ਕਮਲਾ (ਹਿੰਦੀ ਫਿਲਮ) ਰਿਵੀਊ

ਨਿਰਦੇਸ਼ਕ: ਜਗਮੋਹਨ ਮੂੰਧੜਾ
ਸਿਤਾਰੇ: ਮਾਰਕ ਜ਼ੁਬੇਰ, ਦੀਪਤੀ ਨਵਲ, ਸ਼ਬਾਨਾ ਆਜ਼ਮੀ, ਏ.ਕੇ. ਹੰਗਲ

 

-ਸੁਖਵੰਤ ਹੁੰਦਲ-

1985 ਵਿੱਚ ਬਣੀ ਫਿਲਮ ਕਮਲਾ ਦੇ ਸ਼ੁਰੂ ਵਿੱਚ ਦਿੱਲੀ ਦੀ ਇਕ ਅੰਗਰੇਜ਼ੀ ਅਖਬਾਰ ਦਾ ਸਟਾਰ ਰਿਪੋਰਟਰ ਜੈ ਸਿੰਘ ਯਾਦਵ (ਮਾਰਕ ਜ਼ੁਬੇਰ) ਮੱਧਿਆ ਪ੍ਰਦੇਸ਼ ਦੇ ਪੇਂਡੂ ਇਲਾਕੇ ਵਿੱਚੋਂ ਇਕ ਗਰੀਬ ਔਰਤ ਕਮਲਾ (ਦੀਪਤੀ ਨਵਲ) ਨੂੰ ਖ੍ਰੀਦ ਕੇ ਦਿੱਲੀ ਲਿਆਉਂਦਾ ਹੈ। ਉਸ ਦੀ ਯੋਜਨਾ ਕਮਲਾ ਨੂੰ ਇਕ ਸਬੂਤ ਵਜੋਂ ਪ੍ਰੈੱਸ ਕਾਨਫਰੰਸ ਵਿੱਚ ਪੇਸ਼ ਕਰਨ ਦੀ ਹੈ ਤਾਂ ਕਿ ਉਹ ਭਾਰਤ ਵਿਚ ਔਰਤਾਂ ਦੇ ਵਿਉਪਾਰ ਦੇ ਇਸ ‘ਘਿਣਾਉਣੇ’ ਵਰਤਾਰੇ ਨੂੰ ਇਕ ਧਮਾਕੇ ਭਰਪੂਰ ਢੰਗ ਨਾਲ ਨੰਗਾ ਕਰ ਸਕੇ।

ਉਸ ਵਲੋਂ ਕੀਤਾ ਗਿਆ ਇਹ ਯਤਨ ਭਾਰਤ ਦੇ ਗਰੀਬ ਇਲਾਕਿਆਂ ਵਿੱਚੋਂ ਕੀਤੀ ਜਾਂਦੀ ਔਰਤਾਂ ਦੀ ਖ੍ਰੀਦੋਫਰੋਖਤ ਨੂੰ ਨੰਗਾ ਕਰਨ ਦੇ ਨਾਲ ਨਾਲ ਭਾਰਤੀ ਸਮਾਜ ਵਿੱਚ ਪਿੱਤਰਸੱਤਾ ਦੇ ਦਾਬੇ ਹੇਠ ਰਹਿ ਰਹੀਆਂ ਸਾਰੀਆਂ ਭਾਰਤੀ ਔਰਤਾਂ ਦੇ ਸ਼ੋਸ਼ਣ ਨੂੰ ਨੰਗਾ ਕਰ ਦਿੰਦਾ ਹੈ। ਦਰਸ਼ਕ ਜਦੋਂ ਇਸ ਸਟਾਰ ਰਿਪੋਰਟਰ ਜੈ ਸਿੰਘ ਯਾਦਵ ਦੇ ਘਰ ਵਿੱਚ ਉਸ ਦੀ ਪਤਨੀ (ਸ਼ਬਾਨਾ ਆਜ਼ਮੀ) ਦੇ ਜੀਵਨ ਨੂੰ ਦੇਖਦਾ ਹੈ ਤਾਂ ਦਰਸ਼ਕ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲਗਦੀ ਕਿ ਯਾਦਵ ਦੀ ਪਤਨੀ ਦੀ ਸਥਿਤੀ ਕਿਸੇ ਵੀ ਤਰ੍ਹਾਂ ਕਮਲਾ ਦੀ ਸਥਿਤੀ ਤੋਂ ਵੱਖਰੀ ਨਹੀਂ ਹੈ। ਬਾਅਦ ਵਿੱਚ ਇਕ ਆਪਸੀ ਵਾਰਤਾਲਾਪ ਵਿੱਚ ਜਦੋਂ ਕਮਲਾ ਜੈ ਸਿੰਘ ਯਾਦਵ ਦੀ ਪਤਨੀ ਨੂੰ ਪੁੱਛਦੀ ਹੈ ਕਿ ਮਾਲਕ ਤੈਨੂੰ ਕਿੰਨੇ ਵਿੱਚ ਖ੍ਰੀਦ ਕੇ ਲਿਆਇਆ ਸੀ, ਤਾਂ ਦਰਸ਼ਕ ਦੇ ਦਿਮਾਗ ‘ਤੇ ਇਹ ਸੱਚ ਹਥੋੜੇ ਵਾਂਗ ਵੱਜਦਾ ਹੈ।

ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਦੇ ਸੱਚ ਨੂੰ ਉਜਾਗਰ ਕਰਨ ਦੇ ਨਾਲ ਨਾਲ ਫਿਲਮ ਕਮਲਾ ਸਨਸਨੀਖੇਜ ਅਤੇ ਧਮਾਕੇਦਾਰ ਖੱਬਰਾਂ ‘ਤੇ ਕੇਂਦਰਿਤ ਪੱਤਰਕਾਰੀ ਦੀ ਕਾਰਜ ਪ੍ਰਣਾਲੀ ਅਤੇ ਭੂਮਿਕਾ ਉੱਤੇ ਵੀ ਕਈ ਤਰ੍ਹਾਂ ਦੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਆਪਣੀ ਪੱਤਰਕਾਰੀ ਬਾਰੇ ਗੱਲ ਕਰਦਿਆਂ ਰਿਪੋਰਟਰ ਜੈ ਸਿੰਘ ਯਾਦਵ ਕਹਿੰਦਾ ਹੈ ਕਿ ਉਹ ਆਪਣੀ ਪੱਤਰਕਾਰੀ ਨਾਲ ਸੁੱਤੀ ਹੋਈ ਭਾਰਤੀ ਜਨਤਾ ਨੂੰ ਜਗਾਉਣਾ ਚਾਹੁੰਦਾ ਹੈ। ਪਰ ਫਿਲਮ ਦੇਖਦਿਆਂ ਦਰਸ਼ਕ ਦੇ ਮਨ ਵਿੱਚ ਇਹ ਸਵਾਲ ਵਾਰ ਵਾਰ ਉੱਠਦਾ ਹੈ ਕਿ ਆਪਣੇ ਪਾਠਕਾਂ ਦੀ ਗਿਣਤੀ ਵਧਾਉਣ ਲਈ ਅਨੂਠੇ ਸਮਾਚਾਰਾਂ (ਸਕੂਪਾਂ) ਅਤੇ ਸਕੈਂਡਲਾਂ ਦਾ ਸਹਾਰਾ ਲੈਣ ਵਾਲੀ ਪੱਤਰਕਾਰੀ ਕੀ ਪਾਠਕਾਂ ਨੂੰ ਆਪਣੀਆਂ ਸਥਿਤੀਆਂ ਦੀ ਅਸਲੀਅਤ ਸਮਝਣ ਲਈ ਜਾਗਰੂਕ ਕਰ ਸਕਦੀ ਹੈ? ਲੋਕਾਂ ਦਾ ਧਿਆਨ ਖਿੱਚਣ ਲਈ ਵਿਸ਼ੇ ਦੀ ਥਾਂ ਰੂਪ ‘ਤੇ ਜ਼ੋਰ ਦੇਣ ਦੀ ਵਕਾਲਤ ਕਰਦਾ ਜੈ ਸਿੰਘ ਯਾਦਵ ਜਦੋਂ ਕਹਿੰਦਾ ਹੈ ਕਿ “ਆਰਟ ਲਾਈਜ਼ ਇਨ ਪ੍ਰੀਜ਼ੈਂਟਿੰਗ ਦੀ ਕੇਸ, ਨਾਟ ਇਨ ਦੀ ਕੇਸ ਇੱਟਸੈਲਫ” ਭਾਵ ਕਲਾ ਕੇਸ ਦੀ ਪੇਸ਼ਕਾਰੀ ਵਿੱਚ ਹੁੰਦੀ ਹੈ, ਕੇਸ ਵਿੱਚ ਨਹੀਂ। ਇਹ ਸੁਣ ਕੇ ਦਰਸ਼ਕ ਦੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਆਪਣਾ ਪੂਰਾ ਧਿਆਨ ਖਬਰ ਦੀ ਪੇਸ਼ਕਾਰੀ ‘ਤੇ ਲਾਉਣ ਵਾਲਾ ਪੱਤਰਕਾਰ ਕੀ ਖਬਰ ਦੇ ਵੱਖ ਵੱਖ ਪਹਿਲੂਆਂ ਨੂੰ ਉਜਾਗਰ ਕਰ ਸਕਦਾ ਹੈ ਅਤੇ ਕੀ ਉਹ ਉਹਨਾਂ ਪਹਿਲੂਆਂ ਦੇ ਅੰਤਰ ਸੰਬੰਧਾਂ ਨੂੰ ਵਿਖਾ ਕੇ ਖਬਰ ਦੀ ਸਮੁੱਚੀ ਅਸਲੀਅਤ ਨੂੰ ਪਾਠਕਾਂ ਦੇ ਅੱਗੇ ਰੱਖ ਸਕਦਾ ਹੈ?

ਸਮਾਜਕ ਰਿਸ਼ਤਿਆਂ ਵਿੱਚ ਸੱਤਾ (ਪਾਵਰ) ਦਾ ਵਰਤਾਰਾ ਵੱਖ ਵੱਖ ਪੱਧਰਾਂ ‘ਤੇ ਵਰਤਦਾ ਹੈ। ਕਿਸੇ ਇਕ ਰਿਸ਼ਤੇ ਵਿੱਚ ਸੱਤਾਵਾਨ (ਪਾਵਰਫੁੱਲ) ਦੇ ਤੌਰ ‘ਤੇ ਵਿਚਰ ਰਿਹਾ ਇਕ ਵਿਅਕਤੀ ਕਿਸੇ ਦੂਸਰੇ ਰਿਸ਼ਤੇ ਵਿੱਚ ਇਕ ਸੱਤਾਹੀਨ (ਪਾਵਰਲੈੱਸ) ਵਿਅਕਤੀ ਹੋ ਸਕਦਾ ਹੈ। ਸੱਤਾ ਦੇ ਮਿਨਾਰ (ਪਿਰਾਮਿਡ) ਦੇ ਉੱਪਰਲੇ ਸਿਰੇ ‘ਤੇ ਬੈਠੇ ਕੁਝ ਕੁ ਲੋਕਾਂ ਨੂੰ ਛੱਡ ਕੇ ਸਾਰੇ ਲੋਕ ਇਸ ਤਰ੍ਹਾਂ ਦੀ ਸਥਿਤੀ ਵਿਚ ਹੁੰਦੇ ਹਨ। ਫਿਲਮ ਕਮਲਾ ਵਿੱਚ ਇਸ ਨੁਕਤੇ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਦਿਖਾਇਆ ਗਿਆ ਹੈ। ਫਿਲਮ ਵਿੱਚ ਸੱਤਾ ਬਾਰੇ ਇਸ ਤਰ੍ਹਾਂ ਦੀ ਪੇਸ਼ਕਾਰੀ ਦਰਸ਼ਕਾਂ ਨੂੰ ਸਮਾਜ ਵਿੱਚ ਵਿਚਰਦੇ ਸੱਤਾ ਦੇ ਵਰਤਾਰੇ ਨੂੰ ਵੱਖ ਵੱਖ ਕੋਣਾਂ ਤੋਂ ਦੇਖਣ ਅਤੇ ਸਮਝਣ ਵਿੱਚ ਮਦਦ ਕਰਦੀ ਹੈ।

ਅੰਤ ਵਿੱਚ ਜਿੱਥੇ ਫਿਲਮ ਸਮਾਜ ਵਿੱਚ ਔਰਤ ਦੀ ਸਥਿਤੀ ਅਤੇ ਪੱਤਰਕਾਰੀ ਦੀ ਭੂਮਿਕਾ ਨੂੰ ਸਮਝਣ ਵਿੱਚ ਇਕ ਮਹੱਤਵਪੂਰਨ ਰੋਲ ਨਿਭਾਉਂਦੀ ਹੈ, ਉੱਥੇ ਇਹ ਦਰਸ਼ਕ ਨੂੰ ਇਹ ਸੁਨੇਹਾ ਵੀ ਦਿੰਦੀ ਹੈ, ਸਮਾਜ ਵਿੱਚ ਵੱਖ ਵੱਖ ਪੱਧਰਾਂ ‘ਤੇ ਹੋ ਰਹੇ ਸ਼ੋਸ਼ਣ ਇਕ ਦੂਸਰੇ ਨਾਲ ਸੰਬੰਧਤ ਹੁੰਦੇ ਹਨ। ਕਿਸੇ ਵੀ ਇਕ ਪੱਧਰ ‘ਤੇ ਹੋ ਰਹੇ ਸ਼ੋਸ਼ਣ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਅਸੀਂ ਸਾਰੇ ਸ਼ੋਸ਼ਣਾਂ ਦੇ ਤਾਣੇ-ਬਾਣੇ ਨੂੰ ਸਮਝੀਏ ਅਤੇ ਉਨ੍ਹਾਂ ਵਿਰੁੱਧ ਸਾਂਝੀ ਲੜਾਈ ਲੜੀਏ। ਉਦਾਹਰਨ ਲਈ ਜੇ ਅਸੀਂ ਸਮਾਜ ਵਿੱਚੋਂ ਔਰਤਾਂ ਦੇ ਵਪਾਰ ਨੂੰ ਖਤਮ ਕਰਨਾ ਹੈ ਤਾਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਸਮਾਜ ਦੇ ਹਰ ਖੇਤਰ ਵਿੱਚ ਪਸਰੀ ਪਿੱਤਰਸੱਤਾ ਨੂੰ ਖਤਮ ਕਰੀਏ। ***

ਫਿਲਮ ਦੇਖਣ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ:

Advertisements
This entry was posted in ਫਿਲਮ, ਸਾਰੀਆਂ and tagged , , , , , , , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

This site uses Akismet to reduce spam. Learn how your comment data is processed.