ਫਿਲਮ ਪਦਮਾਵਤ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੇ ਨਾਮ ਫਿਲਮ ਅਦਾਕਾਰਾ ਸਵਾਰਾ ਭਾਸਕਰ ਦਾ ਖੁੱਲ੍ਹਾ ਖੱਤ

ਅੰਗਰੇਜ਼ੀ ਤੋਂ ਅਨੁਵਾਦ – ਸੁਖਵੰਤ ਹੁੰਦਲ

ਪਿਆਰੇ ਭੰਸਾਲੀ ਜੀ,

ਸਭ ਤੋਂ ਪਹਿਲਾਂ ਤੁਹਾਡੇ ਵਲੋਂ ਆਪਣਾ ਸ਼ਾਹਕਾਰ “ਪਦਮਾਵਤ” – ਰਿਲੀਜ਼ ਕਰਨ ਲਈ ਵਧਾਈਆਂ। ਬੇਸ਼ੱਕ ਇਸ ਵਿੱਚੋਂ ਤੁਹਾਨੂੰ ਬਿਹਾਰੀ, ਖੂਬਸੂਰਤ ਦੀਪਿਕਾ ਪਦੁਕੋਨ ਦੀ ਨੰਗੀ ਕਮਰ ਅਤੇ 70 ਹੋਰ ਸ਼ਾਟ ਕੱਟਣੇ ਪਏ। ਫਿਰ ਵੀ ਤੁਸੀਂ ਹਰ ਇਕ ਦਾ ਸਿਰ ਮੋਢਿਆਂ ‘ਤੇ ਅਤੇ ਨੱਕਾਂ ਨੂੰ ਸਾਬਤ ਸਬੂਤ ਰੱਖਦੇ ਹੋਏ ਇਸ ਨੂੰ ਰਿਲੀਜ਼ ਕਰਨ ਵਿੱਚ ਕਾਮਯਾਬ ਹੋ ਗਏ। ਅਤੇ ਅੱਜ ਦੇ ਇਸ ‘ਸਹਿਣਸ਼ੀਲ’ ਭਾਰਤ ਵਿੱਚ, ਜਿੱਥੇ ਲੋਕਾਂ ਨੂੰ ਮੀਟ ਖਾਣ ਦੇ ਮਾਮਲਿਆਂ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ, ਅਤੇ ਮਰਦ ਸ਼ਾਨ ਦੀ ਪੁਰਾਣੀ ਧਾਰਨਾ ਦਾ ਬਦਲਾ ਲੈਣ ਲਈ ਸਕੂਲ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਤੁਹਾਡੀ ਫਿਲਮ ਦਾ ਰਿਲੀਜ਼ ਹੋਣਾ, ਇਕ ਸਲਾਹੁਣਯੋਗ ਘਟਨਾ ਹੈ, ਅਤੇ ਇਸ ਲਈ ਇਕ ਵਾਰ ਫੇਰ ਵਧਾਈਆਂ।

ਤੁਹਾਡੀ ਸਾਰੀ ਕਾਸਟ – ਮੁੱਖ ਅਤੇ ਸਹਾਇਕ- ਵਲੋਂ ਬਹੁਤ ਵਧੀਆ ਪੇਸ਼ਕਾਰੀ ਲਈ ਵੀ ਵਧਾਈਆਂ। ਫਿਲਮ ਇਕ ਦੇਖਣ ਨੂੰ ਅਸਚਰਜ ਤਾਂ ਹੈ ਹੀ। ਪਰ ਫਿਰ ਤੁਹਾਡੇ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ, ਜੋ ਜਿਸ ਚੀਜ਼ ਨੂੰ ਵੀ ਛੋਂਹਦਾ ਹੈ ਉਸ ਤੇ ਆਪਣੀ ਛਾਪ ਛੱਡਦਾ ਹੈ, ਤੋਂ ਇਸ ਸਭ ਕੁਝ ਦੀ ਆਸ ਹੀ ਸੀ।

ਹਾਂ ਸਰ ਆਪਾਂ ਦੋਵੇਂ ਇਕ ਦੂਜੇ ਨੂੰ ਜਾਣਦੇ ਹਾਂ। ਮੈਨੂੰ ਪਤਾ ਨਹੀਂ ਕਿ ਤੁਹਾਨੂੰ ਯਾਦ ਹੋਏਗਾ ਕਿ ਮੈਂ ਤੁਹਾਡੀ ਫਿਲਮ ਗੁਜ਼ਾਰਿਸ਼ ਵਿੱਚ ਇਕ ਛੋਟਾ ਜਿਹਾ ਰੋਲ ਕੀਤਾ ਸੀ। ਸਹੀ ਕਹਿਣਾ ਹੋਵੇ ਤਾਂ ਦੋ ਸੀਨਾਂ ਜਿੱਡਾ ਲੰਬਾ ਰੋਲ। ਮੈਨੂੰ ਤੁਹਾਡੇ ਨਾਲ ਆਪਣੀਆਂ ਲਾਈਨਾਂ ਬਾਰੇ ਸੰਖੇਪ ਗੱਲਬਾਤ ਕਰਨਾ ਅਤੇ ਤੁਹਾਡੇ ਵਲੋਂ ਇਹਨਾਂ ਲਾਈਨਾਂ ਬਾਰੇ ਮੇਰੀ ਰਾਇ ਪੁੱਛੇ ਜਾਣਾ ਯਾਦ ਹੈ। ਮੈਨੂੰ ਯਾਦ ਹੈ ਕਿ ਪੂਰਾ ਇਕ ਮਹੀਨਾ ਮੈਨੂੰ ਇਸ ਗੱਲ ਦਾ ਮਾਣ ਰਿਹਾ ਕਿ ਸੰਜੇ ਲੀਲਾ ਭੰਸਾਲੀ ਨੇ ਮੇਰੇ ਕੋਲੋਂ ਮੇਰੀ ਰਾਇ ਪੁੱਛੀ ਸੀ। ਮੈਨੂੰ ਯਾਦ ਹੈ ਜਦੋਂ ਤੁਸੀਂ ਇਕ ਸੀਨ ਵਿੱਚ ਇਕ ਜੂਨੀਅਰ ਆਰਟਿਸਟ ਨੂੰ ਸੀਨ ਸਮਝਾਇਆ ਸੀ ਅਤੇ ਦੂਜੇ ਸੀਨ ਵਿੱਚ ਜਿੰਮੀ ਜਿੱਬ ਉਪਰੇਟਰ ਨੂੰ, ਇਕ ਖਾਸ ਸ਼ਾਟ ਬਾਰੇ ਕੁਝ ਨਿੱਕਾ ਵਿਸਥਾਰ। ਮੈਨੂੰ ਇਹ ਸੋਚਣਾ ਯਾਦ ਹੈ, “ਵਾਹ! ਇਹ ਬੰਦਾ ਆਪਣੀ ਫਿਲਮ ਦੇ ਹਰ ਨਿੱਕੇ ਵਿਸਥਾਰ ਦਾ ਖਿਆਲ ਰੱਖਦਾ ਹੈ।” ਸ਼੍ਰੀ ਮਾਨ ਜੀ, ਮੈਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਈ ਸੀ।

ਤੁਹਾਡੀਆਂ ਫਿਲਮਾਂ ਦੇਖਣ ਦੀ ਸ਼ੁਕੀਨ ਮੈਂ ਇਸ ਗੱਲ ‘ਤੇ ਹੈਰਾਨ ਹੁੰਦੀ ਹਾਂ ਕਿ ਤੁਸੀਂ ਕਿਵੇਂ ਆਪਣੀ ਹਰ ਫਿਲਮ ਵਿੱਚ ਹੱਦਾਂ ਉਲੰਘਦੇ ਹੋ ਅਤੇ ਕਿਸ ਤਰ੍ਹਾਂ ਸਿਤਾਰੇ ਤੁਹਾਡੇ ਯੋਗ ਨਿਰਦੇਸ਼ਨ ਅਧੀਨ ਬਹੁਤ ਜ਼ਬਰਦਸਤ ਅਤੇ ਡੂੰਘੇ ਅਦਾਕਾਰ ਬਣ ਜਾਂਦੇ ਹਨ। ਤੁਸੀਂ ਮਹਾਂਕਾਵਿਕ ਪਿਆਰ ਬਾਰੇ ਮੇਰੇ ਵਿਚਾਰਾਂ ਨੂੰ ਬਦਲਿਆ ਹੈ ਅਤੇ ਮੈਂ ਉਸ ਦਿਨ ਬਾਰੇ ਕਲਪਨਾ ਕਰਦੀ ਹਾਂ ਜਿਸ ਦੀ ਇਕ ਮੁੱਖ ਨਾਇਕਾ ਵਜੋਂ ਮੈਂ ਤੁਹਾਡੇ ਨਿਰਦੇਸ਼ਨ ਹੇਠ ਕੰਮ ਕਰਾਂਗੀ।

ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਫਿਲਮ ਦੇ ਹੱਕ ਵਿੱਚ ਲੜੀ ਸੀ ਜਦੋਂ ਇਸ ਦਾ ਨਾਂ ਪਦਮਾਵਤੀ ਸੀ। ਮੈਂ ਇਹ ਮੰਨਦੀ ਹਾਂ ਕਿ ਮੈਂ ਟਵਿਟਰ ਟਾਇਮਲਾਈਨ ‘ਤੇ ਲੜੀ ਸੀ, ਕਿਸੇ ਜੰਗ ਦੇ ਮੈਦਾਨ ਵਿੱਚ ਨਹੀਂ ਅਤੇ ਮੈਂ ਟਰੋਲਾਂ ਨਾਲ ਲੜੀ ਸੀ ਕਿਸੇ ਜੰਨੂਨੀ ਅਤੇ ਖਬਤੀ ਮੁਸਲਮਾਨਾਂ ਨਾਲ ਨਹੀਂ; ਪਰ ਫਿਰ ਵੀ ਮੈਂ ਤੁਹਾਡੇ ਲਈ ਲੜੀ ਸੀ। ਮੈਂ ਟੀ ਵੀ ਕੈਮਰਿਆਂ ‘ਤੇ ਉਹ ਗੱਲਾਂ ਕਹੀਆਂ ਜਿਹੜੀਆਂ ਮੈਂ ਸੋਚਦੀ ਸੀ ਕਿ ਤੁਸੀਂ ਨਹੀਂ ਕਹਿ ਸਕਦੇ ਕਿਉਂਕਿ ਤੁਹਾਡੇ 185 ਕਰੋੜ ਦਾਅ ‘ਤੇ ਲੱਗੇ ਹੋਏ ਸਨ।

ਸਬੂਤ ਲਈ ਤੁਸੀਂ ਇਹ ਦੇਖ ਸਕਦੇ ਹੋ:

ਅਤੇ ਮੈਂ ਜੋ ਕਿਹਾ ਸੱਚ ਮੁੱਚ ਹੀ ਉਸ ‘ਤੇ ਯਕੀਨ ਕਰਦੀ ਸੀ। ਮੈਂ ਸੱਚ ਮੁੱਚ ਹੀ ਯਕੀਨ ਕਰਦੀ ਸੀ ਅਤੇ ਹੁਣ ਵੀ ਕਰਦੀ ਹਾਂ ਕਿ ਤੁਹਾਨੂੰ ਅਤੇ ਇਸ ਦੇਸ਼ ਦੇ ਕਿਸ ਵੀ ਹੋਰ ਵਿਅਕਤੀ ਨੂੰ ਉਸ ਦਾ ਸੈੱਟ ਜਲਾਏ ਜਾਣ ਤੋਂ ਬਿਨਾਂ, ਉਸ ‘ਤੇ ਹਮਲਾ ਕੀਤੇ ਜਾਣ ਤੋਂ ਬਿਨਾਂ, ਉਸ ਦੇ ਅੰਗ ਕੱਟੇ ਜਾਣ ਤੋਂ ਬਿਨਾਂ ਜਾਂ ਉਸ ਦੀ ਜ਼ਿੰਦਗੀ ਖਰਾਬ ਕੀਤੇ ਜਾਣ ਤੋਂ ਬਿਨਾਂ ਉਹ ਕਹਾਣੀ ਦੱਸਣ ਦਾ ਹੱਕ ਹੈ ਜਿਹੜੀ ਕਹਾਣੀ ਉਹ ਦੱਸਣਾ ਚਾਹੁੰਦਾ ਹੈ, ਉਸ ਢੰਗ ਨਾਲ ਦੱਸਣ ਦਾ ਹੱਕ ਹੈ ਜਿਸ ਢੰਗ ਨਾਲ ਉਹ ਦੱਸਣਾ ਚਾਹੁੰਦਾ ਹੈ, ਹੀਰੋਇਨ ਦਾ ਉਨਾ ਕੁ ਢਿੱਡ ਦਿਖਾਉਣ ਦਾ ਹੱਕ ਹੈ ਜਿੰਨਾ ਕੁ ਢਿੱਡ ਉਹ ਦਿਖਾਉਣਾ ਚਾਹੁੰਦਾ ਹੈ।

ਇਸ ਦੇ ਨਾਲ ਹੀ, ਆਮ ਤੌਰ ‘ਤੇ, ਲੋਕਾਂ ਨੂੰ ਫਿਲਮਾਂ ਬਣਾ ਸਕਣ ਅਤੇ ਰਿਲੀਜ਼ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਸੁਰੱਖਿਆ ਨਾਲ ਸਕੂਲ ਜਾਣ ਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਸੱਚਮੁੱਚ ਕਾਮਨਾ ਕਰਦੀ ਸੀ ਕਿ ਤੁਹਾਡੀ ਫਿਲਮ ਬਹੁਤ ਜ਼ਿਆਦਾ ਕਾਮਯਾਬ ਹੋਵੇ, ਬਲਾਕਬਸਟਰ ਬਣੇ ਅਤੇ ਬਾਕਸ ਆਫਿਸ ‘ਤੇ ਸਾਰੇ ਰਿਕਾਰਡ ਤੋੜ ਦੇਵੇ, ਜਿਸ ਤੋਂ ਹੋਣ ਵਾਲੀ ਆਮਦਨ ਕਰਨੀ ਸੈਨਾ ਅਤੇ ਉਨ੍ਹਾਂ ਦੇ ਸਾਥੀ ਦਹਿਸ਼ਤਗਰਦਾਂ ਦੇ ਮੂੰਹ ਉੱਪਰ ਇਕ ਚਪੇੜ ਹੋਵੇ। ਇਸ ਲਈ ਬਹੁਤ ਜੋਸ਼ ਨਾਲ ਅਤੇ ਇਕ ਉਪਾਸ਼ਕ ਦੇ ਉਤਸ਼ਾਹ ਨਾਲ ਮੈਂ ਪਦਮਾਵਤ ਲਈ ਪਹਿਲੇ ਦਿਨ ਅਤੇ ਪਹਿਲੇ ਸ਼ੋਅ ਦੀਆਂ ਟਿਕਟਾਂ ਬੁੱਕ ਕਰਵਾਈਆਂ ਅਤੇ ਆਪਣੇ ਸਾਰੇ ਪਰਿਵਾਰ ਅਤੇ ਆਪਣੇ ਰਸੋਈਏ ਨੂੰ ਫਿਲਮ ਦੇਖਣ ਲੈ ਕੇ ਗਈ।

ਸ਼ਾਇਦ ਫਿਲਮ ਨਾਲ ਇਸ ਤਰ੍ਹਾਂ ਦਾ ਲਗਾਉ ਅਤੇ ਇਸ ਬਾਰੇ ਇਸ ਤਰ੍ਹਾਂ ਦਾ ਫਿਕਰ ਹੋਣ ਕਰਕੇ ਮੈਂ ਇਸ ਨੂੰ ਦੇਖ ਕੇ ਬਹੁਤ ਹੈਰਾਨ ਹੋਈ ਹਾਂ। ਸ਼ਾਇਦ ਇਸ ਹੀ ਕਰਕੇ ਮੈਂ ਤੁਹਾਨੂੰ ਲਿਖਣ ਦੀ ਖੁੱਲ੍ਹ ਲੈ ਰਹੀ ਹਾਂ ਅਤੇ ਤੁਹਾਨੂੰ ਲਿਖਣ ਲਈ ਉਤਾਵਲੀ ਹੋ ਰਹੀ ਹਾਂ। ਮੈਂ ਸਪਸ਼ਟ ਅਤੇ ਸਿੱਧੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੀ, ਭਾਵੇਂ ਕਿ ਕਹਿਣ ਵਾਲਾ ਬਹੁਤ ਕੁਝ ਹੈ।

* ਸ਼੍ਰੀ ਮਨ ਜੀ ਬਲਾਤਕਾਰ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਔਰਤਾਂ ਨੂੰ ਜੀਣ ਦਾ ਹੱਕ ਹੈ।

* ਉਨ੍ਹਾਂ ਦੇ ਪਤੀਆਂ, ਮਰਦ ‘ਰੱਖਿਅਕਾਂ’ ‘ਮਾਲਕਾਂ’, ‘ਉਨ੍ਹਾਂ ਦੀ ਲਿੰਗਤਾ ਨੂੰ ਕੰਟਰੋਲ ਕਰਨ ਵਾਲਿਆਂ’ æææ ਤੁਹਾਡੀ ਨਜ਼ਰ ਵਿੱਚ ਮਰਦ ਜੋ ਵੀ ਹੋਣ, ਦੀ ਮੌਤ ਹੋਣ ਬਾਅਦ ਔਰਤਾਂ ਨੂੰ ਜੀਣ ਦਾ ਹੱਕ ਹੈ।

* ਔਰਤਾਂ ਨੂੰ ਸੁਤੰਤਰ ਹੋ ਕੇ ਜੀਣ ਦਾ ਹੱਕ ਹੈ – ਬੇਸ਼ੱਕ ਉਨ੍ਹਾਂ ਦੇ ਮਰਦ ਜ਼ਿੰਦਾ ਹੋਣ ਜਾਂ ਨਾ।

* ਔਰਤਾਂ ਨੂੰ ਜੀਣ ਦਾ ਹੱਕ ਹੈ। ਬੱਸ।

ਅਸਲ ਵਿੱਚ ਇਹ ਬਹੁਤ ਬੁਨਿਆਦੀ ਗੱਲ ਹੈ।

ਕੁਝ ਹੋਰ ਬੁਨਿਆਦੀ ਨੁਕਤੇ:

* ਔਰਤਾਂ ਤੁਰਦੀਆਂ ਫਿਰਦੀਆਂ ਯੋਨੀਆਂ ਨਹੀਂ ਹਨ।

* ਹਾਂ ਔਰਤਾਂ ਦੇ ਯੋਨੀਆਂ ਹੁੰਦੀਆਂ ਹਨ, ਪਰ ਉਹ ਇਸ ਤੋਂ ਵੱਧ ਹੁੰਦੀਆਂ ਹਨ। ਇਸ ਲਈ ਉਨ੍ਹਾਂ ਦੀ ਸਾਰੀ ਜ਼ਿੰਦਗੀ ਉਨ੍ਹਾਂ ਦੀ ਯੋਨੀ ਦੁਆਲੇ ਕੇਂਦਰਿਤ ਨਹੀਂ ਹੋਣੀ ਚਾਹੀਦੀ, ਇਸ ਨੂੰ ਕੰਟਰੋਲ ਕਰਨ ਲਈ, ਇਸ ਦੀ ਰੱਖਿਆ ਕਰਨ ਲਈ, ਇਸ ਦੀ ਸ਼ੁਧਤਾ ਕਾਇਮ ਰੱਖਣ ਲਈ (ਸ਼ਾਇਦ 13ਵੀਂ ਸਦੀ ਵਿੱਚ ਇਸ ਤਰ੍ਹਾਂ ਹੁੰਦਾ ਹੋਵੇ, ਪਰ ਇੱਕੀਵੀਂ ਸਦੀ ਵਿੱਚ ਸਾਨੂੰ ਇਨ੍ਹਾਂ ਸੀਮਤ ਵਿਚਾਰਾਂ ਨੂੰ ਨਹੀਂ ਮੰਨਣਾ ਚਾਹੀਦਾ। ਇਹ ਪੱਕਾ ਹੈ ਕਿ ਸਾਨੂੰ ਉਨ੍ਹਾਂ ਦੀ ਮਹਿਮਾ ਨਹੀਂ ਗਾਉਣੀ ਚਾਹੀਦੀ।)

* ਇਹ ਬਹੁਤ ਵਧੀਆ ਹੋਵੇਗਾ ਜੇ ਯੋਨੀ ਦਾ ਸਤਿਕਾਰ ਹੋਵੇ, ਪਰ ਜੇ ਬਦਕਿਸਮਤੀ ਨਾਲ ਅਜਿਹਾ ਨਾ ਹੋਵੇ, ਤਾਂ ਔਰਤ ਜੀਣਾ ਜਾਰੀ ਰੱਖ ਸਕਦੀ ਹੈ। ਉਸ ਨੂੰ ਮੌਤ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਕਿਉਂਕਿ ਕਿਸੇ ਹੋਰ ਵਿਅਕਤੀ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਦੀ ਯੋਨੀ ਦਾ ਤ੍ਰਿਸਕਾਰ ਕੀਤਾ ਹੈ।

* ਯੋਨੀ ਤੋਂ ਬਾਹਰ ਵੀ ਜ਼ਿੰਦਗੀ ਹੈ, ਅਤੇ ਇਸ ਲਈ ਬਲਾਤਕਾਰ ਤੋਂ ਬਾਅਦ ਵੀ ਜ਼ਿੰਦਗੀ ਹੋ ਸਕਦੀ ਹੈ। (ਮੈਨੂੰ ਪਤਾ ਹੈ ਕਿ ਮੈਂ ਦੁਹਰਾਅ ਰਹੀ ਹਾਂ, ਪਰ ਇਸ ਨੁਕਤੇ ਨੂੰ ਜਿੰਨੀ ਵਾਰੀ ਵੀ ਦੁਹਰਾਇਆ ਜਾਵੇ ਉਹ ਘੱਟ ਹੈ।)

* ਸਮੁੱਚੇ ਰੂਪ ਵਿੱਚ ਯੋਨੀ ਤੋਂ ਬਾਅਦ ਵੀ ਜ਼ਿੰਦਗੀ ਵਿੱਚ ਬਹੁਤ ਕੁਝ ਹੈ।

ਤੁਸੀਂ ਹੈਰਾਨ ਹੋਵੋਗੇ ਕਿ ਮੈਂ ਯੋਨੀ ਬਾਰੇ ਵਾਰ ਵਾਰ ਕਿਉਂ ਗੱਲ ਕਰ ਰਹੀ ਹਾਂ। ਕਿਉਂਕਿ ਸ਼੍ਰੀ ਮਾਨ ਜੀ ਮੈਂ ਤੁਹਾਡੀ ਸ਼ਾਹਕਾਰ ਦੇਖ ਕੇ ਇਹ ਹੀ ਮਹਿਸੂਸ ਕੀਤਾ। ਮੈਂ ਇਕ ਯੋਨੀ ਦੀ ਤਰ੍ਹਾਂ ਮਹਿਸੂਸ ਕੀਤਾ। ਮੈਂ ਮਹਿਸੂਸ ਕੀਤਾ ਕਿ ਮੈਨੂੰ ਸਿਰਫ ਯੋਨੀ ਤੱਕ ਮਨਫੀ ਕਰ ਦਿੱਤਾ ਗਿਆ ਹੈ। ਮੈਂ ਮਹਿਸੂਸ ਕੀਤਾ ਕਿ ਪਿਛਲੇ ਸਾਲਾਂ ਵਿੱਚ ਜਿਹੜੀਆਂ ਵੀ “ਛੋਟੀਆਂ ਜਿਹੀਆਂ” ਪ੍ਰਾਪਤੀਆ ਔਰਤਾਂ ਅਤੇ ਔਰਤਾਂ ਦੀਆਂ ਲਹਿਰਾਂ ਨੇ ਪ੍ਰਾਪਤ ਕੀਤੀਆਂ ਹਨ- ਜਿਵੇਂ ਵੋਟ ਪਾਉਣ ਦਾ ਹੱਕ, ਜਾਇਦਾਦ ਦੀਆਂ ਮਾਲਕ ਬਣਨ ਦਾ ਹੱਕ, ਵਿਦਿਆ ਦਾ ਹੱਕ, ਇਕੋ ਜਿਹੇ ਕੰਮ ਲਈ ਇਕੋ ਜਿਹੀ ਤਨਖਾਹ ਦਾ ਹੱਕ, ਗਰਭਵਤੀ ਹੁੰਦੇ ਸਮੇਂ ਛੁੱਟੀ ਦਾ ਹੱਕ, ਵਿਸ਼ਾਖਾ ਫੈਸਲਾ, ਬੱਚਿਆਂ ਨੂੰ ਗੋਦ ਲੈਣ ਦਾ ਹੱਕ – ਇਨ੍ਹਾਂ ਸਾਰੀਆਂ ਦੀ ਕੋਈ ਤੁਕ ਨਹੀਂ; ਕਿਉਂਕਿ ਅਸੀਂ ਬੁਨਿਆਦੀ ਗੱਲ ‘ਤੇ ਵਾਪਸ ਆ ਗਏ ਹਾਂ।

ਅਸੀਂ ਵਾਪਸ ਬੁਨਿਆਦੀ ਸਵਾਲ ‘ਤੇ ਆ ਗਏ ਹਾਂ – ਜੀਣ ਦਾ ਹੱਕ। ਤੁਹਾਡੀ ਫਿਲਮ ਨੇ ਸਾਨੂੰ ਮੱਧ ਕਾਲ ਦੇ ਹਨ੍ਹੇਰੇ ਸਮਿਆਂ ਦੇ ਉਸ ਬੁਨਿਆਦੀ ਸਵਾਲ ‘ਤੇ ਲਿਆ ਖੜ੍ਹਾ ਕੀਤਾ ਹੈ – ਕੀ ਔਰਤਾਂ – ਵਿਧਵਾ, ਬਲਾਤਕਾਰ ਦਾ ਸ਼ਿਕਾਰ, ਜਵਾਨ, ਬੁੱਢੀਆਂ, ਗਰਭਵਤੀ, ਗਭਰੇਟ æææ ਨੂੰ ਜੀਣ ਦਾ ਹੱਕ ਹੈ?

ਮੈਂ ਸਮਝਦੀ ਹਾਂ ਕਿ ਜੌਹਰ ਅਤੇ ਸਤੀ ਸਾਡੇ ਸਮਾਜਕ ਇਤਿਹਾਸ ਦਾ ਹਿੱਸਾ ਹਨ। ਇਹ ਬੀਤੀਆਂ ਸਨ। ਮੈਂ ਸਮਝਦੀ ਹਾਂ ਕਿ ਉਹ ਸਨਸਨੀਖੇਜ਼, ਸਦਮਾ-ਜਨਕ ਨਾਟਕੀ ਵਰਤਾਰੇ ਹਨ ਜਿਨ੍ਹਾਂ ਨੂੰ ਸ਼ਾਨਦਾਰ, ਜ਼ੋਰਦਾਰ ਅਤੇ ਗਜ਼ਬਦਾਰ ਨਜ਼ਾਰਿਆਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਖਾਸ ਕਰਕੇ ਤੁਹਾਡੇ ਵਰਗੇ ਪ੍ਰਬੀਨ ਫਿਲਮਸਾਜ਼ ਵਲੋਂ – ਪਰ 19ਵੀਂ ਸਦੀ ਵਿੱਚ ਅਮਰੀਕਾ ਵਿੱਚ ਚਿੱਟੇ ਲੋਕਾਂ ਦੀਆਂ ਭੀੜਾਂ ਵਲੋਂ ਕਾਲੇ ਲੋਕਾਂ ਦੇ ਸਮੂਹਿਕ ਕਤਲ (ਲਿੰਚਿੰਗ) ਵੀ ਇਸ ਤਰ੍ਹਾਂ ਦੇ ਵਰਤਾਰੇ ਹਨ- ਸਨਸਨੀਖੇਜ, ਸਦਮਾਜਨਕ ਨਾਟਕੀ ਸਮਾਜਕ ਵਰਤਾਰੇ। ਕੀ ਇਸ ਦਾ ਮਤਲਬ ਹੈ ਕਿ ਨਸਲਵਾਦ ਉੱਪਰ ਕੋਈ ਨਜ਼ਰੀਆ ਰੱਖੇ ਬਿਨਾਂ ਕੋਈ ਇਸ ‘ਤੇ ਫਿਲਮ ਬਣਾ ਦੇਵੇ? ਜਾਂ ਨਸਲੀ ਨਫਰਤ ‘ਤੇ ਕੋਈ ਟਿੱਪਣੀ ਕੀਤੇ ਬਿਨਾਂ? ਇਸ ਤੋਂ ਬਦਤਰ ਕੀ ਕੋਈ ਗਰਮ-ਖੂਨ, ਸ਼ੁਧਤਾ, ਬਹਾਦਰੀ ਦੀ ਵਿਕ੍ਰਿਤ ਧਾਰਨਾ ਦੇ ਚਿੰਨ ਵਜੋਂ ਸਮੂਹਿਕ ਕਤਲਾਂ (ਲਿੰਚਿੰਗ) ਨੂੰ ਵਡਿਆਉਂਦੀ ਫਿਲਮ ਬਣਾ ਦੇਵੇ- ਮੈਨੂੰ ਪਤਾ ਨਹੀਂ, ਮੈਨੂੰ ਬਿਲਕੁਲ ਪਤਾ ਨਹੀਂ ਕਿ ਕੋਈ ਇਸ ਤਰ੍ਹਾਂ ਦੇ ਘਿਨਾਉਣੇ ਨਫਰਤ ਭਰੇ ਜੁਰਮ ਨੂੰ ਕਿਵੇਂ ਵਡਿਆ ਸਕਦਾ ਹੈ।

ਸ਼੍ਰੀ ਮਾਨ ਜੀ ਮੈਨੂੰ ਯਕੀਨ ਹੈ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕੇ ਸਤੀ ਅਤੇ ਜੌਹਰ ਅਜਿਹੀਆਂ ਰੀਤਾਂ ਹਨ ਜਿਹਨਾਂ ਨੂੰ ਵਡਿਆਇਆ ਨਹੀਂ ਜਾ ਸਕਦਾ। ਮੈਨੂੰ ਯਕੀਨ ਹੈ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਣਖ, ਕੁਰਬਾਨੀ, ਸ਼ੁਧਤਾ ਦਾ ਕਿਸੇ ਵੀ ਤਰ੍ਹਾਂ ਦਾ ਪੁਰਾਤਨ ਵਿਚਾਰ ਔਰਤਾਂ ਅਤੇ ਮਰਦਾਂ ਨੂੰ ਇਸ ਤਰ੍ਹਾਂ ਦੀਆਂ ਰੀਤਾਂ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਮਜ਼ਬੂਰ ਨਹੀਂ ਕਰ ਸਕਦਾ; ਅਤੇ ਬੁਨਿਆਦੀ ਤੌਰ ‘ਤੇ ਫੀਮੇਲ ਜੈਨੀਟਲ ਮਿਊਟੀਲੇਸ਼ਨ (ਐੱਫ ਜੀ ਐੱਮ) ਅਤੇ ਅਣਖ ਖਾਤਰ ਕੀਤੇ ਜਾਂਦੇ ਕਤਲਾਂ ਵਾਂਗ ਸਤੀ ਅਤੇ ਜੌਹਰ ਵੀ ਪਿੱਤਰਸੱਤਾ, ਔਰਤਾਂ ਨਾਲ ਨਫਰਤ ਕਰਨ ਵਾਲੇ ਅਤੇ ਸੰਦੇਹਜਨਕ ਵਿਚਾਰਾਂ ਦੀ ਜ਼ੱਦ ਵਿੱਚ ਆਉਂਦੀਆਂ ਹਨ। ਅਜਿਹੀ ਮਾਨਸਿਕਤਾ ਜੋ ਇਹ ਵਿਸ਼ਵਾਸ ਕਰਦੀ ਹੈ ਕਿ ਔਰਤ ਦੀ ਕੀਮਤ ਉਸ ਦੀ ਯੋਨੀ ਵਿੱਚ ਹੈ, ਕਿ ਔਰਤਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਜੇ ਉਹ ਆਪਣੇ ਮਰਦ ਮਾਲਕਾਂ ਦੇ ਕੰਟਰੋਲ ਵਿੱਚ ਨਹੀਂ ਜਾਂ ਉਨ੍ਹਾਂ ਦੇ ਸਰੀਰ ਕਿਸੇ ਅਜਿਹੇ ਮਰਦ ਦੀ ਛੋਹ ਜਾਂ ਨਜ਼ਰ ਨਾਲ ‘ਅਪਵਿੱਤਰ’ ਹੋ ਜਾਂਦਾ ਹੈ ਜਿਹੜੇ ਮਰਦ ਕੋਲ ਔਰਤ ਦੀ ‘ਮਾਲਕੀ’ ਜਾਂ ‘ਕੰਟਰੋਲ’ ਦੀ ਸਮਾਜਕ ਪ੍ਰਵਾਨਗੀ ਨਾ ਹੋਵੇ।

ਸਤੀ, ਜੌਹਰ, ਐੱਫ ਜੀ ਐੱਮ, ਅਣਖ ਖਾਤਰ ਕੀਤੇ ਜਾਂਦੇ ਕਤਲ ਵਰਗੀਆਂ ਰੀਤਾਂ ਨੂੰ ਵਡਿਆਉਣਾ ਨਹੀਂ ਚਾਹੀਦਾ ਕਿਉਂਕਿ ਉਹ ਸਿਰਫ ਔਰਤਾਂ ਤੋਂ ਬਰਾਬਰੀ ਦਾ ਹੱਕ, ਉਨ੍ਹਾਂ ਦੀ ਵਿਅਕਤੀਗਤ ਹੋਂਦ ਹੀ ਨਹੀਂ ਖੋਂਹਦੀਆਂ ਸਗੋਂ ਉਹ ਔਰਤਾਂ ਦੀ ਇਨਸਾਨੀਅਤ ਖੋਹ ਲੈਂਦੀਆਂ ਹਨ। ਅਤੇ ਇਹ ਗਲਤ ਹੈ। ਅਸੀਂ ਇਹ ਮੰਨ ਸਕਦੇ ਹਾਂ ਕਿ ਇਹ ਅਜਿਹਾ ਨੁਕਤਾ ਹੈ ਜਿਸ ਬਾਰੇ ਸੰਨ 2018 ਵਿੱਚ ਗੱਲ ਕਰਨ ਦੀ ਲੋੜ ਨਹੀਂ; ਪਰ ਜ਼ਾਹਰਾ ਤੌਰ ‘ਤੇ ਅਜਿਹਾ ਕਰਨ ਦੀ ਲੋੜ ਹੈ। ਪੱਕਾ ਹੈ ਕਿ ਤੁਸੀਂ ਐੱਫ ਜੀ ਐੱਮ ਜਾਂ ਅਣਖ ਖਾਤਰ ਕੀਤੇ ਜਾਂਦੇ ਕਤਲਾਂ ਨੂੰ ਵਡਿਆਉਣ ਵਾਲੀ ਫਿਲਮ ਬਣਾਉਣ ਬਾਰੇ ਨਹੀਂ ਸੋਚੋਗੇ।

ਸ਼੍ਰੀ ਮਾਨ ਜੀ ਤੁਸੀਂ ਕਹੋਗੇ ਕਿ ਮੈਂ ਹੱਦ ਤੋਂ ਜ਼ਿਆਦਾ ਪ੍ਰਤੀਕਰਮ ਕਰ ਰਹੀ ਹਾਂ ਅਤੇ ਮੈਨੂੰ ਇਸ ਫਿਲਮ ਨੂੰ ਇਸ ਦੇ ਸੰਦਰਭ ਵਿੱਚ ਦੇਖਣ ਦੀ ਲੋੜ ਹੈ। ਇਹ ਕਹਾਣੀ 13ਵੀਂ ਸਦੀ ਦੇ ਲੋਕਾਂ ਬਾਰੇ ਹੈ। ਅਤੇ 13ਵੀਂ ਸਦੀ ਵਿੱਚ ਜ਼ਿੰਦਗੀ ਇਸ ਤਰ੍ਹਾਂ ਦੀ ਹੀ ਸੀ – ਇਕ ਤੋਂ ਵੱਧ ਔਰਤਾਂ ਨਾਲ ਵਿਆਹ ਪ੍ਰਵਾਨ ਸਨ, ਮੁਸਲਮਾਨ ਪਸ਼ੂ ਸਨ ਜੋ ਮੀਟ ਅਤੇ ਔਰਤਾਂ ਨੂੰ ਹਾਬੜ ਕੇ ਪੈਂਦੇ ਸਨ, ਅਤੇ ਇੱਜ਼ਤਦਾਰ ਹਿੰਦੂ ਔਰਤਾਂ ਆਪਣੇ ਪਤੀਆਂ ਦੀ ਚਿਖਾ ਵਿੱਚ ਖੁਸ਼ੀ ਖੁਸ਼ੀ ਛਾਲ ਮਾਰ ਦਿੰਦੀਆਂ ਸਨ, ਅਤੇ ਜੇ ਸਸਕਾਰ ‘ਤੇ ਨਾ ਜਾ ਸਕਦੀਆਂ ਹੋਣ, ਉਹ ਇਕ ਚਿਖਾ ਬਾਲ ਕੇ ਉਸ ਵਿੱਚ ਛਾਲ ਮਾਰ ਦਿੰਦੀਆਂ ਸਨ- ਅਸਲ ਵਿੱਚ ਉਹ ਸਮੂਹਿਕ ਆਤਮਹੱਤਿਆ ਦੇ ਵਿਚਾਰ ਨੂੰ ਏਨਾ ਜ਼ਿਆਦਾ ਪਸੰਦ ਕਰਦੀਆਂ ਸਨ ਕਿ ਉਹ ਆਪਣੇ ਹਾਰ ਸ਼ਿੰਗਾਰ ਕਰਨ ਦੇ ਮੌਕਿਆਂ ‘ਤੇ ਇਸ ਬਾਰੇ ਖੁਸ਼ੀ ਖੁਸ਼ੀ ਗੱਲ ਕਰਦੀਆਂ ਸਨ। ਤੁਸੀਂ ਮੈਨੂੰ ਕਹੋਗੇ “ਸੱਚ ਨੂੰ ਦੇਖ”।

ਨਹੀਂ ਸ਼੍ਰੀ ਮਾਨ ਜੀ ਆਪਣੀਆਂ ਜ਼ਾਲਮਾਨਾ ਰੀਤਾਂ ਵਾਲਾ 13ਵੀਂ ਸਦੀ ਦਾ ਰਾਜਸਥਾਨ ਤੁਹਾਡੇ ਵਲੋਂ ਪਦਮਾਵਤ ਫਿਲਮ ਲਈ ਅਪਣਾਈ ਗਈ ਗਾਥਾ ਲਈ ਸਿਰਫ ਇਕ ਇਤਿਹਾਸਕ ਸੈਟਿੰਗ ਹੈ। ਤੁਹਾਡੀ ਫਿਲਮ ਦਾ ਸੰਦਰਭ ਇੱਕੀਵੀਂ ਸਦੀ ਦਾ ਇੰਡੀਆ ਹੈ; ਜਿੱਥੇ ਪੰਜ ਸਾਲ ਪਹਿਲਾਂ, ਦੇਸ਼ ਦੀ ਰਾਜਧਾਨੀ ਵਿੱਚ ਇਕ ਚਲਦੀ ਬੱਸ ਵਿੱਚ ਇਕ ਕੁੜੀ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਆਪਣੀ ਇੱਜ਼ਤ ਲੁੱਟੇ ਜਾਣ ‘ਤੇ ਉਸ ਨੇ ਆਤਮਹੱਤਆਿ ਨਹੀਂ ਕੀਤੀ ਸੀ, ਸ਼੍ਰੀ ਮਾਨ ਜੀ। ਉਹ ਆਪਣੇ ਛੇ ਬਲਾਤਕਾਰੀਆਂ ਨਾਲ ਲੜੀ ਸੀ। ਉਹ ਏਨੀ ਜਾਣ ਨਾਲ ਲੜੀ ਕਿ ਉਨ੍ਹਾਂ ਦਰਿੰਦਿਆਂ ਵਿੱਚੋਂ ਇਕ ਨੇ ਉਸ ਦੀ ਯੋਨੀ ਵਿੱਚ ਲੋਹੇ ਦੇ ਸਰੀਆ ਧੱਕ ਦਿੱਤਾ ਸੀ। ਉਸ ਦੀ ਲਾਸ਼ ਸੜਕ ‘ਤੇ ਮਿਲੀ ਸੀ ਜਿਸ ਦੀਆਂ ਆਂਦਰਾਂ ਬਾਹਰ ਨਿਕਲੀਆਂ ਹੋਈਆਂ ਸਨ। ਏਨਾ ਵਾਸਤਵਿਕ ਵਿਸਥਾਰ ਦੇਣ ਲਈ ਮੁਆਫੀ ਮੰਗਦੀ ਹਾਂ; ਸ਼੍ਰੀ ਮਾਨ ਜੀ, ਪਰ ਤੁਹਾਡੀ ਫਿਲਮ ਦਾ ਅਸਲ ‘ਸੰਦਰਭ’ ਇਹ ਹੈ।

ਤੁਹਾਡੀ ਫਿਲਮ ਰਿਲੀਜ਼ ਹੋਣ ਤੋਂ ਇਕ ਹਫਤਾ ਪਹਿਲਾਂ ਹਰਿਆਣੇ ਦੇ ਸ਼ਹਿਰ ਜੀਂਦ ਵਿੱਚ ਇਕ ਪੰਦਰਾਂ ਸਾਲਾਂ ਦੀ ਦਲਿਤ ਕੁੜੀ ਨਾਲ ਕਰੂਰ ਢੰਗ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ; ਜਿਹੜਾ ਜੁਰਮ ਨਿਰਭੈਆ ਦੇ ਬਲਾਤਕਾਰ ਨਾਲ ਬੁਰੀ ਤਰ੍ਹਾਂ ਰਲਦਾ ਮਿਲਦਾ ਸੀ।

ਤੁਸੀਂ ਜਾਣਦੇ ਹੀ ਹੋ ਕਿ ਸਤੀ ਅਤੇ ਔਰਤਾਂ ਦੇ ਕੀਤੇ ਜਾਂਦੇ ਬਲਾਤਕਾਰ ਇਕੋ ਮਾਨਸਿਕਤਾ ਦੇ ਦੋ ਪਾਸੇ ਹਨ। ਇਕ ਬਲਾਤਕਾਰੀ ਇਕ ਔਰਤ ਨੂੰ ਕੰਟਰੋਲ ਕਰਨ ਲਈ ਉਸ ਦੇ ਗੁਪਤ ਅੰਗਾਂ ਦਾ ਤ੍ਰਿਸਕਾਰ ਅਤੇ ਉਨ੍ਹਾਂ ‘ਤੇ ਹਮਲਾ ਕਰਦਾ ਹੈ, ਉਨ੍ਹਾਂ ਨਾਲ ਜ਼ਬਰਦਸਤੀ ਕਰਦਾ ਹੈ, ਉਨ੍ਹਾਂ ਨੂੰ ਕੱਟਦਾ/ਵੱਢਦਾ ਹੈ, ਉਸ ‘ਤੇ ਭਾਰੂ ਪੈਂਦਾ ਹੈ ਜਾਂ ਉਸ ਨੂੰ ਖਤਮ ਕਰ ਦਿੰਦਾ ਹੈ। ਸਤੀ-ਜੌਹਰ ਦੇ ਸਮਰਥਕ ਜਾਂ ਹਿਮਾਇਤੀ ਔਰਤ ਨੂੰ ਮੁਕੰਮਲ ਤੌਰ ‘ਤੇ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ ਜੇ ਉਸ ਦੇ ਗੁਪਤ ਅੰਗਾਂ ਦਾ ਤ੍ਰਿਸਕਾਰ ਕਰ ਦਿੱਤਾ ਗਿਆ ਹੋਵੇ ਜਾਂ ਉਸ ਦੇ ਗੁਪਤ ਅੰਗ ‘ਸਹੀ’ ਮਰਦ ਮਾਲਕ ਦੇ ਕੰਟਰੋਲ ਵਿੱਚ ਨਾ ਰਹੇ ਹੋਣ। ਦੋਹਾਂ ਕੇਸਾਂ ਵਿੱਚ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਔਰਤ ਨੂੰ ਬੱਸ ਉਸ ਦੇ ਗੁਪਤ ਅੰਗਾਂ ਤੱਕ ਸੀਮਤ ਕਰ ਦਿੱਤਾ ਜਾਵੇ।

ਕਲਾ ਦਾ ਸੰਦਰਭ, ਕਿਸੇ ਵੀ ਕਲਾ ਦਾ, ਉਹ ਸਮਾਂ ਅਤੇ ਥਾਂ ਹੁੰਦੀ ਹੈ ਜਦੋਂ ਇਹ ਸਿਰਜਿਆ ਅਤੇ ਮਾਣਿਆ (ਕੰਜ਼ਿਊਮ ਕੀਤਾ) ਜਾਂਦਾ ਹੈ। ਤਾਂ ਹੀ ਸਮੂਹਿਕ-ਬਲਾਤਕਾਰਾਂ ਦੀ ਭਰਮਾਰ ਵਾਲਾ ਇੰਡਿਆ, ਬਲਾਤਕਾਰ ਦਾ ਸਮਰਥਨ ਕਰਨ ਵਾਲੀ ਮਾਨਸਿਕਤਾ, ਪੀੜਤ ‘ਤੇ ਦੋਸ਼ ਧਰਨ ਵਾਲਾ ਸਮਾਜ ਤੁਹਾਡੀ ਫਿਲਮ ਦਾ ਅਸਲ ਸੰਦਰਭ ਹੈ। ਇਸ ਸੰਦਰਭ ਵਿੱਚ ਜ਼ਰੂਰੀ ਸੀ ਸ੍ਰੀ ਮਾਨ ਜੀ ਕਿ ਤੁਸੀਂ ਆਪਣੀ ਫਿਲਮ ਵਿੱਚ ਸਤੀ ਅਤੇ ਜੌਹਰ ਦੀ ਕੋਈ ਨਾ ਕੋਈ ਆਲੋਚਨਾ ਪੇਸ਼ ਕਰਦੇ।

ਤੁਸੀਂ ਕਹੋਗੇ ਕਿ ਤੁਸੀਂ ਫਿਲਮ ਦੇ ਸ਼ੁਰੂ ਵਿੱਚ ਇਕ ਬਿਆਨ ਲਿਖਿਆ ਹੈ ਕਿ ਫਿਲਮ ਸਤੀ ਜਾਂ ਜੌਹਰ ਦਾ ਸਮਰਥਨ ਨਹੀਂ ਕਰਦੀ। ਜ਼ਰੂਰ ਸ਼੍ਰੀ ਮਾਨ ਜੀ, ਪਰ ਇਸ ਤੋਂ ਬਾਅਦ ਤੁਸੀਂ ਪੌਣੇ ਤਿੰਨ ਘੰਟੇ ਰਾਜਪੂਤਾਂ ਦੀ ਅਣਖ ਅਤੇ ਇੱਜ਼ਤਦਾਰ ਰਾਜਪੂਤ ਔਰਤਾਂ ਦੀ ਮਹਿਮਾ ਦਾ ਗਾਣ ਕੀਤਾ ਹੈ ਜਿਹੜੀਆਂ ਔਰਤਾਂ ਉਨ੍ਹਾਂ ਦੁਸ਼ਮਣ ਮਰਦਾਂ ਤੋਂ ਛੋਹੇ ਜਾਂਣ ਦੀ ਥਾਂ ਅੱਗ ਦੀਆਂ ਲਪਟਾਂ ਵਿੱਚ ਖੁਸ਼ੀ ਖੁਸ਼ੀ ਕੁਰਬਾਨ ਹੋ ਗਈਆਂ ਜਿਹੜੇ ਮਰਦ ਉਨ੍ਹਾਂ ਦੇ ਪਤੀ ਨਹੀਂ ਸਨ ਪਰ ਮੁਸਲਮਾਨ ਸਨ।

ਤੁਹਾਡੀ ਕਹਾਣੀ ਦੇ ‘ਚੰਗੇ’ ਕਿਰਦਾਰਾਂ ਨੇ ਤਿੰਨ ਵਾਰੀ ਤੋਂ ਜ਼ਿਆਦਾ ਵਾਰ ਸਤੀ/ਜੌਹਰ ਦੇ ਇਕ ਮਾਣ ਵਾਲੀ ਚੋਣ ਹੋਣ ਬਾਰੇ ਗੱਲ ਕੀਤੀ, ਤੁਹਾਡੀ ਹੀਰੋਈਨ – ਜੋ ਸੁੰਦਰਤਾ, ਅਕਲ ਅਤੇ ਚੰਗਿਆਈ ਦਾ ਮੁੱਜਸਮਾ ਸੀ- ਨੇ ਆਪਣੇ ਪਤੀ ਤੋਂ ਜੌਹਰ ਕਰਨ ਦੀ ਇਜਾਜ਼ਤ ਮੰਗੀ, ਕਿਉਂਕਿ ਉਹ ਉਸ ਦੀ ਇਜਾਜ਼ਤ ਤੋਂ ਬਿਨਾਂ ਮਰ ਵੀ ਨਹੀਂ ਸਕਦੀ ਸੀ; ਉਸ ਤੋਂ ਛੇਤੀ ਬਾਅਦ ਉਸ ਨੇ ਸੱਚ ਅਤੇ ਝੂਠ, ਧਰਮ ਅਤੇ ਅਧਰਮ ਵਿਚਕਾਰ ਜੰਗ ਬਾਰੇ ਇਕ ਲੰਮਾ ਭਾਸ਼ਣ ਦਿੱਤਾ ਅਤੇ ਸਮੂਹਿਕ ਸਤੀ ਨੂੰ ਸੱਚ ਅਤੇ ਧਰਮ ਦਾ ਰਸਤਾ ਦੱਸਿਆ।

ਫਿਰ ਅਖੀਰ ‘ਤੇ, ਸਾਹ ਰੋਕਣ ਵਾਲੇ ਸ਼ਾਟ ਵਿੱਚ, ਦੁਰਗਾ ਮਾਤਾ ਵਾਂਗ ਲਾਲ ਕੱਪੜਿਆਂ ਵਿੱਚ ਸੱਜੀਆਂ ਸੈਂਕੜੇ ਔਰਤਾਂ ਜੌਹਰ ਦੀ ਅੱਗ ਵਿੱਚ ਕੁੱਦ ਗਈਆਂ ਜਦੋਂ ਕਿ ਜੰਨੂਨੀ ਸਾਇਕੋਪਾਥ ਮੁਸਲਮਾਨ ਖਲਨਾਇਕ ਉਨ੍ਹਾਂ ਦੇ ਸਿਰ ‘ਤੇ ਮੰਡਲਾ ਰਿਹਾ ਸੀ,ਅਤੇ ਉਹ ਥਰਥਰਾਉਂਦਾ ਸੰਗੀਤ – ਜਿਸ ਵਿੱਚ ਇਕ ਤਰਾਨੇ ਜਿੰਨੀ ਤਾਕਤ ਸੀ। ਇਸ ਸ਼ਾਟ ਨੇ ਦਰਸ਼ਕਾਂ ਨੂੰ ਰੋਅਬਦਾਰ ਢੰਗ ਇਸ ਅਮਲ ਦੀ ਸ਼ਲਾਘਾ ਕਰਨ ਲਈ ਭਰਮਾ ਲਿਆ। ਸ਼੍ਰੀ ਮਾਨ ਜੀ, ਜੇ ਇਹ ਸਤੀ ਅਤੇ ਜੌਹਰ ਦੀ ਵਡਿਆਈ ਨਹੀਂ ਤਾਂ ਮੈਨੂੰ ਸੱਚਮੁੱਚ ਨਹੀਂ ਪਤਾ ਕਿ ਇਹ ਕੀ ਹੈ।

ਮੈਂ ਤੁਹਾਡਾ ਅੰਤ ਦੇਖ ਕੇ ਬਹੁਤ ਬੇਚੈਨ ਮਹਿਸੂਸ ਕੀਤਾ, ਇਕ ਗਰਭਵਤੀ ਔਰਤ ਅਤੇ ਛੋਟੀ ਜਿਹੀ ਕੁੜੀ ਨੂੰ ਅੱਗ ਵਿੱਚ ਜਾਂਦੇ ਦੇਖ ਕੇ। ਮੈਨੂੰ ਆਪਣੀ ਹੋਂਦ ਨਜਾਇਜ਼ ਲੱਗੀ ਕਿਉਂਕਿ ਰੱਬ ਨਾ ਕਰੇ ਜੇ ਮੇਰੇ ਨਾਲ ਕੁਝ ਅਭਾਗਾ ਵਰਤ ਜਾਵੇ ਤਾਂ ਮੈਂ ਉਸ ਅੱਗ ਦੀ ਖਾਈ ਤੋਂ ਬਾਹਰ ਰਹਿਣ ਲਈ ਜੋ ਕੁਝ ਵੀ ਮੇਰੇ ਵੱਸ ‘ਚ ਹੋਇਆ ਕਰਾਂਗੀ, ਭਾਵੇਂ ਇਸ ਦਾ ਅਰਥ ਸਾਰੀ ਉਮਰ ਲਈ ਖਿਲਜੀ ਵਰਗੇ ਦਰਿੰਦੇ ਦੀ ਗੁਲਾਮ ਬਣ ਕੇ ਨਾ ਰਹਿਣਾ ਪਵੇ। ਉਸ ਵੇਲੇ ਮੈਂ ਮਹਿਸੂਸ ਕੀਤਾ ਕਿ ਮੇਰੇ ਵਲੋਂ ਮੌਤ ਦੀ ਥਾਂ ਜ਼ਿੰਦਗੀ ਨੂੰ ਚੁਣਨਾ ਗਲਤ ਸੀ। ਜੀਣ ਦੀ ਖਾਹਿਸ਼ ਰੱਖਣਾ ਗਲਤ ਸੀ। ਸ਼੍ਰੀ ਮਾਨ ਜੀ, ਇਹ ਹੈ ਸਿਨਮੇ ਦੀ ਤਾਕਤ।

ਖਾਸ ਤੌਰ ‘ਤੇ ਤੁਹਾਡਾ ਸਿਨਮਾ ਪ੍ਰੇਰਨਾਮਈ, ਵੇਗਮਈ ਅਤੇ ਸ਼ਕਤੀਸ਼ਾਲੀ ਹੈ। ਇਹ ਦਰਸ਼ਕਾਂ ਨੂੰ ਭਾਵਨਾਵਾਂ ਦੇ ਉਤਰਾਵਾਂ ਚੜ੍ਹਾਵਾਂ ਵਿੱਚ ਲਿਜਾ ਸਕਦਾ ਹੈ। ਇਹ ਸੋਚ ‘ਤੇ ਅਸਰ ਪਾ ਸਕਦਾ ਹੈ, ਇਸ ਲਈ ਸ਼੍ਰੀ ਮਾਨ ਜੀ ਤੁਹਾਨੂੰ ਤੁਹਾਡੇ ਲਈ ਆਪਣੀ ਫਿਲਮ ਵਿੱਚ ਪੇਸ਼ ਕੀਤੀ ਅਤੇ ਕਹੀ ਹੋਈ ਗੱਲ ਲਈ ਜ਼ਿੰਮੇਵਾਰ ਹੋਣਾ ਜ਼ਰੂਰੀ ਹੈ।

ਬਹੁਤ ਹੀ ਮੁਸ਼ਕਿਲ ਨਾਲ ਕੁੱਝ ਭਾਰਤੀ ਸੁਧਾਰਕਾਂ, ਅਤੇ ਸੂਬਿਆਂ ਦੀਆਂ ਬ੍ਰਿਟਿਸ਼ ਕਾਲੋਨੀਅਲ ਸਰਕਾਰਾਂ ਅਤੇ ਰਿਆਸਤੀ ਸਰਕਾਰਾਂ ਨੇ 1829 ਅਤੇ 1861 ਵਿਚਕਾਰ ਆਪਣੇ ਫੈਸਲਿਆਂ ਨਾਲ ਸਤੀ ਨੂੰ ਖਤਮ ਕੀਤਾ ਅਤੇ ਇਸ ਨੂੰ ਜੁਰਮ ਕਰਾਰ ਦਿੱਤਾ। ਇਸ ਤੋਂ ਅੱਗੇ ਜਾ ਕੇ ਆਜ਼ਾਦ ਭਾਰਤ ਵਿੱਚ 1988 ਵਿੱਚ ਪਾਸ ਹੋਏ ਸਤੀ ਪ੍ਰੀਵੈਨਸ਼ਨ ਐਕਟ ਨੇ ਸਤੀ ਵਿੱਚ ਮਦਦ ਕਰਨ, ਇਸ ਲਈ ਸ਼ਹਿ ਦੇਣ ਅਤੇ ਇਸ ਨੂੰ ਵਡਿਆਉਣ ਨੂੰ ਜੁਰਮ ਮੰਨਿਆ। ਇਸ ਔਰਤ ਵਿਰੋਧੀ ਮੁਜਰਮਾਨਾ ਰੀਤ ਨੂੰ ਬਿਨਾਂ ਸੋਚੇ ਸਮਝੇ ਵਡਿਆਉਣ ਦੇ ਆਪਣੇ ਅਮਲ ਲਈ ਤੁਹਾਨੂੰ ਜੁਆਬ ਦੇਣਾ ਪਏਗਾ, ਸ਼੍ਰੀ ਮਾਨ ਜੀ। ਟਿਕਟ ਖ੍ਰੀਦ ਕੇ ਫਿਲਮ ਦੇਖਣ ਵਾਲੇ ਇਕ ਦਰਸ਼ਕ ਵਜੋਂ ਮੈਨੂੰ ਤੁਹਾਨੂੰ ਇਹ ਪੁੱਛਣ ਦਾ ਅਧਿਕਾਰ ਹੈ ਤੁਸੀਂ ਇਹ ਕਿਵੇਂ ਅਤੇ ਕਿਉਂ ਕੀਤਾ।

ਤੁਸੀਂ ਇਸ ਗੱਲ ਤੋਂ ਸੁਚੇਤ ਹੀ ਹੋਵੋਗੋ ਕਿ ਇੰਡਿਆ ਦੇ ਆਧੁਨਿਕ ਇਤਿਹਾਸ ਵਿੱਚ ਜੌਹਰ ਵਰਗੀਆਂ ਹੋਰ ਘਟਨਾਵਾਂ ਵਾਪਰੀਆਂ ਹਨ। ਇੰਡੀਆ ਅਤੇ ਪਾਕਿਸਤਾਨ ਦੀ ਖੂਨੀ ਵੰਡ ਸਮੇਂ 75,000 ਦੇ ਕਰੀਬ ਔਰਤਾਂ ਨਾਲ ਬਲਾਤਕਾਰ ਹੋਇਆ ਸੀ, ਅਗਵਾ ਕੀਤੀਆਂ ਗਈਆਂ ਸਨ ਅਤੇ ‘ਦੂਜੇ’ ਧਰਮਾਂ ਦੇ ਮਰਦਾਂ ਵਲੋਂ ਗਰਭਵਤੀ ਕੀਤੀਆਂ ਗਈਆਂ ਸਨ। ਔਰਤਾਂ ਵਲੋਂ ਆਪਣੀ ਮਰਜ਼ੀ ਨਾਲ ਅਤੇ ਦੂਜਿਆਂ ਦੀ ਸਹਾਇਤਾ ਨਾਲ ਆਤਮਹੱਤਿਆਵਾਂ ਕਰਨ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ, ਕਈ ਕੇਸਾਂ ਵਿੱਚ ‘ਦੂਜੇ’ ਧਰਮਾਂ ਦੇ ਮਰਦਾਂ ਵਲੋਂ ਛੋਹੇ ਜਾ ਸਕਣ ਤੋਂ ਪਹਿਲਾਂ ਪਤੀਆਂ ਅਤੇ ਬਾਪਾਂ ਨੇ ਖੁਦ ਆਪਣੀਆਂ ਪਤਨੀਆਂ ਅਤੇ ਧੀਆਂ ਦੇ ਸਿਰ ਵੱਢੇ ਸਨ।

ਪੰਜਾਬ ਵਿੱਚ ਠੋਆ ਖਾਲਸਾ ਦੇ ਦੰਗਿਆਂ ਤੋਂ ਬੱਚ ਜਾਣ ਵਾਲੇ ਬੀਰ ਬਹਾਦੁਰ ਸਿੰਘ ਨੇ ਔਰਤਾਂ ਵਲੋਂ ਪਿੰਡ ਦੇ ਖੂਹ ਵਿੱਚ ਛਾਲਾਂ ਮਾਰ ਕੇ ਆਤਮਹੱਤਿਆਵਾਂ ਕਰਨ ਦੇ ਇਕ ਦ੍ਰਿਸ਼ ਦਾ ਵਰਨਣ ਕੀਤਾ ਹੈ। ਉਸ ਦਾ ਕਹਿਣਾ ਹੈ, ਕਿ ਅੱਧੇ ਘੰਟੇ ਵਿੱਚ ਹੀ ਖੂਹ ਭਰ ਗਿਆ ਸੀ। ਉੱਪਰ ਵਾਲੀਆਂ ਔਰਤਾਂ ਬਚ ਗਈਆਂ। ਉਸ ਦੀ ਮਾਂ ਵੀ ਬਚ ਗਈ। 1998 ਵਿੱਚ ਛਪੀ ਦੀ ਅਦਰ ਸਾਈਡ ਆਫ ਸਾਈਲੈਂਸ ਦੀ ਲੇਖਕਾ ਯਾਦ ਕਰਕੇ ਦਸਦੀ ਹੈ ਕਿ ਸਿੰਘ ਆਪਣੀ ਮਾਂ ਵਲੋਂ ਆਪਣੀ ਬਚਦੀ ਜ਼ਿੰਦਗੀ ਲਈ ਜ਼ਿੰਦਾ ਰਹਿਣ ਕਾਰਨ ਸ਼ਰਮ ਮੰਨਦਾ ਸੀ। ਇਹ ਇੰਡੀਅਨ ਇਤਿਹਾਸ ਦੇ ਕਾਲੇ ਪੰਨਿਆਂ ਦੀ ਗੱਲ ਹੈ ਅਤੇ ਇਸ ਨੂੰ ਸ਼ਰਮ, ਘਿਰਣਾ, ਉਦਾਸੀ, ਪੁਨਰ ਵਿਚਾਰ, ਸੰਵੇਦਨਸ਼ੀਲਤਾ, ਸੂਖਮਤਾ ਨਾਲ ਯਾਦ ਕਰਨਾ ਚਾਹੀਦਾ ਹੈ ਨਾ ਕਿ ਬਿਨਾਂ ਸੋਚੀ ਸਮਝੀ ਸਨਸਨੀਖੇਜ ਵਡਿਆਈ ਨਾਲ। ਵੰਡ ਦੀਆਂ ਇਹ ਦੁਖਾਂਤਕ ਕਹਾਣੀਆਂ ਵੀ ਤੁਹਾਡੀ ਫਿਲਮ ਪਦਮਾਵਤ ਦਾ ਘੱਟ ਜ਼ਾਹਰ ਸੰਦਰਭ ਹਨ।

ਮਿਸਟਰ ਭੰਸਾਲੀ ਮੈਂ ਸ਼ਾਂਤੀ ਨਾਲ ਗੱਲ ਖਤਮ ਕਰਾਂਗੀ; ਕਾਮਨਾ ਕਰਦੀ ਹਾਂ ਕਿ ਤੁਸੀਂ ਜਿਸ ਤਰ੍ਹਾਂ ਦੀਆਂ ਫਿਲਮਾਂ ਬਣਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦੀ ਬਹੁਤ ਸਾਰੀਆਂ ਫਿਲਮਾਂ ਬਣਾਉ, ਅਤੇ ਤੁਹਾਨੂੰ ਉਨ੍ਹਾਂ ਨੂੰ ਸ਼ਾਂਤਮਈ ਮਾਹੌਲ ਵਿੱਚ ਬਣਾਉਣ ਅਤੇ ਰਿਲੀਜ਼ ਕਰਨ ਦੀ ਇਜਾਜ਼ਤ ਹੋਵੇ; ਤੁਹਾਡੇ ਅਦਾਕਾਰ, ਤੁਹਾਡੇ ਪ੍ਰੋਡਿਊਸਰ, ਤੁਹਾਡੇ ਸਟੂਡੀਓ ਅਤੇ ਤੁਹਾਡੇ ਦਰਸ਼ਕ ਧਮਕੀਆਂ ਅਤੇ ਭੰਨਤੋੜ ਤੋਂ ਸੁਰੱਖਿਅਤ ਰਹਿਣ। ਮੈਂ ਤੁਹਾਡੇ ਪ੍ਰਗਟਾਵੇ ਦੀ ਅਜ਼ਾਦੀ ਲਈ ਟਰੋਲਾਂ (ਆਨਲਈਨ ਲੜਨ ਅਤੇ ਤੰਗ ਕਰਨ ਵਾਲਿਆਂ) ਅਤੇ ਟੈਲੀਵਿਜ਼ਨ ਦੇ ਟਿੱਪਣੀਕਾਰਾਂ ਨਾਲ ਲੜਨ ਦਾ ਵਾਅਦਾ ਕਰਦੀ ਹਾਂ; ਪਰ ਮੈਂ ਤੁਹਾਨੂੰ ਉਸ ਕਲਾ ਬਾਰੇ ਸਵਾਲ ਪੁੱਛਣ ਦਾ ਵੀ ਵਾਅਦਾ ਕਰਦੀ ਹਾਂ ਜਿਹੜੀ ਕਲਾ ਤੁਸੀਂ ਜਨਤਾ ਲਈ ਬਣਾਉਂਦੇ ਹੋ। ਇਸ ਸਮੇਂ ਦੌਰਾਨ ਆਉ ਆਪਾਂ ਉਮੀਦ ਕਰੀਏ ਕਿ ਕਿਸੇ ਵੀ ਕਰਨੀ ਸੈਨਾ ਜਾਂ ਕਿਸੇ ਮਰਨੀ ਸੈਨਾ ਦੇ ਕਿਸੇ ਜੰਨੂਨੀ ਮੈਂਬਰ ਨੂੰ ਇਹ ਮੰਗ ਕਰਨ ਦਾ ਵਿਚਾਰ ਨਾ ਆਏ ਕਿ ਸਤੀ ਦੀ ਰੀਤ ਨੂੰ ਜੁਰਮ ਦੇ ਘੇਰੇ ਵਿੱਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ!

ਸੱਚੇ ਦਿਲੋਂ,

ਸਵਾਰਾ ਭਾਸਕਰ
ਜ਼ਿੰਦਗੀ ਦੀ ਖਾਹਿਸ਼ਮੰਦ

ਸਵਾਰਾ ਭਾਸਕਰ ਹਿੰਦੀ ਫਿਲਮ ਇੰਡਸਟਰੀ ਦੀ ਇਨਾਮ ਜੇਤੂ ਅਦਾਕਾਰਾ ਹੈ, ਜਿਸ ਨੇ ਅੱਗੇ ਦਿੱਤੀਆਂ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ: ਅਨਾਰਕਲਈ ਆਫ ਅਰਾਹ (2017), ਨਿਲ ਬਟੇ ਸੰਨਾਟਾ (2016), ਪ੍ਰੇਮ ਰਤਨ ਧਨ ਪਾਇਓ (2015), ਤਨੂ ਵੈਡਜ ਮੰਨੂ ਰਿਟਰਨਜ਼, (2015), ਰਾਂਝਨਾ (2013) ਅਤੇ ਤਨੂ ਵੈਡਜ਼ ਮੰਨੂ (2011)।

ਅੰਗਰੇਜ਼ੀ ਵਿੱਚ ਇਹ ਖਤ ਪੜ੍ਹਨ ਲਈ ਕਲਿੱਕ ਕਰੋ

Advertisements
This entry was posted in ਫਿਲਮ, ਸਾਰੀਆਂ and tagged , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.