵਿਚ ਰਹਿ ਰਿਹਾ ਸੀ। ਉਥੇ ਰਹਿੰਦਿਆਂ ਉਸ ਨੇ ਕਈ ਗੱਲਾਂ ਸੁਣੀਆਂ। ਉਸ ਨੇ ਦੱਸਿਆ ਕਿ ਹਰਦਿਆਲ ਰੈਡੀਕਲ ਕਲੱਬ ਦਾ ਸੈਕਟਰੀ ਸੀ। ਇਸ ਦੇ ਮੈਂਬਰਾਂ ਵਿਚ ਰੂਸੀ ਅਤੇ ਪੋਲੈਂਡ ਦੇ ਸੋਸ਼ਲਿਸਟ ਵੀ ਸ਼ਾਮਿਲ ਸਨ। ਜਦੋਂ 23 ਦਸੰਬਰ ਨੂੰ ਦਿੱਲੀ ਵਿਚ ਲਾਰਡ ਹਾਰਡਿੰਗ ਉੱਪਰ ਸੁੱਟੇ ਬੰਬ ਦੀ ਖਬਰ ਬਰਕਲੇ ਪਹੁੰਚੀ ਤਾਂ ਹਰਦਿਆਲ ਨੇ ਕਲੱਬ ਦੇ ਕਈ ਮੈਂਬਰਾਂ ਨੂੰ ਫ਼ੋਨ ਕੀਤਾ ਅਤੇ ਹਰ ਇਕ ਨੂੰ ਕਿਹਾ, ”ਕੀ ਤੁਸੀਂ ਖਬਰ ਸੁਣੀ ਹੈ? ਮੇਰੇ ਆਦਮੀਆਂ ਵਿਚੋਂ ਇਕ ਨੇ ਲਾਰਡ ਹਰਡਿੰਗ ਨਾਲ ਕੀ ਕੀਤਾ ਹੈ।” ਹਾਪਕਿਨਸਨ ਲਈ ਇਹ ਸਾਜਿਸ਼ ਵਿਚ ਸ਼ਾਮਿਲ ਹੋਣ ਦਾ ਬਿਆਨ ਸੀ। 25 ਦਸੰਬਰ ਨੂੰ ਲਾਲਾ ਹਰਿਦਆਲ ਨੇ ਬਰਕਲੇ ਦੇ 15-20 ਭਾਰਤੀ ਵਿਦਿਆਰਥੀਆਂ ਨੂੰ ਪਾਰਟੀ ਦੇ ਕੇ ਇਸ ਕਤਲ ਦੀ ਕੋਸ਼ਿਸ਼ ਦਾ ਜਸ਼ਨ ਮਨਾਇਆ। ਸਾਨਫਰਾਂਸਿਸਕੋ ਪਹੁੰਚਣ ਦੇ 48 ਘੰਟਿਆਂ ਦੇ ਅੰਦਰ ਅੰਦਰ ਹਾਪਕਿਨਸਨ ਨੇ ਇਹ ਖਬਰ ਓਟਾਵਾ ਪਹੁੰਚਦੀ ਕਰ ਦਿੱਤੀ। ਥੋੜ੍ਹੀ ਜਿਹੀ ਹੋਰ ਪੜਤਾਲ ਕਰਨ ‘ਤੇ ਉਸ ਨੂੰ ਪਤਾ ਲੱਗਾ ਕਿ ਹਰਦਿਆਲ ਦਿੱਲੀ ਵਿਚ ਜਨਮਿਆ, ਉਥੋਂ ਦੇ ਸਟੀਫਨ ਕਾਲਜ ਅਤੇ ਫਿਰ ਆਕਸਫੋਰਡ ਵਿਚ ਪੜ੍ਹਿਆ ਅਤੇ ਫਿਰ ਫਰਾਂਸ ਵਿਚ ਕੁਝ ਸਮਾਂ ਬਿਤਾਉਣ ਬਾਅਦ ਡੇਢ ਸਾਲ ਪਹਿਲਾਂ ਅਮਰੀਕਾ ਪਹੁੰਚਿਆ ਸੀ।

ਐਮਲੀ ਸੀ. ਬਰਾਊਨ ਵੱਲੋਂ ਹਰਦਿਆਲ ਦੀ ਲਿਖੀ ਜੀਵਨੀ ਮੁਤਾਬਕ ਹਰਦਿਆਲ ਅਮਰੀਕਾ ਵਿਚ ਇਕ ਭਖਦੇ ਦੇਸ਼ ਭਗਤ ਦੇ ਤੌਰ ‘ਤੇ ਪਹੁੰਚਿਆ ਪਰ ਉਸ ਦੀਆਂ ਸਰਗਰਮੀਆਂ ਤੋਂ ਆਪਣੇ ਨਿਸ਼ਾਨੇ ਉੱਪਰ ਇਕਾਗਰ ਹੋਣ ਦਾ ਸੰਕੇਤ ਨਹੀਂ ਮਿਲਦਾ। ਅਮਰੀਕਾ ਵਿਚ ਥੋੜ੍ਹੇ ਜਿਹੇ ਸਮੇਂ ਦੇ ਪੜਾਅ ਦੌਰਾਨ ਉਸ ਨੇ ਕਈ ਕੰਮ ਬਦਲੇ। ਕਦੇ ਉਹ ਹਾਰਵਰਡ ਯੂਨੀਵਰਸਿਟੀ ਵਿਚ ਬੁੱਧ ਧਰਮ ਦਾ ਵਿਦਿਆਰਥੀ ਸੀ, ਕਦੇ ਉਹ ਹਵਾਈ ਵਿਚ ਇਕ ਵੈਰਾਗੀ ਸੀ ਅਤੇ ਕਦੇ ਸਟੈਨਫੋਰਡ ਵਿਚ ਭਾਰਤੀ ਦਰਸ਼ਨ ਦਾ ਲੈਕਚਰਾਰ ਸੀ।(34) ਇਕ ਵਾਰ ਖੁਰ੍ਹਾ ਮਿਲਣ ਬਾਅਦ ਹਾਪਕਿਨਸਨ ਨੇ ਉਸਤੇ ਕੜੀ ਨਿਗ੍ਹਾ ਰੱਖੀ। ਏਂਜਲ ਆਈਲੈਂਡ, ਸਾਨਫਰਾਂਸਸਿਕੋ ਦੀ ਇਮੀਗਰੇਸ਼ਨ ਸਰਵਿਸ ਦੇ ਅਸਿਸਟੈਂਟ ਕਮਿਸ਼ਨਰ, ਇਡਸੈੱਲ ਤੋਂ ਪਰਿਚੈ ਪੱਤਰ ਲੈ ਕੇ ਹਾਪਕਿਨਸਨ ਅਮਰੀਕਾ ਦੇ ਜਸਟਿਸ ਵਿਭਾਗ ਦੇ ਸਪੈਸ਼ਲ ਏਜੰਟ ਕਲੇਟਨ ਹੈਰਿੰਗਟਨ ਨੂੰ ਮਿਲਿਆ। ਹੈਰਿੰਗਟਨ ਦੀ ਮਦਦ ਨਾਲ ਡਾਕਖਾਨੇ ਦੇ ਇਕ ਕਲਰਕ ਨੂੰ ਤਿੰਨ ਡਾਲਰ ਹਰ ਰੋਜ਼ ਅਤੇ ਡਾਕੀਏ ਨੂੰ ਉਸ ਤੋਂ ਥੋੜ੍ਹੇ ਜਿਹੇ ਘੱਟ ਪੈਸੇ ਦੇਣੇ ਕਰਕੇ ਉਹ ਹਰਦਿਆਲ ਦੀ ਆਉਣ ਜਾਣ ਵਾਲੀ ਡਾਕ ਉੱਪਰ ਨਿਗਰਾਨੀ ਰੱਖਣ ਵਿਚ ਕਾਮਯਾਬ ਹੋ ਗਿਆ। ਲਾਲਾ ਹਰਦਿਆਲਦੇ ਲੈਕਚਰਾਂ ਵਿਚ ਨੋਟ ਲੈਣ ਲਈ ਅਤੇ ਉਸ ਦੇ ਦੋਸਤਾਂ ਦੇ ਘੇਰੇ ਵਿਚ ਘੁਸਪੈਠ ਕਰਨ ਲਈ ਏਜੰਟ ਤਿਆਰ ਕਰਕੇ ਹਾਪਕਿਨਸਨ ਓਟਾਵਾ ਆ ਕੇ ਵਿਅਕਤੀਗਤ ਤੌਰ ‘ਤੇ ਰੀਪੋਰਟ ਦੇਣ ਲਈ ਜ਼ੋਰ ਪਾਉਣ ਲੱਗਾ। ”ਜੋ ਕੁਝ ਮੇਰੇ ਕੋਲ ਹੈ, ਜਦੋਂ ਤੁਸੀਂ ਉਸ ਨੂੰ ਸੁਣੋਗੇ ਤਾਂ ਤੁਸੀਂ ਇਸ ਨੂੰ ਸਮੇਂ ਅਤੇ ਪੈਸੇ ਦੀ ਫਜੂਲਖਰਚੀ ਨਹੀਂ ਸਮਝੋਗੇ”, ਹਾਪਕਿਨਸਨ ਨੇ ਡਿਪਟੀ ਮਨਿਸਟਰ ਨੂੰ ਕਿਹਾ।(35)

ਉਸ ਦਾ ਅੰਦਾਜ਼ਾ ਠੀਕ ਨਿਕਲਿਆ। ਉਸ ਨੂੰ 28 ਫਰਵਰੀ ਨੂੰ ਸਟੀਮਰ ਰਾਹੀਂ ਨਿਊਯਾਰਕ ਤੋਂ ਲੰਡਨ ਜਾਣ ਦਾ ਹੁਕਮ ਮਿਲਿਆ ਤਾਂ ਕਿ ਉਹ ਇੰਡੀਆ ਆਫਿਸ ਨੂੰ ਹਰਦਿਆਲ ਅਤੇ ਉੱਤਰੀ ਅਮਰੀਕਾ ਵਿਚ ਹੋ ਰਹੀਆਂ ਹੋਰ ਸਰਗਰਮੀਆਂ ਬਾਰੇ ਵਿਅਕਤੀਗਤ ਤੌਰ ‘ਤੇ ਦੱਸ ਸਕੇ। ਉਸ ਨੇ ਸਿਫਾਰਿਸ਼ ਕੀਤੀ ਕਿ ਸਾਨਫਰਾਂਸਿਸਕੋ ਵਿਚ ਕਿਸੇ ਨੂੰ ਸਾਲ ਵਿਚ ਛੇ ਮਹੀਨੇ ਲਈ ਨਿਯੁਕਤ ਕਰਨਾ ਚਾਹੀਦਾ ਹੈ।(36) (ਅਸਲ ਵਿਚ ਉਸ ਦੀ ਇਹ ਸਿਫਾਰਿਸ਼ ਆਪਣੇ ਬਾਰੇ ਸੀ)। ਓਟਾਵਾ ਅਤੇ ਲੰਡਨ ਨੇ ਉਹਦੀ ਇਹ ਸਿਫਾਰਿਸ਼ ਮੰਨ ਲਈ। ਨਤੀਜੇ ਦੇ ਤੌਰ ‘ਤੇ ਇੰਡੀਆ ਆਫਿਸ ਨੇ ਉਸ ਨੂੰ 60 ਪੋਂਡ (300 ਡਾਲਰ) ਵਜ਼ੀਫੇ ਦੇ ਅਤੇ 60 ਪੋਂਡ ਖਰਚੇ ਦੇ ਤੌਰ ‘ਤੇ ਦੇਣੇ ਸ਼ੁਰੂ ਕਰ ਦਿੱਤੇ। ਇਹ ਪੈਸੇ ਉਸ ਨੂੰ ਇਮੀਗਰੇਸ਼ਨ ਇਨਸਪੈਕਟਰ ਦੇ ਤੌਰ’ਤੇ ਮਿਲਦੀ ਤਨਖਾਹ (1500 ਡਾਲਰ ਸਾਲਾਨਾ) ਨਾਲੋਂ ਵੱਖਰੇ ਸਨ। (37) ਹੁਣ ਉਹ ਲੰਡਨ ਵਿਚ ਭਾਰਤੀ ਸਰਕਾਰ ਦੇ ਏਜੰਟ ਨੂੰ ਸਿੱਧਾ ਰਿਪੋਰਟ ਕਰਨ ਲੱਗਾ। ਇਸਦੇ ਨਾਲ ਨਾਲ ਉਹ ਓਟਾਵਾ ਵਿਚ ਇਨਟੀਰੀਅਰ ਦੇ ਡਿਪਟੀ ਮਨਿਸਟਰ ਨੂੰ ਵੀ ਰਿਪੋਰਟ ਕਰਦਾ ਸੀ। ਲੰਡਨ ਵਿਚ ਭਾਰਤੀ ਸਰਕਾਰ ਦਾ ਏਜੰਟ ਬੰਬਈ ਦਾ ਪੁਲੀਸ ਸੁਪਰਡੈਂਟ, ਜੇ. ਏ. ਵਾਲਿੰਜਰ ਸੀ ਜੋ ਲੰਡਨ ਵਿਚ ਜਾਸੂਸੀ ਦੇ ਸਬੰਧ ਵਿਚ ਆਇਆ ਸੀ। ਉਸ ਦਾ ਹਾਪਕਿਨਸਨ ਨਾਲ ਖੱਤ ਪੱਤਰ ਅਪ੍ਰੈਲ 1913 ਵਿਚ ਸ਼ੁਰੂ ਹੋ ਗਿਆ ਜਦੋਂ ਵੈਨਕੂਵਰ ਵਾਪਸ ਪਹੁੰਚਦਾ ਹਾਪਕਿਨਸਨ ਓਟਾਵਾ ਪਹੁੰਚਿਆ। (38)

ਇਸ ਤਰ੍ਹਾਂ ਲਾਲਾ ਹਰਦਿਆਲ ਨੂੰ ਅਮਰੀਕਾ ਤੋਂ ਕਢਵਾਉਣ ਲਈ ਮੁਹਿੰਮ ਸ਼ੁਰੂ ਹੋਈ। ਡਿਪਲੋਮੈਟਿਕ ਪੱਧਰ ਉੱਤੇ ਬ੍ਰਿਟਿਸ਼ ਰਾਜਦੂਤ ਨੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨਾਲ ਗੱਲਬਾਤ ਕੀਤੀ। ਜੂਨ 1913 ਵਿਚ ਸ਼ਾਂਤ ਮਹਾਂਸਾਗਰ ਦੇ ਕੰਢੇ ਦੇ ਅਮਰੀਕਾ ਦੇ ਇਮੀਗਰੇਸ਼ਨ ਅਧਿਕਾਰੀਆਂ ਨੂੰ ਹਦਾਇਤਾਂ ਮਿਲੀਆਂ ਕਿ ਉਹ ਲਾਲਾ ਹਰਦਿਆਲ ਦੇ ਹਰ ਲੈਕਚਰ ‘ਤੇ ਜਾਣ ਅਤੇ ਨੋਟ ਲੈਣ। ਗੁਪਤ ਰੂਪ ਵਿਚ ਹਾਪਕਿਨਸਨ ਅਮਰੀਕਾ ਦੇ ਇਮੀਗਰੇਸ਼ਨ ਵਿਭਾਗ ਦੀ ਮੱਦਦ ਲਈ ਸਬੂਤ ਇਕੱਠੇ ਕਰਦਾ ਰਿਹਾ। ਰਾਜਦੂਤਕ ਦਬਾਅ ਕਾਰਨ ਅਮਰੀਕਾ ਦੇ ਜਸਟਿਸ ਵਿਭਾਗ ਵਲੋਂ ਸਪੈਸ਼ਲ ਏਜੰਟ ਹੈਰਿੰਗਟਨ ਨੂੰ ਇਸ ਕੇਸ ਵਿਚ ਮੱਦਦ ਲਈ ਨਿਯੁਕਤ ਕੀਤਾ ਗਿਆ।(39) ਹਾਪਕਿਨਸਨ ਜਾਣਦਾ ਸੀ ਕਿ ਉਸ ਨੂੰ ਅਜਿਹਾ ਕੇਸ ਤਿਆਰ ਕਰਨਾ ਪੈਣਾ ਹੈ ਜਿਹੜਾ ਅਮਰੀਕਾ ਦੇ ਇਮੀਗਰੇਸ਼ਨ ਦੀ ਜਾਂਚ ਅੱਗੇ ਖੜ੍ਹ ਸਕੇ। ਇਸ ਕੇਸ ਵਿਚ ਹਰਦਿਆਲ ਦੇ ਦੇਸ਼ਭਗਤ, ਅੰਗਰੇਜ਼ ਵਿਰੋਧੀ ਜਾਂ ਸਾਮਰਾਜ ਵਿਰੋਧੀ ਹੋਣ ਦੇ ਇਲਜ਼ਾਮਾਂ ਤੋਂ ਵੱਧ ਮਸਾਲਾ ਲੋੜੀਂਦਾ ਸੀ। ਇਸ ਲਈ ਉਹਨੇ ਹਰਦਿਆਲ ਦੇ ਅਰਾਜਕਤਾਵਾਦੀ ਵਿਚਾਰਾਂ ਵੱਲ ਝੁਕਾਅ, ਇੰਡਸਟਰੀਅਲ ਵਰਕਰਜ਼ ਆਫ ਦੀ ਵਰਲਡ (ਆਈ ਡਬਲਿਊ ਡਬਲਿਊ) ਨਾਲ ਸਬੰਧਾਂ ਅਤੇ ਅਰਾਜਕਤਾਵਾਦੀ ਲੈਕਚਰਾਰ ਐਮਾ ਗੋਲਡਮੈਨ ਨਾਲ ਸਬੰਧਾਂ ਦੀ ਸੂਹ ਕੱਢੀ। ਹਾਪਕਿਨਸਨ ਨੇ 1913-14 ਦਾ ਸਿਆਲ ਸਾਨਫਰਾਂਸਿਸਕੋ ਵਿਚ ਲੰਘਾਇਆ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਵੀ ਨਾਲ ਲੈ ਆਇਆ ਅਤੇ ਓਕਲੈਂਡ ਦੇ ਇਲਾਕੇ ਵਿਚ 45 ਡਾਲਰ ਮਹੀਨਾ ਤੇ ਇਕ ਫਰਨਿਸ਼ਡ ਮਕਾਨ ਕਿਰਾਏ ‘ਤੇ ਲੈ ਕੇ ਰਿਹਾ। ਇਨ੍ਹਾਂ 45 ਡਾਲਰਾਂ ਵਿਚੋਂ 35 ਡਾਲਰ ਕੈਨੇਡੀਅਨ ਸਰਕਾਰ ਵਲੋਂ ਦਿੱਤੇ ਜਾਂਦੇ ਸਨ।(40) 25 ਮਾਰਚ 1914 ਨੂੰ ਅਮਰੀਕਾ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਸਾਨਫਰਾਂਸਿਸਕੋ ਦੇ ਬੋਹੀਮੀਅਨ ਹਾਲ ਵਿਚ ਇਕ ਸੋਸ਼ਲਿਸਟ ਮੀਟਿੰਗ ਤੋਂ ਬਾਅਦ ਲਾਲਾ ਹਰਦਿਆਲ ਨੂੰ ਗ੍ਰਿਫਤਾਰ ਕਰ ਲਿਆ। ਉਸ ‘ਤੇ ਦੋਸ਼ ਲਾਇਆ ਕਿ ਉਹ ਅਰਾਜਕਤਾਵਾਦੀ ਹੈ ਅਤੇ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਹੈ। ਇਸ ਘਟਨਾ ਨੂੰ ਸਾਨਫਰਾਂਸਿਸਕੋ ਦੀਆਂ ਅਖਬਾਰਾਂ ਨੇ ਕਾਫੀ ਥਾਂ ਦਿੱਤੀ। ਅਮਰੀਕਾ ਦੇ ਪੱਤਰਕਾਰਾਂ ਸਾਹਮਣੇ ਹਰਦਿਆਲ ਇਕਦਮ ਅਡੋਲ ਸੀ। ਉਸ ਨੇ ਅਖਬਾਰਾਂ ਨੂੰ ਦੱਸਿਆ, ”ਪਿਛਲੇ ਕਈ ਮਹੀਨਿਆਂ ਤੋਂ ਬ੍ਰਿਟਿਸ਼ ਜਾਸੂਸ ਮੇਰੀ ਜਾਸੂਸੀ ਕਰ ਰਹੇ ਸਨ। ਪਰ ਮੈਂ ਆਪਣੀਆਂ ਸਰਗਰਮੀਆਂ ਖੁੱਲ੍ਹੇ ਰੂਪ ਵਿਚ ਕਰਦਾ ਰਿਹਾ। ਇਨ੍ਹਾਂ ਜਾਸੂਸਾਂ ਦੀ ਹਾਜ਼ਰੀ ਕਰਕੇ ਨਾ ਹੀ ਮੈਂ ਆਪਣੇ ਬਿਆਨਾਂ ਨੂੰ ਬਦਲਿਆ ਹੈ ਅਤੇ ਨਾ ਹੀ ਮੈਂ ਆਪਣੇ ਐਲਾਨਾਂ ਵਿਚ ਕਿਸੇ ਕਿਸਮ ਦੀ ਨਰਮੀ ਲਿਆਂਦੀ ਹੈ। ਮੇਰੇ ਲਈ ਇਹ ਗ੍ਰਿਫਤਾਰੀ ਕੋਈ ਅਚੰਭਾ ਨਹੀਂ। ਮੈਂ ਕਾਫੀ ਦੇਰ ਤੋਂ ਇਸ ਦੀ ਉਡੀਕ ਕਰ ਰਿਹਾ ਸੀ।”(41) ਉਸ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਗਿਆ ਸਗੋਂ ਜ਼ਮਾਨਤ ਉਪਰ ਰਿਹਾ ਕਰ ਦਿੱਤਾ ਗਿਆ। ਅਮਰੀਕਨ ਇਮੀਗਰੇਸ਼ਨ ਅਧਿਕਾਰੀਆਂ ਨੇ ਇਹ ਜਾਣ ਕੇ ਬੜੀ ਬੇਇੱਜ਼ਤੀ ਮਹਿਸੂਸ ਕੀਤੀ ਕਿ ਹਰਦਿਆਲ ਅਮਰੀਕਾ ਵਿਚ ਪਿਛਲੇ ਤਿੰਨ ਸਾਲਾਂ ਤੋਂ ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ। ਹਰਦਿਆਲ ਨੇ ਦਲੀਲਾਂ ਦਿੱਤੀਆਂ ਕਿ ਜੇ ਮੈਨੂੰ ਅਰਾਜਕਤਾਵਾਦੀ ਕਹਿਣਾ ਹੈ ਤਾਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਜਦੋਂ ਮੈਂ ਏਥੇ ਆਇਆ ਸੀ ਉਦੋਂ ਮੇਰੇ ਵਿਚਾਰ ਅਰਾਜਕਤਾਵਾਦੀ ਨਹੀਂ ਸਨ, ਸਗੋਂ ਮੇਰੇ ਵਿਚਾਰਾਂ ਵਿਚ ਤਬਦੀਲੀ ਇਥੇ ਆਉਣ ਤੋਂ ਬਾਅਦ ਆਈ ਹੈ। ਅਮਰੀਕੀ ਇਮੀਗਰੇਸ਼ਨ ਅਧਿਕਾਰੀਆਂ ਨੇ ਲਾਲਾ ਹਰਦਿਆਲ ਦਾ ਰਿਕਾਰਡ ਇਕ ਭਾਰਤੀ ਮਜ਼ਦੂਰ ਨਾਲ ਰਲਗੱਡ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਉਸ ਦਾ ਕੇਸ ਲੰਮੇ ਸਮੇਂ ਤੱਕ ਲਟਕਾਈ ਰੱਖਿਆ। ਹਾਪਕਿਨਸਨ ਦੇ ਵੈਨਕੂਵਰ ਦੇ ਸੂਹੀਆਂ ਨੇ ਖਬਰ ਦਿੱਤੀ ਕਿ ਹਰਦਿਆਲ ਨੇ ਆਪਣੇ ਅਮਰੀਕਾ ਵਿਚ ਰਹਿਣ ਦੇ ਸਮੇਂ ਵਿਚਕਾਰ ਕੁਝ ਸਮਾਂ ਹਨਾਲੂਲੂ ਅਤੇ ਸੁਵਾ (ਫਿਜੀ) ਵਿਚ ਗੁਜਾਰਿਆ ਹੈ। ਇਸ ਲਈ ਅਮਰੀਕਾ ਵਿਚ ਉਸ ਦੀ ਰਿਹਾਇਸ਼ ਲਗਾਤਾਰ ਨਹੀਂ ਮੰਨੀ ਜਾ ਸਕਦੀ।(42) ਪਰ ਇਹ ਤਸਦੀਕ ਨਾ ਹੋ ਸਕਿਆ। ਮਈ ਵਿਚ ਹਾਪਕਿਨਸਨ ਵਸ਼ਿੰਗਟਨ ਗਿਆ ਅਤੇ ਅਮਰੀਕਾ ਦੇ ਇਮੀਗਰੇਸ਼ਨ ਦੇ ਕਮਿਸ਼ਨਰ ਜਨਰਲ, ਐਂਥਨੀ ਕੈਮਿਨਟੀ, ਨਾਲ ਹਰਦਿਆਲ ਦੇ ਕੇਸ ਬਾਰੇ ਗੱਲਬਾਤ ਕੀਤੀ। ਕਮਿਸ਼ਨਰ ਨੇ ਉਸ ਨੂੰ ਦੱਸਿਆ ਕਿ ਉਸ ਦਾ ਮਹਿਕਮਾ ਹੁਣ ਤੱਕ ਪ੍ਰਾਪਤ ਸਬੂਤਾਂ ਦੇ ਆਧਾਰ ‘ਤੇ ਕੋਈ ਐਕਸ਼ਨ ਨਹੀਂ ਲੈ ਸਕਦਾ।(43) ਗਰਮੀਆਂ ਵਿਚ ਕਮਿਸ਼ਨਰ ਐਂਥਨੀ ਕੈਮਿਨਟੀ ਨੂੰ ਜਨੇਵਾ ਤੋਂ ਹਰਦਿਆਲ ਦਾ ਲਿਖਿਆ ਖੱਤ ਮਿਲਿਆ। ਉਹ ਆਪਣੇ ਆਪ ਅਮਰੀਕਾ ਛੱਡ ਕੇ ਚਲੇ ਗਿਆ ਸੀ।(44)

ਇਹ ਕਿਹਾ ਜਾ ਸਕਦਾ ਹੈ ਕਿ ਹਰਦਿਆਲ ਨੂੰ ਦੇਸ਼ ਨਿਕਾਲਾ ਦਿਵਾਉਣ ਦੀ ਕੋਸ਼ਿਸ਼ ਨੇ ਉਲਟਾ ਅਸਰ ਕੀਤਾ। ਇਸ ਨੇ ਉੱਤਰੀ ਅਮਰੀਕਾ ਦੇ ਭਾਰਤੀ ਇਨਕਲਾਬੀਆਂ ਨੂੰ ਮਕਸਦ ਅਤੇ ਨਿਸ਼ਚਾ ਪ੍ਰਦਾਨ ਕੀਤਾ। ਹਰਦਿਆਲ ਬਾਰੇ ਹਾਪਕਿਨਸਨ ਨੂੰ ਪਹਿਲੀ ਵਾਰ ਪਤਾ ਲੱਗਣ ਅਤੇ ਉਸ ਦੇ ਅਮਰੀਕਾ ਛੱਡ ਕੇ ਸਵਿਟਰਜ਼ਲੈਂਡ ਜਾਣ ਤੱਕ ਦੇ ਵਿਚਕਾਰ ਦੇ ਸਮੇਂ ਦੌਰਾਨ ਸ਼ਾਂਤ ਮਹਾਂਸਾਗਰ ਦੇ ਕੰਢੇ ਉੱਪਰ ਗਦਰ ਲਹਿਰ ਕਾਫੀ ਵਧੀ ਫੁੱਲੀ। ਮਈ 1913 ਵਿਚ ਲਾਲਾ ਹਰਦਿਆਲ ਨੇ ‘ਹਿੰਦੂ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਦੀ ਨੀਂਹ ਰੱਖੀ। ਗਦਰ ਪਾਰਟੀ ਇਸੇ ਐਸੋਸੀਏਸ਼ਨ ਦਾ ਵਾਧਾ ਸੀ। ਨਵੰਬਰ 1913 ਵਿਚ ਗਦਰ ਅਖਬਾਰ ਦਾ ਪਹਿਲਾ ਅੰਕ ਨਿਕਲਿਆ। ਗਦਰ ਪਾਰਟੀ ਦਾ ਪਹਿਲੀਆਂ ਜਥੇਬੰਦੀਆਂ ਨਾਲੋਂ ਜੋ ਵੱਖਰੇਵਾਂ ਸੀ, ਉਹ ਸੀ ਇਸ ਵਲੋਂ ਹਿੰਸਾ ਦੀ ਹਿਮਾਇਤ। ਭਾਰਤੀ ਸਰਕਾਰ ਅਤੇ ਇੰਡੀਆ ਆਫਿਸ ਲਈ ਇਹ ਚਿੰਤਾ ਵਾਲੀ ਗੱਲ ਸੀ। ਦਿੱਲੀ ਵਿਚ ਕਰੀਮਨਲ ਇਨਟੈਲੀਜੈਂਸ ਦੇ ਡਾਇਰੈਕਟਰ ਸੀ. ਆਰ. ਕਲੀਵਲੈਂਡ ਨੇ 11 ਮਈ 1914 ਨੂੰ ਲਿਖਿਆ, ”ਮੈਂ ਸ਼ਾਂਤ ਮਹਾਂਸਾਗਰ ਦੇ ਕੰਢੇ ਦੇ ਸਿੱਖਾਂ ਅਤੇ ਦੂਸਰੇ ਪੰਜਾਬੀਆਂ ਦੇ ਤੀਬਰ ਅਸੰਤੋਖ ਨੂੰ ਇਸ ਸਮੇਂ ਦੀ ਹਿੰਦੁਸਤਾਨੀ ਸਿਆਸੀ ਹਾਲਤ ਦਾ ਸਭ ਤੋਂ ਬਦਤਰੀਨ ਪੱਖ ਸਮਝਦਾ ਹਾਂ।”(45) ਪਰ ਇਹ ਵੀ ਕੀ ਵਿਅੰਗ ਸੀ ਕਿ ਗਦਰ ਲਹਿਰ ਦਾ ਵਰਤਾਰਾ ਹਾਪਕਿਨਸਨ ਵਲੋਂ ਹਰਦਿਆਲ ਬਾਰੇ ਦਿੱਤੀ ਪਹਿਲੀ ਰਿਪੋਰਟ ਤੋਂ ਬਾਅਦ ਵਰਤਿਆ। ਅੱਗ ਲੱਗਣ ਤੋਂ ਪਹਿਲਾਂ ਘੰਟੀ ਖੜਕਾਈ ਗਈ ਸੀ। ਇਸ ਤਰ੍ਹਾਂ ਦੇ ਧਿਆਨ ਤੋਂ ਬਿਨਾਂ ਗਦਰ ਪਾਰਟੀ ਏਡੀ ਛਾਪ ਨਹੀਂ ਸੀ ਲਾ ਸਕਦੀ ਜਿੰਨੀ ਕਿ ਉਹ ਲਾਉਣ ਵਿਚ ਕਾਮਯਾਬ ਹੋ ਗਈ।

ਕਲੀਵਲੈਂਡ ਨੇ ਸਿੱਖਾਂ ਵਿਚ ਗਦਰ ਦੇ ਪ੍ਰਾਪੇਗੰਡੇ ਦਾ ਵਿਰੋਧ ਕਰਨ ਲਈ ਕੈਲਾਫੋਰਨੀਆ ਵਿਚ ਆਪਣੇ ਏਜੰਟ ਭੇਜਣ ਬਾਰੇ ਸੋਚਿਆ। ਉਸ ਨੇ ਇਸ ਬਾਰੇ ਫੌਜੀ ਅਧਿਕਾਰੀਆਂ, ਪੰਜਾਬ ਸਰਕਾਰ ਅਤੇ ਭਾਰਤੀ ਸਰਕਾਰ ਦੇ ਗ੍ਰਹਿ, ਵਿਉਪਾਰ ਅਤੇ ਸਨਅਤੀ ਵਿਭਾਗਾਂ ਦੇ ਉੱਚ-ਅਧਿਕਾਰੀਆਂ ਨਾਲ ਗੱਲਬਾਤ ਕੀਤੀ।(46) ਹਾਪਕਿਨਸਨ ਨੂੰ ਇਸ ਬਾਰੇ ਕਰਿਮਨਲ ਇਨਟੈਲੀਜੈਂਸ ਆਫਿਸ ਦੇ ਸਰਕੁਲਰ (ਜੋ ਉਸ ਨੂੰ ਵਾਲਿੰਗਰ ਤੋਂ ਪ੍ਰਾਪਤ ਹੋਇਆ) ਤੋਂ ਪਤਾ ਲੱਗਾ। ਉਸ ਨੂੰ ਇਹ ਖਿਆਲ ਚੰਗਾ ਨਾ ਲੱਗਾ। ਉਸ ਦੇ ਖਿਆਲ ਵਿਚ ਇਹ ਇਕ ਤਰ੍ਹਾਂ ਦਾ ਮਿਸ਼ਨਰੀ ਕਾਰਜ ਸੀ ਅਤੇ ਇਸ ਦੇ ਸਫਲ ਹੋਣ ਦੀ ਸੰਭਾਵਨਾ ਘੱਟ ਸੀ। ਇਸਦੇ ਨਾਲ ਹੀ ਉਸਦਾ ਵਿਚਾਰ ਸੀ ਕਿ ਇਹ ਕੰਮ, ਕੰਮ ਕਰਨ ਵਾਲੇ ਲੋਕਾਂ ਲਈ ਖਤਰਨਾਕ ਹੋ ਸਕਦਾ ਸੀ। ਇਸ ਦੀ ਥਾਂ ਉਸ ਨੇ ਕੈਨੇਡਾ ਆਧਾਰਿਤ ਖੁਫੀਆ ਸੂਹੀਆ ਏਜੰਸੀ ਬਣਾਉਣ ਦਾ ਸੁਝਾਅ ਦਿੱਤਾ। ਉਸ ਨੇ ਇਹ ਕਿਹਾ ਨਹੀਂ ਪਰ ਸਪੱਸ਼ਟ ਹੀ ਸੀ ਕਿ ਅਜਿਹੀ ਏਜੰਸੀ ਵਿਚ ਉਹ ਵੱਡਾ ਰੋਲ ਅਦਾ ਕਰੇਗਾ।(47) ਉਸ ਦੇ ਕੰਮ ਦਾ ਘੇਰਾ ਦਿਨੋਂ ਦਿਨ ਵੱਧ ਰਿਹਾ ਸੀ। ਉਸ ਨੇ ਅਮਰੀਕਾ ਦੇ ਇਮੀਗਰੇਸ਼ਨ ਅਧਿਕਾਰੀਆਂ ਨੂੰ ਮਿਲਣ ਅਤੇ ਯੂਰਪ ਤੋਂ ਆਉਂਦੇ ਅਵਾਸੀਆਂ ਨੂੰ ‘ਚੈੱਕ’ ਕਰਨ ਲਈ ਸਮੇਂ ਸਮੇਂ ਨਿਊਯਾਰਕ ਦਾ ਦੌਰਾ ਕਰਨ ਦੀ ਸਲਾਹ ਦਿੱਤੀ ਜਿਹੜੀ ਮੰਨ ਲਈ ਗਈ। ਹੁਣ ਉਸ ਨੂੰ ਦੋਵੇਂ ਸਮੁੰਦਰੀ ਤੱਟਾਂ (ਸ਼ਾਂਤ ਅਤੇ ਅਸ਼ਾਂਤ ਮਹਾਂਸਾਗਰ ਦੇ ਤੱਟ) ਉੱਪਰ ਨਿਗ੍ਹਾ ਰੱਖਣੀ ਪੈਂਦੀ ਸੀ। ਉਸਦੇ ਖਰਚ ਵੱਧ ਗਏ ਸਨ -11,000 ਡਾਲਰ ਸਾਨਫਰਾਂਸਿਸਕੋ ਵਿਚ ਸਰਦੀਆਂ ਵਿਚ ਰਹਿਣ ਦੇ ਅਤੇ 350 ਡਾਲਰ ਨਿਊਯਾਰਕ ਦਾ ਇਕ ਗੇੜ੍ਹਾ ਲਾਉਣ ਦੇ। 20 ਮਈ 1914 ਨੂੰ ਗਵਰਨਰ ਜਨਰਲ, ਦੀ ਡਿਊਕ ਆਫ ਕਨ੍ਹਾਟ ਨੇ ਨਵੇਂ ਤਰ੍ਹਾਂ ਦੇ ਪ੍ਰਬੰਧ ਦਾ ਅਨੁਰੋਧ ਕੀਤਾ। ਕਾਲੋਨੀਅਲ ਸੈਕਟਰੀ ਲਿਊਸ ਹਾਰਕੋਟ ਨੂੰ ਭੇਜੀ ਇਕ ਖੂਫੀਆ ਡਿਸਪੈਚ ਵਿਚ ਉਸ ਨੇ ਲਿਖਿਆ, ਕਿ ਹਾਪਕਿਨਸਨ ਇਕ ਕੀਮਤੀ ਅਫਸਰ ਹੈ ਅਤੇ ਇਕ ਬਹੁਤ ਹੀ ਮਹੱਤਵਪੂਰਨ ਕੰਮ ਕਰ ਰਿਹਾ ਸੀ।(48) ਕਨ੍ਹਾਟ ਨੇ ਇਸ ਸਬੰਧ ਵਿਚ ਦੋ ਮੁਸ਼ਕਿਲਾਂ ਵੱਲ ਧਿਆਨ ਦਿਵਾਇਆ। ਉਸ ਦੇ ਖਿਆਲ ਵਿਚ ਪਹਿਲੀ ਮੁਸ਼ਕਿਲ ਇਹ ਸੀ ਕਿ ਹਾਪਕਿਨਸਨ ਉੱਤੇ ਬਹੁਤ ਕੁੱਝ ਨਿਰਭਰ ਸੀ। ਜੇ ਉਸ ਨੂੰ ਕੁਝ ਹੋ ਗਿਆ ਤਾਂ ਉਸ ਦਾ ਜਾਸੂਸੀ ਦਾ ਢਾਂਚਾ ਢਹਿ-ਢੇਰੀ ਹੋ ਜਾਵੇਗਾ। ਉਸ ਮੁਤਾਬਕ ਦੂਜੀ ਮੁਸ਼ਕਿਲ ਇਹ ਸੀ ਕਿ ਕੈਨੇਡੀਅਨ ਸਰਕਾਰ ਉਸਦਾ ਬਹੁਤਾ ਖਰਚਾ ਉਠਾ ਰਹੀ ਹੈ ਜਦੋਂ ਕਿ ਉਸ ਦੀ ਜਾਂਚ ਦਾ ਜ਼ਿਆਦਾ ਸਬੰਧ ਭਾਰਤੀ ਸਰਕਾਰ ਦੇ ਹਿੱਤਾਂ ਨਾਲ ਹੈ। ਇਹ ਵੀ ਖਤਰ੍ਹਾ ਸੀ ਕਿ ਕਿਤੇ ਹਾਊਸ ਆਫ ਕਾਮਨਜ਼ ਦੇ ਮੈਂਬਰਾਂ ਨੂੰ ਉਸ ਦੇ ਖਰਚਿਆਂ ਦਾ ਪਤਾ ਨਾ ਲੱਗ ਜਾਏ। ਉਨ੍ਹਾਂ ਦੇ ਸਵਾਲ ਉਠਾਲਣ ਨਾਲ ਜੋ ਪ੍ਰਚਾਰ ਹੋਵੇਗਾ, ਉਸ ਨਾਲ ਹਾਪਕਿਨਸਨ ਦੇ ਕੰਮ ਉੱਪਰ ਅਸਰ ਪੈ ਸਕਦਾ ਹੈ।

ਇਹ ਡਿਸਪੈਚ ਆਉਣ ਤੋਂ ਪਹਿਲਾਂ ਹਾਪਕਿਨਸਨ ਨੇ ਕੁਝ ਦਿਨ ਓਟਾਵਾ ਵਿਚ ਗੁਜ਼ਾਰੇ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਦਿਨਾਂ ਵਿਚ ਉਸ ਨੇ ਗਵਰਨਰ ਜਨਰਲ ਅੱਗੇ ਆਪਣਾ ਪੱਖ ਪੇਸ਼ ਕੀਤਾ ਹੋਵੇਗਾ। (49) ਅਗਲੇ ਦੋ ਮਹੀਨੇ ਇਸ ਬਾਰੇ ਹੋਰ ਕੁਝ ਕਰਨ ਲਈ ਉਸ ਨੂੰ ਬਹੁਤਾ ਸਮਾਂ ਨਹੀਂ ਮਿਲਿਆ। 21 ਮਈ ਤੋਂ ਜੁਲਾਈ 23 ਤੱਕ ਉਹ ਕਾਮਾਗਾਟਾਮਾਰੂ (ਪੰਜਾਬੀਆਂ ਨਾਲ ਭਰਿਆ ਜਹਾਜ਼ ਜੋ 21 ਮਈ ਨੂੰ ਕੈਨੇਡਾ ਪਹੁੰਚਿਆ। ਇਹ ਪੰਜਾਬੀ ਕੈਨੇਡਾ ਵਿਚ ਅਵਾਸੀਆਂ ਦੇ ਤੌਰ’ਤੇ ਉਤਰਨ ਵਿਚ ਨਾਕਾਮਯਾਬ ਰਹੇ) ਦੇ ਸਬੰਧ ਵਿਚ ਮਸਰੂਫ ਰਿਹਾ। ਇਨ੍ਹਾਂ ਪੰਜਾਬੀ ਅਵਾਸੀਆਂ ਅਤੇ ਕੈਨੇਡੀਅਨ ਅਧਿਕਾਰੀਆਂ ਵਿਚਕਾਰ ਕੋਈ ਹਿੰਸਾਤਮਕ ਘਟਨਾ (ਜਿਸ ਨਾਲ ਹਿੰਦੁਸਤਾਨੀ ਦੇਸ਼ਭਗਤਾਂ ਨੂੰ ਆਪਣਾ ਅੰਦੋਲਨ ਅੱਗੇ ਲਿਜਾਣ ਵਿੱਚ ਮੱਦਦ ਮਿਲ ਸਕਦੀ ਸੀ) ਘਟਨ ਤੋਂ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਉਸਨੇ ਕੈਨੇਡੀਅਨ ਅਤੇ ਅੰਗ੍ਰੇਜ਼ ਸਾਮਰਾਜੀ ਸਰਕਾਰ ਦੀ ਚੰਗੀ ਸੇਵਾ ਕੀਤੀ। ਕਾਮਾਗਾਟਾਮਾਰੂ ਦੇ ਕੈਨੇਡੀਅਨ ਪਾਣੀਆਂ ਵਿੱਚੋਂ ਕੱਢੇ ਜਾਣ ਦੇ ਦੋ ਹਫਤਿਆਂ ਅੰਦਰ ਹੀ ਹਾਪਕਿਨਸਨ ਨੇ ਇਥੇ ਨਵਾਂ ਮਹੱਤਵਪੂਰਨ ਰੋਲ ਸੰਭਾਲਿਆ। 4 ਅਗਸਤ ਨੂੰ ਅੰਗਰੇਜ਼ਾਂ ਨੇ ਜਰਮਨੀ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। 11 ਅਗਸਤ ਨੂੰ ਹਾਪਕਿਨਸਨ ਨੇ ਰਿਪੋਰਟ ਕੀਤੀ ਕਿ ਉਸ ਸਮੇਂ, ਜਦੋਂ ਅੰਗਰੇਜ਼ ਯੂਰਪ ਵਿਚ ਜੰਗ ਵਿਚ ਉਲਝੇ ਹੋਏ ਸਨ, ਹਿੰਦੁਸਤਾਨੀ ਇਨਕਲਾਬੀ ਸ਼ਾਂਤ ਮਹਾਂਸਾਗਰ ਦੇ ਕੰਢਿਆਂ ਉੱਪਰ ਰਹਿੰਦੇ ਹਿੰਦੁਸਤਾਨੀਆਂ ਵਿਚ ਵਿਆਪਕ ਰੂਪ ਵਿਚ ਹਿੰਦੁਸਤਾਨ ਮੁੜਨ ਅਤੇ ਅੰਗਰੇਜ਼ ਵਿਰੁੱਧ ਹਥਿਆਰ ਚੁੱਕਣ ਲਈ ਪ੍ਰਚਾਰ ਕਰ ਰਹੇ ਸਨ। (50) ਇਨਕਲਾਬੀਆਂ ਵੱਲੋਂ ਇਹ ਕਾਰਵਾਈ ਬਿਨਾਂ ਕਿਸੇ ਲੁੱਕ ਲੁਕਾਅ ਦੇ ਕੀਤੀ ਜਾ ਰਹੀ ਸੀ। ਹਾਪਕਿਨਸਨ ਨੂੰ ਇਸ ਬਾਰੇ ਸੱਭ ਤੋਂ ਪਹਿਲਾਂ ਪੋਰਟਲੈਂਡ (ਓਰੇਗਨ) ਦੇ ਇਕ ਅਖਬਾਰ ਵਿਚ ਛਪੀ ਇਕ ਕਹਾਣੀ ਤੋਂ ਪਤਾ ਲੱਗਾ। ਇਸ ਕਹਾਣੀ ਵਿਚ ਲਿਖਿਆ ਸੀ ਕਿ ਐਸਟਰੀਆ ਸ਼ਹਿਰ ਦੀ ਹੈਮੰਡ ਮਿੱਲ ਵਿਚ ਕੰਮ ਕਰਨ ਵਾਲੇ ਅੱਧੇ ਪੰਜਾਬੀ ਕੰਮ ਛੱਡ ਕੇ ਗੱਡੀ ਜਾਂ ਬੇੜੀ ਰਾਹੀਂ ਸਾਨਫਰਾਂਸਿਸਕੋ ਜਾਣ ਲਈ ਰਵਾਨਾ ਹੋ ਗਏ ਸਨ ਅਤੇ ਬਚਦੇ ਅੱਧੇ ਜਾਣ ਦੀਆਂ ਤਿਆਰੀਆਂ ਵਿਚ ਸਨ ਤਾਂ ਕਿ ਉਹ ਹੋਣ ਵਾਲੇ ਗਦਰ ਵਿਚ ਹਿੱਸਾ ਲੈ ਸਕਣ। ਦਿਨਾਂ ਵਿਚ ਹੀ ਇੰਡੀਆ ਆਫਿਸ, ਬ੍ਰਿਟਿਸ਼ ਆਫਿਸ ਅਤੇ ਕੈਨੇਡਾ ਦੇ ਇਨਟੀਰਿਅਰ ਦੇ ਮਹਿਕਮੇ ਨੇ ਜਾਣਕਾਰੀ ਇਕੱਠੀ ਕਰਨ ਦਾ ਇਕ ਸੰਗਠਨ ਕਾਇਮ ਕਰ ਲਿਆ। ਇਸ ਸੰਗਠਨ ਦਾ ਧੁਰਾ ਹਾਪਕਿਨਸਨ ਸੀ। ਸਾਨਫਰਾਂਸਿਸਕੋ ਤੋਂ ਜਾਣ ਵਾਲਿਆਂ ਦੀਆਂ ਲਿਸਟਾਂ ਉਥੋਂ ਦਾ ਬ੍ਰਿਟਿਸ਼ ਕਾਉਂਸਲਰ ਕਾਰਨਗੀ ਰੌਸ ਕੈਨੇਡਾ ਦੇ ਗਵਰਨਰ ਜਨਰਲ ਨੂੰ ਭੇਜਦਾ ਤਾਂ ਕਿ ਹਾਪਕਿਨਸਨ ਉਨ੍ਹਾਂ ਦੀ ਛਾਣਬੀਣ ਕਰ ਸਕੇ ਅਤੇ ਹਿੰਦੁਸਤਾਨ ਨੂੰ ਤਾਰ ਰਾਹੀਂ ਭੇਜ ਸਕੇ।(51) ਹੁਣ ਹਾਪਕਿਨਸਨ ਦਾ ਦਿੱਲੀ ਵਿਚ ਕਰਿਮਨਲ ਇਨਟੈਲੀਜੈਂਸ ਦੇ ਡਾਇਰੈਕਟਰ ਜਨਰਲ ਸਰ ਚਾਰਲਸ ਕਲੀਵਲੈਂਡ ਨਾਲ ਸਿੱਧਾ ਸੰਪਰਕ ਸੀ।(52) ਉਸ ਦੇ ਖਤਾਂ ਅਤੇ ਤਾਰਾਂ ਨੇ ਗਦਰ ਪਾਰਟੀ ਦੇ ਕਿੰਨੇ ਹੀ ਸਰਗਰਮ ਮੈਂਬਰਾਂ ਦੀ ਪਛਾਣ ਕਰਨ ਵਿਚ ਹਿੱਸਾ ਪਾਇਆ ਜਿਹੜੇ ਬਾਅਦ ਵਿਚ ਹਿੰਦੁਸਤਾਨ ਪਹੁੰਚਣ ਤੇ ਗ੍ਰਿਫ਼ਤਾਰ ਕਰ ਲਏ ਗਏ।

21 ਅਕਤੂਬਰ1914 ਨੂੰ ਮੇਵਾ ਸਿੰਘ ਨੇ ਹਾਪਕਿਨਸਨ ਨੂੰ ਗੋਲੀ ਮਾਰ ਦਿੱਤੀ। ਇਹ ਇਕ ਸਾਧਾਰਣ ਕਤਲ ਨਹੀਂ ਸਗੋਂ ਇਕ ਸਿਆਸੀ ਕਰਤੱਵ ਸੀ। ਗੋਲੀ ਮਾਰਨ ਦੀ ਘਟਨਾ ਵੈਨਕੂਵਰ ਦੀ ਕਚਹਿਰੀ (ਵੈਨਕੂਵਰ ਕੋਰਟ ਹਾਊਸ) ਵਿਚ ਵਾਪਰੀ ਅਤੇ ਕਾਤਲ ਨੇ ਕਤਲ ਤੋਂ ਬਾਅਦ ਨੱਸਣ ਦੀ ਕੋਸ਼ਿਸ਼ ਨਹੀਂ ਕੀਤੀ। ਬਾਅਦ ਵਿਚ ਮੁਕੱਦਮੇ ਦੌਰਾਨ ਉਸਨੇ ਦੋਸ਼ ਦਾ ਇਕਬਾਲ ਕਰ ਲਿਆ। ਇਹ ਗੋਲੀ ਕਿਸੇ ਹਨੇਰੀ ਗਲੀ ਵਿਚ ਵੀ ਮਾਰੀ ਜਾ ਸਕਦੀ ਸੀ ਪਰ ਮੇਵਾ ਸਿੰਘ ਸ਼ਹੀਦੀ ਪਾਉਣੀ ਚਾਹੁੰਦਾ ਸੀ। 12 ਹਫਤਿਆਂ ਬਾਅਦ (ਜਦੋਂ ਉਸ ਨੂੰ ਫਾਂਸੀ ਲਾਇਆ ਗਿਆ) ਉਸ ਨੂੰ ਸ਼ਹਾਦਤ ਪ੍ਰਾਪਤ ਹੋ ਗਈ। ਪੁਲਿਸ ਨੇ ਕਈ ਹੋਰ ਵਿਅਕਤੀਆਂ ਉੱਪਰ ਇਸ ਕਤਲ ਦੀ ਸਾਜਿਸ਼ ਦਾ ਇਲਜ਼ਾਮ ਲਾਇਆ ਪਰ ਉਹ ਇਸ ਲਈ ਸਬੂਤ ਨਾ ਲੱਭ ਸਕੇ। ਜੇ ਮੇਵਾ ਸਿੰਘ ਨੇ ਇਹ ਕਤਲ ਆਪਣੇ ਆਪ ਇਕੱਲਿਆਂ ਕੀਤਾ ਸੀ ਤਾਂ ਵੀ ਇਸ ਕਤਲ ਦੀ ਕਮਿਊਨਿਟੀ ਲਈ ਜੋ ਮਹੱਤਤਾ ਸੀ ਉਸ ਨੂੰ ਉਹ ਚੰਗੀ ਤਰ੍ਹਾਂ ਸਮਝਦਾ ਸੀ।(53) ਮੇਵਾ ਸਿੰਘ ਨੇ ਹਾਪਕਿਨਸਨ ਨੂੰ ਉਸ ਦੇ ਕੰਮਾਂ ਕਰਕੇ ਗੋਲੀ ਨਹੀਂ ਮਾਰੀ ਸਗੋਂ ਇਸ ਕਰਕੇ ਗੋਲੀ ਮਾਰੀ ਕਿਉਕਿ ਹਾਪਕਿਨਸਨ ਹਿੰਦੁਸਤਾਨ ਉੱਪਰ ਰਾਜ ਕਰ ਰਹੇ ਅੰਗ੍ਰੇਜ਼ ਸਾਮਰਾਜ ਦਾ ਚਿੰਨ੍ਹ ਸੀ, ਉਸਦਾ ਨੁਮਾਇੰਦਾ ਸੀ। ਵੈਨਕੂਵਰ ਦੇ ਸਿੱਖਾਂ ਅਤੇ ਦੂਜੇ ਹਿੰਦੁਸਤਾਨੀਆਂ ਦੀਆਂ ਨਜ਼ਰਾਂ ਵਿਚ ਉਹ ਇਕ ਢੁੱਕਵਾਂ ਨਿਸ਼ਾਨਾ ਸੀ। ਹਾਪਕਿਨਸਨ ਦਾ ਕਤਲ ਕਰਕੇ ਮੇਵਾ ਸਿੰਘ ਨੇ ਆਪਣੀ ਕੁਰਬਾਨੀ ਇਹ ਮਿੱਥ ਕੇ ਦਿੱਤੀ ਸੀ ਕਿ ਇਸ ਨਾਲ ਉਸ ਦੇ ਦੇਸ਼ਵਾਸੀਆਂ ਦੇ ਮਨ ਅਤੇ ਦਿਮਾਗ ਟੁੰਬੇ ਜਾਣਗੇ। ਉਸ ਦੇ ਇਸ ਅਮਲ ਨੂੰ ਗਦਰ ਪਾਰਟੀ ਵੱਲੋਂ ਹਿੰਦੁਸਤਾਨੀਆਂ ਨੂੰ ਹਥਿਆਰ ਲੈ ਕੇ ਵਾਪਿਸ ਦੇਸ਼ ਮੁੜਨ ਅਤੇ ਅੰਗ੍ਰੇਜ਼ਾਂ ਵਿਰੁੱਧ ਲੜਾਈ ਲੜਨ ਦੇ ਦਿੱਤੇ ਸੱਦੇ ਦੇ ਪਿਛੋਕੜ ਵਿਚ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਕਤਲ ਹਾਪਕਿਨਸਨ ਦੇ ਮੁਖਬਰਾਂ ਦੇ ਅਤੇ ਉਨ੍ਹਾਂ ਦੇ ਦੁਸ਼ਮਨਾਂ ਦੇ ਕਤਲਾਂ ਦੀ ਲੜੀ ਦਾ ਹੀ ਇਕ ਹਿੱਸਾ ਸੀ। ਇਹ ਕਤਲ ਹਾਪਕਿਨਸਨ ਦੇ ਇਕ ਮੁਖਬਰ ਵੱਲੋਂ ਸੱਤ ਹਫਤੇ ਪਹਿਲਾਂ ਗੁਰਦੁਆਰੇ ਵਿੱਚ ਗੋਲੀ ਚਲਾ ਕੇ ਦੋ ਆਦਮੀਆਂ ਨੂੰ ਮਾਰਨ ਅਤੇ ਕਈਆਂ ਨੂੰ ਜ਼ਖ਼ਮੀ ਕਰਨ ਦੀ ਘਟਨਾ ਦਾ ਬਦਲਾ ਸੀ। ਇਹ ਵੀ ਹੋ ਸਕਦਾ ਹੈ ਕਿ ਇਹ ਅਮਲ ਮੇਵਾ ਸਿੰਘ ਵੱਲੋਂ ਪਸ਼ਚਾਤਾਪ ਕਰਨ ਅਤੇ ਕੁਝ ਮਹੀਨੇ ਪਹਿਲਾਂ ਰੀਵਾਲਵਰ ਸਮਗਲ ਕਰਨ ਦੇ ਕੇਸ ਸਮੇਂ ਲੰਬੀ ਸਜ਼ਾ ਤੋਂ ਬੱਚਣ ਲਈ ਕਮਿਉਨਟੀ ਦੇ ਲੀਡਰਾਂ ਵਿਰੁੱਧ ਦਿੱਤੇ ਬਿਆਨਾਂ ਕਾਰਨ ਆਪਣੇ ਵੱਕਾਰ ਉੱਪਰ ਪਏ ਅਸਰ ਨੂੰ ਦੂਰ ਕਰਨ ਲਈ ਕੀਤਾ ਹੋਵੇ।(54)

ਕੈਨੇਡੀਅਨ ਸਰਕਾਰ ਵੱਲੋਂ ਹਾਪਕਿਨਸਨ ਦੇ ਕਤਲ ਦੀ ਖਬਰ ਬ੍ਰਿਟਿਸ਼ ਅਤੇ ਹਿੰਦੁਸਤਾਨੀ ਸਰਕਾਰ ਨੂੰ ਪਹੁੰਚਾਈ ਗਈ। ਹਿੰਦੁਸਤਾਨ ਦੇ ਸੈਕਟਰੀ ਆਫ ਸਟੇਟ ਨੇ 26 ਅਕਤੂਬਰ ਨੂੰ ਤਾਰ ਰਾਹੀਂ ਵਾਇਸਰਾਏ ਨੂੰ ਦੱਸਿਆ, ”ਹਾਪਕਿਨਸਨ ਦਾ ਕਤਲ ਉਸ ਵੱਲੋਂ ਹਿੰਦੁਸਤਾਨ ਲਈ ਕੀਤੇ ਕੰਮਾਂ ਕਰਕੇ ਹੋਇਆ ਹੈ।”(55) ਹਾਪਕਿਨਸਨ ਦੀ ਵਿਧਵਾ ਨੂੰ ਹਿੰਦੁਸਤਾਨੀ ਸਰਕਾਰ ਨੇ 500 ਪੋਂਡ (2500 ਕੈਨੇਡੀਅਨ ਡਾਲਰ) ‘ਸੀਕਰੇਟ ਸਰਵਿਸ ਫੰਡ’ ਵਿਚੋਂ ਦਿੱਤੇ। ਪਹਿਲਾਂ ਵਾਇਸਰਾਏ ਅਜਿਹਾ ਕਰਨ ਤੋਂ ਝਿਜਕਦਾ ਸੀ ਖਾਸ ਕਰਕੇ ਕੈਨੇਡੀਅਨ ਅਖ਼ਬਾਰਾਂ ਵਿਚ ਇਸ ਬਾਰੇ ਛੱਪੀਆਂ ਖ਼ਬਰਾਂ ਪੜ੍ਹ ਕੇ। ਉਹ ਦੇਖ ਸਕਦਾ ਸੀ ਕਿ ਕੈਨੇਡੀਅਨ ਅਖ਼ਬਾਰਾਂ ਵਿਚ ਛਪੇ ਅਨੁਮਾਨਾਂ ਅਤੇ ਮੇਵਾ ਸਿੰਘ ਦੇ ਮੁਕੱਦਮੇ ਦੌਰਾਨ ਪੇਸ਼ ਗਵਾਹੀਆਂ ਵਿਚ ਹਾਪਕਿਨਸਨ ਦੇ ਹਿੰਦੁਸਤਾਨੀ ਅੰਗਰੇਜ਼ ਸਰਕਾਰ ਨਾਲ ਸਬੰਧਾਂ ਬਾਰੇ ਕੋਈ ਸੰਕੇਤ ਨਹੀਂ ਦਿੱਤੇ ਗਏ ਸਨ। ਕੈਨੇਡੀਅਨ ਅਖ਼ਬਾਰਾਂ ਨੇ ਕਤਲ ਨੂੰ ਹਾਪਕਿਨਸਨ ਵੱਲੋਂ ਕਾਮਾਗਾਟਾਮਾਰੂ ਦੇ ਸਬੰਧ ਵਿਚ ਕੀਤੇ ਕੰਮਾਂ ਨਾਲ ਜੋੜਿਆ ਸੀ। ਵਾਇਸਰਾਏ ਨੇ ਸਲਾਹ ਦਿੱਤੀ ਕਿ ਇਹ ਥਿਊਰੀ ਉਚਿਤ ਜਾਪਦੀ ਹੈ। ਨਾਲ ਹੀ ਉਸ ਸੋਚਿਆ ਕਿ ਕੈਨੇਡਾ ਦੇ ਇਕ ਇਮੀਗਰੇਸ਼ਨ ਅਫਸਰ ਦੇ ਪਰਿਵਾਰ ਨੂੰ ਸਹਾਇਤਾ ਦੇਣੀ ਹਿੰਦੁਸਤਾਨੀ ਸਰਕਾਰ ਲਈ ਸਿਆਣੀ ਗੱਲ ਨਹੀਂ ਹੋਵੇਗੀ। ਇਸ ਨਾਲ ਹਿੰਦੁਸਤਾਨੀ ਸਰਕਾਰ ਉੱਪਰ ਇਹ ਦੋਸ਼ ਲੱਗ ਸਕਦਾ ਸੀ ਕਿ ਉਸ ਨੇ ਕੈਨੇਡਾ ਤੋਂ ਹਿੰਦੁਸਤਾਨੀ ਅਵਾਸੀਆਂ ਨੂੰ ਕੱਢਣ ਵਿਚ ਕੈਨੇਡੀਅਨ ਸਰਕਾਰ ਦੀ ਮੱਦਦ ਕੀਤੀ ਸੀ। ਉਹ ਪੂਰੀ ਤਰ੍ਹਾਂ ਚੋਕਸ ਰਹਿਣਾ ਚਾਹੁੰਦਾ ਸੀ ਭਾਵੇਂ ਇਹ ਰਕਮ ਗੁਪਤ ਫੰਡ ਵਿਚੋਂ ਦਿੱਤੀ ਜਾਣੀ ਸੀ ਅਤੇ ਇਸ ਦਾ ਭੇਦ ਬਾਹਰ ਨਹੀਂ ਕੱਢਿਆ ਜਾਣਾ ਸੀ। ਲੰਡਨ ਸਰਕਾਰ ਦਾ ਜੁਆਬ ਬੜਾ ਸਪੱਸ਼ਟ ਸੀ, ”ਇੰਡੀਆ ਦਾ ਹਾਪਕਿਨਸਨ ਪ੍ਰਤੀ ਕੋਈ ਫਰਜ਼ ਬਣਦਾ ਸੀ।”(56) ਇਸ ਤੋਂ ਬਾਅਦ ਵਾਇਸਰਾਏ ਨੇ ਝੱਟ ਆਪਣੀ ਸਵੀਕ੍ਰਿਤੀ ਦੇ ਦਿੱਤੀ, ”ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਹਾਪਕਿਨਸਨ ਦੇ ਪਰਿਵਾਰ ਦਾ ਮੁਆਵਜ਼ੇ ਲਈ ਪੂਰਾ ਹੱਕ ਬਣਦਾ ਹੈ।”(57) ਕੈਨੇਡੀਅਨ ਸਰਕਾਰ ਇੰਨੀ ਦਰਿਆ ਦਿੱਲ ਨਹੀਂ ਸੀ। ਉਸ ਨੇ ਹਾਪਕਿਨਸਨ ਦੀ ਪਤਨੀ ਨੂੰ ਇੰਮੀਗਰੇਸ਼ਨ ਵਿਭਾਗ ਵਿਚ 1000 ਡਾਲਰ ਸਲਾਨਾ ਤਨਖਾਹ ਉਪਰ ਸਟੈਨੋਗਰਾਫਰ ਦੀ ਨੌਕਰੀ ਪੇਸ਼ ਕੀਤੀ। ਕੈਨੇਡੀਅਨ ਸਰਕਾਰ ਨੇ ਉਸ ਨੂੰ ਕੋਈ ਇਕੱਠੀ ਰਕਮ ਨਹੀਂ ਦਿੱਤੀ ਸੀ।(58)

ਹਾਪਕਿਨਸਨ ਦੀ ਮੌਤ ਤੋਂ ਦੂਜੇ ਦਿਨ ਗਵਰਨਰ ਜਨਰਲ ਨੇ ਜਾਨਣਾ ਚਾਹਿਆ ਕਿ ਉਸਦੀ ਥਾਂ ਭਰਨ ਲਈ ਕੀ ਕੀਤਾ ਜਾ ਰਿਹਾ ਹੈ। ਇਨਟੀਰਅਰ ਮਹਿਕਮੇ ਦੇ ਡਿਪਟੀ ਮਨਿਸਟਰ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਆਸ ਹੈ ਕਿ ਇੰਡੀਆ ਆਫਿਸ ਹਾਪਕਿਨਸਨ ਦੀ ਯੋਗਤਾ ਅਤੇ ਦਰਜੇ ਦਾ ਅਫਸਰ ਲੱਭ ਲਵੇਗੀ, ਪਰ ਅਜੇ ਤੱਕ ਇਸ ਬਾਰੇ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ। ”ਮੁੱਢ ਵਿਚ ਮਿਸਟਰ ਹਾਪਕਿਨਸਨ ਸਾਨੂੰ ਉਸ ਹੀ ਸਰਵਿਸ ਰਾਹੀਂ ਪ੍ਰਾਪਤ ਹੋਇਆ ਸੀ।”(59) ਡਿਪਟੀ ਮਨਿਸਟਰ ਕੋਰੀ 1909 ਵਿਚ ਵੀ ਡਿਪਟੀ ਮਨਿਸਟਰ ਸੀ ਅਤੇ ਉਸ ਨੇ ਹਾਪਕਿਨਸਨ ਦੀ ਨਿਯੁਕਤੀ ਕੀਤੀ ਸੀ। ਉਸ ਦੇ ਇਨ੍ਹਾਂ ਸ਼ਬਦਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ 1909 ਵਿਚ ਹਿੰਦੁਸਤਾਨੀ ਸਰਕਾਰ ਨੇ ਹੀ ਹਾਪਕਿਨਸਨ ਨੂੰ ਕੈਨੇਡਾ ਭੇਜਿਆ ਸੀ। ਚਾਰ ਨਵੰਬਰ 1914 ਨੂੰ ਹਿੰਦੁਸਤਾਨ ਦੇ ਸੈਕਟਰੀ ਆਫ ਸਟੇਟ ਨੇ ਜਵਾਬ ਭੇਜਿਆ ਕਿ ਹਾਪਕਿਨਸਨ ਦੀ ਮੌਤ ਨਾਲ ਖਾਲੀ ਹੋਈ ਥਾਂ ਨਹੀਂ ਭਰੀ ਜਾਵੇਗੀ ਅਤੇ ਕੈਨੇਡੀਅਨ ਇਮੀਗਰੇਸ਼ਨ ਵਿਭਾਗ ਨੂੰ ਹਿੰਦੁਸਤਾਨੀ ਅਵਾਸੀਆਂ ਦੀਆਂ ਸਿਆਸੀ ਸਰਗਰਮੀਆਂ ਦੀ ਜਾਸੂਸੀ ਕਰਨ ਦੀ ਲੋੜ ਨਹੀਂ। ਪਰ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਜੋ ਇਮੀਗਰੇਸ਼ਨ ਅਧਿਕਾਰੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਹਾਸਲ ਹੋਵੇ ਤਾਂ ਉਹ ਅਗਾਂਹ ਪਹੁੰਚਦੀ ਕਰ ਦੇਣ। ਇੰਡੀਆ ਆਫਿਸ ਦੇ ਫੈਸਲੇ ਅਨੁਸਾਰ ਹਾਪਕਿਨਸਨ ਵਾਲਾ ਕੰਮ ਕਰਨ ਲਈ ਇਕ ਇਮੀਗਰੇਸ਼ਨ ਅਫਸਰ ਦਾ ਭੇਸ ਠੀਕ ਨਹੀਂ ਸੀ। ਇਸ ਬਾਰੇ ਕੈਨੇਡੀਅਨ ਅਧਿਕਾਰੀਆਂ ਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਹ ਵੀ ਇਸ ਹੀ ਸਿੱਟੇ ਉੱਪਰ ਪੁੱਜੇ ਸਨ। ਫਿਰ ਵੀ ਕੈਨੇਡੀਅਨ ਅਧਿਕਾਰੀਆਂ ਦੀ ਧਾਰਨਾ ਸੀ ਕਿ ਉਸ ਦੀ ਥਾਂ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਭਰੀ ਜਾਵੇਗੀ।(60) ਹੋਰ ਪੁੱਛ ਗਿੱਛ ਕਰਨ ਉੱਪਰ ਕਾਲੋਨੀਅਲ ਸੈਕਟਰੀ ਲਾਰਡ ਹਾਰਕੋਟ ਨੇ ਗਵਰਨਰ ਜਨਰਲ ਨੂੰ ਹੇਠਾਂ ਦਿੱਤੇ ਸੁਨੇਹੇ ਭੇਜੇ :

(21 ਜਨਵਰੀ 1915) ”ਇਸ ਸਮੇਂ ਭਾਰਤ ਸਰਕਾਰ ਸ਼ਾਂਤ ਮਹਾਂ ਸਾਗਰ ਦੇ ਕੰਢੇ ਉੱਪਰ ਹਿੰਦੁਸਤਾਨੀਆਂ ਦੀਆਂ ਬਾਗੀਆਨਾ ਕਾਰਵਾਈਆਂ ਦੀ ਸੂਹ ਰੱਖਣ ਲਈ ਕੋਈ ਨਵਾਂ ਪ੍ਰਬੰਧ ਕਰਨ ਲਈ ਤਿਆਰ ਨਹੀਂ।…”(61)

(10 ਅਪ੍ਰੈਲ 1915) ”ਹਿੰਦੁਸਤਾਨ ਦੇ ਸੈਕਟਰੀ ਆਫ ਸਟੇਟ, ਲਾਰਡ ਕਰੀਵੀ ਵੱਲੋਂ ਸਪੱਸ਼ਟ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਮੇਂ ਜੰਗ ਦੇ ਦੌਰਾਨ ਹਿੰਦੁਸਤਾਨੀ ਸਰਕਾਰ ਦਾ ਸ਼ਾਂਤ ਮਹਾਂਸਾਗਰ ਦੇ ਕੰਢੇ ਉੱਪਰ ਕਿਸੇ ਏਜੰਟ ਦੀ ਨਿਯੁਕਤੀ ਦਾ ਕੋਈ ਵਿਚਾਰ ਨਹੀਂ ਹੈ।”(62)

ਇਨ੍ਹਾਂ ਸੁਨੇਹਿਆਂ ਨੂੰ ਜਿਉਂ ਦਾ ਤਿਉਂ ਨਹੀਂ ਮੰਨ ਲੈਣਾ ਚਾਹੀਦਾ। ਉੱਤਰੀ ਅਮਰੀਕਾ ਤੋਂ ਪਰਤ ਕੇ ਗਏ ਪੰਜਾਬੀਆਂ ਨੇ ਫਰਵਰੀ 1915 ਵਿਚ ਪੰਜਾਬ ਵਿਚ ਨਿਸਫਲ ਬਗਾਵਤ ਕੀਤੀ। ਇਸ ਬਗਾਵਤ ਦੇ ਪ੍ਰੇਰਣਾ ਸਰੋਤ ਸਾਨਫਰਾਂਸਿਸਕੋ, ਵੈਨਕੂਵਰ ਅਤੇ ਵਿਕਟੋਰੀਆ ਵਿਚ ਰਹਿ ਰਹੇ ਇਨਕਲਾਬੀ ਸਨ।(63) ਕਾਲੋਨੀਅਲ ਸੈਕਟਰੀ ਦੇ ਸ਼ਬਦਾਂ ਵਿਚ, ”ਇਹ ਬਗਾਵਤ ਹਾਪਕਿਨਸਨ ਵੱਲੋਂ ਕੀਤੇ ਕੰਮ ਦੀ ਕੀਮਤ ਦੱਸਦੀ ਸੀ।”(64) ਅਤੇ ਇਹ ਕੰਮ ਅਜੇ ਮੁੱਕਾ ਨਹੀਂ ਸੀ। ਇਸ ਬਗਾਵਤ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਮੁਕੱਦਮਿਆਂ ਦੀ ਸੁਣਵਾਈ 26 ਅਪ੍ਰੈਲ 1915 ਨੂੰ ਸ਼ੁਰੂ ਹੋਈ। ਭਾਰਤ ਸਰਕਾਰ ਇਸ ਸਬੰਧ ਵਿਚ ਹਰ ਤਰ੍ਹਾਂ ਦੇ ਸਬੂਤ ਇਕੱਠੇ ਕਰ ਰਹੀ ਸੀ। ਉਹ ਜਾਣਨਾ ਚਾਹੁੰਦੇ ਸਨ ਕਿ ਉੱਤਰੀ ਅਮਰੀਕਾ ਵਿਚੋਂ ਹੋਰ ਕਿੰਨੇ ਭਾਰਤੀ ਵਾਪਿਸ ਪਰਤਣਾ ਚਾਹੁੰਦੇ ਸਨ ਅਤੇ ਉਹਨਾਂ ਵਿੱਚੋਂ ਕਿੰਨੇ ਖਤਰਨਾਕ ਸਨ।(65) ਉਹ ਇਹ ਵੀ ਜਾਨਣਾ ਚਾਹੁੰਦੇ ਸਨ ਕਿ ਇਸ ਸਮੇਂ ਜਰਮਨ ਕੀ ਕਰ ਰਹੇ ਸਨ। 1914 ਦੇ ਅਖੀਰ ਤੇ ਸਾਨਫਰਾਂਸਿਸਕੋ ਦੇ ਜਰਮਨ ਕਾਉਂਸਲੇਟ ਨੇ ਤਾਰਕਨਾਥ ਦਾਸ ਰਾਹੀਂ ਗਦਰੀਆਂ ਨਾਲ ਸਬੰਧ ਬਣਾਏ ਸਨ।(66) 1915 ਦੀਆਂ ਗਰਮੀਆਂ ਤੱਕ ਕੈਨੇਡੀਅਨ ਅਧਿਕਾਰੀਆਂ ਨੂੰ ਪਤਾ ਲੱਗ ਚੁੱਕਾ ਸੀ ਕਿ ਉੱਤਰੀ ਅਮਰੀਕਾ ਵਿਚ ਜਰਮਨ ਭਾਰਤੀ ਇਨਕਲਾਬੀਆਂ ਦੀ ਮਾਲੀ ਮਦਦ ਕਰ ਰਹੇ ਸਨ।(67) ਇੰਡੀਆ ਆਫਿਸ ਅਤੇ ਭਾਰਤੀ ਸਰਕਾਰ ਉੱਤਰੀ ਅਮਰੀਕਾ ਵਿਚ ਜਾਸੂਸੀ ਬੰਦ ਕਰਨ ਦੇ ਫੈਸਲੇ ਤੋਂ ਬਹੁਤ ਦੂਰ ਸਨ।

ਆਰਕਾਈਵਜ਼ ਵਿਚ ਮਿਲਦੇ ਸਬੂਤਾਂ ਅਨੁਸਾਰ 1916-1918 ਵਿਚਕਾਰ ਉੱਤਰੀ ਅਮਰੀਕਾ ਵਿਚ ਰਾਬਰਟ ਨਾਥਨ ਭਾਰਤ ਦਾ ‘ਅੰਡਰਕਵਰ’ ਜਾਸੂਸ ਸੀ। ਉਹ ਸਿਵਲ ਸਰਵਿਸ ਵਿਚੋਂ ਰਿਟਾਇਰ ਹੋਇਆ ਉੱਚ-ਅਧਿਕਾਰੀ ਸੀ। ਉਹਨੇ ਭਾਰਤ ਵਿਚ 26 ਸਾਲ ਕੰਮ ਕੀਤਾ ਸੀ। ਉਹ ਵਾਇਸਰਾਏ ਦਾ ਪ੍ਰਾਈਵੇਟ ਸੈਕਟਰੀ ਅਤੇ ਪੂਰਬੀ ਬੰਗਾਲ ਅਤੇ ਆਸਾਮ ਦੀਆਂ ਸਰਕਾਰਾਂ ਦਾ ਚੀਫ ਸੈਕਟਰੀ ਰਹਿ ਚੁੱਕਾ ਸੀ।(68) ਹਾਪਕਿਨਸਨ ਵਾਂਗ ਲੰਡਨ ਵਿਚ ਉਸਦਾ ਸੰਪਰਕ ਵੀ ਜੀæ ਏæ ਵਾਲਿੰਗਰ ਨਾਲ ਸੀ।(69) ਉਸ ਦੇ ਬੱਜਟ ਵਿਚ ਪੈਸੇ ਦੇ ਕੇ ਜਾਣਕਾਰੀ ਹਾਸਲ ਕਰਨ ਦਾ ਖਰਚਾ ਵੀ ਸ਼ਾਮਿਲ ਸੀ। ਉਹ ਆਪਣੇ ਸੂਹਿਆਂ ਅਤੇ ਜੇ. ਏ. ਵਾਲਿੰਗਰ ਨਾਲ ਗਵਰਨਰ ਜਨਰਲ ਦੇ ਦਫ਼ਤਰ ਰਾਹੀਂ ਸੰਪਰਕ ਰੱਖਦਾ ਸੀ। ਵੈਨਕੂਵਰ ਵਿਚ ਉਸ ਦਾ ਏਜੰਟ ਮੈਲਕਮ ਰੀਡ ਸੀ।(70)… ਕੈਨੇਡਾ ਵਿਚ ਨਾਥਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਪ੍ਰਾਪਤ ਸੀ। 1916 ਦੇ ਸ਼ੂਰੂ ਵਿਚ ਬੀ. ਸੀ. ਦੀਆਂ ਤਾਰ ਭੇਜਣ ਵਾਲੀਆਂ ਕੰਪਨੀਆਂ ਹਰ ਭਾਰਤੀ ਜਾਂ ਚੀਨੇ ਵੱਲੋਂ ਭੇਜੀ ਜਾਂਦੀ ਜਾਂ ਉਸ ਨੂੰ ਆਉਣ ਵਾਲੀ ਤਾਰ ਰਸਤੇ ਵਿਚ ਰੋਕਦੀਆਂ ਸਨ।(71) ਇਨ੍ਹਾਂ ਤਾਰਾਂ ਦੀਆਂ ਕਾਪੀਆਂ ਨਾਥਨ, ਡੁਮੀਨਿਅਨ ਪੁਲਿਸ ਕਮਿਸ਼ਨਰ ਅਤੇ ‘ਪਰੈਸ ਸੈਂਸਰ’ ਦੇ ਚੀਫ ਨੂੰ ਭੇਜੀਆਂ ਜਾਂਦੀਆਂ ਸਨ। ਇਨ੍ਹਾਂ ਵਿਚੋਂ ਬਹੁਤੀਆਂ ਤਾਰਾਂ ਖਾਸ ਮਹੱਤਵ ਵਾਲੀਆਂ ਨਹੀਂ ਸੀ ਹੁੰਦੀਆਂ। ਉਨ੍ਹਾਂ ਵਿਚ ਬਹੁਤਾ ਕਰਕੇ ਕੰਮਾਂ ਕਾਰਾਂ ਬਾਰੇ ਹੀ ਗੱਲਬਾਤ ਹੁੰਦੀ। ਜਿਵੇਂ, ”ਜੇ ਕੋਈ ਕੰਮ ਹੋਇਆ ਤਾਂ ਪਤਾ ਦੇਵੀਂ। ਪੈਸੇ ਕਿੰਨੇ ਮਿਲਦੇ ਹਨ? ਮੈਂ ਇਕੱਲਾ ਹੀ ਹਾਂ” ਜਾਂ ਵਾਰਡਨਰ ਨੂੰ ਛੇਤੀਂ ਆ ਜਾ। ਤੇਰੇ ਅਤੇ ਜਗਤ ਸਿੰਘ ਲਈ ਕੰਮ ਹੈਗਾ।” ਜਾਂ, ”ਤੂੰ ਅਤੇ ਧਰਮਪਾਲ ਛੇਤੀਂ ਆ ਜਾਉ। ਮਿੱਲ ਸੋਮਵਾਰ ਨੂੰ ਚੱਲਣੀ ਹੈ।”(72) ਜਦੋਂ ਡੁਮੀਨਿਅਨ ਪੁਲੀਸ ਕਮਿਸ਼ਨਰ ਨੇ ਸਲਾਹ ਦਿੱਤੀ ਕਿ ਅਜਿਹੇ ਸੁਨੇਹੇ ਇਕੱਠੇ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਉਸਨੂੰ ਅੱਗਿਉਂ ਜੁਆਬ ਮਿਲਿਆ ਕਿ ਨਾਥਨ ਇਨ੍ਹਾਂ ਨੂੰ ਕੀਮਤੀ ਸਮਝਦਾ ਹੈ। ਇਹ ਕਾਰਵਾਈ ਜੰਗ ਖਤਮ ਹੋਣ ਦੇ ਇਕ ਸਾਲ ਬਾਅਦ ਦਸੰਬਰ 1919 ਤੱਕ ਚਲਦੀ ਰਹੀ।(73) ਇਹ ਹੋਰ ਸਮਾਂ ਚਲਦੀ ਰਹਿਣੀ ਸੀ ਜੇ ਜੰਗ ਦੌਰਾਨ ਕਾਇਮ ਕੀਤਾ ਸੈਂਸਰਸ਼ਿਪ ਪ੍ਰਬੰਧ ਲਾਗੂ ਰਹਿੰਦਾ।

ਨਾਥਨ ਦਾ ਸਾਬਕਾ ਇਮੀਗਰੇਸ਼ਨ ਏਜੰਟ ਆਰ. ਜੇ. ਰੀਡ ਨਾਲ ਨੇੜੇ ਦਾ ਸਬੰਧ ਸੀ। ਜਨਵਰੀ 1915 ਵਿਚ ਰੀਡ ਨੂੰ ਇਮੀਗਰੇਸ਼ਨ ਮਹਿਕਮੇ ਵਿਚੋਂ ਹਟਾ ਬ੍ਰਿਟਿਸ਼ ਕੋਲੰਬੀਆ ਦਾ ਡੁਮੀਨੀਅਨ ਇਮੀਗਰੇਸ਼ਨ ਇਨਸਪੈਕਟਰ ਬਣਾ ਦਿੱਤਾ ਗਿਆ ਸੀ।(74) ਇਹ ਤਬਦੀਲੀ ਇਕ ‘ਡਿਮੋਸ਼ਨ’ ਜਾਪਦੀ ਸੀ। ਬਾਅਦ ਵਿਚ ਰੀਡ ਨੇ ਇਸ ਬਾਰੇ ਸ਼ਿਕਾਇਤ ਵੀ ਕੀਤੀ ਸੀ ਕਿ ਇਮੀਗਰੇਸ਼ਨ ਦਾ ਅਸਿਸਟੈਂਟ ਸੁਪਰਡੈਂਟ, ਟੀæ ਬਲੇਕ ਰੌਬਰਟਸਨ, ਜਿਸਨੇ ਇਸ ਬਦਲੀ ਦੀ ਸਿਫਾਰਸ਼ ਕੀਤੀ ਸੀ ਰੀਡ ਨੂੰ ਉਸਦੇ ਉਰੀਐਂਟਲ ਇਮੀਗਰੇਸ਼ਨ ਬਾਰੇ ਨਜ਼ਰੀਏ ਕਰਕੇ ਪਸੰਦ ਨਹੀਂ ਸੀ ਕਰਦਾ।(75) ਹਾਪਕਿਨਸਨ ਦੀ ਮੌਤ ਕਾਰਨ ਅਣਗੌਲੇ ਰਹਿ ਗਏ ਜਾਸੂਸੀ ਦੇ ਕੰਮ ਨੂੰ, ਇਧਰੋਂ ਉਧਰੋਂ ਥੋੜ੍ਹੀ ਬਹੁਤ ਜਾਣਕਾਰੀ ਫਿਰ ਤੋਂ ਇਕੱਠੀ ਕਰਨੀ ਸ਼ੁਰੂ ਕਰਕੇ ਰੀਡ ਨੇ ਆਪਣੇ ਲਈ ਨਵਾਂ ਕੰਮ ਲੱਭ ਲਿਆ ਸੀ। ਪਹਿਲਾਂ ਵੀ, ਹਾਪਕਿਨਸਨ ਦੀ ਵੈਨਕੂਵਰ ਤੋਂ ਗੈਰਹਾਜ਼ਰੀ ਸਮੇਂ ਰੀਡ ਇਹ ਕੰਮ ਬੜੇ ਮਜ਼ੇ ਨਾਲ ਕਰਿਆ ਕਰਦਾ ਸੀ। 1911 ਵਿਚ ਹਾਪਕਿਨਸਨ ਨੇ ਇਨਟੀਰਅਰ ਦੇ ਡਿਪਟੀ ਮਨਿਸਟਰ ਦੀ ਮਦਦ ਨਾਲ ਡੁਮੀਨਿਅਨ ਪੁਲਿਸ ਫੋਰਸ (ਇਕ ਹਥਿਆਰ-ਰਹਿਤ ਫੈਡਰਲ ਫੋਰਸ ਜੋ ਆਪਣੇ ਜਾਸੂਸੀ ਦੇ ਕੰਮਾਂ ਲਈ ਦੂਜੀਆਂ ਏਜੰਸੀਆਂ ਤੇ ਨਿਰਭਰ ਕਰਦੀ ਸੀ) ਵਿਚ ਕਾਂਸਟੇਬਲ ਦੀ ਨਿਯੁਕਤੀ ਅਤੇ ਇਕ ਬੈਜ ਹਾਸਲ ਕਰ ਲਿਆ ਸੀ। ਉਸ ਸਮੇਂ ਰੀਡ ਨੇ ਵੀ ਇਸ ਫੋਰਸ ਵਿਚ ਨਿਯੁਕਤੀ ਲਈ ਕੋਸ਼ਿਸ਼ ਕੀਤੀ ਸੀ ਕਿਉਂਕਿ ਉਹ ਹਾਪਕਿਨਸਨ ਦੇ ਕੰਮ ਵੱਲ ਆਕਰਸ਼ਿਤ ਸੀ।(76)

‘ਇਮੀਗਰੇਸ਼ਨ ਅਫਸਰ ਆਪਣੇ ਇਮੀਗਰੇਸ਼ਨ ਦੇ ਕੰਮ ਨਾਲ ਹੀ ਸਬੰਧ ਰੱਖਣ” ਵਰਗੀਆਂ ਹਦਾਇਤਾਂ ਦੇ ਬਾਵਜੂਦ ਵੀ ਰੀਡ ਦਾ ਰੋਲ ਵੱਧ ਗਿਆ ਸੀ। ਇਸਦਾ ਕਾਰਨ ਇਹ ਸੀ ਕਿ ਇਮੀਗਰੇਸ਼ਨ ਅਫ਼ਸਰਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਜੇ ਉਨ੍ਹਾਂ ਨੂੰ ਕੋਈ ਜਾਣਕਾਰੀ ਪ੍ਰਾਪਤ ਹੋਵੇ ਤਾਂ ਉਹ ਉਸ ਨੂੰ ਜ਼ਰੂਰ ਅਗਾਂਹ ਭੇਜਣ। ਇਸ ਲਈ ਉਹ ਹਰ ਚੀਜ਼ ਦੀਆਂ ਤਿੰਨ ਕਾਪੀਆਂ-ਇਕ ਮਹਿਕਮੇ ਲਈ, ਇਕ ਗਵਰਨਰ ਜਨਰਲ ਲਈ ਅਤੇ ਇਕ ਲੰਡਨ ਲਈ-ਬਣਾਉਂਦੇ। ਹਾਪਕਿਨਸਨ ਦੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਅਨੁਸਾਰ ਇਮੀਗਰੇਸ਼ਨ ਅਧਿਕਾਰੀਆਂ ਨੂੰ ਡਾਕਖਾਨੇ ਵਲੋਂ ਡਾਕ ਵਿਚੋਂ ਕੱਢ ਕੇ ਮਨ੍ਹਾ ਕੀਤੇ ਹੋਏ ਭਾਰਤੀ ਅਖਬਾਰਾਂ ਦੀਆਂ ਕਾਪੀਆਂ ਅਤੇ ਸਾਨਫਰਾਂਸਿਸਕੋ ਦੇ ਬ੍ਰਿਟਿਸ਼ ਕੌਂਸਲ ਜਨਰਲ ਐਂਡਰਿਊ ਕਾਰਨਿਗੀ ਰੌਸ ਵਲੋਂ ਭੇਜੀਆਂ ਜਾਂਦੀਆਂ ਰਿਪੋਰਟਾਂ ਬਕਾਇਦਗੀ ਨਾਲ ਪ੍ਰਾਪਤ ਹੁੰਦੀਆਂ। ਅਗਸਤ 1914 ਵਿਚ ਰੌਸ ਨੂੰ ਹਦਾਇਤਾਂ ਮਿਲੀਆਂ ਸਨ ਕਿ ਉਹ ਹਾਪਕਿਨਸਨ ਦੀ ਛਾਣਬੀਣ ਲਈ ਭਾਰਤ ਨੂੰ ਜਾ ਰਹੇ ਮੁਸਾਫਰਾਂ ਦੀਆਂ ਲਿਸਟਾਂ ਭੇਜੇ ਅਤੇ ਉਦੋਂ ਤੋਂ ਹੀ ਉਹ ਭਾਰਤ ਨਾਲ ਸਬੰਧਤ ਸਮੱਗਰੀ ਵੈਨਕੂਵਰ ਦੇ ਇਮੀਗਰੇਸ਼ਨ ਦੇ ਦਫਤਰ (ਵਾਸ਼ਿੰਗਟਨ ਵਿਚ ਸਥਿੱਤ ਬ੍ਰਿਟਿਸ਼ ਸਫਾਰਤਖਾਨੇ ਦੀ ਥਾਂ) ਰਾਹੀਂ ਹੀ ਭੇਜਦਾ ਆ ਰਿਹਾ ਸੀ।(77) ਇਸੇ ਤਰ੍ਹਾਂ ਹਾਪਕਿਨਸਨ ਦੇ ਤਿਆਰ ਕੀਤੇ ਭਾਰਤੀ ਮੁੱਖਬਰ ਹੁਣ ਵੀ ਇਮੀਗਰੇਸ਼ਨ ਦੇ ਦਫਤਰ ਆ ਪਹੁੰਚਦੇ।(78) ਇਸ ਤਰ੍ਹਾਂ ਜਾਸੂਸੀ ਦੀਆਂ ਗਤੀਵਿਧੀਆਂ ਚਲਦੀਆਂ ਰਹੀਆਂ ਅਤੇ ਰੀਡ ਉਨ੍ਹਾਂ ਦਾ ਇਨਚਾਰਜ ਬਣ ਗਿਆ। ਭਾਵੇਂ ਰੀਡ ਦਾ ਅਹੁਦਾ ਇਮੀਗਰੇਸ਼ਨ ਏਜੰਟ ਏ. ਐਫ਼ ਜੋਲਿਫ ਦੀ ਨਿਗਰਾਨੀ ਹੇਠ ਨਹੀਂ ਆਉਂਦਾ ਸੀ ਪਰ ਉਸ ਦਾ ਦਫਤਰ ਇਮੀਗਰੇਸ਼ਨ ਬਿਲਡਿੰਗ ਵਿਚ ਦੂਸਰੀ ਛੱਤ ‘ਤੇ ਇਕ ਨਿੱਕੇ ਜਿਹੇ ਕਮਰੇ ਵਿੱਚ ਸੀ ਜਿਸ ਦਾ ਪਿਛਲਾ ਹਿੱਸਾ ਪਿਛਲੀਆਂ ਪੌੜੀਆਂ ਨਾਲ ਲੱਗਦਾ ਸੀ। ਇਹ ਥਾਂ ਉਸ ਲਈ ਬਹੁਤ ਫਾਇਦੇਮੰਦ ਸੀ ਕਿਉਂਕਿ ਉਸ ਨੂੰ ਮਿਲਣ ਵਾਲੇ ਗੁਪਤ ਰੂਪ ਵਿਚ ਮਿਲਣ ਆ ਸਕਦੇ ਸਨ।(79) 1916 ਤੱਕ ਉਹ ਡੁਮੀਨਿਅਨ ਪੁਲਿਸ ਕਮਿਸ਼ਨਰ ਅਤੇ ਪਰੈਸ ਸੈਂਸਰਸ਼ਿਪ ਸਰਵਿਸ ਦੇ ਸ਼ਾਂਤ ਮਹਾਂ ਸਾਗਰ ਦੇ ਕੰਢੇ ਦੇ ਏਜੰਟ ਦੇ ਤੌਰ ‘ਤੇ ਕੰਮ ਕਰਨ ਲੱਗ ਪਿਆ ਸੀ। ਇਸ ਦੇ ਨਾਲ ਹੀ ਉਹ ਵੈਨਕੂਵਰ ਵਿਚ ਨਾਥਨ ਦਾ ਸੰਪਰਕ ਸੀ।(80) ਉਹ ਚੀਨਿਆਂ ਅਤੇ ਭਾਰਤੀਆਂ ਦੀ ਨਿਗਰਾਨੀ ਕਰਦਾ ਸੀ। ਇਸ ਕੰਮ ਲਈ ਉਸ ਨੂੰ ਬੀ. ਸੀ. ਤੋਂ ਲੈ ਕੇ ਮੈਕਸੀਕੋ ਦੇ ਬਾਰਡਰ ਤੱਕ ਆਉਣਾ ਜਾਣਾ ਪੈਂਦਾ ਸੀ। ਬਾਅਦ ਵਿਚ ਉਸਦੀ ਨਿਗਰਾਨੀ ਦੇ ਘੇਰੇ ਵਿਚ ਟਰੇਡ ਯੂਨੀਅਨਾਂ ਵੀ ਸ਼ਾਮਲ ਕਰ ਦਿੱਤੀਆਂ ਗਈਆਂ ਸਨ। ਇਸ ਤਰ੍ਹਾਂ ਜਾਸੂਸੀ ਦੇ ਮਾਮਲੇ ਵਿਚ ਰੀਡ ਬੀ. ਸੀ. ਦੀ ਇਕ ਪ੍ਰਮੁੱਖ ਹਸਤੀ ਬਣ ਗਿਆ ਸੀ। 1918 ਵਿਚ ਪੱਛਮੀ ਕੈਨੇਡਾ ਵਿਚ ਰੌਇਲ ਕੈਨੇਡੀਅਨ ਨਾਰਥ ਵੈਸਟ ਮਾਉਂਟਿਡ ਪੁਲਿਸ ਨੇ ਡੁਮੀਨਿਅਨ ਪੁਲਿਸ ਕੋਲੋਂ ਜਾਸੂਸੀ ਦੇ ਕੰਮ ਦਾ ਚਾਰਜ ਲੈ ਲਿਆ। ਰੀਡ ਦੇ ਸਰਪ੍ਰਸਤ ਵੈਨਕੂਵਰ ਤੋਂ ਪਾਰਲੀਮੈਂਟ ਦੇ ਮੈਂਬਰ ਐਚ. ਐਚ. ਸਟੀਵਨਜ਼ ਦੇ ਜ਼ੋਰ ਪਾਉਣ ‘ਤੇ ਵੀ ਮਾਉਂਟਿਡ ਪੁਲਿਸ ਨੇ ਰੀਡ ਨੂੰ ਆਪਣੇ ਵਿਚ ਸ਼ਾਮਲ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਨੂੰ ਰੀਡ ਦੀਆਂ ਫਾਇਲਾਂ ਚਾਹੀਦੀਆਂ ਸਨ ਰੀਡ ਨਹੀਂ।(81) ਜਾਪਦਾ ਹੈ 1936 ਵਿਚ ਆਪਣੀ ਮੌਤ ਤੱਕ, ਇਕ ਇਮੀਗਰੇਸ਼ਨ ਅਫਸਰ ਦੇ ਤੌਰ ‘ਤੇ ਰੀਡ ਨੇ ਬ੍ਰਿਟਿਸ਼ ਇਨਟੈਲੀਜੈਂਸ ਨਾਲ ਕੰਮ ਕਰਨਾ ਵੀ ਜਾਰੀ ਰੱਖਿਆ। ਉਸ ਦੇ ਜਾਸੂਸੀ ਦੇ ਕੰਮ ਨੂੰ ਵੈਨਕੂਵਰ ਇਮੀਗਰੇਸ਼ਨ ਵਿਭਾਗ ਦੀ ਸਪੈਸ਼ਲ ਏਜੰਸੀ ਦੇ ਨਾਂ ਹੇਠ ਇਮੀਗਰੇਸ਼ਨ ਮਹਿਕਮੇ ਨਾਲ ਨਿਸ਼ਚਿਤ ਰੂਪ ਵਿਚ ਸ਼ਾਮਲ ਕਰ ਲਿਆ ਗਿਆ ਸੀ। 1923-24 ਵਿਚ ਇਸ ਏਜੰਸੀ ਦਾ ਬਜਟ 7927-28 ਡਾਲਰ ਸੀ। ਇਸ ਵਿਚੋਂ ਰੀਡ ਦੀ ਤਨਖਾਹ ਅਤੇ ਖਰਚਿਆਂ ਤੋਂ ਬਿਨਾਂ ਦੋ ਸਟੈਨੋਗਰਾਫਰਾਂ, ਇਕ ਫੁੱਲ ਟਾਈਮ ਚੀਨੀ ਦੁਭਾਸ਼ੀਏ ਅਤੇ ਇਕ ਪਾਰਟ-ਟਾਈਮ ਪੰਜਾਬੀ ਦੁਭਾਸ਼ੀਏ ਦੀ ਤਨਖਾਹ ਦਿੱਤੀ ਜਾਂਦੀ ਸੀ।(82)

ਇਸ ਜਾਸੂਸੀ ਦੀ ਕਹਾਣੀ ਦਾ ਮੁੱਖ ਕਾਂਡ 1918 ਵਿਚ ਖਤਮ ਹੋਇਆ। ਅਗਸਤ 1915 ਤੱਕ ਗਦਰ ਲਹਿਰ ਦੇ ਬਹੁਤੇ ਨੇਤਾ ਭਾਰਤ ਜਾਂ ਬਰਮਾ ਦੀਆਂ ਜੇਲ੍ਹਾਂ ਵਿਚ ਸਨ ਅਤੇ ਸੈਂਕੜੇ ਭਾਰਤੀ ਜਿਹੜੇ ਉੱਤਰੀ ਅਮਰੀਕਾ ਅਤੇ ਧੁਰ ਪੂਰਬ ਦੇ ਦੇਸ਼ਾਂ ਤੋਂ ਗਦਰ ਵਿਚ ਹਿੱਸਾ ਲੈਣ ਲਈ ਪਰਤੇ ਸਨ ਆਪਣੇ ਪਿੰਡਾਂ ਦੀਆਂ ਹੱਦਾਂ ਅੰਦਰ ਕੈਦ ਸਨ। ਜਰਮਨਾ ਵਲੋਂ ਵੱਡੀ ਗਿਣਤੀ ਵਿਚ ਹਥਿਆਰ ਪਹੁੰਚਾਉਣ ਦੀ ਸਕੀਮ ਸਿਰੇ ਨਹੀਂ ਚੜ੍ਹੀ ਸੀ। ਗਦਰ ਦੀ ਕਹਾਣੀ ਖਤਮ ਹੋ ਗਈ ਸੀ। ਜੋ ਕੁਝ ਬਾਕੀ ਸੀ ਉਹ ਸੀ 1915-1918 ਦੇ ਵਿਚਕਾਰ ਲਾਹੌਰ, ਮਾਂਡਲੇ, ਸਾਨਫਰਾਂਸਿਸਕੋ ਅਤੇ ਸ਼ਿਕਾਗੋ ਵਿਚ ਚਲੇ ਸਾਜਿਸ਼ ਦੇ ਕੇਸਾਂ ਦੀ ਲੜੀ। ਉੱਤਰੀ ਅਮਰੀਕਾ ਅਤੇ ਧੁਰ ਪੂਰਬ ਦੇ ਦੇਸ਼ਾਂ ਵਿਚ ਬਚਦੇ ਗਦਰ ਪਾਰਟੀ ਦੇ ਛੋਟੇ ਛੋਟੇ ਸੈੱਲਾਂ ਵਿਚ ਜਥੇਬੰਦਕ ਅਤੇ ਆਪਸੀ ਤਾਲਮੇਲ ਬਹੁਤ ਘੱਟ ਸੀ। ਗਦਰ ਲਹਿਰ ਦੇ ਸਮਰੱਥਕ ਇਕਦਮ ਅਤੇ ਬਿਨਾ ਕਿਸੇ ਲੁਕ-ਲੁਕਾਅ ਦੇ ਵਾਪਸ ਪਰਤੇ ਸਨ ਅਤੇ ਉਨ੍ਹਾਂ ਵਿਚੋਂ ਬਹੁਤੇ ਹਿੰਦੁਸਤਾਨ ਪਹੁੰਚਦੇ ਹੀ ਗ੍ਰਿਫਤਾਰ ਹੋ ਗਏ ਸਨ। ਇਸਦੇ ਬਾਵਜੂਦ ਸਰ ਮਾਈਕਲ ਉਡਵਾਇਰ ਅਨੁਸਾਰ ਉਸਦੀ ਪੰਜਾਬ ਦੀ ਗਵਰਨਰ ਜਨਰਲਸ਼ਿੱਪ ਦੌਰਾਨ ਗਦਰ ਦੀ ਸਾਜਿਸ਼ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਸੀ।(83) ਇਸ ਲਈ ਉਹ ਅਤੇ ਉਸਦੇ ਅਧਿਕਾਰੀ ਇਸ ਗੱਲ ਸਖਤੀ ਨਾਲ ਨਿਪਟੇ। 1915 ਦੇ ਲਾਹੌਰ ਦੇ ਮੁਕੱਦਮੇ ਦੌਰਾਨ ਟ੍ਰੀਬਿਉਨਲ ਨੇ ਚੌਵੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਭਾਵੇਂ ਉਨ੍ਹਾਂ ਵਿਚੋਂ ਛੇਆਂ ਉੱਪਰ ਹੀ ਵੱਡੇ ਜੁਰਮ ਦਾ ਦੋਸ਼ ਸੀ। ਵਾਇਸਰਾਏ ‘ਘੱਟ ਦੋਸ਼ ਵਾਲਿਆਂ ਦਾ ਘਾਣ’ ਨਹੀਂ ਸੀ ਕਰਨਾ ਚਾਹੁੰਦਾ, ਇਸ ਲਈ ਉਸ ਨੇ ਅਠਾਰਾਂ ਦੀ ਸਜ਼ਾ ਘੱਟ ਕਰ ਦਿੱਤੀ। ਪਰ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸ ਦੀ ਇਸ ਨਰਮੀ ਦਾ ਐਂਗਲੋ ਇੰਡੀਅਨ ਵਿਚ ਚੰਗਾ ਪ੍ਰਭਾਵ ਨਹੀਂ ਸੀ।(84) ਗਦਰ ਦੀ ਸਾਜਿਸ਼ ਦੇ ਸਬੰਧ ਵਿਚ ਲਾਹੌਰ ਅਤੇ ਮਾਂਡਲੇ ਵਿਚ ਕੁੱਲ ਮਿਲਾ ਕੇ 173 ਵਿਅਕਤੀਆਂ ਉੱਪਰ ਮੁਕੱਦਮੇ ਚਲਾਏ ਗਏ ਜਿਨ੍ਹਾਂ ਵਿਚੋਂ 23 ਨੂੰ ਫਾਂਸੀ ਅਤੇ 88 ਨੂੰ ਉਮਰ ਕੈਦ ਦੀ ਸਜ਼ਾ ਹੋਈ।

ਬਲਵੰਤ ਸਿੰਘ, ਜੋ ਵੈਨਕੂਵਰ ਦੇ ਗੁਰਦੁਆਰੇ ਦਾ ਸਾਬਕਾ ਗ੍ਰੰਥੀ ਸੀ ਅਤੇ ਹਰਨਾਮ ਸਿੰਘ ਜਿਸ ਦੀ ਵਿਕਟੋਰੀਆ ਵਿਚ ‘ਗਰੋਸਰੀ’ ਦੀ ਦੁਕਾਨ ਹੁੰਦੀ ਸੀ, ਦੇ ਕੇਸਾਂ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਕੇਸਾਂ ਵਿਚ ਉੱਤਰੀ ਅਮਰੀਕਾ ਵਿਚ ਇਕੱਠੇ ਕੀਤੇ ਸਬੂਤ ਵਰਤੇ ਗਏ। ਹਰਨਾਮ ਸਿੰਘ ਨੂੰ ਸਤੰਬਰ 1914 ਵਿਚ ਸਾਨਫਰਾਂਸਿਸਕੋ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਬਰਮਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵਿਰੁੱਧ ਮੁੱਖ ਸਬੂਤ ਹਾਪਕਿਨਸਨ ਨੇ ਲੱਭੇ ਸਨ ਜਦੋਂ ਉਹ ਵਿਕਟੋਰੀਆ ਵਿਚ ਸਿੱਕੇ ਬਾਰੂਦ ਸਮੇਤ ਫੜੇ ਦੋ ਸਿੱਖਾਂ ਦੀ ਤਫਤੀਸ਼ ਕਰ ਰਿਹਾ ਸੀ। ਇਨ੍ਹਾਂ ਸਬੂਤਾਂ ਵਿਚ ਬੰਬ ਬਣਾਉਣ ਸਬੰਧੀ ਲਿਖਿਆ ਇਕ ਖੱਤ, ਇਕ ਮਿਣਤੀ ਕਰਨ ਵਾਲਾ ਗਲਾਸ ਅਤੇ ਦਸ ਇੰਚ ਲੰਬਾ ਫਿਊਜ਼ ਸ਼ਾਮਲ ਸੀ। ਇਹ ਸਭ ਕੁਝ ਹਾਪਕਿਨਸਨ ਨੂੰ ਹਰਨਾਮ ਸਿੰਘ ਦੀ ਦੁਕਾਨ ਅਤੇ ਘਰ ਦੀ ਤਲਾਸ਼ੀ ਦੌਰਾਨ ਮਿਲਿਆ ਸੀ।(85) ਭਾਰਤ ਸਰਕਾਰ ਨੂੰ ਕੋਈ ਗਵਾਹ ਚਾਹੀਦਾ ਸੀ ਜਿਹੜਾ ਉਸ ਖੱਤ ਨੂੰ ਅਦਾਲਤ ਵਿਚ ਪਛਾਣ ਸਕੇ। ਹਾਪਕਿਨਸਨ ਮਰ ਚੁੱਕਾ ਸੀ, ਪਰ ਉਸਦੀ ਰਿਪੋਰਟ ਵਿਚ ਵਿਕਟੋਰੀਆ ਦੇ ਜਾਸੂਸ ਇਜ਼ਰਾ ਕਾਰਲੋ ਦਾ ਨਾਂ ਦਰਜ ਸੀ। ਭਾਰਤ ਸਰਕਾਰ ਦੀ ਬੇਨਤੀ ‘ਤੇ ਇਜ਼ਰਾ ਕਾਰਲੋ ਨੂੰ ਬਰਮਾ ਭੇਜਣ ਦਾ ਪ੍ਰਬੰਧ ਕੀਤਾ ਗਿਆ।(86) ਕੈਨੇਡਾ ਵਿਚ ਇਸ ਆਧਾਰ ਉੱਤੇ ਕੋਈ ਮੁਕੱਦਮਾ ਨਹੀਂ ਚਲਾਇਆ ਗਿਆ ਪਰ ਰੰਗੂਨ ਵਿਚ ਇਹ ਹੀ ਸਬੂਤ ਹਰਨਾਮ ਸਿੰਘ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਕਾਫੀ ਸਨ। ਇਸੇ ਤਰ੍ਹਾਂ ਬਲਵੰਤ ਸਿੰਘ ਦਸੰਬਰ 1914 ਵਿਚ ਕੈਨੇਡਾ ਤੋਂ ਗਿਆ। ਅਗਸਤ 1915 ਵਿਚ ਸਿਆਸੀ ਪੁਲਿਸ ਨੇ ਉਸ ਨੂੰ ਬੈਂਕਾਕ ਤੋਂ ਗ੍ਰਿਫਤਾਰ ਕਰਕੇ ਸਿੰਘਾਪੁਰ ਭੇਜ ਦਿੱਤਾ। ਸਿੰਘਾਪੁਰ ਤੋਂ ਉਸਨੂੰ ਕਲਕੱਤੇ ਦੀ ਅਲੀਪੁਰ ਜੇਲ੍ਹ ਵਿਚ ਭੇਜਿਆ ਗਿਆ ਅਤੇ ਅਖੀਰ ਜੁਲਾਈ 1916 ਵਿਚ ਉਸਨੂੰ ਪੰਜਾਬ ਲਿਆਂਦਾ ਗਿਆ। ਉਸ ਉਪਰ ਮੋਜੇ, ਯੋਕੋਹਾਮਾ, ਵਿਕਟੋਰੀਆ, ਵੈਨਕੂਵਰ ਸੁਮਾਸ, ਸਾਨਫਰਾਂਸਿਸਕੋ, ਹਨਾਲੂਲੂ ਅਤੇ ਬੈਂਕਾਕ ਵਿਚ ਜੰਗ ਛੇੜਨ, ਜੰਗ ਭੜਕਾਉਣ ਅਤੇ ਜੰਗ ਛੇੜਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਾਏ ਗਏ। ਉਸ ਵਿਰੁੱਧ ਮੁੱਖ ਗਵਾਹ ਉਹ ਲੋਕ ਸਨ ਜੋ ਵੈਨਕੂਵਰ ਵਿਚ ਹਾਪਕਿਨਸਨ ਅਤੇ ਰੀਡ ਲਈ ਮੁੱਖਬਰੀ ਕਰਿਆ ਕਰਦੇ ਸਨ ਖਾਸ ਕਰਕੇ ਬੇਲਾ ਸਿੰਘ ਅਤੇ ਡਾ: ਰਘੁਨਾਥ ਸਿੰਘ। ਬਲਵੰਤ ਸਿੰਘ ਨੂੰ ਫਾਂਸੀ ਦੀ ਸਜਾ ਦਿਵਾਉਣ ਵਿਚ ਉਨ੍ਹਾਂ ਦੀ ਗਵਾਹੀ ਦਾ ਵੱਡਾ ਹੱਥ ਸੀ। ਉਨ੍ਹਾਂ ਆਪਣੀ ਗਵਾਹੀ ਵਿਚ ਕਿਹਾ ਕਿ ਬਲਵੰਤ ਸਿੰਘ ਜਾਪਾਨ, ਬ੍ਰਿਟਿਸ਼ ਕੋਲੰਬੀਆ ਅਤੇ ਕੈਲੇਫੋਰਨੀਆ ਵਿਚ ਸਿੱਖ ਸਰੋਤਿਆਂ ਅੱਗੇ ਬਾਗੀਆਨਾ ਭਾਸ਼ਨ ਦਿਆ ਕਰਦਾ ਸੀ।(87) ਇਕ ਵਾਰ ਫੇਰ ਜਿਹੜੇ ਕਾਰਨਾਂ ਕਰਕੇ ਕੈਨੇਡਾ ਵਿਚ ਮੁਕੱਦਮਾ ਵੀ ਨਹੀਂ ਚਲਾਇਆ ਗਿਆ ਉਹ ਕਾਰਨ ਭਾਰਤੀ ਟ੍ਰੀਬਿਉਨਲ ਦੇ ਫੈਸਲੇ ਵਿਚ ਫਾਂਸੀ ਦੇਣ ਦਾ ਕਾਰਨ ਬਣੇ।

1917 ਵਿਚ ਜੰਗ ਵਿਚ ਸ਼ਾਮਲ ਹੋਣ ਤੋਂ ਬਾਅਦ ਅਮਰੀਕਾ ਨੇ ਬ੍ਰਿਟਿਸ਼ ਦਬਾਅ ਹੇਠ ਉਨ੍ਹਾਂ ਲੋਕਾਂ ਉੱਪਰ ਮੁਕੱਦਮਾ ਚਲਾਇਆ ਜਿਹੜੇ ਜਰਮਨ-ਗਦਰ ਪਲਾਟ ਵਿਚ ਸ਼ਾਮਲ ਸਨ।(88) ਇਹਨਾਂ ਲੋਕਾਂ ਵਿਚ ਸਾਨਫਰਾਂਸਿਸਕੋ ਵਿਚ ਜਰਮਨੀ ਦਾ ਕਾਉਂਸਲ ਜਨਰਲ ਫਰਾਂਜ ਬੋਪ, ਕੁਝ ਹੋਰ ਜਰਮਨ ਅਤੇ ਅਮਰੀਕਨ ਅਤੇ ਗਦਰ ਪਾਰਟੀ ਦੇ 17 ਨੇਤਾ ਸ਼ਾਮਲ ਸਨ। ਮਾਰਚ 1917 ਵਿਚ ਨਾਥਨ ਦੀ ਸੂਹ ਕਾਰਨ ਚੰਦਰਾਕਾਂਤ ਚੱਕਰਵਰਤੀ ਫੜਿਆ ਗਿਆ। ਚੱਕਰਵਰਤੀ ਦਸੰਬਰ 1915 ਵਿਚ ਗਦਰ ਪਾਰਟੀ ਦਾ ਪ੍ਰਧਾਨ ਬਣਿਆ ਸੀ।(89) ਚੱਕਰਵਰਤੀ ਦੇ ਮੂੰਹ ਖੋਲਣ ਤੇ ਕਈ ਹੋਰ ਲੋਕ ਫੜੇ ਗਏ। ਜੂਨ 1917 ਵਿਚ ਬ੍ਰਿਟਿਸ਼ ਸਰਕਾਰ ਨੇ ਸਾਨਫਰਾਂਸਿਸਕੋ ਅਤੇ ਸ਼ਿਕਾਗੋ ਦੇ ਮੁਕੱਦਮਿਆਂ ਵਿਚ ਗਵਾਹਾਂ ਦੇ ਤੌਰ ‘ਤੇ ਸੱਤ ਕੈਦੀ ਭਾਰਤ ਤੋਂ ਕੈਨੇਡਾ ਲਿਆਂਦੇ। ਇਹ ਕੈਦੀ ਭਾਰਤੀ ਪੁਲਿਸ ਦੀ ਨਿਗਰਾਨੀ ਹੇਠ ਲਿਆਂਦੇ ਗਏ। ਕੈਨੇਡਾ ਵਿਚ ਉਹ ਮੈਲਕਮ ਰੀਡ ਦੀ ਨਿਗਰਾਨੀ ਹੇਠ ਇਮੀਗਰੇਸ਼ਨ ਮਹਿਕਮੇ ਦੇ ਹਵਾਲੇ ਕਰ ਦਿੱਤੇ ਗਏ। ਵੈਨਕੂਵਰ ਤੋਂ ਇਹ ਕੈਦੀ ਰੇਲ ਰਾਹੀਂ ਰੀਜਾਇਨਾ ਭੇਜ ਦਿੱਤੇ ਗਏ ਜਿਥੇ ਉਹ ਮੁਕੱਦਮਾ ਚੱਲਣ ਤੱਕ ਰਹੇ। ਰੀਜਾਇਨਾ ਵਿਚ ਇਨ੍ਹਾਂ ਕੈਦੀਆਂ ਨੂੰ ਦੂਜੇ ਭਾਰਤੀਆਂ ਤੋਂ ਦੂਰ ਰੱਖਿਆ ਜਾ ਸਕਦਾ ਸੀ ਪਰ ਅਮਰੀਕਨ ਸਰਕਾਰੀ ਵਕੀਲ ਉਹਨਾਂ ਨੂੰ ਜਦੋਂ ਚਾਹੁਣ ਮਿਲ ਸਕਦੇ ਸਨ। ਸਾਨਫਰਾਂਸਿਸਕੋ ਵਿਚ ਨਵੰਬਰ 1917 ਤੋਂ ਲੈ ਕੇ ਪੰਜ ਮਹੀਨਿਆਂ ਤੱਕ ਪੈਂਤੀ ਦੋਸ਼ੀਆਂ ਉੱਪਰ ਮੁਕੱਦਮਾ ਚੱਲਿਆ। ਚਾਰ ਉੱਪਰ ਸ਼ਿਕਾਗੋ ਵਿਚ ਮੁਕੱਦਮਾ ਚਲਾਇਆ ਗਿਆ। ਸਾਨਫਰਾਂਸਿਸਕੋ ਵਿਚ ਪ੍ਰਮੁੱਖ ਸਬੂਤ ਹਾਪਕਿਨਸਨ ਦੀਆਂ ਰਿਪੋਰਟਾਂ ਉੱਪਰ ਆਧਾਰਿਤ ਅਤੇ 1912-13 ਦੀਆਂ ਗਤੀਵਿਧੀਆਂ ਨਾਲ ਸਬੰਧਤ ਸਨ। ਸਤਾਰਾਂ ਦੇ ਸਤਾਰਾਂ ਭਾਰਤੀਆਂ ਨੂੰ ਸਜ਼ਾ ਹੋ ਗਈ। ਸਭ ਤੋਂ ਵੱਧ ਸਜ਼ਾ ਤਾਰਕਨਾਥ ਦਾਸ ਨੂੰ ਹੋਈ ਜਿਹੜਾ ਦੋਸ਼ਾਂ ਦਾ ਸਾਹਮਣਾ ਕਰਨ ਲਈ ਖੁਦ ਜਾਪਾਨ ਤੋਂ ਅਮਰੀਕਾ ਆਇਆ ਸੀ।(90) ਗਵਾਹੀਆਂ ਦੌਰਾਨ ਲਾਲਾ ਹਰਦਿਆਲ ਦਾ ਨਾਂ ਵਾਰ ਵਾਰ ਲਿਆ ਗਿਆ। ਪਰ ਉਹ ਅਮਰੀਕਨ ਅਤੇ ਬ੍ਰਿਟਿਸ਼ ਨਿਆਂ ਦੀ ਪਹੁੰਚ ਤੋਂ ਦੂਰ ਜਰਮਨੀ ਵਿਚ ਜਰਮਨ ਸਰਕਾਰ ਦੇ ਖਰਚੇ ਉੱਪਰ ਆਰਾਮ ਫਰਮਾ ਰਿਹਾ ਸੀ।(91)

ਇਹ ਜਾਸੂਸੀ ਜਿਸ ਦੀ ਮੁੱਖ ਜ਼ਿੰਮੇਵਾਰੀ ਹਾਪਕਿਨਸਨ ਨੇ ਨਿਭਾਈ ਅਤੇ ਉਸ ਤੋਂ ਬਾਅਦ ਜਿਸ ਨੂੰ ਰੀਡ ਨੇ ਜਾਰੀ ਰੱਖਿਆ ਇਕ ਕਿਸਮ ਦੀ ਧਿੰਗੋਜ਼ੋਰੀ ਸੀ। ਇਸ ਨੇ ਸ਼ਾਂਤ ਮਹਾਂਸਾਗਰ ਕੰਢੇ ਰਹਿ ਰਹੀ ਭਾਰਤੀ ਕਨਿਉਨਟੀ ਉੱਪਰ ਗੰਭੀਰ ਅਸਰ ਪਾਇਆ। ਕਮਿਉਨਟੀ ਦੇ ਮੈਂਬਰਾਂ ਨੂੰ ਸ਼ੁਰੂ ਵਿਚ ਹੀ ਪਤਾ ਚੱਲ ਗਿਆ ਕਿ ਉਨ੍ਹਾਂ ਦੀਆਂ ਏਥੋਂ ਦੀਆਂ ਸਰਗਰਮੀਆਂ ਕਾਰਨ ਭਾਰਤ ਵਿਚ ਪੁਲਿਸ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਪੁੱਛ-ਪੜਤਾਲ ਕਰ ਰਹੀ ਹੈ। ਉਹ ਜਾਣਦੇ ਸਨ ਕਿ ਹਾਪਕਿਨਸਨ ਬ੍ਰਿਟਿਸ਼ ਜ਼ੁਲਮ ਦਾ ਪ੍ਰਤੱਖ ਸਬੂਤ ਸੀ ਅਤੇ ਇਸ ਲਈ ਉਨ੍ਹਾਂ ਦੀਆਂ ਬ੍ਰਿਟਿਸ਼ ਵਿਰੋਧੀ ਭਾਵਨਾਵਾਂ ਦਾ ਪ੍ਰਮੁੱਖ ਕੇਂਦਰ ਸੀ। ਆਪਣੀਆਂ ਅਤੇ ਆਪਣੇ ਮੁਖਬਰਾਂ ਦੀਆਂ ਕਾਰਵਾਈਆਂ ਕਾਰਨ ਉਹ ਸਥਾਨਕ ਸਿੱਖ ਕਮਿਉਨਟੀ ਨੂੰ ਸਿਆਸੀ ਤੌਰ ‘ਤੇ ਚੇਤੰਨ ਕਰਨ ਅਤੇ ਧੜਿਆਂ ਵਿਚ ਵੰਡਣ ਦਾ ਕਾਰਨ ਬਣਿਆ। ਉਸ ਦਾ ਅਤੇ ਕਮਿਉਨਟੀ ਨਾਲ ਸਬੰਧਤ ਹੋਰ ਕਤਲ ਉਸ ਦੀਆਂ ਕਾਰਵਾਈਆਂ ਦਾ ਹੀ ਨਤੀਜਾ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਨੇ ਜਿੰਨੀ ਜ਼ਿਆਦਾ ਛਾਣਬੀਣ ਕੀਤੀ ਉਸ ਨੂੰ ਹਾਲਾਤ ਉਂਨ੍ਹੇ ਹੀ ਜ਼ਿਆਦਾ ਗੰਭੀਰ ਦਿਖਾਈ ਦਿੱਤੇ। ਜਦੋਂ ਉਸ ਦੀਆਂ ਰਿਪੋਰਟਾਂ ਭਾਰਤ ਸਰਕਾਰ ਕੋਲ ਪਹੁੰਚਦੀਆਂ ਤਾਂ ਸਰਕਾਰ ਉਨ੍ਹਾਂ ਉੱਪਰ ਹਾਪਕਿਨਸਨ ਤੋਂ ਵੀ ਵੱਧ ਯਕੀਨ ਕਰਦੀ। ਲਾਲਾ ਹਰਦਾਲ ਵਰਗੇ ਵਿਅਕਤੀ ਬ੍ਰਿਟਿਸ਼ ਸਰਕਾਰ ਦਾ ਤਖਤਾ ਪਲਟਨਾ ਚਾਹੁੰਦੇ ਸਨ ਅਤੇ ਉਹ ਅਹਿੰਸਾ ਨੂੰ ਉਤਸ਼ਾਹ ਦਿੰਦੇ ਸਨ। ਪਰ ਉਨ੍ਹਾਂ ਲਈ ਪਹਿਲੀ ਚੁਣੌਤੀ ਰੁਜ਼ਗਾਰ ਦੀ ਭਾਲ ਵਿਚ ਆਏ ਕਿਸਾਨਾਂ ਵਿਚ ਜਾਗਰਤੀ ਪੈਦਾ ਕਰਨਾ ਸੀ। ਲਾਲਾ ਹਰਦਿਆਲ ਅਤੇ ਦੂਜਿਆਂ ਉੱਪਰ ਧਿਆਨ ਕੇਂਦਰਿਤ ਕਰ ਹਾਪਕਿਨਸਨ ਇਸ ਵਿਦਰੋਹ ਦੇ ਤਫਤੀਸ਼ਕਾਰ ਦੇ ਨਾਲ ਨਾਲ ਉਸ ਦਾ ਕਰਤਾ ਵੀ ਬਣਿਆ।

(ਇਹ ਲੇਖ ਅੰਗਰੇਜ਼ੀ ਵਿੱਚ ਪਹਿਲੀ ਵਾਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਜਰਨਲ “ਬੀ. ਸੀ. ਸਟੱਡੀਜ਼ ਦੇ ਅੰਕ ਨੰਬਰ 78, ਵਿੱਚ 1988 (BC Studies, no. 78, Summer 1988) ਵਿੱਚ ਛੱਪਿਆ ਸੀ । ਇਸ ਦਾ ਪੰਜਾਬੀ ਅਨੁਵਾਦ ਪਹਿਲੀ ਵਾਰ ਵਤਨ ਦੇ ਪਹਿਲੇ ਅੰਕ (ਜੁਲਾਈ/ਅਗਸਤ/ਸਤੰਬਰ 1989) ਵਿੱਚ ਛਪਿਆ ਸੀ। ਵਤਨ ਦਾ ਇਹ ਅੰਕ ਕਾਮਾਗਾਟਾਮਾਰੂ ਘਟਨਾ ਦੀ 75ਵੀਂ ਵਰ੍ਹੇਗਢ ਸਮੇਂ ਕਾਮਾਗਾਟਾ ਮਾਰੂ ਵਿਸ਼ੇਸ਼ ਅੰਕ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਸੀ।)

ਹਵਾਲੇ:

(ਇਹਨਾਂ ਹਵਾਲਿਆਂ ਵਿੱਚ ਲੇਖਕ ਵਲੋਂ ਕੀਤੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ ਪਰ ਜਾਣਕਾਰੀ ਦੇ ਸ੍ਰੋਤਾਂ ਨੂੰ ਅੰਗਰੇਜ਼ੀ ਵਿੱਚ ਰਹਿਣ ਦਿੱਤਾ ਗਿਆ ਹੈ।)

1. See Norman Buchignani and Doreen Indra with Ram Srivastiva, Continuous Journey, A Social History of South Asians in Canada (Toronto: McClelland and Stewart, 1985), 25-26, 37, 51-53, 58-65, and Hugh Johnston, The Voyage of the Komagata Maru, The Sikh Challenge to Canada’s Colour Bar (New Delhi:Oxford University Press, 1979), 1, 7-16, 124-29, 138.
2. Har Dayal, “India in America,” The Modern Review (July 1911): 1-11
3. See the comments attributed to Husain Rahim at meeting of the Khalsa Diwan Society and United Indian League: Public Archives of Canada (PAC), RG 76, vol. 385, file 536999, Henry W. Gwyther to Malcolm R. J. Reid, 24 Feb. 1913.
4. ਜਦੋਂ ਹਾਪਕਿਨਸਨ ਨੂੰ ਪਹਿਲਾਂ ਇਮੀਗਰੇਸ਼ਨ ਇਨਸਪੈਕਟਰ ਅਤੇ ਹਿੰਦੂ ਦੁਭਾਸ਼ੀਆ ਨਿਯੁਕਤ ਕੀਤਾ ਗਿਆ ਤਾਂ ਉਸ ਨੂੰ ਡਿਪਾਰਟਮੈਂਟ ਆਫ ਦੀ ਇਨਟੀਰੀਅਰ ਲਈ ਇਕ ਫਾਰਮ ਭਰਨਾ ਪਿਆ ਜਿਸ ਵਿੱਚ ਉਸ ਨੇ ਆਪਣੀ ਜਨਮ ਤਰੀਕ (16 ਜੂਨ 1880) ਸਹੀ ਦੱਸੀ ਪਰ ਜਨਮ ਸਥਾਨ ਗਲਤ ਦੱਸਿਆ (ਹੱਲ, ਯੋਰਕਸ਼ਾਇਰ, ਇੰਗਲੈਂਡ)। ਕੌਮੀਅਤ ਦੀ ਥਾਂ ਉਸ ਨੇ “ਇੰਗਲਿਸ਼” ਲਿਖਿਆ। See PAC, RG 76, vol. 561, file 808722, pt. 1. ਉਹ ਹਮੇਸ਼ਾਂ ਹੀ ਇਹ ਦਾਅਵਾ ਕਰਦਾ ਰਿਹਾ ਹੋਣਾ ਕਿਉਂਕਿ ਉਸ ਦੀ ਮੌਤ ਤੋਂ ਬਾਅਦ ਵੈਨਕੂਵਰ ਦੇ ਅਖਬਾਰਾਂ ਵਿੱਚ ਉਸ ਦੀ ਮੌਤ ਬਾਰੇ ਛਪੀਆਂ ਸੂਚਨਾਵਾਂ ਵਿੱਚ ਲਿਖਿਆ ਸੀ ਕਿ ਉਹ ਭਾਰਤ ਨੂੰ ਬਚਪਨ ਵਿੱਚ ਗਿਆ ਸੀ। ਇੰਡਿਆ ਆਫਿਸ ਦੀ ਲਾਇਬਰੇਰੀ ਵਿੱਚਲੇ ਬੈਪਟਿਸਮਲ ਰੀਕਾਰਡਾਂ ਦਰਸਾਉਂਦੇ ਹਨ ਕਿ ਉਸ ਦਾ ਜਨਮ ਦਿੱਲੀ ਵਿੱਚ ਹੋਇਆ ਸੀ। ਉਸ ਦੇ ਨਾਲ ਕੰਮ ਕਰਦੇ ਲੋਕ ਉਸ ਨੂੰ ਯੂਰੇਸ਼ੀਅਨ ਸਮਝਦੇ ਸਨ:  interview on 29 Oct. 1976 with former immigration inspector Fred “Cyclone” Taylor.
5. India Office Library, Thacker’s Indian Directory, 1904-07.
6. PAC, RG 7, G 21, vol. 200, file 332, Report of Col. E. J. Swayne, “Information as to Hindu Agitators in Vancouver.”
7. PAC, RG 2/1, vol. 703, file 21, 21 July 1908.
8. Affidavit by Hopkinson, 7 Dec. 1908, copied in J.B. Harkin’s report, The East Indians in British Columbia (Department of the Interior, 1909), 31-33.
9. Harkin, The East Indians in British Columbia, 8-9.
10. PAC, RG 7, G 1, vol. 272, Crewe to Grey, 19 Sept. 1908, telegram.
11. ਭਾਰਤੀ ਕਮਿਉਨਿਟੀ ਦੇ ਲੋਕਾਂ ਨੇ ਵਾਰ ਵਾਰ ਦਾਅਵਾ ਕੀਤਾ ਕਿ ਹਾਪਕਿਨਸਨ ਭ੍ਰਿਸ਼ਟਾਚਾਰੀ ਸੀ। ਉਸ ਸਮੇਂ ਇਹ ਕੇਸ ਸਾਬਤ ਨਹੀਂ ਹੋਇਆ ਅਤੇ ਹੁਣ ਵੀ ਸਾਬਤ ਹੋਣ ਦੇ ਯੋਗ ਨਹੀਂ। ਉਹ ਜਿਸ ਅਹੁਦੇ ਉੱਤੇ ਸੀ ਅਤੇ ਭਾਰਤੀ ਇਮੀਗਰੈਂਟਾਂ ਉੱਪਰ ਉਸ ਦੀ ਜਿੰਨੀ ਤਾਕਤ ਸੀ, ਉਸ ਦੀ ਦੁਰਵਰਤੋਂ ਕੀਤੇ ਜਾਣ ਦੀ ਸੰਭਾਵਨਾ ਮੌਜੂਦ ਸੀ। ਦੂਜੇ ਪਾਸੇ, ਡਿਪਾਰਟਮੈਂਟ ਦੇ ਅਧਿਕਾਰੀ ਵਿਸ਼ਵਾਸ ਕਰਦੇ ਸਨ ਕਿ ਹਾਪਕਿਨਸਨ ਵਿਰੁੱਧ ਲਾਏ ਗਏ ਦੋਸ਼ ਉਸ ਨੂੰ ਬਦਨਾਮ ਕਰਨ ਲਈ ਜਾਂ ਉਸ ਨੂੰ ਨੌਕਰੀ ਤੋਂ ਕੱਢਵਾਉਣ ਲਈ ਲਾਏ ਗਏ ਸਨ। ਇਹ ਕਹਾਣੀ ਕਿ ਉਸ ਨੇ ਹਾਂਡੂਰਸ ਦੇ ਡੈਲੀਗੇਟਾਂ ਨੂੰ ਵੱਢੀ ਦੇਣ ਦੀ ਕੋਸ਼ਿਸ਼ ਕੀਤੀ, ਵਿਸ਼ਵਾਸਯੋਗ ਨਹੀਂ ਲੱਗਦੀ। (ਨਾਜਰ ਸਿੰਘ ਦਾ ਕਹਿਣਾ ਸੀ ਕਿ ਹਾਪਕਿਨਸਨ ਚਾਹੁੰਦਾ ਸੀ ਕਿ ਉਹ ਹਾਡੂਰਸ ਵਿੱਚਲੀਆਂ ਹਾਲਤਾਂ ਬਾਰੇ ਚੰਗੀ ਰਿਪੋਰਟ ਦੇਵੇ, ਅਤੇ ਉਸ ਨੇ ਉਸ ਨੂੰ 3000 ਡਾਲਰਾਂ ਨਾਲ ਭਰੇ ਬਟੂਏ ਨਾਲ ਲਾਲਚ ਦਿੱਤਾ ਸੀ, ਪਰ ਹਾਪਕਿਨਸਨ ਕੋਲ ਏਨੇ ਪੈਸੇ ਨਹੀਂ ਸਨ, ਅਤੇ ਇਸ ਗੱਲ ਮੰਨਣੀ ਔਖੀ ਹੈ ਕਿ ਇਨਟੀਰੀਅਰ ਦੇ ਡਿਪਾਰਟਮੈਂਟ ਜਾਂ ਕਿਸੇ ਹੋਰ ਨੇ ਉਸ ਨੂੰ ਇਸ ਗੈਰ-ਲਾਹੇਵੰਦ ਅਤੇ ਗੈਰਜਵਾਬਦੇਹੀ ਵਾਲੇ ਕੰਮ ਲਈ ਪੈਸੇ ਦਿੱਤੇ ਹੋਣ।) ਮਈ 1911 ਵਿੱਚ ਇਨਟੀਰੀਅਰ ਡਿਪਾਰਟਮੈਂਟ ਤੋਂ ਮਿਸਟਰ ਵੌਨ ਗਟਨਬਰਗ ਨੂੰ ਹਾਪਕਿਨਸਨ ਵਿਰੁੱਧ ਦੋਸ਼ਾਂ ਦੀ ਜਾਂਚ ਕਰਨ ਲਈ ਵੈਨਕੂਵਰ ਭੇਜਿਆ ਗਿਆ। (ਉਸ ਨੇ ਜਿਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਵਿੱਚੋਂ ਇਕ ਬੋਗਾ ਨਾਂ ਦਾ ਭਾਰਤੀ ਸੀ, ਜਿਸ ਨੇ ਕਿਹਾ ਕਿ ਅਮਰੀਕਾ ਤੋਂ ਦਾਖਲ ਹੋਣ ਵਾਲੇ ਅੱਠ ਵਿਅਕਤੀਆਂ ਤੋਂ ਹਾਪਕਿਨਸਨ ਨੇ 50 ਡਾਲਰ ਪ੍ਰਤੀ ਵਿਅਕਤੀ ਲਏ ਸਨ।) ਹਾਪਕਿਨਸਨ ਨੂੰ ਇਸ ਜਾਂਚ ਬਾਰੇ ਕੋਈ ਚਿਤਾਵਨੀ ਜਾਂ ਨੋਟਿਸ ਨਹੀਂ ਦਿੱਤਾ ਗਿਆ ਸੀ, ਅਤੇ ਉਸ ਨੂੰ ਇਸ ਬਾਰੇ ਅਸਿੱਧੇ ਢੰਗ ਨਾਲ ਪਤਾ ਲੱਗਾ। ਹਾਪਕਿਨਸਨ ਨੂੰ ਬਰੀ ਕਰ ਦਿੱਤਾ ਗਿਆ। ਅਕਤੂਬਰ 1913 ਵਿੱਚ ਜਦੋਂ ਭਾਰਤੀ ਕਮਿਉਨਿਟੀ ਇਮੀਗਰੇਸ਼ਨ ਵਿਭਾਗ ਵੱਲੋਂ ਗਿਆਨੀ ਭਗਵਾਨ ਸਿੰਘ ਨੂੰ ਦੇਸ਼ ਨਿਕਾਲਾ ਦੇਣ ਦੀਆਂ ਕੋਸ਼ਿਸ਼ਾਂ ਕਾਰਨ ਗੁੱਸੇ ਵਿੱਚ ਸੀ, ਤਾਂ ਹਾਪਕਿਨਸਨ ਨੇ ਆਪਣੇ ਉੱਚ-ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਹੋ ਸਕਦਾ ਹੈ ਉਸ ਵਿਰੁੱਧ ਹੋਰ ਇਲਜ਼ਾਮ ਲਾਏ ਜਾਣ: ਉਸ ਨੂੰ ਭਾਰਤੀ ਕਮਿਊਨਿਟੀ ਦੇ ਲੀਡਰਾਂ ਵਲੋਂ ਲੁਕਵੀਂਆਂ ਧਮਕੀਆਂ ਮਿਲੀਆਂ ਸਨ ਕਿ ਉਸ ਨੇ ਭਗਵਾਨ ਸਿੰਘ ਨੂੰ ਪੈਸੇ ਲੈ ਕੇ ਉਤਰਨ ਦਿੱਤਾ ਸੀ। (ਅਸਲ ਵਿੱਚ ਭਗਵਾਨ ਸਿੰਘ ਕੈਨੇਡਾ ਵਿੱਚ ਰਹਿ ਰਹੇ ਇਕ ਹੋਰ ਵਿਅਕਤੀ ਦਾ ਨਾਂ ਅਤੇ ਕਾਗਜ਼ ਵਰਤ ਕੇ ਦੇਸ਼ ਵਿੱਚ ਦਾਖਲ ਹੋਇਆ ਸੀ।) ਨੌਰਮਨ ਬੁਚਗਿਨਾਨੀ ਅਤੇ ਡੋਰੀਨ ਇੰਦਰਾ ਇਹ ਸਾਬਤ ਕਰਨ ਲਈ ਕਿ ਹਾਪਕਿਨਸਨ ਨੂੰ ਖ੍ਰੀਦਿਆ ਜਾ ਸਕਦਾ ਸੀ ਫਰਵਰੀ 1910 ਵਿੱਚ ਇੱਥੇ ਆਈ ਇਕ ਔਰਤ ਸ਼੍ਰੀ ਮਤੀ ਉਦੇ ਰਾਮ ਦੇ ਕੇਸ ਦੀ ਉਦਾਹਰਨ ਦਿੰਦੇ ਹਨ। ਅਪ੍ਰੈਲ 1908 ਅਤੇ ਮਾਰਚ 1910 ਵਿਚਕਾਰ ਸਿਰਫ 13 ਭਾਰਤੀ ਆਦਮੀਆਂ ਅਤੇ ਦੋ ਭਾਰਤੀ ਔਰਤਾਂ (ਸ਼੍ਰੀ ਮਤੀ ਰਾਮ ਸਮੇਤ) ਨੂੰ ਨਵੇਂ ਅਵਾਸੀਆਂ ਵੱਜੋਂ ਕੈਨੇਡਾ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਸੀ। ਇਕ ਭਾਰਤੀ ਔਰਤ ਦਾ ਇੱਥੇ ਆਉਣਾ ਬਹੁਤ ਜ਼ਿਆਦਾ ਅਸਾਧਾਰਣ ਗੱਲ ਸੀ, ਅਤੇ ਅਸੀਂ ਸਮਝ ਸਕਦੇ ਹਾਂ ਕਿ ਭਾਰਤੀਆਂ ਵੱਲੋਂ ਇਹ ਸੱæਕ ਕੀਤੀ ਜਾਂਦੀ ਸੀ ਕਿ ਇਸ ਕੇਸ ਵਿੱਚ ਵੱਢੀ ਦਿੱਤੀ ਗਈ ਸੀ। ਕਿਉਂਕਿ ਇਹ ਅਸਾਧਾਰਣ ਗੱਲ ਸੀ, ਇਸ ਲਈ ਇਹ ਜਾਪਦਾ ਹੈ ਕਿ ਸੱਭ ਤੋਂ ਵੱਧ ਭ੍ਰਿਸ਼ਟਾਚਾਰੀ ਅਫਸਰ ਵੀ ਵੱਢੀ ਲੈਣ ਤੋਂ ਗੁਰੇਜ ਕਰੇਗਾ। ਸ਼੍ਰੀ ਮਤੀ ਰਾਮ ਨੂੰ ਉੱਤਰਨ ਦੇਣ ਦਾ ਫੈਸਲਾ ਇਕੱਲੇ ਹਾਪਕਿਨਸਨ ਨੇ ਨਹੀਂ ਕੀਤਾ ਸੀ, ਸਗੋਂ ਇਹ ਇਮੀਗਰੇਸ਼ਨ ਏਜੰਟ ਜੇæ ਐੱਚæ ਮਗਿੱਲ ਨਾਲ ਮਿਲ ਕੇ ਕੀਤਾ ਗਿਆ ਸੀ; ਅਤੇ ਇਸ ਬਾਰੇ ਇਕ ਦਮ ਇਨਟੀਰੀਅਰ ਦੇ ਡਿਪਟੀ ਮਨਿਸਟਰ ਨੂੰ ਸੂਚਿਤ ਕੀਤਾ ਗਿਆ ਸੀ, ਜਿਹੜਾ ਕਿ ਭਾਰਤੀ ਇਮੀਗਰੇਸ਼ਨ ਦੇ ਕੇਸਾਂ ਉੱਤੇ ਇਕ ਬਾਜ਼ ਵਾਂਗ ਨਿਗ੍ਹਾ ਰੱਖਦਾ ਸੀ ਕਿਉਂਕਿ ਇਸ ਕਾਰਨ ਵੱਡੇ ਨਤੀਜੇ ਨਿਕਲ ਸਕਦੇ ਸਨ। ਹਾਪਕਿਨਸਨ ਬਰਤਾਨਵੀ ਭਾਰਤ ਅਤੇ ਐਂਗਲੋ ਕੈਨੇਡਾ ਦਾ ਵਫਾਦਾਰ ਸੀ ਅਤੇ ਇਸ ਅਨੁਸਾਰ ਕੰਮ ਕਰਦਾ ਸੀ। ਉਸ ਵੱਲੋਂ ਨਿਭਾਈ ਭੂਮਿਕਾ ਨੂੰ ਸਮਝਣ ਲਈ ਸਾਨੂੰ ਨਿੱਜੀ ਭ੍ਰਿਸ਼ਟਾਚਾਰ ਦੇ ਸਬੂਤਾਂ ਦੀ ਲੋੜ ਨਹੀਂ ਹੈ। – On the Honduras bribe charge: affidavit by Sham Singh and diary by Sham Singh, copied in Harkin, 25-27, 29-31. On the Von Guttenberg investigation: RG 76, vol. 561, file 808722, G.D. Kumar to L.M. Fortier; and RG 7, G 21, vol. 201, file 332, Hopkinson to Cory, 6 April, 8 May and 25 May 1911. On the Bhagwan Singh case: RG 76, vol. 385, file 536999, Hopkinson to Cory, 20 Oct. 1913. On the Mrs. Uday Ram case: RG 7, G21, vol. 200, file 332, Hopkinson to Cory, 19 Feb. 1910; and Buchignani and Indra, 49. See also RG 76, vol. 561, file 808722, MacGill to Scott, 15 July 1910. For more on the question of Hopkinson and bribes see Johnston, The Voyage, 143.
12. Harkin, 6-7.
13. PAC, RG 25, A 2, vol. 200, file 120/76.
14. PAC, RG 7, G 21, vol. 200, file 332, Sir John Hanbury-Williams to W. W. Cory, 13 Jan. 1909, copy, and Cory to Hanbury-Williams, 18 Jan. 1909.
15. PAC, RG 76, vol. 561, file 808722, W. W. Cory to J. H. MacGill, 3 Feb. 1909, copy; Cory to Hopkinson, 3 Feb. 1909, copy; MacGill to Cory, 8 Feb. 1909.
16. PAC, RG 7, G 21, vol. 200, file 332, Hopkinson to Cory, 5 Aug. and 9 Sept. 1909, copies.
17. Ibid., Captain Bruce Hay to Major the Earl of Lanesborough, 15 March 1910.
18. Ibid., vol. 201, file 332, Claude M. MacDonald to Grey, 2 Sept. 1911, enclosure. On the co-operation of the Japanese police in watching Indian nationalists, 1914-1918, see Grant K. Goodman, “Japanese Sources for the Study of the Indian Independence Movement,” in Sisir K. Bose ed. Netaji and India’s Freedom (Calcutta: Netaji Research Bureau, 1975), 76-108.
19. PAC, RG 7, G 21, vol. 200, file 332, Hopkinson to Cory, 12 Aug. and 6 Nov. 1909 copies.
20. Ibid., Crewe to Grey, 15 March 1909, enclosures.
21. Ibid., and vol. 199, file 332, Lord Hardinge to Viscount Morley, telegram, 17 Dec. 1908, copy.
22. Ibid., vol. 200,file 332, Hopkinson to J.B. Harkin, 4 Jan. 1909, copy.
23. Ibid., Hopkinson to Cory, 7 March 1910, copy.
24. Report of Col. E. J. Swayne.
25. Extracts from Free Hindustan can be found in James Campbell Ker, Political Trouble in India, confidential publication (Calcutta: Superintendent Government Printing, 1917), rprint (Delhi: Oriental Publishers, 1973), 119-22. Comments on Free Hindustan are given in Mackenzie King’s confidential memorandum of July 1908, in Col. Swayne’s report and in Hopkinson’s report of 10 Feb. 1910. There is a copy of the first issue of Free Hindustan in PAC, RG 2/1,vol. 163.
26. PAC, RG 7, G 21, vol. 200, file 332, Hopkinson, “Report Re Hindus,” 10 Feb. 1910, copy.
27. Ibid., vol. 201, file 332, Hopkinson to Cory, 29 June 1911 copy.
28. Ibid., Cory to D. O. Malcolm, 25 Sept. 1911; Malcolm to Cory, 26 Sept. 1911, copy.
29. Ibid., Hopkinson to Cory, 13, 16 and 23 Oct., 1911, copies.
30. Ibid., vol. 206, file 332, Joseph Pope to Governor General’s Secretary, 5 Nov. 1914; RG 76 vol. 561, file 808722, Malcolm Reid to W.D. Scott, 5 Nov. 1912; Scott to Cory, 20 Feb. 1912. 5 ਨਵੰਬਰ 1912 ਤੋਂ, ਡਿਪਾਰਟਮੈਂਟ ਤੋਂ ਮਿਲਦੀ 125 ਡਾਲਰ ਦੀ ਤਨਖਾਹ ਦੇ ਨਾਲ ਨਾਲ, ਹਾਪਕਿਨਸਨ ਨੂੰ ਵੈਨਕੂਵਰ ਵਿਚਲੀ ਅਮਰੀਕਨ ਇਮੀਗਰੇਸ਼ਨ ਵੱਲੋਂ ਦੁਭਾਸ਼ੀਏ ਦਾ ਕੰਮ ਕਰਨ ਲਈ 25 ਡਾਲਰ ਪ੍ਰਤੀ ਮਹੀਨਾ ਦੀ ਫੀਸ ਮਿਲਣ ਲੱਗੀ; ਅਤੇ ਜਦੋਂ ਪੁਲੀਸ ਜਾਂ ਪ੍ਰੌਵਿੰਸ਼ਿਅਲ ਕੋਰਟ (ਸੂਬਾਈ ਅਦਾਲਤ) ਨੂੰ ਉਸ ਦੀ ਲੋੜ ਹੁੰਦੀ ਤਾਂ ਉਸ ਨੂੰ ਦਿਹਾੜੀ ਦੇ 4 ਡਾਲਰ ਮਿਲਦੇ।
31. PAC, RG 7, G21, vol. 202, file 332, Hopkinson to Cory 17 Nov. 1912, copy.
32. Ibid., Hopkinson to Cory, 16 Nov., 1912, copy.
33. Ibid., vol. 203, file 332, Hopkinson to Cory, 11 Jan. 1913, copy.
34. Emily C. Brown, Har Dyal: Hindu Revolutionary and Rationalist (Tucson, Arizona: The University of Arizona Press, 1975), 85-117.
35. PAC, RG 7, G 21, vol. 202, file 332, Hopkinson to Cory, 15 Jan. 1913.
36. Ibid.
37. Ibid., J. W. Holderness to Undersecretary of State,Colonial Office, 22 July 1913; Hopkinson to Cory, 11 Dec. 1914; vol. 204, file 332, Hopkinson to Undersecretary of State, Colonial Office, 21 Jan. 1914, copies.
38. Ibid., vol. 202, file 332, Cory to Governor General’s Secretary, 23 April 1913.
39. Ibid., vol. 203,file 332, Joseph Pope to Governor General’s Secretary, 17 Nov. 1913.
40. Ibid., Hopkinson to Cory, 14 Nov. 1913, copy.
41. Ibid., vol. 205, file 332,clipping from Los Angeles California Times, 29 Mar. 1914.
42. Ibid., Hopkinson to Cory, 4 April 1914; Samuel W. Backus to Hopkinson, 1 April 1914, Hopkinson to Cory, 7 April 1914, copies.
43. Ibid., vol. 204, file 332, Hopkinson to Cory, 3 May 1914, copy.
44. Brown, 166.
45. PAC, RG 7, G 21, vol. 205, file 332, Supplementary Note to Draft Circular, Criminal Intelligence Office, Simla, April 1914, copy.
46. Ibid.
47. RG 7, G 21 vol. 205, file 332, Hopkinson to Wallinger, 27 June 1914, copy.
48. Ibid., vol. 204, file 332, Connaught to Harcourt, 20 May 1914, copy.
49. Ibid., Hopkinson to Wallinger, Ottawa, 14 May 1914, copy.
50. PAC, RG 76, vol. 388, file 536999, Hopkinson to Cory, 11 August 1914, copy.
51. PAC, RG 7, G 21, vol. 205, file 332, Pope to Governor General’s Secretary, 15 Agu. 1914; telegram British Ambassador, Washington, to Governor General, 31 Aug. 1914.
52. Ibid., vol. 206, file 332, Hopkinson to Cleveland, 16 Oct. 1914, copy.
53. See Mewa Singh’s address to the Khalsa Diwan Society of Stockton, California, printed in “Khalsa Samachar” and translated for the immigration department by A. H. Burton: PAC, RG 7 G21, vol. 206, file 332, copy.
54. See Singh’s statement at his trial: PAC, RG 13, vol. 1467, Rex vs. Mewa Singh, 30 Oct. 1914; and his statement of August 1914 concerning the purchase of revolvers: City Archives of Vancouver, H. H. Stevens Papers.
55. India Office Library, Home Dept. Proceedings (Political A), Jan. 1915, No. 3.
56. Ibid., Nos. 4 and 5, Viceroy to Secretary of State for India, telegram, 11 Dec. 1914, and Secretary of State to Viceroy, telegram, 26 Dec. 1914.
57. Ibid., no. 6.
58. PAC, RG 7, G 21, vol. 207, file 332, Joseph Pope to the Governor General’s Secretary, 27 April 1915.
59. Ibid., vol. 206, file 332,Cory to A. F. Sladen, 23 Oct. 1914.
60. Ibid., Cory to Governor General’s Secretary, 28 Dec., 1914, Cory to A. L. Jolliffe, 23 Feb., 1915, copy and Connaught to Harcourt, 27 Feb. 1915, copy. PAC, RG 76, vol. 352, file 379496, Reid to Cory, 26 Nov. 1914.
61. PAC, RG 7, G 21, vol. 206, file 332, Harcourt to Connaught.
62. Ibid., vol. 207, file 332.
63. G. S. Deol, The Role of the Ghadar Party in the National Movement (Delhi: Sterling Publishers, 1969), 108-48.
64. PAC, RG 25, series G 1, vol. 1156, file 40, Harcourt to Connaught, telegram, 19 April 1915.
65. Harcourt to Connaught, 10 April 1915.
66. Karl Hoover, “The Hindu Conspiracy Case in California, 1913-1918,” German Studies Review, May 1985, 252.
67. For example: PAC, RG 6, E 1, vol. 571, file 251, Maj. R. O. Montgomery to Sir Richard McBride, 27 July 1915, copy.
68. The India Office List for 1917.
69. PAC, RG 7, G21, vol. 207, file 332, paragraphs of cypher telegrams exchanged by Connaught and Harcourt containing messages between Nathan and Wallinger. The first in the file is dated 31 August 1916 but it mentions arrangements made in January. M. R. J. Reid’s reference to “a mutural friend” in a letter to E. J. Chambers, 9 Jan. 1918, probably means Nathan. See PAC, RG 6, Series E, vol. 524, file 150 – D.
70. RG 6, Series E, vol. 524, file 150-D, Chambers to Reid, 8 Aug. 1916, Copy; Reid to Chambers, 22 Aug. 1916.
71. Ibid., Chambers to Perry, 19 Jan. 1916 copy.
72. Ibid., Reid to A. P. Sherwood, 18 April 1916, copy.
73. Ibid., Chambers to Reid, 8 Aug. 1916 copy; Reid to Chambers, 22 Aug. 1916, copy; Chambers to John McMillan, 29 Dec. 1919, copy.
74. 31 ਦਸੰਬਰ 1914 ਨੂੰ ਰੀਡ ਦੀ ਥਾਂ ਏæ ਐਲ਼ ਜੋਲਿਫ ਨੇ ਲੈ ਲਈ, ਭਾਵੇਂ ਕਿ ਉਹ 17 ਜਨਵਰੀ 1915 ਤੱਕ ਇਕ ਇਮੀਗਰੇਸ਼ਨ ਏਜੰਟ ਵੱਜੋਂ ਚਿੱਠੀਆਂ ਉੱਤੇ ਦਸਤਖਤ ਕਰਦਾ ਰਿਹਾ। ਉਸ ਨੂੰ ਹਟਾਉਣ ਦੀ ਸਿਫਾਰਿਸ਼ 3 ਦਸੰਬਰ 1914 ਨੂੰ ਕੀਤੀ ਗਈ ਸੀ। See W. D. Scott and E. B. Robertson to Dr. W. J. Roche: PAC, 76, vol. 561, file 8087222. ਸਤੰਬਰ 1912 ਤੋਂ ਲੈ ਕੇ ਰੀਡ ਦੀ ਤਨਖਾਹ 2400 ਡਾਲਰ ਸੀ ਅਤੇ ਇਕ ਇਨਸਪੈਕਟਰ ਵੱਜੋਂ ਉਸ ਦੀ ਤਨਖਾਹ ਉਨੀ ਹੀ ਰੱਖੀ ਗਈ। ਉਸ ਦੀ ਥਾਂ ਲੈਣ ਵਾਲੇ ਏæ ਐਲ਼ ਜੋਲਿਫ ਦੀ ਤਨਖਾਹ 1200 ਡਾਲਰ (ਜਿਹੜੀ ਕਿ ਉਸ ਨੂੰ ਇਕ ਇਨਸਪੈਕਟਰ ਵੱਜੋਂ ਮਿਲਦੀ ਸੀ) ਤੋਂ ਵਧਾ ਕੇ 2000 ਡਾਲਰ ਕਰ ਦਿੱਤੀ ਗਈ। 1919-20 ਜੋਲਿਫ ਨੂੰ 3000 ਡਾਲਰ ਤਨਖਾਹ ਮਿਲਦੀ ਸੀ ਜਦੋਂ ਕਿ ਰੀਡ ਦੀ ਤਨਖਾਹ 2400 ਡਾਲਰ ਹੀ ਰਹੀ ਅਤੇ 1923-24 ਵਿੱਚ ਜੋਲਿਫ ਨੂੰ 3600 ਡਾਲਰ ਤਨਖਾਹ ਮਿਲਣ ਲੱਗੀ ਜਦੋਂ ਕਿ ਰੀਡ ਨੂੰ 2520 ਡਾਲਰ ਮਿਲਦੇ ਸਨ: Auditor General’s reports in Sessional Papers Canada, 1915-20.
75. Vancouver City Archives, Stevens Papers, Reid to H. H. Stevens, 29 Feb. 1916.
76. PAC, RG 7, G 21, vol. 204, file 332, vol. 10 (B), Reid to Cory, 30 Dec. 1913.
77. PAC, RG 7, G 21, vol. 205, file 332, paraphrase of cypher telegram, Sir Cecil Spring Rice to Connaught, 31 Aug. 1914; see also correspondence in vol. 206 (1915).
78. PAC, RG 76, vol. 385, file 536999, Reid to Scott, 10 Aug. 1915, with copy of letter from Baboo and Bela Singh to Reid, 20 July 1915; RG 7, G 21, vol. 207, file 332, Sir Joseph Pope to Governor General’s Secretary, 27 May 1916, enclosures.
79. PAC, RG 76, vol. 352, file 379496, Reid to Scott, 6 June 1916.
80. PAC, RG 7, G 21, vol. 207, file 332, Chambers to Sir Joseph Pope, 20 Feb. 1916. copy. 1 ਮਈ 1916 ਅਤੇ 30 ਅਪ੍ਰੈਲ 1918 ਦੇ ਵਿਚਕਾਰ ਰੀਡ ਨੇ ਆਪਣੇ ਨਾਥਨ ਨਾਲ ਕੰਮ ਦੇ ਸੰਬੰਧ ਵਿੱਚ ਇਕ ਹਿੰਦੁਸਤਾਨੀ ਦੁਭਾਸ਼ੀਏ ਏæ ਐਚæ ਬਰਟਨ ਨੂੰ ਕੰਮ ‘ਤੇ ਰੱਖਿਆ। ਰੀਡ ਡਿਪਟੀ ਮਨਿਸਟਰ ਨੂੰ ਲਿਖੇ ਇਕ ਖੱਤ ਵਿੱਚ ਸਪਸ਼ਟ ਕਰਦਾ ਹੈ ਕਿ ਬਰਟਨ ਇਮੀਗਰੇਸ਼ਨ ਵਿਭਾਗ ਦਾ ਕਰਮਚਾਰੀ ਨਹੀਂ ਸੀ। ਉਸ ਦੀ ਤਨਖਾਹ ਉਸ ਰਕਮ ਵਿੱਚੋਂ ਦਿੱਤੀ ਜਾਂਦੀ ਹੈ “ਜੋ ਹਿੰਦੂ ਕੰਮ ਵਿੱਚ ਦਿਲਚਸਪੀ ਰੱਖਣ ਵਾਲੇ ਦੋਸਤ” ਦਿੰਦੇ ਹਨ। ਰੀਡ ਇਸ ਗੱਲੋਂ ਸੁਚੇਤ ਸੀ ਕਿ ਨਾਥਨ ਦਾ ਨਾਂ ਨਾ ਲਿਆ ਜਾਵੇ; ਅਤੇ “ਉਹਨਾਂ ਦੋਸਤਾਂ” ਦਾ ਹਵਾਲਾ ਨਾਥਨ ਜਾਂ ਉਸ ਦੇ ਉੱਚ-ਅਧਿਕਾਰੀਆਂ ਵੱਲ ਕੀਤਾ ਗਿਆ ਜਾਪਦਾ ਹੈ। See PAC, RG 76, vol. 388, file 536999, Reid to Cory, 4 Aug. 1919.
81. S. W. Horrall, “The Royal North-West Mounted Police and Labor Unrest in Western Canada, 1919,” Canadian Historical Review, LXI, 2 (1980): 177.
82. Sessional Papers, Canada, 1925, no. 2, H, 28.
83, Sir Michael O’Dwyer, India as I Knew It, 1885-1925 (London: Constable and Co., 1925), 190.
84. Charles (Lord) Hardinge, My Indian Years, 1990-1916 (London: John Murray, 1948), 130.
Advertisements
This entry was posted in ਸਾਰੀਆਂ and tagged , , , , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.