ਕੈਨੇਡਾ ਵਿੱਚ ਚੁਣੇ ਗਏ ਪਹਿਲੇ ਇੰਡੋ-ਕੈਨੇਡੀਅਨ ਐੱਮ ਐੱਲ ਏ ਮੋਅ ਸਹੋਤਾ ਨਾਲ ਇੰਟਰਵਿਊ

-ਸੁਖਵੰਤ ਹੁੰਦਲ-

(ਮੋਅ ਸਹੋਤਾ, ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲੀ ਵਾਰ ਸੰਨ 1986 ਵਿੱਚ ਐੱਮ ਐੱਲ ਏ ਚੁਣਿਆ ਗਿਆ। ਇਹ ਚੋਣ ਜਿੱਤ ਕੇ ਉਹ ਕੈਨੇਡਾ ਭਰ ਵਿੱਚ ਇੰਡੋਕੈਨੇਡੀਅਨ ਮੂਲ ਦਾ ਚੁਣਿਆ ਜਾਣ ਵਾਲਾ ਪਹਿਲਾ ਐੱਮ ਐੱਲ ਏ ਬਣਿਆ। ਇਸ ਤੋਂ ਬਾਅਦ ਉਹ ਸੰਨ 1991 ਅਤੇ 1996 ਦੀਆਂ ਇਲੈਕਸ਼ਨਾਂ ਵਿੱਚ ਐੱਮ ਐੱਲ ਏ ਚੁਣਿਆ ਗਿਆ। ਸੰਨ 1991 ਤੋਂ ਸੰਨ 2001 ਵਿਚਕਾਰ ਉਹ ਮਾਇਕ ਹਾਰਕੋਰਟ, ਗਲੈੱਨ ਕਲਾਰਕ ਅਤੇ ਡੈਨ ਮਿਲਰ ਦੀ ਅਗਵਾਈ ਵਾਲੀਆਂ ਐੱਨ ਡੀ ਪੀ ਸਰਕਾਰਾਂ ਵਿੱਚ ਕਈ ਵਿਭਾਗਾਂ ਦਾ ਮੰਤਰੀ ਰਿਹਾ। ਮੋਅ ਸਹੋਤਾ ਨਾਲ ਇਹ ਇੰਟਰਵਿਊ 11 ਮਈ 1998 ਨੂੰ ਵਿਕਟੋਰੀਆ ਵਿਖੇ ਬੀ ਸੀ ਦੀ ਲੈਜਿਸਲੇਚਰ ਬਿਲਡਿੰਗ ਵਿੱਚ ਕੀਤੀ ਗਈ ਸੀ। ਇਸ ਇੰਟਰਵਿਊ ਵਿੱਚ ਉਹ ਆਪਣੇ ਬਚਪਨ, ਯੂਨੀਵਰਸਿਟੀ ਦੇ ਸਾਲਾਂ ਅਤੇ ਸਿਆਸੀ ਕੈਰੀਅਰ ਬਾਰੇ ਗੱਲ ਕਰਦਾ ਹੋਇਆ ਬੀ ਸੀ ਵਿੱਚ ਇੰਡੋਕੈਨੇਡੀਅਨ ਕਮਿਊਨਿਟੀ ਦੇ ਇਤਿਹਾਸ ਬਾਰੇ ਵੀ ਕਈ ਮਹੱਤਵਪੂਰਨ ਗੱਲਾਂ ਕਰਦਾ ਹੈ – ਸੁਖਵੰਤ ਹੁੰਦਲ)

ਅੰਗਰੇਜ਼ੀ ਵਿੱਚ ਰਿਕਾਰਡ ਕੀਤੀ ਇੰਟਰਵਿਊ ਨੂੰ ਸੁਣਨ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ:

ਫੋਟੋ: ਗੁਰਮੇਲ ਰਾਏ

ਇੰਟਰਵਿਊ ਦਾ ਉਤਾਰਾ ਹੇਠਾਂ ਦਿੱਤਾ ਜਾ ਰਿਹਾ ਹੈ।

ਇਸ ਇੰਟਰਵਿਊ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਕਲਿੱਕ ਕਰੋ।

ਸਵਾਲ: ਤੁਹਾਡਾ ਜਨਮ ਇੰਡੀਆ ਵਿੱਚ ਹੋਇਆ ਸੀ ਜਾਂ ਕਨੇਡਾ ਵਿੱਚ?
ਜਵਾਬ: ਮੇਰਾ ਜਨਮ 18 ਫਰਵਰੀ 1955 ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੰਕਨ ਵਿੱਚ ਹੋਇਆ ਸੀ ਅਤੇ ਮੈਂ ਲੇਕ ਕਾਊਂਚਨ ਵਿੱਚ ਵੱਡਾ ਹੋਇਆ ਸੀ। ਉਸ ਸਮੇਂ ਦੁਨੀਆ ਅੱਜ ਨਾਲੋਂ ਵੱਖਰੀ ਸੀ। ਉਨ੍ਹਾਂ ਦਿਨਾਂ ਵਿੱਚ ਇੰਡੋ-ਕਨੇਡੀਅਨ ਕਮਿਊਨਿਟੀ ਦੇ ਬਹੁਤ ਸਾਰੇ ਮੋਢੀ ਲੋਕ ਕਾਊਂਚਨ ਵੈਲੀ ਵਿੱਚ ਰਹਿ ਰਹੇ ਸਨ। ਮੇਰਾ ਖਿਆਲ ਹੈ ਕਿ 1920 ਦੇ ਦਹਾਕੇ ਵਿੱਚ ਇੰਡੋ-ਕਨੇਡੀਅਨ ਕਮਿਊਨਿਟੀ ਦੇ ਲੋਕ ਵਿਕਟੋਰੀਆ ਆਉਣੇ ਸ਼ੁਰੂ ਹੋਏ। (1) ਉਨ੍ਹਾਂ ਦਿਨਾਂ ਵਿੱਚ ਗੋਰੇ ਲੋਕਾਂ ਦਾ ਨਜ਼ਰੀਆ ਇਹ ਹੁੰਦਾ ਸੀ ਕਿ ਇਹ ਲੋਕ (ਇੰਡੋ-ਕਨੇਡੀਅਨ) ਨਜ਼ਰਾਂ ਤੋਂ ਪਰ੍ਹੇ ਰਹਿਣ ਅਤੇ ਸੋਚਾਂ ਤੋਂ ਵੀ। ਇਸ ਲਈ ਲੇਕ ਕਾਊਂਚਨ ਇਕ ਅਜਿਹੀ ਥਾਂ ਸੀ ਜਿਹੜੀ ਵਿਕਟੋਰੀਆ ਤੋਂ ਕਾਫੀ ਦੂਰ ਲਗਦੀ ਸੀ। ਇਹ ਵਿਕਟੋਰੀਆ ਤੋਂ 45 ਮੀਲ ਦੇ ਕਰੀਬ ਦੂਰ ਸੀ ਅਤੇ ਆਈਲੈਂਡ ਦੇ ਅੰਦਰੂਨੀ ਇਲਾਕੇ ਵਿੱਚ ਸੀ। ਉਸ ਵੇਲੇ ਲੱਕੜ ਦੀਆਂ ਮਿੱਲਾਂ ਵਿੱਚ ਭਾਰਾ ਕੰਮ ਕਰਨ ਲਈ ਉਨ੍ਹਾਂ ਨੂੰ ਸਖਤ ਕੰਮ ਕਰਨ ਵਾਲੇ ਲੋਕਾਂ ਦੀ ਲੋੜ ਸੀ। ਇਸ ਲਈ ਸਾਡੀ ਕਮਿਊਨਿਟੀ ਦੇ ਕਾਫੀ ਲੋਕ ਉੱਥੇ ਰਹਿ ਰਹੇ ਸਨ।

ਉੱਥੇ ਰਹਿਣ ਵਾਲੇ ਬਹੁਤ ਸਾਰੇ ਲੋਕ, ਦਰਅਸਲ ਵਿੱਚ ਸਾਰੇ ਲੋਕ ਹੀ ਲੱਕੜ ਦੀ ਸਨਅਤ ਨਾਲ ਸੰਬੰਧਤ ਸਨ। ਮੇਰਾ ਦਾਦਾ 1920 ਦੇ ਦਹਾਕੇ ਵਿੱਚ ਉੱਥੇ ਆਇਆ ਅਤੇ ਮੇਰਾ ਬਾਪ ਉਸ ਤੋਂ ਛੇਤੀ ਬਾਅਦ 1930 ਵਿੱਚ ਉੱਥੇ ਪਹੁੰਚਿਆ ਅਤੇ ਮੇਰਾ ਸਹੁਰਾ ਵੀ ਉਸ ਹੀ ਸ਼ਹਿਰ ਵਿੱਚ 1930 ਵਿੱਚ ਆਇਆ ਸੀ। ਅਤੇ ਉਹ ਉਸ ਸਮੇਂ ਮੀਸਾਚੀ ਲੇਕ ਉੱਤਲੀ ਪੁਰਾਣੀ ਲੱਕੜ ਮਿੱਲ ਵਿੱਚ ਕੰਮ ਕਰਦੇ ਸਨ, ਜਿਸ ਦਾ ਨਾਂ ਹਿਲਕ੍ਰਿਸਟ ਲੰਬਰ ਕੰਪਨੀ ਸੀ। ਉਸ ਸਮੇਂ ਦੀਆਂ ਮੇਰੀਆਂ ਬਚਪਨ ਦੀਆਂ ਯਾਦਾਂ ਵਿੱਚ ਇਹ ਯਾਦਾਂ ਸ਼ਾਮਲ ਹਨ। ਹਰ ਵੀਕ ਇੰਡ ‘ਤੇ ਮੈਂ ਹਿਲਕ੍ਰਿਸਟ ਵਿਖੇ ਗੁਰਦਵਾਰੇ ਜਾਣ ਦੀ ਬੜੇ ਚਾਅ ਨਾਲ ਉਡੀਕ ਕਰਦਾ ਸੀ। ਮੈਂ ਹਿਲਕ੍ਰਿਸਟ ਗੁਰਦਵਾਰੇ ਜਾਇਆ ਕਰਦਾ ਸੀ ਅਤੇ ਮਿਸਾਚੀ ਲੇਕ ਦੀ ਮਿੱਲ ਵਾਲੇ ਗੁਰਦਵਾਰੇ ਵਿੱਚ ਬਰਨਰਾਂ ਦੇ ਲਾਗੇ ਬੈਠਿਆ ਕਰਦਾ ਸੀ। ਅਤੇ ਇਕ ਬੱਚੇ ਵਜੋਂ ਜਾਣ ਲਈ ਇਹ ਇਕ ਬਹੁਤ ਹੀ ਵਧੀਆ ਥਾਂ ਸੀ ਕਿਉਂਕਿ ਗੁਰਦਵਾਰੇ ਬਹੁਤ ਜ਼ਿਆਦਾ ਸਮਾਜਕ ਥਾਂ ਹੁੰਦੇ ਸਨ। ਤੁਸੀਂ ਏਧਰ ਉਧਰ ਭੱਜੇ ਫਿਰਦੇ, ਦੂਜੇ ਬੱਚਿਆਂ ਨੂੰ ਮਿਲਦੇ ਜਿਹਨਾਂ ਨੂੰ ਤੁਸੀਂ ਸਾਰਾ ਹਫਤਾ ਨਹੀਂ ਮਿਲੇ ਹੁੰਦੇ ਸੀ। ਅਤੇ ਉੱਥੇ ਬਹੁਤ ਹੀ ਜ਼ਿਆਦਾ ਭਾਈਚਾਰਕ ਮਾਹੌਲ ਹੁੰਦਾ ਸੀ ਕਿਉਂਕਿ ਸਨਿਚਰਵਾਰ ਅਤੇ ਐਤਵਾਰ ਨੂੰ ਹਰ ਕੋਈ ਉੱਥੇ ਜਾਂਦਾ ਸੀ।

ਗੁਰਦਵਾਰੇ ਵਿੱਚ ਉਸ ਲੱਕੜ ਦੀ ਰਹਿੰਦ ਖੂਹੰਦ ਨਾਲ ਬਲਣ ਵਾਲੇ ਬਰਨਰ ਕੋਲ ਬੈਠਣਾ। ਮੈਨੂੰ ਹਮੇਸ਼ਾਂ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਉਸ ਲੱਕੜ ਦੇ ਗੁਰਦਵਾਰੇ ਕਦੀ ਕੋਈ ਅੱਗ ਕਿਉਂ ਨਹੀਂ ਲੱਗੀ। ਅਤੇ ਜਦੋਂ ਤੁਸੀਂ ਬਾਹਰ ਜਾਂਦੇ ਤਾਂ ਤੁਹਾਡੇ ਸਾਹਮਣੇ ਲੱਕੜ ਦੀ ਸਾਈਡਵਾਕ ਹੁੰਦੀ ਸੀ ਜਿਹੜੀ ਕੁੱਕ ਹਾਊਸ ਨੂੰ ਜਾਂਦੀ ਸੀ। ਗੁਰਦਵਾਰੇ ਤੋਂ ਬਾਅਦ ਤੁਸੀਂ ਕੁੱਕ ਹਾਊਸ ਵਿੱਚ ਜਾਂਦੇ ਸੀ ਅਤੇ ਉੱਥੇ ਲੰਗਰ ਖਾਂਦੇ ਸੀ। ਕੁੱਕ -ਹਾਊਸ ਅਗਾਂਹ ਸਾਈਡਵਾਕ ਰਾਹੀਂ ਸਾਰੇ ਬੰਕ ਹਾਊਸਾਂ ਨਾਲ ਜੁੜਿਆ ਹੋਇਆ ਸੀ ਜਿੱਥੇ ਮਰਦ ਰਹਿੰਦੇ ਸੀ। ਮੈਨੂੰ ਯਾਦ ਹੈ ਕਿ ਦੁਪਹਿਰੋਂ ਬਾਅਦ ਬਹੁਤ ਸਾਰੇ ਮਰਦ ਬੰਕਹਾਊਸਾਂ ਵਿੱਚ ਲੰਗਰ ਖਾਂਦੇ ਅਤੇ ਬੱਚੇ ਬੰਕਹਾਊਸਾਂ ਏਧਰ ਉਧਰ ਦੌੜੇ ਭੱਜੇ ਫਿਰਦੇ ਅਤੇ ਖੇਡਦੇ। ਬੰਕਹਾਊਸਾਂ ਵਿੱਚ ਪੁਰਾਣੇ ਵੱਡੇ ਵੱਡੇ ਢਿੱਡਾਂ ਵਾਲੇ ਸਟੋਵ ਹੁੰਦੇ ਸਨ ਅਤੇ ਇਕ ਜਾਂ ਦੋ ਮੰਜੇ। ਮਰਦ ਉੱਥੇ ਬੈਠ ਕੇ ਤਾਸ਼ ਖੇਡਦੇ। ਉਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਜਾਪਦਾ ਸੀ ਕਿ ਹਰ ਇਕ ਸਰਾਹਣੇ ਦੇ ਹੇਠਾਂ ਇਕ ਸਕਾਚ ਦੀ ਬੋਤਲ ਹੁੰਦੀ ਸੀ। ਇਕ ਬੱਚੇ ਦੇ ਤੌਰ ‘ਤੇ ਤੁਹਾਡਾ ਕੰਮ ਹੁੰਦਾ ਸੀ ਕਿ ਜਦੋਂ ਵੀ ਅਵਾਜ਼ ਪੈਂਦੀ ਜਾਹ ਜਾ ਕੇ ਇਕ ਜੌਹਨੀ ਵਾਕਰ ਦੀ ਬੋਤਲ ਲਿਆਵੀਂ ਤਾਂ ਤੁਸੀਂ ਦੌੜ ਕੇ ਜਾਂਦੇ ਅਤੇ ਕੋਈ ਇਕ ਸਰਾਹਣਾ ਚੁੱਕਦੇ ਅਤੇ ਉਹਦੇ ਹੇਠੋਂ ਬੋਤਲ ਚੁੱਕ ਕੇ ਲੈ ਆਉਂਦੇ। ਇਹ ਕਾਫੀ ਔਖੀ ਜ਼ਿੰਦਗੀ ਸੀ। ਲੋਕ ਬਹੁਤ ਜ਼ਿਆਦਾ ਸਖਤ ਕੰਮ ਕਰਦੇ ਸਨ। ਮਰਦ ਬਹੁਤ ਸਖਤ ਕੰਮ ਕਰਦੇ ਸਨ ਜਦੋਂ ਉਹ ਗਰੀਨ ਚੇਨ ‘ਤੇ ਲੰਬਰ ਖਿੱਚਦੇ। ਮੇਰੇ ਬਾਪ ਅਤੇ ਮੇਰੇ ਸਹੁਰੇ ਨੇ ਇਸ ਤਰ੍ਹਾਂ ਦਾ ਸਖਤ ਕੰਮ ਕੀਤਾ। ਮੇਰੇ ਖਿਆਲ ਵਿੱਚ ਜਿਸ ਚੀਜ਼ ਨੇ ਕਮਿਊਨਿਟੀ ਨੂੰ ਇਕੱਠਾ ਰੱਖਿਆ, ਉਹ ਸੀ ਉੱਥੇ ਮੌਜੂਦ ‘ਵੁੱਡਲਾਟ’। ਜੇ ਤੁਸੀਂ ਉਨ੍ਹਾਂ ਲੋਕਾਂ ਨਾਲ ਗੱਲ ਕਰੋ ਜਿਹੜੇ ਉੱਥੇ ਰਹਿੰਦੇ ਸਨ, ਤਾਂ ਉਹ ਦੱਸਣਗੇ ਕਿ ਕੰਮ ਬਹੁਤ ਹੀ ਮੁਸ਼ੱਕਤ ਭਰਿਆ ਸੀ। ਮੈਨੂੰ ਇਕ ਬੱਚੇ ਵਜੋਂ ਯਾਦ ਹੈ ਕਿ ਜਿਸਮਾਨੀ ਤੌਰ ‘ਤੇ ਇਹ ਕਾਫੀ ਮੁਸ਼ਕਿਲ ਸੀ। ਅਸੀਂ ਸਵੇਰ ਨੂੰ ਉੱਠਦੇ ਸੀ, ਅਤੇ ਸਾਡਾ ਪਹਿਲਾ ਕੰਮ ਬਿਸਤਰੇ ‘ਚੋਂ ਬਾਹਰ ਨਿਕਲ ਕੇ ਘਰ ਤੋਂ ਬਾਹਰ ਬਣੀ ਸ਼ੈੱਡ ਵਿੱਚ ਜਾਣਾ ਹੁੰਦਾ ਸੀ ਅਤੇ ਉੱਥੋਂ ਬੂਰਾ ਲਿਆਉਣਾ ਹੁੰਦਾ ਸੀ। ਕਾਫੀ ਠੰਢ ਹੁੰਦੀ ਸੀ, (ਕਈ ਵਾਰ) ਮੀਂਹ ਪੈ ਰਿਹਾ ਹੋ ਹੁੰਦਾ ਸੀ। ਤੁਸੀਂ ਸੁੱਕਾ ਬੂਰਾ ਲੈ ਕੇ ਆਉਂਦੇ ਸੀ ਅਤੇ ਉਸ ਨੂੰ ਬਰਨਰ ਵਿੱਚ ਪਾਉਂਦੇ ਸੀ ਅਤੇ ਸਾਰੇ ਘਰ ਨੂੰ ਗਰਮ ਕਰਦੇ ਸੀ।

ਇਸ ਤਰ੍ਹਾਂ ਇਹ ਜਿਸਮਾਨੀ ਤੌਰ ‘ਤੇ ਕਾਫੀ ਔਖਾ ਸੀ। ਲੋਕਾਂ ਦੇ ਆਪਣੇ ‘ਗਾਰਡਨ’ ਹੁੰਦੇ ਸਨ ਅਤੇ ਲੋਕ ਮੁਰਗੀਆਂ ਵੀ ਰੱਖਦੇ ਸਨ। ਮੇਰੇ ਖਿਆਲ ਵਿੱਚ ਕਮਿਊਨਿਟੀ ਆਪਣੇ ਆਪ ਨੂੰ ਤਾਂ ਕਾਇਮ ਰੱਖ ਸਕੀ ਕਿਉਂਕਿ ਪਾਲਦੀ ਅਤੇ ਹਿਲਕ੍ਰਿਸਟ ਦੇ (ਗੁਰਦਵਾਰੇ) ਉੱਥੇ ਸਨ। ਅਤੇ ਆਪਣੇ ਸਭਿਆਚਾਰ ਅਤੇ ਧਰਮ ‘ਤੇ ਬਹੁਤ ਜ਼ਿਆਦਾ ਮਾਣ ਹੁੰਦਾ ਸੀ। ਜੇ ਮੈਂ ਆਪਣੀ ਜ਼ਿੰਦਗੀ ‘ਤੇ ਪਿਛਲਝਾਤ ਮਾਰਾਂ ਤਾਂ ਮੈਂ ਕਹਿ ਸਕਦਾ ਹਾਂ ਕਿ ਕਦਰਾਂ ਕੀਮਤਾਂ ਬਾਰੇ ਮੇਰੀ ਬਹੁਤ ਸਾਰੀ ਸਮਝ ਆਪਣੇ ਧਰਮ ਤੋਂ ਬਣੀ, ਬਚਪਨ ਦੇ ਉਨ੍ਹਾਂ ਤਜਰਬਿਆਂ ਤੋਂ ਬਣੀ।

ਮੇਰੇ ਖਿਆਲ ਵਿੱਚ ਉਨ੍ਹਾਂ ਦਿਨਾਂ ਵਿੱਚ ਕਮਿਊਨਿਟੀ ਬਹੁਤ ਮਜ਼ਬੂਤ ਸੀ। ਜਦੋਂ ਮੈਂ ਲੇਕ ਕਾਊਂਚਨ ਵਿੱਚ ਕਿੰਡਰਗਾਰਟਨ ਵਿੱਚ ਜਾਣ ਲੱਗਾ ਤਾਂ ਮੈਂ ਅੰਗਰੇਜ਼ੀ ਨਹੀਂ ਬੋਲ ਸਕਦਾ ਸੀ। ਅੰਗਰੇਜ਼ੀ ਦਾ ਇਕ ਸ਼ਬਦ ਵੀ ਨਹੀਂ ਬੋਲ ਸਕਦਾ ਸੀ। ਮੇਰੀ ਭੈਣ ਦੀ ਹਾਲਤ ਵੀ ਇਸ ਤਰ੍ਹਾਂ ਦੀ ਹੀ ਸੀ। ਮੈਨੂੰ ਯਾਦ ਹੈ ਕਿ ਜਦੋਂ ਮੇਰੀ ਭੈਣ ਕਿੰਡਰਗਾਰਟਨ ਵਿੱਚ ਸੀ ਤਾਂ ਉਸ ਵੇਲੇ ਮੈਂ ਚੌਥੀ ਵਿੱਚ ਪੜ੍ਹਦਾ ਸੀ। ਪਹਿਲੇ ਕੁਝ ਦਿਨ ਮੈਨੂੰ ਆਪਣੀ ਭੈਣ ਦੀ ਮਦਦ ਕਰਨ ਉਹਦੀ ਕਲਾਸ ਵਿੱਚ ਜਾਣਾ ਪਿਆ ਸੀ ਕਿਉਂਕਿ ਉਹ ਸਕੂਲ ਵਿੱਚ ਰੋਈ ਜਾਂਦੀ ਸੀ ਅਤੇ ਸਕੂਲ ਵਿੱਚ ਬਹੁਤ ਖੁਸ਼ ਨਹੀਂ ਸੀ।

ਕਮਿਊਨਿਟੀ ਬਹੁਤ ਮਜ਼ਬੂਤ ਸੀ ਕਿਉਂਕਿ ਅਸੀਂ ਇਕੱਠੇ ਸੀ। ਇਹ ਇਕ ਛੋਟੀ ਜਿਹੀ ਕਮਿਊਨਿਟੀ ਸੀ, ਹਰ ਕੋਈ ਹਰ ਕਿਸੇ ਨੂੰ ਜਾਣਦਾ ਸੀ, ਅਤੇ ਇਹ ਬਹੁਤ ਅਲੱਗ-ਥਲੱਗ ਕਮਿਊਨਿਟੀ ਸੀ, ਅਤੇ ਤੁਸੀਂ ਬਹੁਤ ਘੱਟ ਲੇਕ ਕਾਊਂਚਨ ਤੋਂ ਬਾਹਰ ਜਾਂਦੇ ਸੀ। ਡੰਕਨ ਤੱਕ ਜਾਣਾ ਵੀ ਕਾਫੀ ਵੱਡੀ ਗੱਲ ਹੁੰਦਾ ਸੀ ਅਤੇ ਸਾਲ ਵਿੱਚ ਦੋ ਵਾਰ ਵਿਕਟੋਰੀਆ ਨੂੰ ਜਾਂਦੇ ਸੀ। ਵਿਕਟੋਰੀਆ ਨੂੰ ਤੁਸੀਂ ਕ੍ਰਿਸਮਸ ਮੌਕੇ ਜਾਂਦੇ ਸੀ, ਕ੍ਰਿਸਮਸ ਲਈ ਆਪਣੇ ਗਿਫਟ ਲੈਣ ਕਿਉਂਕਿ ਉੱਥੇ ਈਟਨ ਸਟੋਰ ਹੁੰਦਾ ਸੀ। ਅਤੇ ਹਰ ਕੋਈ ਕ੍ਰਿਸਮਸ ਦੇ ਗਿਫਟ ਲੈਣ ਲਈ ਡਾਊਨਟਾਉਨ ਵਿੱਚ ਈਟਨ ‘ਚ ਜਾਣਾ ਚਾਹੁੰਦਾ ਸੀ। ਵਿਕਟੋਰੀਆ ਜਾਣ ਲਈ ਦੂਜਾ ਮੌਕਾ ਵਿਸਾਖੀ ਹੁੰਦਾ ਸੀ। ਅਤੇ ਉਨ੍ਹਾਂ ਦਿਨਾਂ ਵਿੱਚ ਵਿਸਾਖੀ ਵਿਕਟੋਰੀਆ ਵਿੱਚ ਕਮਿਊਨਿਟੀ ਦੇ ਇਕੱਠੇ ਹੋਣ ਦਾ ਮੌਕਾ ਹੁੰਦਾ ਸੀ। ਅਤੇ ਤੁਸੀਂ ਆਪਣੇ ਮਾਪਿਆਂ ਨਾਲ ਘੁੰਮਦੇ ਫਿਰਦੇ ਸੀ, ਆਪਣੇ ਆਪ ‘ਤੇ ਬਹੁਤ ਮਾਣ ਮਹਿਸੂਸ ਕਰਦੇ ਹੋਏ, ਆਪਣੇ ਸਭਿਆਚਾਰ ‘ਤੇ ਮਾਣ ਮਹਿਸੂਸ ਕਰਦੇ ਹੋਏ ਕਿਉਂਕਿ ਸਾਰੇ ਜਣੇ ਇਕ ਦੂਸਰੇ ਨੁੰ ਮੁਸਕਰਾਉਂਦੇ ਹੋਏ ਜੱਫੀ ਪਾ ਕੇ ਮਿਲਦੇ ਸੀ। ਵਿਸਾਖੀ ‘ਤੇ ਸਾਰੇ ਬ੍ਰਿਟਿਸ਼ ਕੋਲੰਬੀਆ ਤੋਂ ਲੋਕ ਵਿਕਟੋਰੀਆ ਨੂੰ ਆਉਂਦੇ ਸਨ।

ਇਕ ਦੂਜੇ ਨੂੰ ਮਿਲਿਆਂ ਸਾਲ ਹੋ ਚੁੱਕਾ ਹੁੰਦਾ ਸੀ, ਅਤੇ ਕਮਿਊਨਿਟੀ ਵਿੱਚ ਬਹੁਤ ਸਾਰਾ ਪਿਆਰ ਅਤੇ ਮੋਹ ਹੁੰਦਾ ਸੀ। ਮੇਰੇ ਖਿਆਲ ‘ਚ ਕਮਿਊਨਿਟੀ ਨਾਲ ਮੇਰੀ ਨੇੜਤਾ, ਮੇਰਾ ਮੋਹ ਉਨ੍ਹਾਂ ਦਿਨਾਂ ਕਰਕੇ ਹੈ ਕਿਉਂਕਿ ਮੈਂ ਦੇਖਿਆ ਸੀ ਕਿ ਇਹ ਕਿਸ ਤਰ੍ਹਾਂ ਦਾ ਸਮਾਂ ਸੀ ਅਤੇ ਕਮਿਊਨਿਟੀ ਵਿੱਚ ਕਿੰਨਾ ਜ਼ਿਆਦਾ ਪਿਆਰ ਹੁੰਦਾ ਸੀ। ਇਸ ਤਰ੍ਹਾਂ ਅਸੀਂ ਆਮ ਤੌਰ ‘ਤੇ ਵਿਕਟੋਰੀਆ ਨੂੰ ਸਾਲ ਵਿੱਚ ਦੋ ਵਾਰ ਆਉਂਦੇ ਸੀ। ਆਮ ਤੌਰ ‘ਤੇ ਅਸੀਂ ਮਰਦਾਂ, ਔਰਤਾਂ ਅਤੇ ਬੱਚਿਆਂ ਨਾਲ ਭਰੇ ਹੋਏ ਪਿੱਕ ਅੱਪ ਟਰੱਕ ਵਿੱਚ ਆਉਂਦੇ ਸੀ। ਜਦੋਂ ਤੁਸੀਂ ਮੈਲਾਹੈਟ ਦੀ ਚੜ੍ਹਾਈ ਚੜ੍ਹਨ ਦੀ ਕੋਸ਼ਿਸ਼ ਕਰਦੇ, ਮੇਰਾ ਮਤਲਬ ਹੈ ਉਸ ਥਾਂ ‘ਤੇ ਜਿੱਥੇ ਵੈਨਕੂਵਰ ਆਈਲੈਂਡ ‘ਤੇ ਮੈਲਾਹੈਟ ਹਾਈਵੇਅ ਹੈ। ਡੰਕਨ ਲੰਘਣ ਤੋਂ ਬਾਅਦ ਤੁਸੀਂ ਉੱਚੀ ਚੜ੍ਹਾਈ ਚੜ੍ਹਨੀ ਸ਼ੁਰੂ ਕਰਦੇ ਅਤੇ ਏਨੇ ਸਾਰੇ ਲੋਕਾਂ ਨਾਲ ਭਰਿਆ ਹੋਇਆ ਟ੍ਰੱਕ ਕਦੇ ਵੀ ਉੱਤੇ ਤੱਕ ਨਾ ਚੜ੍ਹ ਸਕਦਾ। ਫਿਰ ਏਦਾਂ ਕੀਤਾ ਜਾਂਦਾ ਕਿ ਔਰਤਾਂ ਅਤੇ ਬੱਚਿਆਂ ਨੂੰ ਬੈਂਬਰਟਨ ਪਾਰਕ ਵਿੱਚ ਛੱਡ ਦਿੱਤਾ ਜਾਂਦਾ ਅਤੇ ਪਹਿਲਾਂ ਸਾਰੇ ਮਰਦ ਉੱਤੇ ਜਾਂਦੇ। ਫਿਰ ਬੱਚਿਆਂ ਅਤੇ ਔਰਤਾਂ ਨੂੰ ਵਾਪਸ ਆ ਕੇ ਲਿਜਾਇਆ ਜਾਂਦਾ। ਇਸ ਤਰ੍ਹਾਂ ਕਰਕੇ ਟ੍ਰੱਕ ਉੱਤੇ ਤੱਕ ਜਾਂਦਾ। ਅਤੇ ਹੁਣ ਵੀ ਜਦੋਂ ਮੈਂ ਬੈਂਬਰਟਨ ਪਾਰਕ ਜਾਂਦਾ ਹਾਂ, ਤਾਂ ਮੈਨੂੰ ਉਹ ਸੱਭ ਕੁਝ ਯਾਦ ਆ ਜਾਂਦਾ ਹੈ। ਜਦੋਂ ਟ੍ਰੱਕ (ਸਾਨੂੰ ਛੱਡ ਕੇ) ਉੱਪਰ ਚਲਾ ਜਾਂਦਾ ਤਾਂ ਮੈਂ ਆਪਣੀ ਮਾਂ ਨਾਲ ਉੱਥੇ ਲੰਚ ਲਈ ਲਿਆਂਦੇ ਪਰਾਉਂਠੇ ਖਾਂਦਾ ਅਤੇ ਫਿਰ ਉਹ ਵਾਪਸ ਆ ਕੇ ਸਾਨੂੰ ਵੀ ਉੱਪਰ ਨੂੰ ਲੈ ਜਾਂਦੇ।

ਵਿਸਾਖੀ ਸਮੇਂ ਵਿਕਟੋਰੀਆ ਜਾਣ ਵੇਲੇ ਵਿਸਾਖੀ ‘ਤੇ ਹੋਣ ਵਾਲੀਆਂ ਖੇਡਾਂ – ਭਾਰ ਚੁੱਕਣਾ, ਕਬੱਡੀ, ਫੀਲਡ ਹਾਕੀ, ਸਾਕਰ, ਅਤੇ ਹੋਰ ਖੇਡਾਂ – ਤੋਂ ਇਲਾਵਾ ਇਕ ਹੋਰ ਗੱਲ ਜਿਹੜੀ ਮੇਰੇ ਚੇਤਿਆਂ ਵਿੱਚ ਤਾਜ਼ਾ ਹੈ, ਉਹ ਇਹ ਹੈ ਕਿ ਅਸੀਂ ਕਦੇ ਵੀ ਕਿਸੇ ਹੋਟਲ ਵਿੱਚ ਨਹੀਂ ਠਹਿਰਦੇ ਸੀ। ਇਹ ਵੀ ਕਮਿਊਨਿਟੀ ਦੀ ਭਾਵਨਾ ਨਾਲ ਜੁੜਦੀ ਹੈ। ਲੋਕੀ (ਦੂਜੇ ਲੋਕਾਂ ਦੇ ਘਰੀਂ) ਫਰਸ਼ਾਂ ‘ਤੇ ਸੌਂ ਜਾਂਦੇ, ਸੋਫਿਆਂ ‘ਤੇ ਸੌਂ ਜਾਂਦੇ, ਤਿੰਨ-ਤਿੰਨ, ਚਾਰ-ਚਾਰ ਨਿਆਣੇ ਇਕ ਇਕ ਬਿਸਤਰੇ ‘ਤੇ ਸੌਂ ਜਾਂਦੇ। ਅਸੀਂ ਕੌਣ ਹਾਂ, (ਮੇਰੀ) ਇਸ ਬਾਰੇ ਬਹੁਤ ਸਾਰੀ ਸਮਝ ਉਨ੍ਹਾਂ ਦਿਨਾਂ ਤੋਂ ਬਣੀ ਹੈ।

ਜਦੋਂ ਮੈਂ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ਵਿੱਚ ਪੰਜਾਬੀ ਲਾਉਣ ਦੇ ਆਪਣੇ ਫੈਸਲੇ ਬਾਰੇ ਸੋਚਦਾ ਹਾਂ ਤਾਂ ਮੈਨੂੰ ਲੱਗਦਾ ਹੀ ਕਿ ਉਹ ਫੈਸਲਾ ਇਸ ਤਜਰਬੇ ਨਾਲ ਜੁੜਿਆ ਹੋਇਆ ਹੈ। ਕਿਉਂਕਿ ਆਪਣੀ ਜ਼ਿੰਦਗੀ ਬਾਰੇ ਮੁੜ ਕੇ ਦੇਖਦਿਆਂ ਹੋਇਆਂ ਮੈਂ ਆਪਣੇ ਸਭਿਆਚਾਰ ਨੂੰ ਬਚਾਉਣ ਦੀ ਕੀਮਤ ਸਮਝ ਸਕਿਆਂ ਕਿਉਂਕਿ ਜੇ ਤੁਸੀਂ ਆਪਣੀ ਬੋਲੀ ਗਵਾ ਦਿੱਤੀ ਤਾਂ ਤੁਸੀਂ ਆਪਣੀ ਸਾਰੀ ਪਰੰਪਰਾ ਅਤੇ ਕਦਰਾਂ ਕੀਮਤਾਂ ਅਤੇ ਉਨ੍ਹਾਂ ਦੀ ਮਹੱਤਤਾ ਗਵਾ ਦਿਉਗੇ। ਅਤੇ ਮੈਂ ਨਹੀਂ ਚਾਹੁੰਦਾ ਕਿ ਇਕ ਦਿਨ ਮੇਰੇ ਬੱਚੇ ਸ਼ੀਸ਼ੇ ਵਿੱਚ ਦੇਖਣ ਅਤੇ ਹੈਰਾਨ ਹੋਣ ਕਿ ਉਹ ਕੌਣ ਹਨ? ਉਹ ਕਿੱਥੋਂ ਆਏ ਹਨ? ਅੱਜ ਤੱਕ ਮੈਂ ਆਪਣੇ ਬੱਚਿਆਂ ਨਾਲ ਘਰ ਵਿੱਚ ਪੰਜਾਬੀ ਬੋਲਦਾ ਹਾਂ ਭਾਵੇਂ ਕਿ ਇਹ ਕਿੰਨਾ ਵੀ ਔਖਾ ਹੋਵੇ। ਅਤੇ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਇਹ ਨਾ ਭੁੱਲੋ ਕਿ ਤੁਸੀਂ ਕਿੱਥੋਂ ਆਏ ਹੋ?

ਉਸ ਵੇਲੇ ਇਹ ਇਸ ਤਰ੍ਹਾਂ ਸੀ। ਪਿੱਛੇ ਬਾਰੇ ਗੱਲਬਾਤ ਕਰਕੇ ਮੈਂ ਇਹ ਦਸਣਾ ਚਾਹੁੰਦਾ ਸੀ ਕਿ ਮੇਰੇ ਬਚਪਨ ਦੀਆਂ ਯਾਦਾਂ ਉਸ ਤਜਰਬੇ ਦਾ ਹਿੱਸਾ ਹਨ ਅਤੇ ਉਦੋਂ ਅਸੀਂ ਪੰਜਾਬੀ ਸਿੱਖਾਂ ਦੇ ਤੌਰ ‘ਤੇ ਕਿਸ ਤਰ੍ਹਾਂ ਦੇ ਸੀ।

ਇਕ ਹੋਰ ਬਚਪਨ ਦੀ ਗੱਲ ਜਿਹੜੀ ਮੈਨੂੰ ਹਮੇਸ਼ਾਂ ਯਾਦ ਰਹਿੰਦੀ ਹੈ, ਉਹ ਹੈ ਪਾਲਦੀ ਦਾ ਜੋੜ ਮੇਲਾ। ਵੀਕ ਇੰਡ ‘ਤੇ ਮੈਂ ਇਸ ਬਾਰੇ ਕਿਸੇ ਨਾਲ ਗੱਲ ਕਰ ਰਿਹਾ ਸੀ ਕਿਉਂਕ ਅਸੀਂ ਇਕ ਹੈਲੀਕੌਪਟਰ ਵਿੱਚ ਸੀ ਅਤੇ ਮੈਂ ਉਸ ਨੂੰ ਉੱਥੋਂ (ਪਾਲਦੀ ਦੇ ਉੱਤੋਂ) ਦੀ ਜਾਣ ਲਈ ਕਿਹਾ ਸੀ। ਜੇ ਤੁਸੀਂ ਅੱਜ ਉੱਥੇ ਜਾਵੋ ਤਾਂ ਤੁਹਾਨੂੰ ਬਹੁਤ ਉਦਾਸੀ ਹੁੰਦੀ ਹੈ ਕਿਉਂਕਿ ਉਹ ਪਿੰਡ ਪੂਰੀ ਤਰ੍ਹਾਂ ਉੱਜੜ ਚੁੱਕਾ ਹੈ ਅਤੇ ਅਸੀਂ ਜਿਹੜੇ ਉੱਥੇ ਜੰਮੇ ਪਲੇ ਸੀ ਸਾਨੂੰ ਅੱਜ ਵੀ ਉਹ ਅਵਾਜ਼ਾਂ ਸੁਣਾਈ ਦਿੰਦੀਆਂ ਹਨ। ਤੁਹਾਨੂੰ ਪਤਾ ਹੈ ਕਿ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਜਦੋਂ ਕੁੱਕ ਹਾਊਸ ਪੂਰੀ ਤਰ੍ਹਾਂ ਭਰਿਆ ਹੁੰਦਾ ਸੀ ਅਤੇ ਗੁਰਦੁਵਾਰੇ ਵਿੱਚ ਤਿਲ ਸੁੱਟਣ ਨੂੰ ਕੋਈ ਥਾਂ ਨਹੀਂ ਸੀ ਹੁੰਦੀ ਅਤੇ ਅੰਦਰ ਬੁਰੀ ਤਰ੍ਹਾਂ ਗਰਮੀ ਹੁੰਦੀ ਸੀ ਕਿਉਂਕਿ ਇਹ ਆਮ ਤੋਰ ‘ਤੇ ਗਰਮੀਆਂ ਵਿੱਚ ਹੁੰਦਾ ਸੀ। ਤੁਹਾਨੂੰ ਪਤਾ ਹੈ ਕਿ ਉਸ ਵੇਲੇ ਕਿਸ ਤਰ੍ਹਾਂ ਹੁੰਦਾ ਸੀ ਜਦੋਂ ਬਾਹਰ ਖੇਡਾਂ ਹੋ ਰਹੀਆਂ ਹੁੰਦੀਆਂ ਸਨ, ਅਤੇ ਉੱਥੇ ਇਕ ਭਾਈਚਾਰਕ ਪਿਆਰ ਦਾ ਅਹਿਸਾਸ ਹੁੰਦਾ ਸੀ। ਵਿਲੀਅਮਜ਼ ਲੇਕ ਦੀ ਟੀਮ ਲੇਕ ਕਾਊਂਚਨ ਦੀ ਟੀਮ ਨਾਲ ਵਾਲੀਵਾਲ ਖੇਡਦੀ ਸੀ। ਅਸੀਂ ਲੇਕ ਕਾਊਂਚਨ ਤੋਂ ਉੱਥੇ ਜਾਂਦੇ ਸੀ, ਲੋਕ ਵਿਲੀਅਮਜ਼ ਲੇਕ ਤੋਂ ਉੱਥੇ ਆਉਂਦੇ ਸੀ, ਗੱਲ ਕਿ ਸਾਰੇ ਸਿੱਖ ਉੱਥੇ ਇਕੱਠੇ ਹੁੰਦੇ ਸਨ ਅਤੇ ਆਪਣੇ ਆਪ ਵਿੱਚ ਪਰੰਪਰਾ ਅਤੇ ਕਦਰਾਂ ਕੀਮਤਾਂ ਦੇ ਅਹਿਸਾਸ ਨੂੰ ਮਜ਼ਬੂਤ ਕਰਦੇ ਸੀ।

ਮੈਂ ਚਾਹੁੰਦਾ ਹਾਂ ਕਿ ਉਸ ਸਮੇਂ ਜਿਸ ਤਰ੍ਹਾਂ ਦਾ ਪਾਲਦੀ ਹੁੰਦਾ ਸੀ, ਉਸ ਨੂੰ ਯਾਦ ਰੱਖਣ ਲਈ ਉੱਥੇ ਕੋਈ ਯਾਦਗਾਰ ਬਣ ਸਕੇ। ਪਾਲਦੀ ਉਸ ਵੇਲੇ ਕੇਂਦਰ ਹੁੰਦਾ ਸੀ। ਭਾਵੇਂ ਕਿ ਅਸੀਂ ਹਿਲਕ੍ਰਿਸਟ ਵਿਖੇ ਮਿਸਾਚੀ ਲੇਕ ਦੇ ਗੁਰਦਵਾਰੇ ਵਿੱਚ ਜ਼ਿਆਦਾ ਜਾਂਦੇ ਸੀ ਪਰ ਬਹੁਤੇ ਬੱਚੇ ਜਿਹੜੇ ਉਸ ਸਮੇਂ ਵੱਡੇ ਹੋਏ ਸੀ ਉਹ ਹਿਲਕ੍ਰਿਸਟ ਦੇ ਮੁਕਾਬਲੇ ਪਾਲਦੀ ਨੂੰ ਜ਼ਿਆਦਾ ਮੋਹ ਨਾਲ ਯਾਦ ਕਰਦੇ ਹਨ। ਇਹ ਉਸ ਸਮੇਂ ਸਾਡੇ ਭਾਈਚਾਰੇ ਦਾ ਚਿੰਨ ਹੁੰਦਾ ਸੀ ਜਿੱਥੇ ਅਸੀਂ ਇਕੱਠੇ ਹੋ ਸਕਦੇ ਸੀ।

ਇਹ ਕਮਿਊਨਿਟੀ ਦੀ ਵਿੱਤੀ ਤਾਕਤ ਦਾ ਅਕਸ ਵੀ ਹੁੰਦਾ ਸੀ। ਮਿਓ ਪਰਿਵਾਰ ਨੇ ਆਉਣ ਵਾਲੇ ਬਹੁਤ ਸਾਰੇ ਮਰਦਾਂ ਨੂੰ ਕੰਮ ਦਿੱਤਾ ਸੀ। ਇਹ ਸੱਚ ਹੈ ਕਿ ਉਨ੍ਹਾਂ ਨੇ ਇਸ ਪਿੰਡ ਦਾ ਨਾਂ ਆਪਣੇ ਇੰਡੀਆ ਵਿਚਲੇ ਪਿੰਡ ਦੇ ਨਾਂ ‘ਤੇ ਰੱਖਿਆ ਸੀ ਕਿਉਂਕਿ ਸ਼ਬਦ ਮਿਓ ਦਾ ਯੂਕੌਨ ਵਿਚਲੇ ਕਸਬੇ ਮੇਓ ਨਾਲ ਭੁਲੇਖਾ ਪੈਂਦਾ ਸੀ। ਇਸ ਲਈ ਇੰਡੀਆ ਤੋਂ ਆਉਣ ਵਾਲੀ ਬਹੁਤ ਸਾਰੀ ਡਾਕ ਯੂਕੌਨ ਪਹੁੰਚ ਜਾਂਦੀ ਸੀ ਅਤੇ ਫਿਰ ਉੱਥੋਂ ਇੱਥੇ ਨੂੰ ਭੇਜੀ ਜਾਂਦੀ ਸੀ। ਇਸ ਤਰ੍ਹਾਂ ਪਾਲਦੀ ਨਾਲ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ ਅਤੇ ਬਹੁਤ ਸਾਰੇ ਨਾਂ ਵੀ ਜਿਵੇਂ ਉੱਪਲ ਜਿਵੇਂ ਕਿ ਜੱਜ ਵਾਲੀ ਉੱਪਲ। ਮੈਨੂੰ ਯਾਦ ਹੈ, ਜੱਜ ਵਾਲੀ ਸਾਡੇ ਘਰ ਦੁੱਧ ਡਿਲੀਵਰ ਕਰਿਆ ਕਰਦਾ ਸੀ, ਜਦੋਂ ਅਸੀਂ ਬੱਚੇ ਹੁੰਦੇ ਸੀ। ਅਤੇ ਇਕ ਹੋਰ ਨਾਂ ਹੈ, ਦੁੱਮਨ, ਹਰਬ ਦੁੱਮਨ। ਉਸ ਨੇ ਪਾਲਦੀ ਲਈ ਕਿੰਨਾ ਯੋਗਦਾਨ ਪਾਇਆ, ਅਸੀਂ ਅੱਜ ਵੀ ਉਸ ਬਾਰੇ ਗੱਲ ਕਰਦੇ ਹਾਂ। ਉਹ ਅੱਜ ਵੀ ਪਾਲਦੀ ਬਾਰੇ ਬੜੇ ਚਾਅ ਨਾਲ ਗੱਲ ਕਰਦਾ ਹੈ। ਅਤੇ ਮਿਓ ਦਾ ਨਾਂ ਤਾਂ ਪਾਲਦੀ ਨਾਲ ਜੁੜਿਆ ਹੋਇਆ ਹੀ ਹੈ।
ਇਸ ਤਰ੍ਹਾਂ ਸਮਾਂ ਬੀਤਣ ਨਾਲ ਜਿਹੜੇ ਲੋਕ ਸਾਡੀ ਕਮਿਊਨਿਟੀ ਵਿੱਚ ਕਾਮਯਾਬ ਹੋਏ, ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪਾਲਦੀ ਤੋਂ ਆਏ ਹਨ। ਇਸ ਲਈ ਮੇਰੇ ਖਿਆਲ ਵਿੱਚ ਸਰਕਾਰ ਨੂੰ ਉਸ ਬਾਰੇ ਕੋਈ ਯਾਦਗਾਰ ਬਣਾਉਣੀ ਚਾਹੀਦੀ ਹੈ ਕਿ ਉਸ ਪਿੰਡ ਦਾ ਸਾਡੀ ਕਮਿਊਨਿਟੀ ਲਈ ਕੀ ਮਤਲਬ ਸੀ। ਸਿਆਸਤ ਛੱਡਣ ਤੋਂ ਪਹਿਲਾਂ ਅਜਿਹਾ ਕਰ ਸਕਣ ਦਾ ਮੇਰਾ ਉਦੇਸ਼ ਹੋਵੇਗਾ।

ਜਦੋਂ ਮੈਂ ਆਪਣੇ ਬਚਪਨ ਦੇ ਤਜਰਬੇ ਨੂੰ ਯਾਦ ਕਰਦਾ ਹਾਂ, ਉਹ ਸਾਡੀ ਕਮਿਊਨਿਟੀ ਦਾ ਹਿੱਸਾ ਹੈ। ਤੁਹਾਡੇ ਸਵਾਲ ਦਾ ਜੁਆਬ ਇਹ ਹੈ ਕਿ ਮੈਂ ਇੰਡਿਆ ਵਿੱਚ ਪੈਦਾ ਨਹੀਂ ਹੋਇਆ ਸੀ। ਪਰ ਇਕ ਤਰ੍ਹਾਂ ਨਾਲ ਤੁਹਾਨੂੰ ਇਸ ਗੱਲ ਦੇ ਫਰਕ ਦਾ ਪਤਾ ਨਹੀਂ ਲਗਦਾ। ਇਹ ਉਸ ਸਮੇਂ ਜਿਸ ਤਰ੍ਹਾਂ ਦੀ ਸਾਡੀ ਕਮਿਊਨਿਟੀ ਹੁੰਦੀ ਸੀ, ਉਸ ਕਰਕੇ ਹੈ। ਮੇਰਾ 13 ਸਾਲ ਪਹਿਲਾਂ ਵਿਆਹ ਹੋਇਆ ਸੀ। ਮੇਰੀ ਪਤਨੀ ਦਾ ਪਰਿਵਾਰ ਥ੍ਰੀ ਮਾਈਲ ਹਾਊਸ ਵਿਖੇ ਰਹਿੰਦਾ ਸੀ, ਜਿਹੜਾ ਕਿ ਲੇਕ ਕਾਊਂਚਨ ਤੋਂ ਤਿੰਨ ਮੀਲ ਦੂਰ ਹੈ। ਉੱਥੇ ਬਹੁਤ ਸਾਰੇ ਘਰ ਹੁੰਦੇ ਸਨ, ਜਿਨ੍ਹਾਂ ਨੂੰ ਅਸੀਂ ਥ੍ਰੀ ਮਾਈਲ ਹਾਊਸ ਕਹਿੰਦੇ ਸੀ। ਇਸ ਤਰ੍ਹਾਂ ਅਸੀਂ ਦੋਵੇਂ ਇਕ ਹੀ ਜਗ੍ਹਾ ਤੋਂ ਆਏ ਹਾਂ ਅਤੇ ਸਾਡੀਆਂ ਕਦਰਾਂ ਕੀਮਤਾਂ ਇੱਕੋ ਜਿਹੀਆਂ ਹਨ।

ਸਵਾਲ: ਉਸ ਵੇਲੇ ਕਮਿਊਨਿਟੀ ਵਿੱਚ ਹੋਰ ਕੀ ਕੁਝ ਹੋ ਰਿਹਾ ਸੀ?

ਜਵਾਬ: ਵਿਆਹ ਵਗੈਰਾ। ਇਕ ਹੋਰ ਗੱਲ ਜਿਹਦੀ ਮੈਨੂੰ ਇਕ ਬੱਚੇ ਦੇ ਤੌਰ ‘ਤੇ ਹਮੇਸ਼ਾਂ ਉਡੀਕ ਰਹਿੰਦੀ ਸੀ, ਉਹ ਸੀæææ ਮੇਰਾ ਖਿਆਲ ਹੈ ਇਹ ਸੁਣ ਕੇ ਲੋਕ ਹੱਸਣਗੇ। ਮਹੀਨੇ ‘ਚ ਇਕ ਵਾਰ ਜਾਂ ਤਿੰਨ ਹਫਤਿਆਂ ‘ਚ ਇਕ ਵਾਰ ਲੇਕ ਕਾਊਂਚਨ ‘ਚ ਇਕ ਬੰਦਾ ਆਇਆ ਕਰਦਾ ਸੀ। ਉਹ ਮੂਵੀ ਥਿਏਟਰ ਕਿਰਾਏ ‘ਤੇ ਲੈਂਦਾ ਸੀ ਅਤੇ ਆਪਣੇ ਨਾਲ ਇੰਡੀਆ ਦੀਆਂ ਬਲੈਕ ਐਂਡ ਵਾਈਟ ਫਿਲਮਾਂ ਲਿਆਉਂਦਾ ਸੀ। ਜਿਹੜੀਆਂ ਵੀ ਉਹਨੂੰ ਲੱਭਦੀਆਂ। ਲੇਕ ਕਾਊਂਚਨ ਦੇ ਲੇਕ ਥਿਏਟਰ ਵਿੱਚ। ਅਤੇ ਸਾਰੀ ਕਮਿਊਨਿਟੀ, ਮੇਰੇ ਖਿਆਲ ‘ਚ ਸੈਂਕੜਿਆਂ ‘ਚ, ਉੱਥੇ ਇਕੱਠੀ ਹੁੰਦੀ ਸੀ। ਅਸੀਂ ਉੱਥੇ ਹਿੰਦੀ ਜਾਂ ਪੰਜਾਬੀ ਫਿਲਮਾਂ ਦੇਖਣ ਆਉਂਦੇ। ਮੈਨੂੰ ਬਲੈਕ ਐਂਡ ਵਾਈਟ ਫਿਲਮਾਂ ਦਾ ਚੇਤਾ ਹੈ। ਉਨ੍ਹਾਂ ਨੂੰ ਦੇਖਣ ਹਰ ਕੋਈ ਆਉਂਦਾ ਸੀ। ਕਈ ਵਾਰ ਏਦਾਂ ਹੁੰਦਾ ਸੀ ਕਿ ਕੁਝ ਲੋਕ ਜ਼ਿਆਦਾ ਪੀ ਕੇ ਸ਼ਰਾਬੀ ਹੋ ਜਾਂਦੇ ਜਾਂ ਕਦੇ ਕਦੇ ਕੋਈ ਛੋਟੀ ਮੋਟੀ ਲੜਾਈ ਵੀ ਹੋ ਜਾਂਦੀ ਸੀ, ਪਰ ਸਮੁੱਚੇ ਰੂਪ ਵਿੱਚ ਉੱਥੇ ਸ਼ੁਗਲ ਮੇਲਾ ਹੀ ਹੁੰਦਾ ਸੀ। ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਜਦੋਂ ਲੋਕ ਇਕ ਦੂਜੇ ਨੂੰ ਮਿਲਦੇ ਹਨ, ਉਦੋਂ ਹੁੰਦਾ ਹੈ।

ਇਸ ਤਰ੍ਹਾਂ ਇਕ ਬੱਚੇ ਦੇ ਤੌਰ ‘ਤੇ ਮੇਰੀ ਇਸ ਪੱਖ ਨਾਲ ਵੀ ਜਾਣਪਛਾਣ ਹੋਈ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਇੰਡੀਆ ਨੂੰ ਗਿਆ ਸੀ, ਮੈਂ ਉਦੋਂ ਚਾਰ ਸਾਲਾਂ ਦਾ ਸੀ। ਜਾਂ ਸ਼ਾਇਦ ਇਹ ਦੂਜੀ ਵਾਰ ਦੀ ਗੱਲ ਹੈ ਜਦੋਂ ਮੈਂ 12 ਸਾਲਾਂ ਦਾ ਸੀ। ਇਹ 1967-68 ਦੀ ਗੱਲ ਹੋਊਗੀ। ਅਸੀਂ ਇੰਡੀਆ ਨੂੰ ਗਏ ਅਤੇ ਮੈਨੂੰ ਸਿਨਮਾ ਦੇਖਣ ਲਈ ਆਪਣੇ ਕਜ਼ਨ ਦੇ ਨਾਲ ਲਾਈਨ ‘ਚ ਲੱਗਣਾ ਯਾਦ ਹੈ। ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਮਨਪ੍ਰਚਾਵੇ ਦਾ ਇਹ ਕਿੰਨਾ ਪ੍ਰਚੱਲਤ ਮਾਧਿਅਮ ਸੀ। ਇਹ ਇਸ ਤਰ੍ਹਾਂ ਕਿਉਂ ਸੀ? ਕਿਉਂਕਿ ਮਨਪ੍ਰਚਾਵੇ ਦਾ ਇਹ ਇੱਕੋ ਇੱਕ ਸਾਧਨ ਸੀ।

ਮੈਨੂੰ ਹਮੇਸ਼ਾਂ ਯਾਦ ਹੈ ਉਸ ਤਜਰਬੇ ਦਾ ਲੇਕ ਥਿਏਟਰ ਦੇ ਤਜਰਬੇ ਨਾਲ ਨਾਤਾ ਜੋੜਨਾ। ਉਦੋਂ ਮੈਨੂੰ ਪਤਾ ਲੱਗਾ ਕਿ ਕਿਉਂ ਹਰ ਜਣਾ ਲੇਕ ਥਿਏਟਰ ਨੂੰ ਜਾਂਦਾ ਸੀ, ਕਿਉਂਕਿ ਇਹ ਮਨਪ੍ਰਚਾਵੇ ਦਾ ਇੱਕੋ ਇਕ ਸਾਧਨ ਹੁੰਦਾ ਸੀ। ਅਤੇ ਉਹ ਪੁਰਾਣੇ ਪੱਥਰ ਦੇ ਰਿਕਾਰਡ, 78, ਜਿਹੜੇ 78 ਦੀ ਸਪੀਡ ‘ਤੇ ਚਲਦੇ ਸਨ। ਪੰਜਾਬੀ ਜਾਂ ਇੰਡੀਅਨ ਮਿਊਜ਼ਕ ਦੇ ਉਹ ਰਿਕਾਰਡ ਸੁਣਨੇ। ਮੈਨੂੰ ਉਹ ਪੂਰੀ ਤਰ੍ਹਾਂ ਯਾਦ ਹਨ।

ਇਸ ਲਈ ਢੁਕਵੇਂ ਸ਼ਬਦ ਦੀ ਅਣਹੋਂਦ ਕਾਰਨ, ਆਪਾਂ ਕਹਿ ਸਕਦੇ ਹਾਂ ਕਿ ਮੇਰਾ ਬਚਪਨ, ਅੰਤਰ-ਸਭਿਆਚਾਰਕ ਮਾਹੌਲ ਵਿੱਚ ਗੁਜ਼ਰਿਆ। ਮੇਰੇ ਸਾਰੇ ਪਿਆਰੇ ਪਲ ਪੰਜਾਬੀ ਤਜਰਬੇ ਨਾਲ ਸੰਬੰਧਤ ਹਨ। ਪਰ ਇਹਦਾ ਮਤਲਬ ਇਹ ਨਹੀਂ ਕਿ ਸਾਡਾ ਦੂਜੇ ਲੋਕਾਂ ਨਾਲ ਕੋਈ ਸੰਬੰਧ ਨਹੀਂ ਸੀ। ਕਨੇਡਾ ਵਿੱਚ ਵੱਡੇ ਹੋਏ ਹਰ ਕਿਸੇ ਬੱਚੇ ਵਾਂਗ ਅਸੀਂ ਉਹ ਗੱਲਾਂ ਵੀ ਕਰਦੇ ਸੀ ਜਿਹੜੀਆਂ ਹੁਣ ਮੈਂ ਆਪਣੇ ਬੱਚਿਆਂ ਨਾਲ ਕਰਨਾ ਚਾਹੁੰਦਾ ਹਾਂ। ਮੈਂ ਬੇਸਬਾਲ ਵੀ ਖੇਡਦਾ ਹੁੰਦਾ ਸੀ। ਮੈਂ ਲੇਕ ਕਾਊਂਚਨ ਵਿੱਚ ਗਰੇਡ 2 ਤੋਂ ਲਿਟਲ ਲੀਗ ਦਾ ਮੈਂਬਰ ਸੀ, ਬਿਲਕੁਲ ਉਸ ਤਰ੍ਹਾਂ ਜਿਵੇਂ ਮੈਂ ਹੁਣ ਆਪਣੇ ਬੱਚਿਆਂ ਨੂੰ ਲਿਟਲ ਲੀਗ ਵਿੱਚ ਲਿਜਾਂਦਾ ਹਾਂ। ਮੈਂ ਦੂਜਿਆਂ ਵਾਂਗ ਹਾਕੀ ਵੀ ਖੇਡਦਾ ਸੀ ਅਤੇ ਆਪਣੇ ਆਪ ਨੂੰ ਹਾਕੀ ਦਾ ਸਭ ਤੋਂ ਵਧੀਆ ਖਿਡਾਰੀ ਸਮਝਦਾ ਸੀ, ਜਿਵੇਂ ਮੈਂ ਹੁਣ ਆਪਣੇ ਪੁੱਤਰ ਨੂੰ ਕਰਦਾ ਦੇਖਦਾ ਹਾਂ। ਇਸ ਤਰ੍ਹਾਂ ਮੈਂ ਖੇਡਾਂ ਵਿੱਚ ਵੀ ਹਿੱਸਾ ਲੈਂਦਾ ਸੀ। ਮੈਂ ਬੁਆਏ ਸਕਾਊਟਸ ਦਾ ਵੀ ਮੈਂਬਰ ਸੀ। ਇੱਥੋਂ ਤੱਕ ਕਿ ਇਕ ਵਾਰ ਮੈਂ ਸੰਡੇ ਸਕੂਲ ਵੀ ਗਿਆ ਸੀ।

ਇਸ ਤਰ੍ਹਾਂ ਤੁਸੀਂ 2000 ਦੀ ਅਬਾਦੀ ਵਾਲੇ ਇਕ ਬਹੁਤ ਹੀ ਛੋਟੇ ਜਿਹੇ ਸ਼ਹਿਰ ਲੇਕ ਕਾਊਂਚਨ ਵਿੱਚ ਦੋ ਸਭਿਆਤਾਵਾਂ ਵਿੱਚ ਪਲ ਰਹੇ ਸੀ। ਅਤੇ ਗਰਮੀਆਂ ਵਿੱਚ ਤੁਸੀਂ ਆਪਣਾ ਸਮਾਂ ਕੈਂਪਿੰਗ ਅਤੇ ਮੱਛੀਆਂ ਫੜਦਿਆਂ ਲੰਘਾਉਂਦੇ ਸੀ। ਇਸ ਤਜਰਬੇ ਦੀ ਸਭ ਤੋਂ ਵਧੀਆ ਗੱਲ ਇਹ ਸੀ ਕਿ ਤੁਸੀਂ ਦੋ ਸਭਿਆਤਾਵਾਂ ਵਿੱਚੋਂ ਚੰਗੀਆਂ ਚੰਗੀਆਂ ਗੱਲਾਂ ਲੈ ਸਕਦੇ ਸੀ ਅਤੇ ਉਸ ਨੂੰ ਆਪਣੀ ਸ਼ਖਸੀਅਤ ਦਾ ਹਿੱਸਾ ਬਣਾ ਸਕਦੇ ਸੀ। ਜੇ ਗੈਰ-ਭਾਰਤੀ ਨਜ਼ਰੀਏ ਤੋਂ ਦੇਖਣਾ ਹੋਵੇ ਤਾਂ ਲੇਕ ਕਾਊਂਚਨ ਕੈਨੇਡਾ ਦੇ ਛੋਟਿਆਂ ਸ਼ਹਿਰਾਂ ਵਰਗਾ ਇਕ ਸ਼ਹਿਰ ਸੀ ਅਤੇ ਜੇ ਭਾਰਤੀ ਨਜ਼ਰੀਏ ਤੋਂ ਦੇਖਣਾ ਹੋਵੇ ਤਾਂ ਇਹ ਇੰਡੀਆ ਦੇ ਪਿੰਡਾਂ ਵਰਗਾ ਇਕ ਪਿੰਡ ਸੀ। ਅਤੇ ਉਹ ਵੱਖ ਵੱਖ ਸਭਿਆਤਾਵਾਂ ਦੇ ਸੁਮੇਲ ਵਾਲਾ ਸ਼ਹਿਰ ਸੀ ਅਤੇ ਮੈਂ ਉੱਥੇ ਪਲਿਆ ਸੀ। ਅਸੀਂ ਉੱਥੇ 1955 ਤੋਂ ਲੈ ਕੇ 1965 ਤੱਕ ਰਹੇ।

ਸਵਾਲ: ਹੋਰ ਕਿਹੜੇ ਕਿਹੜੇ ਐਥਨਿਕ ਭਾਈਚਾਰਿਆਂ ਦੇ ਲੋਕ ਉੱਥੇ ਰਹਿੰਦੇ ਸਨ?
ਜਵਾਬ: ਪਾਲਦੀ ‘ਚ ਉਸ ਵੇਲੇ ਬਹੁਤ ਸਾਰੇ ਜਾਪਾਨੀ, ਚੀਨੇ ਅਤੇ ਸਵੀਡਿਸ਼ ਲੋਕ ਰਹਿੰਦੇ ਸਨ। ਮੈਨੂੰ ਚੀਨਿਆਂ ਦਾ ਯਾਦ ਹੈ ਕਿਉਂਕਿ ਉਹ ਕੁੱਕਹਾਊਸ ਵਿੱਚ ਕੰਮ ਕਰਦੇ ਸੀ। ਜਦੋਂ ਅਸੀਂ ਲੰਗਰ ਖਾਂਦੇ ਸੀ ਤਾਂ ਉਹ ਬਾਅਦ ਵਿੱਚ ਸਫਾਈ ਦਾ ਕੰਮ ਕਰਦੇ ਸੀ। ਹੁਣ ਵੀ ਮੈਨੂੰ ਕਦੇ ਕਦੇ ਉਹਨਾਂ ਵਿੱਚੋਂ ਕੋਈ ਨਾ ਕੋਈ ਮਿਲ ਪੈਂਦਾ ਹੈ। ਹੁਣ ਉਹ ਬੁੱਢੇ ਹੋ ਚੁੱਕੇ ਹਨ। ਇਕ ਵਾਰ ਮੈਂ ਵਿਕਟੋਰੀਆ ਵਿੱਚ ਇਕ ਚੀਨੇ ਨੂੰ ਮਿਲਿਆ ਸੀ ਜਿਹੜਾ ਵਿਕਟੋਰੀਆ ਦੇ ਗੁਰਦਵਾਰੇ ਵਿੱਚ ਕੰਮ ਕਰਦਾ ਹੁੰਦਾ ਸੀ। ਉਹ ਅਜੇ ਵੀ ਪੰਜਾਬੀ ਬੋਲ ਲੈਂਦਾ ਹੈ। ਕਿਉਂਕਿ ਉਨ੍ਹਾਂ ਦਿਨਾਂ ਵਿੱਚ ਕੁਝ ਚੀਨਿਆਂ ਨੇ ਪੰਜਾਬੀ ਬੋਲਣੀ ਸਿੱਖ ਲਈ ਸੀ। ਉਨ੍ਹਾਂ ਵਿੱਚੋਂ ਹੁਣ ਬਹੁਤੇ ਜਿਉਂਦੇ ਨਹੀਂ ਹਨ। ਜਾਪਾਨੀ ਅਤੇ ਸਵੀਡਿਸ਼ ਲੋਕ ਵੀ ਉੱਥੇ ਰਹਿੰਦੇ ਸਨ।

ਇਕ ਹੋਰ ਗੱਲ ਜਿਹੜੀ ਮੈਨੂੰ ਯਾਦ ਹੈ, ਉਹ ਇਹ ਹੈ ਕਿ ਉਦੋਂ ਸਿਆਸਤ ਦੀ ਹਮੇਸ਼ਾਂ ਗੱਲ ਹੁੰਦੀ ਰਹਿੰਦੀ ਸੀ। ਬੰਕਹਾਊਸਾਂ ਵਿੱਚ ਜਾਂ ਘਰ ਜਾਂ ਵਿਸਾਖੀ ਦੇ ਜੋੜ ਮੇਲੇ ‘ਤੇ, ਹਮੇਸ਼ਾਂ ਆਈ ਡਬਲਿਊ ਏ (ਇੰਟਰਨੈਸ਼ਨਲ ਵੁੱਡਵਰਕਰਜ਼ ਆਫ ਅਮਰੀਕਾ) ਦੀ ਗੱਲ ਹੁੰਦੀ ਰਹਿੰਦੀ ਸੀ। ਹਮੇਸ਼ਾਂ ਸੀ ਸੀ ਐੱਫ (ਕੋਅਪ੍ਰੇਟਿਵ ਕਾਮਨਵੈਲਥ ਫੈਡਰੇਸ਼ਨ) ਬਾਰੇ ਗੱਲ ਹੁੰਦੀ ਰਹਿੰਦੀ ਸੀ। ਅਤੇ ਜਿੱਥੋਂ ਤੱਕ ਮੈਨੂੰ ਯਾਦ ਹੈ ਇਸ ਗੱਲ ਬਾਰੇ ਕਦੇ ਵੀ ਕੋਈ ਸ਼ੱਕ ਨਹੀਂ ਸੀ ਹੁੰਦਾ ਕਿ ਕਿਹੜੀ ਸਿਆਸੀ ਪਾਰਟੀ ਸਾਡੀ ਕਮਿਊਨਿਟੀ ਦੀ ਮਦਦ ਕਰਦੀ ਹੁੰਦੀ ਸੀ। ਜਦੋਂ ਉਹ ਸਾਨੂੰ ਸਾਅ ਮਿੱਲਾਂ ਵਿੱਚ ਦੂਜਿਆਂ ਦੇ ਮੁਕਾਬਲੇ ਘੰਟੇ ਦੇ 10 ਸੈਂਟ ਘੱਟ ਦਿੰਦੇ ਸੀ, ਉਸ ਵੇਲੇ ਯੂਨੀਅਨ, ਸੀ ਸੀ ਐੱਫ ਅਤੇ ਐੱਨ ਡੀ ਪੀ ਹੀ ਸਾਡੇ ਹੱਕਾਂ ਲਈ ਲੜਦੀਆਂ ਸਨ। ਜਦੋਂ ਵੋਟ ਦੇ ਹੱਕ ਦੀ ਗੱਲ ਚੱਲੀ ਸੀ ਤਾਂ ਇਹ ਸੀ ਸੀ ਐੱਫ ਅਤੇ ਐੱਨ ਡੀ ਪੀ ਵਾਲੇ ਹੀ ਸਨ ਜੋ ਕਹਿੰਦੇ ਸਨ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਲਿਬਰਲ ਅਤੇ ਕੰਜ਼ਰਵਟਿਵਜ਼ ਵਾਲੇ ਇਸ ਗੱਲ ਦਾ ਵਿਰੋਧ ਕਰਦੇ ਸਨ। ਸਾਡੇ ਲੋਕ ਅਤੇ ਸਾਡਾ ਸਭਿਆਚਾਰ ਸਿਆਸੀ ਹੈ। ਅਤੇ ਲੋਕ ਪੂਰੇ ਜੋਸ਼ ਅਤੇ ਚਾਅ ਨਾਲ ਆਪਣੀ ਸਿਆਸਤ ਬਾਰੇ ਸੋਚਦੇ ਸਨ।

ਸਾਡੇ ਕੋਲ ਇਕ ਪਿਕਚਰ ਹੈ ਜਿਹੜੀ ਮੇਰੀ ਮਾਂ ਨੇ ਬਹੁਤ ਸਾਂਭ ਕੇ ਰੱਖੀ ਹੋਈ ਹੈ। ਇਸ ਪਿਕਚਰ ਵਿੱਚ ਟੌਮੀ ਡਗਲਸ, ਲੇਕ ਕਾਊਂਚਨ ਵਿੱਚ ਸਾਡੇ ਘਰ ਆਇਆ ਹੋਇਆ ਹੈ। ਉਸ ਵਿੱਚ ਉਹ ਮੇਰੇ ਪਿਤਾ ਅਤੇ ਇੰਡੋਕਨੇਡੀਅਨ ਕਮਿਊਨਿਟੀ ਦੇ ਕਈ ਹੋਰ ਮਰਦਾਂ ਦੇ ਨਾਲ ਹੈ। ਇਹ ਇਕ ਪੁਰਾਣੀ ਬਲੈਕ ਐਂਡ ਵਾਈਟ ਫੋਟੋ ਹੈ ਅਤੇ ਮੈਂ ਟੌਮੀ ਡਗਲਸ ਦੀ ਗੋਦੀ ਵਿੱਚ ਬੈਠਾ ਹਾਂ, ਉਸ ਦੇ ਚਿਹਰੇ ਦੇ ਪ੍ਰਭਾਵ ਬਹੁਤ ਅਸੁਖਾਂਵੇਂ ਹਨ। ਅਤੇ ਜਦੋਂ ਵੀ ਮੈਂ ਉਸ ਫੋਟੋ ਵੱਲ ਦੇਖਦਾ ਹਾਂ ਤਾਂ ਮੈਂ ਸੋਚਦਾ ਹਾਂ ਕਿ ਸ਼ਾਇਦ ਮੈਂ ਜ਼ਰੂਰ ਉਸ ਉੱਤੇ ਪਿਸ਼ਾਬ ਕਰ ਦਿੱਤਾ ਹੋਵੇਗਾ ਜਾਂ ਇਸ ਤਰ੍ਹਾਂ ਦਾ ਕੁਝ ਹੋਰ ਕਿਉਂਕਿ ਉਹ ਬਹੁਤ ਬੇਅਰਾਮ ਲੱਗਦਾ ਹੈ।

ਪਰ ਉਹ ਫੋਟੋ ਤੁਹਾਨੂੰ ਅਸਲੀਅਤ ਦਿਖਾਉਂਦੀ ਹੈ। ਅੱਜਕੱਲ੍ਹ ਲੇਕ ਕਾਉਂਚਨ ਦੀ ਵੱਡੀ ਬਹੁਗਿਣਤੀ, 85 ਫੀਸਦੀ ਦੇ ਕਰੀਬ ਐਨ ਡੀ ਐੱਪ ਨੂੰ ਵੋਟ ਪਾਉਂਦੀ ਹੈ। ਇਹ ਫੋਟੋ ਦਿਖਾਉਂਦੀ ਹੈ ਕਿ ਇਸ ਪਿੱਛੇ ਡੂੰਘੀਆਂ ਸਿਆਸੀ ਜੜ੍ਹਾਂ ਹਨ। ਇਸ ਹੀ ਤਰ੍ਹਾਂ ਸਾਡੀ ਕਮਿਊਨਿਟੀ ਵੋਟ ਪਾਉਂਦੀ ਹੈ। ਲੋਕੀ ਇਸ ਬਾਰੇ ਗੱਲਾਂ ਕਰਦੇ ਹਨ। ਪਰ ਸਿਆਸੀ ਨਜ਼ਰੀਏ ਤੋਂ ਅਸੀਂ ਕਹਿ ਸਕਦੇ ਹਾਂ ਕਿ ਸੂਬਾਈ ਪੱਧਰ ‘ਤੇ ਸਾਨੂੰ (ਆਪਣੀ ਕਮਿਊਨਿਟੀ ਵਲੋਂ) ਕਾਫੀ ਹਿਮਾਇਤ ਮਿਲਦੀ ਹੈ। ਅਤੇ ਮੇਰੇ ਖਿਆਲ ਵਿੱਚ ਇਹ ਵੱਡੀ ਹਿਮਾਇਤ ਉਸ ਇਤਿਹਾਸ ਕਰਕੇ ਹੈ ਅਤੇ ਇਸ ਕਰਕੇ ਹੈ ਕਿ ਹੈਰੀ (ਲਾਲੀ), ਉੱਜਲ (ਦੁਸਾਂਝ) ਅਤੇ ਮੈਂ ਇਹ ਗੱਲ ਪੱਕੀ ਕਰਦੇ ਹਾਂ ਕਿ ਲੋਕਾਂ ਨੂੰ ਉਹ ਇਤਿਹਾਸ ਭੁੱਲਣ ਨਾ ਦੇਈਏ, ਅਤੇ ਇਸ ਦੇ ਨਾਲ ਹੀ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਸੀਂ ਸਕੂਲਾਂ ਵਿੱਚ ਪੰਜਾਬੀ ਲਾਉਣ ਦੇ ਪ੍ਰੋਗਰਾਮ ਬਣਾ ਕੇ ਕਮਿਊਨਿਟੀ ਵੱਲ ਸਤਿਕਾਰ ਦਿਖਾਈਏ ਤਾਂ ਕਿ ਲੋਕਾਂ ਨੂੰ ਇਹ ਗੱਲ ਯਾਦ ਰਹੇ ਕਿ ਕਿਹੜੇ ਲੋਕ ਕਿਹਨਾਂ ਲੋਕਾਂ ਦੀ ਧਿਰ ਹਨ। ਗੱਲਾਂ ਕਰਨੀਆਂ ਸੌਖੀਆਂ ਹਨ ਅਤੇ ਕੰਮ ਕਰਨੇ ਔਖੇ। ਅਤੇ ਮੈਂ ਇਸ ਗੱਲੋਂ ਬਹੁਤ ਖੁਸ਼ ਹਾਂ। ਜਦੋਂ ਮੈਂ ਇਕ ਸਿਆਸਤਦਾਨ ਵਜੋਂ ਆਪਣੇ ਤਜਰਬੇ ਨੂੰ ਦੇਖਦਾ ਹਾਂ, ਤਾਂ ਸਕੂਲਾਂ ਵਿੱਚ ਪੰਜਾਬੀ ਲਵਾਉਣ ਦਾ ਫੈਸਲਾ ਮੈਨੂੰ ਇਕ ਪੰਜਾਬੀ ਸਿੱਖ ਵਜੋਂ ਬਹੁਤ ਜ਼ਿਆਦਾ ਤਸੱਲੀ ਦਿੰਦਾ ਹੈ। ਸ਼ਾਇਦ ਬਹੁਤ ਹੀ ਭਾਵਕ ਕਰ ਦੇਣ ਵਾਲਾ ਫੈਸਲਾ ਸੀ ਉਹ। ਉਸ ਦਿਨ ਇੰਡੋਕਨੇਡੀਅਨ ਪ੍ਰੈਸ ਵਿੱਚੋਂ ਸਿਰਫ ਇਕ ਬੰਦਾ ਹੀ (ਪ੍ਰੈਸ ਕਾਨਫਰੰਸ ਵਿੱਚ) ਆਇਆ ਸੀ, ਉਹ ਸੀ ਲਿੰਕ ਵਲੋਂ ਪ੍ਰਮੋਦ ਪੁਰੀ। ਕਿਉਂਕਿ ਉਹਨਾਂ (ਇੰਡੋਕਨੇਡੀਅਨ ਮੀਡੀਆ) ਨੂੰ ਇਸ ਸਮਾਗਮ ਦੀ ਮਹੱਤਤਾ ਦੀ ਸਮਝ ਨਹੀਂ ਸੀ। ਤੁਹਾਨੂੰ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ਜਦੋਂ ਮੈਂ ਉਹ ਐਲਾਨ ਕੀਤਾ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਅਤੇ ਫਿਰ ਵੀ ਉਸ ਵੇਲੇ ਉੱਥੇ ਬਹੁਤ ਘੱਟ ਲੋਕ ਸਨ ਕਿਉਂਕਿ ਉਨ੍ਹਾਂ ਨੂੰ ਉਸ ਗੱਲ ਦੀ ਮਹੱਤਤਾ ਦੀ ਸਮਝ ਨਹੀਂ ਸੀ, ਜਿਹੜੀ ਗੱਲ ਉਸ ਦਿਨ ਅਸੀਂ ਇਕ ਸਰਕਾਰ ਵਲੋਂ ਕਰਨ ਜਾ ਰਹੇ ਸੀ।

ਸਵਾਲ: ਸੋ ਉਸ ਵੇਲੇ ਹੋਰ ਕਿਹੜੇ ਮਸਲੇ ਸਨ ਜਿਹਨਾਂ ਬਾਰੇ ਲੋਕ ਗੱਲਾਂ ਕਰਦੇ ਸਨ? ਸਿਆਸੀ ਮਸਲੇ?
ਜਵਾਬ: ਮੈਨੂੰ ਪੂਰਾ ਯਾਦ ਨਹੀਂ। ਉਸ ਵੇਲੇ ਮੇਰੀ ਉਮਰ ਬਹੁਤ ਛੋਟੀ ਸੀ। ਮੈਨੂੰ ਬਹੁਤ ਕੁਝ ਯਾਦ ਨਹੀਂ ਹੈ। ਮੈਨੂੰ ਯਾਦ ਹੈ ਕਿ ਤੁਸੀਂ ਉਸ ਵੇਲੇ ਵੈਨਕੂਵਰ ਦੇ ਕੁਝ ਹਿੱਸਿਆਂ ਵਿੱਚ ਜ਼ਮੀਨ ਨਹੀਂ ਖ੍ਰੀਦ ਸਕਦੇ ਸੀ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਅਸੀਂ 1955 ਤੋਂ 1965 ਤੱਕ ਲੇਕ ਕਾਊਂਚਨ ‘ਚ ਰਹੇ। ਫਿਰ 1965 ਦੀਆਂ ਗਰਮੀਆਂ ਵਿੱਚ ਮੇਰੇ ਬਾਪ ਨੇ ਮੈਨੂੰ ਇਕ ਇਮਤਿਹਾਨ ਲਿਖਣ ਲਈ ਕਿਹਾ। ਤੁਹਾਨੂੰ ਜੋ ਕੁਝ ਤੁਹਾਡੇ ਬਾਪ ਵਲੋਂ ਕਿਹਾ ਜਾਂਦਾ ਸੀ, ਤੁਸੀਂ ਉਹ ਕਰਦੇ ਸੀ। ਕਈ ਵਾਰੀ ਮੈਂ ਸੋਚਦਾ ਹਾਂ ਕਿ ਕਾਸ਼ ਅੱਜ ਵੀ ਉਸ ਤਰ੍ਹਾਂ ਹੁੰਦਾ। ਮੈਂ ਜਾ ਕੇ ਇਹ ਇਮਤਿਹਾਨ ਦਿੱਤਾ ਅਤੇ ਇਸ ਤੋਂ ਅੱਗੇ ਜਿਹੜੀ ਗੱਲ ਦਾ ਮੈਨੂੰ ਪਤਾ ਲੱਗਾ ਕਿ ਅਸੀਂ ਵੈਨਕੂਵਰ ਮੂਵ ਹੋ ਰਹੇ ਹਾਂ ਕਿਉਂਕਿ –
ਸਵਾਲ: ਕੀ ਉਸ ਸਮੇਂ ਤੁਹਾਡੇ ਪਿਤਾ ਜੀ ਵੈਨਕੂਵਰ ਵਿੱਚ ਕੰਮ ਕਰਦੇ ਸੀ?

ਜਵਾਬ: ਨਹੀਂ ਉਸ ਵੇਲੇ ਮੇਰਾ ਬਾਪ ਇਨਟੀਰੀਅਰ ਵਿੱਚ ਇਕ ਫਰਨੀਚਰ ਸਟੋਰ ‘ਤੇ ਕੰਮ ਕਰਦਾ ਸੀ। ਪਰ ਮੇਰੀ ਮਾਂ ਅਤੇ ਮੇਰੀ ਭੈਣ ਮੇਰੇ ਨਾਲ ਮੂਵ ਹੋਈਆਂ ਸਨ। ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ, ਪਰ ਮੈਂ ਉਹ ਇਮਤਿਹਾਨ ਏਨਾ ਵਧੀਆ ਕੀਤਾ ਸੀ ਕਿ ਮੈਨੂੰ ਇਕ ਪ੍ਰਾਈਵੇਟ ਸਕੂਲ ਵਿੱਚ ਜਾਣ ਲਈ ਸਕਾਲਰਸ਼ਿੱਪ ਮਿਲ ਗਈ ਸੀ। ਲੇਕ ਕਾਊਂਚਨ ਵਰਗੇ ਇਕ ਨਿੱਕੇ ਜਿਹੇ ਸ਼ਹਿਰ ਤੋਂ ਵੈਨਕੂਵਰ ਵਰਗੇ ਇਕ ਵੱਡੇ ਸ਼ਹਿਰ ਵਿੱਚ ਜਾਣਾ, ਆਪਣੀ ਮਾਂ ਦੇ ਨਾਲ ਜਿਹੜੀ ਅੰਗਰੇਜ਼ੀ ਨਹੀਂ ਬੋਲ ਸਕਦੀ ਸੀ, ਅਤੇ ਭੈਣ ਦੇ ਨਾਲ ਜੋ ਬਹੁਤ ਛੋਟੀ ਸੀ, ਮੇਰੇ ਲਈ ਇਕ ਬਹੁਤ ਵੱਡੀ ਤਬਦੀਲੀ ਸੀ। ਮੇਰਾ ਬਾਪ ਸਾਡੇ ਨਾਲ ਨਹੀਂ ਸੀ। ਇਸ ਲਈ ਮੈਨੂੰ ਹੀ ਸਭ ਕੁਝ ਕਰਨਾ ਪੈਂਦਾ ਸੀ। ਸਾਨੁੰ ਰਹਿਣ ਲਈ ਗਰੈਂਵਿਲ ਸਟਰੀਟ ਅਤੇ 13 ਐਵੇਨਿਊ ‘ਤੇ ਇਕ ਥਾਂ ਮਿਲ ਗਈ ਅਤੇ ਮੈਨੂੰ ਉੱਥੋਂ ਡਨਬਾਰ ਅਤੇ 29 ਐਵੇਨਿਊ ਸਥਿਤ ਆਪਣੇ ਸਕੂਲ ਵਿੱਚ ਜਾਣ ਲਈ ਬੱਸ ਦੇ ਰੂਟ ਦਾ ਪਤਾ ਕਰਨਾ ਪੈਣਾ ਸੀ, ਅਤੇ ਗਰੌਸਰੀ ਲਿਆਉਣ ਅਤੇ ਉਸ ਤਰ੍ਹਾਂ ਦੇ ਹੋਰ ਕੰਮਾਂ ਦਾ ਖਿਆਲ ਰੱਖਣਾ ਪੈਣਾ ਸੀ, ਜਿੰਨਾ ਚਿਰ ਤੱਕ ਮੇਰੀ ਮਾਂ ਉਸ ਇਲਾਕੇ ਤੋਂ ਥੋੜ੍ਹਾ ਜਿਹਾ ਜਾਣੂ ਨਾ ਹੋ ਜਾਵੇ।

ਪਰ ਤੁਹਾਡੇ ਸਵਾਲ ਦੇ ਜੁਆਬ ਵਿੱਚ ਮੈਨੂੰ ਯਾਦ ਆਉਂਦਾ ਹੈ ਕਿ ਅਸੀਂ 1965 ਦੀ ਪਤਝੜ ਰੁੱਤ ਵਿੱਚ ਘਰ ਲੱਭਦੇ ਪਏ ਸੀ ਅਤੇ ਅਸੀਂ ਬ੍ਰਿਟਿਸ਼ ਪ੍ਰਾਪਰਟੀ ਦੇ ਇਲਾਕੇ ਵਿੱਚ ਗਏ ਜਿੱਥੇ ਘਰ ਸੇਲ ‘ਤੇ ਲੱਗੇ ਹੋਏ ਸਨ। ਅਸੀਂ ਇਕ ਘਰ ਦੇਖਣ ਗਏ। ਮੈਨੂੰ ਯਾਦ ਹੈ ਕਿ ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਸਾਨੂੰ ਉੱਥੇ ਨਹੀਂ ਹੋਣਾ ਚਾਹੀਦਾ ਸੀ। ਮੇਰੇ ਬਾਪ ਨੇ ਉਸ ਲਈ ਇਕ ਆਫਰ ਦੇਣੀ ਚਾਹੀ। ਰੀਐਲਟਰ ਨੇ ਉਸ ਨੂੰ ਕਿਹਾ ਕਿ ਥੋੜ੍ਹੀ ਦੇਰ ਬਾਅਦ ਆਇਓ। ਅਸੀਂ ਕੁਝ ਘੰਟਿਆਂ ਬਾਅਦ ਵਾਪਸ ਗਏੇ, ਤਾਂ ਬੜੇ ਹੈਰਾਨ ਹੋਏ ਕਿ ਘਰ ਅੱਗੇ ਕੋਈ ਸਾਈਨ ਨਹੀਂ ਲੱਗਾ ਹੋਇਆ ਸੀ। ਅਸੀਂ ਇਸ ਨੂੰ ਦੇਖਿਆ ਅਤੇ ਸੋਚਣ ਲੱਗੇ ਕਿ ਇੱਥੇ ਕੀ ਵਾਪਰਿਆ ਸੀ। ਪਹਿਲਾਂ ਸਾਈਨ ਲੱਗਾ ਹੋਇਆ ਸੀ। ਅਤੇ ਹੁਣ ਸਾਈਨ ਨਹੀਂ ਸੀ। ਬਾਅਦ ਵਿੱਚ ਮੇਰੀ ਮਾਂ ਅਤੇ ਬਾਪ ਨੇ ਦੱਸਿਆ ਕਿ ਅਸੀਂ ਉੱਥੇ ਪ੍ਰਾਪਰਟੀ ਨਹੀਂ ਲੈ ਸਕਦੇ ਸੀ। ਪਰ ਮੇਰਾ ਬਾਪ ਫਿਰ ਵੀ ਕੋਸ਼ਿਸ਼ ਕਰਨੀ ਚਾਹੁੰਦਾ ਸੀ। ਇਹ ਗੱਲ ਮੈਨੂੰ ਕਦੇ ਵੀ ਨਹੀਂ ਭੁੱਲੀ।

ਜ਼ਿੰਦਗੀ ਵਿੱਚ ਕਈ ਵਾਰ ਮੈਂ ਕਈ ਗੱਲਾਂ ਕਰਨ ਵਾਲਾ ਪਹਿਲਾ ਇਨਸਾਨ ਬਣਿਆ ਹਾਂ। ਪਹਿਲੀ ਵਾਰ 1965 ਵਿੱਚ ਮੈਂ ਇੰਡੀਅਨ ਪਿਛੋਕੜ ਵਾਲਾ ਪਹਿਲਾ ਵਿਦਿਆਰਥੀ ਬਣਿਆ ਜਿਹੜਾ ਇੱਥੇ ਪ੍ਰਾਈਵੇਟ ਸਕੂਲ ਵਿੱਚ ਦਾਖਲ ਹੋਇਆ ਸੀ। ਮੈਂ ਪ੍ਰਾਈਵੇਟ ਸਕੂਲ ਵਿੱਚ ਗਿਆ ਬਿਨਾਂ ਇਹ ਜਾਣੇ ਕਿ ਉੱਥੇ ਕਿਸ ਤਰ੍ਹਾਂ ਨਿਪਟਣਾ ਹੈ। ਪਹਿਲੀ ਗੱਲ ਇਹ ਸੀ ਕਿ ਮੈਂ ਲੇਕ ਕਾਊਂਚਨ ਵਰਗੇ ਛੋਟੇ ਜਿਹੇ ਸ਼ਹਿਰ ਤੋਂ ਆਇਆ ਸੀ, ਦੂਜੀ ਗੱਲ ਇਹ ਸੀ ਕਿ ਮੈਂ ਐਂਗਲੀਕਨ ਨਹੀਂ ਸੀ। ਅਤੇ ਸਕੂਲ ਐਂਗਲੀਕਨ ਸੀ। ਪਹਿਲੇ ਦਿਨ ਮੈਂ ਸਕੂਲ ਗਿਆ ਅਤੇ ਉੱਥੇ ਤੁਹਾਨੂੰ ਚਰਚ ਵਿੱਚ ਜਾਣਾ ਪੈਣਾ ਸੀ। ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਕਿ ਤੁਹਾਨੂੰ ਉੱਥੇ ਗੋਡਿਆਂ ਭਾਰ ਕਿਉਂ ਝੁਕਣਾ ਪੈਂਦਾ ਸੀ, ਅਤੇ ਤੁਸੀਂ ਚਰਚ ਵਿੱਚ ਕੋਈ ਗੱਲ ਕਿਉਂ ਨਹੀਂ ਸੀ ਕਰ ਸਕਦੇ। ਮੈਂ ਗੁਰਦਵਾਰੇ ਜਾਣ ਦਾ ਆਦੀ ਸੀ, ਅਤੇ ਉੱਥੇ ਤੁਸੀਂ ਹਰ ਇਕ ਨਾਲ ਗੱਲ ਕਰ ਸਕਦੇ ਸੀ।

ਅਤੇ ਉੱਥੇ ਕਈ ਟੀਚਰ ਸਨ ਜੋ ਮੇਰੇ ਗੁਣਾਂ ਨੂੰ ਬਿਲਕੁਲ ਅਣਗੌਲਿਆ ਕਰਦੇ ਸਨ। ਅਤੇ ਸਕੂਲਾਂ ਵਿੱਚ ਮੈਨੂੰ ਜਿੰਨੇ ਵੀ ਅਵਾਰਡ ਮਿਲੇ ਉਨ੍ਹਾਂ ਵਿੱਚੋਂ ਇਕ ਨੂੰ ਮੈਂ ਨਹੀਂ ਭੁੱਲ ਸਕਿਆ। ਉਸ ਸਾਲ ਸਤੰਬਰ ਤੋਂ ਦਸੰਬਰ ਤੱਕ ਜਿਹੜਾ ਮੈਨੂੰ ਅਵਾਰਡ ਮਿਲਿਆ, ਉਹ ਸੀ ਕੋਸ਼ਸ਼ ਕਰਨ ਦਾ ਅਵਾਰਡ। ਜਿਹੜਾ ਕਿ ਸਭ ਤੋਂ ਹੋਣਹਾਰ ਅਤੇ ਸਮਰੱਥ ਵਿਦਿਆਰਥੀ ਹੋਣ ਦਾ ਅਵਾਰਡ ਸੀ। ਮੈਂ ਇਸ ਅਵਾਰਡ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਇਹ ਅਜੇ ਵੀ ਮੇਰੀ ਮਾਂ ਦੀ ਅੰਗੀਠੀ ‘ਤੇ ਪਿਆ ਹੋਇਆ ਹੈ। ਮੈਂ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਜਿੱਤੀਆਂ ਹਨ, ਪਰ ਮੈਂ ਉਸ ਨੂੰ ਹਮੇਸ਼ਾਂ ਸਾਂਭ ਕੇ ਰੱਖਿਆ ਹੈ ਕਿਉਂਕਿ ਇਸ ਨੇ ਸਿੱਧ ਕੀਤਾ ਕਿ ਜੇ ਤੁਸੀਂ ਸਾਡੇ ਪਿਛੋਕੜ ਦੇ ਇਨਸਾਨ ਹੋ ਤਾਂ ਤੁਹਾਨੂੰ ਹਰ ਇਕ ਸਾਹਮਣੇ ਇਹ ਸਿੱਧ ਕਰਨਾ ਪਵੇਗਾ ਕਿ ਤੁਸੀਂ ਉਨ੍ਹਾਂ ਨਾਲੋਂ ਇਕ ਪੌਡਾ ਉੱਤੇ ਹੋ। ਮੈਂ ਇਹ ਸਬਕ ਆਪਣੀ ਜ਼ਿੰਦਗੀ ਦੇ ਸ਼ੁਰੂ ਵਿੱਚ ਹੀ ਸਿੱਖ ਲਿਆ ਸੀ। ਇਹ ਸਬਕ ਸਦਾ ਮੇਰੇ ਨਾਲ ਰਿਹਾ ਹੈ। ਅੱਜ ਵੀ ਮੇਰੇ ਨਾਲ ਹੈ। ਮੈਂ ਇੱਥੇ ਆਪਣਾ ਮਰਸੀਆ ਨਹੀਂ ਲਿਖ ਰਿਹਾ, ਮੈਂ ਇਕ ਕਹਾਣੀ ਦੱਸ ਰਿਹਾ ਹਾਂ।

ਸਵਾਲ: ਕੀ ਤੁਸੀਂ ਮੈਨੂੰ ਪਹਿਲਾਂ ਲੇਕ ਕਾਊਂਚਨ ਵਿੱਚ ਆਪਣੇ ਸਕੂਲ ਦੇ ਵਰ੍ਹਿਆਂ ਬਾਰੇ ਦੱਸ ਸਕਦੇ ਹੋ?
ਜਵਾਬ: ਉਹ ਬੱਸ ਟਿਪੀਕਲ ਕਨੇਡੀਅਨ ਸਕੂਲ ਸੀ ਇਕ ਛੋਟਾ ਜਿਹਾ ਸਕੂਲ। ਤੁਸੀਂ ਸਕੂਲ ਵਿੱਚ ਆਉਣ ਵਾਲੇ ਹਰ ਇਕ ਨੂੰ ਜਾਣਦੇ ਸੀ। ਗਰੇਡ 1, 2, 3 ਅਤੇ 4 ਵਿੱਚ ਜਿਹੜੇ ਮੇਰੇ ਸਭ ਤੋਂ ਵਧੀਆ ਦੋਸਤ ਸਨ, ਉਹ ਇੰਡੋਕਨੇਡੀਅਨ ਸਨ। ਅਸੀਂ ਬੇਸਬਾਲ ਇਕੱਠੇ ਖੇਡਦੇ ਸੀ, ਅਸੀਂ ਹਾਕੀ ਇਕੱਠੇ ਖੇਡਦੇ ਸੀ ਅਤੇ ਇਕੱਠੇ ਸਕੇਟਿੰਗ ਕਰਿਆ ਕਰਦੇ ਸੀ ਅਤੇ ਫੁੱਟਬਾਲ ਇਕੱਠੇ ਖੇਡਦੇ ਸੀ ਅਤੇ ਬੀ ਸੀ ਲਾਇਨਜ਼ ਦੇ ਫੈਨ ਸੀ। ਇਸ ਤਰ੍ਹਾਂ ਸੀ ਉੱਥੇ। ਕਨੇਡੀਅਨ ਹੋਂਦ ਜਿਸ ਵਿੱਚ ਅਸੀਂ ਇੰਡੀਅਨ ਰੋਲ ਨਿਭਾਉਂਦੇ ਸੀ। ਸਕੂਲ ਵਿੱਚ ਮੈਂ ਕਿਸ ਤਰ੍ਹਾਂ ਦਾ ਸੀ। ਮੇਰੇ ਖਿਆਲ ਵਿੱਚ ਕਾਫੀ ਜ਼ਿਆਦਾ ਚੰਗਾ। ਮੇਰੀ ਮਾਂ ਮੈਨੂੰ ਇਹ ਦਸਦੀ ਹੁੰਦੀ ਹੈ। ਪਰ ਕੋਈ ਵੀ ਗੱਲ ਹੈਰਾਨ ਕਰਨ ਵਾਲੀ ਨਹੀਂ ਸੀ।
ਇਕ ਸਾਲ ਮੇਰੇ ਬਾਪ ਨੇ ਵਿਨੀਪੈੱਗ ਜਾਣ ਦਾ ਫੈਸਲਾ ਕੀਤਾ ਅਤੇ ਅਸੀਂ ਉੱਥੇ ਚਲੇ ਗਏ। ਪਰ ਉੱਥੇ ਅਸੀਂ ਇਕ ਹੀ ਸਿਆਲ ਕੱਢਿਆ ਅਤੇ ਵਾਪਸ ਆ ਗਏ। ਮੈਨੂੰ ਯਾਦ ਹੈ ਕਿ ਬਰਫ ਮੇਰੇ ਨਾਲੋਂ ਉੱਚੀ ਸੀ।

ਪਰ ਇਹ ਇਕ ਵਧੀਆ ਤਜਰਬਾ ਸੀ। ਤੁਸੀਂ ਇਕ ਛੋਟੇ ਜਿਹੇ ਸ਼ਹਿਰ ਵਿੱਚ ਰਹਿ ਰਹੇ ਸੀ ਜਿੱਥੇ ਹਰ ਕੋਈ ਇਕ ਦੂਜੇ ਨੂੰ ਜਾਣਦਾ ਸੀ। ਗਰਮੀਆਂ ਵਿੱਚ ਤੁਸੀਂ ਲੇਕ ਵਿੱਚ ਨਹਾਉਂਦੇ- ਅੱਜ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਇਹ ਇਕ ਟਿਪੀਕਲ ਕੈਨੇਡੀਅਨ ਸ਼ਹਿਰ ਸੀ।
ਮੈਨੂੰ ਯਾਦ ਹੈ ਕਿ ਉੱਥੇ 2000 ਲੋਕ ਰਹਿੰਦੇ ਸਨ। ਅਤੇ ਹੁਣ ਵੀ ਉੱਥੇ 2000 ਲੋਕ ਹੀ ਰਹਿੰਦੇ ਹਨ। ਦੋ ਸਾਲ ਪਹਿਲਾਂ ਜਦੋਂ ਮੈਂ ਇਨਵਾਇਰਮੈਂਟ ਦਾ ਮਨਿਸਟਰ ਸੀ, ਉਦੋਂ ਉਨ੍ਹਾਂ ਨੇ ਲੇਕ ਕਾਊਂਚਨ ਦੀ ਪੰਜਾਹਵੀਂ ਵਰ੍ਹੇਗੰਢ ਮਨਾਈ। ਇਸ ਲਈ ਮੈਂ ਉੱਥੇ ਗਿਆ। ਮੈਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਗਿਆ। ਮੈਂ ਉਨ੍ਹਾਂ ਨੂੰ ਵੈਨ ਵਿੱਚ ਬਿਠਾਇਆ ਅਤੇ ਕਿਹਾ ਕਿ ਮੈਂ ਤੁਹਾਨੂੰ ਲੇਕ ਕਾਊਂਚਨ ਨੂੰ ਲੈ ਕੇ ਜਾ ਰਿਹਾ ਹਾਂ, ਮੈਂ ਤੁਹਾਨੂੰ ਉਹ ਥਾਂ ਦਿਖਾਉਣਾ ਚਾਹੁੰਦਾ ਹਾਂ, ਜਿੱਥੇ ਤੁਹਾਡਾ ਡੈਡ ਵੱਡਾ ਹੋਇਆ ਸੀ। ਮੈਂ ਉੱਥੇ ਜਾਣ ਤੋਂ ਇਕ ਦਿਨ ਪਹਿਲਾਂ ਆਪਣੇ ਸਟਾਫ ਨੂੰ ਪੁੱਛਿਆ ਕਿ ਕੀ ਲੇਕ ਦੁਆਲੇ ਕੋਈ ਜ਼ਮੀਨ ਹੈ ਜਿਹਦੀ ਮਾਲਕੀ ਸਰਕਾਰ ਕੋਲ ਹੈ।  ਮੇਰੇ ਅਫਸਰਾਂ ਨੇ ਮੈਨੂੰ ਦੱਸਿਆ ਕਿ ਲੇਕ ਕੋਲ ਕੁਝ ਸਰਕਾਰੀ ਜ਼ਮੀਨ ਹੈ। ਮੈਂ ਕਿਹਾ ਠੀਕ ਹੈ, ਮੈਂ ਕੱਲ੍ਹ ਸਵੇਰ ਨੂੰ ਲੇਕ ਕਾਊਂਚਨ ਜਾ ਰਿਹਾ ਹਾਂ ਅਤੇ ਜਾ ਕੇ ਐਲਾਨ ਕਰ ਰਿਹਾ ਹਾਂ ਕਿ ਅਸੀਂ ਸ਼ਹਿਰ ਨੂੰ ਇਕ ਪਾਰਕ ਦੇ ਰਹੇ ਹਾਂ।

ਮੈਂ ਉੱਥੇ ਗਿਆ। ਅਤੇ ਇਹ ਇਕ ਅਜਿਹਾ ਸ਼ਹਿਰ ਹੈ ਕਿ ਜਿੱਥੇ ਉਦੋਂ ਵੀ 2000 ਲੋਕ ਰਹਿੰਦੇ ਸਨ, ਜਦੋਂ ਮੈਂ ਉੱਥੇ ਰਹਿੰਦਾ ਸੀ ਅਤੇ ਹੁਣ ਵੀ ਉਨੇ ਲੋਕ ਹੀ ਉੱਥੇ ਰਹਿੰਦੇ ਹਨ। ਪੈਨਕੇਕ ਬ੍ਰੇਕਫਾਸਟ ‘ਤੇ 6000 ਦੇ ਕਰੀਬ ਲੋਕ ਹੋਣਗੇ। ਅਤੇ ਇਹ ਦਰਸਾਉਂਦਾ ਹੈ ਕਿ ਲੋਕਾਂ ਦਾ ਉਸ ਸ਼ਹਿਰ ਨਾਲ ਕਿਸ ਤਰ੍ਹਾਂ ਦਾ ਮੋਹ ਹੈ। ਅਤੇ ਲੋਕ ਉੱਥੇ ਸਨ। ਸਿਆਣੇ ਲੋਕ ਆਉਂਦੇ ਅਤੇ ਮੈਨੂੰ ਕਹਿੰਦੇ ਕਿ ਉਹ ਮੇਰੇ ਬਾਪ ਨੂੰ ਜਾਣਦੇ ਸਨ, ਉਹ ਮੇਰੇ ਸਹੁਰੇ ਨੂੰ ਜਾਣਦੇ ਸਨ, ਉਹ ਮੇਰੀ ਮਾਂ ਨੂੰ ਜਾਣਦੇ ਸਨ ਅਤੇ ਮੇਰੀ ਸੱਸ ਨੂੰ ਜਾਣਦੇ ਸਨ। ਸਾਨੂੰ ਪਤਾ ਹੈ ਕਿ ਤੂੰ ਕਿਸ ਨਾਲ ਵਿਆਹ ਕਰਾਇਆ ਹੈ। ਸੋ ਉਨ੍ਹਾਂ ਨੂੰ ਇਸ ਸਭ ਕੁਝ ਯਾਦ ਸੀ। ਕੋਈ ਕਹਿੰਦਾ ਮੈਂ ਤੇਰਾ ਕੋਚ ਸੀ, ਜਦੋਂ ਤੂੰ ਆਹ ਕੀਤਾ ਸੀ। ਸੱਚਮੁੱਚ ਹੀ ਉਸ ਸ਼ਹਿਰ ਵਿੱਚ ਅਸਲੀਅਤ ਵਿੱਚ ਕਮਿਊਨਿਟੀ ਦੀ ਭਾਵਨਾ ਸੀ। ਅਤੇ ਮੈਂ ਇਸ ਗੱਲ ‘ਤੇ ਮਾਣ ਮਹਿਸੂਸ ਕਰ ਰਿਹਾ ਸੀ। ਮੈਂ ਉੱਥੇ ਖੜ੍ਹਾ ਹੋਇਆ ਅਤੇ ਐਲਾਨ ਕੀਤਾ ਕਿ ਮੈਂ ਤੁਹਾਨੂੰ ਇੱਥੇ ਇਹ ਦੱਸਣ ਆਇਆ ਹਾਂ ਕਿ ਅਸੀਂ ਤੁਹਾਨੂੰ ਇਕ ਪਾਰਕ ਦੇ ਰਹੇ ਹਾਂ। ਇਹ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਪੁੱਤਰ ਵਾਪਸ ਆਪਣੇ ਸ਼ਹਿਰ ਆਇਆ ਹੋਵੇ। ਬਿਲਕੁਲ ਇੰਡੀਆ ਵਿੱਚ ਆਪਣੇ ਪਿੰਡ ਵਾਪਸ ਜਾਣ ਵਰਗੀ ਗੱਲ ਸੀ।

ਫਿਰ ਮੈਂ ਆਪਣੇ ਬੱਚਿਆਂ ਨੂੰ ਲੇਕ ਕਾਊਂਚਨ ਤੋਂ ਤਿੰਨ ਮੀਲ ਦੂਰ ਮਿੱਲ ਟਾਊਨ ‘ਚ ਲੈ ਗਿਆ। ਅਤੇ ਇਹ ਦੁਖ ਵਾਲੀ ਗੱਲ ਹੈ। ਉੱਥੇ ਸਿਰਫ ਕੰਡਿਆਂ ਵਾਲੀ ਤਾਰ ਦੀ ਇਕ ਫੈਂਸ (ਵਾੜ) ਸੀ। ਜੇ ਤੁਸੀਂ ਪਹਿਲਾਂ ਜਾਣਦੇ ਨਾ ਹੋਵੋ ਤਾਂ ਤੁਹਾਨੂੰ ਪਤਾ ਨਹੀਂ ਲੱਗ ਸਕਦਾ ਕਿ ਉੱਥੇ ਕਦੇ ਇਕ ਮਿੱਲ ਹੁੰਦੀ ਸੀ। ਅਤੇ ਜੇ ਤੁਸੀਂ ਪਹਿਲਾਂ ਜਾਣਦੇ ਨਾ ਹੋਵੋ ਤਾਂ ਤੁਹਾਨੂੰ ਪਤਾ ਨਹੀਂ ਲੱਗ ਸਕਦਾ ਕਿ ਉੱਥੇ ਇਕ ਗੁਰਦਵਾਰਾਂ ਹੁੰਦਾ ਸੀ। ਸਿਰਫ ਤਿੰਨ ਜਾਂ ਚਾਰ ਬੰਕਹਾਊਸ ਸਨ। ਉਹ ਉੱਥੇ ਇਕ ਚਰਚ ਗਰੁੱਪ ਕੋਲ ਸਨ। ਮੈਂ ਪੁਰਾਣੇ ਬੰਕਹਾਊਸਾਂ ਨੂੰ ਪਛਾਣ ਲਿਆ ਅਤੇ ਲੇਕ ਵੀ ਉੱਥੇ ਸੀ ਅਤੇ ਕੈਂਪ ਗਰਾਊਂਡ ਵੀ। ਉੱਥੇ ਕੈਂਪ ਗਰਾਊਂਡ ਹੁੰਦੀ ਸੀ ਅਤੇ ਗੁਰਦਵਾਰਾ ਲੇਕ ਤੋਂ ਅਗਾਂਹ ਹੁੰਦਾ ਸੀ। ਬਹੁਤ ਹੀ ਸੋਹਣੀ ਸੀਨਰੀ ਵਾਲਾ ਦ੍ਰਿਸ਼ ਹੁੰਦਾ ਸੀ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇੱਥੇ ਮੇਰੇ ਕੋਲ ਆਏ ਹੋ। ਕਿਉਂਕਿ ਮੇਰਾ ਖਿਆਲ ਹੈ ਕਿ ਕੁਝ ਕਾਰਨਾਂ ਕਰਕੇ ਇਕ ਕਮਿਊਨਿਟੀ ਦੇ ਤੌਰ ‘ਤੇ ਅਸੀਂ ਆਪਣਾ ਇਤਿਹਾਸ ਉਸ ਤਰ੍ਹਾਂ ਰਿਕਾਰਡ ਨਹੀਂ ਕਰਦੇ ਜਿਸ ਤਰ੍ਹਾਂ ਸਾਨੂੰ ਕਰਨਾ ਚਾਹੀਦਾ ਹੈ। ਸ਼ਾਇਦ ਇਹਨੂੰ ਰਿਕਾਰਡ ਕਰਨ ਲਈ ਅਜੇ ਸਾਡੀ (ਕਮਿਊਨਿਟੀ ਵਜੋਂ) ਉਮਰ ਛੋਟੀ ਹੈ। ਸ਼ਾਇਦ ਅਸੀਂ ਹੁਣ ਇਸ ਦੀ ਕੀਮਤ ਸਮਝਣੀ ਸ਼ੁਰੂ ਕਰ ਦਿੱਤੀ ਹੈ।

ਪਰ ਮੈਨੂੰ ਉਸ ਧੁੱਪ ਵਾਲੇ ਦਿਨ ਦੀ ਪੂਰੀ ਯਾਦ ਹੈ। ਮੈਂ ਆਪਣੇ ਬੱਚਿਆਂ ਨਾਲ ਖੜ੍ਹਾ ਸੀ ਅਤੇ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਉਹ ਸਮੇਂ ਕਿਸ ਤਰ੍ਹਾਂ ਦੇ ਸਨ। ਉਸ ਧਰਤੀ ‘ਤੇ ਉਸ ਵੇਲੇ ਕਿੰਨੀ ਜ਼ਿਆਦਾ ਜ਼ਿੰਦਗੀ ਧੜਕਦੀ ਸੀ।
ਮੈਂ ਉਨ੍ਹਾਂ (ਬੱਚਿਆਂ) ਨੂੰ ਪਿਛਲੇ ਸਾਲ ਉੱਥੇ ਕੈਂਪਿੰਗ ‘ਤੇ ਲੈ ਕੇ ਗਿਆ। ਮੈਂ ਹਮੇਸ਼ਾਂ ਹੀ ਉਨ੍ਹਾਂ ਨੂੰ ਉੱਥੇ ਲੈ ਕੇ ਜਾਂਦਾ ਹਾਂ। ਮੇਰੇ ਮਨ ਵਿੱਚ ਇਸ ਗੱਲ ਦੀ ਬਹੁਤ ਮਹੱਤਤਾ ਹੈ ਕਿ ਤੁਹਾਨੂੰ ਆਪਣੀਆਂ ਜੜ੍ਹਾਂ ਨਹੀਂ ਭੁੱਲਣੀਆਂ ਚਾਹੀਦੀਆਂ, ਨਹੀਂ ਭੁੱਲਣਾ ਚਾਹੀਦਾ ਕਿ ਤੁਸੀਂ ਕਿੱਥੋਂ ਆਏ ਹੋ। ਅਤੇ ਇਹ ਬਹੁਤ ਬੁਰੀ ਗੱਲ ਹੈ ਕਿ ਇਸ ਸਮੇਂ ਉੱਥੇ ਇਹੋ ਜਿਹਾ ਕੁਝ ਵੀ ਨਹੀਂ ਹੈ ਜਿਹੜਾ ਮੈਨੂੰ ਉਸ ਸਭ ਕੁਝ ਦੀ ਯਾਦ ਕਰਾਵੇ ਜੋ ਕੁਝ ਉੱਥੇ ਹੁੰਦਾ ਸੀ। ਬੱਸ ਤੁਹਾਡੇ ਦਿਮਾਗ ਵਿੱਚ ਇਹ ਯਾਦਾਂ ਹਨ।

ਸਵਾਲ: ਅਤੇ ਉਸ ਵੇਲੇ ਤੁਹਾਡੇ ਉਦੇਸ਼ ਕੀ ਸਨ?
ਜਵਾਬ: ਜਦੋਂ ਮੈਂ ਬੱਚਾ ਸੀ?

ਸਵਾਲ: ਹਾਂ ਜੀ।
ਜਵਾਬ: ਮੈਂ ਸਭ ਤੋਂ ਵਧੀਆ ਹਾਕੀ ਪਲੇਅਰ ਬਣਨਾ ਚਾਹੁੰਦਾ ਸੀ। ਮੈਂ ਟਰਾਂਟੋ ਮੇਪਲ ਲੀਫ ਦੀ ਟੀਮ ਵਿੱਚ ਖੇਡਣਾ ਚਾਹੁੰਦਾ ਸੀ ਅਤੇ ਇਸ ਤਰ੍ਹਾਂ ਨਾ ਹੋ ਸਕੇ ਤਾਂ ਮੈਂ ਨਿਊ ਯੌਰਕ ਯੈਂਕੀਜ਼ ਦੀ ਟੀਮ ਲਈ ਪਿਚ ਕਰਨਾ ਚਾਹੁੰਦਾ ਸੀ। ਤੁਹਾਨੂੰ ਪਤਾ ਹੀ ਹੈ ਕਿ ਜਦੋਂ ਤੁਸੀਂ ਬੱਚੇ ਹੁੰਦੇ ਹੋ, ਉਦੋਂ ਤੁਹਾਡੇ ਲਈ ਖੇਡਾਂ ਹੀ ਸਭ ਕੁਝ ਹੁੰਦੀਆਂ ਹਨ। ਮੈਂ ਨਹੀਂ ਸੀ ਸੋਚਿਆ ਕਿ ਮੈਂ ਇਕ ਸਿਆਸਤਦਾਨ ਬਣਾਂਗਾ ਜਾਂ ਇਕ ਵਕੀਲ ਬਣਾਂਗਾ। ਮੈਂ ਮੇਪਲ ਲੀਫ ਲਈ ਗੋਲ ਕਰਨ ਵਾਲਾ ਇਕ ਫਾਰਵਰਡ ਬਣਨਾ ਚਾਹੁੰਦਾ ਸੀ ਜਾਂ ਨਿਊ ਯੌਰਕ ਯੈਂਕੀਜ਼ ਲਈ ਪਿਚਰ। ਅਸੀਂ ਬਹੁਤ ਖੇਡਾਂ ਖੇਡਦੇ ਸੀ। ਅਜੇ ਵੀ ਮੈਂ ਬਹੁਤ ਖੇਡਾਂ ਖੇਡਦਾ ਹਾਂ। ਮੈਂ ਖੇਡਾਂ ਨੂੰ ਬਹੁਤ ਪਸੰਦ ਕਰਦਾ ਹਾਂ। ਸੋ ਇਸ ਕਿਸਮ ਦਾ ਸੀ ਮੇਰਾ ਸੁਪਨਾ।

ਅਤੇ ਮੇਰੇ ਖਿਆਲ ਵਿੱਚ ਜਦੋਂ ਮੈਂ ਗਰੇਡ 5 ਵਿੱਚ ਉੱਥੋਂ (ਲੇਕ ਕਾਊਂਚਨ ਤੋਂ) ਗਿਆ, ਤਾਂ ਉਸ ਵੇਲੇ ਮੇਰੇ ਬਹੁਤ ਸਾਰੇ ਦੋਸਤਾਂ ਦੇ ਸੁਫਨੇ ਮੇਰੇ ਕੋਲੋਂ ਵੱਖਰੇ ਸਨ। ਇਕ ਤਰ੍ਹਾਂ ਨਾਲ ਇਹ ਚੰਗੀ ਗੱਲ ਹੋਈ ਕਿ ਮੈਂ ਇੱਥੋਂ ਚਲਾ ਗਿਆ। ਕਿਉਂਕਿ ਮੈਨੂੰ ਯਾਦ ਹੈ ਕਿ ਇਕ ਵਾਰ ਜਦੋਂ ਮੈਂ ਦਸਵੀਂ ‘ਚ ਪੜ੍ਹਦਾ ਸੀ, ਮੈਂ ਹਿਚਹਾਈਕ ਕਰਕੇ ਵਾਪਸ ਲੇਕ ਕਾਊਂਚਨ ਨੂੰ ਗਿਆ। ਮੈਨੂੰ ਪਤਾ ਨਹੀਂ ਕਿ ਮੈਂ ਇਸ ਤਰ੍ਹਾਂ ਕਿਉਂ ਕੀਤਾ ਪਰ ਮੈਂ ਵਾਪਸ ਲੇਕ ਕਾਉਂਚਨ ਨੂੰ ਗਿਆ। ਮੈਂ ਵਿਕਟੋਰੀਆ ਲਈ ਫੈਰੀ ਲਈ ਅਤੇ ਉੱਥੋਂ ਹਿਚਹਾਈਕ ਕਰਕੇ ਵਾਪਸ ਲੇਕ ਕਾਊਂਚਨ ਗਿਆ। ਮੈਨੂੰ ਯਾਦ ਹੈ ਕਿ ਮੀਂਹ ਪੈ ਰਿਹਾ ਸੀ ਅਤੇ ਮੈਂ ਬੁਰੀ ਤਰ੍ਹਾਂ ਭਿੱਜ ਚੁੱਕਾ ਸੀ। ਪਰ ਮੈਂ ਆਪਣੇ ਕੁਝ ਦੋਸਤਾਂ ਨੂੰ ਮਿਲਣਾ ਚਾਹੁੰਦਾ ਸੀ। ਮੈਂ ਉੱਥੇ ਜਾ ਕੇ ਆਪਣੇ ਅੰਕਲ ਦੇ ਘਰ ਰਿਹਾ। ਮੈਂ ਆਪਣੇ ਸਾਰੇ ਦੋਸਤਾਂ ਨੂੰ ਜਾ ਕੇ ਮਿਲਿਆ। ਉਹਨਾਂ ਦੇ ਕੀ ਸੁਫਨੇ ਸਨ? ਉਨ੍ਹਾਂ ਵਿੱਚੋਂ ਬਹੁਤੇ ਮਿੱਲ ਵਿੱਚ ਕੰਮ ਕਰਨਾ ਚਾਹੁੰਦੇ ਸਨ। ਉਹਨਾਂ ਵਿੱਚੋਂ ਬਹੁਤਿਆਂ ਨੇ ਸੋਚ ਲਿਆ ਸੀ ਕਿ ਜਦੋਂ ਤੁਸੀਂ ਦਸਵੀਂ ‘ਚ ਹੁੰਦੇ ਹੋ ਤਾਂ ਤੁਸੀਂ 16 ਸਾਲ ਦੇ ਹੋ ਜਾਂਦੇ ਹੋ, ਅਤੇ ਤੁਹਾਨੂੰ ਸਕੂਲ ਜਾਣ ਦੀ ਲੋੜ ਨਹੀਂ ਹੁੰਦੀ। ਤੁਸੀਂ ਕੰਮ ਕਰ ਸਕਦੇ ਹੋ।

ਅਤੇ ਮੇਰਾ ਇਸ ਤਰ੍ਹਾਂ ਦਾ ਕੋਈ ਸੁਫਨਾ ਨਹੀਂ ਸੀ। ਮੈਂ ਲੇਕ ਕਾਊਂਚਨ ਤੋਂ ਵੈਨਕੂਵਰ ਨੂੰ ਚਲੇ ਗਿਆ ਸੀ ਅਤੇ ਮੈਂ ਯੂਨੀਵਰਸਿਟੀ ਵਿੱਚ ਜਾਣਾ ਚਾਹੁੰਦਾ ਸੀ। ਮੈਂ ਇਕ ਵਸ਼ਿਸ਼ਟ ਵਰਗ ਦਾ ਬੰਦਾ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਗੋਂ ਇਕ ਨੁਕਤਾ ਸਪਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਤੇ ਮੈਂ ਇਹਨਾਂ ਲੋਕਾਂ ਨੂੰ ਦੇਖਿਆ, ਅਤੇ ਉਹ 16, 17 ਸਾਲਾਂ ਦੇ ਨੌਜਵਾਨ ਸਨ। ਕੋਈ ਉਨ੍ਹਾਂ ਵਿੱਚੋਂ ਲੱਕੜ ਦੀ ਸਨਅਤ ਵਿੱਚ ਕੰਮ ਕਰ ਰਿਹਾ ਸੀ ਅਤੇ ਕੋਈ ਮੱਛੀਆਂ ਦੀ ਸਨਅਤ ਵਿੱਚ। ਮੈਂ ਕੁਝ ਸਾਲਾਂ ਬਾਅਦ 1980ਵਿਆਂ ਦੇ ਸ਼ੁਰੂ ਦੇ ਸਾਲਾਂ ‘ਚ ਫਿਰ ਉਨ੍ਹਾਂ ਨੂੰ ਮਿਲਣ ਆਇਆ। ਅਤੇ 1980ਵਿਆਂ ਦੇ ਸ਼ੁਰੂ ਦੇ ਸਾਲ ਲੇਕ ਕਾਉਂਚਨ ਲਈ ਬਹੁਤ ਔਖਾ ਸਮਾਂ ਸੀ। ਤਕਰੀਬਨ ਸਾਰੀਆਂ ਮਿੱਲਾਂ ਬੰਦ ਹੋ ਗਈਆਂ ਸਨ ਕਿਉਂਕਿ ਲਾਗਿੰਗ ਇਨਡਸਟਰੀ ਬੰਦ ਹੋ ਚੁੱਕੀ ਸੀ।

ਅਤੇ ਮੈਂ ਦੇਖਿਆ ਕਿ ਇਨ੍ਹਾਂ ਸਾਰੇ ਮੁੰਡਿਆ ਨੇ ਬਹੁਤ ਛੋਟੀ ਉਮਰ ‘ਚ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੀਆਂ ਪਤਨੀਆਂ ਸਨ, ਬੱਚੇ ਸਨ। ਹਰ ਕੋਲ ਇਕ ਇਕ ਕਾਰ ਅਤੇ ਬੋਟ ਸੀ, ਕਿਉਂਕਿ ਉਹ ਕਾਫੀ ਪੈਸੇ ਕਮਾਉਂਦੇ ਸੀ। ਪਰ ਫਿਰ ਕੰਮਾਂ ਤੋਂ ਵਿਹਲੇ ਹੋ ਗਏ। ਅਤੇ ਉਨ੍ਹਾਂ ਕੋਲ ਕੋਈ ਹੁਨਰ ਨਹੀਂ ਸੀ। ਅਤੇ ਉਦੋਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਿਆ ਕਿਉਂਕਿ ਮੈਂ ਉਸ ਸਭ ਕਾਸੇ ਤੋਂ ਬਚ ਗਿਆ ਸੀ। ਪਰ ਫਿਰ ਵੀ ਤੁਸੀਂ ਇਹ ਨਹੀਂ ਭੁੱਲ ਸਕਦੇ ਕਿ ਤੁਸੀਂ ਕਿੱਥੋਂ ਆਏ ਹੋ। ਜਦੋਂ ਮੈਂ ਇਨਵਾਇਰਮੈਂਟ ਮਨਿਸਟਰ ਬਣਿਆ ਤਾਂ ਮੈਂ ਜੰਗਲਾਂ ਨੂੰ ਕਾਇਮ ਰੱਖਣ (ਸਸਟੇਨ ਕਰਨ) ਦੀ ਲੋੜ ਬਾਰੇ ਗੱਲ ਕੀਤੀ ਤਾਂ ਕਿ ਕੰਪਨੀਆਂ ਬੱਸ ਲਾਗਿੰਗ ਕਰਕੇ ਉੱਥੋਂ ਛੱਡ ਕੇ ਜਾ ਨਾ ਸਕਣ ਜਿਸ ਤਰ੍ਹਾਂ ਉਨ੍ਹਾਂ ਨੇ ਉਸ ਥਾਂ ਨਾਲ ਕੀਤਾ ਸੀ ਜਿੱਥੇ ਮੈਂ ਜੰਮਿਆਂ ਪਲਿਆ ਸੀ।

ਸਵਾਲ: ਕੀ ਕਾਰਨ ਸੀ ਕਿ ਤੁਸੀਂ ਮਿੱਲ ਵਿੱਚ ਕੰਮ ਕਰਨ ਦੀ ਥਾਂ ਪੜ੍ਹਨ ਦਾ ਫੈਸਲਾ ਕੀਤਾ?
ਜਵਾਬ: ਬਿਲਕੁਲ ਸਾਫ ਗੱਲ ਹੈ। ਆਪਣੇ ਮਾਪਿਆਂ ਕਰਕੇ। ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਤੁਸੀਂ ਉਸ ਗੱਲ ‘ਤੇ ਕੋਈ ਸਵਾਲ ਨਹੀਂ ਕੀਤਾ ਜੋ ਉਹ ਤੁਹਾਨੂੰ ਕਹਿੰਦੇ ਸੀ, ਤੁਸੀਂ ਬੱਸ ਉਹ ਕੁਝ ਕੀਤਾ। ਅਤੇ ਇਹ ਗੱਲ ਮੈਨੂੰ ਬਿਲਕੁਲ ਸਾਫ ਸੀ, ਮੈਨੂੰ ਪੜ੍ਹਾਈ ਕਰਨ ਲਈ ਮਜਬੂਰ ਕੀਤਾ ਗਿਆ, ਅਤੇ ਇਸ ਨੂੰ ਮੈਂ ਬਹੁਤ ਪਸੰਦ ਕਰਦਾ ਸੀ, ਅਤੇ ਉਨ੍ਹਾਂ ਨੂੰ ਮੇਰੇ ਕੋਲ ਇਹ ਆਸ ਸੀ ਕਿ ਮੈਂ ਯੂਨੀਵਰਸਿਟੀ ਜਾਵਾਂ। ਮੈਂ ਅਜਿਹਾ ਹੀ ਕੀਤਾ। ਮੈਂ ਸੋਸ਼ਲ ਵਰਕ ਵਿੱਚ ਡਿਗਰੀ ਲਈ ਅਤੇ ਬਹੁਤ ਸਾਰੇ ਉਨ੍ਹਾਂ ਲੋਕਾਂ ਨੂੰ ਮਿਲਿਆ ਜਿਹਨਾਂ ਨਾਲ ਮੈਂ ਹੁਣ ਕੰਮ ਕਰਦਾ ਹਾਂ। ਮੇਰੇ ਮਾਪਿਆਂ ਨੇ ਮੈਨੂੰ ਚੰਗੀ ਵਿਦਿਆ ਲੈਣ ਦੀ ਮਹੱਤਤਾ ਦਰਸਾਈ, ਜਿਸ ਤਰ੍ਹਾਂ ਹੁਣ ਮੈਂ ਅਤੇ ਮੇਰੀ ਪਤਨੀ ਆਪਣੇ ਬੱਚਿਆਂ ਨੂੰ ਇਹ ਗੱਲ ਦਸਦੇ ਹਾਂ। ਇਹ ਤੁਹਾਡਾ ਕਾਮਯਾਬੀ ਲਈ ਪਾਸਪੋਰਟ ਹੈ। ਅਤੇ ਇਕ ਵਾਰ ਫਿਰ ਤੁਸੀਂ ਅਜਿਹੀਆਂ ਗੱਲਾਂ ਨਹੀਂ ਭੁੱਲਦੇ।
ਸਵਾਲ: ਜਦੋਂ ਤੁਸੀਂ ਵੱਡੇ ਹੋ ਰਹੇ ਸੀ, ਕੀ ਤੁਸੀਂ ਕਮਿਊਨਿਟੀ ਦੀ ਕਿਸੇ ਤਰ੍ਹਾਂ ਦੀ ਸਿਆਸਤ ਵਿੱਚ ਹਿੱਸਾ ਲੈਂਦੇ ਸੀ, ਜਦੋਂ ਤੁਸੀਂ ਪੜ੍ਹਦੇ ਸੀ?
ਜਵਾਬ: ਹਾਂ। ਯੂਨੀਵਰਸਿਟੀ ਵਿੱਚ। ਉਸ ਤੋਂ ਪਹਿਲਾਂ ਨਹੀਂ। ਮੇਰਾ ਮਤਲਬ ਹੈ ਜਦੋਂ ਮੈਂ ਹਾਈ ਸਕੂਲ ਵਿੱਚ ਸੀ, ਉਦੋਂ ਮੈਂ ਸਟੂਡੈਂਟ ਕਾਊਂਸਲ ‘ਤੇ ਨਹੀਂ ਸੀ, ਉਦੋਂ ਮੈਂ ਸਿਆਸਤ ਵਿੱਚ ਹਿੱਸਾ ਨਹੀਂ ਲੈਂਦਾ ਸੀ। ਸਾਲ 1968, 69 ਦੇ ਦੁਆਲੇ ਜਦੋਂ ਮੈਂ ਅੱਠਵੀਂ ਜਮਾਤ ਵਿੱਚ ਸੀ, ਮੈਂਨੂੰ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਜਾਣਨ ਦਾ ਮੌਕਾ ਮਿਲਿਆ। ਮੈਨੂੰ ਯਾਦ ਹੈæææ ਇਹ ਬਹੁਤ ਵਧੀਆ ਕਹਾਣੀ ਹੈ, ਕੀ ਤੁਸੀਂ ਸੁਣਨ ਲਈ ਤਿਆਰ ਹੋ?

ਜਵਾਬ: ਜ਼ਰੂਰ।
ਸਵਾਲ: ਮੇਰਾ ਸਕੂਲ ਵਧੀਆ ਚੱਲ ਰਿਹਾ ਸੀ। ਅੱਠਵੀਂ ਜਮਾਤ ਦੇ ਸ਼ੁਰੂ ਵਿੱਚ ਮੈਂ ਕੁਝ ਮੁੰਡਿਆਂ ਨਾਲ ਘੁੰਮਣ ਫਿਰਨ ਲਗ ਪਿਆ ਅਤੇ ਸਕੂਲ ਮੇਰੇ ਲਈ ਮਹੱਤਤਾ ਵਾਲੀ ਗੱਲ ਨਾ ਰਹੀ। ਇਸ ਲਈ ਪਹਿਲੇ ਸਮੈਸਟਰ – (ਸਤੰਬਰ ਤੋਂ ਦਸੰਬਰ ਤੱਕ) ਮੇਰੇ ਨੰਬਰ ਕਾਫੀ ਹੇਠਾਂ ਡਿੱਗ ਪਏ। ਆਮ ਤੌਰ ‘ਤੇ ਮੇਰੇ ਨੰਬਰ ਪਚਾਸੀਆਂ ਕੁ ਦੇ ਆਲੇ ਦੁਆਲੇ ਹੁੰਦੇ ਸਨ। ਅਤੇ ਇਸ ਵਾਰੀ ਉਹ 60 ਕੁ ਫੀਸਦੀ ਦੇ ਬਰਾਬਰ ਆ ਗਏ। ਇਕ ਦਿਨ ਮੈਂ ਆਪਣਾ ਰਿਪੋਰਟ ਕਾਰਡ ਲੈ ਕੇ ਘਰ ਆਇਆ ਅਤੇ ਇਹ ਕਾਰਡ ਮੈਂ ਆਪਣੇ ਬਾਪ ਨੂੰ ਦਿਖਾਇਆ। ਅਗਲੇ ਦਿਨ ਘਰ ਦਾ ਕੇਬਲ ਵਿਜ਼ਨ ਕਟਾ ਦਿੱਤਾ ਗਿਆ, ਘਰ ਵਿੱਚੋਂ ਸਟੀਰੀਓ ਗਾਇਬ ਹੋ ਗਿਆ। ਹਰ ਰੋਜ਼ ਮੇਰਾ ਅੰਕਲ ਘਰੋਂ ਚੁੱਕ ਕੇ ਮੈਨੂੰ ਸਕੂਲ ਛੱਡਣ ਲੱਗਾ ਅਤੇ ਸਕੂਲੋਂ ਚੁੱਕ ਕੇ ਘਰ ਛੱਡਣ ਲੱਗਾ। ਵੀਕ ਇੰਡ ਤੇ ਮੈਨੂੰ ਅੰਗਰੇਜ਼ੀ ਅਤੇ ਹਿਸਾਬ ਦੇ ਵਾਧੂ ਕੋਰਸ ਲੈਣੇ ਪਏ। ਅਤੇ ਮੈਨੂੰ ਹੁਕਮ ਹੋਇਆ ਕਿ ਮੈਂ ਸਿਰਫ ਮੈਕਲੀਨ ਮੈਗਜ਼ੀਨ ਹੀ ਪੜ੍ਹ ਸਕਦਾ ਸੀ। ਅਤੇ ਆਪਣੇ ਵਿਹਲੇ ਸਮੇਂ ਵਿੱਚ ਮੈਂ ਬਸ ਇਹ ਹੀ ਕਰ ਸਕਦਾ ਸੀ। ਮੈਨੂੰ ਬੇਸਬਾਲ, ਹਾਕੀ ਅਤੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ।

ਅਤੇ ਮੈਂ ਦੁਨੀਆ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਅਤੇ ਮੈਂ ਰੌਬਰਟ ਕੈਨੇਡੀ ਅਤੇ ਮਾਰਟਿਨ ਲੂਥਰ ਕਿੰਗ ਬਾਰੇ ਪੜ੍ਹਨਾ ਸ਼ੁਰੂ ਕੀਤਾ। ਅਤੇ ਮੇਰੇ ਨੰਬਰ ਚੰਗੇ ਆਉਣ ਲੱਗੇ। ਇਹ ਜ਼ਿੰਦਗੀ ਦਾ ਇਕ ਤਲਖ ਤਜਰਬਾ ਸੀ। ਅਤੇ ਫਿਰ ਮੈਂ ਟੀ ਵੀ ‘ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਲੱਗਾ। ਇਸ ਸਮੇਂ ਮੈਂ ਇਕ ਬੱਚਾ ਹੁੰਦੇ ਹੋਏ ਲੋਕਾਂ ਦੀ ਬਰਾਬਰਤਾ ਬਾਰੇ ਸੁਣਿਆ। ਇਨਸਾਫ ਬਾਰੇ ਸੁਣਿਆ। ਵੀਅਤਨਾਮ ਦੀ ਲੜਾਈ ਚੱਲ ਰਹੀ ਸੀ। ਸ਼ਾਂਤੀ ਬਾਰੇ ਸੁਣਿਆ। ਅਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ। ਅੱਠਵੀਂ ਵਿੱਚ ਪੜ੍ਹਦਿਆਂ, ਇਕ ਸੰਵੇਦਨਸ਼ੀਲ ਉਮਰ ਵਿੱਚ। ਉਸ ਉਮਰ ਵਿੱਚ ਜਦੋਂ ਸਾਡੇ ਵਿੱਚੋਂ ਬਹੁਤੇ ਟੀ ਵੀ ਵਗੈਰਾ ਦੇਖਣਾ ਪਸੰਦ ਕਰਦੇ ਹਨ, ਮੈਂ ਦੁਨੀਆ ਵਿੱਚ ਵਾਪਰ ਰਹੀਆਂ ਗੱਲਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਮੈਂ ਇਸ ਬਾਰੇ ਕਿਸੇ ਨਾਲ ਬਹੁਤੀਆਂ ਗੱਲਾਂ ਨਹੀਂ ਕੀਤੀਆਂ। ਮੈਂ ਬਸ ਇਸ ਸਭ ਕਾਸੇ ਨੂੰ ਗ੍ਰਹਿਣ ਕਰ ਲਿਆ। ਅਤੇ ਮੈਂ ਸਕੂਲ ਵਿੱਚ ਗਾਂਧੀ ਵਰਗੇ ਲੋਕਾਂ ‘ਤੇ ਪ੍ਰੌਜੈਕਟ ਕਰਨੇ ਸ਼ੁਰੂ ਕੀਤੇ ਜਦੋਂ ਕਿ ਦੂਸਰੇ ਬੱਚੇ ਰੌਬਰਟ ਰੈੱਡਫੋਰਡ ਵਰਗਿਆਂ ਵਿੱਚ ਦਿਲਚਸਪੀ ਰੱਖਦੇ ਸਨ। ਮੈਂ ਨਿਊ ਯੌਰਕ ਦੇ ਯੈਂਕੀਜ਼ ਯੋਗੀ ਬੈਰਾ ਦੀ ਥਾਂ ਮਾਰਟਿਨ ਲੂਥਰ ਕਿੰਗ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਂ ਇਸ ਗੱਲ ਵਲ ਧਿਆਨ ਦੇਣ ਲੱਗਾ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ। ਅਤੇ ਹੁਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ, ਤਾਂ ਸੋਚਦਾ ਹਾਂ ਕਿ ਉਹ ਖੱਬੇਪੱਖੀ ਲੋਕ ਸਨ ਅਤੇ ਉਨ੍ਹਾਂ ਨੇ ਮੇਰਾ ਧਿਆਨ ਖਿੱਚਿਆ ਸੀ।

ਪਰ ਮੈਂ ਜ਼ਿਆਦਾ ਕੁਝ ਕੀਤਾ ਨਹੀਂ। ਸ਼ਾਇਦ ਉਸ ਵੇਲੇ ਮੇਰੇ ਅੰਦਰ ਕੁਝ ਬੀਜ ਬੀਜੇ ਗਏ ਸਨ। ਇਸ ਤਰ੍ਹਾਂ ਮੈਂ ਕਮਿਊਨਿਟੀ ਦੀ ਸਿਆਸਤ ਵਿੱਚ ਬਿਲਕੁਲ ਵੀ ਹਿੱਸਾ ਨਹੀਂ ਲੈਂਦਾ ਸੀ। ਸਿਰਫ ਇਕ ਚੀਜ਼ ਜਿਹੜੀ ਮੈਂ ਉਸ ਵੇਲੇ ਕੀਤੀ – ਮੇਰਾ ਖਿਆਲ ਹੈ ਕਿ ਇਹ 1966, 67 ਦੀ ਗੱਲ ਹੋਵੇਗੀ। ਨਹੀਂ ਸ਼ਾਇਦ ਇਹ ਸਾਲ ਗਲਤ ਹੈ। ਜਿਹੜੇ ਸਾਲ ਵਿੱਚ ਰੌਸ ਸਟਰੀਟ ਟੈਂਪਲ (ਗੁਰਦੁਆਰਾ) ਖੁੱਲ੍ਹਾ ਸੀ…

ਸਵਾਲ: ਮੇਰੇ ਖਿਆਲ ਵਿੱਚ ਇਹ 1972 ਦੀ ਗੱਲ ਹੈ?
ਜਵਾਬ: 72 ‘ਚ। ਤਾਂ ਸ਼ਾਇਦ ਇਹ 72 ਦੀ ਹੀ ਗੱਲ ਹੋਊਗੀ। ਮੈਨੂੰ ਲੱਗਦਾ ਸੀ ਕਿ ਸ਼ਾਇਦ ਉਸ ਵੇਲੇ ਮੈਂ ਇਸ ਉਮਰ ਤੋਂ ਛੋਟਾ ਸੀ। ਮੈਨੂੰ ਯਾਦ ਹੈ ਕਿ ਮੈਂ ਉੱਥੇ ਜਾ ਕੇ ਇਕ ਭਾਸ਼ਣ ਦਿੱਤਾ ਸੀ। ਪਰ ਮੈਂ ਕਮਿਊਨਿਟੀ ਦੀ ਸਿਆਸਤ ਵਿੱਚ ਸਰਗਰਮ ਨਹੀਂ ਹੋਇਆ ਸੀ। ਕਮਿਊਨਿਟੀ ਦੇ ਕੰਮਾਂ ਅਤੇ ਸਿਆਸਤ ਵਿੱਚ ਯੂਨੀਵਰਸਿਟੀ ਵਿੱਚ ਜਾ ਕੇ ਹਿੱਸਾ ਲੈਣ ਲੱਗਾ ਸੀ।

ਸਵਾਲ: ਕੀ ਤੁਹਾਨੂੰ ਸਕੂਲ ਵਿੱਚ ਕੋਈ ਨਸਲਵਾਦ ਦਾ ਤਜਰਬਾ ਵੀ ਹੋਇਆ?
ਜਵਾਬ: ਹਾਂ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਜਦੋਂ ਅਸੀਂ ਵੈਨਕੂਵਰ ਮੂਵ ਹੋਏ ਤਾਂ ਸਾਨੂੰ ਪਤਾ ਲੱਗਾ ਕਿ ਅਸੀਂ ਬ੍ਰਿਟਿਸ਼ ਪ੍ਰਾਪਰਟੀ ਦੇ ਇਲਾਕੇ ਵਿੱਚ ਨਹੀਂ ਰਹਿ ਸਕਦੇ। ਮੈਨੂੰ ਇਹ ਵੀ ਯਾਦ ਹੈ ਉੱਥੇ ਮੇਰੇ ਪਹਿਲੇ ਸਾਲ ਦੌਰਾਨ ਟੀਚਰਾਂ ਨੇ ਮੇਰੀ ਅਜਮਾਇਸ਼ ਕੀਤੀ। ਹੁਣ ਮੈਂ ਜਦੋਂ ਪਿੱਛੇ ਦੇਖਦਾ ਹਾਂ, ਤਾਂ ਮੈਂ ਸਮਝਦਾ ਹਾਂ ਕਿ ਉਨ੍ਹਾਂ ਵਿੱਚੋਂ ਇਕ, ਜੋ ਅਸਟ੍ਰੇਲੀਆ ਤੋਂ ਸੀ, ਨਸਲਵਾਦੀ ਸੀ। ਉਹ ਕਲਾਸ ਵਿੱਚ ਦੂਜਿਆਂ ਦੇ ਮੁਕਾਬਲੇ ਮੈਨੂੰ ਜ਼ਿਆਦਾ ਤੰਗ ਕਰਦਾ ਸੀ। ਪਰ ਗੱਲ ਬੜੀ ਸਿੱਧੀ ਹੈ। ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ‘ਤੇ ਹਾਵੀ ਨਹੀਂ ਹੋਣ ਦਿੰਦੇ। ਤੁਸੀਂ ਬੱਸ ਉਹਨਾਂ ਅੱਗੇ ਸਾਬਤ ਕਰ ਦਿੰਦੇ ਹੋ ਕਿ ਤੁਸੀਂ ਉਸ ਤੋਂ ਜ਼ਿਆਦਾ ਹੁਸ਼ਿਆਰ ਅਤੇ ਬਿਹਤਰ ਹੋ ਜਿੰਨਾ ਉਹ ਸਮਝਦੇ ਹਨ ਕਿ ਤੁਸੀਂ ਹੋ। ਅਤੇ ਅਖੀਰ ਵਿੱਚ ਤੁਸੀਂ ਕਾਮਯਾਬ ਹੋ ਜਾਂਦੇ ਹੋ।

ਮੈਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਆਪਣੇ ਮਨ ਵਿੱਚ ਸ਼ਿਕਾਇਤ ਲੈ ਕੇ ਨਹੀਂ ਚੱਲਿਆ। ਮੈਨੂੰ ਅੱਜ ਵੀ ਨਸਲਵਾਦੀ ਡਾਕ ਆਉਂਦੀ ਹੈ। ਕੁਝ ਮਹੀਨੇ ਪਹਿਲਾਂ ਮੈਂ ਇਕ ਪੰਗਾ ਲੈ ਲਿਆ ਸੀ। ਉਸ ਬਾਰੇ ਜਿਹੜੀਆਂ ਚਿੱਠੀਆਂ ਮੈਨੂੰ ਮਿਲੀਆਂ ਉਹ ਦੇਖਣ ਵਾਲੀਆਂ ਸਨ। ਉਹ ਸਾਰੀਆਂ ਨਸਲਵਾਦੀ ਸਨ। ਨਸਲਵਾਦ ਜ਼ਿੰਦਗੀ ਦੀ ਇਕ ਅਸਲੀਅਤ ਹੈ। ਇਹ ਜ਼ਿੰਦਗੀ ਦੀ ਇਕ ਘਿਨਾਉਣੀ ਅਸਲੀਅਤ ਹੈ। ਇਹ ਅਜਿਹੀ ਗੱਲ ਨਹੀਂ ਕਿ ਜਿਸ ਨੂੰ ਮੈਂ ਨਹੀਂ ਮੰਨਦਾ, ਨਾ ਹੀ ਮੈਂ ਇਸ ਨੂੰ ਸਹਿੰਦਾ ਹਾਂ- ਮੈਂ ਇਸ ਨੂੰ ਪਸੰਦ ਨਹੀਂ ਕਰਦਾ। ਪਰ ਤੁਸੀਂ ਇਸ ਨਾਲ ਕਿਸ ਤਰ੍ਹਾਂ ਨਿਪਟਦੇ ਹੋ, ਇਸ ਤੋਂ ਪਤਾ ਚਲਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ। ਮੈਂ ਇਸ ਨਾਲ ਇਹ ਕਹਿ ਕੇ ਨਿਪਟਣਾ ਚਾਹਾਂਗੇ ਕਿ ਚੰਗਾ ਫਿਰ ਦੇਖੋ ਮੈਂ ਕੀ ਕਰਦਾ ਹਾਂ। ਤੁਸੀਂ ਸਮਝਦੇ ਹੋ ਕਿ ਮੈਂ ਘਟੀਆ ਹਾਂ। ਚੰਗਾ ਫਿਰ ਦੇਖੋ ਮੈਂ ਕੀ ਕਰਦਾ ਹਾਂ।

ਮੇਰੇ ਖਿਆਲ ਵਿੱਚ ਇਕ ਚੀਜ਼ ਜਿਹੜਾ ਸਾਡਾ ਸਭਿਆਚਾਰ ਸਾਨੂੰ ਸਿਖਾਉਂਦਾ ਹੈ, ਉਹ ਹੈ ਸਵੈ-ਵਿਸ਼ਵਾਸ, ਆਪਣੇ ਆਪ ਬਾਰੇ ਵਿਸ਼ਵਾਸ। ਅਤੇ ਇਹ ਗੱਲ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ। ਅਸੀਂ ਨਿਆਂ ਵਿੱਚ ਯਕੀਨ ਕਰਦੇ ਹਾਂ। ਇਹ ਸਾਡੇ ਧਰਮ ਦੇ ਗੁਣ ਹਨ। ਖਾਸ ਕਰਕੇ ਨਿਆਂ ਅਤੇ ਲੋਕਾਂ ਦੀ ਬਰਾਬਰੀ। ਅਤੇ ਮੈਂ ਹਮੇਸ਼ਾਂ ਇਹਨਾਂ ਕਦਰਾਂ ਕੀਮਤਾਂ ਨੂੰ ਯਾਦ ਕਰ ਲੈਂਦਾ ਹਾਂ ਜਦੋਂ ਵੀ ਕੋਈ ਮੇਰੀ ਅਜਮਾਇਸ਼ ਕਰਦਾ ਹੈ। ਫਿਰ ਉਹਨਾਂ ਕਦਰਾਂ ਕੀਮਤਾਂ ਵਿੱਚੋਂ ਮੈਂ ਹੱਲ ਲੱਭ ਲੈਂਦਾ ਹਾਂ। ਮੈਂ ਆਪਣੇ ਆਪ ਨੂੰ ਇਕ ਧਾਰਮਿਕ ਆਦਮੀ ਨਹੀਂ ਕਹਿੰਦਾ। ਮੇਰਾ ਨਹੀਂ ਖਿਆਲ ਕਿ ਮੈਂ ਖਾਸ ਤੌਰ ‘ਤੇ ਧਾਰਮਿਕ ਵਿਅਕਤੀ ਹਾਂ। ਪਰ ਮੈਂ ਉਨ੍ਹਾਂ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਕਰਦਾ ਹਾਂ ਜੋ ਸਾਡੀਆਂ ਸਿੱਖਿਆਵਾਂ ਤੋਂ ਸਾਨੂੰ ਮਿਲਦੀਆਂ ਹਨ। ਮੈਨੂੰ ਉਨ੍ਹਾਂ ‘ਤੇ ਪੂਰਾ ਵਿਸ਼ਵਾਸ ਹੈ। ਮੇਰਾ ਖਿਆਲ ਹੈ ਕਿ ਇਹ ਮੈਂ ਆਪਣੀ ਮਾਂ ਦੇ ਤਜਰਬੇ ਤੋਂ ਸਿੱਖਿਆ ਹੈ – ਕਿਉਂਕਿ ਮੇਰੇ ਬਾਪ ਨੂੰ ਇਨ੍ਹਾਂ ਗੱਲਾਂ ਦੀ ਜ਼ਿਆਦਾ ਪਰਵਾਹ ਨਹੀਂ ਸੀ।

ਇਸ ਲਈ ਮੈਂ ਇਹ ਨਹੀਂ ਕਹਾਂਗਾ ਕਿ ਉਸ ਵੇਲੇ ਬਹੁਤ ਜ਼ਿਆਦਾ ਨਸਲਵਾਦ ਸੀ। ਜੋ ਸੀ ਵੀ, ਉਸ ਬਾਰੇ ਮੈਂ ਬਹੁਤੀ ਚਿੰਤਾ ਨਹੀਂ ਕੀਤੀ। ਮੈਂ ਉੱਥੇ ਇਕੱਲਾ ਸੀ, ਅਤੇ ਮੈਨੂੰ ਪਤਾ ਸੀ ਕਿ ਮੈਨੂੰ ਆਪਣੇ ਆਪ ਨੂੰ ਸਿੱਧ ਕਰਨਾ ਪੈਣਾ ਸੀ। ਮੈਨੂੰ ਇਕ ਵਾਰ ਦੀ ਗੱਲ ਯਾਦ ਹੈ। ਨਸਲਵਾਦ ਕਈ ਤਰ੍ਹਾਂ ਕੰਮ ਕਰਦਾ ਹੈ। ਇਕ ਵਾਰ ਜਦੋਂ ਅਸੀਂ ਵੈਨਕੂਵਰ ਵਿੱਚ ਸੇਂਟ ਜਾਰਜਜ਼ ਸਕੂਲ ਦੀ 5 ਵੀਂ ਜਮਾਤ ਵਿੱਚ ਗਏ। ਸਾਰੀ ਕਲਾਸ ਦੇ ਵਿਦਿਆਰਥੀ ਇਕੱਠੇ ਸੀ ਅਤੇ ਅਸੀਂ ਸਾਕਰ ਦੀ ਟੀਮ ਚੁਣਨੀ ਸੀ। ਅਤੇ ਫਿਰ ਚੌਥੀ ਜਮਾਤ ਵਿੱਚੋਂ ਦੋ ਮੁੰਡੇ ਚੁਣਨੇ ਸੀ, ਜਿਹੜੇ ਪਹਿਲਾਂ ਹੀ ਉੱਥੇ ਸਨ। ਇਸ ਲਈ ਉਨ੍ਹਾਂ ਨੂੰ ਪਤਾ ਸੀ ਕਿ ਕਿਸ ਨੂੰ ਚੁਣਨਾ ਹੈ। ਫਿਰ ਜਦੋਂ ਸਾਡੇ ਬਾਕੀਆਂ ਵਿੱਚੋਂ ਚੁਣਨ ਦੀ ਵਾਰੀ ਆਈ, ਕਿਉਂਕਿ ਅਸੀਂ ਪਹਿਲਾਂ ਉੱਥੇ ਨਹੀਂ ਸੀ। ਅਤੇ ਅਸੀਂ 10-12 ਜਣੇ ਸੀ। ਅਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਕ ਦਮ ਟੀਮ ਦਾ ਕੈਪਟਨ ਮੇਰੇ ਵੱਲ ਇਸ਼ਾਰਾ ਕਰਕੇ ਕਹਿੰਦਾ ਕਿ ਅਸੀਂ ਉਸ ਮੁੰਡੇ ਨੂੰ ਆਪਣੀ ਟੀਮ ਵਿੱਚ ਲਵਾਂਗੇ ਕਿਉਂਕਿ ਉਹ ਰੰਗਦਾਰ ਹੈ ਅਤੇ ਸ਼ਾਇਦ ਉਹ ਚੰਗਾ ਹੋਵੇਗਾ। ਉਨ੍ਹਾਂ ਨੇ ਸਮਝ ਲਿਆ ਕਿ ਮੈਂ ਦੂਜਿਆਂ ਦੇ ਮੁਕਾਬਲੇ ਤੇਜ਼ ਦੌੜਦਾ ਹੋ ਸਕਦਾ ਸੀ ਜਾਂ ਚੰਗਾ ਖੇਡਦਾ ਹੋ ਸਕਦਾ ਸੀ। ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਜਿਸ ਬਾਰੇ ਮੈਂ ਬਹੁਤ ਜ਼ਿਆਦਾ ਚਿੰਤਾ ਕਰਦਾ।

ਸਵਾਲ: ਤੁਸੀਂ ਪਹਿਲਾਂ ਗਾਂਧੀ ਬਾਰੇ ਗੱਲ ਕੀਤੀ ਸੀ, ਉਸ ਦੀਆਂ ਲਿਖਤਾਂ ਵਿੱਚੋਂ ਕਿਹੜੀਆਂ ਗੱਲਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ?
ਜਵਾਬ: ਜੇ ਮੈਂ ਹਿੰਸਾ ਅਤੇ ਲੀਡਰਸ਼ਿੱਪ ਨਾਲ ਨਿਪਟ ਰਿਹਾ ਹੋਵਾਂ। ਲੀਡਰਸ਼ਿੱਪ ਦੇ ਗੁਣ। ਇਸ ਤਰ੍ਹਾਂ ਦੀਆਂ ਗੱਲਾਂ।

ਸਵਾਲ: ਤੁਹਾਡੀ ਪਹਿਲੀ ਵਾਰ ਸਿਆਸਤ ਵਿੱਚ ਦਿਲਚਸਪੀ ਕਦੋਂ ਪੈਦਾ ਹੋਈ?
ਜਵਾਬ: ਇਹ 1974 ਦੀ ਗੱਲ ਹੈ – ਮੈਂ ਤੁਹਾਨੂੰ ਇਕ ਕਹਾਣੀ ਵਿੱਚ ਦੋ ਕਹਾਣੀਆਂ ਦੱਸਾਂਗਾ, ਇਹ ਕਿਸ ਤਰ੍ਹਾਂ ਰਹੇਗਾ?

ਸਵਾਲ: ਇਕ ਦੀ ਥਾਂ ਦੋ ਕਹਾਣੀਆਂ। ਜ਼ਰੂਰ।
ਜਵਾਬ: ਅਸਲ ਵਿੱਚ ਇਹ ਇਕ ਹੀ ਕਹਾਣੀ ਹੈ। ਪਰ ਤੁਹਾਨੂੰ ਮਿੰਟ ਵਿੱਚ ਹੀ ਪਤਾ ਲੱਗ ਜਾਏਗਾ ਕਿ ਮੈਂ ਤੁਹਾਨੂੰ ਦੂਜੀ ਕਹਾਣੀ ਕਿਉਂ ਦੱਸ ਰਿਹਾ ਹਾਂ। ਸੰਨ 1974 ਵਿੱਚ ਮੈਂ ਸਟੂਡੈਂਟ ਓਂਬਡਸਮੈਨ (ਵਿਦਿਆਰਥੀਆਂ ਦੇ ਲੋਕਪਾਲ) ਨੁੰ ਮਿਲਣ ਗਿਆ। ਉਹ ਬੰਦਾ ਕਦੇ ਵੀ ਉੱਥੇ ਨਹੀਂ ਸੀ ਹੁੰਦਾ। ਮੈਨੂੰ ਸਟੂਡੈਂਟ ਲੋਨ ਬਾਰੇ ਕੁਝ ਮਦਦ ਦੀ ਲੋੜ ਸੀ ਕਿਉਂਕਿ ਮੇਰੀਆਂ ਲੋਨ ਬਾਰੇ ਕੁਝ ਮੁਸ਼ਕਿਲਾਂ ਸਨ। ਉਹ ਕਦੇ ਵੀ ਉੱਥੇ ਨਹੀਂ ਸੀ ਮਿਲਦਾ। ਇਸ ਲਈ ਮੈਂ ਇਸ ਬਾਰੇ ਸ਼ਿਕਾਇਤ ਕੀਤੀ। ਅਸੀਂ ਕੁਝ ਜਣੇ ਉੱਥੇ ਮਿਲਦੇ ਹੁੰਦੇ ਸੀ ਅਤੇ ਗੱਲਬਾਤ ਕਰਦੇ ਹੁੰਦੇ ਸੀ ਜਿਵੇਂ ਆਮ ਕਾਲਜ ‘ਚ ਪੜ੍ਹਦੇ ਲੋਕ ਕਰਦੇ ਹਨ। ਅਤੇ ਮੈਂ (ਆਪਣੇ ਸਾਥੀਆਂ) ਕੋਲ ਇਸ ਬਾਰੇ ਸ਼ਿਕਾਇਤ ਕਰਦਾ ਰਹਿੰਦਾ ਸੀ। ਮੈਂ ਬਹੁਤ ਸਾਰੀਆਂ ਖੇਡਾਂ ਵਿੱਚ ਸ਼ਾਮਲ ਸੀ ਅਤੇ ਯੂ ਬੀ ਸੀ ਵਿੱਚ ਬਹੁਤ ਸਾਰੇ ਉਨ੍ਹਾਂ ਮੁੰਡਿਆਂ ਨੂੰ ਜਾਣਦਾ ਸੀ ਜਿਹੜੇ ਖੇਡਾਂ ਵਿੱਚ ਸ਼ਾਮਲ ਸਨ। ਮੈਂ ਉਨ੍ਹਾਂ ਕੋਲ ਵੀ ਸ਼ਿਕਾਇਤ ਕਰਦਾ ਰਹਿੰਦਾ ਸੀ ਕਿ ‘ਮੈਂ ਇਸ ਬੰਦੇ ਨੂੰ ਕਈ ਵਾਰ ਮਿਲਣ ਗਿਆ ਹਾਂ, ਉਹ ਕਦੇ ਵੀ ਉੱਥੇ ਨਹੀਂ ਹੁੰਦਾ’। ਅਖੀਰ ‘ਚ ਕਿਸੇ ਨੇ ਸਲਾਹ ਦਿੱਤੀ ਕਿ ਤੂੰ ਉਸ ਦੇ ਵਿਰੁੱਧ ਚੋਣ ਕਿਉਂ ਨਹੀਂ ਲੜਦਾ?

ਠੀਕ ਹੈ, ਕਿਉਂ ਨਹੀਂ? ਇਹਦੇ ਵਿੱਚ ਕੀ ਗਲਤ ਹੈ? ਆਉ ਇਸ ਬਾਰੇ ਕੋਸ਼ਿਸ਼ ਕਰੀਏ। ਸੋ ਮੈਨੂੰ ਯਾਦ ਹੈ – ਹੁਣ ਮੈਂ ਤੁਹਾਨੂੰ ਇਕ ਤੋਂ ਜ਼ਿਆਦਾ ਕਹਾਣੀਆਂ ਦੱਸਾਂਗਾ -। ਅਸੀਂ ਇਕ ਨਿੱਕਾ ਜਿਹਾ ਪੋਸਟਰ ਬਣਾਇਆ। ਮੈਨੂੰ ਯੂ ਬੀ ਸੀ ਦੀ ਸਟੂਡੈਂਟ ਯੂਨੀਅਨ ਦੀ ਬਿਲਡਿੰਗ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਦਿੱਤਾ ਆਪਣਾ ਪਹਿਲਾ ਭਾਸ਼ਨ ਯਾਦ ਹੈ ਕਿ ਮੈਂ ਓਂਬਡਸਮੈਨ (ਲੋਕਪਾਲ) ਕਿਉਂ ਬਣਨਾ ਚਾਹੁੰਦਾ ਸੀ। ਮੈਨੂੰ ਯਾਦ ਹੈ ਕਿ ਮੇਰੇ ਗੋਡੇ ਕੰਬ ਰਹੇ ਸਨ ਅਤੇ ਮੈਂ ਭਾਸ਼ਨ ਦਿੱਤਾ। ਮੈਂ ਪਹਿਲੇ ਸਾਲ ਅਤੇ ਦੂਜੇ ਸਾਲ ਦੀਆਂ ਸਾਰੀਆਂ ਕਲਾਸਾਂ ਵਿੱਚ ਗਿਆ ਕਿਉਂਕਿ ਉਹ ਵੱਡੀਆਂ ਹੁੰਦੀਆਂ ਹਨ। ਸਾਰਿਆਂ ਨੂੰ ਇਹ ਗੱਲ ਦੱਸੀ। ਯੂਨੀਵਰਸਿਟੀ ਵਿੱਚ ਭਾਰਤੀ ਮੂਲ ਦੇ ਹਰ ਵਿਦਿਆਰਥੀ ਕੋਲ ਗਿਆ ਅਤੇ ਇਹ ਪੱਕਾ ਕੀਤਾ ਕਿ ਉਹ ਮੈਨੂੰ ਵੋਟ ਪਾਉਣ। ਇਸ ਤਰ੍ਹਾਂ ਮੈਂ ਜਿੱਤ ਗਿਆ। ਕਿਉਂਕਿ ਉਨ੍ਹਾਂ ਸਾਰਿਆਂ ਨੇ ਮੈਨੂੰ ਵੋਟ ਪਾਈ। ਉਹ ਸਾਰੇ ਮੈਨੂੰ ਜਾਣਦੇ ਸਨ। ਉਨ੍ਹਾਂ ਸਾਰਿਆਂ ਨੇ ਮੈਨੂੰ ਵੋਟ ਪਾਈ। ਸਾਡਾ ਆਪਣਾ ਬੰਦਾ ਹੈ, ਚਲੋ ਉਸ ਨੂੰ ਵੋਟ ਪਾਈਏ।

ਇਸ ਤਰ੍ਹਾਂ ਸਾਡੀ ਜਿੱਤ ਹੋਈ। ਪਰ ਇਕ ਦਿਨ – ਇਹ ਇਕ ਹੋਰ ਕਹਾਣੀ ਹੈ, ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਹਾਂ। ਇਕ ਦਿਨ ਮੈਂ ਜਾ ਰਿਹਾ ਸੀ ਅਤੇ ਪੋਸਟਰ ਲਾ ਰਿਹਾ ਸੀ। ਮੁੱਖ ਤੌਰ ‘ਤੇ ਮੈਂ ਆਰਟਸ ਦੇ ਵਿਦਿਆਰਥੀਆਂ ਨੂੰ ਜਾਣਦਾ ਸੀ, ਅਤੇ ਉਨ੍ਹਾਂ ਵਿੱਚੋਂ ਮੈਂ ਬਹੁਤਿਆਂ ਨੂੰ ਜਾਣਦਾ ਸੀ। ਮੈਂ ਕਾਮਰਸ ਦੇ ਪਾਸੇ ਕਿਸੇ ਨੂੰ ਨਹੀਂ ਜਾਣਦਾ ਸੀ। ਇਸ ਲਈ ਮੈਂ ਸੋਚਿਆ ਕਿ ਚਲੋ ਕਾਮਰਸ ਵੱਲ ਚਲਦੇ ਹਾਂ ਅਤੇ ਉੱਥੇ ਜਾ ਕੇ ਪੋਸਟਰ ਲਾਉਂਦੇ ਹਾਂ। ਸ਼ਾਇਦ ਕੁਝ ਵਿਦਿਆਰਥੀ ਮੈਨੂੰ ਵੋਟ ਪਾ ਦੇਣ।

ਮੈਂ ਕਾਮਰਸ ਬਿਲਡਿੰਗ ‘ਚ ਸੀ ਅਤੇ ਪੋਸਟਰ ਲਾ ਰਿਹਾ ਸੀ, ਕਿ ਇਕ ਅਜੀਬ ਸ਼ਕਲ ਵਾਲਾ ਬੰਦਾ ਮੇਰੇ ਕੋਲ ਆਇਆ ਅਤੇ ਮੈਨੂੰ ਕਹਿਣ ਲੱਗਾ ਤਾਂ ਤੂੰ ਮੋਅ ਸਹੋਤਾਂ ਹੈਂ। ਹਾਂ, ਮੈਂ ਜੁਆਬ ਦਿੱਤਾ। ਉਹ ਫਿਰ ਬੋਲਿਆ, ਮੈਂ ਸਾਰੇ ਪਾਸੀਂ ਤੇਰੇ ਪੋਸਟਰ ਦੇਖੇ ਹਨ। ਮੈਂ ਸੱਚਮੁੱਚ ਸਮਝਦਾ ਹਾਂ ਕਿ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਇੱਥੇ ਕੈਂਪਸ ਵਿੱਚ ਸਿਆਸਤ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਮੈਂ ਇਸ ਬੰਦੇ ਨੂੰ ਨਹੀਂ ਜਾਣਦਾ ਸੀ। ਅਤੇ ਉਹ ਕਹਿੰਦਾ ਕਿ ਮੈਂ ਤੇਰੀ ਮਦਦ ਕਰਨੀ ਚਾਹੁੰਦਾ ਹਾਂ। ਕੀ ਮੈਂ ਤੇਰੀ ਮਦਦ ਕਰ ਸਕਦਾ ਹਾਂ। ਮੈਂ ਤੇਰੇ ਲਈ ਤੇਰੇ ਪੋਸਟਰ ਲਾਵਾਂਗਾ। ਮੈਂ ਕਾਮਰਸ ਦੇ ਵਿਦਿਆਰਥੀਆਂ ਨਾਲ ਗੱਲ ਕਰਾਂਗਾ। ਮੈਂ ਕਾਮਰਸ ਦਾ ਵਿਦਿਆਰਥੀ ਹਾਂ। ਮੈ ਆਪਣੀ ਫੈਕਲਟੀ ਦੇ ਲੋਕਾਂ ਨੂੰ ਕਹਾਂਗਾ ਕਿ ਉਹ ਤੈਨੂੰ ਵੋਟ ਪਾਉਣ। ਕਿਉਂਕਿ ਮੇਰੇ ਖਿਆਲ ਵਿੱਚ ਇਹ ਬਹੁਤ ਵਧੀਆ ਗੱਲ ਹੈ ਕਿ ਆਪਣੀ ਕਮਿਊਨਿਟੀ ਵਿੱਚੋਂ ਕੋਈ ਜਣਾ ਚੋਣ ਲੜ ਰਿਹਾ ਹੈ।

ਅਤੇ ਇਹ ਪਹਿਲੀ ਵਾਰੀ ਸੀ ਜਦੋਂ ਮੈਂ ਆਪਣੇ ਬਹੁਤ ਵਧੀਆ ਦੋਸਤ ਹਰਬ ਧਾਲੀਵਾਲ ਨੂੰ ਮਿਲਿਆ। ਉਹ ਮੇਰੇ ਵਿਆਹ ਵੇਲੇ ਮੇਰਾ ਬੈਸਟ ਮੈਨ ਬਣਿਆ ਸੀ। ਇਹ ਦੋਸਤੀ ਦੇ ਇਕ ਲੰਮੇ ਰਿਸ਼ਤੇ ਦੀ ਸ਼ੁਰੂਆਤ ਸੀ।

ਇਹ ਸੱਚ ਹੈ ਕਿ ਉਹ ਲਿਬਰਲ ਹੈ ਅਤੇ ਮੈਂ ਨਿਊ ਡੈਮੋਕਰੈਟ। ਅਸੀਂ ਬਹੁਤ ਵਾਰੀ ਇਸ ਬਾਰੇ ਗੱਲ ਕੀਤੀ ਹੈ। ਹੁਣ ਵੀ ਕਈ ਵਾਰ ਕਰਦੇ ਹਾਂ। ਅਤੇ ਇਹ ਅਜੀਬ ਹੈ ਕਿ ਕਿਸਤਰ੍ਹਾਂ ਸਿਆਸਤ ਅਤੇ ਦੋਸਤੀ ਆਪਸ ਵਿੱਚ ਘੁਲਮਿਲ ਜਾਂਦੇ ਹਨ।

ਸੋ ਉਦੋਂ ਮੈਂ ਇਕ ਚੰਗੇ ਫਰਕ ਨਾਲ ਜਿੱਤ ਗਿਆ। ਮੁੱਖ ਤੌਰ ‘ਤੇ ਮੈਂ ਇਸ ਕਾਰਨ ਜਿੱਤਿਆ ਕਿਉਂਕਿ ਇੰਡੋ-ਕੈਨੇਡੀਅਨ ਵਿਦਿਆਰਥੀਆਂ ਨੇ ਬਲਾਕ ਵਿੱਚ ਮੈਨੂੰ ਵੋਟਾਂ ਪਾਈਆਂ ਸਨ। ਅਤੇ ਉਦੋਂ ਮੈਂ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਨਹੀਂ ਸੀ।

ਮੈਂ ਫਿਰ ਵਿਦਿਆਰਥੀ ਦੇ ਕਰਜ਼ਿਆਂ, ਵਿਦਿਆਿਰਥੀਆਂ ਦੀਆਂ ਨੌਕਰੀਆਂ ਅਤੇ ਇਸ ਤਰ੍ਹਾਂ ਦੇ ਮਸਲਿਆਂ ਉੱਤੇ ਕੰਮ ਕਰਨ ਲੱਗਾ। ਅਤੇ ਸੰਨ 1975 ਵਿੱਚ ਸਟੂਡੈਂਟ ਸੁਸਾਇਟੀ ਦੇ ਐਕਸਟਰਨਲ ਅਫੇਅਰਜ਼ ਦੇ ਮਾਮਲਿਆਂ ਦੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ‘ਤੇ ਚੁਣਿਆ ਗਿਆ ਜਿਸ ਦਾ ਭਾਵ ਸੀ ਕਿ ਸਰਕਾਰ ਨਾਲ ਨਾਤਾ ਜੋੜਨਾ। ਸੋ 1975 ਵਿੱਚ ਬੀ ਸੀ ਦੀਆਂ ਸੂਬਾਈ ਚੋਣਾਂ ਵਿੱਚ ਐੱਨ ਡੀ ਪੀ ਦੀ ਹਾਰ ਹੋਈ ਸੀ ਅਤੇ ਸਟੂਡੈਂਟ ਹਾਊਸਿੰਗ, ਟਿਊਸ਼ਨ ਫੀਸਾਂ, ਵਿਦਿਆਰਥੀਆਂ ਦੇ ਕਰਜ਼ਿਆਂ ਅਤੇ ਗਰਾਂਟਾਂ ਅਤੇ ਵਿਦਿਆਰਥੀਆਂ ਲਈ ਨੌਕਰੀਆਂ ਵਰਗੇ ਮਸਲੇ ਸਨ, ਜਿਨ੍ਹਾਂ ਵਿੱਚ ਮੈਨੂੰ ਦਿਲਚਸਪੀ ਸੀ। ਮੈਂ ਸੋਚਿਆ ਕਿ ਸਰਕਾਰ ਇਸ ਬਾਰੇ ਬਹੁਤਾ ਕੁਝ ਕਰ ਨਹੀਂ ਰਹੀ। ਅਸਲ ਵਿੱਚ ਮੈਂ ਹੁਣ ਵੀ ਯਕੀਨ ਕਰਦਾ ਹਾਂ, ਅਤੇ ਉਦੋਂ ਵੀ ਯਕੀਨ ਕਰਦਾ ਸੀ ਕਿ ਪੋਸਟ ਸੈਕੰਡਰੀ ਪੱਧਰ ‘ਤੇ ਕੋਈ ਟਿਊਸ਼ਨ ਫੀਸ ਨਹੀਂ ਹੋਣੀ ਚਾਹੀਦੀ।

ਸੋ ਵਿਦਿਆਰਥੀਆਂ ਦੀ ਰਿਹਾਇਸ਼, ਵਿਦਿਆਰਥੀਆਂ ਦੇ ਕਰਜ਼ਿਆਂ ਅਤੇ ਨੌਕਰੀਆਂ ਬਾਰੇ ਸਰਕਾਰ ਕਾਫੀ ਕੁਝ ਕਰ ਨਹੀ ਰਹੀ ਸੀ ਅਤੇ ਨਵੀਂ ਸਰਕਾਰ ਆਈ ਸੀ ਅਤੇ ਉਨ੍ਹਾਂ ਨੇ ਪੋਸਟ ਸੈਕੰਡਰੀ ਐਜੂਕੇਸ਼ਨ ਅਤੇ ਵਿਦਿਆਰਥੀਆਂ ਦੇ ਕਰਜ਼ਿਆਂ ਦੇ ਸੰਬੰਧ ਵਿੱਚ ਹੋਰ ਕਟੌਤੀਆਂ ਕਰ ਦਿੱਤੀਆਂ ਸਨ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਪੜ੍ਹਨ ਲਈ ਤੁਹਾਨੂੰ ਵਿਦਿਆਰਥੀਆਂ ਦੇ ਕਰਜ਼ਿਆਂ ਦੀ ਲੋੜ ਸੀ। ਅਤੇ ਮੈਂ ਸੋਚਿਆ ਕਿ ਸਰਕਾਰ ਨੂੰ ਵਿਦਿਆਰਥੀਆਂ ਦੀ ਜ਼ਿੰਦਗੀ ਬਾਰੇ ਸਮਝ ਨਹੀਂ। ਅਤੇ ਮੈਂ ਸੋਚਿਆ ਕਿ ਜੇ ਮੈਂ ਐਜੂਕੇਸ਼ਨ ਮਨਿਸਟਰ, ਮਨਿਸਟਰ ਆਫ ਐਡਵਾਂਸਡ ਐਜੂਕੇਸ਼ਨ ਨੂੰ ਮਿਲਾਂ, ਅਤੇ ਉਹਨਾਂ ਨੂੰ ਦੱਸਾਂ ਕਿ ਵਿਦਿਆਰਥੀਆਂ ਦੀ ਹਾਲਾਤ ਕਿਸ ਤਰ੍ਹਾਂ ਦੀ ਹੈ, ਤਾਂ ਮੈਨੂੰ ਪੱਕਾ ਯਕੀਨ ਹੈਕਿ ਉਸ ਨੂੰ ਐਜੂਕੇਸ਼ਨ ਨੂੰ ਥੋੜ੍ਹਾ ਜਿਹਾ ਹੋਰ ਲੋਕਾਂ ਦੀ ਪਹੁੰਚ ਵਿੱਚ ਕਰਨ ਦੀ ਗੱਲ ਸਮਝ ਆ ਜਾਵੇਗੀ। ਮੈਂ ਸੋਚਿਆ ਕਿ ਉਸ ਨੂੰ ਮਿਲਣਾ ਬਹੁਤ ਸੌਖਾ ਹੋਵੇਗਾ ਕਿਉਂਕਿ ਮੈਂ ਉਸ ਵੇਲੇ ਦੇ ਐਜੂਕੇਸ਼ਨ ਮਨਿਸਟਰ ਪੈਟ ਮਗੀਰ ਦੇ ਪੁੱਤਰ ਨੂੰ ਜਾਣਦਾ ਸੀ। ਰਿੱਕ ਮਗੀਰ ਵੀ ਉਸ ਤਰ੍ਹਾਂ ਦੇ ਵਧੀਆ ਪ੍ਰਾਈਵੇਟ ਸਕੂਲ ਵਿੱਚ ਗਿਆ ਸੀ ਜਿਸ ਤਰ੍ਹਾਂ ਦੇ ਵਿੱਚ ਦੀ ਮੈਂ ਗਿਆ ਸੀ।

ਇਸ ਲਈ ਮੈਂ ਆਪਣਾ ਸੂਟ ਪਾਇਆ ਅਤੇ ਪੈਟ ਮਗੀਰ ਨੂੰ ਮਿਲਣ ਚਲਾ ਗਿਆ। ਬੜਾ ਅਜੀਬ ਬੰਦਾ ਸੀ ਉਹ। ਉਹਨੂੰ ਕੋਈ ਪਰਵਾਹ ਨਹੀਂ ਸੀ ਕਿ ਮੈਂ ਕੀ ਕਹਿ ਰਿਹਾ ਸੀ। ਅਤੇ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਸਰੋਕਾਰਾਂ ਅਤੇ ਅਸਲੀਅਤ ਬਾਰੇ ਉਹਨੂੰ ਕੋਈ ਹਮਦਰਦੀ ਨਹੀਂ ਸੀ। ਮੈਂ ਉਸ ਤੋਂ ਬਿਲਕੁਲ ਪ੍ਰਭਾਵਿਤ ਨਾ ਹੋਇਆ।

ਫਿਰ ਮੈਂ ਵਾਪਸ ਯੂਨੀਵਰਸਿਟੀ ਚਲਾ ਗਿਆ ਅਤੇ ਇਸ ਬਾਰੇ ਯੂਨੀਵਰਸਿਟੀ ਦੇ ਅਖਬਾਰ ਵਿੱਚ ਬਿਆਨ ਦਿੱਤਾ। ਹਫਤੇ ਬਾਅਦ ਮੇਰਾ ਦਰਵਾਜ਼ਾ ਖੜਕਿਆ ਅਤੇ ਡੇਵ ਬੈਰਟ ਅਤੇ ਡੈਨਿਸ ਕੋਕ ਮੇਰੇ ਦਫਤਰ ਅੰਦਰ ਦਾਖਲ ਹੋਏ। ਕੋਕ ਉਸ ਵੇਲੇ ਐਜੂਕੇਸ਼ਨ ਕਰਿਟਕ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਪੈਟ ਮਗੀਰ ਨੂੰ ਮਿਲਿਆ ਸੀ ਅਤੇ ਉਸ ਨੇ ਮੇਰੇ ਨਾਲ ਚੱਜ ਨਾਲ ਗੱਲ ਨਹੀਂ ਕੀਤੀ। ਉਹ (ਡੇਵ ਬੈਰਟ) ਕਹਿੰਦਾ ਕਿ ਤੂੰ ਮੈਨੂੰ ਦਸ ਆਪਣੀ ਗੱਲ। ਮੈਨੂੰ ਦਸ ਤੈਨੂੰ ਵਿਦਿਆਰਥੀਆਂ ਦੇ ਕਰਜ਼ਿਆਂ ਬਾਰੇ ਕੀ ਪਤਾ ਹੈ।

ਮੈਂ ਇਹ ਗੱਲ ਕਦੇ ਨਹੀਂ ਭੁੱਲ ਸਕਦਾ। ਉਹਦੇ (ਡੇਵ ਬੈਰਟ) ਕੋਲ ਇਸ ਤਰ੍ਹਾਂ ਦਾ ਪੇਪਰ ਸੀ, ਇਸ ਤਰ੍ਹਾਂ ਦਾ ਪੈਡ। ਉਸ ਦਾ ਰੰਗ ਪੀਲਾ ਸੀ। ਉਸ ਨੇ ਮੈਥੋਂ ਪੈਂਸਿਲ ਮੰਗੀ। ਉਹ ਅਤੇ ਡੈਨਿਸ ਉੱਥੇ ਬੈਠ ਗਏ ਅਤੇ ਜੋ ਕੁਝ ਵੀ ਮੈਂ ਕਿਹਾ ਉਹ ਸਭ ਕੁਝ ਲਿਖ ਲਿਆ। ਵਾਪਸ ਲੈਜਿਸਲੇਚਰ ਵਿੱਚ ਗਏ ਅਤੇ ਕੁਝ ਦਿਨਾਂ ਬਾਅਦ ਉੱਥੇ ਉਸ ਸਭ ਕੁਝ ਬਾਰੇ ਬੋਲੋ ਜੋ ਕੁਝ ਮੈਂ ਉਨ੍ਹਾਂ ਨੂੰ ਦੱਸਿਆ ਸੀ ਅਤੇ ਇਸ ਦੀ ਇਕ ਕਾਪੀ ਮੈਨੂੰ ਭੇਜੀ।
ਇਹ ਗੱਲ ਸਹੀ ਹੈ ਕਿ ਆਪਣੇ ਬਚਪਨ ਕਰਕੇ ਮੈਂ ਐੱਨ ਡੀ ਪੀ ਦੇ ਹੱਕ ਵਿੱਚ ਸੀ। ਪਰ ਮੈਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਿਆ ਸੀ ਅਤੇ ਦੁਨੀਆ ਨੂੰ ਉਸ ਨਜ਼ਰੀਏ ਤੋਂ ਦੇਖਣ ਲੱਗ ਪਿਆ ਸੀ। ਅਤੇ ਬੈਰਟ ਕਾਰਨ ਮੈਂ ਐੱਨ ਡੀ ਪੀ ਵਿੱਚ ਸ਼ਾਮਲ ਹੋਇਆ। ਉਸ ਵਲੋਂ ਮੇਰੇ ਵੱਲ ਦਿਖਾਏ ਸਤਿਕਾਰ ਕਾਰਨ। ਆਮ ਤੌਰ ‘ਤੇ ਮੈਂ ਇਨ੍ਹਾਂ ਬੰਦਿਆਂ ਵੱਲ ਦੇਖਦਾ ਹਾਂ। ਡੇਵ ਬੈਰਟ ਜਿਹੜਾ ਕੁਝ ਮਹੀਨੇ ਪਹਿਲਾਂ ਸੂਬੇ ਦਾ ਪ੍ਰੀਮੀਅਰ ਸੀ। ਉਹ ਮੇਰੇ ਦਫਤਰ ਵਿੱਚ ਆਇਆ। ਤੁਸੀਂ ਸਮਝ ਸਕਦੇ ਹੋ ਕਿ ਮੈਂ ਇਸ ਤੋਂ ਕਿੰਨਾ ਪ੍ਰਭਾਵਿਤ ਹੋਇਆ ਹੋਵਾਂਗਾ।

ਉਸ ਨਾਲ ਹੀ ਇਕ ਹੋਰ ਜ਼ਿੰਦਗੀ ਭਰ ਦੀ ਦੋਸਤੀ ਦੀ ਸ਼ੁਰੂਆਤ ਹੋਈ, ਅਤੇ ਡੇਵ ਐਸਕੁਆਈਮਾਲਟ ਵਿੱਚ ਰਹਿੰਦਾ ਹੈ, ਮੇਰੇ ਆਪਣੇ ਸ਼ਹਿਰ ਵਿੱਚ। ਮੈਂ ਉਸ ਦਾ ਐੱਮ ਐੱਲ ਏ ਰਿਹਾ ਹਾਂ ਅਤੇ ਉਹ ਮੇਰਾ ਐੱਮ ਪੀ। ਉਸ ਦਾ ਪੁੱਤਰ, ਇਨ੍ਹਾਂ ਸਾਰੇ ਸਾਲਾਂ ਦੌਰਾਨ, ਮੇਰਾ ਅਸਿਸਟੈਂਟ ਹੈ। ਉਸ ਸਮੇਂ ਤੋਂ ਜਦੋਂ ਦਾ ਮੈਂ ਕੈਬਨਿਟ ਮਨਿਸਟਰ ਬਣਿਆ ਹਾਂ।

ਸੋ ਇਸ ਤਰ੍ਹਾਂ ਮੇਰਾ ਐੱਨ ਡੀ ਪੀ ਦੇ ਨਾਲ ਰਿਸ਼ਤਾ ਸ਼ੁਰੂ ਹੋਇਆ। ਫਿਰ ਸੰਨ 1976 ਵਿੱਚ ਮੈਂ ਬਹੁਤ ਜ਼ਿਆਦਾ ਵੋਟਾਂ ਲੈ ਕੇ – ਇੰਡੋਕਨੇਡੀਅਨ ਵਿਦਿਆਰਥੀਆਂ ਦੀ ਵੱਡੀ ਮਦਦ ਨਾਲ – ਯੂਨੀਵਰਸਿਟੀ ਦੇ ਬੋਰਡ ਆਫ ਗਵਰਨਜ਼ ਲਈ ਚੁਣਿਆ ਗਿਆ। ਉਦੋਂ ਮੇਰਾ ਸਵੈਂਡ ਰੌਬਿਨਸਨ ਨਾਲ ਰਿਸ਼ਤਾ ਸ਼ੁਰੂ ਹੋਇਆ। ਸਵੈਂਡ ਯੂਨੀਵਰਸਿਟੀ ਛੱਡ ਗਿਆ ਅਤੇ ਉਸ ਨੇ ਫੈਡਰਲ ਐੱਮ ਪੀ ਦੀ ਚੋਣ ਲੜੀ। ਸੌਰੀ ਉਹਨੇ 1975 ਵਿੱਚ ਫੈਡਰਲ ਐੱਮ ਪੀ ਦੀ ਚੋਣ ਲੜੀ। ਇਸ ਲਈ ਜਦੋਂ ਮੈਂ ਬੋਰਡ ਲਈ ਚੁਣਿਆ ਗਿਆ, ਉਦੋਂ ਉਹ ਛੱਡ ਕੇ ਜਾ ਚੁੱਕਾ ਸੀ, ਅਤੇ ਮੈਂ ਉਸ ਦੀ ਥਾਂ ਲਈ ਸੀ, ਪਰ ਮੈਂ 1975 ਦੀ ਇਲੈਕਸ਼ਨ ਵਿੱਚ ਉਸ ਦੀ ਮਦਦ ਕੀਤੀ ਸੀ।

1975 ਵਿੱਚ ਦੋ ਇਲੈਕਸ਼ਨਾਂ – ਸੂਬਾਈ ਅਤੇ ਫੈਡਰਲ – ਇਕੱਠੀਆਂ ਸਨ। ਸੌਰੀ ਮੈਂ ਸਾਲਾਂ ਨੂੰ ਰਲਗੱਡ ਕਰ ਰਿਹਾ ਹਾਂ। ਇਹ 1979 ਦੀ ਗੱਲ ਹੈ। ਛਿਹਤਰ ਵਿੱਚ ਮੈਂ ਯੂਨੀਵਰਸਿਟੀ ਬੋਰਡ ਲਈ ਚੁਣਿਆ ਗਿਆ ਸੀ ਅਤੇ ਸੰਨ 1979 ਵਿੱਚ ਦੋਵੇਂ ਇਲੈਕਸ਼ਨਾਂ ਇਕੱਠੀਆਂ ਸਨ। ਇਨ੍ਹਾਂ ਦਿਨਾਂ ਵਿੱਚ ਮੇਰਾ ਫਰੈਡ (ਇੱਥੇ ਮੋਅ ਸਹੋਤਾ ਨੇ ਪੂਰਾ ਨਾਂ ਨਹੀਂ ਲਿਆ। ਇਸ ਲਈ ਪਤਾ ਨਹੀਂ ਕਿ ਉਹ ਕਿਸ ਵਿਅਕਤੀ ਦੀ ਗੱਲ ਕਰ ਰਿਹਾ ਹੈ-ਸੁਖਵੰਤ ਹੁੰਦਲ।) ਅਤੇ ਸਵੈਂਡ ਰੌਬਿਨਸਨ ਨਾਲ ਰਿਸ਼ਤਾ ਬਣ ਗਿਆ ਸੀ। ਮੈਂ ਡੇਵ (ਬੈਰਟ) ਅਤੇ ਦੂਜਿਆਂ ਬਾਰੇ ਕੁਝ ਮਿੰਟਾਂ ਵਿੱਚ ਗੱਲ ਕਰਦਾ ਹਾਂ। ਮੈਂ ਤੁਹਾਨੂੰ ਉਹ ਕਹਾਣੀ ਦਸ ਰਿਹਾ ਹਾਂ ਜਿਸ ਵਿੱਚੋਂ ਇਕ ਹੋਰ ਕਹਾਣੀ ਨਿਕਲਦੀ ਹੈ, ਤੁਸੀਂ ਦੇਖੋਗੇ ਕਿ ਇਹ ਸਾਰੀਆਂ ਕਹਾਣੀਆਂ ਕਿਵੇਂ ਇਕ ਦੂਸਰੇ ਨਾਲ ਮੇਲ ਖਾਂਦੀਆਂ ਹਨ।

ਸੋ 1979 ਵਿੱਚ ਦੋਵੇਂ ਇਲੈਕਸ਼ਨਾਂ ਇਕੱਠੀਆਂ ਸਨ। ਲੱਗਦਾ ਸੀ ਕਿ ਐੱਨ ਡੀ ਪੀ ਲਿਟਲ ਮਾਊਂਟੇਨ ਵਾਲੀ ਸੀਟ ਜਿੱਤ ਸਕਦੀ ਹੈ। ਗਰੇਸ ਮੈਕਾਰਥੀ ਉੱਥੋਂ ਦੀ ਮੌਜੂਦਾ (ਸਿਟਿੰਗ) ਐੱਮ ਐੱਲ ਏ ਸੀ। ਇਹ ਦੋ ਮੈਂਬਰਾਂ ਵਾਲਾ ਹਲਕਾ ਸੀ। ਲਗਦਾ ਸੀ ਕਿ ਐੱਨ ਡੀ ਪੀ ਲਿਟਲ ਮਾਊਂਟੇਨ ਦੀ ਸੀਟ ਜਿੱਤ ਸਕਦੀ ਸੀ। ਸੋਸ਼ਲ ਕਰੈਡਿਟ ਵਲੋਂ ਗਰੇਸ ਮੈਕਾਰਥੀ ਅਤੇ ਈਵਨ (ਵੌਲਫ) ਉਮੀਦਵਾਰ ਸਨ। ਮੈਂ ਲਿਟਲ ਮਾਊਂਟੇਨ ਹਲਕੇ ਵਿੱਚ ਐੱਨ ਡੀ ਪੀ ਦੇ ਉਮੀਦਵਾਰਾਂ ਲਈ ਕੰਮ ਕਰਨ ਗਿਆ। ਅਤੇ ਉਹ ਦੋ ਉਮੀਦਵਾਰ ਸਨ ਜਿਹਨਾਂ ਵਿੱਚ ਇਕ ਵੈਨਕੂਵਰ ਦਾ ਐਲਡਰਮੈਨ ਮਾਈਕ ਹਾਰਕੋਰਟ ਸੀ। ਸੋ ਮੈਂ 1979 ਦੀ ਇਲੈਕਸ਼ਨ ਵਿੱਚ ਮਾਈਕ ਨਾਲ ਕੰਮ ਕੀਤਾ। ਉਹ ਬਹੁਤ ਥੋੜ੍ਹੇ ਫਰਕ ਨਾਲ ਹਾਰਿਆ। ਅਤੇ ਮਾਈਕ ਹਾਰਕੋਰਟ ਨਾਲ ਵੀ ਮੇਰਾ ਰਿਸ਼ਤਾ ਬਣਾ ਗਿਆ ਕਿਉਂਕਿ ਇਲੈਕਸ਼ਨ ਦੌਰਾਨ ਅਸੀਂ ਥੋੜ੍ਹਾ ਜਿਹਾ ਇਕ ਦੂਜੇ ਨੂੰ ਜਾਣਨ ਲੱਗੇ ਸੀ। ਫਿਰ ਮੈਂ ਬਰਨਬੀ ਵਿੱਚ ਸਵੈਂਡ ਰੌਬਿਨਸਨ ਨਾਲ ਕੰਮ ਕਰਨ ਗਿਆ ਅਤੇ ਉਸ ਦੇ ਹਲਕੇ ਵਿੱਚ ਸਾਈਮਨ ਫਰੇਜ਼ਰ ਯੂਨੀਵਰਸਿਟੀ ਵੀ ਆਉਂਦੀ ਸੀ। ਸੋ ਮੈਂ ਉੱਥੇ ਕੰਮ ਕੀਤਾ ਅਤੇ ਉੱਥੇ ਮੇਰੀ ਸਾਈਮਨ ਫਰੇਜ਼ਰ ਯੂਨੀਵਰਸਿਟੀ ‘ਚ ਪੜ੍ਹਦੇ ਇਕ ਮੁੰਡੇ ਨਾਲ ਜਾਣ-ਪਛਾਣ ਹੋਈ, ਜਿਹੜਾ ਉਸ ਵੇਲੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਵਿੱਚ ਸਰਗਰਮ ਸੀ ਜਿਸ ਤਰ੍ਹਾਂ ਮੈਂ ਯੂ ਬੀ ਸੀ ਦੀ ਸਿਆਸਤ ਵਿੱਚ ਸਰਗਰਮ ਸੀ। ਇਸ ਮੁੰਡੇ ਦਾ ਨਾਂ ਸੀ ਗਲੈੱਨ ਕਲਾਰਕ।

ਸੋ ਅਚਾਨਕ ਇਹ ਨਵੀਂਆਂ ਦੋਸਤੀਆਂ ਬਣਨੀਆਂ ਸ਼ੁਰੂ ਹੋ ਗਈਆਂ। ਅਤੇ ਅਸੀਂ ਸਾਰੇ ਇਨ੍ਹਾਂ ਮਸਲਿਆਂ ‘ਤੇ ਕੰਮ ਕਰ ਰਹੇ ਸੀ। ਪਰ 1977 ਵਿੱਚ ਮੈਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਸੋਸ਼ਲ ਵਰਕ ਦੀ ਡਿਗਰੀ ਮੁਕੰਮਲ ਕਰ ਲਈ ਸੀ। ਅਤੇ ਉੱਥੇ ਮੈਂ ਲੋਕਪਾਲ (ਓਂਬਡਸਮੈਨ) ਰਹਿ ਚੁੱਕਾ ਸੀ ਅਤੇ ਐਕਸਟਰਨਲ ਅਫੇਅਰਜ਼ ਦਾ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕਾ ਸੀ। ਮੈਂ ਬੋਰਡ ਆਫ ਗਵਰਨਰਜ਼ ਦਾ ਮੈਂਬਰ ਸੀ। ਫਿਰ ਮੈਂ ਯੂਨੀਵਰਸਿਟੀ ਛੱਡ ਕੇ ਮਾਂਟਰੀਅਲ ਵਿੱਚ ਸੋਸ਼ਲ ਵਰਕਰ ਦੇ ਤੌਰ ‘ਤੇ ਕੰਮ ਕਰਨ ਚਲਾ ਗਿਆ। ਉੱਥੋਂ ਮੈਂ 1979 ਵਿੱਚ ਵਾਪਸ ਆ ਗਿਆ ਅਤੇ ਇਨ੍ਹਾਂ ਇਲੈਕਸ਼ਨਾਂ ਵਿੱਚ ਕੰਮ ਕੀਤਾ।

ਅਤੇ ਉਨ੍ਹਾਂ ਇਲੈਕਸ਼ਨਾਂ ਵਿੱਚ ਮੈਂ ਕਿਉਂ ਕੰਮ ਕੀਤਾ? ਇਸ ਦਾ ਇਕ ਕਾਰਨ ਤਾਂ ਇਹ ਸੀ ਕਿ ਬੈਰਟ ਉਨ੍ਹਾਂ ਸਾਲਾਂ ਵਿੱਚ ਕਈ ਵਾਰ ਯੂਨੀਵਰਸਿਟੀ ਆਇਆ ਸੀ। ਮੈਂ ਉੱਥੇ ਐਕਸਟਰਨਲ ਅਫੇਅਰਜ਼ (ਬਾਹਰੀ ਮਾਮਲਿਆਂ) ਦਾ ਵਾਈਸ ਪ੍ਰੈਜ਼ੀਡੈਂਟ ਸੀ ਅਤੇ ਮੈਂ ਬੋਰਡ ਆਫ ਗਵਰਨਰ ਦਾ ਮੈਂਬਰ ਸੀ। ਉਹ ਮੈਨੂੰ ਸਦਾ ਐੱਨ ਡੀ ਪੀ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦਾ ਰਹਿੰਦਾ ਸੀ। ਪਰ ਮੈਂ ਮੈਂਬਰ ਨਹੀਂ ਬਣਿਆ ਸੀ। ਪਰ ਸੰਨ 1977-1978 ਵਿੱਚ ਜਦੋਂ ਮੈਂ ਮਾਂਟਰੀਅਲ ਨੂੰ ਚਲੇ ਗਿਆ ਸੀ, ਉਦੋਂ ਮੈਨੂੰ ਸਿਆਸੀ ਜ਼ਿੰਦਗੀ ਯਾਦ ਆਉਣ ਲੱਗੀ ਸੀ। ਮੈਂ ਯੂਨੀਵਰਸਿਟੀ ਵਿੱਚ ਕਈ ਤਰ੍ਹਾਂ ਦੇ ਕੰਮ ਕਰਦਾ ਸੀ। ਮੈਂ ਉੱਥੋਂ ਜਾ ਕੇ ਸੋਸ਼ਲ ਵਰਕ ਦਾ ਕੰਮ ਕਰਨ ਲੱਗਾ ਸੀ ਅਤੇ ਉਹ ਕੰਮ ਕਾਫੀ ਬੋਰਿੰਗ ਸੀ, ਇਸ ਦੇ ਨਾਲ ਹੀ ਮਾਂਟਰੀਅਲ ਵਿੱਚ ਕੰਮ ਕਰਨਾ ਥੋੜ੍ਹਾ ਜਿਹਾ ਅਜੀਬ ਸੀ।

ਇਸ ਲਈ ਮੈਂ ਵਾਪਸ ਆ ਗਿਆ, ਵਾਈਟ ਰੌਕ ਵਿੱਚ ਕੰਮ ਕਰਨ ਲੱਗਾ ਅਤੇ 1979 ਵਿੱਚ ਯੰਗ ਐੱਨ ਡੀ ਪੀ ਦਾ ਮੈੰਬਰ ਬਣ ਗਿਆ। ਇਹਨਾਂ (1979 ਦੀਆਂ) ਇਲੈਕਸ਼ਨਾਂ ਵਿੱਚ ਕੰਮ ਕੀਤਾ ਅਤੇ ਬੈਰਟ ਦੇ ਵਾਰ ਵਾਰ ਕਹਿਣ ‘ਤੇ ਐੱਨ ਡੀ ਪੀ ਦਾ ਮੈਂਬਰ ਬਣ ਗਿਆ, ਬੇਸ਼ੱਕ ਉਸ ਵੇਲੇ ਐੱਨ ਡੀ ਪੀ ਇਲੈਕਸ਼ਨ ਹਾਰ ਗਈ ਸੀ। ਐੱਨ ਡੀ ਪੀ ਦੀ ਹਾਰ ਦਾ ਮੈਨੂੰ ਬਹੁਤ ਦੁੱਖ ਹੋਇਆ। ਮੈਂ ਸੋਚਿਆ ਕਿ ਮੈਂ ਉਨ੍ਹਾਂ ਲਈ ਏਨਾ ਜ਼ਿਆਦਾ ਕੰਮ ਨਹੀਂ ਕੀਤਾ ਸੀ। ਅਤੇ ਮੇਰੀਆਂ ਨਵੀਂਆਂ ਦੋਸਤੀਆਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਇਸ ਲਈ ਮੈਂ ਸੰਨ 1979 ਵਿੱਚ ਮੈਂ ਐੱਨ ਡੀ ਪੀ ਦੇ ਯੂਥ ਵਿੰਗ, ਯੰਗ ਨਿਊ ਡੈਮੋਕਰੈਟਸ, ਦਾ ਪ੍ਰੈਜ਼ੀਡੈਂਟ ਬਣ ਗਿਆ ਕਿਉਂਕਿ ਮੈਨੂੰ ਸਿਆਸਤ ਚੰਗੀ ਲੱਗਣ ਲੱਗੀ ਸੀ। ਮੈਂ ਕੈਂਪਸ ਤੋਂ ਇਕ ਸਾਲ ਬਾਹਰ ਰਿਹਾ ਸੀ, ਅਤੇ ਫਿਰ ਇਹ ਇਲੈਕਸ਼ਨ ਆ ਗਈ ਅਤੇ ਅਸੀਂ ਹਾਰ ਗਏ। ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਮੈਨੂੰ (ਐੱਨ ਡੀ ਪੀ ਲਈ) ਹੋਰ ਜ਼ਿਆਦਾ ਕੰਮ ਕਰਨਾ ਚਾਹੀਦਾ ਹੈ।

ਕਿਉਂਕਿ ਮੈਂ ਯੰਗ ਨਿਊ ਡੈਮੋਕਰੈਟਸ ਦਾ ਪ੍ਰੈਜ਼ੀਡੈਂਟ ਸੀ ਇਸ ਲਈ ਮੈਂ ਆਟੋਮੈਟਿਕ ਤੌਰ ‘ਤੇ ਹੀ ਐੱਨ ਡੀ ਪੀ ਦੀ ਪ੍ਰੌਵਿੰਸ਼ੀਅਲ ਕਾਊਂਸਲ ਦਾ ਮੈਂਬਰ ਬਣ ਗਿਆ ਕਿਉਂਕਿ ਯੰਗ ਡੈਮੋਕਰੈਟਸ ਦੇ ਪ੍ਰੈਜ਼ੀਡੈਂਟ ਦੀ ਕਾਊਂਸਲ ਵਿੱਚ ਸੀਟ ਹੁੰਦੀ ਹੈ। ਪ੍ਰੌਵਿੰਸ਼ੀਅਲ ਕਾਊਂਸਲ ਐੱਨ ਡੀ ਪੀ ਦੀ ਗਵਰਨਿੰਗ ਬਾਡੀ ਹੈ। ਅਤੇ ਬਰਨਬੀ – ਵੈਨਕੂਵਰ ਈਸਟ ਤੋਂ ਯੰਗ ਪ੍ਰੌਵਿੰਸ਼ੀਅਲ ਕਾਊਂਸਲ ਦਾ ਪ੍ਰਤੀਨਿਧ ਗਲੈੱਨ (ਕਲਾਰਕ) ਸੀ। ਇਸ ਲਈ ਅਸੀਂ ਇਕ ਉਮਰ ਦੇ ਹੋਣ ਕਰਕੇ, ਦੋਸਤ ਹੋਣ ਕਰਕੇ, ਅਤੇ ਸਾਡੀ ਸੋਚ ਇਕੋ ਜਿਹੀ ਹੋਣ ਕਰਕੇ ਅਸੀਂ ਐੱਨ ਡੀ ਪੀ ਵਿੱਚ ਬਹੁਤ ਜ਼ਿਆਦਾ ਸਰਗਰਮ ਹੋ ਗਏ। 1979 ਵਿੱਚ ਮੈਂ ਫੈਸਲਾ ਕੀਤਾ ਕਿ ਮੈਂ ਸੋਸ਼ਲ ਵਰਕਰ ਦਾ ਕੰਮ ਨਹੀਂ ਕਰਨਾ ਕਿਉਂਕਿ ਮੈਂ ਅਦਾਲਤ ਦੇ ਪਿੱਛੇ ਬੈਠ ਕੇ ਆਪਣੀ ਨਿਗਰਾਨੀ ਵਾਲੇ ਨੌਜਵਾਨਾਂ ਨੂੰ ਜੇਲ੍ਹ ਜਾਂਦੇ ਦੇਖ ਦੇਖ ਥੱਕ ਗਿਆ ਸੀ। ਅਤੇ ਮੈਂ ਲਾਅ ਸਕੂਲ ਜਾਣ ਦਾ ਫੈਸਲਾ ਕੀਤਾ।
ਇਸ ਲਈ ਸੰਨ 1979 ਵਿੱਚ ਮੈਂ ਇੱਥੇ ਵਿਕਟੋਰੀਆ ਵਾਪਸ ਆ ਗਿਆ। ਅਤੇ ਐਸਕੁਆਈਮਾਲਟ ਦੀ ਰਾਈਡਿੰਗ ਐਸੋਸੀਏਸ਼ਨ ਨੂੰ ਕਾਫੀ ਖੁਸ਼ੀ ਹੋਈ ਕਿ ਯੰਗ ਨਿਊ ਡੈਮੋਕਰੈਟਸ ਦਾ ਪ੍ਰੈਜ਼ੀਡੈਂਟ ਉਹਨਾਂ ਦੇ ਹਲਕੇ ਵਿੱਚ ਰਹਿ ਰਿਹਾ ਹੈ। ਇਸ ਲਈ ਉਨ੍ਹਾਂ ਨੇ ਮੈਨੂੰ ਆਪਣੀ ਐਗਜ਼ੈਕਟਿਵ ਵਿੱਚ ਆਉਣ ਦਾ ਸੱਦਾ ਦਿੱਤਾ। ਸੋ ਹੁਣ ਮੈਂ ਵੈਨਕੂਵਰ ਵਿੱਚ ਗਲੈੱਨ, ਸਵੈਂਡ ਅਤੇ ਮਾਈਕ ਨੂੰ ਜਾਣਦਾ ਸੀ, ਅਤੇ ਇੱਥੇ ਵਿਕਟੋਰੀਆ ਵਿੱਚ ਮੈਂ ਆਪਣੇ ਹਲਕੇ ਵਿੱਚ ਪੂਰੀ ਸਰਗਰਮੀ ਨਾਲ ਸ਼ਾਮਲ ਸੀ। ਅਤੇ ਇਹ ਟੌਮੀ ਡਗਲਸ ਦੀ ਪੁਰਾਣੀ ਸੀਟ ਸੀ। ਅਤੇ ਤੁਹਾਨੂੰ ਯਾਦ ਹੋਏਗਾ ਕਿ ਇਕ ਸਮੇਂ ਦਾ ਛੋਟਾ ਜਿਹਾ ਦੌਰ ਸੀ ਜਦੋਂ ਕਲਾਰਕ (ਜੋਅ) ਦੀ ਸਰਕਾਰ ਡਿਗ ਗਈ ਸੀ, ਅਤੇ ਜਦੋਂ ਕਲਾਰਕ ਦੀ ਸਰਕਾਰ ਜਿੱਤੀ ਸੀ ਤਾਂ ਟੌਮੀ ਡਗਲਸ ਬਹੁਤ ਥੋੜ੍ਹੇ ਫਰਕ ਨਾਲ ਇਕ ਕੰਜ਼ਰਵੇਟਿਵ ਕੋਲੋਂ ਹਾਰਿਆ ਸੀ। ਅਤੇ ਫਿਰ ਕਲਾਰਕ ਦੀ ਸਰਕਾਰ ਬਾਅਦ ਵਿੱਚ 1980 ਵਿੱਚ ਨੌਂ ਮਹੀਨਿਆਂ ਬਾਅਦ ਡਿਗ ਗਈ ਸੀ। ਉਸ ਸਮੇਂ ਮੈਂ ਯੂਨੀਵਰਸਿਟੀ ਜਾਂਦਾ ਸੀ ਅਤੇ 1980 ਵਿੱਚ ਮੈਂ ਆਪਣੇ ਹਲਕੇ ਵਿੱਚ ਐੱਨ ਡੀ ਪੀ ਦੀ ਚੋਣ ਮੁਹਿੰਮ ਦਾ ਪ੍ਰਬੰਧ ਕਰਨ ਲਈ ਇਕ ਵਾਲੰਟੀਅਰ ਵਜੋਂ ਕੰਮ ਕੀਤਾ ਸੀ।

ਅਤੇ ਅਸੀਂ ਬਹੁਤ ਵਧੀਆ ਢੰਗ ਨਾਲ ਚੋਣ ਮੁਹਿੰਮ ਚਲਾਈ। ਇਲੈਕਸ਼ਨ ਵਾਲੀ ਰਾਤ ਨੂੰ ਇਹ ਭਵਿੱਖਬਾਣੀ ਕੀਤੀ ਜਾ ਰਹੀ ਸੀ ਕਿ ਟੋਰੀਆਂ ਨੇ ਇਹ ਸੀਟ ਇਕ ਵਾਰ ਫਿਰ ਜਿੱਤ ਜਾਣੀ ਹੈ। ਮੈਂ ਇਸ ਮੁੱਦੇ ‘ਤੇ ਚੋਣ ਲੜੀ ਸੀ ਕਿ (ਕਲਾਰਕ ਸਰਕਾਰ ਦੇ) ਨੌਂ ਮਹੀਨਿਆਂ ਦੇ ਸਮੇਂ ਦੌਰਾਨ ਜਿਹੜਾ ਕੰਜਰਵੇਟਿਵ ਐੱਮ ਪੀ ਇੱਥੇ ਚੁਣਿਆ ਗਿਆ ਸੀ ਉਸ ਨੂੰ ਪਾਰਲੀਮੈਂਟ ਵਿੱਚ ਬੋਲਣ ਦਾ ਕੋਈ ਵੀ ਮੌਕਾ ਨਹੀਂ ਸੀ ਮਿਲਿਆ। ਇਸ ਲਈ ਮੈਂ ਵੋਟਰਾਂ ਨੂੰ ਕਿਹਾ ਕਿ ਜੇ ਤੁਸੀਂ ਆਪਣੀ ਅਵਾਜ਼ ਔਟਵਾ ਨੂੰ ਭੇਜਣਾ ਚਾਹੁੰਦੇ ਹੋ ਤਾਂ ਐੱਨ ਡੀ ਪੀ ਦੀ ਅਵਾਜ਼ ਭੇਜੋ। ਟੌਮੀ ਡਗਲਸ ਨੇ ਉਹ ਇਲੈਕਸ਼ਨ ਨਾ ਲੜਨ ਦਾ ਫੈਸਲਾ ਕੀਤਾ ਸੀ। ਇਸ ਲਈ ਸਾਡਾ ਉਮੀਦਵਾਰ ਜਿੰਮ ਮੈਨਲੀ ਸੀ। ਮੈਂ ਜਿੰਮ ਦੀ ਇਲੈਕਸ਼ਨ ਮੁਹਿੰਮ ਦਾ ਪ੍ਰਬੰਧ ਕੀਤਾ। ਅਤੇ ਮੈਨੂੰ ਪਤਾ ਸੀ ਕਿ ਚੋਣ ਮੁਹਿੰਮਾਂ ਕਿਵੇਂ ਲੜੀਆਂ ਜਾਂਦੀਆਂ ਹਨ। ਮੈਂ ਇਹ ਹਾਰਕੋਰਟ ਦੀ ਚੋਣ ਮੁਹਿੰਮ ਤੋਂ ਸਿੱਖਿਆ ਸੀ, ਯੂ ਬੀ ਸੀ ਵਿੱਚ ਮੇਰਾ ਆਪਣਾ ਤਜਰਬਾ ਸੀ ਅਤੇ ਮੈਨੂੰ ਪਤਾ ਸੀ ਕਿ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਹਰ ਸੰਭਵ ਵੋਟਰ ਨੂੰ ਬਾਹਰ ਕੱਢ ਸਕੋ। ਅਸੀਂ ਆਪਣੇ ਹਲਕੇ ਵਿੱਚ ਹਰ ਘਰ ਵਿੱਚ ਤਿੰਨ ਤਿੰਨ ਵਾਰ ਗਏ। ਹਰ ਉਸ ਵੋਟਰ ਨੂੰ ਅਸੀਂ ਬਾਹਰ ਕੱਢਣ ਵਿੱਚ ਕਾਮਯਾਬ ਰਹੇ ਜਿਸ ਨੇ ਕਿਹਾ ਸੀ ਕਿ ਉਹ ਐੱਨ ਡੀ ਪੀ ਨੂੰ ਵੋਟ ਪਾਏਗਾ। ਅਸੀਂ 100 ਫੀਸਦੀ ਵੋਟਰਾਂ ਨੂੰ ਬਾਹਰ ਕੱਢ ਲਿਆ ਸੀ। ਅੰਕੜੇ ਸਿਰਫ 70 ਫੀਸਦੀ ਵੋਟਾਂ ਦੇ ਹੁੰਦੇ ਹਨ। ਅਤੇ ਜਦੋਂ ਕੰਪਿਊਟਰਾਂ ਨੇ ਵੋਟਾਂ ਨੂੰ ਦੇਖਿਆ ਤਾਂ ਉਹਨਾਂ ਨੇ ਸੋਚਿਆ ਕਿ ਅਸੀਂ ਹਾਰ ਜਾਵਾਂਗੇ। ਪਰ ਮੈਂ ਆਪਣੇ ਹਰ ਵੋਟਰ ਨੂੰ ਬੈਲਟ ਬਾਕਸ ਤੱਕ ਲੈ ਗਿਆ ਸੀ, ਇਸ ਲਈ ਅਸੀਂ 1500 ਵੋਟਾਂ ਨਾਲ ਜਿੱਤ ਗਏ।

ਇਸ ਦੇ ਨਾਲ ਹੀ ਮੇਰਾ ਇੱਥੇ ਐਸਕੁਆਈਮਾਲਟ ਵਿੱਚ ਲੋਕਾਂ ਨਾਲ ਇਕ ਰਿਸ਼ਤਾ ਬਣ ਗਿਆ। ਉਨ੍ਹਾਂ ਨੇ ਮੈਨੂੰ ਇਕ ਅਜਿਹੇ ਵਿਅਕਤੀ ਵਜੋਂ ਦੇਖਿਆ ਜੋ ਇਲੈਕਸ਼ਨ ਜਿੱਤਣ ਲਈ ਆਪਣੇ ਆਪ ਨੂੰ ਸਮਰਪਣ ਕਰਨ ਲਈ ਤਿਆਰ ਸੀ। ਮੈਂ ਇਸ ਚੋਣ ਮੁਹਿੰਮ ਦਾ ਮਾਸਟਰਮਾਈਂਡ ਸੀ, ਇਸ ਤਰ੍ਹਾਂ ਹੀ ਲੋਕ ਕਹਿੰਦੇ ਸਨ, ਸੰਨ 1980 ਵਿੱਚ। ਸਿਰਫ ਇਕ ਹੀ ਮੁਸ਼ਕਿਲ ਸੀ ਕਿ ਮੈਂ ਦੋ ਮਹੀਨਿਆਂ ਲਈ ਕਲਾਸ ਵਿੱਚ ਨਹੀਂ ਗਿਆ ਸੀ, ਕਿਉਂਕਿ ਮੈਂ 60 ਦਿਨਾਂ ਲਈ ਫੈਡਰਲ ਚੋਣ ਮੁਹਿੰਮ ਚਲਾ ਰਿਹਾ ਰਿਹਾ ਸੀ। ਅਤੇ ਮੇਰਾ ਇਕ ਦੋਸਤ ਹੁੰਦਾ ਸੀ, ਜਿਹੜਾ ਹੁਣ ਵਿਕਟੋਰੀਆ ਵਿੱਚ ਵਕੀਲ ਹੈ, ਉਹ ਹਰ ਰੋਜ਼ ਕਲਾਸਾਂ ਦੇ ਨੋਟ ਫੋਟੋ ਕਾਪੀ ਕਰਕੇ ਸਾਡੇ ਚੋਣ ਦਫਤਰ ‘ਚ ਆ ਕੇ ਮੈਨੂੰ ਦੇ ਜਾਂਦਾ। ਮੈਂ ਉਨ੍ਹਾਂ ਨੂੰ ਪੜ੍ਹਦਾ ਅਤੇ ਇਹ ਦੇਖਦਾ ਕਿ ਮੈਨੂੰ ਕੀ ਸਿੱਖਣ ਦੀ ਲੋੜ ਹੈ ਅਤੇ ਫਿਰ ਮੈਂ ਚੋਣ ਮੁਹਿੰਮ ਦੇ ਕੰਮ ਵਿੱਚ ਲਗ ਜਾਂਦਾ।

ਪਰ ਮੇਰਾ ਬਚਾਅ ਹੋ ਗਿਆ ਸੀ। ਮੈਂ ਚੋਣ ਮੁਹਿੰਮ ਤੋਂ ਬਾਅਦ ਸਕੂਲ ਗਿਆ ਅਤੇ ਆਪਣਾ ਲਾਅ ਸਕੂਲ ਮੁਕਾ ਲਿਆ, ਚੋਣ ਮੁਹਿੰਮ ਦਾ ਕੰਮ ਕਰਨ ਦੇ ਨਾਲ ਨਾਲ। ਫਿਰ ਮੈਂ ਲਾਅ ਸਕੂਲ ਮੁਕਾ ਲਿਆ ਅਤੇ ਸੰਨ 1982 ਵਿੱਚ ਇੱਥੇ ਵਿਕਟੋਰੀਆ ਵਿੱਚ ਆਰਟੀਕਲਿੰਗ ਕਰਨ (ਕਿਸੇ ਵਕੀਲ ਨਾਲ ਸਿਖਲਾਈ ਲੈਣ) ਲੱਗ ਪਿਆ। ਪਰ ਮੈਂ ਹਮੇਸ਼ਾਂ ਐੱਨ ਡੀ ਪੀ ਵਿੱਚ ਸਰਗਰਮ ਰਿਹਾ।

ਅਤੇ 1983 ਵਿੱਚ ਸੂਬੇ ਦੀ ਇਲੈਕਸ਼ਨ ਸੀ। ਫਰੈਂਕ ਮਿਚਲ ਸਾਡੇ ਹਲਕੇ ਦਾ ਐੱਮ ਐੱਲ ਏ ਹੁੰਦਾ ਸੀ। ਜਦੋਂ ਦਾ ਮੈਂ ਇੱਥੇ ਆਇਆ ਸੀ, ਮੈਂ ਇੱਥੇ ਹਮੇਸ਼ਾਂ ਲੈਜਿਸਲੇਚਰ ਵਿੱਚ ਆਉਂਦਾ ਰਹਿੰਦਾ ਸੀ ਅਤੇ ਫਰੈਂਕ ਲਈ ਪਿਛੋਕੜ ਦਾ ਕੰਮ ਕਰਦਾ ਸੀ। ਮੈਂ ਉਹਦੀ ਭਾਸ਼ਣ ਲਿਖਣ ਵਿੱਚ ਮਦਦ ਕਰਦਾ, ਉਹਦੇ ਹਲਕੇ ਲਈ ਪੈਂਫਲਿਟ ਛਾਪਣ ਦਾ ਕੰਮ ਕਰਦਾ ਅਤੇ ਉਸ ਦੀ ਰਾਈਡਿੰਗ ਦੀ ਐਗਜ਼ੈਕਟਿਵ ‘ਤੇ ਹੁੰਦਾ ਹੋਇਆ, ਉਸ ਦੀ ਆਪਣੇ ਵੋਟਰਾਂ ਨਾਲ ਜੁੜੇ ਰਹਿਣ ਵਿੱਚ ਮਦਦ ਕਰਦਾ। ਇਸ ਤਰ੍ਹਾਂ ਮੈਂ ਇੱਥੇ ਐੱਨ ਡੀ ਪੀ ਵਿੱਚ ਆਪਣੀ ਸਾਖ ਬਣਾ ਰਿਹਾ ਸੀ ਖਾਸ ਕਰਕੇ ਆਪਣੇ ਤੋਂ ਪਹਿਲੇ ਐੱਮ ਐੱਲ ਏ ਫਰੈਂਕ ਮਿਚਲ ਨਾਲ। ਅਤੇ ਫਰੈਂਕ ਨੂੰ ਚੰਗੇ ਬੰਦਿਆਂ ਦੀ ਪਛਾਣ ਸੀ। ਉਹਨੂੰ ਇਕ ਨੌਜਵਾਨ ਮਿਲ ਗਿਆ ਸੀ, ਜਿਸ ਦਾ ਵਿਆਹ ਨਹੀਂ ਹੋਇਆ ਹੋਇਆ ਸੀ, ਅਤੇ ਜਿਹੜਾ ਐੱਨ ਡੀ ਪੀ ਲਈ ਅਤੇ ਉਸ ਲਈ ਬਹੁਤ ਸਾਰਾ ਕੰਮ ਕਰਕੇ ਖੁਸ਼ ਸੀ। ਇਸ ਲਈ ਮੈਂ ਇੱਥੇ ਕਾਫੀ ਆਉਂਦਾ ਰਹਿੰਦਾ ਸੀ, ਬੈਰਟ ਨਾਲ ਕੰਮ ਕਰਦਾ, ਇੱਥੇ ਕੰਮ ਕਰਦੇ ਹੋਰ ਲੋਕਾਂ, ਐੱਮ ਐੱਲ ਏਆਂ ਨਾਲ ਕੰਮ ਕਰਦਾ।

ਸੋ 1983 ਵਿੱਚ ਇਲੈਕਸ਼ਨ ਸੀ। ਫਰੈਂਕ ਕਹਿੰਦਾ ਕਿ ਦੇਖ ਤੂੰ ਪਿਛਲੀਆਂ ਚੋਣਾਂ ਵਿੱਚ ਚੰਗਾ ਕੰਮ ਕੀਤਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਇਸ ਚੋਣ ਮੁਹਿੰਮ ਦਾ ਪ੍ਰਬੰਧ ਕਰੇਂ। ਉਨ੍ਹਾਂ ਦਿਨਾਂ ਵਿੱਚ ਐਸਕੁਆਈਮਾਲਟ ਇਕ ਸਵਿੰਗ ਸੀਟ ਸੀ। (2) ਸੰਨ 1952 ਤੋਂ ਸੰਨ 1972 ਤੱਕ ਇਹ ਸੀਟ ਸੋਸ਼ਲ ਕਰੀਡਟ ਕੋਲ ਸੀ। 1972 ਵਿੱਚ ਅਸੀਂ ਇਸ ਨੂੰ ਥੋੜ੍ਹੇ ਜਿਹੇ ਫਰਕ ਨਾਲ ਜਿੱਤਿਆ ਸੀ ਅਤੇ ਸੰਨ 1975 ਵਿੱਚ ਅਸੀਂ ਇਹ ਸੀਟ ਥੋੜ੍ਹੇ ਜਿਹੇ ਫਰਕ ਨਾਲ ਹਾਰ ਗਏ ਸੀ ਅਤੇ ਸੰਨ 1979 ਵਿੱਚ ਅਸੀਂ ਫਿਰ ਇਸ ਨੂੰ ਥੋੜ੍ਹੇ ਜਿਹੇ ਫਰਕ ਨਾਲ ਜਿੱਤ ਲਿਆ ਸੀ। ਅਤੇ ਹੁਣ ਅਸੀਂ 1983 ਵਿੱਚ ਸੀ ਅਤੇ ਸਾਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਕਾਫੀ ਔਖੀ ਸੀਟ ਸੀ।

ਅਤੇ ਅਸੀਂ 8000 ਵੋਟਾਂ ਨਾਲ ਜਿੱਤ ਗਏ, ਅਤੇ ਮੈਨੂੰ ਇਸ ਲਈ ਕਾਫੀ ਪ੍ਰਸ਼ੰਸਾ ਮਿਲੀ ਕਿਉਂਕਿ ਮੈਂ ਇਸ ਚੋਣ ਮੁਹਿੰਮ ਦਾ ਪ੍ਰਬੰਧਕ ਸੀ। ਬੜੀ ਸਿੱਧੀ ਜਿਹੀ ਗੱਲ ਸੀ। ਕਾਫੀ ਲੋਕਾਂ ਨੂੰ ਚੋਣ ਮੁਹਿੰਮ ਲਈ ਭਰਤੀ ਕਰੋ। ਹਰ ਘਰ ਵਿੱਚ ਤਿੰਨ ਤਿੰਨ ਵਾਰ ਜਾਉ, ਇਹ ਜਾਣੋ ਕਿ ਕਿਹੜਾ ਵਿਅਕਤੀ ਤੁਹਾਨੂੰ ਵੋਟ ਪਾਏਗਾ, ਅਤੇ ਫਿਰ ਇਹ ਪੱਕਾ ਕਰੋ ਕਿ ਤੁਹਾਡਾ ਹਰ ਇਕ ਵੋਟਰ ਵੋਟ ਪਾਉਣ ਜਾਵੇ।

1983 ਵਿੱਚ ਇਲੈਕਸ਼ਨ ਤੋਂ ਬਾਅਦ ਕੀ ਹੋਇਆ ਕਿ ਐਨ ਡੀ ਪੀ ਇਕ ਵਾਰ ਫਿਰ ਹਾਰ ਗਈ। ਅਤੇ ਸਾਡੇ ਕਾਕਸ ਦੇ ਬਹੁਤ ਸਾਰੇ ਲੋਕ ਵੱਡੀ ਉਮਰ ਦੇ ਸਨ। ਖਾਸ ਕਰਕੇ ਕਾਊਂਚਨ ਤੋਂ ਬਾਰਬਰਾ ਵਾਲਸ, ਅਤੇ ਐਸਕੁਆਈਮਾਲਟ ਤੋਂ ਫਰੈਂਕ ਮਿਚਲ। 1983 ਤੋਂ ਬਾਅਦ ਦੋਵੇਂ ਮੇਰੇ ਕੋਲ ਆਏ। 1984 ਵਿੱਚ ਫੈਡਰਲ ਇਲੈਕਸ਼ਨ ਹੋਈ। ਮੈਂ (ਆਪਣੇ ਹਲਕੇ) ਤੋਂ ਉਸ ਚੋਣ ਮੁਹਿੰਮ ਦਾ ਵੀ ਪ੍ਰਬੰਧ ਕੀਤਾ। ਅਤੇ ਇਕ ਵਾਰ ਫਿਰ ਅਸੀਂ ਉਹ ਸੀਟ ਜਿੱਤ ਗਏ। ਇਸ ਨਾਲ ਮੇਰਾ ਅਕਸ ਉਸ ਬੰਦੇ ਦਾ ਬਣ ਗਿਆ ਜਿਸ ਨੂੰ ਇਲੈਕਸ਼ਨ ਦੀ ਮੁਹਿੰਮ ਦਾ ਪ੍ਰਬੰਧ ਕਰਨਾ ਆਉਂਦਾ ਸੀ।

ਅਤੇ 1984 ਦੀ ਫੈਡਰਲ ਇਲੈਕਸ਼ਨ ਛੇਤੀ ਬਾਅਦ, ਕਾਊਂਚਨ ਤੋਂ ਐੱਮ ਐੱਲ ਏ ਬਾਰਬਰਾ ਵਾਲਸ ਮੇਰੇ ਕੋਲ ਆਈ। ਉਹਨੇ ਕਿਹਾ, “ਮੋਅ ਮੈਂ ਅਗਲੀ ਇਲੈਕਸ਼ਨ ਨਹੀਂ ਲੜਨੀ। ਮੈਂ ਚਾਹੁੰਦੀ ਹਾਂ ਕਿ ਤੂੰ ਵਾਪਸ ਲੇਕ ਕਾਊਂਚਨ ਆ ਜਾਵੇਂ। ਤੂੰ ਉੱਥੋਂ ਦਾ ਹੈਂ। ਤੂੰ ਉੱਥੇ ਜੰਮਿਆਂ ਪਲਿਆ ਹੈਂ। ਉੱਥੇ ਹਰ ਕੋਈ ਤੈਨੂੰ ਜਾਣਦਾ ਹੈ। ਮੈਂ ਚਾਹੁੰਦੀ ਹਾਂ ਕਿ ਤੂੰ ਆਪਣੀ ਵਕਾਲਤ ਦਾ ਦਫਤਰ ਉੱਤੇ ਖੋਲ੍ਹੇਂ ਅਤੇ ਮੈਂ ਚਾਹੁੰਦੀ ਹਾਂ ਕਿ ਤੂੰ 1986 ਵਿੱਚ ਸਾਡੇ ਲਈ ਉੱਥੋਂ ਇਲੈਕਸ਼ਨ ਲੜੇਂ। ਪਰ ਤੈਨੂੰ ਉੱਥੇ ਵਕਾਲਤ ਲਈ ਆਪਣਾ ਦਫਤਰ ਉੱਥੇ ਖੋਲ੍ਹਣਾ ਪਏਗਾ।” ਮੇਰੀ ਉਸ ਦੀ ਗੱਲ ਵਿੱਚ ਥੋੜ੍ਹੀ ਜਿਹੀ ਦਿਲਚਸਪੀ ਜਾਗੀ, ਕਿਉਂਕਿ ਇਹ ਕਾਫੀ ਵਧੀਆ ਪੇਸ਼ਕਸ਼ ਸੀ। ਸਭ ਕੁਝ ਚੁੱਪ ਚਾਪ ਹੋ ਰਿਹਾ ਸੀ। ਉਹ ਨਹੀਂ ਸੀ ਚਾਹੁੰਦੀ ਕਿ ਕਿਸੇ ਹੋਰ ਨੂੰ ਪਤਾ ਲੱਗੇ ਕਿ ਉਹਨੇ ਦੁਬਾਰਾ ਇਲੈਕਸ਼ਨ ਨਹੀਂ ਲੜਨੀ।

ਅਤੇ ਫਿਰ ਉਸ ਤੋਂ ਦੋ ਦਿਨ ਬਾਅਦ, ਫਰੈਂਕ ਮੈਨੂੰ ਮਿਲਣ ਆਇਆ ਅਤੇ ਕਹਿੰਦਾ, “ਮੋਅ ਮੈਂ ਦੁਬਾਰਾ ਇਲੈਕਸ਼ਨ ਨਹੀਂ ਲੜਨੀ। ਅਤੇ ਅਸੀਂ ਚਾਹੁੰਦੇ ਹਾਂ ਕਿ 1986 ਵਿੱਚ ਨਵੀਂ ਪੀੜੀ ਅੱਗੇ ਆਵੇ।” ਫਿਰ ਕਹਿੰਦਾ, “ਤੂੰ ਇਲੈਕਸ਼ਨ ਜਿੱਤ ਸਕਦਾ ਹੈਂ। ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਵਿਕਟੋਰੀਆ ਦੇ ਡਾਊਨਟਾਊਨ ਵਿੱਚ ਕੰਮ ਕਰਨਾ ਛੱਡ ਦੇਵੇਂ ਅਤੇ ਐਸਕੁਆਈਮਾਲਟ ਵਿੱਚ ਆਪਣੀ ਵਕਾਲਤ ਸੈੱਟ ਕਰੇਂ, ਅਤੇ ਮੈਂ ਤੈਨੂੰ ਐਸਕੁਆਈਮਾਲਟ ਦੀ ਕਾਊਂਸਲ ਦੀ ਇਲੈਕਸ਼ਨ ਜਿਤਾ ਦਿਆਂਗਾ।” ਇਹ ਇਲੈਕਸ਼ਨ ਉਸ ਹੀ ਸਾਲ, 1984 ਵਿੱਚ, ਹੀ ਹੋਣੀ ਸੀ। ਉਹ ਕਹਿੰਦਾ, “ਤੂੰ ਅਲਡਰਮੈਨ ਬਣ ਜਾ। ਇਹ ਪੱਕਾ ਕਰਨ ਲਈ ਮੈਂ ਪੂਰਾ ਜ਼ੋਰ ਲਾਵਾਂਗਾ ਕਿ ਤੂੰ ਕਾਊਂਸਲਰ ਦੇ ਤੌਰ ‘ਤੇ ਜਿੱਤ ਜਾਵੇਂ। ਤੈਨੂੰ ਸਾਰਾ ਕੁਝ ਆਉਂਦਾ ਹੈ। ਤੂੰ ਉੱਥੇ ਜਾ ਅਤੇ ਐਸਕੁਆਈਮਾਲਟ ਵਿੱਚ ਆਪਣਾ ਰੈਪੂਟੇਸ਼ਨ ਬਣਾ। ਅਤੇ ਫਿਰ ਅਗਲੀ ਇਲੈਕਸ਼ਨ ਵਿੱਚ ਮੈਂ ਤੈਨੂੰ ਜਿਤਾਉਣ ਲਈ ਉਸ ਤਰ੍ਹਾਂ ਡੱਟ ਕੇ ਕੰਮ ਕਰਾਂਗਾ, ਜਿਸ ਤਰ੍ਹਾਂ ਮੈਂ ਆਪ ਇਲੈਕਸ਼ਨ ਲੜ ਰਿਹਾ ਹੋਵਾਂ। ਇਹ ਬਹੁਤ ਜ਼ਰੂਰੀ ਹੈ।” ਫਿਰ ਉਸ ਨੇ ਮੈਨੂੰ ਕਿਹਾ ਕਿ “ਇਸ ਪਾਰਟੀ ਦਾ ਮੈਂਬਰ ਹੁੰਦੇ ਹੋਏ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਜਦੋਂ ਮੈਂ ਇਹ ਸੀਟ ਛੱਡਾਂ ਤਾਂ ਇਹ ਉਸ ਬੰਦੇ ਕੋਲ ਜਾਵੇ ਜਿਹੜਾ ਮੇਰੇ ਵਰਗਾ ਹੋਵੇ ਅਤੇ ਜਿਹੜਾ ਪਾਰਟੀ ਦੀਆਂ ਜੜ੍ਹਾਂ, ਵਿਰਾਸਤ ਅਤੇ ਕਦਰਾਂ ਕੀਮਤਾਂ ਨੂੰ ਜਾਣਦਾ ਹੋਵੇ।” ਫਿਰ ਉਹ ਕਹਿੰਦਾ “ਤੇਰੇ ਕੋਲ ਇਹ ਸਾਰੇ ਗੁਣ ਹਨ।” ਮੈਂ ਫਰੈਂਕ ਦੀ ਗੱਲ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਗੱਲਾਂ ਤੋਂ ਜਿਹੜੀਆਂ ਉਸ ਨੇ ਕਹੀਆਂ ਸਨ।
ਫਿਰ ਮੈਂ ਐਸਕੁਆਈਮਾਲਟ ਵਿੱਚ ਰਹਿਣ ਦਾ ਫੈਸਲਾ ਕਰ ਲਿਆ, A) ਕਿਉਂਕਿ ਮੈਂ ਉਸ ਹਲਕੇ ਵਿੱਚ ਜ਼ਿਆਦਾ ਕੰਮ ਕੀਤਾ ਸੀ, ਅ) ਜਿਹੜੀ ਔਰਤ ਨਾਲ ਉਸ ਸਮੇਂ ਮੈਂ ਡੇਟਿੰਗ ਕਰ ਰਿਹਾ ਸੀ, ਜਿਹੜੀ ਹੁਣ ਮੇਰੀ ਪਤਨੀ ਹੈ, ਉਹ ਵਿਕਟੋਰੀਆ ਵਿੱਚ ਰਹਿਣਾ ਚਾਹੁੰਦੀ ਸੀ। ਇਹ ਇਕ ਵੱਡਾ ਕਾਰਨ ਸੀ। ਇਸ ਲਈ ਮੈਂ ਆਪਣੀ ਲਾਅ ਪ੍ਰੈਕਟਿਸ ਐਸਕੁਆਈਮਾਲਟ ਵਿੱਚ ਲੈ ਗਿਆ। ਇਸ ਵਿੱਚ ਕਾਫੀ ਚੰਗਾ ਰਿਹਾ। ਇਕ ਅਜਿਹੇ ਵਿਅਕਤੀ ਲਈ ਜਿਹੜਾ ਕਿਸੇ ਨੂੰ ਨਹੀਂ ਜਾਣਦਾ ਸੀ, ਉੱਥੇ ਜਿੰਨੇ ਵੀ ਲੋਕ ਐੱਨ ਡੀ ਪੀ ਵਿੱਚ ਸਨ, ਉਹ ਮੇਰੇ ਕੋਲ ਆਉਂਦੇ। ਇਸ ਲਈ ਮੇਰਾ ਉੱਥੇ ਇਕ ਕੁਦਰਤੀ ਘੇਰਾ ਸੀ। ਉਸ ਹਲਕੇ ਵਿੱਚ ਕੋਈ ਈਸਟ ਇੰਡੀਅਨ ਨਹੀਂ ਸੀ। ਮੇਰਾ ਖਿਆਲ ਹੈ ਕਿ ਅੱਜ ਵੀ ਉੱਥੇ ਜ਼ਿਆਦਾ (ਈਸਟ ਇੰਡੀਅਨ) ਨਹੀਂ ਹਨ, ਛੇ ਜਾਂ ਅੱਠ, ਇਹਨਾਂ ਤੋਂ ਵੱਧ ਨਹੀਂ, ਆਪਣੀ ਕਮਿਊਨਿਟੀ ਦੇ ਲੋਕ ਇਸ ਹਲਕੇ ਵਿੱਚ।

ਸੋ 1984 ਵਿੱਚ ਮੈਂ 33 ਪੁਜੀਸ਼ਨਾਂ ਵਿੱਚੋਂ ਅਲਡਰਮੈਨ ਦੇ ਤੌਰ ‘ਤੇ ਦੂਜੇ ਨੰਬਰ ‘ਤੇ ਆਇਆ। ਇਸ ਤਰ੍ਹਾਂ ਮੈਂ ਚੁਣਿਆ ਗਿਆ। ਮੈਂ ਇਸ ਵਿੱਚ ਫਰੈਂਕ ਦਾ ਬਹੁਤ ਵੱਡਾ ਹੱਥ ਸਮਝਦਾ ਹਾਂ। ਉਹ ਲੋਕਾਂ ਤੱਕ ਗਿਆ, ਉਸ ਨੇ ਐੱਨ ਡੀ ਪੀ ਦੇ ਸਾਰੇ ਸਮਰਥਕਾਂ ਨੂੰ ਘਰਾਂ ‘ਚੋਂ ਬਾਹਰ ਕੱਢ ਕੇ ਮੇਰੇ ਹੱਕ ਵਿੱਚ ਵੋਟ ਪੁਆਈ। ਐਨ ਡੀ ਪੀ ਨਾਲ ਸੰਬੰਧਤ ਇਕ ਹੋਰ ਜਣਾ ਪਹਿਲੇ ਨੰਬਰ ‘ਤੇ ਆਇਆ ਤੇ ਮੈਂ ਦੂਜੇ ਨੰਬਰ ‘ਤੇ। ਅਤੇ ਉਸ ਵੇਲੇ ਤੱਕ ਇਹ ਇਕ ਖੁੱਲ੍ਹਾ ਭੇਦ ਸੀ, ਕਿ ਫਰੈਂਕ ਚਾਹੁੰਦਾ ਸੀ ਕਿ ਮੈਂ ਉੱਥੋਂ ਚੋਣ ਲੜਾਂ ਕਿਉਂਕਿ ਕਾਊਂਸਲ ਵਿੱਚ ਸਾਰੇ ਜਣੇ ਮੈਨੂੰ ਛੇੜਦੇ ਹੁੰਦੇ ਸਨ, ਕਿ “ਤੁੰ ਤਾਂ ਇੱਥੇ ਐੱਮ ਐੱਲ ਏ ਬਣਨ ਲਈ ਬੈਠਾਂ ਹੈਂ, ਤੇਰਾ ਕਮਿਊਨਿਟੀ ਬਾਰੇ ਕੋਈ ਫਿਕਰ ਨਹੀਂ ਹੈ।” ਅਤੇ ਮੈਂ ਹਮੇਸ਼ਾਂ ਇਸ ਦੇ ਜੁਆਬ ਵਿੱਚ ਕਹਿੰਦਾ ਸੀ, ਕਿ “ਮੈਨੂੰ ਕਮਿਊੀਨਟੀ ਬਾਰੇ ਫਿਕਰ ਹੈ, ਇਸ ਲਈ ਐੱਮ ਐੱਲ ਏ ਕਿਉਂ ਨਾ ਬਣਾਂ?”

ਮੈਂ ਕਾਉਂਸਲ ਵਿੱਚ ਬਹੁਤ ਮਿਹਨਤ ਨਾਲ ਕੰਮ ਕੀਤਾ ਅਤੇ ਐਨ ਡੀ ਪੀ ਦੇ ਘੇਰੇ ਤੋਂ ਬਾਹਰ ਵੀ ਐਸਕੁਆਈਮਾਲਟ ਵਿੱਚ ਆਪਣਾਂ ਚੰਗਾ ਨਾਂ ਬਣਾ ਲਿਆ। ਮੈਂ ਵੱਡੇ ਘੇਰੇ ਦੇ ਕਮਿਊਨਿਟੀ ਗਰੁੱਪਾਂ ਵਿੱਚ ਕੰਮ ਕੀਤਾ। ਅਤੇ 1986 ਦੀ ਇਲੈਕਸ਼ਨ ਆ ਗਈ। ਫਰੈਂਕ ਆਪਣੇ ਵਾਅਦੇ ‘ਤੇ ਪੱਕਾ ਰਿਹਾ ਅਤੇ ਉਸ ਨੇ ਕਿਸੇ ਨੂੰ ਵੀ ਨਾ ਦੱਸਿਆ ਕਿ ਉਹਨੇ ਅਗਲੀ ਇਲੈਕਸ਼ਨ ਨਹੀਂ ਲੜਨੀ। ਅਤੇ ਜਿਸ ਦਿਨ ਇਲੈਕਸ਼ਨ ਦਾ ਐਲਾਨ ਹੋਇਆ, ਉਸ ਦਿਨ ਉਸ ਨੇ ਪਾਰਟੀ ਨੂੰ ਕਿਹਾ ਕਿ ਉਹਨੇ ਇਲੈਕਸ਼ਨ ਨਹੀਂ ਲੜਨੀ। ਅਤੇ ਪਾਰਟੀ ਕੋਲ ਕੋਈ ਰਾਹ ਨਹੀਂ ਸੀ ਸਿਵਾਏ ਇਸ ਦੇ ਕਿ ਦੋ ਜਾਂ ਤਿੰਨ ਦਿਨਾਂ ਦੇ ਵਿੱਚ ਵਿੱਚ ਨਾਮਜ਼ਦਗੀ ਦੀ ਮੀਟਿੰਗ ਕਰਵਾਈ ਜਾਵੇ। ਇਸ ਲਈ ਮੇਰੇ ਲਈ ਇਹ ਨਾਮਜ਼ਦਗੀ ਜਿੱਤਣਾ ਬਹੁਤ ਸੌਖਾ ਹੋ ਗਿਆ। ਇਹ ਨਹੀਂ ਕਿ ਨਾਮਜ਼ਦਗੀ ਦੀ ਮੀਟਿੰਗ ਬਿਨਾਂ ਮੁਕਾਬਲੇ ਤੋਂ ਸੀ। ਮੁਕਾਬਲਾ ਸੀ ਪਰ ਇਹ ਕੋਈ ਮੁਕਾਬਲਾ ਨਹੀਂ ਸੀ। ਮੈਂ 50 ਦੇ ਮੁਕਾਬਲੇ 250 ਵੋਟਾਂ ਲੈ ਕੇ ਜਿੱਤ ਗਿਆ। ਮੇਰਾ ਵਿਰੋਧੀ ਉਹ ਵਿਅਕਤੀ ਸੀ ਜਿਸ ਨੇ ਮੈਨੂੰ ਅਲਡਰਮੈਨ ਦੀਆਂ ਚੋਣਾਂ ਵਿੱਚ ਹਰਾਇਆ ਸੀ ਅਤੇ ਪਹਿਲੇ ਨੰਬਰ ‘ਤੇ ਆਇਆ ਸੀ।

ਪਰ ਮੈਂ ਪਾਰਟੀ ਵਿੱਚ ਸਖਤ ਕੰਮ ਕੀਤਾ ਸੀ ਅਤੇ ਲੋਕ ਮੈਨੂੰ ਜਾਣਦੇ ਸਨ ਅਤੇ ਫਰੈਂਕ ਦਾ ਅਸ਼ੀਰਵਾਦ ਮੇਰੇ ਨਾਲ ਸੀ, ਜਿਸ ਦੀ ਬਹੁਤ ਵੱਡੀ ਮਹੱਤਤਾ ਸੀ। ਇਸ ਲਈ ਮੈਂ ਫਰੈਂਕ ਦਾ ਬਹੁਤ ਕਰਜ਼ਦਾਰ ਹਾਂ, ਅੱਜ ਤੱਕ, ਮੈਂ ਹੁਣ ਵੀ ਉਸ ਦੇ ਸੰਪਰਕ ਵਿੱਚ ਰਹਿੰਦਾ ਹਾਂ। ਉਸ ਨੇ ਮੇਰੇ ਲਈ ਸੰਭਵ ਬਣਾਇਆ ਕਿ ਮੈਂ 1986 ਦੀ ਇਲੈਕਸ਼ਨ ਲੜ ਸਕਾਂ ਅਤੇ ਐੱਮ ਐੱਲ ਏ ਬਣ ਸਕਾਂ। ਮੈਂ ਇਕ ਕਾਊਂਸਲਰ ਦੇ ਤੌਰ ‘ਤੇ ਐਸਕੁਆਈਮਾਲਟ ਵਿੱਚ ਬਣੇ ਆਪਣੇ ਨਾਂ ਉੱਤੇ ਹੋਰ ਮਿਹਨਤ ਕੀਤੀ।

ਪਰ 1986 ਦੀ ਇਲੈਕਸ਼ਨ ਸਾਡੇ ਲਈ ਕਾਫੀ ਔਖੀ ਸੀ। ਬਿੱਲ ਵੈਂਡਰਜ਼ਾਲਮ ਦੀ ਚੜ੍ਹਤ ਸੀ, ਅਤੇ ਬੌਬ ਸਕੈਲੀ ਡੱਕੇ ਡੋਲੋ ਖਾ ਰਿਹਾ ਸੀ। ਉਹ ਘਬਰਾ ਜਾਂਦਾ ਸੀ ਅਤੇ ਗੱਲ ਨਹੀਂ ਕਰ ਸਕਦਾ ਸੀ। ਅਤੇ ਇੱਥੇ ਐਸਕੁਆਈਮਾਲਟ ਵਿੱਚ, ਜਿੱਥੋਂ ਅਸੀਂ ਪਿਛਲੀ ਇਲੈਕਸ਼ਨ ਕਾਫੀ ਫਰਕ ਨਾਲ ਜਿੱਤੀ ਸੀ, ਉਹ ਲੋਕ ਵੀ ਖੁੱਲ੍ਹੇ ਆਮ ਆਪਣੇ ਲਾਅਨਾਂ ਵਿੱਚ ਸੋਸ਼ਲ ਕਰੈਡਿਟ ਦੇ ਸਾਈਨ ਲਾ ਰਹੇ ਸਨ, ਜਿਹਨਾਂ ਨੇ ਪਿਛਲੀ ਵਾਰੀ ਐੱਨ ਡੀ ਪੀ ਦੇ ਸਾਈਨ ਲਾਏ ਸਨ। ਪਰ ਮੈਂ ਜਾਣਦਾ ਸੀ। ਮੈਂ ਚੋਣ ਮੁਹਿੰਮ ਦਾ ਪ੍ਰਬੰਧਕ ਰਹਿ ਚੁੱਕਾ ਸੀ। ਮੈਨੂੰ ਪਤਾ ਸੀ ਕਿ ਪਿਛਲੀ ਵਾਰੀ ਸਾਡੇ ਲਾਅਨ ਸਾਈਨ ਕਿੱਥੇ ਲੱਗੇ ਸਨ। ਉਸ ਸਮੇਂ ਤੁਹਾਨੂੰ ਕਾਫੀ ਧੱਕਾ ਲਗਦਾ ਸੀ ਜਦੋਂ ਤੁਸੀਂ ਹਲਕੇ ਵਿੱਚਲੇ ਵੱਡੇ ਵੱਡੇ ਚੌਰਸਤਿਆਂ ‘ਚ ਜਾ ਕੇ ਦੇਖਦੇ ਸੀ ਕਿ ਉਨ੍ਹਾਂ ਥਾਂਵਾਂ ‘ਤੇ ਸੋਸ਼ਲ ਕਰੈਡਿਟ ਦੇ ਸਾਈਨ ਲੱਗੇ ਹੋਏ ਸਨ, ਜਿੱਥੇ ਐੱਨ ਡੀ ਪੀ ਦੇ ਸਾਈਨ ਹੋਣੇ ਚਾਹੀਦੇ ਸਨ। ਅਤੇ ਵੈਂਡਰਜ਼ਾਲਮ ਸਾਰੇ ਸੂਬੇ ਵਿੱਚ ਜ਼ਬਰਦਸਤ ਅਸਰ ਪਾ ਰਿਹਾ ਸੀ ਅਤੇ ਅਸੀਂ ਮੁਸ਼ਕਿਲ ਵਿੱਚ ਸੀ।

ਉਸ ਇਲੈਕਸ਼ਨ ਦੇ ਅੱਧ ਵਿਚਕਾਰ ਮੈਨੂੰ ਫਰੈਂਕ ਨਾਲ ਗੱਲ ਕਰਨੀ ਯਾਦ ਹੈ, ਉਹ ਵੀ ਗਿਣਤੀਆਂ ਮਿਣਤੀਆਂ ਦਾ ਹਿਸਾਬ ਲਾ ਕੇ ਮੇਰੇ ਵਾਂਗ ਦੇਖ ਸਕਦਾ ਸੀ ਕਿ ਸਾਡੀ ਇਸ ਇਲੈਕਸ਼ਨ ਵਿੱਚ ਜਿੱਤ ਨਹੀਂ ਹੋਣੀ। ਮੈਨੂੰ ਯਾਦ ਹੈ ਕਿ ਐੱਨ ਡੀ ਪੀ ਦੇ ਸੈਂਟਰਲ ਹੈੱਡਕੁਆਰਟਰ ਤੋਂ ਜੈਰੀ ਸਕਾਟ ਦਾ ਫੋਨ ਆਇਆ। ਉਹ ਕਹਿੰਦਾ ਕਿ ਅਸੀਂ ਹੁਣੇ ਜਿਹੇ ਇਕ ਪੋਲ ਕੀਤਾ ਹੈ। ਇਹ 28 ਦਿਨਾਂ ਦੀ ਇਲੈਕਸ਼ਨ ਦੇ ਪਹਿਲੇ 10-12 ਦਿਨਾਂ ਬਾਅਦ ਦੀ ਗੱਲ ਹੈ। ਉਸ ਨੇ ਕਿਹਾ “ਅਸੀਂ ਹੁਣੇ ਇਕ ਪੋਲ ਕੀਤਾ ਹੈ ਅਤੇ ਆਪਾਂ ਬਹੁਤ ਵੱਡੀ ਮੁਸ਼ਕਿਲ ਵਿੱਚ ਹਾਂ। ਅਸੀਂ ਸਿਰਫ ਅੱਠ ਸੀਟਾਂ ਹੀ ਜਿੱਤ ਸਕਾਂਗੇ ਅਤੇ ਤੇਰੀ ਸੀਟ ਨੰਬਰ 9 ‘ਤੇ ਹੈ।” ਇਹ ਸੁਣ ਕੇ ਮੇਰਾ ਪ੍ਰਤੀਕਰਮ ਸੀ ‘ਉਹ ਮੇਰਿਆ ਰੱਬਾ। ਹੁਣ ਮੈਂ ਕੀ ਕਰਾਂ।” ਅਤੇ ਫਰੈਂਕ ਇਸ ਮਾਮਲੇ ‘ਚ ਇਕ ਹੰਢਿਆ ਹੋਇਆ ਵਿਅਕਤੀ ਸੀ। ਉਸ ਨੇ ਇਕ ਚਿੱਠੀ ਲਿਖੀ। ਅਸੀਂ ਹਮੇਸ਼ਾਂ ਹੀ ਉਨ੍ਹਾਂ ਲੋਕਾਂ ਦੇ ਨਾਂ ਆਪਣੇ ਰਿਕਾਰਡ ਵਿੱਚ ਰੱਖਦੇ ਸੀ, ਜਿਨ੍ਹਾਂ ਨੇ 1983 ਵਿੱਚ ਫਰੈਂਕ ਨੂੰ ਵੋਟ ਪਾਈ ਸੀ। ਅਤੇ 1983-86 ਦੇ ਵਿਚਕਾਰ ਉਹਨੇ ਇਨ੍ਹਾਂ ਲੋਕਾਂ ਨਾਲ ਚਿੱਠੀਆਂ ਨਾਲ ਲਗਾਤਾਰ ਰਾਬਤਾ ਰੱਖਿਆ ਸੀ। ਮੈਂ ਉਹ ਚਿੱਠੀਆਂ ਤਿਆਰ ਕਰਦਾ ਸੀ, ਉਹ ਉਨ੍ਹਾਂ ‘ਤੇ ਦਸਖਤ ਕਰਕੇ ਵੋਟਰਾਂ ਨੂੰ ਭੇਜਦਾ ਰਹਿੰਦਾ ਸੀ। ਅਤੇ ਉਹ ਹਮੇਸ਼ਾਂ ਚਿੱਠੀਆਂ ਵਿੱਚ ਲਿਖਦਾ ਸੀ, ਐਸਕੁਆਈਮਾਲਟ ਤੋਂ ਉਸ ਦਾ ਨੌਜਵਾਨ ਕਾਊਂਸਲਰ ਬੜੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਸੀ। ਇਕ ਤਰ੍ਹਾਂ ਨਾਲ ਆਪਣੀਆਂ ਚਿੱਠੀਆਂ ਵਿੱਚ ਮੇਰਾ ਜ਼ਿਕਰ ਕਰਨ ਦਾ ਇਹ ਉਸ ਦਾ ਇਕ ਢੰਗ ਸੀ।
ਅਤੇ ਉਹਨੇ ਆਪਣੇ ਦਿਲ ਦੀਆਂ ਹੇਠਲੀਆਂ ਤਹਿਆਂ ‘ਚੋਂ 13,000 ਲੋਕਾਂ, ਤਕਰੀਬਨ 7000 ਘਰਾਂ, ਨੂੰ ਇਕ ਚਿੱਠੀ ਲਿਖੀ। ਉਸ ਵਿੱਚ ਲਿਖਿਆ ਕਿ ਉਹ ਇਸ ਹਲਕੇ ਤੋਂ ਜਾ ਰਿਹਾ ਸੀ, ਅਤੇ ਨਿਊਟਰਲ ਰਹਿੰਦਿਆਂ ਹੋਇਆਂ – ਉਂਝ ਨਿਊਟਰਲ ਵਾਲੀ ਇਸ ਵਿੱਚ ਕੋਈ ਗੱਲ ਨਹੀਂ ਸੀ – ਉਸ ਦਾ ਇਹ ਫਰਜ਼ ਬਣਦਾ ਸੀ ਕਿ ਹਲਕੇ ਦੇ ਵੋਟਰਾਂ ਨੂੰ ਦੱਸੇ ਕਿ ਪਾਰਟੀ ਸੰਬੰਧਾਂ ਨੂੰ ਇਕ ਪਾਸੇ ਰੱਖ ਕੇ ਐਸਕੁਆਈਮਾਲਟ ਦੀ ਪ੍ਰਤੀਨਿਧਤਾ ਕਰਨ ਦੇ ਸਭ ਤੋਂ ਯੋਗ ਕੌਣ ਸੀ। ਅਤੇ ਉਹਨੇ ਕਿਹਾ ਇਸ ਹਲਕੇ ਦਾ ਭਵਿੱਖ ਮੋਅ ਸਹੋਤਾ ਸੀ। ਅਤੇ ਉਹ ਚਿੱਠੀ ਚੋਣ ਮੁਹਿੰਮ ਦੇ 12ਵੇਂ ਦਿਨ ਦੇ ਕਰੀਬ ਭੇਜੀ ਗਈ। ਅਤੇ ਉਹ ਲੋਕਾਂ ਦੇ ਘਰਾਂ ਵਿੱਚ 15ਵੇਂ ਦਿਨ ਦੇ ਨੇੜੇ ਪਹੁੰਚੀ, ਅਤੇ 28 ਦਿਨਾਂ ਦੀ ਚੋਣ ਮੁਹਿੰਮ ਦੇ 20ਵੇਂ ਕੁ ਦਿਨ ਅਸੀਂ ਚੋਣ ਮੁਹਿੰਮ ਵਿੱਚ ਤਬਦੀਲੀ ਮਹਿਸੂਸ ਕੀਤੀ। ਇਕ ਕਾਫੀ ਵੱਡੀ ਤਬਦੀਲੀ।

ਐਸਕੁਆਈਮਾਲਟ ਵਿੱਚ ਸੱਚਮੁੱਚ ਹੀ ਇਕ ਕਮਿਊਨਿਟੀ ਦੀ ਭਾਵਨਾ ਹੈ। ਉਨ੍ਹਾਂ ਦਿਨਾਂ ਵਿੱਚ ਇਹ ਉਨਾ ਸ਼ਹਿਰੀ ਨਹੀਂ ਸੀ ਹੁੰਦਾ, ਜਿੰਨਾ ਕੁ ਸ਼ਹਿਰੀ ਇਹ ਅੱਜ ਕੱਲ੍ਹ ਹੈ। ਅਤੇ ਇਸ ਵਿੱਚ ਛੋਟੀਆਂ ਛੋਟੀਆਂ ਕਮਿਊਨਿਟੀਆਂ ਹੁੰਦੀਆਂ ਸਨ, ਵੀਊ ਰੌਇਲ ਅਤੇ ਕੋਲਵੁੱਡ ਅਤੇ ਲੈਂਗਫੋਰਡ ਅਤੇ ਮੈਚੋਸਿਨ ਅਤੇ ਪੋਰਟ ਰੈਨਫ੍ਰਿਊ, ਜਿਹਨਾਂ ਵਿੱਚ ਸਥਾਨਕ ਐੱਮ ਐੱਲ ਏ ਦੀ ਕਹੀ ਹੋਈ ਗੱਲ ਦੀ ਕਾਫੀ ਮਹੱਤਤਾ ਸੀ। ਜਦੋਂ ਸਥਾਨਕ ਐੱਮ ਐੱਲ ਏ ਸ਼ਹਿਰ ‘ਚ ਆਉਂਦਾ ਸੀ ਤਾਂ ਇਹ ਇਕ ਵੱਡੀ ਗੱਲ ਹੁੰਦੀ ਸੀ।

ਅਤੇ ਫਰੈਂਕ ਦੀ ਚਿੱਠੀ ਨੇ ਇਕ ਫੈਸਲਾਕੁੰਨ ਰੋਲ ਨਿਭਾਇਆ। ਇਸ ਦੇ ਨਾਲ ਨਾਲ ਵੈਂਡਰਜ਼ਾਲਮ ਥੋੜ੍ਹਾ ਜਿਹਾ ਡਗਮਗਾਉਣ ਲੱਗਾ ਸੀ ਅਤੇ ਸਕੈਲੀ ਥੋੜ੍ਹਾ ਜਿਹਾ ਟਿਕਣ ਲੱਗਾ ਸੀ। ਇਸ ਤਰ੍ਹਾਂ ਸਾਨੂੰ ਸੂਬਾਈ ਹਾਲਤ ਤੋਂ ਵੀ ਕੁਝ ਫਾਇਦਾ ਹੋ ਰਿਹਾ ਸੀ। ਪਰ ਮੁੱਖ ਤੌਰ ‘ਤੇ ਇਹ ਫਰੈਂਕ ਸੀ, ਜਿਸ ਨੇ ਸਾਡਾ ਇਸ ਇਲੈਕਸ਼ਨ ਵਿੱਚ ਬੇੜਾ ਪਾਰ ਲਾਇਆ। ਮੈਂ ਤਕਰੀਬਨ 10000 ਵੋਟਾਂ ਦੇ ਮੁਕਾਬਲੇ 13000 ਵੋਟਾਂ ਲੈ ਕੇ ਜਿੱਤ ਗਿਆ। ਅਤੇ ਕਾਊਂਚਨ ਵਾਲੀ ਸੀਟ ਅਸੀਂ ਹਾਰ ਗਏ। ਇਸ ਤਰ੍ਹਾਂ ਮੈਂ ਕਿਸ ਹਲਕੇ ਤੋਂ ਚੋਣ ਲੜਨੀ ਹੈ, ਇਸ ਸੰਬੰਧ ਵਿੱਚ ਠੀਕ ਫੈਸਲਾ ਲਿਆ ਸੀ।

ਪਰ ਮੈਂ ਤੁਹਾਨੂੰ ਇਕ ਹੋਰ ਕਹਾਣੀ ਦੱਸਣਾ ਚਾਹੁੰਦਾ ਹਾਂ। ਮੈਂ 1986 ਦੀ ਇਲੈਕਸ਼ਨ ਦੀ ਰਾਤ ਨੂੰ ਬਹੁਤ ਘਬਰਾਇਆ ਹੋਇਆ ਸੀ। ਕਿਸੇ ਚੋਣ ਮੁਹਿੰਮ ਦਾ ਮੈਨਜਰ ਹੋਣਾ ਅਤੇ ਕਿਸੇ ਚੋਣ ਮੁਹਿੰਮ ਵਿੱਚ ਇਕ ਉਮੀਦਵਾਰ ਹੋਣਾ ਵੱਖਰੀ ਵੱਖਰੀ ਗੱਲ ਹੈ। ਅਤੇ ਚੋਣ ਮੁਹਿੰਮਾਂ ਵਿੱਚ ਇਕ ਮੈਨੇਜਰ ਹੋਣ ਕਾਰਨ ਮੈਨੂੰ ਇਸ ਗੱਲ ਦਾ ਪਤਾ ਸੀ ਕਿ ਚੋਣ ਦਾ ਨਤੀਜਾ ਕੀ ਨਿਕਲਣਾ ਹੈ, ਇਸ ਦਾ ਰੁਝਾਨ ਸ਼ੁਰੂ ਦੇ ਨਤੀਜਿਆਂ ਵਿੱਚ ਹੀ ਪਤਾ ਲਗ ਜਾਂਦਾ ਹੈ। ਤੁਸੀਂ ਜਾਣਦੇ ਹੀ ਹੋ ਕਿ ਟੀ ਵੀ ਵਾਲੇ ਬਹੁਤ ਛੇਤੀਂ ਹੀ ਭਵਿੱਖਬਾਣੀ ਕਰ ਦਿੰਦੇ ਹਨ, ਸਿਰਫ 7 ਪੋਲਾਂ ਦੇ ਆਉਣ ਨਾਲ ਹੀ। ਅੰਕੜੇ ਇਸ ਤਰ੍ਹਾਂ ਹੀ ਕੰਮ ਕਰਦੇ ਹਨ। ਇਸ ਲਈ ਮੈਂ ਜਾਣਦਾ ਸੀ ਕਿ ਤੁਸੀਂ ਪਹਿਲੇ 10 ਨਤੀਜੇ ਦੇਖੋ ਅਤੇ ਉਨ੍ਹਾਂ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਜਿੱਤੋਗੇ ਜਾਂ ਹਾਰੋਗੇ।

ਸੋ ਮੈਂ ਘਰ ਚਲੇ ਗਿਆ। ਮੇਰਾ ਇਕ ਕਜ਼ਨ ਹੈ, ਜੋ ਮੇਰੇ ਬਹੁਤ ਨੇੜੇ ਹੈ, ਅਤੇ ਬਰਨਬੀ ਵਿੱਚ ਰਹਿੰਦਾ ਹੈ। ਉਸ ਦਾ ਨਾਂ ਹੈ ਸੁੱਖ। ਮੈਂ ਉਹਨੂੰ ਕਿਹਾ, “ਓ ਕੇ ਵੋਟਾਂ ਦੀ ਗਿਣਤੀ ਐਸਕੁਆਈਮਾਲਟ ਵਿਚਲੇ ਐੱਨ ਡੀ ਪੀ ਦੇ ਸੈਂਟਰਲ ਦਫਤਰ ਵਿੱਚ ਆਉਣੀ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਮੈਨੂੰ ਆਉਣ ਵਾਲੇ ਨਤੀਜਿਆਂ ਬਾਰੇ ਫੋਨ ਕਰਕੇ ਦੱਸੇਂ। ਮੈਨੂੰ ਨਹੀ ਪਤਾ ਕਿ ਅੱਜ ਕੀ ਹੋਣਾ ਹੈ। ਜੇ ਖੁਸ਼ੀ ਵਾਲੀ ਗੱਲ ਨਾ ਹੋਈ ਤਾਂ ਮੈਂ ਤੇਰੇ ਨਾਲ ਗੱਲ ਕਰ ਸਕਦਾ ਹਾਂ।” ਸੋ ਮੈਂ ਘਰ ਚਲੇ ਗਿਆ। ਮੇਰੀ ਪਤਨੀ ਸਾਢੇ ਅੱਠਾਂ ਮਹੀਨਿਆਂ ਦੀ ਗਰਭਵਤੀ ਸੀ। ਸਾਡੀ ਪਹਿਲੀ ਬੇਟੀ ਹੋਣ ਵਾਲੀ ਸੀ। ਮੈਂ ਉੱਤੇ ਆਪਣੇ ਬੈੱਡਰੂਮ ਵਿੱਚ ਚਲੇ ਗਿਆ ਅਤੇ ਆਪਣੇ ਨਾਲ ਇਕ ਕਰਾਊਨ ਰੌਇਲ ਦੀ ਬੋਤਲ ਅਤੇ ਸੈਵਨ ਅੱਪ ਦੀ ਬੋਤਲ ਲੈ ਗਿਆ। ਮੇਰੀ ਵਾਈਫ ਵੀ ਉੱਥੇ ਸੀ ਅਤੇ ਟੀ ਵੀ ਚੱਲ ਰਿਹਾ ਸੀ। ਫੋਨ ਦੀ ਘੰਟੀ ਖੜਕੀ। ਪਹਿਲੇ ਪੋਲ ਦੇ ਨਤੀਜੇ ਆਏ ਸਨ ਅਤੇ ਮੈਂ ਇੱਥੇ ਹਾਰ ਗਿਆ ਸੀ। ਦੂਜੇ ਪੋਲ ਦੇ ਨਤੀਜੇ ਆਏ, ਇਸ ਵਿੱਚ ਵੀ ਮੈਂ ਹਾਰ ਗਿਆ ਸੀ। ਅਤੇ ਮੈਂ ਚੋਣ ਮੁਹਿੰਮ ਦੇ ਮੈਨੇਜਰ ਰਹਿ ਚੁੱਕਾ ਸੀ। ਮੈਂ ਇਕ ਬਣਦੇ ਰੁਝਾਨ ਨੂੰ ਦੇਖ ਸਕਦਾ ਸੀ। ਜਿਹੜੇ ਪਹਿਲੇ 10 ਪੋਲ ਆਏ, ਉਨ੍ਹਾਂ ਵਿੱਚੋਂ ਅੱਠ ਵਿੱਚ ਮੈਂ ਹਾਰ ਗਿਆ ਸੀ।

ਅਤੇ ਮੈਂ ਥੋੜ੍ਹੀ ਜਿਹੀ ਤੇਜ਼ੀ ਨਾਲ ਕਰਾਉਣ ਰੌਇਲ ਦੀ ਬੋਤਲ ‘ਚੋਂ ਪੀਣ ਲੱਗਾ। ਮੈਂ ਆਪਣੇ ਆਪ ਨੂੰ ਕਿਹਾ, “ਇਹ ਜ਼ਿੰਦਗੀ ਹੈ। ਤੁਸੀਂ ਕਦੇ ਜਿੱਤਦੇ ਹੋ, ਅਤੇ ਕਦੇ ਹਾਰਦੇ ਹੋ।” ਪਰ ਉਸ ਇਲੈਕਸ਼ਨ ਵਿੱਚ, ਉਸ ਹਲਕੇ ਵਿੱਚ ਮੈਂ ਸਿਰਫ 12 ਪੋਲਾਂ ਵਿੱਚ ਹਾਰਿਆ ਸੀ। ਅਤੇ ਹੋਇਆ ਇਸ ਤਰ੍ਹਾਂ ਕਿ ਉਨ੍ਹਾਂ ਵਿੱਚੋਂ ਅੱਠ ਪੋਲਾਂ ਦੇ ਨਤੀਜੇ ਪਹਿਲੇ ਦਸਾਂ ਵਿੱਚ ਆ ਗਏ। ਅਤੇ ਚੋਣ ਮੁਹਿੰਮਾਂ ਦਾ ਮੈਨੇਜਰ ਰਿਹਾ ਹੋਣ ਕਰਕੇ ਮੈਂ ਅੰਦਾਜ਼ਾ ਲਾ ਲਿਆ ਕਿ ਮੈਂ ਹਾਰ ਗਿਆ ਸੀ। ਪਰ ਜਿਵੇਂ ਜਿਵੇਂ ਬਾਕੀ ਦੀ ਰਾਤ ਬੀਤ ਰਹੀ ਸੀ…  ਉਹ ਹਲਕੇ ਵਿੱਚ 120 ਪੋਲ ਸਨ, ਅਤੇ ਜਿੱਦਾਂ ਜਿੱਦਾਂ ਰਾਤ ਬੀਤਦੀ ਗਈ, ਤਾਂ ਫਰਕ ਵੱਧਦਾ ਗਿਆ, ਵੱਧਦਾ ਗਿਆ ਅਤੇ ਮੈਂ ਜਿੱਤ ਗਿਆ।

ਸੋ ਮੈਂ ਆਪਣੀ ਪਤਨੀ ਕੋਲੋਂ, ਜੋ ਉਸ ਸਮੇਂ ਗਰਭਵਤੀ ਸੀ, ਹੇਠਾਂ ਉਤਰਿਆ, ਅਤੇ ਮੇਰੀ ਮਾਂ ਲਿਵਿੰਗ ਰੂਮ ਵਿੱਚ ਬੈਠੀ ਸੀ। ਅਤੇ ਮੈਂ ਕਿਹਾ, “ਮਾਂ, ਤੇਰਾ ਮੁੰਡਾ ਐੱਮ ਐੱਲ ਏ ਬਣ ਗਿਆ ਹੈ।” ਇਹ ਉਦੋਂ ਦੀ ਗੱਲ ਹੈ ਜਦੋਂ ਜਿੱਤ ਦੇ ਜਸ਼ਨਾਂ ਲਈ ਹਾਲ ਨੂੰ ਜਾ ਰਿਹਾ ਸੀ। ਅਤੇ ਉਹਨੇ ਮੈਨੂੰ ਕਿਹਾ, ਉਹਨੇ ਉਤਾਂਹ ਦੇਖਿਆ, ਉਹ ਚੰਗੀ ਤਰ੍ਹਾਂ ਅੰਗਰੇਜ਼ੀ ਨਹੀਂ ਬੋਲ ਸਕਦੀ। ਉਹਨੇ ਕਿਹਾ, “ਠੀਕ ਆ ਪੁੱਤ, ਤੈਨੂੰ ਕਦੀ ਚੇਤਾ ਨਹੀਂ ਭੁਲਣਾ ਚਾਹੀਦਾ ਕਿ ਤੂੰ ਕਿੱਥੋਂ ਆਇਆ ਹੈਂ। ਠੀਕ?” ਜੇ ਮੇਰੀ ਜ਼ਿੰਦਗੀ ‘ਚ ਕੋਈ ਥੀਮ ਹੈ, ਤਾਂ ਇਹ ਉਹ ਸੁਨੇਹਾ ਹੈ, ਜਿਹੜਾ ਮੇਰੀ ਸਾਰੀ ਜ਼ਿੰਦਗੀ ਵਿੱਚ ਮੇਰੇ ਨਾਲ ਰਿਹਾ ਹੈ। ਉਹਨੇ ਸਿਰਫ ਏਨਾ ਹੀ ਕਿਹਾ। ਉਹਨੇ ਸਿਰਫ ਏਨਾ ਹੀ ਕਿਹਾ। ਅਤੇ ਇਹ ਗੱਲ ਇਕ ਅਨਪੜ੍ਹ ਔਰਤ ਨੇ ਕਹੀ ਸੀ, ਜਿਹੜੀ ਇੰਡੀਆ ਤੋਂ ਆਈ ਹੋਈ ਸੀ। ਉਹਨੇ ਇਕ ਬਹੁਤ ਵੱਡੀ ਗੱਲ ਕਹਿ ਦਿੱਤੀ ਸੀ।

ਫਿਰ ਮੈਂ ਵਿਕਟਰੀ ਹਾਲ ਨੂੰ ਚਲੇ ਗਿਆ। ਇਹ ਐਸਕੁਆਈਮਾਲਟ ਰੈਕ ਸੈਂਟਰ ਵਿੱਚ ਸੀ। ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਮੈਂ ਬਹੁਤ ਸਾਰੀਆਂ ਇਲੈਕਸ਼ਨਾਂ ਵਿੱਚ ਦੀ ਲੰਘਿਆ ਸੀ, ਅਤੇ ਮੈਂ ਆਪਣੇ ਬਹੁਤ ਸਾਰੇ ਵਰਕਰਾਂ ਨਾਲ ਰਿਸ਼ਤਾ ਬਣਾ ਚੁੱਕਾ ਸੀ। ਅਸੀਂ ਉਨ੍ਹਾਂ ਨਾਲ 70ਵਿਆਂ, 80ਵਿਆਂ ‘ਚ ਕੰਮ ਕੀਤਾ ਸੀ। ਉਹ ਸਾਰੇ ਮੈਨੂੰ ਜਾਣਦੇ ਸਨ। ਉਹ ਮੈਨੂੰ 84 ਦੀ ਇਲੈਕਸ਼ਨ ਤੋਂ ਜਾਣਦੇ ਸਨ। ਉੱਥੇ ਸੱਚਮੁੱਚ ਹੀ ਖੁਸ਼ੀ ਦਾ ਮਾਹੌਲ ਸੀ। ਮੈਂ ਹਾਲ ‘ਚ ਕਦਮ ਰੱਖਿਆ। ਮੈਨੂੰ ਯਾਦ ਹੈ ਕਿ ਟੀ ਵੀ ਕੈਮਰਿਆਂ ਦੀ ਰੋਸ਼ਨੀ ਮੇਰੀਆਂ ਅੱਖਾਂ ਵਿੱਚ ਪੈ ਰਹੀ ਸੀ, ਥੋੜ੍ਹਾ ਥੋੜ੍ਹਾ ਰਾਇ (ਵਿਸਕੀ) ਦਾ ਵੀ ਅਸਰ ਸੀ। ਇਸ ਲਈ ਮੈਂ ਚੰਗੀ ਤਰ੍ਹਾਂ ਦੇਖ ਨਹੀਂ ਸਕਦਾ ਸੀ। ਲੋਕਾਂ ਨੇ ਮੈਨੂੰ ਮੋਢਿਆਂ ‘ਤੇ ਚੁੱਕ ਲਿਆ ਸੀ, ਉਹ ਮੈਨੂੰ ਅੰਦਰ ਲਿਜਾ ਰਹੇ ਸਨ, ਅਤੇ ਮੈਂ ਆਪਣੀ ਜੇਬ ਵਿੱਚ ਲਿਖਿਆ ਹੋਇਆ ਉਹ ਭਾਸ਼ਨ ਪਾਇਆ ਹੋਇਆ ਸੀ ਜਿਹੜਾ ਮੈਂ ਉੱਥੇ ਬੋਲਣਾ ਚਾਹੁੰਦਾ ਸੀ। ਹਰ ਕੋਈ ਖੁਸ਼ੀ ‘ਚ ਪਾਗਲ ਹੋਇਆ ਹੋਇਆ ਸੀ। ਭਾਵੇਂ ਕਿ ਅਸੀਂ ਇਲੈਕਸ਼ਨ ਹਾਰ ਗਏ ਸੀ, ਪਰ ਅਸੀਂ ਐਸਕੁਆਈਮਾਲਟ ਜਿੱਤ ਲਿਆ ਸੀ। ਸਾਡੀ ਜਿੱਤ ਕਾਫੀ ਫਰਕ ਨਾਲ ਹੋਈ ਸੀ। ਅਸੀਂ ਨਵੀਂ ਪੀੜੀ ਵਾਲੀ ਤਬਦੀਲੀ ਕਰ ਲਈ ਸੀ। ਫਰੈਂਕ ਨੂੰ ਬਹੁਤ ਚਾਅ ਸੀ। ਉਹ ਸਟੇਜ ‘ਤੇ ਗਿਆ ਅਤੇ ਉਹਨੇ ਮੇਰੀ ਜਾਣ-ਪਛਾਣ ਕਰਵਾਈ। ਮੈਂ ਆਪਣਾ ਭਾਸ਼ਨ ਦੇਣ ਲਈ ਸਟੇਜ ‘ਤੇ ਗਿਆ। ਉੱਥੇ ਸਿਰਫ ਇਕ ਮਾਈਕਰੋਫੋਨ ਸੀ, ਅਤੇ ਕੋਈ ਪੋਡੀਅਮ ਨਹੀਂ ਸੀ। ਆਪਣਾ ਭਾਸ਼ਨ ਦੇਣ ਲਈ ਮੇਰੇ ਕੋਲ ਨੋਟ ਰੱਖਣ ਲਈ ਕੋਈ ਥਾਂ ਨਹੀਂ ਸੀ। ਇਸ ਲਈ ਮੈਨੂੰ ਆਪਣਾ ਭਾਸ਼ਨ ਉਸ ਤਰ੍ਹਾਂ ਦੇਣਾ ਪਿਆ ਜਿਸ ਤਰ੍ਹਾਂ ਮੈਂ ਮਹਿਸੂਸ ਕਰਦਾ ਸੀ, ਨਾ ਕਿ ਉਸ ਤਰ੍ਹਾਂ ਜਿਸ ਤਰ੍ਹਾਂ ਮੈਂ ਇਕ ਦਿਨ ਪਹਿਲਾਂ ਲਿਖਿਆ ਸੀ।

ਸੋ ਮੈਂ ਸਟੇਜ ਉੱਤੇ ਸੀ ਅਤੇ ਭੀੜ ਤਾੜੀਆਂ ਮਾਰ ਰਹੀ ਸੀ, ਖੁਸ਼ੀ ਵਿੱਚ ਰੌਲਾ ਪਾ ਰਹੀ ਸੀ। ਮੈਂ ਉੱਥੇ ਖੜ੍ਹਾ ਉਨ੍ਹਾਂ ਨੂੰ ਸ਼ਾਂਤ ਹੋਣ ਲਈ ਕਹਿ ਰਿਹਾ ਸੀ ਪਰ ਉਹ ਤਾੜੀਆਂ ਮਾਰੀ ਜਾ ਰਹੇ ਸੀ, ਰੌਲਾ ਪਾਈ ਜਾ ਰਹੇ ਸੀ। ਅਤੇ ਮੈਂ ਇਸ ਵੱਡੇ ਹਾਲ ਦੇ ਵੱਖ ਵੱਖ ਹਿੱਸਿਆਂ ‘ਤੇ ਨਿਗ੍ਹਾ ਮਾਰਨੀ ਸ਼ੁਰੂ ਕੀਤੀ। ਇਹ ਇਕ ਵੱਡਾ ਹਾਲ ਸੀ। ਤੁਸੀਂ ਆਪ ਜਾ ਕੇ ਦੇਖ ਲਿਉ। ਇਸ ਵਿੱਚ 500 ਲੋਕ ਖੜ੍ਹੇ ਹੋ ਸਕਦੇ ਹਨ। ਅਤੇ ਇਹ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਅਤੇ ਮੈਂ ਕੰਧਾਂ ਨਾਲ ਖੜ੍ਹੇ ਲੋਕਾਂ ਵੱਲ ਦੇਖਣਾ ਸ਼ੁਰੂ ਕਤਾ। ਅਤੇ ਉੱਥੇ ਖੜ੍ਹੇ ਸਾਰੇ ਲੋਕ ਵੱਡੀ ਉਮਰ ਦੇ ਭਾਰਤੀ ਲੋਕ ਸਨ। ਉਹ ਲੋਕ ਜਿਹਨਾਂ ਨੂੰ ਮੈਂ ਉਸ ਸਮੇਂ ਤੋਂ ਪਹਿਚਾਣ ਸਕਦਾ ਸੀ, ਜਦੋਂ ਮੈਂ ਛੋਟਾ ਹੁੰਦਾ ਸੀ ਅਤੇ ਉਹ ਵਿਕਟੋਰੀਆ ਵਿੱਚ ਰਹਿੰਦੇ ਸੀ। ਉਹ ਲੋਕ ਜਿਹਨਾਂ ਨੂੰ ਮੈਂ ਉਦੋਂ ਦੇਖਿਆ ਸੀ ਜਦੋਂ ਮੈਂ ਵਿਸਾਖੀ ਨੂੰ ਜਾਂਦਾ ਹੁੰਦਾ ਸੀ, ਜਿਹਨਾਂ ਨੂੰ ਮੈਂ ਜੋੜ ਮੇਲਿਆਂ ਦੌਰਾਨ ਦੇਖਿਆ ਸੀ। ਲੋਕ ਡੰਕਨ ਤੋਂ ਆਏ ਹੋਏ ਸਨ। ਲੋਕ ਵਿਕਟੋਰੀਆ ਤੋਂ ਆਏ ਹੋਏ ਸਨ। ਸਾਡੀ ਇੱਥੇ ਵਿਕਟੋਰੀਆ ਵਿੱਚ ਇਕ ਪੁਰਾਣੀ ਕਮਿਊਨਿਟੀ ਸੀ।
ਜਦੋਂ ਮੈਂ ਭੀੜ ਦੇ ਸ਼ਾਂਤ ਹੋਣ ਦੀ ਉਡੀਕ ਕਰ ਰਿਹਾ ਸੀ, ਤਾਂ ਮੈਂ ਦੇਖ ਸਕਦਾ ਸੀ ਕਿ ਉਹ ਅੱਜ ਉਹ ਕੁਝ ਦੇਖ ਰਹੇ ਸਨ, ਜਿਸ ਨੂੰ ਆਪਣੀ ਜ਼ਿੰਦਗੀ ਵਿੱਚ ਦੇਖਣ ਬਾਰੇ ਉਨ੍ਹਾਂ ਨੇ ਕਦੇ ਵੀ ਨਹੀਂ ਸੋਚਿਆ ਸੀ। ਉਦੋਂ ਤੱਕ ਮੈਂ ਇਹ ਨਹੀਂ ਸੋਚਿਆ ਸੀ ਕਿ ਮੈਂ ਲੈਜਿਸਲੇਚਰ ‘ਚ ਚੁਣਿਆ ਜਾਣ ਵਾਲਾ ਪਹਿਲਾ ਇੰਡੋਕਨੇਡੀਅਨ ਸੀ। ਮੈਂ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇਹ ਦੇਖ ਰਿਹਾ ਸੀ, ਕਿਉਂਕਿ ਉਹ ਤਾੜੀਆਂ ਨਹੀਂ ਮਾਰ ਰਹੇ ਸਨ, ਉਹ ਦੇਖ ਰਹੇ ਸਨ। ਅਤੇ ਮੈਂ ਦੇਖ ਸਕਦਾ ਸੀ – ਤੁਸੀਂ ਇਕ ਸਿਆਸਤਦਾਨ ਹੁੰਦੇ ਹੋਏ, ਸਮਾਂ ਪਾ ਕੇ ਭੀੜ ਦੇ ਮਨ ਪੜ੍ਹਨਾ ਸਿੱਖ ਜਾਂਦੇ ਹੋ – ਅਤੇ ਮੈਂ ਦੇਖ ਸਕਦਾ ਸੀ ਕਿ ਉਨ੍ਹਾਂ ਦੇ ਮਨਾਂ ਵਿੱਚ ਕੀ ਚੱਲ ਰਿਹਾ ਸੀ।

ਮੈਂ ਉਸ ਰਾਤ ਆਪਣਾ ਭਾਸ਼ਨ ਦਿੱਤਾ। ਉਸ ਭਾਸ਼ਨ ਦੀ ਮੈਂ ਟੇਪ ਦੇਖਣਾ ਚਾਹਾਂਗਾ ਕਿਉਂਕਿ ਮੈਨੂੰ ਉਸ ਬਾਰੇ ਕੁਝ ਯਾਦ ਨਹੀਂ ਹੈ। ਮੈਨੂੰ ਉੱਚੀ ਉੱਚੀ ਰੌਲਾ ਪਾਉਂਦੀ ਭੀੜ ਯਾਦ ਹੈ। ਮੈਨੂੰ ਆਪਣੇ ਚਿਹਰੇ ‘ਤੇ ਪੈਂਦੀ ਰੌਸ਼ਨੀ ਯਾਦ ਹੈ। ਮੈਨੂੰ ਆਪਣੇ ਸਰੀਰ ‘ਤੇ ਰਾਇ (ਵਿਸਕੀ) ਦਾ ਥੋੜ੍ਹਾ ਜਿਹਾ ਅਸਰ ਯਾਦ ਹੈ। ਜਿਹੜੀ ਕਿ ਸ਼ਾਇਦ ਚੰਗੀ ਗੱਲ ਸੀ ਕਿਉਂਕਿ ਇਸ ਕਾਰਨ ਮੈਂ ਆਪਣੇ ਦਿਲ ਦੀ ਗੱਲ ਕਰ ਸਕਿਆ। ਮੈਨੂੰ ਆਪਣਾ ਰੋਣਾ ਯਾਦ ਹੈ। ਮੈਨੂੰ ਇਹ ਵੀ ਯਾਦ ਹੈ ਕਿ ਦੂਸਰੇ ਲੋਕ ਵੀ ਰੋਏ ਸਨ। ਸਾਰੇ ਪਾਸੇ ਅੱਥਰੂ ਸਨ। ਮੈਨੂੰ ਹੋਰ ਕੁਝ ਯਾਦ ਨਹੀਂ ਹੈ। ਮੈਨੂੰ ਯਾਦ ਹੈ ਕਿ ਸਾਡੀ ਚੋਣ ਮੁਹਿੰਮ ਦੀ ਮੈਨੇਜਰ, ਔਰਤ ਪੂਰੀ ਤਰ੍ਹਾਂ ਰੋ ਰਹੀ ਸੀ। ਅਤੇ ਮੈਂ ਕਦੇ ਵੀ ਭਾਸ਼ਨ ਨਹੀਂ ਦਿੱਤਾ, ਮੈਂ ਆਮ ਤੌਰ ‘ਤੇ ਉਹ ਗੱਲ ਕਹਿੰਦਾ ਹਾਂ, ਜੋ ਮੈਂ ਮਹਿਸੂਸ ਕਰਦਾ ਹਾਂ। ਮੈਨੂੰ ਉਸ ਦਿਨ ਦਾ ਆਪਣਾ ਭਾਸ਼ਨ ਯਾਦ ਨਹੀਂ। ਪਰ ਜੋ ਕੁਝ ਲੋਕ ਮੈਨੂੰ ਇਸ ਬਾਰੇ ਦਸਦੇ ਹਨ, ਉਸ ਤੋਂ ਸਾਫ ਹੈ ਕਿ ਇਹ ਇਕ ਚੰਗਾ ਭਾਸ਼ਨ ਸੀ। ਇਸ ਨੇ ਠੀਕ ਪ੍ਰਭਾਵ ਪਾਇਆ ਸੀ, ਇਸ ਨੇ ਉਨ੍ਹਾਂ ਲੋਕਾਂ ਦੇ ਦਿਲਾਂ ਨੂੰ ਛੁਹਿਆ ਸੀ, ਜੋ ਕੰਧਾਂ ਨਾਲ ਲੱਗੇ ਖੜ੍ਹੇ ਸੀ।

ਸਵਾਲ: ਜਦੋਂ ਤੁਸੀਂ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਸੀ, ਕੀ ਉਸ ਵੇਲੇ ਤੁਹਾਡੇ ਮਨ ਵਿੱਚ ਕੋਈ ਸ਼ੱਕ ਸੀ ਕਿ ਤੁਸੀਂ ਇਕ ਘੱਟ ਗਿਣਤੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਹੋ…
ਜਵਾਬ: ਮੈਨੂੰ ਪਤਾ ਸੀ ਕਿ ਮੈਂ ਇਕ ਇੰਡੋ-ਕਨੇਡੀਅਨ ਹਾਂ। ਅਤੇ ਮੈਨੂੰ ਪਤਾ ਸੀ ਔਟਵਾ ਵਿੱਚ ਕਈ ਇੰਡੋਕਨੇਡੀਅਨਾਂ ਨੇ ਇਲੈਕਸ਼ਨ ਲੜੀ ਸੀ। ਮੈਂ ਇਹ ਵੀ ਜਾਣਦਾ ਸੀ ਕਿ ਚੋਣ ਮੁਹਿੰਮ ਦੌਰਾਨ ਕੁਝ ਲੋਕ ਅਜਿਹੇ ਸਨ ਜਿਹੜੇ ਕਹਿੰਦੇ ਸਨ ਕਿ ਉਹ ਕਦੇ ਵੀ ਇਕ ਈਸਟ ਇੰਡੀਅਨ ਨੂੰ ਵੋਟ ਨਹੀਂ ਪਾਉਣਗੇ। ਪਰ ਇਹ ਮੇਰੇ ਹਲਕੇ ਵਿੱਚ ਆਮ ਗੱਲ ਨਹੀਂ ਸੀ। ਭਾਵੇਂ ਕਿ ਇਹ ਹਲਕਾ ਸਾਰਾ ਚਿੱਟਾ ਸੀ, ਜਿਹੜਾ ਕਿ ਇਹ ਹੁਣ ਵੀ ਹੈ, ਇਹ ਮੈਨੂੰ ਬਹੁਤ ਜ਼ਿਆਦਾ ਅਪਨਾਉਣ ਵਾਲਾ ਸੀ। ਇਸ ਨੇ ਮੇਰੇ ਵਲੋਂ ਲੜੀ ਹਰ ਇਲੈਕਸ਼ਨ ਵਿੱਚ ਮੈਨੂੰ ਅਪਣਾਇਆ ਹੈ। ਇਸ ਲਈ ਮੈਨੂੰ ਇਨ੍ਹਾਂ ਚੀਜ਼ਾਂ ਦਾ ਪਤਾ ਸੀ। ਮੈਨੂੰ ਪਤਾ ਸੀ ਕਿ ਫੇਲ੍ਹ ਹੋਣ ਦੀ ਦਰ ਕਾਫੀ ਉੱਚੀ ਸੀ, ਫੇਲ੍ਹ ਹੋਣ ਦੀ ਦਰ ਮੁਕੰਮਲ ਸੀ, ਅਤੇ ਇਹ ਗੱਲ ਮੈਨੂੰ ਤੰਗ ਕਰਦੀ ਸੀ। ਕਈ ਵਾਰੀ ਮੈਂ ਸੋਚਦਾ ਸੀ ਕਿ ਬੈਲਟ ਬਾਕਸ ਦੀ ਇਕੱਲਤਾ ਵਿੱਚ ਕੀ ਹੋਵੇਗਾ, ਤੁਹਾਨੂੰ ਨਹੀਂ ਪਤਾ। ਅਤੇ ਨਤੀਜਾ ਲੋਕਾਂ ਵਿੱਚ ਦੁਬਾਰਾ ਵਿਸ਼ਵਾਸ ਪੈਦਾ ਕਰ ਸਕਦਾ ਸੀ, ਆਪਣੇ ਹਲਕੇ ਦੇ ਲੋਕਾਂ ਵਿੱਚ। ਪਰ ਉਨ੍ਹਾਂ ਦੇ ਮਨਾਂ ਵਿੱਚ ਕੋਈ ਮਸਲਾ ਨਹੀਂ ਸੀ। ਉਨ੍ਹਾਂ ਨੇ ਗੁਣਾਂ ਅਤੇ ਸਮਰੱਥਾਂਵਾਂ ਨੂੰ ਆਧਾਰ ਬਣਾਇਆ ਸੀ। ਮੈਂ ਇਹ ਦੇਖ ਸਕਦਾ ਹਾਂ।

ਪਿਛਲੇ ਸਾਲਾਂ ਦੌਰਾਨ ਮੁਲਾਕਾਤਾਂ ਵਿੱਚ ਮੇਰੇ ਕੋਲੋਂ ਇਹ ਸਵਾਲ ਸੈਂਕੜੇ ਵਾਰੀ ਪੁੱਛਿਆ ਗਿਆ ਹੈ। ਮੈਨੂੰ ਪਤਾ ਨਹੀਂ ਮੈਂ ਇਸ ਦਾ ਜੁਆਬ ਕਿਸ ਤਰ੍ਹਾਂ ਦਿਆਂ। ਹੁਣ ਮੈਂ ਜਦੋਂ ਮੁੜ ਕੇ ਪਿੱਛੇ ਦੇਖਦਾ ਹਾਂ, ਤਾਂ ਮਹਿਸੂਸ ਕਰਦਾ ਹਾਂ ਕਿ ਇਹ ਇਕ ਇਤਿਹਾਸਕ ਪਲ ਸੀ, ਅਤੇ ਮੈਨੂੰ (ਇੰਡੋਕਨੇਡੀਅਨਾਂ ਵਿੱਚੋਂ) ਪਹਿਲਾ ਐੱਮ ਐੱਲ ਏ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ। ਪਹਿਲਾ ਐੱਮ ਐੱਲ ਏ, ਪਹਿਲਾ ਕੈਬਨਿਟ ਮਨਿਸਟਰ ਆਦਿ। ਮੈਨੂੰ ਪਤਾ ਹੈ ਕਿ ਇਹ ਇਕ ਇਤਿਹਾਸਕ ਪਲ ਸੀ। ਹੁਣ ਜਦੋਂ ਮੈਂ ਮੁੜ ਕੇ ਇਸ ਬਾਰੇ ਦੇਖਦਾ ਹਾਂ ਤਾਂ ਇਹ ਮੈਨੂੰ ਇਸ ਦੀ ਮਹੱਤਤਾ ਉਸ ਦਿਨ ਤੋਂ ਜ਼ਿਆਦਾ ਸਮਝ ਆਉਂਦੀ ਹੈ। ਮੇਰਾ ਨਹੀਂ ਖਿਆਲ ਕਿ ਉਸ ਸਮੇਂ ਮੈਂ ਇਸ ਨੂੰ ਸਹੀ ਤਰ੍ਹਾਂ ਸਮਝ ਸਕਿਆ ਸੀ। ਅਤੇ ਮੈਨੂੰ ਲਗਦਾ ਹੈ ਕਿ ਜਦੋਂ ਮੈਂ (ਸਿਆਸਤ ਛੱਡ ਕੇ) ਜਾਵਾਂਗਾ, ਤਾਂ ਮੈਨੂੰ ਇਸ ਦੀ ਮਹੱਤਤਾ ਹੋਰ ਵੀ ਜ਼ਿਆਦਾ ਲੱਗੇਗੀ। ਕਿਉਂਕਿ ਤੁਸੀਂ ਜੋ ਕੁਝ ਜ਼ਿੰਦਗੀ ਵਿੱਚ ਹਾਸਲ ਕਰਦੇ ਹੋ, ਕਈ ਵਾਰ ਤੁਸੀਂ ਉਸ ਨੂੰ ਏਨੀ ਮਹੱਤਤਾ ਨਹੀਂ ਦਿੰਦੇ। ਤੁਸੀਂ ਆਪਣੇ ਆਪ ਨੂੰ ਉਸ ਵਿਅਕਤੀ ਵਜੋਂ ਨਹੀਂ ਦੇਖਦੇ ਜਿਸ ਨੇ ਬੰਦਸ਼ਾਂ ਨੂੰ ਤੋੜਿਆ ਸੀ।

ਮੇਰਾ ਖਿਆਲ ਹੈ ਕਿ ਜਦੋਂ ਤੁਸੀਂ ਬੁੱਢੇ ਹੋ ਜਾਂਦੇ ਹੋ, ਅਤੇ ਤੁਸੀਂ ਖੇਡ ਨੂੰ ਛੱਡ ਦਿੱਤਾ ਹੁੰਦਾ ਹੈ ਅਤੇ ਜਦੋਂ ਤੁਸੀਂ ਆਪਣੇ ਬੱਚਿਆਂ ਨਾਲ ਗੱਲ ਕਰਦੇ ਹੋ, ਮੇਰੇ ਖਿਆਲ ਵਿੱਚ ਉਦੋਂ ਤੁਹਾਡੇ ਮਨ ਵਿੱਚ ਮਾਣ ਦਾ ਇਕ ਪਲ ਹੁੰਦਾ ਹੈ। ਪਰ ਇਸ ਵੇਲੇ ਮੈਂ ਨਹੀਂ ਕਹਿ ਸਕਦਾ ਕਿ ਇਸ ਦਾ ਕੀ ਮਤਲਬ ਸੀ। ਪਰ ਮੈਂ ਇਹ ਜਾਣਦਾ ਹਾਂ, ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਇਹ ਬਹੁਤ ਸਾਰੇ ਲੋਕਾਂ ਲਈ ਬਹੁਤ ਵੱਡੀ ਗੱਲ ਬਣਦੀ ਜਾਂਦੀ ਹੈ। ਇਹ ਗੱਲ ਹਰ ਰੋਜ਼ ਹੁੰਦੀ ਹੈ। ਸਕੂਲਾਂ ਦੇ ਗਰੁੱਪਾਂ ਵਿੱਚ ਬੱਚੇ ਲੈਜਿਸਲੇਚਰ ਦੇਖਣ ਆਉਂਦੇ ਹਨ। ਅਤੇ ਉਨ੍ਹਾਂ ਵਿੱਚੋਂ ਹਰ ਇਕ ਇੰਡੋਕੈਨੇਡੀਅਨ ਬੱਚਾ ਉੱਥੇ ਬੈਠਾ ਮੇਰੇ ਵਲ ਦੇਖਦਾ ਹੈ। ਮੈਂ ਇਹ ਜਾਣਦਾ ਹਾਂ। ਉਹ ਸਾਰੇ ਮੈਨੂੰ ਪਛਾਣਦੇ ਹਨ। ਜੇ ਮੈਂ ਉਨ੍ਹਾਂ ਨੂੰ ਹੱਥ ਹਿਲਾਵਾਂ ਤਾਂ ਉਹ ਵੀ ਮੈਨੂੰ ਹੱਥ ਹਿਲਾਉਂਦੇ ਹਨ।

ਮੈਨੂੰ ਪਤਾ ਹੈ ਕਿ ਉਹ ਆਪਣੇ ਦੋਸਤਾਂ ਅੱਗੇ ਛੋਟਾ ਜਿਹਾ ਝੂਠ ਬੋਲਦੇ ਹਨ ਅਤੇ ਕਹਿੰਦੇ ਹਨ ਮੈਂ ਮੋਅ ਨੂੰ ਜਾਣਦਾ ਹਾਂ। ਕਿਉਂਕਿ ਉਨ੍ਹਾਂ ਵਿੱਚੋਂ ਹਰ ਇਕ ਨਾਲ, ਜਦੋਂ ਮੈਂ ਉਨ੍ਹਾਂ ਨੂੰ ਟੂਰ ਦੇ ਵਿੱਚ ਤੁਰੇ ਜਾਂਦੇ ਦੇਖਦਾ ਹਾਂ, ਤਾਂ ਮੈਂ ਹਮੇਸ਼ਾਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਮੈਂ ਉਨ੍ਹਾਂ ਨਾਲ ਗੱਲ ਕਰਦਾ ਹਾਂ। ਤੁਸੀਂ ਉਹਨਾਂ ਦੇ ਚਿਹਰਿਆਂ ‘ਤੇ ਇਕ ਸੁੱਖ ਦਾ ਸਾਹ ਆਇਆ ਦੇਖ ਸਕਦੇ ਹੋ, ਕਿਉਂਕਿ ਉਹ ਕਹਿ ਸਕਦੇ ਹਨ, “ਮੈਂ ਮੋਅ ਨੂੰ ਜਾਣਦਾ ਹਾਂ।” ਪਰ ਉਹ ਸੱਚ ਵੀ ਜਾਣਦੇ ਹਨ। ਪਰ ਮੈਂ ਸੱਚ ਨਾ ਜਾਣਨ ਦਾ ਨਾਟਕ ਕਰਦਾ ਹਾਂ ਅਤੇ ਦਿਖਾਉਂਦਾ ਹਾਂ ਕਿ ਮੈਂ ਉਨ੍ਹਾਂ ਨੂੰ ਸਦਾ ਤੋਂ ਜਾਣਦਾ ਹਾਂ।

ਮੈਂ ਆਪਣੀ ਡਾਕ ਦੇਖਦਾ ਹਾਂ ਅਤੇ ਆਪ ਨੂੰ ਆਈਆਂ ਚਿੱਠੀਆਂ ਦੇਖਦਾ ਹਾਂ। ਮੈਂ ਫੰਕਸ਼ਨਾਂ ਵਿੱਚ ਜਾਂਦਾ ਹਾਂ ਅਤੇ ਲੋਕੀਂ ਮੇਰੇ ਨਾਲ ਆ ਕੇ ਗੱਲਾਂ ਕਰਦੇ ਹਨ। ਅਤੇ ਮੈਂ ਦੇਖ ਸਕਦਾ ਹਾਂ ਕਿ ਇਹ ਮਾਣ ਦਾ ਕਾਰਨ ਹੁੰਦਾ ਹੈ। ਹੋ ਸਕਦਾ ਹੈ ਕਿ ਇਹ ਇਕ ਸਿਆਸਤਦਾਨ ਦਾ ਭਰਮ ਹੋਵੇ। ਤੁਸੀਂ ਹਮੇਸ਼ਾਂ ਇਹ ਵਿਸ਼ਵਾਸ ਕਰਨਾ ਪਸੰਦ ਕਰਦੇ ਹੋ ਕਿ ਤੁਸੀਂ ਲੋਕਾਂ ਵਿੱਚ ਪਾਪੁਲਰ ਹੋ। ਪਰ ਮੈਂ ਨਹੀਂ ਸਮਝਦਾ ਕਿ ਇੰਡੋਕੈਨੇਡੀਅਨ ਕਮਿਊਨਿਟੀ ਵਿੱਚ ਮੇਰੀ ਪਾਪੂਲਰਟੀ ਘੱਟ ਹੋਈ ਹੈ। ਮੈਨੂੰ ਹਮੇਸ਼ਾਂ ਇਸ ਤਰ੍ਹਾਂ ਲੱਗਦਾ ਹੈ ਮੇਰੇ ਨਾਲ ਦੂਸਰਿਆਂ ਦੇ ਮੁਕਾਬਲੇ ਵੱਖਰਾ ਸਲੂਕ ਕੀਤਾ ਜਾਂਦਾ ਹੈ। ਆਮ ਤੌਰ ‘ਤੇ ਲੋਕ ਹਮੇਸ਼ਾਂ ਹੀ ਇਕ ਸਿਆਸਤਦਾਨ ਨੂੰ ਨਾ-ਪਸੰਦ ਕਰਨ ਦਾ ਕੋਈ ਨਾ ਕੋਈ ਕਾਰਨ ਲੱਭ ਲੈਂਦੇ ਹਨ। ਅਤੇ ਸਾਡੀ ਕਮਿਊਨਿਟੀ ਵਿੱਚ ਹਮੇਸ਼ਾਂ ਇਕ ਈਰਖਾ ਦੀ ਭਾਵਨਾ ਹੁੰਦੀ ਹੈ। ਮੈਂ ਪਹਿਲਾਂ ਪਿਆਰ ਸ਼ਬਦ ਵਰਤਿਆ ਸੀ। ਮੈਂ ਜਿੱਥੇ ਵੀ ਜਾਵਾਂ, ਮੈਨੂੰ ਆਪਣੀ ਕਮਿਊਨਿਟੀ ਦੇ ਲੋਕਾਂ ਤੋਂ ਬਹੁਤ ਸਾਰਾ ਪਿਆਰ ਮਿਲਦਾ ਹੈ।

ਮੈਨੂੰ ਪਤਾ ਹੈ, ਮੈਨੂੰ ਸਿਆਸਤ ‘ਚ ਆਏ ਨੂੰ ਬਹੁਤ ਚਿਰ ਹੋ ਗਿਆ ਹੈ। ਮੈਨੂੰ ਲੋਕਾਂ ਵਲੋਂ ਦਿਖਾਵੇ ਦੇ ਤੌਰ ‘ਤੇ ਇਹ ਕਹਿ ਕੇ ਫੋਕੀ ਦਿਲਚਸਪੀ ਦਿਖਾਉਣ, “ਉਹ ਐੱਮ ਐੱਲ ਏ ਆਉਂਦਾ, ਉਹ ਮਨਿਸਟਰ ਆਉਂਦਾ” ਅਤੇ ਸੱਚੇ ਦਿਲੋਂ ਤੁਹਾਨੂੰ ਪਿਆਰ ਕਰਨ ਵਿਚਲੇ ਫਰਕ ਦਾ ਪਤਾ ਹੈ। ਅਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਆਦਮੀ ਸਮਝਦਾ ਹਾਂ, ਕਿਉਂਕਿ ਉਨ੍ਹਾਂ ਵਲੋਂ ਮੇਰੇ ਲਈ ਦਿਖਾਇਆ ਪਿਆਰ ਅਸਲੀ ਜਾਪਦਾ ਹੈ। ਲੋਕ ਸੱਚਮੁੱਚ ਹੀ ਮੇਰੇ ‘ਤੇ ਮਾਣ ਕਰਦੇ ਹਨ, ਅਤੇ ਉਹ ਮੇਰੇ ਨਾਲ ਕਈ ਕੁਝ ਸਹਿਣ ਕਰ ਲੈਣਗੇ। ਉਹ ਮੇਰੇ ਲਈ ਖੜ੍ਹਣਗੇ, ਉਹ ਮੇਰਾ ਪੱਖ ਪੂਰਨਗੇ। ਜੇ ਤੁਸੀਂ ਕਿਸੇ ‘ਤੇ ਵਿਸ਼ਵਾਸ ਨਾ ਕਰਦੇ ਹੋਵੇ ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਮੈਨੂੰ ਇੰਡੋਕੈਨੇਡੀਅਨ ਕਮਿਊਨਿਟੀ ਵਲੋਂ ਕੋਈ ਡਰ ਨਹੀਂ ਲਗਦਾ ਕਿ ਉਨ੍ਹਾਂ ਵਿੱਚੋਂ ਕੋਈ ਇਹ ਕਹੇਗਾ, ਕਿ ਮੈਂ ਚੰਗਾ ਨਹੀਂ ਹਾਂ।

ਜਦੋਂ ਮੈਂ ਵੈਨਕੂਵਰ ਜਾਂਦਾ ਹਾਂ ਅਤੇ ਜੇ ਮੈਂ ਕਿਸੇ ਇੰਡੋ-ਕੈਨੇਡੀਅਨ ਸਮਾਗਮ ‘ਤੇ ਜਾਣਾ ਹੋਵੇ, ਤਾਂ ਮੈਂ ਆਪਣੀ ਬੇਟੀ ਨੂੰ ਹਮੇਸ਼ਾਂ ਆਪਣੇ ਨਾਲ ਲੈ ਕੇ ਜਾਂਦਾ ਹਾਂ। ਮੈਂ ਹਮੇਸ਼ਾਂ ਆਪਣੇ ਨਾਲ ਆਪਣੀ ਬੇਟੀ ਨੂੰ ਲੈ ਕੇ ਜਾਣਾ ਚਾਹੁੰਦਾ ਹਾਂ, ਮੈਂ ਹਮੇਸ਼ਾਂ ਉਸ ਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ। ਪਰ ਮੈਂ ਹਮੇਸ਼ਾਂ ਉਸ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹਾਂ ਤਾਂ ਕਿ ਉਸ ਨੂੰ ਦਿਖਾ ਸਕਾਂ ਕਿ ਲੋਕ ਮੇਰੇ ਨਾਲ ਕਿਸ ਤਰ੍ਹਾਂ ਸਲੂਕ ਕਰਦੇ ਹਨ, ਕਿਉਂਕਿ ਇਹ ਦੇਖਣਾ ਮੇਰੇ ਨਾਲੋਂ ਜ਼ਿਆਦਾ ਉਸ ਲਈ ਮਹੱਤਵਪੂਰਨ ਹੋਵੇਗਾ। ਅਤੇ ਮੈਂ ਉਸ ਵਿੱਚ ਆਪਣੇ ਪਿਤਾ ਲਈ ਕੁਝ ਮਾਣ ਦੀ ਭਾਵਨਾ ਦੇਖਣਾ ਚਾਹੁੰਦਾ ਹਾਂ।

ਸੋ ਇਕ ਵਾਰ ਫਿਰ ਜਦੋਂ ਤੁਸੀਂ ਪੁੱਛਦੇ ਹੋ ਕਿ ਇਸ ਗੱਲ ਦਾ ਮੇਰੇ ਲਈ ਕੀ ਮਤਲਬ ਹੈ, ਮੈਨੂੰ ਨਹੀਂ ਪਤਾ ਮੇਰੇ ਲਈ ਇਸ ਦਾ ਕੀ ਮਤਲਬ ਹੈ। ਪਰ ਮੈਂ ਇਹ ਜਾਣਦਾ ਹਾਂ ਕਿ ਮੇਰੀ ਬੇਟੀ ਮੈਂ ਜੋ ਕੁਝ ਵੀ ਹਾਂ, ਉਸ ਬਾਰੇ ਚੰਗਾ ਮਹਿਸੂਸ ਕਰਦੀ ਹੈ। ਇਸ ਲਈ ਇਹ ਵੱਖਰੇ ਢੰਗ ਨਾਲ ਸਾਹਮਣੇ ਆਉਂਦਾ ਹੈ।

ਜੇ ਉਸ ਰਾਤ ਦੀ ਗੱਲ ਕਰਨੀ ਹੋਵੇ। ਤਾਂ ਮੈਨੂੰ ਉਨ੍ਹਾਂ ਵਿੱਚੋਂ ਕਿਸੇ ਦੀ ਪੂਰੀ ਯਾਦ ਨਹੀਂ। ਉਨ੍ਹਾਂ ਵਿੱਚੋਂ ਜ਼ਰੂਰ ਕੋਈ ਮੇਰੇ ਕੋਲ ਆਇਆ ਹੋਵੇਗਾ ਅਤੇ ਉਸ ਨੇ ਜ਼ਰੂਰ ਕੁਝ ਕਿਹਾ ਹੋਵੇਗਾ, ਪਰ ਇਹ ਇਕ ਬਹੁਤ ਧੁੰਦਲਾ ਜਿਹਾ ਵਰਤਾਰਾ ਸੀ, ਇਹ ਇਕ ਲੰਮੀ ਰਾਤ ਸੀ। ਹੁਣ ਮੈਨੂੰ ਉਸ ਰਾਤ ਬਾਰੇ ਸਿਰਫ ਏਨਾ ਕੁ ਹੀ ਯਾਦ ਹੈ।

ਪਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਮੈਂ ਕਲਪਨਾ ਕਰ ਸਕਦਾ ਹਾਂ ਕਿ ਇਸ ਦਾ ਉਨ੍ਹਾਂ ਲਈ ਬਹੁਤ ਵੱਡਾ ਮਤਲਬ ਹੋਏਗਾ ਅਤੇ ਇਕ ਦਿਨ ਇਸ ਗੱਲ ਦਾ ਮੇਰੇ ਲਈ ਵੀ ਬਹੁਤ ਵੱਡਾ ਮਤਲਬ ਹੋਏਗਾ।

ਸਵਾਲ: ਤੁਹਾਨੂੰ ਆਪਣੇ ਪਰਿਵਾਰ ਅਤੇ ਕਮਿਊਨਿਟੀ ਤੋਂ ਕਿਸ ਤਰ੍ਹਾਂ ਦੀ ਸਹਾਇਤਾ ਮਿਲੀ।
ਜਵਾਬ: ਉਸ ਇਲੈਕਸ਼ਨ ‘ਚ-

ਸਵਾਲ: ਤੁਹਾਡੀ ਸਾਰੀ ਸਿਆਸੀ ਜ਼ਿੰਦਗੀ ‘ਚ….
ਜਵਾਬ: ਸਭ ਤੋਂ ਪਹਿਲਾਂ ਤਾਂ ਯੂ ਬੀ ਸੀ ਦੇ ਦਿਨਾਂ ਦੀ ਗੱਲ ਕਰਦੇ ਹਾਂ। ਆਪਣੀ ਕਮਿਊਨਿਟੀ ਦੇ ਲੋਕਾਂ ਦੇ ਸਮਰਥਨ ਤੋਂ ਬਿਨਾਂ ਮੈਂ ਚੋਣ ਨਹੀਂ ਜਿੱਤ ਸਕਦਾ ਸੀ। ਉਹ ਸਾਰੇ ਚੰਗੇ ਦੋਸਤ ਸਨ ਅਤੇ ਉਨ੍ਹਾਂ ਨੇ ਮੇਰਾ ਹਰ ਤ੍ਹਰਾਂ ਨਾਲ ਸਮਰਥਨ ਕੀਤਾ।

ਅਗਲੀ ਗੱਲ ਇਹ ਹੈ ਕਿ ਕਮਿਊਨਿਟੀ ਨੇ ਸਦਾ ਹੀ – 1986 ਦੀ ਪਹਿਲੀ ਇਲੈਕਸ਼ਨ ਤੋਂ ਲੈ ਕੇ ਮਾਇਕ ਤੌਰ ਮੈਨੂੰ ਕਮਿਊਨਿਟੀ ਤੋਂ ਚੰਗਾ ਸਮਰਥਨ ਮਿਲਿਆ ਹੈ। ਪਹਿਲੀ ਇਲੈਕਸ਼ਨ ਦੇ ਮੁਕਾਬਲੇ ‘ਫੰਡ ਰੇਜ਼ਰ’ ਕਰਨਾ ਕਾਫੀ ਸੌਖਾ ਹੋ ਗਿਆ ਹੈ ਕਿਉਂਕਿ ਪਹਿਲਾਂ ਲੋਕਾਂ ਨੇ ਦੇਖਿਆ ਸੀ ਕਿ ਲੋਕ (ਇੰਡੋਕੈਨੇਡੀਅਨ) ਇਲੈਕਸ਼ਨ ਲੜਦੇ ਤਾਂ ਹਨ ਪਰ ਜਿੱਤਦੇ ਨਹੀਂ। ਮਾਇਕ ਤੌਰ ‘ਤੇ ਮੈਨੂੰ ਹਮੇਸ਼ਾਂ ਹੀ ਚੰਗਾ ਸਮਰਥਨ ਮਿਲਿਆ ਹੈ। ਇਸ ਦੇ ਨਾਲ ਹੀ ਫੋਨ ਚੁੱਕ ਕੇ ਲੋਕਾਂ ਨਾਲ ਗੱਲ ਕਰਨ ਵਿੱਚ ਵੀ ਮੈਨੂੰ ਕਾਫੀ ਸਮਰਥਨ ਮਿਲਿਆ ਹੈ। ਜੇ ਕੋਈ ਵਿਚਾਰ ਆਉਂਦਾ ਹੈ ਜਾਂ ਜੇ ਲੋਕਾਂ ਤੋਂ ਪੁੱਛਣਾ ਹੋਵੇ ਕਿ ਉਹ ਸਰਕਾਰ ਦੀ ਕਿਸੇ ਖਾਸ ਪਾਲਸੀ ਬਾਰੇ ਕੀ ਸੋਚਦੇ ਹਨ, ਤਾਂ ਇਹ ਮੇਰੇ ਲਈ ਕਾਫੀ ਸੌਖਾ ਹੈ।

ਇਸ ਤਰ੍ਹਾਂ ਨਿਯੁਕਤੀਆਂ ਕਰਨ ਵਿੱਚ ਵੀ ਕਾਫੀ ਸਹਾਇਤਾ ਮਿਲਦੀ ਹੈ। ਮੈਂ ਲੋਕਾਂ ਨੂੰ ਫੋਨ ਕਰਦਾ ਹਾਂ ਕਿ ਅਸੀਂ ਇਸ ਪੁਜੀਸ਼ਨ ‘ਤੇ ਕਿਸੇ ਦੀ ਨਿਯੁਕਤੀ ਕਰਨਾ ਚਾਹੁੰਦੇ ਹਾਂ, ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਇਸ ਬਾਰੇ ਕਾਫੀ ਸਮਰਥਨ ਮਿਲਿਆ ਹੈ।

ਮੈਂ ਇਹ ਸੋਚਦਾ ਹਾਂ ਕਿ ਮੈਂ ਸਿਰਫ ਐਸਕੁਆਈਮਾਲਟ ਦਾ ਐੱਮ ਐੱਲ ਏ ਨਹੀਂ ਹਾਂ, ਸਗੋਂ ਮੈਂ ਅਜਿਹਾ ਐੱਮ ਐੱਲ ਏ ਵੀ ਹਾਂ ਜਿਹੜਾ ਕਮਿਊਨਿਟੀ ਦਾ ਵੀ ਪ੍ਰਤੀਨਿਧ ਹੈ, ਖਾਸ ਕਰਕੇ ਉਦੋਂ ਜਦੋਂ ਮੈਂ ਇਕੱਲਾ ਹੀ (ਇੰਡੋਕੈਨੇਡੀਅਨ) ਐੱਮ ਐੱਲ ਏ ਹੁੰਦਾ ਸੀ।

ਲੋਕ ਮੇਰੀ ਕਾਮਯਾਬੀ ਨੂੰ ਆਪਣੀ ਕਾਮਯਾਬੀ ਸਮਝਦੇ ਸਨ, ਅਤੇ ਜਦੋਂ ਮੈਂ ਔਖੇ ਸਮਿਆਂ ਵਿੱਚ ਦੀ ਲੰਘ ਰਿਹਾ ਸੀ ਤਾਂ ਉਹ ਮੇਰਾ ਦਰਦ ਸਮਝਦੇ ਸਨ। ਅਤੇ ਸਾਡੇ ਵਿਚਕਾਰ ਇਕ ਰਿਸ਼ਤਾ ਹੈ। ਅਤੇ ਇਹ ਰਿਸ਼ਤਾ ਮੈਂ ਦੇਸ਼ ਭਰ ਦੇ ਪੱਧਰ ਤੱਕ ਸੋਚਦਾ ਹਾਂ। ਮੈਨੂੰ ਕੰਨਸਟਿਟੀਊਸ਼ਨ (ਸਵਿੰਧਾਨ) ਬਾਰੇ ਗੱਲਬਾਤ ਯਾਦ ਹੈ, ਜਦੋਂ ਮੈਂ ਕੰਨਸਟਿਟੀਊਸ਼ਨਲ ਅਫੇਅਰਜ਼ ਦਾ ਮਨਿਸਟਰ ਸੀ। ਉਸ ਸਮੇਂ ਅਸੀਂ ਕੰਨਸਟਿਟੀਊਸ਼ਨ ਬਾਰੇ ਗੱਲਬਾਤ ਕਰਨ ਲਈ ਦੇਸ਼ ਭਰ ਵਿੱਚ ਵੱਖ ਵੱਖ ਥਾਂਵਾਂ ‘ਤੇ ਗਏ ਸੀ। ਭਾਵੇਂ ਇਹ ਟਰਾਂਟੋ ਹੋਵੇ, ਭਾਵੇਂ ਮਾਂਟਰੀਅਲ, ਜਾਂ ਹੈਲੀਫੈਕਸ ਜਾਂ ਸੇਂਟ ਜੌਹਨ, ਭਾਰਤੀ ਮੂਲ ਦੇ ਲੋਕ ਮੈਨੂੰ ਰੋਕ ਲੈਂਦੇ ਸਨ, ਅਤੇ ਉਨ੍ਹਾਂ ਕੋਲੋਂ ਮੈਨੂੰ ਬਹੁਤ ਨਿੱਘਾ ਹੁੰਗਾਰਾ ਮਿਲਦਾ ਸੀ, ਕਿਉਂਕਿ ਉਨ੍ਹਾਂ ਨੂੰ ਕੰਨਸਟਿਟੀਊਸ਼ਨ ਬਾਰੇ ਹੋ ਰਹੀਆਂ ਉਨ੍ਹਾਂ ਜ਼ੋਰਦਾਰ ਅਤੇ ਸਖਤ ਵਿਚਾਰਾਂ ਵਿੱਚ ਇਕ ਭਾਰਤੀ ਮੂਲ ਦੇ ਬੰਦੇ ਨੂੰ ਦੇਖ ਕੇ ਮਾਣ ਮਹਿਸੂਸ ਹੁੰਦਾ ਸੀ। ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਵੀ ਇਕ ਅਵਾਜ਼ ਹੈ।

ਅਤੇ ਇਸ ਲਈ ਮੈਂ ਸਦਾ ਹੀ ਮਹਿਸੂਸ ਕੀਤਾ ਹੈ ਕਿ ਮੈਨੂੰ ਉਨ੍ਹਾਂ ਨੂੰ ਇਹ ਅਵਾਜ਼ ਦੇਣੀ ਚਾਹੀਦੀ ਹੈ, ਉਨ੍ਹਾਂ ਨੂੰ ਮੇਰੇ ਹਲਕੇ ਦੇ ਲੋਕਾਂ ਵਾਂਗ ਹੀ ਮੇਰੇ ਵਲੋਂ ਕੀਤੀ ਜਾਂਦੀ ਨੁਮਾਇੰਦਗੀ ‘ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਬੇਸ਼ੱਕ ਮੈਨੂੰ ਇੰਡੋਕੈਨੇਡੀਅਨ ਕਮਿਊਨਿਟੀ ਤੋਂ ਵੋਟਾਂ ਨਹੀਂ ਮਿਲਦੀਆਂ, ਪਰ ਉਨ੍ਹਾਂ ਕੋਲੋਂ ਉਹ ਸਭ ਕੁਝ ਮਿਲਦਾ ਹੈ, ਜਿਸ ਦੀ ਇਕ ਸਿਆਸਤਦਾਨ ਨੂੰ ਇੱਛਾ ਹੁੰਦੀ ਹੈ।

ਸਵਾਲ: ਤੁਹਾਡੇ ਵਲੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਇੰਡੋਕੈਨੇਡੀਅਨ ਕਮਿਊਨਿਟੀ ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਮੰਗਾਂ ਰੱਖਦੀ ਹੈ ਜਾਂ ਤੁਹਾਡੇ ਕੋਲੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਰੱਖਦੀ ਹੈ?

ਜਵਾਬ: ਜਦੋਂ ਮੈਂ ਪਹਿਲੀ ਵਾਰ ਇਲੈਕਸ਼ਨ ਜਿੱਤਿਆ, ਉਸ ਸਮੇਂ ਕਮਿਊਨਿਟੀ ਨੇ ਮੇਰੇ ਕੋਲ ਕੋਈ ਮੰਗ ਜਾਂ ਮੇਰੇ ਕੋਲੋਂ ਕੋਈ ਉਮੀਦ ਨਹੀਂ ਰੱਖੀ। ਮੇਰੇ ਖਿਆਲ ਵਿੱਚ ਉਹ ਦੇਖਣਾ ਚਾਹੁੰਦੇ ਸੀ ਕਿ ਮੈਂ ਕੀ ਕਰਦਾ ਹਾਂ। ਇਹ ਬੰਦਾ ਕਿਸ ਤਰ੍ਹਾਂ ਵਿਚਰਦਾ ਹੈ? ਆਸ ਹੈ ਕਿ ਇਹ ਚੰਗਾ ਹੀ ਕਰੇਗਾ ਕਿਉਂਕਿ ਕਾਫੀ ਕੁਝ ਦਾਅ ‘ਤੇ ਲੱਗਾ ਹੋਇਆ ਸੀ, ਅਤੇ ਕਮਿਉਨਿਟੀ ਦੇ ਰੈਪੂਟੇਸ਼ਨ (ਦੀ ਇੱਜ਼ਤ) ਦਾ ਸਵਾਲ ਸੀ, ਜੇ ਕੋਈ ਪਹਿਲਾਂ ਚੁਣਿਆ ਜਾਵੇ ਪਰ ਕੰਮ ਚੰਗੀ ਤਰ੍ਹਾਂ ਨਾ ਕਰੇ।

ਅਤੇ ਫਿਰ ਅਸੀਂ – ਗਲੈੱਨ (ਕਲਾਰਕ), ਮੈਂ, ਡੈਨ ਮਿਲਰ ਅਤੇ ਡੇਲ ਲਵਿਕ- ਵੈਂਡਰਜ਼ਾਮ ਸਰਕਾਰ ਵਿਰੁੱਧ ਬਹੁਤ ਹੀ ਜ਼ੋਰਦਾਰ ਸਰਗਰਮੀ ਨਾਲ ਕੰਮ ਕੀਤਾ, ਅਤੇ ਮੈਂ ਦੇਖਿਆ ਕਿ ਕਮਿਊਨਿਟੀ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ਕਿ ਇਹ ਬਹੁਤ ਵਧੀਆ ਹੈ। ਇਹ ਆਪਣਾ ਬੰਦਾ ਹੈ, ਅਤੇ ਪੂਰਾ ਇਕ ਜੱਟ ਦੀ ਤਰ੍ਹਾਂ ਕੰਮ ਕਰਦਾ ਹੈ, ਸਰਕਾਰ ਦੇ ਪਿੱਛੇ ਪਿਆ ਹੋਇਆ ਹੈ। ਅਤੇ ਮੇਂ ਦੇਖ ਸਕਦਾ ਹਾਂ ਕਿ ਸਮੇਂ ਦੇ ਬੀਤਣ ਨਾਲ ਉਮੀਦਾਂ ਤਾਂ ਨਹੀਂ ਵਧੀਆਂ ਪਰ (ਮੇਰੇ ‘ਤੇ ਕੀਤੇ ਜਾਂਦੇ) ਮਾਣ ਵਿੱਚ ਵਾਧਾ ਹੋ ਗਿਆ। ਮੈਂ ਕਦੇ ਵੀ ਇਹ ਨਹੀਂ ਕਹਿ ਸਕਦਾ ਕਿ ਕਮਿਊਨਿਟੀ ਨੂੰ ਮੇਰੇ ਤੋਂ ਇਹ ਉਮੀਦਾਂ ਸਨ, ਪਰ ਮੈਂ ਇਹ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਮੇਰੇ ‘ਤੇ ਮਾਣ ਸੀ।

ਜਦੋਂ 1991 ਵਿੱਚ ਮੈਂ ਕੈਬਨਿਟ ਮਨਿਸਟਰ ਬਣਿਆ, ਪਹਿਲਾ ਇੰਡੋਕੈਨੇਡੀਅਨ ਕੈਬਨਿਟ ਮਨਿਸਟਰ, ਉਸ ਵੇਲੇ ਮੇਰੇ ਖਿਆਲ ‘ਚ ਕਮਿਊਨਿਟੀ ਨੇ ਇਕ ਵਾਰ ਫਿਰ ਮਾਣ ਮਹਿਸੂਸ ਕੀਤਾ। ਵੈਨਕੂਵਰ ਸੰਨ ਨੇ ਸਹੁੰ ਖਾਣ ਦੇ ਸਮੇਂ ਮੇਰੀ ਮਾਈਕ ਹਾਰਕੋਰਟ ਨਾਲ ਹੱਥ ਮਿਲਾਉਂਦੇ ਦੀ ਫੋਟੋ ਛਾਪੀ ਸੀ। ਉਸ ਵੇਲੇ ਕੈਨੇਡਾ ਦੇ ਹਰ ਹਿੱਸੇ ਵਿੱਚੋਂ -ਕਿਉਂਕਿ ਉਨ੍ਹਾਂ ਨੇ ਇਹ ਫੋਟ ਸਾਰੇ ਕੈਨੇਡਾ ਭਰ ਵਿੱਚ ਛਾਪੀ ਹੋਵੇਗੀ -ਮੈਨੂੰ ਇੰਡੋਕੈਨੇਡੀਅਨ ਕਮਿਊਨਿਟੀ ਵਿੱਚੋਂ ਬਹੁਤ ਸਾਰੀ ਡਾਕ ਮਿਲੀ, ਜਿਸ ਵਿੱਚ ਪ੍ਰਗਟਾਇਆ ਗਿਆ ਸੀ ਕਿ ਇਸ ਦਾ ਉਨ੍ਹਾਂ ਲਈ ਕੀ ਮਤਲਬ ਹੈ।

ਪਰ ਇਹ ਉਮੀਦਾਂ ਨਹੀਂ ਸਨ। ਇਕ ਵਾਰ ਫਿਰ ਇਹ ਮਾਣ ਵਾਲੀ ਗੱਲ ਸੀ। ਤੁਹਾਨੂੰ ਪਤਾ ਹੀ ਹੋਵੇਗਾ ਕਿ ਮੈਂ ਹਮੇਸ਼ਾਂ ਉਸ ਵਿਭਾਗ ਦਾ ਮਨਿਸਟਰ ਬਣਿਆਂ ਹਾਂ, ਜਿਸ ਵਿਭਾਗ ਵਿੱਚ ਸਰਕਾਰ ਲਈ ਕੋਈ ਨਾ ਕੋਈ ਮੁਸ਼ਕਿਲ ਹੁੰਦੀ ਸੀ। ਅਤੇ ਮੇਰਾ ਕੰਮ ਉਸ ਮੁਸ਼ਕਿਲ ਨੂੰ ਹੱਲ ਕਰਨਾ ਹੁੰਦਾ ਸੀ। ਅਤੇ ਮੈਂ ਇਹ ਕਰਨਾ ਪਸੰਦ ਕਰਦਾ ਹਾਂ। ਮੇਰਾ ਖਿਆਲ ਹੈ ਕਿ ਜਦੋਂ ਵੀ ਮੈਂ ਕੋਈ ਨਵੀਂ ਮਨਿਸਟਰੀ ਦਾ ਚਾਰਜ ਲਿਆ ਹੈ, ਹਰ ਉਸ ਸਮੇਂ (ਲੋਕਾਂ ਵਿੱਚ) ਇਕ ਝਿਜਕ ਜਿਹੀ ਹੁੰਦੀ ਸੀ, ਕਿ ਕੀ ਮੈਂ ਉੱਥੇ ਠੀਕ ਤਰ੍ਹਾਂ ਕੰਮ ਕਰ ਵੀ ਸਕਾਂਗਾ ਜਾਂ ਨਹੀਂ। ਲੋਕ ਆਸ ਕਰਦੇ ਸਨ ਕਿ ਮੈਂ ਉਹ ਕੰਮ ਠੀਕ ਠਾਕ ਕਰਾਂ। ਅਤੇ ਮੇਰਾ ਖਿਆਲ ਹੈ ਕਿ ਮੈਂ ਹਰ ਵਿਭਾਗ ਵਿੱਚ ਵਧੀਆ ਕੰਮ ਕੀਤਾ ਹੈ ਜਿਸ ਵਿੱਚ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ ਅਤੇ ਆਮ ਤੌਰ ‘ਤੇ ਕਮਿਊਨਿਟੀ ਨੇ ਇਸ ਗੱਲ ‘ਤੇ ਮਾਣ ਮਹਿਸੂਸ ਕੀਤਾ ਹੈ।

ਉਮੀਦਾਂ – ਇਹ ਇਸ ਤਰ੍ਹਾਂ ਨਹੀਂ ਹੈ ਕਿ ਲੋਕ ਫੋਨ ਚੁੱਕ ਕੇ ਮੈਨੂੰ ਫੋਨ ਕਰਨ ਅਤੇ ਕਹਿਣ ਕਿ ‘ਤੁਹਾਨੂੰ ਪਤਾ ਹੈ ਕਿ ਮੇਰੇ ਭਰਾ ਨੂੰ ਕੰਮ ਦੀ ਲੋੜ ਹੈ, ਅਤੇ ਕੀ ਤੁਸੀਂ ਇਸ ਬਾਰੇ ਕੁਝ ਕਰ ਸਕਦੇ ਹੋ?” ਮੈਥੋਂ ਇਸ ਤਰ੍ਹਾਂ ਦੀਆਂ ਉਮੀਦਾਂ ਨਹੀਂ ਕੀਤੀਆਂ ਗਈਆਂ। ਪਰ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਕੋਈ ਸਮੁੱਚੀ ਕਮਿਊਨਿਟੀ ਦਾ ਮਸਲਾ ਹੋਵੇ ਤਾਂ ਉਹ ਆ ਕੇ ਮੇਰੇ ਨਾਲ ਗੱਲ ਕਰ ਸਕਦੇ ਹਨ। ਮੈਂ ਉਨ੍ਹਾਂ ਦੀ ਮਦਦ ਕਰਾਂਗਾ। ਮੈਂ ਕਦੇ ਵੀ ਨਾਂਹ ਨਹੀਂ ਕਹਾਂਗਾ। ਭਾਵੇਂ ਇਹ ਗੱਲ ਰੌਸ ਸਟਰੀਟ ਗੁਰਦਵਾਰੇ ਨੂੰ ਜਾਂ ਸਰੀ ਦੇ ਗੁਰਦਵਾਰੇ ਨੂੰ ਮਿਲੀਅਨ ਡਾਲਰ ਦੇਣ ਦੀ ਹੋਵੇ ਜਾਂ ਸਕੂਲਾਂ ਵਿੱਚ ਪੰਜਾਬੀ ਲਗਵਾਉਣ ਦੀ ਜਾਂ ਇਹ ਟੈਕਸੀਆਂ ਨਾਲ ਸੰਬੰਧਤ ਮਸਲਾ ਹੋਵੇ। ਮੈਂ ਹੋਰ ਕਈ ਕੁਝ ਗਿਣਾ ਸਕਦਾ ਹਾਂ। ਮੇਰਾ ਖਿਆਲ ਹੈ ਜਦੋਂ ਵੀ ਕਮਿਊਨਿਟੀ ਮੇਰੇ ਕੋਲ ਆਉਂਦੀ ਹੈ, ਉਸ ਨੂੰ ਪਤਾ ਹੁੰਦਾ ਹੈ ਕਿ ਮੈਂ ਉਨ੍ਹਾਂ ਦੀਆਂ ਖਾਹਿਸ਼ਾਂ ਦੀ ਪੂਰਤੀ ਕਰਨ ਲਈ ਆਪਣੇ ਵਲੋਂ ਇਮਾਨਦਾਰੀ ਨਾਲ ਕੰਮ ਕਰਾਂਗਾ।

ਮੈਂ ਇਸ ਤਰ੍ਹਾਂ ਦਾ ਰਿਸ਼ਤਾ ਕਾਇਮ ਰੱਖਣਾ ਚਾਹੁੰਦਾ ਹਾਂ। ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੇ ਰਿਸ਼ਤੇ ਨੇ ਸਾਰਿਆਂ ਦੇ ਹਿਤ ਵਿੱਚ ਕੰਮ ਕੀਤਾ ਹੈ। ਉਹ ਸਾਰੇ ਇਹ ਕਹਿੰਦੇ ਹਨ। ਉਹ ਕਹਿਣਗੇ, “ਮੋਅ ਜੇ ਤੂੰ ਇਸ ਮਾਮਲੇ ਵਲ ਧਿਆਨ ਦੇਵੇਂ ਤਾਂ ਆਹ ਹੋਵੇਗਾ।” ਮੈਂ ਕਹਿੰਦਾ ਹਾਂ, “ਇਸ ਦੀ ਕੋਈ ਗਰੰਟੀ ਨਹੀਂ ਹੈ, ਪਰ ਇਕ ਗਰੰਟੀ ਜ਼ਰੂਰ ਹੈ ਕਿ ਮੈਂ ਆਪਣੇ ਵਲੋਂ ਇਸ ਲਈ ਪੂਰਾ ਜ਼ੋਰ ਲਾਵਾਂਗਾ।” ਅਤੇ ਲੋਕਾਂ ਨੇ ਇਸ ਗੱਲ ਦਾ ਸਦਾ ਸਤਿਕਾਰ ਕੀਤਾ ਹੈ।

ਇਕ ਤਰ੍ਹਾਂ ਨਾਲ ਮੇਰੀ ਪੰਜਾਬੀ ਇੰਨੀ ਵਧੀਆ ਨਹੀਂ ਹੈ। ਜੇ ਤੁਸੀਂ ਮੈਨੂੰ ਗੁਰਦਵਾਰੇ ਭਾਸ਼ਨ ਕਰਦੇ ਦੇਖਿਆ ਹੋਵੇ ਤਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਮੈਂ ਆਪਣੇ ਵਲੋਂ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੁੰਦਾ ਹਾਂ। ਪਰ ਮੇਰਾ ਖਿਆਲ ਹੈ ਕਿ ਕਿਉਂਕਿ ਉਹ ਜਾਣਦੇ ਹਨ ਕਿ ਮੈਂ ਚੰਗੀ ਤਰ੍ਹਾਂ (ਪੰਜਾਬੀ) ਨਹੀਂ ਬੋਲ ਸਕਦਾ, ਤਾਂ ਉਹ ਮੇਰੀ ਗੱਲ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਜੋ ਕੁਝ ਮੈਂ ਕਹਿ ਰਿਹਾ ਹੁੰਦਾ ਹਾਂ, ਉਹ ਉਸ ਨੁੰ ਸੁਣਨਾ ਚਾਹੁੰਦੇ ਹਨ ਅਤੇ ਆਸ ਕਰਦੇ ਹਨ ਕਿ ਮੈਂ ਕੋਈ ਗਲਤੀ ਨਾ ਕਰਾਂ। ਇਕ ਅਜੀਬ ਤਰ੍ਹਾਂ ਨਾਲ ਇਹ ਮੇਰੇ ਲਈ (ਬੋਲਣਾ) ਸੌਖਾ ਬਣਾ ਦਿੰਦਾ ਹੈ। ਇਹ ਇਕ ਫਾਇਦੇ ਵਾਲੀ ਗੱਲ ਹੈ ਕਿਉਂਕਿ ਲੋਕ ਉਹ ਗੱਲ ਸੁਣਦੇ ਹਨ ਜੋ ਤੁਸੀਂ ਕਹਿ ਰਹੇ ਹੁੰਦੇ ਹੋ, ਅਤੇ ਉਹ ਤੁਹਾਨੂੰ ਕੋਸ਼ਿਸ਼ ਕਰਦੇ ਨੂੰ ਦੇਖਦੇ ਹਨ ਅਤੇ ਤੁਹਾਡੇ ਨਾਲ ਹਮਦਰਦੀ ਮਹਿਸੂਸ ਕਰ ਰਹੇ ਹੁੰਦੇ ਹਨ।

ਇਸ ਲਈ ਮੇਰੇ ਖਿਆਲ ਵਿੱਚ ਇਸ ਨੇ ਸਦਾ ਮੇਰੀ ਮਦਦ ਕੀਤੀ ਹੈ। ਅਤੇ ਮੈਂ ਕਮਿਊਨਿਟੀ ਨਾਲ ਸਮੇਂ ਸਮੇਂ ਅਖਬਾਰਾਂ ਅਤੇ ਪ੍ਰੈੱਸ ਰਾਹੀਂ ਸੰਚਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਪਰ ਮੈਂ ਵੈਨਕੂਵਰ ਵਿੱਚ ਨਹੀਂ ਰਹਿੰਦਾ। ਇਸ ਲਈ ਮੈਂ ਹਰ ਇਕ ਫੰਕਸ਼ਨ ਵਿੱਚ ਨਹੀਂ ਜਾ ਸਕਦਾ ਅਤੇ ਹਰ ਇਕ ਫੰਕਸ਼ਨ ਵਿੱਚ ਨਹੀਂ ਜਾਂਦਾ। ਤੁਹਾਨੂੰ ਹਰ ਥਾਂ ਤੋਂ ਸੱਦੇ ਆਉਂਦੇ ਹਨ। ਮੇਰਾ ਖਿਆਲ ਹੈ ਕਿ ਜੇ ਮੈਂ ਵੈਨਕੂਵਰ ਵਿੱਚ ਰਹਿੰਦਾ ਹੁੰਦਾ ਤਾਂ ਮੇਰੇ ਕੋਲੋਂ ਉਮੀਦਾਂ ਬਿਲਕੁਲ ਵੱਖਰੀਆਂ ਹੋਣੀਆਂ ਸਨ। ਲੋਕ ਜਾਣਦੇ ਹਨ ਕਿ ਤੁਸੀਂ ਬੱਸ ਅਗਲੀ ਸਟਰੀਟ ‘ਤੇ ਰਹਿ ਰਹੇ ਹੋ, ਇਸ ਲਈ ਇਸ ਦੇ ਕੀ ਕਾਰਨ ਹਨ ਕਿ ਤੁਸੀਂ ਆਏ ਕਿਉਂ ਨਹੀਂ। ਅਤੇ ਜੇ ਤੁਸੀਂ ਵੈਨਕੂਵਰ ਵਿੱਚ ਰਹਿੰਦੇ ਹੋਵੋ ਤਾਂ ਮੇਰਾ ਖਿਆਲ ਹੈ ਕਿ ਲੋਕ ਤੁਹਾਡੇ ਦਰਵਾਜ਼ੇ ‘ਤੇ ਉਹ ਕੰਮ ਕਰਾਉਣ ਲਈ ਆ ਸਕਦੇ ਹਨ, ਜਿਹੜੇ ਤੁਸੀਂ ਸੱਚੀਂ ਹੀ ਕਰ ਨਾ ਸਕਦੇ ਹੋਵੋ। ਪਰ ਵਿਕਟੋਰੀਆ ਵਿੱਚ ਰਹਿੰਦੇ ਹੋਣ ਕਰਕੇ ਅਤੇ ਵਿਕਟੋਰੀਆ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਹੋਣ ਕਰਕੇ, ਮੇਰੇ ਖਿਆਲ ਵਿੱਚ ਮੈਨੂੰ ਥੋੜ੍ਹਾ ਜਿਹਾ ਫਰਕ ਰੱਖਣ ਵਿੱਚ ਮਦਦ ਮਿਲਦੀ ਹੈ, ਜਿਹੜੀ ਕਿ ਹਮੇਸ਼ਾਂ ਹੀ ਇਕ ਚੰਗੀ ਗੱਲ ਹੈ।

ਸਵਾਲ: ਤੁਸੀਂ ਕਿਹਾ ਹੈ ਕਿ ਤੁਸੀਂ ਆਪਣੇ ਹਲਕੇ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਨ ਦੇ ਨਾਲ ਨਾਲ ਕਮਿਊਨਿਟੀ ਦੀ ਵੀ ਪ੍ਰਤੀਨਿਧਤਾ ਕਰਦੇ ਹੋ। ਤੁਸੀਂ ਇਸ ਵਿਚਕਾਰ ਸੰਤੁਲਨ ਕਿਵੇਂ ਰੱਖਦੇ ਹੋ? ਕੀ ਤੁਹਾਡੇ ਹਲਕੇ ਦੇ ਲੋਕਾਂ ਵਲੋਂ ਕੋਈ ਇਸ ਤਰ੍ਹਾਂ ਦੀ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਇੰਡੋਕੈਨੇਡੀਅਨ ਕਮਿਊਨਿਟੀ ਵੱਲ ਜ਼ਿਆਦਾ ਧਿਆਨ ਦੇ ਰਹੇ ਹੋ?
ਜਵਾਬ: ਨਹੀਂ। ਮੇਰੇ ਹਲਕੇ ਦੇ ਲੋਕਾਂ ਨੂੰ ਪਤਾ ਹੈ ਕਿ ਪਹਿਲਾਂ ਮੈਂ ਉਨ੍ਹਾਂ ਵੱਲ ਧਿਆਨ ਦਿੰਦਾ ਹਾਂ। ਮੈਂ ਇਸ ਗੱਲੋਂ ਖੁਸ਼ਕਿਸਮਤ ਹਾਂ ਕਿ ਮੈਂ ਇੱਥੇ ਵਿਕਟੋਰੀਆ ਤੋਂ ਇਕ ਹਲਕੇ ਦੀ ਪ੍ਰਤੀਨਿੱਧਤਾ ਕਰਦਾ ਹਾਂ। ਇਸ ਲਈ ਮੈਂ ਅੱਜ ਵਾਂਗ ਆਪਣੇ ਹਲਕੇ ਵਿੱਚ ਸਾਰਾ ਦਿਨ ਰਹਿ ਸਕਦਾ ਹਾਂ ਅਤੇ ਉੱਥੇ ਮੈਨੂੰ ਹਰ ਕੋਈ ਮਿਲ ਸਕਦਾ ਹੈ। ਕਿਉਂਕਿ ਮੈਂ ਉੱਥੇ ਰਹਿੰਦਾ ਹਾਂ, ਇਸ ਲਈ ਮੇਰੇ ਬੱਚੇ ਉੱਥੇ ਸਕੂਲ ਵਿੱਚ ਜਾਂਦੇ ਹਨ ਅਤੇ ਕਿਉਂਕਿ ਇਹ ਇੱਥੇ ਵਿਕਟੋਰੀਆ ਵਿੱਚ ਹੈ, ਇਸ ਲਈ ਦੂਜੇ ਐੱਮ ਐੱਲ ਇਆਂ ਦੇ ਮੁਕਾਬਲੇ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਬਾਕਾਇਦਗੀ ਨਾਲ ਮਿਲ ਸਕਦੇ ਹੋ। ਮੇਰੇ ਹਲਕੇ ਦੇ ਲੋਕ ਹਰ ਰੋਜ਼ ਆ ਕੇ ਮੈਨੂੰ ਮਿਲ ਸਕਦੇ ਹਨ। ਜੇ ਤੁਸੀਂ ਕੌਮੌਕਸ ਤੋਂ ਹੋਵੋ ਜਾਂ ਕੂਟਨੀਜ਼ ਤੋਂ, ਤਾਂ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ। ਉਹ ਮੈਨੂੰ ਕਦੇ ਵੀ ਮਿਲ ਸਕਦੇ ਹਨ। ਇਸ ਲਈ ਮੈਂ ਉਨ੍ਹਾਂ ਨੂੰ ਕਾਫੀ ਮਿਲਦਾ ਹਾਂ।
ਇਸ ਲਈ ਜੇ ਮੈਂ ਕਿਸੇ ਵੀਕ ਇੰਡ ‘ਤੇ ਕਿਸੇ ਕੰਮ ਵੈਨਕੂਵਰ ਚਲੇ ਵੀ ਜਾਵਾਂ ਤਾਂ ਇਸ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦਾ। ਮੇਰੇ ਹਲਕੇ ਦੇ ਲੋਕਾਂ ਵਲੋਂ ਮੇਰੀ ਕਦੇ ਵੀ ਇਸ ਤਰ੍ਹਾਂ ਦੀ ਆਲੋਚਨਾ ਨਹੀਂ ਕੀਤੀ ਗਈ ਕਿ ਮੈਂ ਉੱਥੇ ਬਹੁਤ ਕਿਉਂ ਜਾਂਦਾ ਹਾਂ ਅਤੇ ਇੱਥੇ ਕਿਉਂ ਨਹੀਂ ਰਹਿੰਦਾ। ਅਸਲ ਵਿੱਚ ਮੇਰੇ ਹਲਕੇ ਦੇ ਲੋਕ ਮੇਰੇ ਪਿਛੋਕੜ ਨੂੰ ਸਮਝਦੇ ਹਨ, ਇਹ ਗੱਲ ਸਮਝਦੇ ਹਨ ਕਿ ਮੈਨੂੰ ਉਹ ਰੋਲ ਵੀ ਨਿਭਾਉਣਾ ਪੈਣਾ ਹੈ ਅਤੇ ਉਹ ਮੇਰਾ ਇਸ ਗੱਲ ਵਿੱਚ ਸਮਰਥਨ ਕਰਦੇ ਹਨ। ਪਿਛਲੀ ਇਲੈਕਸ਼ਨ ਵਿੱਚ ਮੈਨੂੰ ਐੱਨ ਡੀ ਪੀ ਦੇ ਸਾਰੇ ਉਮੀਦਵਾਰਾਂ ਨਾਲੋਂ ਜ਼ਿਆਦਾ ਵੋਟਾਂ ਮਿਲੀਆਂ ਸਨ। ਜੇ ਇਹ (ਇੰਡੋਕੈਨੇਡੀਅਨ ਦੀ ਪ੍ਰਤੀਨਿੱਧਤਾ ਕਰਨਾ) ਕੋਈ ਸਮੱਸਿਆ ਹੁੰਦੀ ਤਾਂ ਇਸ ਦਾ ਮਿਲੀਆਂ ਵੋਟਾਂ ਤੋਂ ਪਤਾ ਲੱਗ ਜਾਣਾ ਸੀ।

ਸਵਾਲ: ਸਮੇਂ ਦੀ ਸਿਆਸਤ ਨੇ ਤੁਹਾਡੇ ‘ਤੇ ਕਿਸ ਤਰ੍ਹਾਂ ਦਾ ਅਸਰ ਪਾਇਆ ਹੈ? ਉਦਾਹਰਨ ਲਈ ਜੇ ਤੁਸੀਂ 1986 ਦੀ ਥਾਂ 1960ਵਿਆਂ ਵਿੱਚ ਚੋਣ ਲੜਦੇ ਤਾਂ ਕੀ ਇਸ ਨਾਲ ਕੋਈ ਫਰਕ ਪੈਂਦਾ?
ਜਵਾਬ: ਹਾਂ। ਮੇਰਾ ਖਿਆਲ ਹੈ ਹੁਣ ਲੋਕਾਂ ਦੀ ਸੋਚ ਬਦਲ ਗਈ ਹੈ। ਮੇਰਾ ਖਿਆਲ ਹੈ ਕਿ ਹੁਣ ਲੋਕ ਸਿਆਸਤਦਾਨਾਂ ਨੂੰ ਘਿਰਣਾ ਕਰਦੇ ਹਨ ਅਤੇ ਉਨ੍ਹਾਂ ਦਾ ਸਤਿਕਾਰ ਨਹੀਂ ਕਰਦੇ – ਪਰ 1960ਵਿਆਂ ਵਿੱਚ ਸਿਆਸਤਦਾਨਾਂ ਨੂੰ ਅੱਜ ਨਾਲੋਂ ਜ਼ਿਆਦਾ ਸਤਿਕਾਰ ਮਿਲਦਾ ਸੀ। ਦੂਜੇ ਪੱਖ ਤੋਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸਤਿਕਾਰ ਕਮਾਇਆ ਜਾਂਦਾ ਹੈ। ਪਰ ਆਮ ਰਾਏ ਇਹ ਹੈ ਕਿ ਸਿਆਸਤਦਾਨ ਭ੍ਰਿਸ਼ਟ ਹੁੰਦੇ ਹਨ। ਪਰ ਹਰ ਕੋਈ ਕਿਸੇ ਨਾ ਕਿਸੇ ਇਕ ਸਿਆਸਤਦਾਨ ਨੂੰ ਪਸੰਦ ਕਰਦਾ ਹੈ। ਇਹ ਸਿਆਸਤ ਬਾਰੇ ਆਮ ਨਜ਼ਰੀਆ ਹੈ। ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ 1960ਵਿਆਂ ਵਿੱਚ, ਅਤੇ ਮੇਰੇ ਖਿਆਲ ਵਿੱਚ ਹੁਣ ਵੀ, ਲੋਕੀ ਸਿਆਸਤ ਵਿੱਚ ਇਹ ਸੋਚ ਕੇ ਸ਼ਾਮਲ ਹੁੰਦੇ ਸਨ ਕਿ ਉਹ ਕੋਈ ਫਰਕ ਪਾ ਸਕਦੇ ਸਨ। ਮੈਂ ਇੱਥੇ ਕਿਉਂ ਹਾਂ? ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਕੁਝ ਫਰਕ ਪਾ ਸਕਦਾ ਹਾਂ।
ਮੇਰਾ ਵਿਸ਼ਵਾਸ ਹੈ ਕਿ ਸਰਕਾਰ ਅਜਿਹੀ ਚੀਜ਼ੀ ਹੈ, ਇਹ ਇਕ ਸੰਦ ਹੈ ਜਿਸ ਨੂੰ ਤੁਸੀਂ ਸਮਾਜ ਦੀ ਆਰਥਿਕ ਅਤੇ ਸਮਾਜਕ ਬਣਤਰ ਨੂੰ ਬਦਲਣ ਲਈ ਵਰਤ ਸਕਦੇ ਹੋ। ਲੋਕਾਂ ਦੇ ਭਲਾਈ ਲਈ ਸਮਾਜ ਨੂੰ ਬਦਲ ਸਕਦੇ ਹੋ। ਤੁਸੀਂ ਮਾਰਟਿਨ ਲੂਥਰ ਕਿੰਗ ਜਾਂ ਗਾਂਧੀ ਜਾਂ ਰੌਬਰਟ ਕੈਨੇਡੀ ਦੇ ਵਿਚਾਰਾਂ ਨੂੰ ਕਾਇਮ ਕਰ ਸਕਦੇ ਹੋ। ਸਰਕਾਰ ਲੋਕਾਂ ਦੀ ਜ਼ਿੰਦਗੀ ਵਿੱਚ ਇਕ ਸ਼ਕਤੀਸ਼ਾਲੀ ਤਾਕਤ ਹੁੰਦੀ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਲਈ ਰਾਜ (ਸਟੇਟ) ਰਾਹੀਂ ਵਰਤੀ ਜਾ ਸਕਦੀ ਹੈ।

ਅਤੇ ਇਕ ਹੋਰ ਗੱਲ, ਅੱਜ ਭਾਰੂ ਵਿਚਾਰ ਇਹ ਹੈ ਕਿ ਸਰਕਾਰ ਇਕ ਅੜਿੱਕਾ ਹੈ। ਜੇ ਕਿਤੇ ਸਰਕਾਰ ਛੋਟੀ ਹੁੰਦੀ, ਜਾਂ ਸਰਕਾਰ ਨਾ ਹੁੰਦੀ, ਸਿਆਸਤਦਾਨ ਏਨੇ ਜ਼ਿਆਦੇ ਨਾ ਹੁੰਦੇ। ਇਸ ਲਈ ਜਦੋਂ ਮੈਂ ਸਤਿਕਾਰ ਨਾ ਹੋਣ ਦੀ ਗੱਲ ਕਰਦਾ ਹਾਂ ਤਾਂ ਮੈਂ ਇਹ ਗੱਲ ਇਸ ਸੰਦਰਭ ਵਿੱਚ ਕਰਦਾ ਹਾਂ। ਲੋਕ ਇਹ ਗੱਲ ਭੁੱਲ ਗਏ ਹਨ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਹਾਂ-ਪੱਖੀ ਸੁਧਾਰ ਲਿਆਉਣ ਲਈ ਸਰਕਾਰ ਕੀ ਕਰ ਸਕਦੀ ਹੈ।
ਮੇਰੇ ਖਿਆਲ ਵਿੱਚ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਾਹਮਣੇ ਰੱਖੋ ਤਾਂ ਸਿਆਸਤ ਏਨੀ ਔਖੀ ਨਹੀਂ। ਇਹ ਕੋਈ ਵਿਚਾਰਧਾਰਕ ਗੱਲ ਨਹੀਂ। ਜੇ ਤੁਸੀਂ ਸਿਰਫ ਇਹ ਸੋਚੋ ਕਿ ਤੁਸੀਂ ਆਪਣੇ ਬੱਚਿਆਂ ਦੇ ਰਹਿਣ ਲਈ ਕਿਸ ਤਰ੍ਹਾਂ ਦਾ ਮਾਹੌਲ ਚਾਹੁੰਦੇ ਹੋ, ਤੁਸੀਂ ਉਨ੍ਹਾਂ ਲਈ ਕਿਸ ਤਰ੍ਹਾਂ ਦਾ ਵਿਦਿਅਕ ਪ੍ਰਬੰਧ ਚਾਹੁੰਦੇ ਹੋ, ਉਨ੍ਹਾਂ ਦੇ ਕਾਮਯਾਬ ਹੋਣ ਲਈ ਤੁਸੀਂ ਕਿਸ ਤਰ੍ਹਾਂ ਦਾ ਆਰਥਿਕ ਪ੍ਰਬੰਧ ਚਾਹੁੰਦੇ ਹੋ, ਉਨ੍ਹਾਂ ਲਈ ਕਿਸ ਤਰ੍ਹਾਂ ਦਾ ਸਿਹਤ ਪ੍ਰਬੰਧ ਹੋਣਾ ਚਾਹੀਦਾ ਹੈ, ਤਾਂ ਉਹ ਫੈਸਲੇ ਕਰਨੇ ਕਾਫੀ ਸੌਖੇ ਹੋ ਜਾਂਦੇ ਹਨ ਜਿਹੜੇ ਫੈਸਲੇ ਕਰਨ ਦੀ ਲੋੜ ਹੁੰਦੀ ਹੈ।

ਲੀਡਰਸ਼ਿੱਪ ਦਾ ਮਤਲਬ ਹੈ ਅੱਗੇ ਵਧਣਾ ਅਤੇ ਫੈਸਲੇ ਕਰਨਾ ਅਤੇ ਜੇ ਮੈਂ ਸਿਆਸਤਦਾਨਾਂ ਦੀ ਆਲੋਚਨਾ ਕਰਨੀ ਹੋਵੇ ਤਾਂ ਇਹ ਕਹਿ ਸਕਦਾ ਹਾਂ ਕਿ ਉਹ ਖੁਸ਼ਕਿਸਮਤ ਸਨ ਕਿ ਉਨ੍ਹਾਂ ਨੇ ਫੈਸਲੇ ਕੀਤੇ। ਤੁਹਾਨੂੰ ਖਤਰੇ ਲੈਣੇ ਪੈਣਗੇ। ਮੈਂ ਜਿਸ ਵੀ ਵਿਭਾਗ ਵਿੱਚ ਰਿਹਾ ਹਾਂ, ਉਸ ਬਾਰੇ ਬਹੁਤ ਸਾਰੀਆਂ ਖਬਰਾਂ ਬਣੀਆਂ ਹਨ, ਉਸ ਬਾਰੇ ਬਹੁਤ ਸਾਰਾ ਰੌਲਾ ਪਿਆ ਹੈ, ਕਿਉਂਕਿ ਮੈਂ ਪਹਿਲਾਂ ਜਾ ਕੇ ਉਸ ਬਾਰੇ ਆਪਣਾ ਨਜ਼ਰੀਆ (ਵਿਜ਼ਨ) ਪੇਸ਼ ਕਰਦਾ ਹਾਂ ਅਤੇ ਫਿਰ ਉਸ ਨੂੰ ਪੂਰਾ ਕਰਨ ਲਈ ਆਪਣੀ ਕੋਸ਼ਿਸ਼ ਕਰਦਾ ਹਾਂ। ਪਰ ਨਜ਼ਰੀਆ ਬਹੁਤ ਹੱਦ ਤੱਕ ਕਿਸੇ ਵਿਚਾਰਧਾਰਾ ‘ਤੇ ਆਧਾਰਿਤ ਨਹੀਂ ਹੁੰਦਾ, ਸਿਵਾਏ ਇਸ ਦੇ ਕਿ ਤੁਸੀਂ ਆਪਣੇ ਬੱਚਿਆਂ ਬਾਰੇ ਸੋਚਦੇ ਹੋ ਅਤੇ ਇਹ ਸੋਚਦੇ ਹੋ ਕਿ ਉਨ੍ਹਾਂ ਲਈ ਕਿਸ ਤਰ੍ਹਾਂ ਦੀ ਦੁਨੀਆ ਚਾਹੁੰਦੇ ਹੋ ਅਤੇ ਤੁਸੀਂ ਉਸ ਤਰ੍ਹਾਂ ਦੀ ਦੁਨੀਆ ਬਣਾਉਣ ਦੀ ਕੋਸ਼ਿਸ਼ ਕਰਦੇ ਹੋ।

ਇਸ ਲਈ ਮੇਰਾ ਵਿਚਾਰ ਹੈ ਕਿ ਮੈਂ ਸਰਕਾਰ ਦੇ ਮਾਮਲੇ ਵਿੱਚ 1960ਵਿਆਂ ਦਾ ਆਦਰਸ਼ਵਾਦ ਨਹੀਂ ਗਵਾਇਆ। ਮੇਰਾ ਖਿਆਲ ਹੈ ਕਿ ਸਮਾਜ ਇਹ ਆਦਰਸ਼ਵਾਦ ਗਵਾ ਚੁੱਕਾ ਹੈ ਅਤੇ ਮੇਰੇ ਖਿਆਲ ਵਿੱਚ ਇਹ ਇਕ ਦੁਖਾਂਤ ਵਾਲੀ ਗੱਲ ਹੈ।

ਸਵਾਲ: ਅਤੇ ਇਕ ਇੰਡੋਕੈਨੇਡੀਅਨ ਦੇ ਤੌਰ ‘ਤੇ ਜੇ ਤੁਸੀਂ 1960 ਵਿੱਚ ਇਲੈਕਸ਼ਨ ਲੜਦੇ ਤਾਂ ਕੀ ਤੁਸੀਂ ਜਿੱਤ ਸਕਦੇ?
ਜਵਾਬ: ਕੀ ਸਮਾਜ ਵਿੱਚ ਇਸ ਨਜ਼ਰੀਏ ਤੋਂ ਕੋਈ ਤਬਦੀਲੀ ਆਈ ਹੈ?

ਸਵਾਲ: ਹਾਂ।
ਜਵਾਬ: ਮੈਂ ਸੋਚਣਾ ਚਾਹੁੰਦਾ ਹਾਂ ਕਿ ਮੈਂ ਜਿੱਤ ਸਕਦਾ ਸੀ। ਮੈਂ ਸੋਚਣਾ ਚਾਹੁੰਦਾ ਹਾਂ ਕਿ ਉਸ ਸਮੇਂ ਲੋਕ ਰੰਗ ਦੇ ਆਧਾਰ ‘ਤੇ ਫੈਸਲਾ ਕਰਨ ਦੀ ਥਾਂ ਮੈਰਿਟ ਦੇ ਆਧਾਰ ‘ਤੇ ਫੈਸਲਾ ਕਰਦੇ। ਮੇਰਾ ਵਿਸ਼ਵਾਸ ਹੈ ਕਿ ਉਸ ਸਮੇਂ ਸਮਾਜ ਏਨਾ ਕੁ ਸਹਿਣਸ਼ੀਲ ਸੀ ਕਿ ਇਸ ਤਰ੍ਹਾਂ ਹੋ ਸਕਦਾ ਸੀ। ਮੈਂ ਇਹ ਸੋਚਦਾ ਹਾਂ ਕਿ ਕਿਸੇ ਕਾਰਨ ਵਸ ਪਹਿਲਾਂ ਕੋਈ ਵੀ ਬੰਦਾ ਸਹੀ ਵੇਲੇ ‘ਤੇ ਸਹੀ ਥਾਂ ‘ਤੇ ਨਹੀਂ ਸੀ ਅਤੇ ਅਕਤੂਬਰ 1986 ਵਿੱਚ ਇੰਝ ਹੋਇਆ ਕਿ ਮੈਂ ਸਹੀ ਸਮੇਂ ‘ਤੇ ਸਹੀ ਥਾਂ ਮੌਜੂਦ ਸੀ। ਪਰ ਮੈਂ ਸੋਚਦਾ ਹਾਂ ਕਿ ਜੇ 1966 ਵਿੱਚ ਵੀ ਸਹੀ ਸਥਿਤੀਆਂ ਹੁੰਦੀਆਂ ਤਾਂ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੋਣਾ ਸੀ।

ਸਵਾਲ: ਕੀ ਤੁਹਾਡੀ ਪਾਰਟੀ ਐੱਨ ਡੀ ਪੀ ਵਲੋਂ ਘੱਟ ਗਿਣਤੀ ਲੋਕਾਂ ਨੂੰ ਨਾਮਜ਼ਦਗੀਆਂ ਲੈਣ ਲਈ ਉਤਸ਼ਾਹਿਤ ਕਰਨ ਲਈ ਕਿਸੇ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਸੀ?
ਜਵਾਬ: ਹਾਂ। ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਕ ਪਾਰਟੀ ਦੇ ਤੌਰ ‘ਤੇ ਸਾਡਾ ਖੂਬਸੂਰਤ ਇਤਿਹਾਸ ਹੈ। ਯਾਦ ਰੱਖੋ ਕਿ 1948 ਦੀ ਇਲੈਕਸ਼ਨ ਵਿੱਚ ਮਿਸ਼ਨ ਤੋਂ ਇਕ ਇੰਡੋ-ਕੈਨੇਡੀਅਨ ਇਲੈਕਸ਼ਨ ਲੜਿਆ ਸੀ ਅਤੇ ਸੀਟ ਜਿੱਤਣ ਵਿੱਚ ਤਕਰੀਬਨ ਤਕਰੀਬਨ ਕਾਮਯਾਬ ਹੋ ਗਿਆ ਸੀ। ਇਸ ਲਈ ਐੱਨ ਡੀ ਪੀ ਦੀ ਖਾਹਿਸ਼ ਕਿ ਕੋਈ ਇੰਡੋਕੈਨੇਡੀਅਨ ਪਬਲਿਕ ਆਫਿਸ ਜਿੱਤੇ ਕਾਫੀ ਪਿੱਛੇ ਤੱਕ ਜਾਂਦੀ ਹੈ। ਜਦੋਂ ਉੱਜਲ (ਦੁਸਾਂਝ) ਨੇ 1979 ਵਿੱਚ ਚੋਣ ਲੜੀ ਸੀ, ਅਤੇ ਕਾਮਯਾਬ ਨਹੀਂ ਹੋਇਆ ਸੀ, ਪਰ ਉਹਨੇ ਵੀ ਸਾਡੀ ਪਾਰਟੀ ਵਲੋਂ ਹੀ ਇਹ ਚੋਣ ਲੜੀ ਸੀ।

ਇਸ ਲਈ ਮੇਰਾ ਮਤਲਬ ਹੈ ਕਿ ਪਾਰਟੀ ਦੀ ਇਹ ਖਾਹਿਸ਼ ਹਮੇਸ਼ਾਂ ਰਹੀ ਹੈ।

ਸਵਾਲ: ਕੀ ਤੁਹਾਨੂੰ ਕਮਿਊਨਿਟੀ ਤੋਂ ਮਿਲਣ ਵਾਲਾ ਸਮਰਥਨ, ਹਰੇਕ ਇਲੈਕਸ਼ਨ ਵਿੱਚ ਇਕੋ ਜਿਹਾ ਰਿਹਾ ਹੈ?
ਜਵਾਬ: 1991 ਅਤੇ 1996 ਵਿੱਚ ਇਕੋ ਜਿਹਾ ਸੀ। 1986 ਵਿੱਚ ਥੋੜ੍ਹਾ ਜਿਹਾ ਘੱਟ ਸੀ ਕਿਉਂਕਿ ਲੋਕ ਮੈਨੂੰ ਜਾਣਦੇ ਨਹੀਂ ਸਨ। ਪਰ ਥੋੜ੍ਹਾ ਜਿਹਾ ਘੱਟ ਹੀ। ਵੈਨਕੂਵਰ ਅਤੇ ਲੋਅਰਮੇਨਲੈਂਡ ਵਿੱਚ ਠੀਕ ਸੀ। ਪਰ ਇਨਟੀਰੀਅਰ ਵਿੱਚ, ਵਿਲੀਅਮਜ਼ ਲੇਕ ਆਦਿ ਵਿੱਚ ਲੋਕ ਮੈਨੂੰ ਏਨੀ ਚੰਗੀ ਤਰ੍ਹਾਂ ਜਾਣਦੇ ਨਹੀਂ ਸਨ। ਸੋ ਇਸ ਤਰਾਂ 1986, 1991 ਅਤੇ 1996 ਵਿੱਚ ਇਸ ਤਰ੍ਹਾਂ ਦਾ ਫਰਕ ਸੀ। ਪਰ ਇਸ ਤੋਂ ਬਿਨਾਂ ਮੈਨੂੰ ਹਮੇਸ਼ਾਂ ਹੀ ਚੰਗਾ ਸਮਰਥਨ ਮਿਲਿਆ ਹੈ। ਜਿਹਨਾਂ ਲੋਕਾਂ ਨੇ 1986 ਵਿੱਚ ਮੇਰੀ ਮਾਇਕ ਮਦਦ ਕੀਤੀ ਸੀ, 1996 ਵਿੱਚ ਵੀ ਉਨ੍ਹਾਂ ਨੇ ਹੀ ਮਾਇਕ ਮਦਦ ਕੀਤੀ ਹੈ। ਉਨ੍ਹਾਂ ਵਿੱਚੋਂ ਕਈਆਂ ਨੂੰ ਮੇਰੇ ਵਲੋਂ ਲਿਆਂਦੀਆਂ ਪਾਲਸੀਆਂ ਪਸੰਦ ਨਹੀਂ ਸਨ। ਪਰ ਫਿਰ ਵੀ ਉਨ੍ਹਾਂ ਨੂੰ ਮਹੱਤਵਪੂਰਨ ਲੱਗਾ, ਸ਼ਾਇਦ ਉਨਾਂ ਨੂੰ ਲੱਗਾ ਕਿ ਮੈਂ ਉਹ ਬੰਦਾ ਹਾਂ ਜਿਹੜਾ ਉਨ੍ਹਾਂ ਦੇ ਹੱਕਾਂ ਲਈ ਲੜਾਂਗਾ।

ਸਵਾਲ: ਅਤੇ ਇੰਡੋਕੈਨੇਡੀਅਨ ਕਮਿਊਨਿਟੀ ਵਲੋਂ ਮਿਲੇ ਸਮਰਥਨ ਦੀ ਤੁਹਾਡੀ ਪਹਿਲੀ ਇਲੈਕਸ਼ਨ ਦੀ ਜਿੱਤ ਵਿੱਚ ਕਿੱਨੀ ਕੁ ਭੂਮਿਕਾ ਸੀ?
ਜਵਾਬ: ਏਨੀ ਜ਼ਿਆਦਾ ਨਹੀਂ। ਜਿਵੇਂ ਮੈਂ ਦੱਸਿਆ ਸੀ ਕਿ ਮੇਰੇ ਹਲਕੇ ਵਿੱਚ ਪੰਜ ਜਾਂ ਛੇ ਪਰਿਵਾਰ ਸਨ। ਇਸ ਪੱਖ ਤੋਂ ਕੋਈ ਵੱਡੀ ਭੂਮਿਕਾ ਨਹੀਂ ਸੀ। ਪਰ ਮਾਇਕ ਪੱਖ ਤੋਂ ਇਸ ਦੀ ਭੂਮਿਕਾ ਸੀ, ਅਤੇ ਇਕ ਵੱਡੀ ਭੂਮਿਕਾ ਸੀ। ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨਾ ਵਿੱਚ ਪੈਸਾ ਖਰਚ ਹੁੰਦਾ ਹੈ ਅਤੇ ਇਲੈਕਸ਼ਨ ਮੁਹਿੰਮਾਂ ਲਈ ਪੈਸਾ ਇਕੱਠਾ ਕਰਨ ਵਿੱਚ ਕੋਈ ਦਿੱਕਤ ਨਹੀਂ ਆਈ।

ਸਵਾਲ: ਜੇ ਤੁਸੀਂ ਮੁੜ ਕੇ ਦੇਖੋ ਤਾਂ ਕੀ ਤੁਸੀਂ ਕਹਿ ਸਕਦੇ ਹੋ ਕਿ ਇਲੈਕਸ਼ਨ ਦੀ ਜਿੱਤ ਨੇ ਤੁਹਾਡੇ ਅਤੇ ਕਮਿਊਨਿਟੀ ਦੇ ਰਿਸ਼ਤੇ ਵਿੱਚ ਕੋਈ ਤਬਦੀਲੀ ਲਿਆਂਦੀ ਹੈ? ਇਲੈਕਸ਼ਨ ਜਿੱਤਣ ਤੋਂ ਪਹਿਲਾਂ ਅਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਦੇ ਤੁਹਾਡੇ ਕਮਿਊਨਿਟੀ ਨਾਲ ਰਿਸ਼ਤੇ ‘ਤੇ ਕੋਈ ਫਰਕ ਪਿਆ ਹੈ?
ਜਵਾਬ: ਹਾਂ ਸਪਸ਼ਟ ਰੂਪ ਵਿੱਚ ਇਹ ਰਿਸ਼ਤਾ ਬਦਲਿਆ ਹੈ। 1986 ਵਿੱਚ ਉਹ ਮੈਨੂੰ ਜਾਣਦੇ ਨਹੀਂ ਸਨ। ਹੁਣ ਮੈਂ ਇਹ ਸੋਚਣਾ ਪਸੰਦ ਕਰਦਾ ਹਾਂ ਕਿ ਉਹ ਸਾਰੇ ਮੈਨੂੰ ਜਾਣਦੇ ਹਨ। ਮੇਰਾ ਮਤਲਬ ਹੈ ਕਿ ਉਮੀਦਾਂ ਅਤੇ ਮਾਣ ਦਾ ਅਹਿਸਾਸ ਬਦਲ ਗਿਆ ਹੈ। ਹਾਂ ਇਸ ਵਿੱਚ ਤਬਦੀਲੀ ਆਈ ਹੈ, ਉਸ ਢੰਗ ਨਾਲ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਹਾਂ।

ਮੇਰੀਆਂ ਆਪਣੀਆਂ ਭਾਵਨਾਵਾਂ ਵਿੱਚ ਅਜੀਬ ਤਰ੍ਹਾਂ ਦੀ ਤਬਦੀਲੀ ਆਈ ਹੈ। ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਪਹਿਲਾਂ ਦੇ ਮੁਕਾਬਲੇ ਕਮਿਊਨਿਟੀ ਤੋਂ ਜ਼ਿਆਦਾ ਸਮਰਥਨ ਮਿਲਦਾ ਹੈ। ਮੈਨੂੰ ਪਤਾ ਨਹੀ ਇਹ ਕਿਉਂ ਹੈ। ਪਰ ਮੈਂ ਇਹ ਦੇਖ ਸਕਦਾ ਹਾਂ। ਜਦੋਂ ਮੈਂ ਮੇਨ ਸਟਰੀਟ ‘ਤੇ ਜਾਂਦਾ ਹਾਂ। ਮੈਂ ਖ੍ਰੀਦਦਾਰੀ ਨਹੀਂ ਕਰ ਸਕਦਾਂ। ਪਰ ਤਿੰਨ ਸਾਲ ਪਹਿਲਾਂ ਮੈਂ ਕਰ ਸਕਦਾ ਸੀ। ਲੋਕ ਮੇਰੇ ਕੋਲ ਆਉਂਦੇ ਸਨ ਅਤੇ ਗੱਲਬਾਤ ਕਰਦੇ ਸਨ। ਇਹ ਨਹੀਂ ਸੀ ਕਿ ਉਹ ਮੈਨੂੰ ਅਣਗੌਲਿਆ ਕਰਦੇ ਸਨ। ਪਰ ਫਿਰ ਵੀ ਤੁਸੀਂ ਅੱਗੇ ਵੱਧ ਸਕਦੇ ਸੀ। ਪਰ ਹੁਣ ਇਹ ਅਸੰਭਵ ਹੈ। ਮੈਂ ਆਪਣੇ ਬੇਟੀ ਨਾਲ ਉੱਥੇ ਗਿਆ ਸੀ, ਉਹਦੇ ਲਈ ਇਕ ਡਾਂਸ ਲਈ ਲਹਿੰਗਾ ਲੈਣ। ਮੈਂ ਸਟੋਰ ਵਿੱਚ ਦਾਖਲ ਨਾ ਹੋ ਸਕਿਆ। ਲੋਕ ਮੇਰੇ ਨਾਲ ਗੱਲਾਂ ਕਰਦੇ ਰਹੇ, ਬੱਚੇ ਆਟੋਗ੍ਰਾਫ ਮੰਗ ਰਹੇ ਸਨ, ਲੋਕ ਤਸਵੀਰਾਂ ਖਿਚਾਉਣੀਆਂ ਚਾਹੁੰਦੇ ਸਨ, ਕਈ ਲੋਕ ਬੱਸ ਮੇਰੇ ਨਾਲ ਗੱਲਾਂ ਹੀ ਕਰਨੀਆਂ ਚਾਹੁੰਦੇ ਸਨ, ਅਤੇ ਕਈ ਹੋਰ ਮੇਰਾ ਧੰਨਵਾਦ ਕਰਨਾ ਚਾਹੁੰਦੇ ਸਨ, ਉਨ੍ਹਾਂ ਕੰਮਾਂ ਲਈ ਜਿਹੜੇ ਕੰਮ ਅਸੀਂ ਸਰਕਾਰ ਵਜੋਂ ਕੀਤੇ ਸਨ।
ਇਹ ਰਿਸ਼ਤਾ ਬਦਲ ਗਿਆ ਹੈ, ਪਰ ਮੈਨੂੰ ਇਹ ਨਹੀਂ ਪਤਾ ਕਿ ਕਿਉਂ।

ਸਵਾਲ: ਕੀ ਤੁਹਾਡੇ ਪਾਸਿਓਂ ਵੀ ਰਿਸ਼ਤੇ ਵਿੱਚ ਤਬਦੀਲੀ ਆਈ ਹੈ? ਤੁਸੀਂ ਪਹਿਲਾਂ ਦੇ ਮੁਕਾਬਲੇ ਕਮਿਊਨਿਟੀ ਵਿੱਚ ਹੋਰ ਸਮਾਂ ਲਾਉਣ ਲੱਗੇ ਹੋ ਅਤੇ ਉਸ ਵਿੱਚ ਹੋਰ ਜ਼ਿਆਦਾ ਸਰਗਰਮ ਹੋ ਗਏ ਹੋ?
ਜਵਾਬ: ਹਾਂ ਮੈਂ ਕਮਿਊਨਿਟੀ ਵਿੱਚ ਹੋਰ ਹਿੱਸਾ ਲੈਣ ਲੱਗ ਪਿਆ ਹਾਂ, ਇਹ ਐੱਮ ਐੱਲ ਏ ਹੋਣ ਦੀ ਅਸਲੀਅਤ ਹੈ। ਸਿਰਫ ਉਸ ਸੰਦਰਭ ਵਿੱਚ। ਮੈ ਨਹੀਂ ਸਮਝਦਾ ਕਿ ਮੇਰੀ ਕਿਸੇ ਚੀਜ਼ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਆਈ ਹੈ। ਦੁਨੀਆ ਤੁਹਾਡੇ ਬਾਰੇ ਜਿਸ ਤਰ੍ਹਾਂ ਦੇਖਦੀ ਹੈ, ਉਸ ਵਿੱਚ ਤਬਦੀਲੀ ਹੁੰਦੀ ਹੈ।

ਸਵਾਲ: ਮੈਂ ਇਹ ਸਵਾਲ ਇਸ ਲਈ ਪੁੱਛ ਰਿਹਾ ਹਾਂ, ਕਿ ਐਥਨਿਕ ਉਮੀਦਵਾਰਾਂ ਉੱਪਰ ਇਕ ਅਧਿਐਨ ਹੋਇਆ ਹੈ, ਉਸ ਅਧਿਐਨ ਦਾ ਕਹਿਣਾ ਹੈ ਕਿ ਜਦੋਂ ਕੋਈ ਵਿਜ਼ੀਵਲ ਐਥਨਿਕ ਘੱਟ ਗਿਣਤੀ ਦਾ ਉਮੀਦਵਾਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਆਪਣੀ ਕਮਿਊਨਿਟੀ ਨਾਲ ਲਿੰਕ ਕਮਜ਼ੋਰ ਹੋ ਜਾਂਦਾ ਹੈ। ਕੀ ਤੁਹਾਡੇ ਮਾਮਲੇ ਵਿੱਚ ਵੀ ਇਹੋ ਜਿਹਾ ਕੁਝ ਹੋਇਆ ਹੈ?
ਜਵਾਬ: ਪਹਿਲੀ ਗੱਲ ਇਹ ਯਾਦ ਰੱਖਣ ਵਾਲੀ ਹੈ ਕਿ ਮੈਂ ਉਸ ਹਲਕੇ ਤੋਂ ਚੁਣਿਆ ਗਿਆ ਹਾਂ, ਜਿਸ ਵਿੱਚ ਘੱਟ ਗਿਣਤੀ ਦੇ ਲੋਕ ਹੈ ਹੀ ਨਹੀਂ। ਸਪਸ਼ਟ ਰੂਪ ਵਿੱਚ ਘੱਟ ਗਿਣਤੀ ਦੇ ਲੋਕ ਹੈ ਹੀ ਨਹੀਂ। ਇਸ ਲਈ ਉਸ ਨਜ਼ਰ ਤੋਂ ਕੋਈ ਲਿੰਕ ਹੈ ਹੀ ਨਹੀਂ।

ਦੂਸਰੀ ਗੱਲ, ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ, ਮੈਨੂੰ ਪਤਾ ਨਹੀਂ ਇਹ ਚੀਜ਼ ਕੀ ਹੈ, ਮੈਨੂੰ ਪਤਾ ਨਹੀਂ ਇਹ ਕਿਉਂ ਹੈ, ਇਮਾਨਦਾਰੀ ਨਾਲ ਮੈਨੂੰ ਪਤਾ ਨਹੀਂ, ਪਰ ਮੈਂ ਦੇਖ ਸਕਦਾ ਹਾਂ ਕਿ ਮੇਰੇ ਨਾਲ ਇਕ ਵੱਖਰੀ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ। ਇਕ ਵਾਰ ਫਿਰ ਮੈਂ ਮੂਰਖ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਇਕ ਸਿਆਸਤਦਾਨ ਨੂੰ ਭਰਮ ਹੋ ਸਕਦਾ ਹੈ ਕਿ ਉਹ ਬਹੁਤ ਪਾਪੂਲਰ ਹੈ। ਪਰ ਮੈਂ ਇਸ ਤਰ੍ਹਾਂ ਨਹੀਂ ਕਰ ਰਿਹਾ। ਸਾਡੇ ਵਿੱਚ ਇਕ ਚੰਗਾ ਰਿਸ਼ਤਾ ਹੈ। ਇਹ ਇਕ ਵੱਖਰੀ ਕਿਸਮ ਦਾ ਰਿਸ਼ਤਾ ਹੈ। ਮੈਂ ਇਸ ਨੂੰ ਨੋਟ ਕੀਤਾ ਹੈ। ਅਤੇ ਮੈਨੂੰ ਪਤਾ ਨਹੀਂ ਇਹ ਕਿਉਂ ਹੈ। ਮੈਂ ਜੋ ਕੁੱਝ ਵੀ ਹਾਂ, ਮੈਨੂੰ ਉਸ ‘ਤੇ ਬਹੁਤ ਮਾਣ ਹੈ। ਮੈਨੂੰ ਆਪਣੇ ਐਥਨਿਕ ਪਿਛੋਕੜ ‘ਤੇ ਬਹੁਤ ਮਾਣ ਹੈ, ਆਪਣੇ ਸਭਿਆਚਾਰ ‘ਤੇ ਬਹੁਤ ਮਾਣ ਹੈ, ਆਪਣੇ ਧਰਮ ‘ਤੇ ਬਹੁਤ ਮਾਣ ਹੈ ਅਤੇ ਮੈਂ ਇਸ ਦਾ ਪ੍ਰਗਟਾਵਾ ਕਰਦਾ ਹਾਂ। ਮੈਂ ਲੋਕਾਂ ਨੂੰ ਇਸ ਬਾਰੇ ਦਸਦਾ ਹਾਂ। ਮੇਰਾ ਖਿਆਲ ਹੈ ਜਦੋਂ ਉਹ ਦੇਖਦੇ ਹਨ ਕਿ ਮੈਂ ਜੋ ਕੁਝ ਹਾ, ਮੈਨੂੰ ਉਸ ‘ਤੇ ਮਾਣ ਹੈ, ਤਾਂ ਇਸ ਨਾਲ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਵੀ ਜੋ ਕੁੱਝ ਉਹ ਹਨ, ਉਸ ‘ਤੇ ਮਾਣ ਹੋਣਾ ਚਾਹੀਦਾ ਹੈ।

ਸ਼ਾਇਦ ਇਸ ਕਰਕੇ ਕਿ ਮੈਂ ਇਸ ਤਰ੍ਹਾਂ ਦਾ ਸੁਨੇਹਾ ਪਹੁੰਚਾਉਣ ਲਈ ਬਹੁਤ ਜ਼ਿਆਦਾ ਸਮਾਂ ਲਾਉਂਦਾ ਹਾਂ, ਸ਼ਾਇਦ ਇਸ ਕਰਕੇ ਲੋਕ ਤੁਹਾਡੇ ਨਾਲ ਵੱਖਰੀ ਤਰ੍ਹਾਂ ਸਲੂਕ ਕਰਦੇ ਹਨ। ਮੈਨੂੰ ਪਤਾ ਨਹੀਂ ਕਿਹੜੀ ਗੱਲ ਹੈ, ਲਿੰਕ ਕਮਜ਼ੋਰ ਨਹੀਂ ਹੋਇਆ। ਸ਼ਾਇਦ ਮੇਰੀ ਸਥਿਤੀ ਅਧਿਐਨ ਦੇ ਨਤੀਜਿਆਂ ਦੇ ਉਲਟ ਜਾਂਦੀ ਹੈ, ਇਹ ਇਕ ਚੰਗੀ ਗੱਲ ਹੈ।

ਸਵਾਲ: ਤੁਸੀਂ ਕਮਿਊਨਿਟੀ ਲਈ ਕੀ ਕੀਤਾ ਹੈ। ਤੁਸੀਂ ਕੁਝ ਗੱਲਾਂ ਬਾਰੇ ਗੱਲ ਕੀਤੀ ਹੈ, ਜਿਵੇਂ: ਸਕੁਲਾਂ ਵਿੱਚ ਪੰਜਾਬੀ ਲਾਉਣਾ, ਗੁਰਦਵਾਰੇ ਲਈ ਮਿਲੀਅਨ ਡਾਲਰ ਦੇਣਾ…
ਜਵਾਬ: ਯਾਦ ਰੱਖਣ ਵਾਲੀ ਗੱਲ ਹੈ, ਮੈਂ ਹਿਊਮਨ ਰਾਈਟਸ ਕੋਡ ਵਿੱਚ ਤਬਦੀਲੀਆਂ ਲਿਆਂਦੀਆਂ। ਵਿਤਕਰੇ ਨਾਲ ਨਿਪਟਣ ਲਈ ਅਤੇ ਪ੍ਰੈੱਸ ਵਿਚਲੇ ਵਿਤਕਰੇ ਨਾਲ ਨਿਪਟਣ ਲਈ। ਡਗ ਕਾਲਿਨਜ਼ ਵਰਗੇ ਕੇਸਾਂ ਵਿੱਚ। ਇਸ ਲਈ ਮੈਂ ਹਿਊਮਨ ਰਾਈਟਸ ਕੋਡ ਵਿੱਚ ਬੁਨਿਆਦੀ ਤਬਦੀਲੀਆਂ ਲਿਆਂਦੀਆਂ।

ਅਤੇ ਇਸ ਤੋਂ ਬਾਅਦ ਗੁਰਦਵਾਰਿਆਂ ਨੂੰ ਗਰਾਂਟਾਂ ਦਿੱਤੀਆਂ। ਫਿਰ ਮਲਟੀਕਲਚਰਲ ਪਾਲਸੀ ਲਿਆਂਦੀ ਜਿਹੜੀ ਹਰ ਮਨਿਸਟਰੀ ਅਤੇ ਹਰ ਕਰਾਉਨ ਕਾਰਪੋਰੇਸ਼ਨ ਨੂੰ ਹੁਕਮ ਕਰਦੀ ਸੀ ਕਿ ਉਹ ਰਿਪੋਰਟ ਦੇਣ ਕਿ ਉਹ ਹਾਇਰਿੰਗ ਨਾਲ ਸੰਬੰਧਤ ਆਪਣੀਆਂ ਪਾਲਸੀਆਂ ਬਾਰੇ ਕੀ ਕਰ ਰਹੇ ਹਨ। ਫਿਰ ਇਹ ਰਿਪੋਰਟ ਪ੍ਰਵਾਨਗੀ ਲਈ ਕੈਬਨਿਟ ਕੋਲ ਜਾਂਦੀ ਹੈ, ਅਤੇ ਜੇ ਉਹ ਆਪਣੇ ਨਿਸ਼ਾਨਿਆਂ ਨੂੰ ਪੂਰਾ ਨਹੀਂ ਕਰਦੀਆਂ ਤਾਂ ਉਹਨਾਂ ਇਸ ਬਾਰੇ ਹੋਰ ਕੰਮ ਕਰਨ ਦੀ ਲੋੜ ਹੈ। ਮੈਂ ਸਕੂਲਾਂ ਵਿੱਚ ਪੰਜਾਬੀ ਲਿਆਂਦੀ, ਜਿਸ ‘ਤੇ ਮੈਨੂੰ ਸ਼ਾਇਦ ਸਭ ਤੋਂ ਜ਼ਿਆਦਾ ਮਾਣ ਹੈ। ਅਤੇ ਫਿਰ ਜਦੋਂ ਆਰ ਸੀ ਐੱਮ ਪੀ ਵਿੱਚ ਪੱਗ ਦੇ ਮਾਮਲੇ ਦੇ ਸੰਬੰਧ ਵਿੱਚ ਸਾਡੀ ਕਮਿਊਨਿਟੀ ‘ਤੇ ਹਮਲੇ ਹੋ ਰਹੇ ਸਨ ਤਾਂ ਮੈਂ ਉਹਨਾਂ ਲੋਕਾਂ ਦਾ ਜਨਤਕ ਪੱਧਰ ‘ਤੇ ਜੁਆਬ ਦੇਣ ਤੋਂ ਗੁਰੇਜ ਨਹੀਂ ਕੀਤਾ। ਅਤੇ ਇਹ ਕਮਿਊਨਿਟੀ ਦੀ ਰੱਖਿਆ ਕਰਨ ਵਾਲੀ ਗੱਲ ਸੀ। ਸਰਕਾਰ ਵਜੋਂ ਅਸੀਂ ਪੁਲੀਸ ਬਾਰੇ ਇਹ ਪਾਲਸੀ ਲਿਆਂਦੀ। ਸਾਡੀ ਸਿਆਸੀ ਪਾਰਟੀ ਵਿੱਚ ਪੁਲਿਸ ਅਫਸਰਾਂ ਬਾਰੇ ਕੋਈ ਵਿਵਾਦ ਨਹੀਂ ਹੈ।

ਜਦੋਂ ਮੈਂ ਪਹਿਲੀ ਵਾਰ ਲੇਬਰ ਮਨਿਸਟਰ ਬਣਿਆ ਤਾਂ ਉਸ ਸਮੇਂ ਫਾਰਮਵਰਕਰਾਂ ਕੋਲ ਸੁਰੱਖਿਆ ਨਹੀਂ ਸੀ। ਉਹ ਡਬਲਿਊ ਸੀ ਬੀ (ਵਰਕਰਜ਼ ਕੰਪਨਸੇਸ਼ਨ ਬੋਰਡ) ਅਧੀਨ ਨਹੀਂ ਆਉਂਦੇ ਸਨ। ਮੈਂ ਉਹ ਨੀਤੀ ਲਿਆਂਦੀ ਅਤੇ ਮੈਨੂੰ ਇਸ ‘ਤੇ ਬਹੁਤ ਮਾਣ ਹੈ ਕਿਉਂਕਿ ਉਹ ਸਮਾਜ ਦੇ ਸਭ ਤੋਂ ਵੱਧ ਨਿਤਾਣੇ ਲੋਕ ਹਨ, ਅਤੇ ਮੈਂ ਵਰਕਰਜ਼ ਕੰਪਨਸੇਸ਼ਨ ਐਕਟ ਦੀਆਂ ਧਾਰਾਂਵਾਂ ਵਿੱਚ ਤਬਦੀਲੀ ਲਿਆਂਦੀ। ਮੈਂ ਜੇ ਸੈਂਕੜੇ ਨਹੀਂ ਤਾਂ ਦਰਜਨਾਂ ਹੀ ਇੰਡੋਕੈਨੇਡੀਅਨ ਲੋਕਾਂ ਨੂੰ ਕਈ ਤਰ੍ਹਾਂ ਦੇ ਬੋਰਡਾਂ ‘ਤੇ ਨਿਯੁਕਤ ਕੀਤਾ। ਮੈਂ ਇਹ ਕੰਮ ਬੜੇ ਮਾਣ ਨਾਲ ਕੀਤਾ ਅਤੇ ਮੈਂ ਉਨ੍ਹਾਂ ਲੋਕਾਂ ਨੂੰ ਨਿਯੁਕਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਕਾਬਲ ਸਨ। ਹਰਬ ਧਾਲੀਵਾਲ ਨੂੰ ਬੀ ਸੀ ਹਾਇਡਰੋ ਦੇ ਬੋਰਡ ‘ਤੇ ਨਿਯੁਕਤ ਕੀਤਾ। ਮੈਂ ਗੁਰਮੇਲ ਗਿੱਲ ਨੂੰ (ਜੱਜ ਦੇ ਤੌਰ ‘ਤੇ) ਨਿਯੁਕਤ ਕੀਤਾ। ਅਤੇ ਫਿਰ ਮੈਂ ਉਸ ਨੂੰ ਵਰਕਰਜ਼ ਕੰਪਨਸੇਸ਼ਨ ਬੋਰਡ ਬਾਰੇ ਬਿਠਾਏ ਰੌਇਲ ਕਮਿਸ਼ਨ ਦੀ ਚੇਅਰ ਵਜੋਂ ਨਿਯੁਕਤ ਕੀਤਾ।

ਜਦੋਂ ਮੈਂ ਦੇਖਾਂ ਕਿ ਆਪਣੇ ਲੋਕਾਂ ਵਲੋਂ ਆਪਣੀ ਯੋਗਤਾ ਦਿਖਾਉਣ ਦਾ ਕੋਈ ਮੌਕਾ ਹੈ ਤਾਂ ਮੈਂ ਉਨ੍ਹਾਂ ਨੁੰ ਮੌਕਾ ਦਿੰਦਾ ਹਾਂ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਉਨ੍ਹਾਂ ਲੋਕਾਂ ਨੂੰ ਅੱਗੇ ਲਿਆਵਾਂ ਜਿਹਨਾਂ ਕੋਲ ਯੋਗਤਾ ਹੈ ਤਾਂ ਕਿ ਉਹ ਫੇਲ੍ਹ ਨਾ ਹੋਣ।

ਇਸ ਤਰ੍ਹਾਂ ਕੀਤੇ ਕੰਮਾਂ ਦੀ ਇਕ ਲੰਬੀ ਲਿਸਟ ਹੈ। ਪਰ ਉਹ ਸਿਰਫ ਚੀਜ਼ਾਂ ਹਨ। ਪਰ ਜਦੋਂ ਕੋਈ ਅਜਿਹਾ ਮੌਕਾ ਹੁੰਦਾ ਹੈ ਜਦੋਂ ਲਗਦਾ ਹੈ ਕਿ ਕਮਿਊਨਿਟੀ ਨਿਰਾਸ਼ ਮਹਿਸੂਸ ਕਰ ਰਹੀ ਹੈ ਤਾਂ ਮੈਂ ਉਨ੍ਹਾਂ ਦੇ ਹੱਕ ਵਿੱਚ ਖੜ੍ਹਦਾ ਹਾਂ। ਪਿਛਲੇ ਮਹੀਨੇ ਵਿੱਚ ਟੈਕਸੀਆਂ ਦੇ ਮਾਮਲੇ ਬਾਰੇ ਹੀ ਗੱਲ ਕੀਤੀ ਜਾ ਸਕਦੀ ਹੈ। ਕਈ ਤਰ੍ਹਾਂ ਦਾ ਫੀਡਬੈਕ ਮਿਲ ਰਿਹਾ ਸੀ ਕਿ ਸਿਆਸਤਦਾਨ ਕਿੱਥੇ ਚਲੇ ਗਏ ਹਨ? ਤਾਂ ਮੈਂ ਅੱਗੇ ਆਇਆ ਅਤੇ ਉਨ੍ਹਾਂ ਦੀ ਨੁਮਾਇੰਦਗੀ ਕੀਤੀ। ਅਤੇ ਸਿੱਖਾਂ ਲਈ ਸਾਇਕਲਾਂ ‘ਤੇ ਹੈਲਮੈੱਟ ਨਾ ਪਹਿਨਣ ਦੀ ਛੋਟ ਅੱਗੇ ਲਿਆਂਦੀ। ਸਿੱਖਾਂ ਨੂੰ ਸਾਈਕਲ ਚਲਾਉਂਦਿਆਂ ਹੈਲਮੈੱਟ ਪਹਿਨਣ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਲਿਸਟ ਕਾਫੀ ਲੰਮੀ ਹੈ ਅਤੇ ਮੈਨੂੰ ਇਸ ‘ਤੇ ਮਾਣ ਹੈ। ਕੋਈ ਹੋਰ ਇਸ ਤਰ੍ਹਾਂ ਦੇ ਰਿਕਾਰਡ ਦਾ ਮੁਕਾਬਲਾ ਨਹੀਂ ਕਰ ਸਕਦਾ।

ਹੁਣ ਸਵਾਲ ਉੱਠਦਾ ਹੈ ਕਿ ਇਸ ਤਰ੍ਹਾਂ ਦਾ ਰਿਕਾਰਡ ਕਿਉਂ ਹੈ? ਰਿਕਾਰਡ ਮੋਅ ਸਹੋਤੇ ਕਰਕੇ ਨਹੀਂ ਹੈ। ਸਪਸ਼ਟ ਹੈ ਕਿ ਮੈਂ ਉਸ ਰਿਕਾਰਡ ਬਾਰੇ ਗੱਲ ਕਰਾਂਗਾ। ਅਤੇ ਮੈਨੂੰ ਇਸ ‘ਤੇ ਮਾਣ ਹੈ। ਪਰ ਇਹ ਗੱਲ ਤੁਹਾਡੀਆਂ ਜੜ੍ਹਾਂ ਵੱਲ ਜਾਂਦੀ ਹੈ। ਜੇ ਤੁਸੀਂ ਜਾਣਦੇ ਹੋਵੋ ਕਿ ਤੁਸੀਂ ਕੌਣ ਹੋ, ਜੇ ਤੁਸੀਂ ਜਾਣਦੇ ਹੋਵੋ ਕਿ ਤੁਹਾਡੀ ਕਮਿਊਨਿਟੀ ਨੂੰ ਕਿਨ੍ਹਾਂ ਚੀਜ਼ਾਂ ‘ਤੇ ਮਾਣ ਹੈ, ਫਿਰ ਉਨ੍ਹਾਂ ਚੀਜ਼ਾਂ ਦੀ ਨਿਸ਼ਾਨਦੇਹੀ ਕਰਨਾ ਅਤੇ ਉਨ੍ਹਾਂ ਨੂੰ ਲਾਗੂ ਕਰਨਾ ਏਨਾ ਔਖਾ ਨਹੀਂ। ਅਤੇ ਮੈਂ ਸਮਝਦਾ ਹਾਂ ਕਿ ਜੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਹੋਵੇ ਤਾਂ ਤੁਸੀਂ ਸਹੀ ਕੰਮ ਕਰੋਗੇ।

ਸਵਾਲ: ਤੁਸੀਂ ਪਹਿਲੀ ਵਾਰ 1986 ਵਿੱਚ ਚੋਣ ਜਿੱਤੇ, ਅਤੇ ਇਹ ਉਹ ਸਮਾਂ ਸੀ ਜਦੋਂ ਇੰਡੋਕੈਨੇਡੀਅਨ ਕਮਿਊਨਿਟੀ ਵਿੱਚ ਪੰਜਾਬ ਦੀ ਸਥਿਤੀ ਕਰਕੇ ਬਹੁਤ ਸਾਰੀ ਸਿਆਸਤ ਚਲਦੀ ਸੀ ਅਤੇ ਕਮਿਊਨਿਟੀ ਵਿੱਚ ਬਹੁਤ ਸਾਰੇ ਵੱਖਰੇਵੇਂ ਸਨ। ਇਸ ਸਥਿਤੀ ਨੇ ਤੁਹਾਡੇ ‘ਤੇ ਕਿਸੇ ਤਰ੍ਹਾਂ ਦਾ ਅਸਰ ਪਾਇਆ ਜਾਂ ਤੁਸੀਂ ਇਸ ਨਾਲ ਕਿਸ ਤਰ੍ਹਾਂ ਨਜਿੱਠਿਆ?
ਜਵਾਬ: ਇਹ ਵੀ ਬੜੀ ਅਜੀਬ ਗੱਲ ਹੈ। ਮੇਰੇ ਕੋਲ ਦੋਨੋ ਧਿਰਾਂ ਆਉਂਦੀਆਂ ਸਨ ਅਤੇ ਕਹਿੰਦੀਆਂ ਸਨ ਕਿ ਤੂੰ ਇਸ ਵਿੱਚ ਨਹੀਂ ਆਉਣਾ। ਅਸੀਂ ਇਸ ਨੂੰ ਆਪ ਹੀ ਨਜਿੱਠ ਲਵਾਂਗੇ। ਤੇਰੀ ਥਾਂ ਵੱਖਰੀ ਹੈ। ਤੈਨੂੰ ਵਿਕਟੋਰੀਆ ਵਿੱਚ ਵਾਪਰਦੀਆਂ ਚੀਜ਼ਾਂ ਵੱਲ ਧਿਆਨ ਦੇਣਾ ਪੈਣਾ ਹੈ। ਤੂੰ ਇਕ ਐੱਮ ਐੱਲ ਏ ਹੈਂ। ਹਰ ਕੋਈ ਤੇਰਾ ਸਮਰਥਨ ਕਰਦਾ ਹੈ। ਸੋ ਮੈਨੂੰ ਇਸ ਤਰ੍ਹਾਂ ਦੀਆਂ ਸਲਾਹਾਂ ਮਿਲਦੀਆਂ ਸਨ। ਇਸ ਲਈ ਮੈਂ ਇਸ ਤੋਂ ਬਾਹਰ ਹੀ ਰਿਹਾ। ਇਹ ਸਲਾਹ ਮੈਨੂੰ ਵਾਰ ਵਾਰ ਮਿਲਦੀ ਰਹੀ। ਜਦੋਂ ਮੈਂ ਪੰਜਾਬ ਨੂੰ ਗਿਆ। ਮੈਂ 1991 ਵਿੱਚ ਗਿਆ। ਸਰਕਾਰ ਦੇ ਇਕ ਪ੍ਰਤੀਨੱਧ ਨਾਲ ਮੈਂ ਇਹ ਗੱਲਾਂ ਕੀਤੀਆਂ। ਪਰ ਮੈਂ ਇਹਨਾਂ ਨੂੰ ਬ੍ਰਾਡਕਾਸਟ ਨਹੀਂ ਕੀਤਾ। ਮੈਂ ਨਹੀਂ ਸਮਝਿਆ ਕਿ ਮੈਨੂੰ ਅਜਿਹਾ ਕਰਨ ਦੀ ਲੋੜ ਹੈ, ਲੋਕਾਂ ਅੱਗੇ ਆਪਣਾ ਕੇਸ ਪੇਸ਼ ਕਰਨ ਦੀ, ਪ੍ਰਾਈਵੇਟ ਢੰਗ ਨਾਲ ਕੀਤੀ ਗੱਲ ਬਾਰੇ।

ਪਰ ਮੈਂ ਦੂਜੇ ਲੋਕਾਂ ਵਾਂਗ ਕਦੇ ਵੀ ਉਸ ਮਾਮਲੇ ਵਿੱਚ ਨਹੀਂ ਪਿਆ। ਮੇਰੇ ‘ਤੇ ਅਜਿਹਾ ਨਾ ਕਰਨ ਲਈ ਕਮਿਊਨਿਟੀ ਵਲੋਂ ਦਬਾਅ ਸੀ। ਕਈ ਵਾਰ ਇਕ ਹੀ ਦਿਨ ਵਿੱਚ ਇਕ ਦੂਜੇ ਤੋਂ ਮਿੰਟਾਂ ਬਾਅਦ ਹੀ ਦੋਨੋ ਧਿਰਾਂ ਦੇ ਲੋਕ ਮੇਰੇ ਕੋਲ ਆਉਂਦੇ ਸਨ ਅਤੇ ਕਹਿੰਦੇ ਸਨ, ਮੋਅ ਤੂੰ ਇਸ ਗੱਲ ਤੋਂ ਬਾਹਰ ਰਹਿ, ਸਾਨੂੰ ਇਸ ਨਾਲ ਆਪ ਹੀ ਨਿਪਟ ਲੈਣ ਦੇ। ਤੇਰੀ ਸਥਿਤੀ ਵੱਖਰੀ ਹੈ। ਇਹ ਸ਼ਬਦ ਹਰ ਵੇਲੇ ਕਹੇ ਜਾਂਦੇ ਸਨ। ਤੇਰੀ ਸਥਿਤੀ ਵੱਖਰੀ ਹੈ। ਤੈਨੂੰ ਇਸ ਵਿੱਚ ਸ਼ਾਮਲ ਹੋਣ ਦੀ ਲੋੜ ਨਹੀਂ ਹੈ। ਇਹ ਇਕ ਤਰ੍ਹਾਂ ਨਾਲ ਅਜੀਬ ਗੱਲ ਸੀ।

ਸਵਾਲ: ਬੀ ਸੀ ਅਤੇ ਕੈਨੇਡਾ ਵਿੱਚ ਅਤੇ ਇਸ ਸਮਾਜ ਵਿੱਚ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਗੱਲ ਕਿਹੜੀ ਹੈ?
ਜਵਾਬ: ਮੇਰਾ ਖਿਆਲ ਹੈ ਕਿ ਗੱਲ ਸਾਫ ਹੀ ਹੈ, ਕਿਉਂਕਿ ਉਨ੍ਹਾਂ ਥੀਮਾਂ ਨਾਲ ਰਲਦੀ ਮਿਲਦੀ ਹੈ, ਅਤੇ ਮੈਂ ਤੁਹਾਨੂੰ ਕੁਝ ਪਾਲਸੀ ਦੀਆਂ ਉਦਾਹਰਨਾਂ ਵੀ ਦੇਵਾਂਗਾ।

ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਇਹ ਨਾ ਭੁੱਲੋ ਕਿ ਤੁਸੀਂ ਕਿੱਥੋਂ ਆਏ ਹੋ। ਇਸ ‘ਤੇ ਮਾਣ ਕਰੋ। ਮੈਂ ਇਹ ਗੱਲ ਆਪਣੀ ਕਮਿਊਨਿਟੀ ਵਿੱਚ ਵਾਰ ਵਾਰ ਕਹੀ ਹੈ। ਇਸ ਗੱਲ ‘ਤੇ ਮਾਣ ਕਰੋ ਕਿ ਤੁਸੀਂ ਕੌਣ ਹੋ, ਆਪਣੇ ਸਭਿਆਚਾਰ, ਆਪਣੀਆਂ ਕਦਰਾਂ ਕੀਮਤਾਂ ਅਤੇ ਆਪਣੀਆਂ ਪਰੰਪਰਾਂਵਾਂ ‘ਤੇ ਮਾਣ ਕਰੋ।

ਪਾਲਸੀ ਦੀ ਨੁਕਤਾ ਨਿਗ੍ਹਾ ਤੋਂ, ਮੇਰੇ ਖਿਆਲ ਵਿੱਚ ਅੱਜ ਦੇ ਸਮੇਂ ਵਿੱਚ ਸਮਾਜ ਦਾ ਸਭ ਤੋਂ ਔਖਾ ਮਸਲਾ ਹੈ ਵਾਤਾਵਰਨ ਦੀ ਸੁਰੱਖਿਆ। ਇਸ ਬਾਰੇ ਉਨੀ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ ਜਿੰਨੀ ਜ਼ਿਆਦਾ ਗੱਲ ਕਰਨ ਦੀ ਲੋੜ ਹੈ। ਵਾਤਾਵਰਨ ਦੀ ਸੁਰੱਖਿਆ ਬਾਰੇ ਮੇਰੇ ਮਨ ਵਿੱਚ ਬਹੁਤ ਉਤਸ਼ਾਹ ਹੈ। ਇਨ੍ਹਾਂ ਦਿਨਾਂ ਵਿੱਚ ਮੈਂ ਕੈਬਨਿਟ ਵਿੱਚ ਨਹੀਂ ਹਾਂ, ਅਤੇ ਮੈਂ ਜੋ ਵੀ ਕਰਦਾ ਹਾਂ, ਮੈਂ ਆਪਣਾ ਬਹੁਤ ਸਾਰਾ ਸਮਾਂ ਇਨਵਾਇਰਮੈਂਟ ਨਾਲ ਸੰਬੰਧਤ ਤਕਨੌਲੌਜੀ ਦੀਆਂ ਕੰਪਨੀਆਂ ਨਾਲ ਕੰਮ ਕਰਦਾ ਹਾਂ, ਇੰਡੀਆ ਵਿੱਚ ਪੈਰ ਜਮਾਉਣ ਵਿੱਚ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਕਿਉਂਕਿ ਹੁਣ ਤੁਸੀਂ ਪੰਜਾਬ ਜਾ ਕੇ ਨਲਕੇ ਦਾ ਪਾਣੀ ਨਹੀਂ ਪੀ ਸਕਦੇ। ਬੜਾ ਬੁਰਾ ਹਾਲ ਹੈ।
ਜਿਸ ਢੰਗ ਨਾਲ ਅਸੀਂ ਧਰਤੀ ਦੀ ਚਾਦਰ ਦਾ ਨੁਕਸਾਨ ਕਰ ਰਹੇ ਹਾਂ, ਉਸ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ। ਪਰ ਜਦੋਂ ਮੈਂ ਇਨਵਾਇਰਮੈਂਟ ਵਿਭਾਗ ਵਿੱਚ ਗਿਆ, ਮੇਰੇ ‘ਤੇ ਇਸ ਗੱਲ ਨੇ ਬਹੁਤ ਅਸਰ ਪਾਇਆ ਹੈ। ਅਸੀਂ ਧਰਤੀ ਦਾ ਕੋਈ ਮੁੱਲ ਨਹੀਂ ਪਾ ਰਹੇ ਅਤੇ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।

ਦੂਸਰੀ ਗੱਲ, ਸਮਾਜਕ ਨਜ਼ਰੀਏ ਤੋਂ ਜੋ ਮਹੱਤਵਪੂਰਨ ਹੈ, ਉਹ ਹੈ ਸਾਡੇ ਸਿਹਤ ਸੰਭਾਲ ਪ੍ਰਬੰਧ ਦਾ ਭਵਿੱਖ। ਸਾਡੀ ਅਬਾਦੀ ਬੁੱਢੀ ਹੋ ਰਹੀ ਹੈ, ਅਤੇ ਸਿਹਤ ਸੰਭਾਲ ਪ੍ਰਬੰਧ ‘ਤੇ ਕਾਫੀ ਭਾਰ ਪਾ ਰਹੀ ਹੈ। ਬੱਜਟਾਂ ਦੇ ਘਾਟੇ ਅਤੇ ਕਰਜ਼ਿਆਂ ਦੇ ਹੁੰਦਿਆਂ ਹੋਇਆਂ ਸਰਕਾਰ ਲਈ ਵਧੀਆ ਕੁਆਲਟੀ ਦਾ ਪ੍ਰਬੰਧ ਰੱਖਣਾ ਬਹੁਤ ਬਹੁਤ ਮੁਸ਼ਕਿਲ ਹੋਈ ਜਾ ਰਿਹਾ ਹੈ। ਅਤੇ ਮੇਰੇ ਖਿਆਲ ਵਿੱਚ ਭਵਿੱਖ ਵਿੱਚ ਸਰਕਾਰਾਂ ਲਈ ਪਾਲਸੀ ਦੀ ਪੱਧਰ ‘ਤੇ ਇਹ ਸਭ ਤੋਂ ਵੱਡੀ ਚੁਣੌਤੀ ਹੋਵੇਗੀ।

ਸਵਾਲ: ਇੰਡੋਕੈਨੇਡੀਅਨ ਕਮਿਊਨਿਟੀ ਦੇ ਸੰਬੰਧ ਵਿੱਚ ਕੋਈ ਖਾਸ ਚੀਜ਼? ਇੰਡੋਕੈਨੇਡੀਅਨ ਕਮਿਊਨਿਟੀ ਦੇ ਸੰਬੰਧ ਵਿੱਚ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਗੱਲ ਕਿਹੜੀ ਹੈ?
ਜਵਾਬ: ਜਿਵੇਂ ਮੈਂ ਕਿਹਾ ਹੈ ਕਿ ਕਦੇ ਵੀ ਨਾ ਭੁੱਲੋ ਕਿ ਤੁਸੀਂ ਕਿੱਥੋਂ ਆਏ ਹੋ। ਕਦੇ ਵੀ ਨਾ ਭੁੱਲੋ ਕਿ ਤੁਸੀਂ ਕੌਣ ਹੋ। ਜੋ ਕੁੱਝ ਵੀ ਤੁਸੀਂ ਹੋ, ਉਸ ਉੱਤੇ ਮਾਣ ਕਰੋ। ਤੁਸੀਂ ਪਹਿਲਾਂ ਲਿੰਕ ਕਮਜ਼ੋਰ ਹੋਣ ਬਾਰੇ ਗੱਲ ਕਰਨ ਵਾਲੇ ਅਧਿਐਨਾਂ ਬਾਰੇ ਗੱਲ ਕੀਤੀ ਹੈ। ਇਕ ਵਾਰ ਦੀ ਇਹ ਗੱਲ ਮੈਨੂੰ ਪੂਰੀ ਤਰ੍ਹਾਂ ਯਾਦ ਹੈ। ਡੇਵ ਬੈਰਟ ਅਤੇ ਮੈਂ ਓਕ ਸਟਰੀਟ ‘ਤੇ ਕਾਰ ‘ਚ ਜਾ ਰਹੇ ਸੀ, 40 ਅਤੇ 49 ਐਵਨਿਊ ਵਿਚਕਾਰ। ਅਤੇ ਅਸੀਂ ਓਕ ਅਤੇ 41 ਐਵਨਿਊ ‘ਤੇ ਪਹੁੰਚੇ। ਅਤੇ ਉਨ੍ਹਾਂ ਦਿਨਾਂ ਵਿੱਚ ਉੱਥੇ, ਓਕ ਅਤੇ 41 ਦੇ ਖੂੰਜੇ ‘ਤੇ, ਬਜ਼ੁਰਗਾਂ ਦੀ ਸੰਭਾਲ ਕਰਨ ਵਾਲਾ ਇਕ ਪੁਰਾਣਾ ਹੋਮ ਕੇਅਰ ਹੁੰਦਾ ਸੀ। ਮੈਨੂੰ ਨਹੀਂ ਪਤਾ ਇਹ ਅਜੇ ਵੀ ਉੱਥੇ ਹੈ ਜਾਂ ਨਹੀਂ। ਉਹ ਮੈਨੂੰ ਕਹਿੰਦਾ ਕੀ ਅਸੀਂ ਇਕ ਸਕਿੰਟ ਲਈ ਇੱਥੇ ਰੁਕ ਸਕਦੇ ਹਾਂ। ਮੈਂ ਕਿਹਾ, ਜ਼ਰੂਰ। ਮੈਂ ਆਪਣੀ ਮਾਂ ਨੂੰ ਮਿਲ ਕੇ ਆਉਂਦਾ ਹਾਂ। ਉਹਦੀ ਮਾਂ ਉਦੋਂ ਉੱਥੇ ਹੁੰਦੀ ਸੀ।

ਉਹ ਜਾ ਕੇ ਆਪਣੀ ਮਾਂ ਨੂੰ ਮਿਲ ਕੇ ਆਇਆ। ਮੈਂ ਕਾਰ ਵਿੱਚ ਹੀ ਰਿਹਾ। ਜਦੋਂ ਉਹ ਵਾਪਸ ਆਇਆ ਤਾਂ ਅਸੀਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਅਜੇ ਵੀ ਆਪਣੀ ਮਾਂ ਨਾਲ ਹੀਬਰਿਊ ਵਿੱਚ ਗੱਲ ਕਰਦਾ ਸੀ। ਉਹ ਕਹਿੰਦਾ ਦੂਜੀਆਂ ਕਮਿਊਨਿਟੀਆਂ ਆਪਣੀ ਬੋਲੀ ਗਵਾ ਲੈਂਦੀਆਂ ਹਨ। ਇਹ ਗੱਲ ਤੁਹਾਡੀ ਕਮਿਊਨਿਟੀ ਨਾਲ ਵੀ ਹੋਣੀ ਹੈ। ਉਹ ਸਮਾਜ ਵਿੱਚ ਬਹੁਤ ਜ਼ਿਆਦਾ ਘੁਲਣ ਮਿਲਣ ਲਗਦੇ ਹਨ ਅਤੇ ਹਰ ਇਕ ਚੀਜ਼ ਕਮਜ਼ੋਰ ਹੋ ਜਾਂਦੀ ਹੈ। ਅਤੇ ਉਹ ਕਹਿੰਦਾ ਕਿ ਇਹ ਤੁਹਾਡੀ ਕਮਿਊਨਿਟੀ ਨਾਲ ਵੀ ਹੋਵੇਗਾ ਜਿਵੇਂ ਇਹ ਇਟਾਲੀਅਨ ਅਤੇ ਯਹੂਦੀ ਕਮਿਊਨਿਟੀ ਨਾਲ ਹੋਇਆ ਹੈ। ਅਤੇ ਮੈਨੂੰ ਯਾਦ ਹੈ ਕਿ ਮੈਂ ਆਪਣੇ ਆਪ ਸੋਚਦਿਆਂ ਕਿਹਾ, ਨਹੀਂ ਇਸ ਤਰ੍ਹਾਂ ਨਹੀਂ ਹੋਵੇਗਾ।
ਮੈਨੂੰ ਪਤਾ ਨਹੀਂ ਮੈਨੂੰ ਇਹ ਕਹਾਣੀ ਕਿਸ ਤਰ੍ਹਾਂ ਯਾਦ ਆ ਗਈ।

ਸਵਾਲ: ਕਿਉਂ?
ਜਵਾਬ: ਕਿਉਂ। ਕਿਉਂਕਿ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਇਸ ਤਰ੍ਹਾਂ ਨਹੀਂ ਹੋਵੇਗਾ। ਜੇ ਮੈਂ ਸਰਕਾਰ ਵਿੱਚ ਰਿਹਾ, ਅਤੇ ਜੇ ਇਸ ਨੂੰ ਸਾਂਭਣ ਲਈ ਅਸੀਂ ਕੁਝ ਕਰ ਸਕਦੇ ਹੋਏ ਤਾਂ ਮੈਂ ਇਸ ਬਾਰੇ ਆਪਣਾ ਪੂਰਾ ਜ਼ੋਰ ਲਾਵਾਂਗਾ। ਇਕ ਪਿਤਾ ਵਜੋਂ ਆਪਣੇ ਬੱਚਿਆਂ ਲਈ ਮੈਂ ਜੋ ਵੀ ਕਰ ਸਕਦਾ ਹੋਇਆ। ਮੈਂ ਅਜਿਹਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗਾ। ਜਦੋਂ ਮੈਂ ਸਟੇਜ ਉੱਪਰ ਗੱਲ ਕਰਦਾ ਹਾਂ ਤਾਂ ਲੋਕ ਗੱਲ ਸੁਣਨ ਲਈ ਮਜ਼ਬੂਰ ਹੋ ਜਾਂਦੇ ਹਨ। ਕਿਉਂਕਿ ਮੈਂ ਉੱਥੇ ਹੁੰਦਾ ਹਾਂ। ਇਸ ਤਰ੍ਹਾਂ ਸੁਨੇਹਾ ਦੇਣ ਲਈ ਮੈਂ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰਾਂਗਾ। ਮੈਨੂੰ ਪਤਾ ਨਹੀਂ ਕਿਉਂ। ਮੈਨੂੰ ਪਤਾ ਹੈ ਕਿ ਇਸ ਥੀਮ ਬਾਰੇ ਆਪਾਂ ਅੱਜ ਸਾਰਾ ਦਿਨ ਗੱਲ ਕੀਤੀ ਹੈ, ਪਰ ਮੇਰੇ ਵਿੱਚ ਜੜ੍ਹਾਂ ਬਹੁਤ ਡੂੰਘੀਆਂ ਹਨ।

ਸਵਾਲ: ਤੁਸੀਂ ਆਪਣੇ ਕੰਮ ਬਾਰੇ ਸਭ ਤੋਂ ਜ਼ਿਆਦਾ ਕੀ ਪਸੰਦ ਕਰਦੇ ਹੋ?

ਜਵਾਬ: ਲੋਕ। ਮੈਂ ਲੋਕਾਂ ਨੂੰ ਮਿਲਣਾ ਪਸੰਦ ਕਰਦਾ ਹਾਂ। ਮੈਂ ਲੋਕਾਂ ਨਾਲ ਗੱਲਬਾਤ ਕਰਨਾ ਪਸੰਦ ਕਰਦਾ ਹਾਂ। ਇਸ ਲਈ ਮੈਂ ਹਰ ਰੋਜ਼ ਦੋ ਜਾਂ ਤਿੰਨ ਘੰਟਿਆਂ ਦੀ ਮੁਲਾਕਾਤ ਕਰਦਾ ਹਾਂ। ਮੈਂ ਅਜਿਹਾ ਕਰਨਾ ਪਸੰਦ ਕਰਦਾ ਹਾਂ। ਮੈਂ ਲੋਕਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਸ ਬਾਰੇ ਗੱਲ ਕਰਨੀ ਪਸੰਦ ਕਰਦਾ ਹਾਂ। ਮੈਂ ਇਸ ਲੈਜਿਸਲੇਚਰ ਦਾ ਸਭ ਤੋਂ ਪੁਰਾਣਾ ਮੈਂਬਰ ਹਾਂ। ਇੱਥੇ ਵਿਕਟੋਰੀਆ ਵਿੱਚ ਸਭ ਤੋਂ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਮੈਂਬਰ। ਅਤੇ ਇਕ ਅਜਿਹਾ ਬੰਦਾ ਜਿਸ ਨੂੰ ਆਪਣੀ ਪੁਲੀਟੀਕਲ ਪਾਰਟੀ ਵਿੱਚਲੇ ਹਰ ਕਿਸੇ ਬੰਦੇ ਨਾਲੋਂ ਜ਼ਿਆਦਾ ਵੋਟਾਂ ਪੈਂਦੀਆਂ ਹਨ। ਅਤੇ ਮੰਗਲਵਾਰ ਦੀ ਰਾਤ ਨੂੰ ਮੈਂ ਕੀ ਕਰਦਾ ਹਾਂ? ਮੈਂ ਆਪਣੇ ਹਲਕੇ ਦੇ ਘਰ ਘਰ ਜਾਂਦਾ ਹਾਂ।

ਮੈਂ ਅਜਿਹਾ ਕਿਉਂ ਕਰਦਾ ਹਾਂ? ਕਿਉਂਕਿ ਮੈਂ ਲੋਕਾਂ ਨੂੰ ਮਿਲਣਾ ਪਸੰਦ ਕਰਦਾ ਹਾਂ। ਮੈਂ ਆਪਣੇ ਲੋਕਾਂ ਨਾਲ ਗੱਲਬਾਤ ਕਰਨਾ ਪਸੰਦ ਕਰਦਾ ਹਾਂ ਅਤੇ ਇਹ ਜਾਣਨਾ ਪਸੰਦ ਕਰਦਾ ਹਾਂ ਕਿ ਉਹਨਾਂ ਦੇ ਮਨਾਂ ਵਿੱਚ ਕੀ ਚੱਲ ਰਿਹਾ ਹੈ। ਉਹ ਕੀ ਸੋਚ ਰਹੇ ਹਨ? ਉਹ ਸਰਕਾਰ ਤੋਂ ਕੀ ਚਾਹੁੰਦੇ ਹਨ? ਉਹਨਾਂ ਦੀਆਂ ਕੀ ਉਮੀਦਾਂ ਹਨ? ਉਹ ਗੁੱਸੇ ਕਿਉਂ ਹਨ? ਉਹ ਖੁਸ਼ ਕਿਉਂ ਹਨ? ਮੈਂ ਲੋਕਾਂ ਵਿੱਚ ਜਾਣਾ ਚਾਹੁੰਦਾ ਹੈ, ਮੈਂ ਲੋਕਾਂ ਨੂੰ ਮਿਲ ਕੇ ਖੁਸ਼ ਹੁੰਦਾ ਹਾਂ। ਮੈਨੂੰ ਅਜਿਹਾ ਕਰਕੇ ਆਨੰਦ ਆਉਂਦਾ ਹੈ। ਅਤੇ ਸਿਆਸਤ ਦਾ ਸਭ ਤੋਂ ਚੰਗਾ ਹਿੱਸਾ ਉਹ ਲੋਕ ਹਨ, ਜਿਹਨਾਂ ਨੂੰ ਤੁਸੀਂ ਮਿਲਦੇ ਹੋ।

ਸਵਾਲ: ਤੁਹਾਡਾ ਆਪਣੀ ਪਾਰਟੀ ਦੇ ਦੂਸਰੇ ਮੈਂਬਰਾਂ, ਗੋਰੇ ਮੈਂਬਰਾਂ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ?
ਜਵਾਬ: ਬਹੁਤ ਵਧੀਆ। ਮੈਂ ਖੁਸ਼ਕਿਸਮਤ ਇਨਸਾਨ ਹਾਂ। ਮੈਂ ਉਨ੍ਹਾਂ ਨੂੰ ਜਾਣਦਾ ਹਾਂ। ਮੈਂ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਜਾਣਦਾ ਹਾਂ। ਭਾਵੇਂ ਇਹ ਮਾਈਕ ਹਾਰਕੋਰਟ ਸੀ ਜਾਂ ਗਲੈਨ ਕਲਾਰਕ ਮੈਂ ਕਦੇ ਵੀ ਉਨ੍ਹਾਂ ਦੇ ਦਫਤਰ ਵਿੱਚ ਜਾਣ ਤੋਂ ਨਹੀਂ ਝਿਜਕਿਆ। ਮੈਨੂੰ ਪਰਵਾਹ ਨਹੀਂ ਕਿ ਉਹ ਕੀ ਕਰ ਰਹੇ ਹਨ। ਮੈਂ ਬਹਿ ਕੇ ਉਨ੍ਹਾਂ ਦਸ ਦਿੰਦਾ ਹਾਂ ਕਿ ਮੇਰੇ ਕੀ ਵਿਚਾਰ ਹਨ। ਅਤੇ ਇਹ ਵਰਤਾਰਾ ਦੁਵੱਲਾ ਹੈ। ਜਦੋਂ ਮੈਂ ਜਾਵਾਂ, ਉਹ ਵੀ ਕਦੇ ਦਰਵਾਜ਼ਾ ਖੋਲ੍ਹਣ ਤੋਂ ਨਹੀਂ ਝਿਜਕਦੇ। ਉਹ ਕਹਿੰਦੇ ਹਨ, ਆ ਜਾਉ ਅੰਦਰ। ਤੁਹਾਡਾ ਇਸ ਬਾਰੇ ਕੀ ਖਿਆਲ ਹੈ। ਆਉ ਆਪਾਂ ਇਸ ਬਾਰੇ ਗੱਲ ਕਰਦੇ ਹਾਂ। ਆਉ ਇਸ ਬਾਰੇ ਰਲ ਕੇ ਵਿਚਾਰ ਕਰੀਏ।

ਮੇਰਾ ਕੈਬਨਿਟ ਦੇ ਮੈਂਬਰਾਂ ਅਤੇ ਬਾਕੀ ਦੇ ਕਾਕਸ ਨਾਲ ਬਹੁਤ ਵਧੀਆ ਰਿਸ਼ਤਾ ਹੈ। ਮੈਨੂੰ ਉਨ੍ਹਾਂ ਨਾਲ ਕੰਮ ਕਰਨਾ ਚੰਗਾ ਲੱਗਦਾ ਹੈ, ਉਨ੍ਹਾਂ ਨੂੰ ਮੇਰੇ ਨਾਲ। ਉਨ੍ਹਾਂ ਨੂੰ ਪਤਾ ਹੈ ਮੇਰੇ ਕੋਲ ਹਰ ਇਕ ਚੀਜ਼ ਬਾਰੇ ਰਾਏ ਹੁੰਦੀ ਹੈ, ਅਤੇ ਉਹ ਜਾਣਦੇ ਹਨ ਕਿ ਮੈਂ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਦੱਸਾਂਗਾ ਕਿ ਉਨ੍ਹਾਂ ਨੂੰ ਆਪਣੀ ਮਨਿਸਟਰੀ ਕਿਸ ਤਰ੍ਹਾਂ ਚਲਾਉਣੀ ਚਾਹੀਦੀ ਹੈ, ਉਨ੍ਹਾਂ ਨੂੰ ਇਸ ਬਾਰੇ ਆਪਣੇ ਵਿਚਾਰ ਦਸਦਾ ਹਾਂ। ਅਤੇ ਮੇਰਾ ਖਿਆਲ ਹੈ ਕਿ ਮੈਂ ਉਨ੍ਹਾਂ ਨੂੰ ਚੰਗੇ ਵਿਚਾਰ ਦਸਦਾ ਹਾਂ – ਇਸ ਲਈ ਉਹ ਮੇਰੇ ਨਾਲ ਰਿਸ਼ਤੇ ਦੀ ਕਦਰ ਕਰਦੇ ਹਨ। ਸਿਆਸਤ ਵਿੱਚ ਇਸ ਤਰ੍ਹਾਂ ਦਾ ਰਿਸ਼ਤਾ ਹੋਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਸਿਆਸਤ ਇਕ ਹਉਮੇ ਭਰਿਆ (ਈਗੋਟਿਸਟੀਕਲ) ਧੰਦਾ ਹੈ। ਲੋਕ ਤੁਹਾਡੀ ਪਿੱਠ ਵਿੱਚ ਛੁਰਾ ਮਾਰ ਸਕਦੇ ਹਨ। ਮੈਂ ਅਜਿਹਾ ਹੁੰਦੇ ਦੇਖਿਆ ਹੈ। ਪਰ ਮੈਂ ਇਹ ਕਹਾਂਗਾ ਕਿ ਮੇਰਾ ਆਪਣੀ ਸਰਕਾਰ ਦੇ ਮੈਂਬਰਾਂ ਨਾਲ ਬਹੁਤ ਵਧੀਆ ਰਿਸ਼ਤਾ ਹੈ, ਅਤੇ ਮੇਰੇ ਖਿਆਲ ਵਿੱਚ ਇਸ ਦਾ ਕਾਰਨ ਇਹ ਹੈ ਕਿ ਸਾਡੀ ਦੋਸਤੀ ਲੰਮੇ ਸਮੇਂ ਤੋਂ ਹੈ।

ਜਿਵੇਂ ਡੈਨ ਮਿਲਰ ਨੂੰ ਮੈਂ ਪਹਿਲੀ ਵਾਰ ਪ੍ਰੌਵਿੰਸ਼ੀਅਲ ਕਾਊਂਸਲ ਵਿੱਚ 1983 ਵਿੱਚ ਮਿਲਿਆ ਸੀ। ਕਲਾਰਕ ਨੂੰ 1979 ‘ਚ, ਹਾਰਕੋਰਟ ਨੂੰ 1979 ‘ਚ ਅਤੇ ਡੇਲ ਲਵਿਕ ਨੂੰ 1979 ‘ਚ। ਅਸੀਂ ਜਿਹੜੇ ਇਕੱਠੇ ਕੰਮ ਕਰਦੇ ਹਾਂ, ਇਕ ਦੂਸਰੇ ਨੂੰ ਲੰਮੇ ਸਮੇਂ ਤੋਂ ਜਾਣਦੇ ਹਾਂ। ਇਸ ਲਈ ਸਭ ਕਾਸੇ ਤੋਂ ਅਗਾਂਹ ਦੀ ਗੱਲ ਹੈ। ਇਹ ਡੂੰਘੀਆਂ ਜੜ੍ਹਾਂ ਵਾਲੀ ਦੋਸਤੀ ਹੈ। ਇਹ ਬਹੁਤ ਵਧੀਆ ਹੈ। ਮੈਂ ਇੱਥੇ ਹਰ ਰੋਜ਼ ਦੂਜਿਆਂ ਨਾਲ ਸ਼ੁਗਲ ਮੇਲਾ ਕਰਦਾ ਹਾਂ। ਅਤੇ ਉਹ ਵੀ ਮੈਨੂੰ ਕਹਿੰਦੇ ਹਨ ਕਿ ਮੇਰੇ ਵਲੋਂ ਕੈਬਨਿਟ ਵਿੱਚ ਨਾਂ ਹੋਣਾ ਉਨ੍ਹਾਂ ਨੂੰ ਕਿੰਨਾ ਬੁਰਾ ਲਗਦਾ ਹੈ ਅਤੇ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਉਹ ਝੂਠ ਬੋਲ ਰਹੇ ਹਨ।

ਸਵਾਲ: ਕੀ ਤੁਹਾਨੂੰ ਕਦੇ ਇਹ ਡਰ ਲੱਗਾ ਹੈ ਕਿ ਜਦੋਂ ਤੁਸੀਂ ਇੰਡੋਕੈਨੇਡੀਅਨ ਕਮਿਊਨਿਟੀ ਨਾਲ ਸੰਬੰਧਿਤ ਮਸਲਿਆਂ ਨੂੰ ਉਠਾਉਂਦੇ ਹੋ ਤਾਂ ਤੁਹਾਨੂੰ ਇਕ ਐਥਨਿਕ ਸਿਆਸਤਦਾਨ ਦੇ ਤੌਰ ‘ਤੇ ਸਟੀਰੀਓਟਾਇਪ ਨਾ ਕਰ ਦਿੱਤਾ ਜਾਵੇ?
ਜਵਾਬ: ਨਹੀਂ। ਨਹੀਂ ਮੈਂ ਕਦੇ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਕੀਤਾ। ਇਹ ਗੱਲ ਯਾਦ ਰੱਖੋ ਕਿ ਮੇਰੇ ਹਲਕੇ ਦੇ ਵੋਟਰਾਂ ਦਾ ਆਧਾਰ ਅਜਿਹਾ ਨਹੀਂ ਹੋਣ ਦਿੰਦਾ। ਮੈਂ ਇਕ ਗੈਰ-ਐਥਨਿਕ ਹਲਕੇ ਦੀ ਨੁਮਾਇੰਦਗੀ ਕਰਦਾ ਹਾਂ। ਇਸ ਲਈ ਮੇਰੇ ਬਾਰੇ ਸਟੀਰੀਓਟਾਇਪ ਰਾਏ ਬਣਾਉਣਾ ਮੁਸ਼ਕਿਲ ਹੈ। ਅਤੇ ਇਹ ਵੀ ਗੱਲ ਨਹੀਂ ਹੈ ਕਿ ਜਿਹੜੇ ਮੁੱਦੇ ਮੈਂ ਉਠਾਉਂਦਾ ਹਾਂ, ਉਹ ਸਿਰਫ ਇੰਡੋਕੈਨੇਡੀਅਨ ਕਮਿਊਨਿਟੀ ਲਈ ਹੀ ਮਹੱਤਵਪੂਰਨ ਹੁੰਦੇ ਹਨ। ਜੇ ਮੈਂ ਸਿਰਫ ਇੰਡੋਕੈਨੇਡੀਅਨ ਕਮਿਊਨਿਟੀ ਨਾਲ ਸੰਬੰਧਤ ਮੁੱਦੇ ਹੀ ਉਠਾਵਾਂ, ਤਾਂ ਸਟੀਰੀਓਟਾਇਪਿੰਗ ਹੋ ਸਕਦੀ ਹੈ।

ਪਬਲਿਕ ਦੇਖਦੀ ਹੈ ਕਿ ਮੈਂ ਮੇਰੇ ਵਲੋਂ ਉਠਾਏ ਜਾਣ ਮੁੱਦਿਆਂ ਦਾ ਘੇਰਾ ਵਿਸ਼ਾਲ ਹੈ। ਇਸ ਲਈ ਸਟੀਰੀਓਟਾਇਪ ਹੋਣ ਤੋਂ ਬਚਣਾ ਕਾਫੀ ਸੌਖਾ ਹੈ। ਉਹ ਕਿਸੇ ਦਿਨ ਮੈਨੂੰ ਵਾਤਾਵਰਨ ਬਾਰੇ ਬੋਲਦਾ ਸੁਣਦੇ ਹਨ, ਕਿਸੇ ਦਿਨ ਮੱਛੀਆਂ ਬਾਰੇ, ਅਤੇ ਕਿਸੇ ਦਿਨ ਜੰਗਲਾਂ ਬਾਰੇ, ਅਤੇ ਕਿਸੇ ਦਿਨ ਨੌਕਰੀਆਂ ਪੈਦਾ ਕਰਨ ਬਾਰੇ ਅਤੇ ਉਸ ਤੋਂ ਅਗਲੇ ਦਿਨ ਸਿਹਤ ਸੰਭਾਲ ਬਾਰੇ ਅਤੇ ਫਿਰ ਇਸ ਗੱਲ ਬਾਰੇ ਕਿ ਆਰ ਸੀ ਐੱਮ ਪੀ ਵਿੱਚ ਪੱਗ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਲਈ ਇਸ ਤੋਂ ਸਟੀਰੀਓਟਾਇਪਿੰਗ ਤੋਂ ਬਚਾਅ ਹੋ ਜਾਂਦਾ ਹੈ। ਮੈਂ ਸਮਝਦਾ ਹਾਂ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਕਈ ਵਿਭਾਗਾਂ ‘ਚ ਕੰਮ ਕੀਤਾ ਹੈ, ਲੋਕਾਂ ਨੂੰ ਮੇਰੀ ਸ਼ਖਸੀਅਤ ਦੇ ਕਈ ਤਰ੍ਹਾਂ ਦੇ ਪੱਖ ਦੇਖਣ ਦਾ ਮੌਕਾ ਮਿਲਿਆ ਹੈ, ਇਸ ਲਈ ਮੈਨੂੰ ਸਟੀਰੀਓਟਾਇਪ ਕਰਨਾ ਔਖਾ ਹੈ। ਜੇ ਕਿਸੇ ਗੱਲ ਲਈ ਮੈਨੂੰ ਸਟੀਰੀਓਟਾਇਪ ਕੀਤਾ ਜਾਂਦਾ ਹੈ ਤਾਂ ਉਹ ਹੈ ਮੇਰਾ ਵਿਚਾਰਧਾਰਕ ਤੌਰ ‘ਤੇ ਐੱਨ ਡੀ ਪੀ ਦੇ ਖੱਬੇ ਪਾਸੇ ਹੋਣਾ। ਮੈਨੂੰ ਇਸ ਤਰ੍ਹਾਂ ਸਟੀਰੀਓਟਾਇਪ ਕੀਤਾ ਜਾਂਦਾ ਹੈ। ਪਰ ਮੈਨੂੰ ਇਸ ਕਰਕੇ ਸਟੀਰੀਓਟਾਇਪ ਨਹੀਂ ਕੀਤਾ ਜਾਂਦਾ ਕਿ ਮੈਂ ਇਕ ਇੰਡੋਕੈਨੇਡੀਅਨ ਹਾਂ।

ਸਵਾਲ: ਕੁਝ ਅਧਿਐਨਾਂ ਵਿੱਚ ਇਹ ਗੱਲ ਕਹੀ ਗਈ ਹੈ ਕਿ ਪਾਰਟੀ ਦਾ ਡਸਿਪਲਨ ਐਥਨਿਕ ਘੱਟ ਗਿਣਤੀਆਂ ਦੇ ਲੋਕਾਂ ਨੂੰ ਆਪਣੀਆਂ ਕਮਿਊਨਿਟੀਆਂ ਬਾਰੇ ਮੁੱਦੇ ਹਟਾਉਣ ਤੋਂ ਰੋਕਦਾ ਹੈ। ਕੀ ਤੁਹਾਡੇ ਕੇਸ ਵਿੱਚ ਕਦੇ ਇਹ ਗੱਲ ਹੋਈ ਹੈ?
ਜਵਾਬ: ਨਹੀਂ ਮੇਰੇ ਕੇਸ ਵਿੱਚ ਨਹੀਂ। ਸਗੋਂ ਇੱਥੇ ਤਾਂ ਉਲਟੀ ਗੱਲ ਹੈ। ਮੈਂ ਆਪਣੀ ਪਿੱਠ ਆਪ ਹੀ ਨਹੀਂ ਥਾਪੜਨੀ ਚਾਹੁੰਦਾ। ਮੈਂ ਆਪਣੀ ਗੱਲ ਵਧਾ ਚੜ੍ਹਾ ਕੇ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਪਰ ਸਮਾਂ ਪਾ ਕੇ ਤੁਸੀਂ ਦੋਸਤ ਬਣਾਉਂਦੇ ਹੋ ਅਤੇ ਤੁਹਾਡਾ ਪਾਰਟੀ ‘ਚ ਅਸਰ ਰਸੂਖ ਕਾਫੀ ਵਧ ਜਾਂਦਾ ਹੈ। ਅਤੇ ਤੁਸੀਂ ਹੀ ਪਾਰਟੀ ਬਣ ਜਾਂਦੇ ਹੋ। ਇਸ ਲਈ ਤੁਹਾਡੀਆਂ ਰਾਂਵਾਂ ਪਾਰਟੀ ਦੀਆਂ ਰਾਂਵਾਂ ਬਣ ਜਾਂਦੀਆਂ ਹਨ। ਇਸ ਤਰ੍ਹਾਂ ਦਾ ਸਤਿਕਾਰ ਹਾਸਲ ਕਰਨ ਲਈ ਅਤੇ ਇਸ ਤਰ੍ਹਾਂ ਦੀਆਂ ਦੋਸਤੀਆਂ ਕਾਇਮ ਕਰਨ ਲਈ ਸਮਾਂ ਲੱਗਦਾ ਹੈ। ਇਸ ਲਈ ਮੇਰੇ ਲਈ ਕੋਈ ਰੁਕਾਵਟ ਨਹੀਂ ਹੈ। ਮੈਂ ਉੱਥੇ ਬਾਕੀ ਸਾਰਿਆਂ ਦੇ ਨਾਲ ਹਾਂ। ਮੈਂ ਹਮੇਸ਼ਾਂ ਹੀ ਉਸ ਤੂਫਾਨ ਦੇ ਜਾਂ ਲਏ ਜਾਣ ਫੈਸਲੇ ਦੇ ਕੇਂਦਰ ਵਿੱਚ ਹੁੰਦਾ ਹਾਂ। ਅਤੇ ਕਿਉਂਕਿ ਮੈਂ ਕੇਂਦਰ ਵਿੱਚ ਹੁੰਦਾ ਹਾਂ, ਇਸ ਲਈ ਮੈਂ ਉਸ ਪੱਧਰ ਦੀ ਸੋਚ ‘ਤੇ ਅਸਰ ਪਾਉਂਦਾ ਹਾਂ।
ਅਤੇ ਪਾਰਟੀ ਮੇਰੇ ਤੋਂ ਉਨ੍ਹਾਂ ਮੁੱਦਿਆਂ ਤੋਂ ਬਚਣ ਦੀ ਆਸ ਨਹੀਂ ਰੱਖਦੀ ਸਗੋਂ ਉਹ ਕਹਿੰਦੇ ਹਨ ਕਿ ਮੈਂ ਇਹ ਮੁੱਦੇ ਉਠਾਵਾਂ ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਮੁੱਦਿਆਂ ਬਾਰੇ ਮੇਰੀ ਅੰਦਰਲੀ ਸੂਝ ਤੋਂ ਫਾਇਦਾ ਹੋਵੇ। ਅਤੇ ਜੇ ਮੈਂ ਸਮਝਾਂ ਕਿ ਮੁੱਦਾ ਸ਼ਕਤੀਸ਼ਾਲੀ ਹੈ, ਤਾਂ ਉਨ੍ਹਾਂ ਨੂੰ ਪੂਰਾ ਪਤਾ ਹੁੰਦਾ ਹੈ ਕਿ ਮੈਂ ਬਾਹਰ ਜਾ ਕੇ ਇਸ ਬਾਰੇ ਗੱਲ ਕਰਾਂਗਾ ਹੀ। ਇਸ ਲਈ ਚੰਗਾ ਹੋਵੇਗਾ ਜੇ ਉਹ ਉਸ ਮੁੱਦੇ ਬਾਰੇ ਆਪਣੇ ਕੰਮ ਕਰਨ ਦੇ ਢੰਗ ਬਾਰੇ ਫੈਸਲਾ ਕਰ ਲੈਣ।

ਸੋ ਮੇਰਾ ਖਿਆਲ ਹੈ ਕਿ ਇਹ ਸਭ ਕੁਝ ਬੰਦੇ ਦੀ ਸ਼ਖਸੀਅਤ ‘ਤੇ ਨਿਰਭਰ ਹੈ। ਇਸ ਲਈ ਮੈਨੂੰ ਇਸ ਤਰ੍ਹਾਂ ਦੇ ਅਧਿਐਨ ਬਾਰੇ ਪਤਾ ਨਹੀਂ। ਜ਼ਰੂਰ ਪਾਰਟੀ ਡਸਿਪਲਨ ਬਾਰੇ ਕਈ ਤਰ੍ਹਾਂ ਦੇ ਅਧਿਐਨ ਹੋਣਗੇ। ਪਰ ਤੁਸੀਂ ਹੀ ਪਾਰਟੀ ਹੁੰਦੇ ਹੋ। ਅਤੇ ਪਾਰਟੀ ਕਾਫੀ ਲਚਕੀਲੀ ਹੈ। ਅਤੇ ਜਦੋਂ ਮੈਂ ਬੋਲਦਾ ਹਾਂ, ਮੈਂ ਪਾਰਟੀ ਲਈ ਬੋਲਦਾ ਹਾਂ। ਮੈਨੂੰ ਇਸ ਬਾਰੇ ਕੋਈ ਝਿਜਕ ਨਹੀਂ ਦਿਸੀ। ਕਈ ਵਾਰੀ ਮੈਂ ਦੇਖਿਆ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਡਰ ਹੁੰਦਾ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਕੀ ਕਹਿ ਦੇਣਾ ਹੈ, ਪਰ ਉਹ ਹਮੇਸ਼ਾਂ ਹੀ ਮੇਰੇ ਕੋਲ ਆਉਂਦੇ ਹਨ ਤੇ ਕਹਿੰਦੇ ਹਨ ਕੁੱਝ ਵੀ ਕਹਿਣ ਤੋਂ ਪਹਿਲਾਂ ਇਕ ਮਿੰਟ ਰੁਕ ਅਤੇ ਸਾਨੂੰ ਇਹ ਗੱਲ ਸਮਝਾ। ਪਰ ਮੈਨੂੰ ਕਦੇ ਵੀ ਮਾਈਕ (ਹਾਰਕੋਰਟ) ਜਾਂ ਗਲੈੱਨ (ਕਲਾਰਕ) ਨੇ ਇਹ ਨਹੀਂ ਕਿਹਾ ਕਿ ਮੋਅ ਇਹ ਗੱਲ ਨਹੀਂ ਕਹਿਣੀ ਜਾਂ ਇਸ ਪਾਸੇ ਨਹੀਂ ਜਾਣਾ। ਸਮਰਥਨ ਤੋਂ ਬਿਨਾਂ ਕਦੇ ਵੀ ਹੋਰ ਕੋਈ ਗੱਲ ਨਹੀਂ ਹੁੰਦੀ।

ਪਰ ਮੇਰਾ ਖਿਆਲ ਹੈ ਕਿ ਇਹ ਇਸ ਕਰਕੇ ਹੈ, ਕਿਉਂਕਿ ਅਸੀਂ ਇਕ ਦੂਜੇ ਦਾ ਸਮਰਥਨ ਕਰਦੇ ਹਾਂ, ਸਾਡੇ ਵਿੱਚ ਦੋਸਤੀ ਦਾ ਰਿਸ਼ਤਾ ਬਣਦਾ ਹੈ, ਅਸੀਂ ਇਕ ਦੂਸਰੇ ਨਾਲ ਸਾਫ ਸਾਫ ਗੱਲ ਕਰਦੇ ਹਾਂ, ਅਤੇ ਅਸੀਂ ਇਕ ਦੂਜੇ ਦਾ ਸਤਿਕਾਰ ਕਰਦੇ ਹਾਂ। ਹੋ ਸਕਦਾ ਹੈ ਕਿ ਇਹ ਦੂਸਰੇ ਲੋਕਾਂ ਦੀ ਸਮੱਸਿਆ ਹੋਵੇ, ਪਰ ਇਹ ਮੇਰੀ ਸਮੱਸਿਆ ਨਹੀਂ ਹੈ।

ਸਵਾਲ: ਤੁਸੀਂ ਯੂ ਬੀ ਸੀ ਵਿੱਚ ਬਲਾਕ ਵੋਟਿੰਗ ਬਾਰੇ ਗੱਲ ਕੀਤੀ ਹੈ।
ਜਵਾਬ: ਹਾਂ।

ਸਵਾਲ: ਹੁਣ ਬਹੁਤ ਸਾਰੇ ਲੋਕ ਇਹ ਕਹਿ ਰਹੇ ਹਨ ਕਿ ਐਥਨਿਕ ਕਮਿਊਨਿਟੀਆਂ ਨਾਮਜ਼ਦਗੀ ਲਈ ਕੀਤੀਆਂ ਜਾਂਦੀਆਂ ਮੀਟਿੰਗਾਂ ਵਿੱਚ ਬਲਾਕ ਵੋਟਿੰਗ ਕਰਕੇ ਸਿਸਟਮ ਦੀ ਕੁਵਰਤੋਂ ਕਰ ਰਹੀਆਂ ਹਨ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ?
ਜਵਾਬ: ਪਹਿਲੀ ਗੱਲ ਤਾਂ ਇਹ ਹੈ ਕਿ ਸਿਆਸਤ ਵਿੱਚ ਸਰਗਰਮ ਹੋਣ ਕਰਕੇ ਮੈਂ ਇਹ ਕਹਿ ਸਕਦਾ ਹਾਂ ਕਿ ਸਾਡੇ ਸਿਆਸੀ ਪ੍ਰਬੰਧ ਲਈ ਇਹ ਕੋਈ ਖਤਰਨਾਕ ਗੱਲ ਨਹੀਂ ਹੈ। ਪਰ ਇਕ ਗੱਲ ਜਿਹੜੀ ਮੈਨੂੰ ਤੰਗ ਕਰਦੀ ਹੈ, ਉਹ ਹੈ ਇਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਜਾਣਾ। ਤੁਹਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਤੁਸੀਂ ਕਿੱਥੋਂ ਆਏ ਹੋ। ਮੈਨੂੰ ਇਸ ਗੱਲ ਦਾ ਬਹੁਤ ਡਰ ਹੈ, ਕਿ ਕਮਿਊਨਿਟੀ ਆਪਣੇ ਅਤੇ ਐੱਨ ਡੀ ਪੀ ਵਿਚਕਾਰ ਇਤਿਹਾਸਕ ਰਿਸ਼ਤਾ ਭੁੱਲਦੀ ਜਾ ਰਹੀ ਹੈ। ਅਸੀਂ ਇਸ ਬਾਰੇ ਗੱਲ ਕੀਤੀ ਹੈ। ਵੋਟ ਦੇ ਹੱਕ ਤੋਂ ਲੈ ਕੇ ਸਕੂਲਾਂ ਵਿੱਚ ਪੰਜਾਬੀ ਲਾਉਣ ਦੀ ਗੱਲ ਤੱਕ ਇਸ ਪਾਰਟੀ ਨੇ ਵਾਰ ਵਾਰ ਦਿਖਾਇਆ ਹੈ ਕਿ ਪਾਰਟੀ ਕਮਿਊਨਿਟੀ ਦੇ ਨਾਲ ਖੜ੍ਹੀ ਹੈ। ਅਤੇ ਤੁਸੀਂ ਉਸ ਘਰ ਤੋਂ ਬਾਹਰ ਨਹੀਂ ਜਾਂਦੇ ਜਿਹੜਾ ਤੁਹਾਨੂੰ ਪਿਆਰ ਕਰਦਾ ਹੋਵੇ।

ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਰਕਾਰ ਦੇ ਤੌਰ ‘ਤੇ ਪੂਰੀ ਤਰ੍ਹਾਂ ਮੁਕੰਮਲ ਹਾਂ। ਪਰ ਸਿਆਸਤ ਥੋੜ੍ਹੀ ਜਿਹੀ ਵਿਆਹ ਵਾਂਗ ਹੁੰਦੀ ਹੈ। ਤੁਸੀਂ ਹਮੇਸ਼ਾਂ ਉਹਨਾਂ ਚੀਜ਼ਾਂ ਨਾਲ ਸਹਿਮਤ ਨਹੀਂ ਹੁੰਦੇ ਜੋ ਤੁਸੀਂ ਕਰਦੇ ਹੋ, ਪਰ ਤੁਸੀਂ ਫਿਰ ਵੀ ਇਕੱਠੇ ਰਹਿੰਦੇ ਹੋ। ਇਸ ਤਰ੍ਹਾਂ ਕਿਉਂ ਹੈ? ਆਮ ਪੱਧਰ ‘ਤੇ ਇਸ ਸਰਕਾਰ ਨੇ ਹਮੇਸ਼ਾਂ ਸਾਡੀ ਕਮਿਊਨਿਟੀ ਦਾ ਸਮਰਥਨ ਕੀਤਾ ਹੈ। ਭਾਵੇਂ ਕਿ ਅਜਿਹਾ ਕਰਨ ਲਈ ਸਿਆਸੀ ਖਤਰਾ ਵੀ ਮੁੱਲ ਕਿਉਂ ਨਾ ਲੈਣਾ ਪਿਆ ਹੋਵੇ। ਇਹ ਸਾਡੀ ਪਾਰਟੀ ਦਾ ਇਤਿਹਾਸ ਹੈ। ਭਾਵੇਂ ਇਹ ਵੋਟ ਦਾ ਹੱਕ ਲੈਣ ਦੀ ਗੱਲ ਹੋਵੇ ਅਤੇ ਭਾਵੇਂ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਦੇਣ ਦੀ ਗੱਲ। ਅਸੀਂ ਹਮੇਸ਼ਾਂ ਇਸ ਤਰ੍ਹਾਂ ਦੇ ਫੈਸਲਿਆਂ ਨਾਲ ਜੁੜੇ ਹੋਏ ਖਤਰੇ ਮੁੱਲ ਲੈਣ ਲਈ ਤਿਆਰ ਰਹੇ ਹਾਂ।
ਅਤੇ ਇਹ ਮੇਰਾ ਸਭ ਤੋਂ ਵੱਡਾ ਡਰ ਹੈ ਕਿ ਅਗਲੀਆਂ ਪੀੜੀਆਂ ਇਹ ਗੱਲ ਭੁੱਲ ਜਾਣਗੀਆਂ। ਉਨ੍ਹਾਂ ਨੂੰ ਭੁੱਲਣਾ ਨਹੀਂ ਚਾਹੀਦਾ। ਮੈਂ ਦੇਖਿਆ ਹੈ ਕਿ 50ਵਿਆਂ ਅਤੇ 60ਵਿਆਂ ਵਿੱਚ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ। ਅਤੇ ਮੇਰੇ ਲਈ ਇਹ ਗੱਲ ਆਪਣੇ ਬੱਚਿਆਂ ਤੱਕ ਪਹੁੰਚਾਉਣੀ ਮਹੱਤਵਪੂਰਨ ਹੈ। ਇਸ ਲਈ ਮੈਨੂੰ ਉਨ੍ਹਾਂ ਵਲੋਂ ਕੀਤੀ ਜਾਂਦੀ ਬਲਾਕ ਵੋਟਿੰਗ ਬੁਰੀ ਨਹੀਂ ਲੱਗਦੀ, ਪਰ ਉਨ੍ਹਾਂ ਨੂੰ ਇਹ ਸਿਰਫ ਐੱਨ ਡੀ ਪੀ ਦੀਆਂ ਨਾਮਜ਼ਦਗੀ ਦੀਆਂ ਮੀਟਿੰਗਾਂ ਵਿੱਚ ਕਰਨੀ ਚਾਹੀਦੀ ਹੈ।

ਸਵਾਲ: ਤੁਹਾਡੇ ਖਿਆਲ ਵਿੱਚ ਲੋਕ ਇਸ ਤਰ੍ਹਾਂ ਕਿਉਂ ਕਰਦੇ ਹਨ? ਲੋਕ ਐੱਨ ਡੀ ਪੀ ਤੋਂ ਦੂਰ ਕਿਉਂ ਜਾ ਰਹੇ ਹਨ?
ਜਵਾਬ: ਖੁਸ਼ਕਿਸਮਤੀ ਨਾਲ ਸੂਬੇ ਦੇ ਪੱਧਰ ‘ਤੇ ਅਜਿਹਾ ਨਹੀਂ ਹੋ ਰਾਹ। ਪਿਛਲੀ ਇਲੈਕਸ਼ਨ ਵਿੱਚ ਸਾਨੂੰ ਇਸ ਗੱਲ ਦਾ ਡਰ ਸੀ। ਪਰ ਅਸੀਂ ਦੇਖਿਆ ਕਿ ਜੇ ਤੁਸੀਂ ਠੀਕ ਤਰ੍ਹਾਂ ਵਿਸ਼ਲੇਸ਼ਣ ਕਰੋ ਤਾਂ ਪਿਛਲੀ ਇਲੈਕਸ਼ਨ ਵਿੱਚ ਐੱਨ ਡੀ ਪੀ ਨੂੰ ਇੰਡੋਕੈਨੇਡੀਅਨ ਕਮਿਊਨਿਟੀ ਨੇ ਜਿਤਾਇਆ ਹੈ। ਤੁਸੀਂ ਐੱਨ ਡੀ ਪੀ ਦੀਆਂ ਸੀਟਾਂ ਵੱਲ ਦੇਖ ਸਕਦੇ ਹੋ, ਜੇ ਉਹਨਾਂ ਨੇ ਦੂਜੇ ਪਾਸੇ ਵੋਟ ਪਾਈ ਹੁੰਦੀ ਤਾਂ ਜ਼ਰੂਰ ਹੀ ਐੱਨ ਡੀ ਪੀ ਨੇ ਉਹ ਇਲੈਕਸ਼ਨ ਹਾਰ ਜਾਣੀ ਸੀ। ਅਸੀਂ ਸਰੀ ਵਿੱਚ ਤਿੰਨ ਸੀਟਾਂ ਜਿੱਤੇ ਹਾਂ। ਉੱਥੇ ਇੰਡੋਕੈਨੇਡੀਅਨ ਕਮਿਊਨਿਟੀ ਸਾਡੇ ਹੱਕ ਵਿੱਚ ਭੁਗਤੀ ਹੈ। ਕੁਨੈਲ ਵਿੱਚ ਇੰਡੋਕੈਨੇਡੀਅਨ ਕਮਿਊਨਿਟੀ ਨੇ ਸਾਨੂੰ ਵੋਟਾਂ ਪਾਈਆਂ ਹਨ, ਵਿਲੀਅਮਜ਼ ਲੇਕ ਅਤੇ ਕੈਮਲੂਪਸ ਵਿੱਚ ਸਾਨੂੰ ਵੋਟਾਂ ਪਾਈਆਂ ਹਨ।

ਇਹਨਾਂ ਸਾਰੀਆਂ ਸੀਟਾਂ ‘ਤੇ ਹਰ ਇਲੈਕਸ਼ਨ ਵਿੱਚ ਜਿੱਤਣ ਵਾਲੀ ਪਾਰਟੀ ਬਦਲਦੀ ਰਹਿੰਦੀ ਹੈ। ਜਾਂ ਕੈਂਬਲ ਰਿਵਰ ਵਿਖੇ। ਇਹਨਾਂ ਸਾਰੀਆਂ ਸੀਟਾਂ ‘ਤੇ ਸਰਕਾਰ ਦੀ ਹਾਰ ਹੋ ਸਕਦੀ ਸੀ ਜਾਂ ਜਿੱਤ। ਅਸੀਂ ਸੂਬੇ ਭਰ ਵਿੱਚ 7-8 ਸੀਟਾਂ ਦੀ ਨਿਸ਼ਾਨਦੇਹੀ ਕੀਤੀ ਸੀ, ਜਿਹਨਾਂ ਵਿੱਚ ਮੈਂ ਇੰਡੋਕੈਨੇਡੀਅਨ ਕਮਿਊਨਿਟੀ ਦੇ ਲੋਕਾਂ ਨਾਲ ਆਪਣੇ ਹਲਕੇ ਤੋਂ ਵੱਧ ਸਮਾਂ ਬਿਤਾਇਆ ਸੀ। ਪਰ ਪਿਛਲੀ ਇਲੈਕਸ਼ਨ ਵਿੱਚ ਇੰਡੋਕੈਨੇਡੀਅਨ ਕਮਿਊਨਿਟੀ ਨੇ ਐੱਨ ਡੀ ਪੀ ਦੀ ਕਾਫੀ ਜ਼ਿਆਦਾ ਮਦਦ ਕੀਤੀ ਸੀ। ਕਿਉਂ? ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਸਾਡੀ ਟੀਮ – ਮੈਂ, ਉੱਜਲ (ਦੁਸਾਂਝ) ਅਤੇ ਹੈਰੀ ਉਨ੍ਹਾਂ ਦੇ ਨਾਲ ਹਾਂ। ਅਸੀਂ ਉਨ੍ਹਾਂ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਨੂੰ ਸਾਡੇ ‘ਤੇ ਵਿਸ਼ਵਾਸ ਹੈ। ਅਸੀਂ ਉਸ ਵਿਸ਼ਵਾਸ ਨਾਲ ਕਦੇ ਵੀ ਵਿਸ਼ਵਾਸਘਾਤ ਨਹੀਂ ਕਰਾਂਗੇ। ਸਾਨੂੰ ਇਸ ਉੱਪਰ ਲਗਾਤਾਰ ਕੰਮ ਕਰਨਾ ਪੈਣਾ ਹੈ।

ਪਰ ਮੈਂ ਨਹੀਂ ਸਮਝਦਾ ਕਿ ਇਹ ਸੂਬਾਈ ਪੱਧਰ ‘ਤੇ ਹੋ ਰਿਹਾ ਹੈ। ਇਸ ਸਪਸ਼ਟ ਰੂਪ ਵਿੱਚ ਫੈਡਰਲ ਲੈਵਲ ‘ਤੇ ਹੋਇਆ ਹੈ। ਮੇਰੇ ਖਿਆਲ ਵਿੱਚ ਇਸ ਨੇ ਹਰਬ (ਧਾਲੀਵਾਲ) ਦੀ ਮਦਦ ਕੀਤੀ ਹੈ। ਪਰ ਇਹ ਸੂਬਾਈ ਪੱਧਰ ‘ਤੇ ਨਹੀਂ ਹੋਇਆ ਅਤੇ ਮੇਰਾ ਧਿਆਨ ਸੂਬਾਈ ਪੱਧਰ ‘ਤੇ ਕੇਂਦਰਿਤ ਹੈ। ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਸ ਦਿਨ ਮੈਂ ਮਰਾਂਗਾ, ਸ਼ਾਇਦ ਮੈਂ ਉਦੋਂ ਵੀ ਜਿਹੜੀ ਆਖਰੀ ਗੱਲ ਕਹਾਂ ਕਿ ਇਹ ਨਾ ਭੁੱਲੋ ਕਿ ਤੁਸੀਂ ਕਿੱਥੋਂ ਆਏ ਹੋ। ਮੈਂ ਇਹ ਗੱਲ ਸਭਿਆਚਾਰਕ ਤੌਰ ‘ਤੇ ਕਹਿ ਰਿਹਾ ਹਾਂ ਅਤੇ ਸਿਆਸੀ ਤੌਰ ‘ਤੇ ਵੀ।

ਸਵਾਲ: ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਟਰਨਿੰਗ ਪੁਆਇੰਟਸ (ਜ਼ਿੰਦਗੀ ਵਿੱਚ ਖਾਸ ਮੋੜ ਦੇਣ ਵਾਲੇ ਪੜਾਅ) ਆਉਂਦੇ ਹਨ। ਤੁਸੀਂ ਆਪਣੀ ਜ਼ਿੰਦਗੀ ‘ਤੇ ਪਿਛਲਝਾਤ ਪਾ ਕੇ ਦੱਸੋ ਕਿ ਕੀ ਤੁਹਾਡੀ ਜ਼ਿੰਦਗੀ ਵਿੱਚ ਅਜਿਹੇ ਪੜਾਅ ਆਏ ਸਨ ਜਿਹਨਾਂ ਨੇ ਤੁਹਾਡੀ ਜ਼ਿੰਦਗੀ ਵਿੱਚ ਸੱਚਮੁੱਚ ਹੀ ਕੋਈ ਫਰਕ ਪਾਇਆ ਹੋਵੇ?
ਜਵਾਬ: ਮੇਰਾ ਖਿਆਲ ਹੈ ਕਿ ਇਹ 1965 ਦੀ ਉਹ ਘਟਨਾ ਸੀ ਜਦੋਂ ਮੈਂ ਸੇਂਟ ਜਾਰਜਜ਼ ਲਈ ਇਮਤਿਹਾਨ ਲਿਖਿਆ। ਇਸ ਨੇ ਮੈਨੂੰ ਜ਼ਿਦਗੀ ਦਾ ਵੱਖਰਾ ਤਜਰਬਾ ਦਿੱਤਾ। ਜੇ ਮੈਂ ਲੇਕ ਕਾਉਂਚਨ ਵਿੱਚ ਰਹਿੰਦਾ ਤਾਂ ਮੈਨੂੰ ਇਹ ਤਜਰਬਾ ਨਹੀਂ ਹੋਣਾ ਸੀ। ਬਾਅਦ ਦੀ ਜ਼ਿੰਦਗੀ ਵਿੱਚ ਮੇਰੇ ਖਿਆਲ ਵਿੱਚ ਉਹ ਸਮਾਂ ਸੀ ਜਦੋਂ ਮੇਰੀ ਪਤਨੀ ਨੇ ਸਾਡੀ ਪਹਿਲੀ ਸੰਤਾਨ, ਸਾਡੀ ਬੇਟੀ, ਨੂੰ ਜਨਮ ਦਿੱਤਾ। ਇਸ ਨੇ ਮੈਨੂੰ ਜ਼ਿੰਦਗੀ ਉੱਤੇ ਗੌਰ ਕਰਨ ਲਈ ਪ੍ਰੇਰਿਆ, ਅਤੇ ਮੈਂ ਕਹਾਂਗਾ ਕਿ ਇਸ ਨੇ ਮੇਰੀ ਸੋਚ ਵਿੱਚ ਕਾਫੀ ਵੱਡੀ ਤਬਦੀਲੀ ਲਿਆਂਦੀ। ਮੈਨੂੰ ਇਹ ਅਹਿਸਾਸ ਕਰਾਇਆ ਕਿ ਅਸਲ ਵਿੱਚ ਮੇਰਾ ਮਕਸਦ ਕੀ ਹੈ।

ਸਵਾਲ: ਕੀ ਤੁਹਾਨੂੰ ਆਪਣੀ ਸਿਆਸੀ ਜ਼ਿੰਦਗੀ ਵਿੱਚ ਕੋਈ ਅਸਫਲਤਾਵਾਂ ਵੀ ਮਿਲੀਆਂ?
ਜਵਾਬ: ਸਿਆਸੀ ਤੌਰ ‘ਤੇ ਨਹੀਂ।

ਸਵਾਲ: ‘ਤੇ ਜ਼ਿੰਦਗੀ ਵਿੱਚ।
ਜਵਾਬ: ਅਸਲੀਅਤ ਵਿੱਚ ਨਹੀਂ। ਮੇਰੀ ਜ਼ਿੰਦਗੀ ਵਿੱਚ ਇਹ ਸੋਚ ਹੈ। ਇਕ ਵਾਰ ਮੈਨੂੰ ਕੈਬਨਿਟ ਤੋਂ ਬਾਹਰ ਹੋਣਾ ਪਿਆ ਕਿਉਂਕਿ ਮੈਂ ਇਕ ਵੱਡੀ ਗਲਤੀ ਕੀਤੀ ਸੀ। ਮੈਂ ਕੈਬਨਿਟ ਵਿੱਚੋਂ ਕੱਢੇ ਜਾਣ ਦਾ ਹੱਕਦਾਰ ਸੀ। ਉਸ ਵੇਲੇ ਮੈਂ ਉਨ੍ਹਾਂ ‘ਤੇ ਗੁੱਸੇ ਹੋ ਗਿਆ। ਪਰ ਮੈਂ ਉਸ ਨੂੰ ਆਪਣੀ ਅਸਫਲਤਾ ਨਹੀਂ ਸਮਝਦਾ।

ਮੁਢਲੇ ਰੂਪ ਵਿੱਚ ਮੇਰੀ ਜ਼ਿੰਦਗੀ ਬਾਰੇ ਇਹ ਸੋਚ ਹੈ ਕਿ ਜ਼ਿੰਦਗੀ ਇਕ ਤਰ੍ਹਾਂ ਨਾਲ ਮੇਰਾ ਘੋਗਾ ਹੈ ਅਤੇ ਇਸ ਵਿੱਚ ਮੇਰਾ ਸਮਾਂ ਬਹੁਤ ਵਧੀਆ ਲੰਘ ਰਿਹਾ ਹੈ। ਸੱਚੀਂ ਹੀ ਮੇਰਾ ਸਮਾਂ ਵਧੀਆ ਲੰਘ ਰਿਹਾ ਹੈ। ਮੈਂ ਜੋ ਕੁੱਝ ਕਰ ਰਿਹਾ ਹਾਂ, ਉਸ ਬਾਰੇ ਚੰਗਾ ਮਹਿਸੂਸ ਕਰਦਾ ਹਾਂ। ਮੇਰੇ ਦੁਨੀਆ ਵਿੱਚ ਬਹੁਤ ਵਧੀਆ ਦੋਸਤ ਹਨ। ਇਸ ਵੇਲੇ ਮੈਂ 43 ਸਾਲਾਂ ਦਾ ਹਾਂ। ਇਸ ਉਮਰ ਤੱਕ ਬਹੁਤ ਸਾਰੇ ਲੋਕਾਂ ਨੂੰ ਉਹ ਤਜਰਬੇ ਨਹੀਂ ਹੁੰਦੇ ਜਿਹੜੇ ਮੈਨੂੰ ਹੋਏ ਹਨ। ਮੈਂ ਇਕ ਬਹੁਤ ਖੁਸ਼ਕਿਸਮਤ ਇਨਸਾਨ ਹਾਂ। ਮੈਂ ਆਪਣੇ ਹਲਕੇ ਦੇ ਲੋਕਾਂ ਦਾ ਬਹੁਤ ਦੇਣਦਾਰ ਹਾਂ, ਜਿਹਨਾਂ ਨੇ ਮੈਨੂੰ ਜ਼ਿੰਦਗੀ ਦਾ ਉਹ ਤਜਰਬਾ ਦਿੱਤਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਮਿਲਦਾ। ਅਤੇ ਇਸ ਸਭ ਕਾਸੇ ਕਰਕੇ ਮੈਂ ਬਹੁਤ ਅਮੀਰ ਆਦਮੀ ਹਾਂ।
ਅਤੇ ਜੇ ਤੁਸੀਂ ਇਸ ਨੂੰ ਇਸ ਨਜ਼ਰੀਏ ਨਾਲ ਦੇਖੋ ਤਾਂ ਹਰ ਵੇਲੇ ਖੁਸ਼ ਨਾ ਰਹਿਣਾ ਬਹੁਤ ਔਖਾ ਹੋ ਜਾਂਦਾ ਹੈ। ਅਤੇ ਬਿਲਕੁਲ ਇਸ ਤਰ੍ਹਾਂ ਮੈਂ ਮਹਿਸੂਸ ਕਰਦਾ ਹਾਂ। ਮੈਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦਾ ਹਾਂ। ਸਦਾ ਚੰਗਾ ਮਹਿਸੂਸ ਕਰਦਾ ਹਾਂ।

ਇਸ ਲਈ ਮੈਂ ਕਿਸੇ ਅਸਫਲਤਾ ਦੀ ਗੱਲ ਨਹੀਂ ਕਰ ਸਕਦਾ। ਮੈਂ ਜੋ ਕੁਝ ਕਰ ਰਿਹਾ ਹਾਂ, ਉਸ ਬਾਰੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਆਦਮੀ ਸਮਝਦਾ ਹਾਂ। ਬਹੁਤ ਬਹੁਤ ਖੁਸ਼ਕਿਸਮਤ।

ਸਵਾਲ: ਮੈਨੂੰ ਉਨ੍ਹਾਂ ਲੋਕਾਂ ਦੇ ਨਾਂ ਦੱਸੋ, ਜਿਹਨਾਂ ਨੇ ਤੁਹਾਨੂੰ ਸਿਆਸਤ ਵਿੱਚ ਪ੍ਰਭਾਵਿਤ ਕੀਤਾ ਹੈ।
ਜਵਾਬ: ਸਭ ਤੋਂ ਪਹਿਲਾਂ ਡੇਵ ਬੈਰਟ। ਮੈਂ ਡੇਵ ਨਾਲ ਬਹੁਤ ਸਾਰਾ ਸਮਾਂ ਬਿਤਾਇਆ ਹੈ ਅਤੇ ਉਸ ਤੋਂ ਬਹੁਤ ਕੁਝ ਸਿੱਖਿਆ ਹੈ। ਨੰਬਰ ਦੋ ‘ਤੇ ਜਿਸ ਵਿਅਕਤੀ ਦਾ ਨਾਂ ਆਉਂਦਾ ਹੈ, ਉਹਦਾ ਨਾਂ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ, ਤੁਹਾਨੂੰ ਇਕ ਝਟਕਾ ਲੱਗੇਗਾ। ਅਤੇ ਉਹ ਵਿਅਕਤੀ ਹੈ ਜੋਅ ਕਲਾਰਕ। ਮੈਂ ਕੰਸਟੀਟਿਊਸ਼ਨਲ ਗੱਲਬਾਤ ਦੇ ਦੌਰਾਨ ਜੋਅ ਨਾਲ ਸਮਾਂ ਬਿਤਾਇਆ ਅਤੇ ਉਸ ਤੋਂ ਬਹੁਤ ਕੁਝ ਸਿੱਖਿਆ। ਮੇਰਾ ਖਿਆਲ ਹੈ ਕਿ ਕੈਨੇਡਾ ਵਿੱਚ ਇਕ ਸਿਆਸਤਦਾਨ ਵਜੋਂ ਉਸ ਦੀ ਬਹੁਤ ਘੱਟ ਕਦਰ ਹੋਈ ਹੈ। ਮੇਰਾ ਖਿਆਲ ਹੈ ਇਹਨਾਂ ਦੋਹਾਂ ਨੇ ਮੇਰੇ ‘ਤੇ ਕਾਫੀ ਵੱਡਾ ਅਸਰ ਪਾਇਆ ਹੈ। ਅਤੇ ਮੈਂ ਆਪਣੇ ਹਲਕੇ ਵਿੱਚ ਆਪਣੇ ਤੋਂ ਪਹਿਲੇ ਐੱਮ ਐੱਲ ਏ ਫਰੈਂਕ ਮਿਚਲ ਦਾ ਬਹੁਤ ਸਤਿਕਾਰ ਕਰਦਾ ਹਾਂ। ਇਕ ਅਜਿਹਾ ਵਿਅਕਤੀ ਜਿਸ ਬਾਰੇ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣਿਆ ਹੋਵੇਗਾ। ਪਰ ਮੈਂ ਉਸ ਤੋਂ ਬਹੁਤ ਕੁਝ ਸਿੱਖਿਆ, ਕਿ ਉਹਨਾਂ ਲੋਕਾਂ ਦਾ ਖਿਆਲ ਕਿਵੇਂ ਰੱਖਣਾ ਹੈ, ਜਿਹਨਾਂ ਨੇ ਤੁਹਾਨੂੰ ਇੱਥੇ ਪਹੁੰਚਾਇਆ ਹੈ। ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਇਸ ਲਈ ਮੈਂ ਕਹਾਂਗਾ ਕਿ ਇਹਨਾਂ ਤਿੰਨਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ।

ਸਵਾਲ: ਅਤੇ ਉਨ੍ਹਾਂ ਨੇ ਤੁਹਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ? ਕੀ ਤੁਸੀਂ ਕੋਈ ਉਦਾਹਰਨ ਦੇ ਸਕਦੇ ਹੋ?
ਜਵਾਬ: ਮੇਰੇ ਖਿਆਲ ਵਿੱਚ ਬੈਰਟ ਨੇ ਮੈਨੂੰ ਵਿਚਾਰਧਾਰਕ ਅਤੇ ਦਾਰਸ਼ਨਿਕ ਨਜ਼ਰੀਏ ਤੋਂ ਪ੍ਰੇਰਨਾ ਦਿੱਤੀ। ਅਮਲੀ ਪੱਧਰ ‘ਤੇ ਮੈਨੂੰ ਇਕ ਚੰਗੇ ਬੁਲਾਰੇ ਹੋਣ ਦੀ ਕੀਮਤ ਬਾਰੇ ਸਮਝਾਇਆ। ਸਟੇਜ ‘ਤੇ ਜਾ ਕੇ ਬੋਲ ਸਕਣਾ ਅਤੇ ਲੋਕਾਂ ਨੂੰ ਉਤਸ਼ਾਹਿਤ ਕਰ ਸਕਣਾ, ਇਸ ਗੱਲ ਦੀ ਮਹੱਤਤਾ ਬਾਰੇ। ਮੈਂ ਬੈਰਟ ਨੂੰ ਬਹੁਤ ਵਾਰ ਬੋਲਦੇ ਸੁਣਿਆ ਹੈ, ਅਤੇ ਮੈਂ ਕਦੇ ਵੀ ਉਸ ਜਿੰਨਾ ਵਧੀਆ ਬੁਲਾਰਾ ਨਹੀਂ ਬਣ ਸਕਦਾ। ਕਦੇ ਵੀ ਨਹੀਂ। ਪਰ ਮੈਂ ਬਹੁਤ ਕੁਝ ਉਸ ਵਾਂਗ ਕਰਦਾ ਹਾਂ। ਮੈਨੂੰ ਪਤਾ ਨਹੀਂ ਕਿ ਤੁਸੀਂ ਮੈਨੂੰ ਬੋਲਦੇ ਸੁਣਿਆ ਹੈ ਜਾਂ ਨਹੀਂ, ਪਰ ਮੈਂ ਕਦੇ ਵੀ ਲਿਖਤੀ ਨੋਟਾਂ ਦੇ ਆਧਾਰ ‘ਤੇ ਨਹੀਂ ਬੋਲਦਾ। ਮੈਨੂੰ ਪਤਾ ਹੁੰਦਾ ਹੈ ਕਿ ਮੈਂ ਕੀ ਕਹਿਣਾ ਹੈ। ਮੈਂ ਸਟੇਜ ‘ਤੇ ਜਾ ਕੇ ਇਹ ਕਹਿੰਦਾ ਹਾਂ। ਬਿਲਕੁਲ ਬੈਰਟ ਵਾਂਗ ਲੋਕਾਂ ਨੂੰ ਮੋਹਿਤ ਕਰ ਲੈਂਦਾ ਹਾਂ, ਜਿਸ ਤਰ੍ਹਾਂ ਬੈਰਟ ਕਰਦਾ ਸੀ।

(ਜੋਅ) ਕਲਾਰਕ ਨੇ ਲੈਣ ਦੇਣ ਕਰਨ ਅਤੇ ਪ੍ਰਬੰਧਕੀ ਨਜ਼ਰੀਏ ਤੋਂ ਮੈਨੂੰ ਪ੍ਰਭਾਵਿਤ ਕੀਤਾ ਹੈ। ਅਮਲੀ ਪੱਧਰ ‘ਤੇ ਤੁਸੀਂ ਵੱਖ ਵੱਖ ਵਿਚਾਰਾਂ ਵਾਲੇ ਲੋਕਾਂ ਨੂੰ ਇਕੱਠੇ ਕਿਵੇਂ ਕਰਨਾ ਹੈ। ਇਕ ਕਮਰੇ ਵਿੱਚ ਬੈਠਿਆਂ ਅਤੇ ਮਸਲਿਆਂ ਬਾਰੇ ਗੱਲਬਾਤ ਕਰਦਿਆਂ। ਜਦੋਂ ਮੈਂ ਇਨਵਾਇਰਮੈਂਟ ਦਾ ਅਤੇ ਲੇਬਰ ਮਨਿਸਟਰ ਸੀ, ਉਦੋਂ ਜੋ ਕੁੱਝ ਮੈਂ ਕਲਾਰਕ ਤੋਂ ਸਿੱਖਿਆ ਸੀ, ਉਸ ਵਿੱਚੋਂ ਬਹੁਤ ਕੁਝ ਦੀ ਵਰਤੋਂ ਆਪਣੇ ਫਾਇਦੇ ਲਈ ਕੀਤੀ।
ਅਤੇ ਫਿਰ ਫਰੈਂਕ (ਮਿਚਲ), ਉਸ ਸੰਦਰਭ ਵਿੱਚ ਕਿ ਤੁਸੀਂ ਕਦੇ ਵੀ ਇਹ ਨਾ ਭੁੱਲੋ ਕਿ ਤੁਸੀਂ ਕਿੱਥੋਂ ਆਏ ਹੋ। ਉਹਨਾਂ ਲੋਕਾਂ ਨਾਲ ਵਫਾਦਾਰੀ ਨਿਭਾਉਣੀ ਜਿਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਹਨ, ਇਹ ਮੈਂ ਫਰੈਂਕ ਤੋਂ ਸਿੱਖਿਆ। ਤੁਸੀਂ ਉਨ੍ਹਾਂ ਨਾਲ ਸੋਨੇ ਵਰਗਾ ਸਲੂਕ ਕਰਨਾ ਹੈ, ਤੁਸੀਂ ਉਹਨਾਂ ਦੇ ਸਰੋਕਾਰਾਂ ‘ਤੇ ਧਿਆਨ ਦੇਣਾ ਹੈ, ਕਿਉਂਕਿ ਉਨ੍ਹਾਂ ਦੇ ਸਰੋਕਾਰ ਤੁਹਾਡੇ ਸਰੋਕਾਰ ਹਨ। ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਘਰ ਲੈ ਜਾਂਦੇ ਹੋ। ਤੁਸੀਂ ਉਨ੍ਹਾਂ ਲਈ ਕੰਮ ਕਰਦੇ ਹੋ, ਉਨ੍ਹਾਂ ਦੇ ਹਿਤਾਂ ਲਈ ਕੰਮ ਕਰਦੇ ਹੋ। ਕਾਮਯਾਬ ਹੋਵੋ ਜਾਂ ਨਾ ਹੋਵੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਲਈ ਜ਼ੋਰ ਲਾ ਰਹੇ ਹੋ। ਅਤੇ ਇੰਡੋਕੈਨੇਡੀਅਨ ਕਮਿਊਨਿਟੀ ਬਾਰੇ ਵੀ ਮੈਂ ਇਹ ਪਹੁੰਚ ਅਪਣਾਈ ਹੈ।

ਇਸ ਤਰ੍ਹਾਂ ਇਨ੍ਹਾਂ ਤਿੰਨਾਂ ਨੇ ਵੱਖਰੇ ਵੱਖਰੇ ਢੰਗ ਨਾਲ ਮੇਰੀ ਸ਼ਖਸੀਅਤ ਨੂੰ ਢਾਲਿਆ ਹੈ।

ਸਵਾਲ: ਤੁਹਾਡੇ ਪਰਿਵਾਰ ਵਿੱਚੋਂ ਤੁਹਾਨੂੰ ਕਿਸ ਨੇ ਪ੍ਰਭਾਵਿਤ ਕੀਤਾ ਹੈ?
ਜਵਾਬ: ਮੇਰੀ ਪਤਨੀ ਨੇ ਮੇਰੇ ‘ਤੇ ਕਾਫੀ ਪ੍ਰਭਾਵ ਪਾਇਆ ਹੈ। ਸਾਬਤਕਦਮੀ ਅਤੇ ਦ੍ਰਿੜਤਾ ਦੇ ਸੰਦਰਭ ਵਿੱਚ ਉਹ ਇਕ ਕਮਾਲ ਦੀ ਇਨਸਾਨ ਹੈ ਅਤੇ ਜਿੰਨਾ ਚਿਰ ਕੰਮ ਸਿਰੇ ਨਹੀਂ ਲੱਗ ਜਾਂਦਾ, ਉਨੀ ਦੇਰ ਤੱਕ ਉਸ ਉੱਤੇ ਕੰਮ ਕਰਦੇ ਰਹਿਣ ਦੇ ਮਾਮਲੇ ਵਿੱਚ। ਮੇਰੀ ਮਾਂ ਨੇ ਕਦਰਾਂ ਕੀਮਤਾਂ ਅਤੇ ਲੋਕਾਂ ਨਾਲ ਹਮਦਰਦੀ ਰੱਖਣ ਦੇ ਸੰਦਰਭ ਵਿੱਚ ਮੈਨੂੰ ਪ੍ਰਭਾਵਿਤ ਕੀਤਾ ਹੈ।

ਸਵਾਲ: ਜਦੋਂ ਤੁਸੀਂ ਸਿਆਸਤ ਵਿੱਚ ਆਏ ਸੀ, ਉਸ ਸਮੇਂ ਜ਼ਰੂਰ ਤੁਹਾਡੇ ਖਾਸ ਨਿਸ਼ਾਨੇ ਅਤੇ ਖਾਹਿਸ਼ਾਂ ਹੋਣਗੀਆਂ। ਕੀ ਇਸ ਪੜਾਅ ‘ਤੇ ਤੁਸੀਂ ਉਹ ਸਾਰੇ ਨਿਸ਼ਾਨੇ ਪ੍ਰਾਪਤ ਕਰ ਲਏ ਹਨ?
ਜਵਾਬ: ਨਹੀਂ , ਜੇ ਇਸ ਤਰ੍ਹਾਂ ਹੋਇਆ ਹੁੰਦਾ ਤਾਂ ਮੈਂ ਸਿਆਸਤ ਛੱਡ ਦੇਣੀ ਸੀ। ਨਹੀਂ, ਮੇਰਾ ਕੰਮ ਅਜੇ ਖਤਮ ਨਹੀਂ ਹੋਇਆ। ਪਰ ਮੈਂ ਸਮਝਦਾ ਹਾਂ ਕਿ ਇਹ ਖਤਮ ਹੋਣ ਦੇ ਨੇੜੇ ਹੁੰਦਾ ਜਾ ਰਿਹਾ ਹੈ। ਮੈਂ ਇਕ ਵਾਰ ਹੋਰ ਇਲੈਕਸ਼ਨ ਲੜਾਂਗਾ, ਪਰ ਉਸ ਤੋਂ ਬਾਅਦ ਵੀ ਇਲੈਕਸ਼ਨ ਲੜਾਂ, ਇਸ ਬਾਰੇ ਮੈਨੂੰ ਸ਼ੱਕ ਹੈ। ਮੇਰਾ ਮਤਲਬ ਹੈ ਕਿ ਜੇ ਤੁਸੀਂ ਸਿਆਸਤ ਵਿੱਚ ਦੋ ਤਿੰਨ ਕੋਸ਼ਿਸ਼ਾਂ ਬਾਅਦ ਆਪਣੀ ਮੋਹਰ ਨਹੀਂ ਲਾ ਸਕੇ ਤਾਂ ਤੁਸੀਂ ਕਦੇ ਵੀ ਅਜਿਹਾ ਨਹੀਂ ਕਰ ਸਕੋਗੇ। ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਜੇ ਮੈਂ ਅੱਜ ਵੀ ਸਿਆਸਤ ਛੱਡ ਦੇਵਾਂ ਤਾਂ ਮੈਂ ਆਪਣੇ ਪਿੱਛੇ ਇਕ ਸ਼ਾਨਦਾਰ ਵਿਰਾਸਤ ਛੱਡ ਕੇ ਜਾਵਾਂਗਾ। ਮੈਂ 200 ਪਾਰਕ ਬਣਾਏ ਹਨ। ਮੈਂ ਅਜਿਹੀ ਲੇਬਰ ਕੋਡ ਲਿਆਂਦੀ ਹੈ ਜਿਸ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਮਜ਼ਦੂਰਾਂ ਅਤੇ ਮਾਲਕਾਂ ਦੇ ਰਿਸ਼ਤਿਆਂ ਵਿੱਚ ਪਾਏਦਾਰ ਟਿਕਾਅ ਲਿਆਂਦਾ ਹੈ। ਸਕੂਲਾਂ ਵਿੱਚ ਪੰਜਾਬੀ ਲਗਵਾਈ ਹੈ। ਫਾਰਮਵਰਕਰਾਂ ਨੂੰ ਵਰਕਰਜ਼ ਕੰਪਨਸੇਸ਼ਨ ਬੋਰਡ ਅਧੀਨ ਕਵਰੇਜ ਦਿੱਤੀ ਹੈ। ਜੰਗਲਾਤ ਦੇ ਪ੍ਰਬੰਧ ਵਿੱਚ ਤਬਦੀਲੀਆਂ ਲਿਆਂਦੀਆਂ ਹਨ। ਅਜਿਹਾ ਕਾਨੂੰਨ ਲਿਆਂਦਾ ਹੈ ਜਿਹੜਾ ਬ੍ਰਿਟਿਸ਼ ਕੋਲੰਬੀਆ ਵਿੱਚ ਸਾਡੀ ਸੈਮਨ ਮੱਛੀ ਦੇ ਵਸੀਲਿਆਂ ਨੂੰ ਬਚਾਉਣ ਲਈ ਜ਼ਰੂਰੀ ਸੀ। ਕੰਨਸਟੀਟਿਊਸ਼ਨ ਦੇ ਸੰਬੰਧ ਵਿੱਚ ਅਜਿਹਾ ਸਮਝੌਤਾ ਕੀਤਾ ਹੈ, ਜਿਹੜਾ ਮੇਰੇ ਖਿਆਲ ਵਿੱਚ ਕਾਫੀ ਵਧੀਆ ਹੈ।

ਮੇਰਾ ਮਤਲਬ ਹੈ ਕਿ ਮੈਂ ਅੱਜ ਸਿਆਸਤ ਛੱਡ ਸਕਦਾ ਹਾਂ, ਅਤੇ ਸੂਬਾਈ, ਕੰਸਟੀਟਿਊਸ਼ਨ ਅਤੇ ਇੰਡੋਕੈਨੇਡੀਅਨ ਕਮਿਊਨਿਟੀ ਨਾਲ ਸੰਬੰਧਤ ਆਪਣੀ ਵਿਰਾਸਤ ‘ਤੇ ਮਾਣ ਕਰ ਸਕਦਾ ਹਾਂ। ਇਸ ਲਈ ਮੈਂ ਸਮਝਦਾ ਹਾਂ ਕਿ ਮੈਂ ਉਸ ਪੜਾਅ ‘ਤੇ ਹਾਂ ਜਿੱਥੇ ਮੈਨੂੰ ਕਿਸੇ ਸਾਹਮਣੇ ਕੁੱਝ ਵੀ ਸਿੱਧ ਕਰਨ ਦੀ ਲੋੜ ਨਹੀਂ ਹੈ, ਪਰ ਮੈਂ ਬਹੁਤ ਕੁਝ ਕਰ ਸਕਦਾ ਹਾਂ ਕਿਉਂਕਿ ਮੈਂ ਉਨ੍ਹਾਂ ਲੋਕਾਂ ਵਿੱਚ ਕਾਫੀ ਇੱਜ਼ਤ ਬਣਾ ਲਈ ਹੈ ਜਿਹਨਾਂ ਨਾਲ ਮੈਂ ਕੰਮ ਕਰਦਾ ਹਾਂ। ਜੇ ਮੈਂ ਗਲੈੱਨ (ਕਲਾਰਕ) ਦੇ ਦਫਤਰ ਵਿੱਚ ਜਾਵਾਂ ਅਤੇ ਉਸ ਨੂੰ ਕਹਾਂ ਕਿ ਗਲੈੱਨ ਸੁਣ, ਮੇਰੇ ਕੋਲ ਇਕ ਵਿਚਾਰ ਹੈ ਕਿ ਆਪਾਂ ਨੂੰ ਇੰਡੋਕੈਨੇਡੀਅਨ ਕਮਿਊਨਿਟੀ ਦੇ ਸੰਬੰਧ ਵਿੱਚ ਕੀ ਕਰਨਾ ਚਾਹੀਦਾ ਹੈ। ਮੈਂ ਜਾਣਦਾ ਹਾਂ ਕਿ ਉਹ ਮੇਰੀ ਗੱਲ ਸੁਣੇਗਾ। ਮੈਂ ਜਾਣਦਾ ਹਾਂ ਕਿ ਉਹ ਇਸ ਨੂੰ ਗੰਭੀਰਤਾ ਨਾਲ ਲਵੇਗਾ, ਅਤੇ ਮੈਂ ਜਾਣਦਾ ਹਾਂ ਕਿ ਜੇ ਅਸੀਂ ਦੋਵੇਂ ਇਸ ਗੱਲ ਨਾਲ ਸਹਿਮਤ ਹੋ ਜਾਈਏ ਕਿ ਇਹ ਕਰਨ ਵਾਲੀ ਗੱਲ ਹੈ, ਤਾਂ ਇਹ ਹੋ ਜਾਵੇਗੀ। ਮੈਂ ਅਜਿਹੇ ਥਾਂ ‘ਤੇ ਹਾਂ ਜਿੱਥੇ ਮੈਂ ਫਰਕ ਪਾਉਣਾ ਜਾਰੀ ਰੱਖ ਸਕਦਾ ਹਾਂ।

ਮੈਂ ਉਦੋਂ ਸਿਆਸਤ ਛੱਡ ਦੇਵਾਂਗਾ ਜਦੋਂ ਮੈਂ ਮਹਿਸੂਸ ਕਰਨ ਲੱਗਾ ਕਿ ਮੈਂ ਹੁਣ ਕੋਈ ਫਰਕ ਨਹੀਂ ਪਾ ਸਕਦਾ ਜਾਂ ਜਦੋਂ ਮੈਂ ਵਿਸ਼ਵਾਸ ਕਰਨ ਲੱਗ ਪਿਆ ਕਿ ਇਕ ਵਿਅਕਤੀ ਦੇ ਤੌਰ ‘ਤੇ ਮੇਰੇ ਵਲੋਂ ਕੰਮ ਕਰਨ ਦੀ ਹੱਦ ਹੋ ਗਈ ਹੈ। ਜਦੋਂ ਮੈਂ ਕਹਿੰਦਾ ਹਾਂ ਕਿ ਹੱਦ ਹੋ ਗਈ ਹੈ, ਤਾਂ ਉਸ ਦਾ ਮਤਲਬ ਹੈ ਕਿ ਸਿਆਸਤ ਲੋਕਾਂ ਦੀ ਜ਼ਿੰਦਗੀ ‘ਤੇ ਬਹੁਤ ਵੱਡਾ ਭਾਰ ਪਾਉਂਦੀ ਹੈ। ਤੁਹਾਨੂੰ ਹਫਤੇ ਦੇ ਸੱਤੇ ਦਿਨ 18-18 ਘੰਟੇ ਕੰਮ ਕਰਨਾ ਪੈਂਦਾ ਹੈ। ਸਿਆਸਤ ਪਹਿਲੇ ਨੰਬਰ ‘ਤੇ ਆਉਂਦੀ ਹੈ ਅਤੇ ਪਰਿਵਾਰ ਦੂਜੇ ਨੰਬਰ ‘ਤੇ। ਇਹ ਗੱਲ ਜਿੰਦਗੀ ਵੱਲ ਮੇਰੇ ਨਜ਼ਰੀਏ ਨਾਲ ਮੇਲ ਨਹੀਂ ਖਾਦੀ। ਇੱਥੇ ਮੈਂ ਇਕ ਅਜਿਹਾ ਮਨਿਸਟਰ ਹਾਂ ਜਿਹੜਾ ਬਹੁਤ ਜ਼ਿਆਦਾ ਵਾਰੀ ਆਪਣੇ ਬੱਚਿਆਂ ਨੂੰ ਲੈਜਿਸਲੇਚਰ ‘ਚ ਲਿਆਉਂਦਾ ਹੈ। ਜਦੋਂ ਮੈਂ ਮੀਟਿੰਗ ਕਰ ਰਿਹਾ ਹੋਵਾਂ ਤਾਂ ਉਹ (ਮੇਰੇ ਬੱਚੇ) ਮੇਰੇ ਦਫਤਰ ਵਿੱਚ ਹੁੰਦੇ ਹਨ। ਮੈਂ ਪੰਜ ਵਜੇ ਜਾਂਦਾ ਹਾਂ। ਅਤੇ ਨੌਂ ਵਜੇ ਆਉਂਦਾ ਹਾਂ, ਆਪਣੇ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ। ਅਤੇ ਹਰ ਦੂਜੇ ਵੀਕਇੰਡ ‘ਤੇ ਮੈਂ ਕੰਮ ਨਹੀਂ ਕਰਦਾ, ਭਾਵੇਂ ਜੋ ਕੁਝ ਵੀ ਹੋ ਜਾਵੇ। ਮੈਂ ਆਪਣੇ ਬੱਚਿਆਂ ਅਤੇ ਪਤਨੀ ਨਾਲ ਸਮਾਂ ਬਿਤਾਉਣ ਤੋਂ ਬਿਨਾਂ ਹੋਰ ਕੁੱਝ ਨਹੀਂ ਕਰਦਾ।

ਸਿਆਸਤ ਕਾਫੀ ਔਖਾ ਕੰਮ ਹੈ ਕਿਉਂਕਿ ਤੁਹਾਡੇ ਕੋਲੋਂ ਇਕ ਇਨਸਾਨ ਦੇ ਤੌਰ ‘ਤੇ ਬਹੁਤ ਕੁਝ ਕਰਨ ਦੀ ਮੰਗ ਕੀਤੀ ਜਾਂਦੀ ਹੈ। ਕਈ ਇਨ ਅਜਿਹੇ ਹੁੰਦੇ ਹਨ ਜਦੋਂ ਮੈਂ ਸਰੀਰਕ ਤੌਰ ‘ਤੇ ਥੱਕ ਜਾਂਦਾ ਹਾਂ। ਇਸ ਤਰ੍ਹਾਂ ਲਗਦਾ ਹੈ ਕਿ ਮੈਂ ਡਿਗ ਰਿਹਾ ਹੋਵਾਂ। ਮੈਂ ਦੇਖਦਾ ਹਾਂ ਕਿ ਇਸ ਦਾ ਲੋਕਾਂ ‘ਤੇ ਸਰੀਰਕ ਤੌਰ ‘ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ। ਤੁਸੀਂ ਕਿਸ ਤਰ੍ਹਾਂ ਬੁੱਢੇ ਹੋਣ ਲੱਗਦੇ ਹੋ, ਤੁਹਾਨੂੰ ਬੀਮਾਰੀਆਂ ਲੱਗ ਜਾਂਦੀਆਂ ਹਨ, ਅਤੇ ਇਹ ਕੰਮ ਬਹੁਤ ਹੀ ਤਣਾਅ ਭਰਪੂਰ ਅਤੇ ਸਖਤ ਹੈ।

ਕਈ ਵਾਰ ਮੈਂ ਸੋਚਦਾ ਹਾਂ ਕਿ ਮੈਨੂੰ ਆਪਣੇ ਸਰੀਰ ਦੀ ਗੱਲ ਸੁਣਨੀ ਚਾਹੀਦੀ ਹੈ। ਅਤੇ ਇਸ ਲਈ ਇਸ ਸਮੇਂ ਮੈਂ ਬ੍ਰੇਕ ਲੈ ਰਿਹਾ ਹਾਂ, ਸੱਚੀਂ ਹੀ ਮੁੱਖ ਕਾਰਨਾਂ ਵਿੱਚ ਇਹ ਇਕ ਮੁੱਖ ਕਾਰਨ ਹੈ। ਪਰ ਫਿਰ ਵੀ ਅਜੇ ਚੰਗਿਆੜੀ ਮਘ ਰਹੀ ਹੈ। ਮੈਂ ਬ੍ਰੇਕ ਲੈਂਦਾ ਹਾਂ ਅਤੇ ਫਿਰ ਮੈਂ ਲੈਜਿਸਲੇਚਰ ਵਿੱਚ ਜਾਂਦਾ ਹਾਂ ਅਤੇ ਮੈਂ ਕਿਸੇ ਨੂੰ ਸਰਕਾਰ ਦੀ ਆਲੋਚਨਾ ਕਰਦੇ ਸੁਣਦਾ ਹਾਂ, ਅਤੇ ਮੇਰਾ ਜੀਅ ਕਰਦਾ ਹੈ ਕਿ ਮੈਂ ਉੱਠਾਂ ਅਤੇ ਆਪਣੀ ਗੱਲ ਕਹਾਂ। ਸੋ ਚੰਗਿਆੜੀ ਅਜੇ ਵੀ ਕਾਇਮ ਹੈ। ਜਿੰਨਾ ਚਿਰ ਤੱਕ ਚੰਗਿਆੜੀ ਮੌਜੂਦ ਹੈ, ਜਿੰਨਾ ਚਿਰ ਤੱਕ ਮੈਂ ਕੋਈ ਫਰਕ ਪਾ ਸਕਦਾ ਹਾਂ, (ਮੈਂ ਇੱਥੇ ਰਹਾਂਗਾ।)।

ਬੁੱਧਵਾਰ ਸਵੇਰੇ ਮੈਂ ਪ੍ਰੀਮੀਅਰ ਨਾਲ ਇਸ ਕਮਰੇ ਵਿੱਚ, ਉਸ ਮੇਜ਼ ‘ਤੇ ਬ੍ਰੇਕਫਾਸਟ ਲਈ ਬੈਠਾ ਸੀ, ਅਤੇ ਮੈਂ ਉਹਨੂੰ ਕਿਹਾ ਸੀ, ਮੈਂ ਉਤਨਾ ਚਿਰ ਇੱਥੇ (ਸਿਆਸਤ ਵਿੱਚ) ਰਹਾਂਗਾ, ਜਿੰਨਾ ਚਿਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਕੋਈ ਫਰਕ ਪਾ ਸਕਦਾ ਹਾਂ।

ਸਵਾਲ: ਤੁਹਾਡੇ ਸਭਿਆਚਾਰ, ਧਰਮ ਅਤੇ ਵਿਰਸੇ ਨੇ ਤੁਹਾਡੀ ਸਿਆਸਤ ਵਿੱਚ ਰਹਿਣ ਵਿੱਚ ਜਾਂ ਕੰਮ ਕਰਨ ਵਿੱਚ ਕਿਸ ਤਰ੍ਹਾਂ ਮਦਦ ਕੀਤੀ?
ਜਵਾਬ: ਸਭਿਆਚਾਰ ਅਤੇ ਵਿਰਾਸਤ ਨੇ ਮੈਨੂੰ ਨਿਸ਼ਾਨਾ ਦਿੱਤਾ। ਅਤੇ ਕਦਰਾਂ ਕੀਮਤਾਂ ਨੇ ਮੈਨੂੰ ਇਕ ਬੁਨਿਆਦ ਦਿੱਤੀ। ਭਾਸ਼ਾ ਨੇ ਮੈਨੂੰ ਇਕ ਪਰੰਪਰਾ ਦਿੱਤੀ ਜਿਸ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਹਾਂ। ਮੈਂ ਉਹ ਹਾਂ ਜੋ ਹਾਂ। ਮੈਂ ਇਕ ਪੰਜਾਬੀ ਸਿੱਖ ਹਾਂ। ਅਤੇ ਮੈਨੂੰ ਇਸ ‘ਤੇ ਮਾਣ ਹੈ। ਅਤੇ ਮੈਂ ਇਸ ਲਈ ਆਪਣੇ ਆਪ ਨੂੰ ਵਿਸ਼ੇਸ਼ ਸਮਝਦਾ ਹਾਂ ਕਿ ਮੈਨੂੰ ਇੱਥੇ ਬ੍ਰਿਟਿਸ਼ ਕੋਲੰਬੀਆ ਵਿੱਚ ਇਕ ਨਿਆਰੇ ਢੰਗ ਨਾਲ ਇਸ ਭਾਈਚਾਰੇ ਦੀ ਪ੍ਰਤੀਨਿੱਧਤਾ ਕਰਨ ਦਾ ਮੌਕਾ ਮਿਲਿਆ। ਮੈਨੂੰ ਇਸ ਤੋਂ ਸਤੁੰਸ਼ਟੀ ਦਾ ਅਹਿਸਾਸ ਹੁੰਦਾ ਹੈ।

ਵਿਰਾਸਤ ਤੋਂ ਬਿਨਾਂ ਤੁਹਾਡੇ ਕੋਲ ਕੋਈ ਚਾਨਣ-ਮੁਨਾਰਾ ਨਹੀਂ ਹੁੰਦਾ। ਤੁਹਾਡੇ ਕੋਲ ਆਪਣੇ ਆਪ ਨੂੰ ਗਾਈਡ ਕਰਨ ਦਾ ਕੋਈ ਰਾਹ ਨਹੀਂ ਹੁੰਦਾ। ਤੁਹਾਡੇ ਕੋਲ ਕੰਪਾਸ (ਦਿਸ਼ਾ ਸੂਚਕ ਯੰਤਰ) ਨਹੀਂ ਹੁੰਦੀ। ਅਤੇ ਇਸ ਨੇ ਮੈਨੂੰ ਪਛਾਣ ਅਤੇ ਸ਼ਕਤੀ ਦਾ ਅਹਿਸਾਸ ਕਰਵਾਇਆ ਹੈ।

ਸਵਾਲ: ਤੁਹਾਡੀਆਂ ਲੰਮੇ ਸਮੇਂ ਦੀਆਂ ਕੀ ਯੋਜਨਾਵਾਂ ਹਨ? ਕੀ ਤੁਸੀਂ ਇਕ ਵਾਰ ਫਿਰ ਇਲੈਕਸ਼ਨ ਲੜੋਗੇ?
ਜਵਾਬ: ਹਾਂ ਮੈਂ ਇਕ ਵਾਰ ਫਿਰ ਇਲੈਕਸ਼ਨ ਲੜਾਂਗਾ। ਪਰ ਮੇਰੇ ਬੱਚੇ ਮੇਰੇ ਲਈ ਸਭ ਕੁਝ ਹਨ। ਮੈਂ ਉਸ ਵਿਅਕਤੀ ਵਾਂਗ ਜਾਣਿਆ ਜਾਣਾ ਚਾਹੁੰਦਾ ਹਾਂ, ਜਿਸ ਵਿਅਕਤੀ ਨੇ ਆਪਣੀ ਪਤਨੀ ਨਾਲ ਮਿਲਕੇ ਦੋ ਹੋਣਹਾਰ ਬੱਚੇ ਪਾਲੇ ਅਤੇ ਵੱਡੇ ਕੀਤੇ ਜਿਹੜੇ ਸਮਾਜ ਵਿੱਚ ਇਕ ਅਰਥ ਭਰਪੂਰ ਅਤੇ ਨਿੱਗਰ ਰੂਪ ਵਿੱਚ ਯੋਗਦਾਨ ਪਾ ਸਕਣ। ਉਨ੍ਹਾਂ ਦੇ ਕਾਮਯਾਬ ਹੋਣ ਲਈ ਮੈਂ ਸੰਭਵ ਤੌਰ ‘ਤੇ ਜੋ ਕੁੱਝ ਦੇ ਸਕਦਾ ਹੋਇਆ, ਦੇਵਾਂਗਾ। ਅਤੇ ਮੈਂ ਉਨ੍ਹਾਂ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਾਂਗਾ। ਅਤੇ ਮੈਂ ਇਹ ਸੱਚੇ ਦਿਲੋਂ ਕਹਿ ਰਿਹਾ ਹਾਂ। ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੈਂ ਸਿਆਸਤ ਵਿੱਚ ਆਪਣੇ ਵੱਲੋਂ ਛੱਡੀ ਵਿਰਾਸਤ ਦੀ ਥਾਂ ਉਸ ਚੀਜ਼ ਲਈ ਜਾਣਿਆ ਜਾਣਾ ਚਾਹੁੰਦਾ ਹਾਂ, ਜੋ ਚੀਜ਼ ਮੈਂ ਉਨ੍ਹਾਂ (ਆਪਣੇ ਬੱਚਿਆਂ) ਨੂੰ ਦਿੱਤੀ ਹੈ।

ਸਵਾਲ: ਕੀ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ, ਕਿਸੇ ਉਸ ਗੱਲ ਬਾਰੇ ਜਿਹੜੀ ਗੱਲ ਮੈਂ ਛੱਡ ਦਿੱਤੀ ਹੋਵੇ ਜਾਂ ਜਿਹੜੀ ਗੱਲ ਮੈਂ ਪੁੱਛੀ ਨਾ ਹੋਵੇ।
ਜਵਾਬ: ਨਹੀਂ। ਮੈਂ ਥੋੜ੍ਹਾ ਜਿਹਾ ਸੰਖੇਪ ਵਿੱਚ ਗੱਲ ਕੀਤੀ ਹੈ ਕਿਉਂਕਿ ਮੇਰੇ ‘ਤੇ ਥੋੜ੍ਹਾ ਜਿਹਾ ਸਮੇਂ ਲਈ ਦਬਾਅ ਸੀ। ਹੁਣ ਮੈਂ ਤੁਹਾਡੇ ‘ਤੇ ਛੱਡਦਾ ਹਾਂ ਕਿ ਤੁਸੀਂ ਇਸ ਦੀ ਵਰਤੋਂ ਕਿਵੇਂ ਕਰਦੇ ਹੋ? ਤੁਸੀਂ ਇਹ ਅਧਿਆਇ ਕਿਸ ਤਰ੍ਹਾਂ ਲਿਖਦੇ ਹੋ।

ਸਵਾਲ: ਠੀਕ ਹੈ। ਬਹੁਤ ਬਹੁਤ ਧੰਨਵਾਦ!

ਨੋਟ:

1.  ਇਸ ਥਾਂ ‘ਤੇ ਟੇਪ ਦੀ ਰਿਕਾਰਡਿੰਗ ਏਨੀ ਸਾਫ ਨਹੀਂ। ਮੋਅ ਸਹੋਤਾ ਨੇ ਇੱਥੇ 1920 ਦੇ ਦਹਾਕੇ ਦੀ ਗੱਲ ਕੀਤੀ ਹੈ। ਪਰ ਇਹ ਤਰੀਕ ਠੀਕ ਨਹੀਂ ਜਾਪਦੀ। ਕਿਉਂਕਿ ਵਿਕਟੋਰੀਆ ਵਿੱਚ ਖਾਲਸਾ ਦੀਵਾਨ ਸੁਸਾਇਟੀ ਵਲੋਂ 1912 ਵਿੱਚ ਗੁਰਦਵਾਰਾ ਉਸਾਰਿਆ ਲਿਆ ਗਿਆ ਸੀ। ਇਸ ਗੁਰਦਵਾਰੇ ਦੇ ਵੈੱਬਸਾਈਟ  http://infoasr.wixsite.com/topaz/history ਅਨੁਸਾਰ ਸਿੱਖ ਵਿਕਟੋਰੀਆ ਵਿੱਚ 1904 ਦੇ ਕਰੀਬ ਆਉਣੇ ਸ਼ੁਰੂ ਹੋਏ ਸਨ।

2.  ਕੈਨੇਡਾ ਦੀ ਸਿਆਸਤ ਸਵਿੰਗ ਸੀਟ, ਉਸ ਹਲਕੇ ਦੀ ਸੀਟ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਹਰ ਇਲੈਕਸ਼ਨ ਵਿੱਚ ਜਿੱਤਣ ਵਾਲੀ ਪਾਰਟੀ ਬਦਲ ਜਾਂਦੀ ਹੈ।

Advertisements
This entry was posted in ਸਾਰੀਆਂ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.