ਪੰਜਾਬੀ ਦਾ ਵਿਲੱਖਣ ਫਿਲਮਸਾਜ਼ ਗੁਰਵਿੰਦਰ ਸਿੰਘ


-ਸੁਖਵੰਤ ਹੁੰਦਲ-

ਗੁਰਵਿੰਦਰ ਸਿੰਘ ਪੰਜਾਬੀ ਦਾ ਇਕ ਵਿਲੱਖਣ ਫਿਲਮਸਾਜ਼ ਹੈ। ਉਸ ਦੀ ਵਿਲੱਖਣਤਾ ਦਾ ਕਾਰਨ ਉਸ ਦੀ ਫਿਲਮਸਾਜ਼ੀ ਦੀ ਵੱਖਰੀ ਸ਼ੈਲੀ ਅਤੇ ਵਿਸ਼ਿਆਂ ਦੀ ਵੱਖਰੀ ਚੋਣ ਹੈ। ਉਸ ਦਾ ਕਹਿਣਾ ਹੈ, “ਸਿਨਮਾ ਮੇਰੇ ਲਈ ਜ਼ਿੰਦਗੀ ਅਤੇ ਘਟਨਾਵਾਂ, ਸਮੇਂ ਅਤੇ ਥਾਂ, ਪ੍ਰਤੱਖ ਅਤੇ ਅਪ੍ਰਤੱਖ, ਕਹੀ ਅਤੇ ਅਣਕਹੀ ਬਾਰੇ ਘੋਖ ਕਰਨ ਦਾ ਦਾਰਸ਼ਨਿਕ ਮਾਧਿਅਮ ਹੈ। ਅਤੇ ਕੋਈ ਵੀ ਮਹੱਤਵਪੂਰਨ ਜਾਂ ਮਾਮੂਲੀ ਘਟਨਾ ਇਸ ਘੋਖ ਦਾ ਵਿਸ਼ਾ ਬਣ ਸਕਦੀ ਹੈ। ਵਪਾਰਕ ਤੌਰ ‘ਤੇ ‘ਕਾਮਯਾਬ’ ਹੋਣ ਜਾਂ ਕਿਸੇ ਸਮੇਂ ਦੇ ਪ੍ਰਚਲਿਤ ਵਿਚਾਰਾਂ ਜਾਂ ਭਾਵਨਾਵਾਂ ਦਾ ਫਾਇਦਾ ਉਠਾਉਣ ਦੀ ਖਾਹਿਸ਼ ਮੈਨੂੰ ਸੇਧ ਨਹੀਂ ਦਿੰਦੀ। ਫਿਰ ਵੀ ਮੈਂ ਉਮੀਦ ਕਰਦਾ ਹਾਂ ਕਿ ਮੇਰੀ ਫਿਲਮ ਨੂੰ ਵੱਧ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾਵੇ।”

ਬੇਸ਼ੱਕ ਅੰਤਰਰਾਸ਼ਟਰੀ ਫਿਲਮ ਜਗਤ ਅਤੇ ਪੰਜਾਬੀਆਂ ਦੇ ਇਕ ਖਾਸ ਦਾਇਰੇ ਵਿੱਚ ਉਸ ਦੇ ਨਾਂ ਦੀ ਚਰਚਾ ਉਸ ਵਲੋਂ 2011 ਵਿੱਚ ਬਣਾਈ ਪਹਿਲੀ ਫੀਚਰ ਫਿਲਮ’ਅੰਨ੍ਹੇ ਘੋੜੇ ਦੇ ਦਾਨ’ ਦੇ ਨਾਲ ਹੀ ਸ਼ੁਰੂ ਹੋ ਗਈ ਸੀ, ਪਰ ਪੰਜਾਬੀ ਫਿਲਮਾਂ ਦਾ ਆਮ ਦਰਸ਼ਕ ਉਸ ਬਾਰੇ ਬਹੁਤ ਘੱਟ ਜਾਣਦਾ ਹੈ। ਇਸ ਲਈ ਉਸ ਦੀ ਜ਼ਿੰਦਗੀ ਅਤੇ ਕੰਮ ਬਾਰੇ ਇਹ ਸੰਖੇਪ ਜਾਣਕਾਰੀ ਹਾਜ਼ਰ ਹੈ।

ਗੁਰਵਿੰਦਰ ਦਾ ਜਨਮ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਵਿੱਚ ਸੰਨ 1973 ਵਿੱਚ ਹੋਇਆ। ਇਹ ਇਲਾਕਾ ਵੰਡ ਸਮੇਂ ਪਾਕਿਸਤਾਨ ਤੋਂ ਉੱਜੜ ਕੇ ਆਏ ਪੰਜਾਬੀਆਂ ਦਾ ਗੜ੍ਹ ਸੀ। ਉਸ ਦਾ ਬਚਪਨ ਅਤੇ ਜਵਾਨੀ ਦਿੱਲੀ ਵਿੱਚ ਲੰਘੇ। ਉਸ ਦੇ ਪਿਤਾ ਇਸ਼ਤਿਹਾਰਾਂ ਦੀਆਂ ਕੰਪਨੀਆਂ ਲਈ ਆਰਟ ਡਿਜ਼ਾਇਨਰ ਦਾ ਕੰਮ ਕਰਦੇ ਸਨ। ਇਸ ਕਰਕੇ ਘਰ ਵਿੱਚ ਆਰਟ ਬਾਰੇ ਕਿਤਾਬਾਂ, ਕੈਟਾਲੌਗ ਅਤੇ ਗਿਆਨਕੋਸ਼ ਪਏ ਰਹਿੰਦੇ ਸਨ। ਇਨ੍ਹਾਂ ਨੂੰ ਦੇਖਦਿਆਂ ਉਹ ਫੋਟੋਗ੍ਰਾਫਰ ਬਣਨ ਵਿੱਚ ਰੁਚਿਤ ਹੋ ਗਿਆ। ਦਿੱਲੀ ਯੂਨੀਵਰਸਟੀ ਵਿੱਚ ਪੜ੍ਹਦਿਆਂ ਉਹ ਐਡਵਰਟਾਈਜ਼ਿੰਗ ਦੇ ਖੇਤਰ ਵਿੱਚ ਗਰਾਫਕ ਆਰਟਿਸਟ ਦੇ ਤੌਰ ‘ਤੇ ਕੰਮ ਕਰਨ ਲੱਗਾ। ਫਿਰ ਉਹ ਪੂਣੇ ਯੂਨੀਵਰਸਿਟੀ ਵਿੱਚ ਮਾਸ ਕਮਿਊਨੀਕੇਸ਼ਨ ਦਾ ਕੋਰਸ ਕਰਨ ਚਲਾ ਗਿਆ। ਪੂਣੇ ਰਹਿੰਦਿਆਂ ਉਹ ਫਿਲਮ ਐਂਡ ਟੈਲੀਵਿਯਨ ਇੰਸਟੀਚਿਊਟ ਵਿੱਚ ਆਉਣ ਜਾਣ ਲੱਗਾ ਅਤੇ ਉਸ ਤੋਂ ਬਾਅਦ ਉਸ ਨੇ ਇਸ ਇੰਸਟਿਚਿਊਟ ਤੋਂ ਫਿਲਮ ਨਿਰਦੇਸ਼ਕ ਦਾ ਪੋਸਟ-ਗ੍ਰੈਜੂਏਟ ਦਾ ਕੋਰਸ ਕੀਤਾ।

ਪੰਜਾਬ ਦੇ ਸੰਬੰਧ ਵਿੱਚ ਉਸ ਨੇ ਸਭ ਤੋਂ ਪਹਿਲੀ ਫਿਲਮ ਪਾਲਾ ਬਣਾਈ ਜੋ ਕਿ ਪੰਜਾਬ ਦੇ ਪਾਲਾ ਨਾਂ ਦੇ ਇਕ ਢਾਡੀ ਬਾਰੇ ਇਕ ਡਾਕੂਮੈਂਟਰੀ ਫਿਲਮ ਸੀ। ਫਿਲਮ ਐਂਡ ਟੈਲੀਵਿਯਨ ਇੰਸਟਿਚਿਊਟ ਪੂਣੇ ਤੋਂ ਆਪਣੀ ਪੜ੍ਹਾਈ ਖਤਮ ਕਰਨ ਬਾਅਦ ਉਹ ਚਾਰ ਸਾਲ ਤੱਕ ਪੰਜਾਬ ਵਿੱਚ ਕਿੱਸਾ ਗਾਉਣ ਵਾਲਿਆਂ ਨਾਲ ਘੁੰਮਦਾ ਫਿਰਦਾ ਰਿਹਾ ਤਾਂ ਕਿ ਉਹ ਉਨ੍ਹਾਂ ਦੇ ਕੰਮ ਨੂੰ ਡਾਕੂਮੈਂਟ ਕਰ ਸਕੇ। ਇਹ ਡਾਕੂਮੈਂਟਰੀ ਇਸ ਸਮੇਂ ਦੌਰਾਨ ਇਕੱਤਰ ਕੀਤੀ ਸਮੱਗਰੀ ਦੇ ਆਧਾਰ ‘ਤੇ ਬਣੀ। ਇਨ੍ਹਾਂ ਚਾਰ ਸਾਲਾਂ ਦੌਰਾਨ ਪੰਜਾਬ ਦੀਆਂ ਫੇਰੀਆਂ ਨੇ ਉਸ ਨੂੰ ਪੰਜਾਬ ਨਾਲ ਜੋੜਨ ਦਾ ਕੰਮ ਕੀਤਾ। ਦਿੱਲੀ ਵਿੱਚ ਜੰਮਿਆ ਪਲਿਆ ਹੋਣ ਕਰਕੇ ਉਹ ਇਸ ਤੋਂ ਪਹਿਲਾਂ ਪੰਜਾਬ ਵਿੱਚ ਇਸ ਤਰ੍ਹਾਂ ਘੁੰਮਿਆ ਫਿਰਿਆ ਨਹੀਂ ਸੀ। ਨਾ ਹੀ ਉਸ ਨੂੰ ਪੰਜਾਬੀ ਪੜ੍ਹਨੀ ਆਉਂਦੀ ਸੀ।

ਫਿਲਮ ਐਂਡ ਟੈਲੀਵਿਯਨ ਇੰਸਟਿਚਿਊਟ ਪੂਣੇ ਵਿੱਚ ਪੜ੍ਹਦੇ ਸਮੇਂ ਗੁਰਵਿੰਦਰ ਪਹਿਲਾਂ ਹਿੰਦੀ ਵਿੱਚ ਫਿਲਮ ਬਣਾਉਣ ਬਾਰੇ ਸੋਚਦਾ ਸੀ। ਫਿਰ ਉੱਥੋਂ ਦੀ ਲਾਇਬ੍ਰੇਰੀ ਵਿੱਚੋਂ ਉਸ ਨੂੰ ਨਾਵਲਕਾਰ ਗੁਰਦਿਆਲ ਸਿੰਘ ਦਾ ਨਾਵਲ ‘ਅੰਨ੍ਹੇ ਘੋੜ੍ਹੇ ਦਾ ਦਾਨ’ ਹਿੰਦੀ ਵਿੱਚ ਅਨੁਵਾਦ ਹੋਇਆ ਮਿਲਿਆ। ਉਸ ਨੇ ਗੁਰਦਿਆਲ ਸਿੰਘ ਦੇ 5-6 ਨਾਵਲ ਪੜ੍ਹੇ। ਉਹ ਨਾਵਲ ਪੜ੍ਹ ਕੇ ਉਸ ਨੂੰ ਪੰਜਾਬ ਨੂੰ ਦੇਖਣ ਲਈ ਇਕ ਨਵੀਂ ਖਿੜਕੀ ਮਿਲ ਗਈ। ਕਾਰਵਾਂ ਮੈਗਜ਼ੀਨ ਦੀ ਪੱਤਰਕਾਰ ਤ੍ਰਿਸ਼ਾ ਗੁਪਤਾ ਨਾਲ ਇਕ ਇੰਟਰਵਿਊ ਦੌਰਾਨ ਗੁਰਵਿੰਦਰ ਸਿੰਘ ਆਪਣੇ ਇਸ ਤਜਰਬੇ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ, “ਮੈਂ ਪੰਜਾਬ ਦਾ ਇਹ ਪਾਸਾ ਨਹੀਂ ਦੇਖਿਆ ਸੀ। ਇਸ ਤਰ੍ਹਾਂ ਦੇ ਪਾਤਰ, ਇਸ ਤਰ੍ਹਾਂ ਦੇ ਮਸਲੇ, ਇਸ ਤਰ੍ਹਾਂ ਦਾ ਪੇਂਡੂ ਪੰਜਾਬ। ਉਸ (ਗੁਰਦਿਆਲ ਸਿੰਘ) ਦਾ ਵਰਨਣ ਬਿਲਕੁਲ ਚੈਖੋਵ ਵਾਂਗ ਸੀ: ਵਾਤਾਵਰਨ, ਮੂਡ, ਲੈਂਡਸਕੇਪ – ਬਹੁਤ ਹੀ ਭਾਵਨਾਵਾਂ ਭਰਪੂਰ। ਅੰਨ੍ਹੇ ਘੋੜੇ ਦਾ ਦਾਨ ਮੇਰੇ ਦਿਮਾਗ ਵਿੱਚ ਘਰ ਕਰ ਗਿਆ। ਮੈਂ ਸੋਚਿਆ ਕਿ ਜੇ ਕੋਈ ਕਿਤਾਬ ਹੈ ਜਿਸ ਬਾਰੇ ਮੈਂ ਫਿਲਮ ਬਣਾਉਣੀ ਚਾਹੁੰਦਾ ਹਾਂ, ਤਾਂ ਉਹ ਹੈ ਇਹ ਕਿਤਾਬ। ਅਤੇ ਉਦੋਂ ਤੱਕ ਮੈਂ ਕਦੇ ਪੰਜਾਬ ਨਹੀਂ ਗਿਆ ਸੀ।”

ਜਦੋਂ ਉਹ ਢਾਡੀਆਂ ਬਾਰੇ ਡਾਕੂਮੈਂਟਰੀ ਬਣਾਉਣ ਲਈ ਚਾਰ ਸਾਲ ਪੰਜਾਬ ਵਿੱਚ ਘੁੰਮਿਆ ਤਾਂ ਉਸ ਨੂੰ ਗੁਰਦਿਆਲ ਸਿੰਘ ਦੇ ਨਾਵਲਾਂ ਵਿੱਚ ਬਿਆਨੇ ਪੰਜਾਬ ਦੇ ਦਰਸ਼ਨ ਹੋਏ। ਉਸ ਦਾ ਪੰਜਾਬ ਵਿਚਲੀ ਜਾਤਪਾਤ ਨਾਲ ਆਹਮਣਾ ਸਾਹਮਣਾ ਹੋਇਆ। ਇਸ ਸਮੇਂ ਦੌਰਾਨ ਉਹ ਜਿਹੜੇ ਕਿੱਸਾ ਗਾਉਣ ਵਾਲਿਆਂ ਨੂੰ ਮਿਲਿਆ ਉਹ ਸਾਰੇ ਅਖੌਤੀ ਛੋਟੀਆਂ ਜਾਤਾਂ – ਬਾਲਮੀਕੀ, ਮਜ਼ਹਬੀਆਂ- ਨਾਲ ਸੰਬੰਧਤ ਸਨ। ਪਿੰਡਾਂ ਵਿੱਚ ਉਸ ਨੇ ਜੱਟਾਂ ਅਤੇ ਅਖੌਤੀ ਛੋਟੀਆਂ ਜਾਤਾਂ ਦੇ ਵੱਖ ਵੱਖ ਗੁਰਦਵਾਰੇ ਦੇਖੇ। ਨਾਵਲ ‘ਅੰਨ੍ਹੇ ਘੋੜੇ ਦੇ ਦਾਨ’ ਦੀ ਯਾਦ ਫਿਰ ਤਾਜ਼ਾ ਹੋ ਗਈ ਕਿਉਂਕਿ ਇਹ ਨਾਵਲ ਪੰਜਾਬ ਵਿਚਲੇ ਦਲਿਤਾਂ ਦੇ ਜੀਵਨ ਉੱਤੇ ਆਧਾਰਤ ਹੈ। ਉਸ ਨੇ ਇਸ ‘ਤੇ ਫਿਲਮ ਬਣਾਉਣ ਦਾ ਫੈਸਲਾ ਕਰ ਲਿਆ।

ਅੰਨ੍ਹੇ ਘੋੜੇ ਦਾ ਦਾਨ 2011 ਵਿੱਚ ਰਿਲੀਜ਼ ਹੋਈ। ਇਹ ਫਿਲਮ ਪੰਜਾਬੀ ਦੀਆਂ ਉਨ੍ਹਾਂ ਇਕ ਦੋ ਫਿਲਮਾਂ ਵਿੱਚੋਂ ਹੈ ਜਿਹਨਾਂ ਵਿੱਚ ਪੰਜਾਬ ਦੇ ਦਲਿਤਾਂ ਦੀ ਜ਼ਿੰਦਗੀ ਨੂੰ ਕੇਂਦਰ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਬਣੀਆਂ ਪੰਜਾਬੀ ਫਿਲਮਾਂ ਵਿੱਚੋਂ ਸ਼ਾਇਦ 1989 ਵਿੱਚ ਬਣੀ ‘ਮੜ੍ਹੀ ਦਾ ਦੀਵਾ’ ਹੀ ਇਕ ਅਜਿਹੀ ਫਿਲਮ ਹੈ ਜਿਸ ਦੀ ਕਹਾਣੀ ਪੰਜਾਬ ਦੇ ਦਲਿਤਾਂ ‘ਤੇ ਕੇਂਦਰਿਤ ਹੈ। ਅੰਨ੍ਹੇ ਘੋੜੇ ਦਾ ਦਾਨ ਫਿਲਮ ਵਿੱਚ 1960ਵਿਆਂ ਦੇ ਪੰਜਾਬ ਵਿੱਚ ਵਿਕਾਸ ਮਾਡਲ ਅਧੀਨ ਹਾਸ਼ੀਏ ‘ਤੇ ਧੱਕੇ ਜਾ ਰਹੇ ਦਲਿਤਾਂ ਦੀ ਦਾਸਤਾਨ ਦਰਸਾਈ ਗਈ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਇਸ ਸਮੇਂ ਪੰਜਾਬ ਦੇ ਦਲਿਤ ਨੂੰ ਨਾ ਤਾਂ ਪਿੰਡ ਵਿੱਚ ਚੰਗੀ ਜ਼ਿੰਦਗੀ ਨਸੀਬ ਹੁੰਦੀ ਹੈ ਅਤੇ ਨਾ ਹੀ ਨਵੇਂ ਵਿਕਸਤ ਹੋ ਰਹੇ ਸ਼ਹਿਰਾਂ ਵਿੱਚ। ਇਹ ਫਿਲਮ ਵੇਨਿਸ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਦਿਖਾਈ ਗਈ। ਹਿੰਦੁਸਤਾਨ ਵਿੱਚ ਇਸ ਫਿਲਮ ਨੇ ਬੈਸਟ ਡਾਇਰੈਕਟਰ ਦਾ ਅਵਾਰਡ ਜਿੱਤਿਆ। ਅੰਤਰਰਾਸ਼ਟਰੀ ਪੱਧਰ ‘ਤੇ ਇਸ ਨੂੰ ਹੋਰ ਵੀ ਕਈ ਫਿਲਮ ਫੈਸਟੀਵਲਾਂ ਵਿੱਚ ਦਿਖਾਇਆ ਗਿਆ ਅਤੇ ਇਸ ਦੀ ਕਾਫੀ ਪ੍ਰਸ਼ੰਸਾ ਹੋਈ। ਪਰ ਇਸ ਫਿਲਮ ਦੀ ਇਕ ਵੱਡੀ ਸਮੱਸਿਆ ਸੀ। ਫਿਲਮ ਦੀ ਕਹਾਣੀ ਟੁੱਟਵੇਂ ਢੰਗ ਨਾਲ ਪੇਸ਼ ਕੀਤੀ ਗਈ ਸੀ ਅਤੇ ਫਿਲਮ ਦੇ ਕਈ ਪਾਤਰਾਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਨਤੀਜੇ ਵਜੋਂ ਇਸ ਫਿਲਮ ਨੂੰ ਸਮਝਣਾ ਬਹੁਤ ਮੁਸ਼ਕਿਲ ਸੀ। ਬਹੁਤ ਸਾਰੇ ਦਰਸ਼ਕਾਂ ਨੂੰ ਇਹ ਫਿਲਮ ਸਮਝ ਨਾ ਆਈ ਅਤੇ ਉਨ੍ਹਾਂ ਨੇ ਇਸ ਫਿਲਮ ਨੂੰ ਦੇਖਣ ਵਿੱਚ ਕਾਫੀ ਮੁਸ਼ਕਿਲ ਮਹਿਸੂਸ ਕੀਤੀ। ਨਤੀਜੇ ਵਜੋਂ ਉਨ੍ਹਾਂ ਨੇ ਸਵਾਲ ਕੀਤਾ ਕਿ ਗੁਰਵਿੰਦਰ ਸਿੰਘ ਇਸ ਫਿਲਮ ਵਿੱਚ ਕੀ ਕਹਿਣਾ ਚਾਹੁੰਦਾ ਹੈ? ਇਸ ਦੇ ਨਾਲ ਹੀ ਇਹ ਸਵਾਲ ਵੀ ਉੱਠਿਆ ਕਿ ਜੇ ਫਿਲਮ ਉਨ੍ਹਾਂ ਲੋਕਾਂ ਨੂੰ ਸਮਝ ਨਹੀਂ ਆਈ ਜਿਹਨਾਂ ਦੇ ਜੀਵਨ ਦੀ ਕਹਾਣੀ ਇਹ ਪੇਸ਼ ਕਰਦੀ ਹੈ ਤਾਂ ਇਸ ਫਿਲਮ ਨੂੰ ਬਣਾਉਣ ਦਾ ਮਕਸਦ ਕੀ ਹੈ?

ਦੋ ਹਜ਼ਾਰ ਪੰਦਰਾਂ ਵਿੱਚ ਬਣੀ ਚੌਥੀ ਕੂਟ ਉਸ ਦੀ ਦੂਸਰੀ ਫੀਚਰ ਫਿਲਮ ਹੈ। ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀਆਂ ਦੋ ਕਹਾਣੀਆਂ- ‘ਚੌਥੀ ਕੂਟ’ ਅਤੇ ‘ਮੈਂ ਹੁਣ ਠੀਕ ਠਾਕ ਹਾਂ’-‘ਤੇ ਆਧਾਰਤ ਇਹ ਫਿਲਮ ਸਰਕਾਰੀ ਅਤੇ ਗੈਰ ਸਰਕਾਰੀ ਦਹਿਸ਼ਤ ਹੇਠ ਪਿਸਦੇ ਪੰਜਾਬੀਆਂ ਦੀ ਕਹਾਣੀ ਪੇਸ਼ ਕਰਦੀ ਹੈ। ਫਿਲਮ ਦਾ ਇਕੱਲਾ ਇਕੱਲਾ ਦ੍ਰਿਸ਼ ਉਸ ਸਮੇਂ ਪੰਜਾਬੀਆਂ ਵਲੋਂ ਹੰਢਾਈ ਪੀੜ ਅਤੇ ਸੰਤਾਪ ਨੂੰ ਬਹੁਤ ਹੀ ਖੂਬਸੂਰਤ ਅਤੇ ਭਾਵਮਈ ਢੰਗ ਨਾਲ ਬਿਆਨ ਕਰਦਾ ਹੈ।

ਚੌਥੀ ਕੂਟ ਪੰਜਾਬ ਦੇ 1980ਵਿਆਂ ਦੇ ਹਿੰਸਕ ਦੌਰ ਬਾਰੇ ਹੈ। ਪਰ ਸਾਰੀ ਫਿਲਮ ਵਿੱਚ ਬਹੁਤ ਹੀ ਮਾਮੂਲੀ ਹਿੰਸਾ ਦਿਖਾਈ ਗਈ ਹੈ। ਸਾਰੀ ਫਿਲਮ ਵਿੱਚ ਇਕ ਗੋਲੀ ਚਲਦੀ ਹੈ ਅਤੇ ਪੁਲੀਸ ਨਾਲ ਇਕ ਝੜਪ ਹੁੰਦੀ ਹੈ। ਫਿਰ ਵੀ ਦਰਸ਼ਕ ਫਿਲਮ ਦੇਖਦਾ ਹੋਇਆ ਹਰ ਪਲ ਉਸ ਦੌਰ ਦੀ ਹਿੰਸਾ ਦੀ ਦਹਿਸ਼ਤ ਨੂੰ ਮਹਿਸੂਸ ਕਰਦਾ ਹੈ। ਦਹਿਸ਼ਤ ਦਾ ਇਹ ਅਹਿਸਾਸ ਇਸ ਫਿਲਮ ਦੀ ਪ੍ਰਾਪਤੀ ਹੈ। ਹਿੰਦੂ ਅਖਬਾਰ ਵਿੱਚ ਨਮਰਤਾ ਜੋਸ਼ੀ ਨਾਲ ਕੀਤੀ ਇਕ ਇੰਟਰਵਿਊ ਵਿੱਚ ਗੁਰਵਿੰਦਰ ਸਿੰਘ ਫਿਲਮ ਵਿੱਚ ਹਿੰਸਾ ਨਾ ਦਿਖਾਉਣ ਦੀ ਆਪਣੀ ਚੋਣ ਬਾਰੇ ਇਸ ਤਰ੍ਹਾਂ ਕਹਿੰਦਾ ਹੈ “ਇਸ ਸਮੇਂ ਅਸੀਂ ਹਿੰਸਾ ਬਾਰੇ ਬਹੁਤ ਜ਼ਿਆਦਾ ਅਸੰਵੇਦਨਸ਼ੀਲ ਹੋ ਗਏ ਹਾਂ। ਇਹ ਹਰ ਵੇਲੇ ਮੀਡੀਏ ਵਿੱਚ ਦਿਖਾਈ ਜਾਂਦੀ ਹੈ – ਇਧਰ ਉਧਰ ਖਿੰਡਰੀਆਂ ਹੋਈਆਂ ਲਾਸ਼ਾਂ, ਬੰਬ ਧਮਾਕੇ, ਆਤਮਘਾਤੀ ਬੰਬਾਰ। ਖੂਨ ਨੇ ਆਪਣੇ ਅਰਥ ਗਵਾ ਦਿੱਤੇ ਹਨ। ਲੋਕਾਂ ‘ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਮੇਰੀ ਫਿਲਮ ਵਿੱਚ ਬਹੁਤ ਹੀ ਘੱਟ ਹਿੰਸਾ ਹੈ। ਸਿਰਫ ਇਕ ਗੋਲੀ ਚਲਦੀ ਹੈ ਅਤੇ ਤੁਹਾਨੂੰ ਉਸ ਦਾ ਨਤੀਜਾ ਨਹੀਂ ਦਿਸਦਾ। ਸਜੀਵਤਾ ਕੁਝ ਚਿਰ ਲਈ ਲਟਕ ਜਾਂਦੀ ਹੈ। ਸਾਰੀ ਫਿਲਮ ਵਿੱਚ ਇਕ ਝੜਪ ਹੁੰਦੀ ਹੈ ਅਤੇ ਬੰਦੂਕ ਦੀ ਇਕ ਗੋਲੀ ਚਲਦੀ ਹੈ। ਪਰ ਫਿਰ ਵੀ ਇਹ ਹਿੰਸਾ ਅਤੇ ਡਰ ਬਾਰੇ ਹੈ। ਨਾਟਯ ਸ਼ਾਸਤਰ ਵਿੱਚ ਕਿਹਾ ਗਿਆ ਹੈ ਕਿ ਜਜ਼ਬਾ ਅਦਾਕਾਰਾਂ ਵਲੋਂ ਮਹਿਸੂਸ ਨਹੀਂ ਕੀਤਾ ਜਾਣਾ ਚਾਹੀਦਾ, ਸਗੋਂ ਇਹ ਦਰਸ਼ਕਾਂ ਤੱਕ ਪਹੁੰਚਣਾ ਚਾਹੀਦਾ ਹੈ। ਇਹ ਦਰਸ਼ਕਾਂ ਵਿੱਚ ਪੈਦਾ ਹੋਣਾ ਚਾਹੀਦਾ ਹੈ। ਹਿੰਸਾ ਦਿਖਾਏ ਬਿਨਾਂ ਤੁਹਾਡੇ ਲਈ ਹਿੰਸਾ ਦਾ ਡਰ ਪੈਦਾ ਕਰਨਾ ਜ਼ਰੂਰੀ ਹੈ।”

ਚੌਥੀ ਕੂਟ ਵਿੱਚ ਗੁਰਵਿੰਦਰ ਸਿੰਘ ਨੇ ਆਪਣੀ ਗੱਲ ਕਹਿਣ ਲਈ ਪੰਜਾਬ ਦੇ ਲੈਂਡਸਕੇਪ ਨੂੰ ਇਕ ਵੱਖਰੇ ਅਤੇ ਖੂਬਸੂਰਤ ਢੰਗ ਨਾਲ ਵਰਤਿਆ ਹੈ। ਫਿਲਮ ਦੇ ਕੇਂਦਰ ਵਿੱਚਲਾ ਪਰਿਵਾਰ ਖੇਤਾਂ ਵਿੱਚ ਬਣੇ ਡੇਰੇ ‘ਤੇ ਰਹਿੰਦਾ ਹੈ। ਇਕ ਰਾਤ ਉਨ੍ਹਾਂ ਦੇ ਡੇਰੇ ‘ਤੇ ਅਤਿਵਾਦੀ ਚੱਕਰ ਮਾਰਦੇ ਹਨ ਅਤੇ ਅਗਲੀ ਸਵੇਰ ਸੀ ਆਰ ਪੀ। ਇਹਨਾਂ ਦੋਹਾਂ ਦੀਆਂ ਫੇਰੀਆਂ ਤੋਂ ਬਾਅਦ ਮੀਂਹ ‘ਤੇ ਹਨ੍ਹੇਰੀ ਦੇ ਸੀਨ ਵਿੱਚ ਚੱੜ੍ਹ ਕੇ ਆਉਂਦੇ ਬੱਦਲ, ਹਨ੍ਹੇਰੀ ਦੀ ਮਾਰ ਝੱਲਦੀਆਂ ਹਰੀਆਂ ਕਚੂਰ ਕਣਕਾਂ ਅਤੇ ਮੋਹਲੇਦਾਰ ਮੀਂਹ ਉਸ ਪਰਿਵਾਰ ਦੇ ਮੈਂਬਰਾਂ ਦੇ ਮਨਾਂ ਅੰਦਰ ਉੱਠਦੀਆਂ ਸੋਚਾਂ ਦੀ ਹਨ੍ਹੇਰੀ ਨੂੰ ਬਹੁਤ ਹੀ ਸ਼ਕਤੀਸ਼ਾਲੀ ਢੰਗ ਨਾਲ ਪੇਸ਼ ਕਰਦੇ ਹਨ। ਦਰਸ਼ਕ ਨਾ ਹੀ ਇਸ ਝੱਖੜ ਦੇ ਸੀਨ ਨੂੰ ਭੁੱਲ ਸਕਦਾ ਹੈ ਅਤੇ ਨਾ ਹੀ ਇਸ ਝੱਖੜ ਰਾਹੀਂ ਪੇਸ਼ ਕੀਤੇ ਉਸ ਪਰਿਵਾਰ ਦੇ ਸੰਤਾਪ ਨੂੰ।

ਬੇਸ਼ੱਕ ਚੌਥੀ ਕੂਟ ਦੀ ਕਹਾਣੀ ਪੰਜਾਬ ‘ਤੇ ਕੇਂਦਰਿਤ ਹੈ ਪਰ ਇਹ ਇਕੱਲੇ ਪੰਜਾਬ ਦੀ ਕਹਾਣੀ ਨਹੀਂ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਦਹਿਸ਼ਤ ਦੀ ਮਾਰ ਝੱਲ ਰਿਹਾ ਮਨੁੱਖ ਇਸ ਕਹਾਣੀ ਵਿੱਚ ਆਪਣੇ ਦੁੱਖ ਦਰਦ ਨੂੰ ਦੇਖ ਸਕਦਾ ਹੈ। ਭਾਵੇਂ ਉਹ ਅਫਗਾਨਿਸਤਾਨ ਹੋਵੇ, ਭਾਵੇਂ ਸੀਰੀਆ ਜਾਂ ਇਰਾਕ ਜਾਂ ਦੁਨੀਆ ਦਾ ਕੋਈ ਹੋਰ ਦੇਸ਼, ਜਿੱਥੇ ਵੀ ਲੋਕ ਦੋ ਤਰਫੀ ਹਿੰਸਾ ਦਾ ਸ਼ਿਕਾਰ ਹਨ, ਉਹ ਇਸ ਫਿਲਮ ਨੂੰ ਆਪਣੀ ਫਿਲਮ ਦੇ ਤੌਰ ‘ਤੇ ਦੇਖ ਸਕਦੇ ਹਨ। ਨਮਰਤਾ ਜੋਸ਼ੀ ਨਾਲ ਕੀਤੀ ਇਕ ਇੰਟਰਵਿਊ ਵਿੱਚ ਗੁਰਵਿੰਦਰ ਸਿੰਘ ਕਹਿੰਦਾ ਹੈ “ਮੈਂ ਅਤਿਵਾਦੀ, ਪੁਲੀਸ ਫੌਜ ਬਾਰੇ ਸੋਚਦਾ ਹੋਇਆ ਅਤਿਵਾਦੀ, ਪੁਲੀਸ, ਅਤੇ ਫੌਜ ਬਾਰੇ ਸੋਚਦਾ ਹਾਂ ਨਾ ਕਿ ‘ਭਾਰਤੀ’ ਜਾਂ ‘ਪੰਜਾਬੀ’ ਅਤਿਵਾਦੀ, ਪੁਲੀਸ ਜਾਂ ਫੌਜ ਬਾਰੇ। ਮੈਂ ਸਥਾਨਕ ਪੱਧਰ ‘ਤੇ ਸੋਚਣ ਦੇ ਨਾਲ ਨਾਲ ਯੂਨੀਵਰਸਲ ਪੱਧਰ ‘ਤੇ ਸੋਚ ਰਿਹਾ ਹਾਂ।”

2015 ਵਿੱਚ ਰਿਲੀਜ਼ ਹੋਣ ਤੋਂ ਬਾਅਦ ਫਿਲਮ ਚੌਥੀ ਕੂਟ ਦੀ ਦੁਨੀਆ ਭਰ ਵਿੱਚ ਪ੍ਰਸ਼ੰਸਾ ਹੋਈ ਹੈ। ਫਿਲਮ ਦਾ ਪ੍ਰੀਮੀਅਰ 68ਵੇਂ ਕਾਨਜ਼ ਫੈਸਟੀਵਲ ਵਿੱਚ ਹੋਇਆ ਅਤੇ ਇਸ ਨੂੰ ਸਿੰਘਾਪੁਰ ਇੰਟਰਨੈਸ਼ਨਲ ਫੈਸਟੀਵਲ ਵਿੱਚ ਏਸ਼ੀਆ ਦੀ ਸਭ ਤੋਂ ਵਧੀਆ ਫਿਲਮ ਹੋਣ ਦਾ ਅਵਾਰਡ ਮਿਲਿਆ। ਸੰਨ 2016 ਵਿੱਚ ਇਸ ਨੂੰ ਹਿੰਦੁਸਤਾਨ ਵਿੱਚ ਪੰਜਾਬੀ ਵਿੱਚ ਬੈਸਟ ਫੀਚਰ ਫਿਲਮ ਹੋਣ ਦਾ ਅਵਾਰਡ ਮਿਲਿਆ। ਚੌਥੀ ਕੂਟ ਦੀ ਅੰਨ੍ਹੇ ਘੋੜੇ ਦੇ ਦਾਨ ਵਾਲੀ ਨਾ ਸਮਝ ਆਉਣ ਵਾਲੀ ਸਮੱਸਿਆ ਵੀ ਨਹੀਂ। ਇਹ ਆਮ ਦਰਸ਼ਕ ਦੇ ਸਮਝ ਆਉਣ ਵਾਲੀ ਫਿਲਮ ਹੈ।

ਮਾਰਚ ਦੇ ਪਹਿਲੇ ਹਫਤੇ ਵੈਨਕੂਵਰ ਅਤੇ ਸਰੀ ਵਿੱਚ ਗੁਰਵਿੰਦਰ ਸਿੰਘ ਦੀਆਂ ਤਿੰਨ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ। ਸ਼ੁੱਕਰਵਾਰ, 2 ਮਾਰਚ ਨੂੰ ਪੰਜਾਬੀ ਕਵੀ ਅਮਰਜੀਤ ਚੰਦਨ ਬਾਰੇ 2016 ਵਿੱਚ ਬਣਾਈ ਗਈ ਫਿਲਮ ਆਵਾਜ਼ਾਂ ਸ਼ਾਮ ਦੇ ਸਾਢੇ ਸੱਤ ਵਜੇ ਯੂ ਬੀ ਸੀ ਦੇ ਏਸ਼ੀਅਨ ਸੈਂਟਰ ਵਿੱਚ ਦਿਖਾਈ ਜਾ ਰਹੀ ਹੈ। ਤਿੰਨ ਮਾਰਚ ਨੂੰ ਅੰਨ੍ਹੇ ਘੋੜੇ ਦਾ ਦਾਨ ਸ਼ਾਮ ਦੇ ਸਾਢੇ ਸੱਤ ਵਜੇ ਵੈਨਕੂਵਰ ਡਾਊਨਟਾਊਨ ਵਿੱਚ ਰੌਬਸਨ ਸਕੁਏਰ ਥਿਏਟਰ ਵਿਖੇ ਅਤੇ ਐਤਵਾਰ 4 ਮਾਰਚ ਨੂੰ ਫਿਲਮ ਚੌਥੀ ਕੂਟ ਸ਼ਾਮ ਦੇ ਸਾਢੇ ਚਾਰ ਵਜੇ ਸਰੀ ਸਿਟੀ ਹਾਲ ਦੀ ਸਰੀ ਸੈਂਟਰ ਸਟੇਜ ਵਿਖੇ ਦਿਖਾਈ ਜਾ ਰਹੀ ਹੈ। ਇਨ੍ਹਾਂ ਸਾਰੇ ਸ਼ੋਆਂ ਦੌਰਾਨ ਗੁਰਵਿੰਦਰ ਸਿੰਘ ਹਾਜ਼ਰ ਹੋਣਗੇ ਅਤੇ ਆਪਣੀਆਂ ਫਿਲਮਾਂ ਬਾਰੇ ਸ੍ਰੋਤਿਆਂ ਦੇ ਸਵਾਲਾਂ ਦੇ ਜੁਆਬ ਦੇਣਗੇ। ਆਸ ਹੈ ਬੀ ਸੀ ਦੀ ਲੋਅਰ ਮੇਨਲੈਂਡ ਵਿੱਚ ਰਹਿਣ ਵਾਲੇ ਪੰਜਾਬੀ ਫਿਲਮਾਂ ਦੇ ਦਰਸ਼ਕ ਪੰਜਾਬੀ ਫਿਲਮਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਦਿਵਾਉਣ ਵਾਲੇ ਇਸ ਵਿਲੱਖਣ ਫਿਲਮਸਾਜ਼ ਦੀਆਂ ਫਿਲਮਾਂ ਦੇਖਣ ਲਈ ਹੁੰਮ-ਹੁਮਾ ਕੇ ਪਹੁੰਚਣਗੇ। ●●●

ਜਾਣਕਾਰੀ ਦੇ ਸ੍ਰੋਤ:
ਇਸ ਆਰਟੀਕਲ ਵਿੱਚ ਵਰਤੀ ਜਾਣਕਾਰੀ ਹੇਠ ਲਿਖੇ ਸ੍ਰੋਤਾਂ ਤੋਂ ਲਈ ਗਈ ਹੈ:

The Fourth Direction: Internationally Acclaimed Filmmaker Looks At 1984- Gurvinder Singh by Sarika Sharma

Gurvinder Singh: Punjabi Pastoral by Manik Sharma

India Gold: Gurvinder Singh On Chauthi Koot, His Inspiration And Non-Professional Actors!

“Writing and cinema are completely different”: An interview with Gurvinder Singh – by Trisha Gupta

It would’ve been easier to be another ‘Hindi’ filmmaker: Gurvinder

Advertisements
This entry was posted in ਫਿਲਮ, ਸਾਰੀਆਂ and tagged , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.