ਤੇ ਫੈਸਲਾ ਹੋ ਗਿਆ ਫਿਰ….

ਲੇਖਕ: ਸਰਬਜੀਤ ਕੌਰ ਅਠਵਾਲ ਅਤੇ ਜੈੱਫ ਹਡਸਨ
ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ

ਮ੍ਰਿਤਕ: ਸੁਰਜੀਤ ਕੌਰ ਅਠਵਾਲ

ਨਵੰਬਰ ਦੇ ਅਖੀਰ ਦੇ ਇਕ ਸ਼ੁੱਕਰਵਾਰ ਦਾ ਲੌਢਾ ਵੇਲਾ ਸੀ। ਮੈਂ ਘਰ ਦੇ ਉੱਪਰਲੇ ਕਮਰੇ ਵਿੱਚ ਧੋਤੇ ਕੱਪੜੇ ਸਾਂਭਣ ਲੱਗੀ ਹੋਈ ਸੀ। ਹਰਦੇਵ ਵੀ ਆਲੇ ਦੁਆਲੇ ਆਵਾਗੌਣ ਤੁਰਿਆ ਫਿਰਦਾ ਸੀ ਕਦੇ ਬੈੱਡਰੂਮ ਨੂੰ ਆ ਜਾਂਦਾ ਤੇ ਕਦੇ ਚਲੇ ਜਾਂਦਾ। ਸੁਰਜੀਤ ਰਾਤ ਦੀ ਸ਼ਿਫਟ ਕੰਮ ਕਰ ਰਹੀ ਸੀ, ਉਹਦੇ ਦੋਵੇਂ ਬੱਚੇ ਸਾਡੇ ਘਰ ਸੁੱਤੇ ਪਏ ਸਨ – ਜਿਵੇਂ ਕਿ ਉਹ ਅਕਸਰ ਹੁੰਦੇ ਸਨ ਜਦੋਂ ਕਹਿਣ ਨੂੰ ਮੰਮ ਉਨ੍ਹਾਂ ਦੀ ਦੇਖਭਾਲ ਕਰਦੀ ਹੁੰਦੀ ਸੀ।

ਮੈਂ ਪਿਛਲਾ ਦਰਵਾਜਾ ਜ਼ੋਰ ਨਾਲ਼ ਖੁੱਲ੍ਹਦਿਆਂ ਸੁਣਿਆਂ ਅਤੇ ਕੁਝ ਸਕਿੰਟਾਂ ਬਾਅਦ ਮੰਮ ਦੀ ਆਵਾਜ਼ ਆਈ।

‘ਸਰਬਜੀਤ, ਥੱਲੇ ਆ ਤੇ ਆ ਕੇ ਚਾਹ ਬਣਾ।’

ਨਾ ਕੋਈ ਹੈਲੋ, ਨਾ ਕੋਈ ਪਲੀਜ਼, ਨਾ ਕੋਈ ਸਲੀਕੇ ਨਾਲ ਕਹਿਣ ਦਾ ਢੰਗ – ਪਰ ਇਹਦੇ ਵਿੱਚ ਹੈਰਾਨੀ ਕੋਈ ਨਹੀਂ ਸੀ।

ਮੈਂ ਰਸੋਈ ਵਿੱਚ ਗਈ ਤੇ ਦੇਖਿਆ ਕਿ ਸੁਖਦੇਵ ਵੀ ਮੰਮ ਦੇ ਨਾਲ ਆਇਆ ਸੀ ਤੇ ਉਹ ਦੋਵੇਂ ਬੈਠਕ ਵਿੱਚ ਚਲੇ ਗਏ। ਇਹ ਕੋਈ ਵੱਡੀ ਗੱਲ ਨਹੀਂ ਸੀ, ਸਿਰਫ ਮੈਨੂੰ ਪਾਣੀ ਹੋਰ ਪਾਉਣਾ ਪੈਣਾ ਸੀ। ਮੈਂ ਇਹਦੇ ਬਾਰੇ ਕੁਝ ਨਾ ਸੋਚਿਆ ਤੇ ਪਤੀਲੀ ਵੱਲ ਦੇਖਦੀ ਅਲਮਾਰੀ ਨਾਲ ਢਾਸਣਾ ਲਾ ਕੇ ਖੜ੍ਹ ਗਈ। ਆਪਣੀ ਆਦਤ ਅਨੁਸਾਰ ਪਾਣੀ ਨੂੰ ਉਬਲਣ ਦੀ ਕੋਈ ਕਾਹਲੀ ਨਹੀਂ ਸੀ।

ਅਚਾਨਕ ਮੇਰੀ ਸੱਸ ਦਰਵਾਜੇ ਵਿੱਚ ਆ ਪ੍ਰਗਟ ਹੋਈ।

‘ਸਰਬਜੀਤ, ਬਹਿਣ ਵਾਲੇ ਕਮਰੇ ਵਿੱਚ ਆ।’

ਹੁਣ ਕੀ ਹੋਇਆ?

‘ਮੈਂ ਚਾਹ ਬਣਾ ਰਹੀ ਹਾਂ,’ ਮੈਂ ਕਿਹਾ।

‘ਇਹਦੇ ਥੱਲੇ ਅੱਗ ਘੱਟ ਕਰ ਦੇ। ਅਟਕ ਕੇ ਬਣ ਜਾਊਗੀ।’

ਮੈਂ ਉਹਦੇ ਮਗਰ ਚਲੇ ਗਈ। ਇਹ ਮੇਰੀ ਕਲਪਨਾ ਹੀ ਸੀ ਜਾਂ ਕਮਰੇ ਵਿੱਚ ਸੱਚੀਂ ਕੁਝ ਅਜੀਬ ਜਿਹਾ ਮਾਹੌਲ ਬਣਿਆ ਹੋਇਆ ਸੀ? ਮੰਮ ਵੱਡੇ ਸਲੇਟੀ ਸੋਫੇ ‘ਤੇ ਆਪਣਾ ਥਾਂ ਮੱਲ ਕੇ ਬੈਠ ਗਈ, ਦੋਵੀਂ ਪਾਸੀਂ ਉਹਦੇ ਪੁੱਤ ਬੈਠੇ ਸਨ।

ਮੈਂ ਜਦੋਂ ਮੇਜ਼ ਲਾਗੇ ਕੁਰਸੀ ‘ਤੇ ਬੈਠੀ ਤਾਂ ਮੈਨੂੰ ਲੱਗਾ ਕਿ ਕੁਝ ਨਾ ਕੁਝ ਤਾਂ ਗਲਤ ਸੀ। ਕੀ ਮੈਂ ਕੁਛ ਗਲਤ ਕੀਤਾ ਸੀ? ਕੀ ਮੈਂ ਕਿਸੇ ਨੂੰ ਕੁਝ ਵਾਧੁ ਘਾਟੂ ਕਹਿ ਦਿੱਤਾ ਸੀ? ਜਿਵੇਂ ਬਾਕੀ ਦੇ ਵੀ ਮੈਥੋਂ ਘੁੱਟੇ ਵੱਟੇ ਜਿਹੇ ਬੈਠੇ ਸਨ, ਉਹਦੇ ਨਾਲ ਮੈਨੂੰ ਘਬਰਾਹਟ ਜਿਹੀ ਮਹਿਸੂਸ ਹੋਈ। ਫੇਰ ਮੈਂ ਦੇਖਿਆ ਕਿ ਦੋਵਾਂ ਭਰਾਵਾਂ ਦੀਆਂ ਅੱਖਾਂ ਬਚਨ ਕੌਰ ਵਲ ਸਨ।

‘ਮੈਂ ਇੰਡੀਆ ਵਿੱਚ ਕਿਸੇ ਜਾਣ ਪਛਾਣ ਵਾਲੇ ਨਾਲ ਗੱਲ ਕੀਤੀ ਹੈ,’ ਉਹ ਕਹਿਣ ਲੱਗੀ। ‘ਇਹ ਸਾਰਾ ਕੁਝ ਸੰਭਾਲ ਲਿਆ ਜਾਵੇਗਾ।’

ਸੁਖਦੇਵ ਨੇ ਹਾਂ ਵਿੱਚ ਸਿਰ ਹਿਲਾਇਆ। ਮੈਨੂੰ ਕੁਝ ਵੀ ਪਤਾ ਨਹੀਂ ਸੀ ਕਿ ਉਹ ਕਾਹਦੇ ਬਾਰੇ ਗੱਲ ਕਰ ਰਹੀ ਸੀ, ਅਤੇ ਜਿਸ ਕਿਸਮ ਦਾ ਕਮਰੇ ਵਿੱਚ ਮਾਹੌਲ ਸੀ ਮੇਰਾ ਪੁੱਛਣ ਦਾ ਹੌਸਲਾ ਹੀ ਨਾ ਪਿਆ।

‘ਇਹ ਉਹਦਾ ਆਪਣਾ ਹੀ ਕਸੂਰ ਹੈ। ਉਹ ਤਾਂ ਹੱਥਾਂ ‘ਚੋਂ ਨਿਕਲ ਗਈ ਹੈ।’ ਬਚਨ ਕੌਰ ਨੇ ਕਹਿਣਾ ਜਾਰੀ ਰੱਖਿਆ।

‘ਉਹ ਤਾਂ ਸਾਰੇ ਪਰਿਵਾਰ ਦੀ ਬੇਇਜ਼ਤੀ ਕਰ ਰਹੀ ਹੈ।’ ਉਹ ਬੜੀ ਉਦਾਸ ਲੱਗ ਰਹੀ ਸੀ। ‘ਸਾਡਾ ਪਰਿਵਾਰ ਭਾਈਚਾਰੇ ਵਿੱਚ ਮਜ਼ਾਕ ਬਣ ਚੁੱਕਾ ਹੈ।’

ਹੁਣ ਮੈਨੂੰ ਪਤਾ ਸੀ ਕਿ ਉਹ ਕਿਹਦੇ ਬਾਰੇ ਗੱਲ ਕਰ ਰਹੇ ਸਨ – ਪਰ ਇਹਦਾ ਇੰਡੀਆ ਨਾਲ ਕੀ ਸਬੰਧ ਸੀ?

ਮੈਨੂੰ ਪੁੱਛਣ ਦਾ ਮੌਕਾ ਨਾ ਮਿਲਿਆ।

‘ਇਹ ਫੈਸਲਾ ਹੋ ਗਿਆ ਫੇਰ,’ ਬਚਨ ਕੌਰ ਨੇ ਬਿਨਾਂ ਕਿਸੇ ਕਿਸਮ ਦੇ ਵਿਚਾਰ ਵਟਾਂਦਰੇ ਦੇ ਗੱਲ ਖਤਮ ਕੀਤੀ। ‘ਸਾਨੂੰ ਉਸ ਦਾ ਫਸਤਾ ਵੱਢਣਾ ਪੈਣਾ ਹੈ।’

***

ਇਹ ਸਭ ਕੁਝ ਏਨੀ ਤੇਜ਼ੀ ਨਾਲ਼ ਵਾਪਰਿਆ ਕਿ ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਮੈਂ ਕੀ ਸੁਣ ਰਹੀ ਸੀ, ‘ਬੇਇਜ਼ਤੀ ‘, ‘ਇੰਡੀਆ’, ‘ਫਸਤਾ ਵੱਢਣਾ ਪੈਣਾ’? ਜਿਹੜੀ ਮੈਂ ਗੱਲ ਠੀਕ ਤਰ੍ਹਾਂ ਸਮਝ ਸਕੀ ਸੀ ਉਹ ਇਹ ਸੀ ਕਿ ਇਸ ਦਾ ਉਹ ਮਤਲਬ ਨਹੀਂ ਹੋਵੇਗਾ ਜਿਹੜਾ ਮਤਲਬ ਮੈਂ ਸਮਝ ਰਹੀ ਸੀ। ਬਚਨ ਕੌਰ ਵੀ ਕੋਈ ਅਜਿਹੀ ਗੱਲ ਕਰਨ ਬਾਰੇ ਨਹੀਂ ਸੋਚ ਸਕਦੀ।

ਕੀ ਉਹ ਸੋਚ ਸਕਦੀ ਸੀ?

ਹਾਂ ਉਹ ਸੋਚ ਸਕਦੀ ਸੀ।

‘ਮੈਂ ਕਿਸੇ ਨਾਲ ਇੰਡੀਆ ਵਿੱਚ ਗੱਲ ਕੀਤੀ ਹੈ,’ ਉਹਨੇ ਵਿਆਖਿਆ ਕੀਤੀ। ‘ਉਹ ਕਹਿੰਦਾ ਹੈ ਕਿ ਸੁਰਜੀਤ ਨੂੰ ਏਥੇ ਲੈ ਆਓ ਤੇ ਉਹ ਸਾਰੀ ਗੱਲ ਸੰਭਾਲ ਲਵੇਗਾ। ਸਾਨੂੰ ਉਹਦੇ ਵਲੋਂ ਮੁੜ ਕੇ ਕੋਈ ਸਮੱਸਿਆ ਨਹੀਂ ਹੋਵੇਗੀ।’

ਜਦੋਂ ਦੀ ਮੈਂ ਕਮਰੇ ਵਿੱਚ ਆਈ ਸੀ ਹੁਣ ਮਾੜਾ ਜਿਹਾ ਚੰਗੀ ਤਰ੍ਹਾਂ ਸਾਹ ਆਇਆ ਸੀ। ਇਹਨਾਂ ਦੀ ਇਹ ਪਾਗਲਾਂ ਵਰਗੀ ਸਕੀਮ ਕਦੇ ਕੰਮ ਨਹੀਂ ਕਰੇਗੀ। ਸੁਰਜੀਤ ਸਾਡੇ ‘ਚੋਂ ਕਿਸੇ ਨਾਲ਼ ਵੀ ਚੰਗੀ ਤਰ੍ਹਾਂ ਗੱਲਬਾਤ ਨਹੀਂ ਸੀ ਕਰਦੀ। ਮੰਮ ਭਲਾ ਉਹਨੂੰ ਇੰਡੀਆ ਦੇ ਨੇੜੇ ਵੀ ਕਿਸ ਤਰ੍ਹਾਂ ਲੈ ਕੇ ਜਾਵੇਗੀ?

ਪਰ ਜਦੋਂ ਬਚਨ ਕੌਰ ਨੇ ਦੱਸਿਆ ਕਿ ਅਗਲੇ ਮਹੀਨੇ ਪਰਿਵਾਰ ਵਿੱਚ ਕੁਝ ਵਿਆਹ ਸਨ ਤੇ ਉਹ ਸੁਰਜੀਤ ਨੂੰ ਉਨ੍ਹਾਂ ਵਿਆਹਾਂ ‘ਤੇ ਨਾਲ ਜਾਣ ਲਈ ਕਹੇਗੀ। ਇਹ ਸੁਣ ਕੇ ਮੇਰਾ ਤਾਂ ਦਿਲ ਬੈਠ ਗਿਆ।

ਉਹ ਤਾਂ ਇਸ ਲਈ ਪੂਰੀ ਗੰਭੀਰ ਹੈ। ਉਹਨੇ ਇਹਦੇ ਬਾਰੇ ਪੂਰਾ ਸੋਚ ਸਮਝ ਰੱਖਿਆ ਹੈ।

ਜਾਂ ਕੀ ਉਹਨੇ ਸੱਚੀਂ ਸੋਚਿਆ ਸੀ? ਉਸ ਵੇਲੇ ਤਾਂ ਸੁਰਜੀਤ ਘਰ ਦੇ ਬਗੀਚੇ ਦੇ ਅੰਤ ਤੱਕ ਵੀ ਬਚਨ ਕੌਰ ਦੇ ਨਾਲ ਨਾ ਜਾਂਦੀ। ਕੋਈ ਇਸ ਤਰ੍ਹਾਂ ਕਿਵੇਂ ਸੋਚ ਸਕਦਾ ਸੀ ਕਿ ਉਹ ਇੰਡੀਆ ਨੂੰ ਉਨ੍ਹਾਂ ਦੋ ਜਣਿਆਂ ਦੇ ਵਿਆਹ ‘ਤੇ ਜਾਵੇਗੀ ਜਿਨ੍ਹਾਂ ਨੂੰ ਉਹ ਜਾਣਦੀ ਤੱਕ ਨਹੀਂ ਤੇ ਉਸ ਔਰਤ ਨਾਲ ਜਾਵੇਗੀ ਜਿਸ ਨੂੰ ਉਹ ਹੱਦੋਂ ਵੱਧ ਨਫਰਤ ਕਰਦੀ ਸੀ? ਫੇਰ ਇਕ ਹੋਰ ਸੋਚ ਮੇਰੇ ਮਨ ਵਿੱਚ ਆਈ।

ਪਰ ਜੇ ਉਹ ਚਲੇ ਗਈ?

ਮੇਰਾ ਦਿਲ ਕੱਚਾ ਹੋਣ ਲੱਗਾ। ਪਰ ਮੇਰਾ ਮੂੰਹ ਸੁੱਕ ਰਿਹਾ ਸੀ। ਜੇ ਮੈਂ ਕੁਝ ਕਹਿਣ ਦਾ ਹੌਸਲਾ ਵੀ ਕਰ ਲੈਂਦੀ ਤਾਂ ਮੇਰੇ ਕੋਲੋਂ ਇਕ ਵੀ ਸ਼ਬਦ ਨਹੀਂ ਸੀ ਬੋਲ ਹੋਣਾ। ਚੰਗੀ ਕਿਸਮਤ ਨੂੰ, ਹਰਦੇਵ ਕਰ ਸਕਦਾ ਸੀ।

‘ਇਹ ਤਾਂ ਪਾਗਲਪਨ ਹੈ ਮੰਮ,’ ਉਹਨੇ ਕਿਹਾ। ‘ਤੂੰ ਇਸ ਤਰ੍ਹਾਂ ਨਹੀਂ ਕਰ ਸਕਦੀ।’

‘ਇਸ ਗੱਲ ਦਾ ਫੈਸਲਾ ਹੋ ਚੁੱਕਾ ਹੈ,’ ਉਹਨੇ ਕਿਹਾ। ‘ਮੈਂ ਉਹਨੂੰ ਆਪਣੇ ਪਰਿਵਾਰ ਨੂੰ ਬੇਇੱਜ਼ਤ ਕਰਨ ਦਾ ਹੱਕ ਨਹੀਂ ਦੇਵਾਂਗੀ।’

‘ਮੰਮ, ਤੂੰ ਸੁਖਦੇਵ ਦੀ ਪਤਨੀ ਬਾਰੇ ਗੱਲ ਕਰ ਰਹੀ ਹੈਂ।’

ਸਾਰੀਆਂ ਅੱਖਾਂ ਹਰਦੇਵ ਦੇ ਭਰਾ ਵੱਲ ਉੱਠੀਆਂ। ਪਰ ਉਹ ਉੱਥੇ ਚੁੱਪ ਚਾਪ ਬਿਨਾਂ ਹਿੱਲੇ ਜੁੱਲੇ ਗੁੰਮਸੁੰਮ ਬੈਠਾ ਰਿਹਾ।

‘ਬਹੁਤ ਹੋ ਗਿਆ,’ ਬਚਨ ਕੌਰ ਨੇ ਕਿਹਾ। ‘ਅਸੀਂ ਗੱਲਬਾਤ ਕਰ ਚੁੱਕੇ ਹਾਂ।’

‘ਪਰ ਮੰਮ!’

‘ਮੈਂ ਕਿਹਾ ਬਹੁਤ ਹੋ ਗਿਆ! ਫੈਸਲਾ ਹੋ ਚੁੱਕਾ ਹੈ।’

ਮੈਂ ਪਹਿਲਾਂ ਕਦੇ ਵੀ ਆਪਣੇ ਪਤੀ ‘ਤੇ ਏਨਾ ਮਾਣ ਮਹਿਸੂਸ ਨਹੀਂ ਸੀ ਕੀਤਾ। ਅਸਲ ਵਿੱਚ ਤਾਂ ਮੈਂ ਪਹਿਲਾਂ ਕਦੇ ਵੀ ਉਹਦੇ ‘ਤੇ ਮਾਣ ਮਹਿਸੂਸ ਕੀਤਾ ਹੀ ਨਹੀਂ ਸੀ। ਪਰ ਉਸ ਪਲ ਤਾਂ ਕਮਰੇ ਵਿੱਚ ਉਹ ਹੀ ਇਕੱਲਾ ਹੌਸਲੇ ਵਾਲਾ ਸੀ ਜਿਹਨੇ ਆਪਣੀ ਮਾਂ ‘ਤੇ ਕਿੰਤੂ ਕੀਤਾ ਸੀ। ਮੈਂ ਵੀ ਨਹੀਂ ਸੀ ਕਰ ਸਕੀ। ਪਰ, ਜਿਵੇਂ ਮੈਨੂੰ ਹਮੇਸ਼ਾ ਜਤਾਇਆ ਜਾਂਦਾ ਸੀ ਕਿ ਮੈਂ ਉਨ੍ਹਾਂ ਦਾ ਖੂਨ ਨਹੀਂ ਸੀ। ਬਚਨ ਕੌਰ ਮੇਰੀ ਗੱਲ ਕਾਹਤੋਂ ਸੁਣੇਗੀ?

ਹੋਰ ਵੀ ਜ਼ਰੂਰੀ ਗੱਲ ਇਹ ਸੀ ਕਿ ਮੈਂ ਸੋਚਣੋਂ ਨਾ ਰਹਿ ਸਕੀ: ਦੇਖ ਉਹਨੇ ਕਿਸੇ ਦੂਜੀ ਨਾਲ ਕੀ ਕਰਨ ਦੀ ਯੋਜਨਾ ਬਣਾਈ ਹੈ ਜਿਹੜੀ ਇਨ੍ਹਾਂ ਦਾ ਖੂਨ ਨਹੀਂ æææ

***

ਥੋੜ੍ਹੀ ਦੇਰ ਬਾਅਦ ਬਚਨ ਕੌਰ ਨੇ ਸਾਨੂੰ ਸਾਰਿਆਂ ਨੂੰ ਉੱਠ ਲੈਣ ਦਿੱਤਾ ਅਤੇ ਮੈਂ ਨੱਠ ਕੇ ਆਪਣੇ ਬੈੱਡਰੂਮ ਵਿੱਚ ਚਲੇ ਗਈ। ਮੇਰਾ ਸਿਰ ਘੁੰਮ ਰਿਹਾ ਸੀ। ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਮੈਂ ਕੀ ਸੁਣ ਕੇ ਆਈ ਸੀ। ਪਰ ਮੈਂ ਕੀ ਸੁਣ ਕੇ ਆਈ ਸੀ? ਪੰਜਾਬੀ ਬੋਲੀ ਵਿੱਚ ‘ਫਸਤਾ ਵੱਢਣ’ ਦੇ ਕਈ ਅਰਥ ਹੋ ਸਕਦੇ ਹਨ। ਕੀ ਮੈਂ ਬਚਨ ਕੌਰ ਦੇ ਇਰਾਦੇ ਦਾ ਗਲਤ ਮਤਲਬ ਕੱਢ ਰਹੀ ਸੀ? ਜਦੋਂ ਹਰਦੇਵ ਕਮਰੇ ਵਿੱਚ ਆਇਆ ਤਾਂ ਮੈਂ ਉਹਨੂੰ ਪੁੱਛਿਆ।

ਉਹਦੇ ਚੇਹਰੇ ਦੇ ਹਾਵਭਾਵ ਸਾਬਤ ਕਰ ਰਹੇ ਸਨ ਕਿ ਮੈਂ ਗਲਤ ਨਹੀਂ ਸਮਝੀ ਸੀ।

‘ਉਹ ਕਿਹੜੀ ਖੇਡ ਖੇਡ ਰਹੀ ਹੈ?’ ਮੈਂ ਸਦਮੇ ਵਿੱਚ ਕਿਹਾ।

ਉਹਦਾ ਵੀ ਕਾਫੀ ਬੁਰਾ ਹਾਲ ਲੱਗ ਰਿਹਾ ਸੀ। ‘ਪਤਾ ਨਹੀਂ, ਸਰਬ। ਉਹ ਤਾਂ ਕੁਛ ਸੁਣ ਹੀ ਨਹੀਂ ਰਹੀ।’

‘ਪਰ ਉਹ ਇਸ ਤਰ੍ਹਾਂ ਸੱਚੀਂ ਥੋੜੋ ਕਰਨਗੇ, ਹੈ ਨਾ?’

‘ਲਗਦਾ ਤਾਂ ਇਸ ਤਰ੍ਹਾਂ ਹੀ ਹੈ।’

‘ਪਰ ਸਾਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ।’ ਮੈਂ ਪਾਗਲਾਂ ਵਾਂਗ ਬੋਲੀ ਜਾ ਰਹੀ ਸੀ। ਜੇ ਮੈਂ ਸਾਵਧਾਨ ਨਾ ਰਹੀ ਤਾਂ ਬਚਨ ਕੌਰ ਮੇਰੀ ਆਵਾਜ਼ ਸੁਣ ਸਕਦੀ ਸੀ।

‘ਮੈਂ ਕੋਸ਼ਸ਼ ਕੀਤੀ ਹੈ,’ ਹਰਦੇਵ ਨੇ ਕਿਹਾ।

‘ਸੁਖਦੇਵ ਨਾਲ ਗੱਲ ਕਰ। ਉਹ ਨਹੀਂ ਏਦਾਂ ਕਰਨ ਬਾਰੇ ਸੋਚ ਸਕਦਾ। ਖਾਸ ਕਰ ਕੇ ਆਪਣੀ ਹੀ ਪਤਨੀ ਨਾਲ।’

ਹਰਦੇਵ ਚੁੱਪ ਕਰ ਗਿਆ। ਉਹਨੇ ਆਪਣੇ ਭਰਾ ਨਾਲ ਹਰ ਤਰ੍ਹਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨੂੰ ਮਨਾ ਨਹੀਂ ਸੀ ਸਕਿਆ।

‘ਤਾਂ ਫੇਰ ਆਪਾਂ ਨੂੰ ਸੁਰਜੀਤ ਨੂੰ ਦੱਸਣਾ ਚਾਹੀਦਾ ਹੈ,’ ਮੈਂ ਕਿਹਾ।

‘ਨਹੀਂ!’ ਹਰਦੇਵ ਦਾ ਚਿਹਰਾ ਬਦਲ ਗਿਆ। ਮੈਂ ਹੱਦ ਟੱਪ ਗਈ ਸੀ। ਉਹਨੂੰ ਆਪਣੀ ਮਾਂ ਤੇ ਭਰਾ ਨਾਲ ਗੱਲ ਕਰਨ ਲਈ ਕਹਿਣਾ ਇਕ ਗੱਲ ਸੀ ਪਰ ਇਹ ਸੁਝਾਅ ਦੇਣਾ ਕਿ ਅਸੀਂ ਉਨ੍ਹਾਂ ਤੋਂ ਚੋਰੀਂ ਕੋਈ ਗੱਲ ਕਰੀਏ, ਬਿਲਕੁਲ ਹੋਰ ਗੱਲ ਸੀ? ਇਹ ਨਹੀਂ ਸੀ ਹੋ ਸਕਦਾ। ਆਖਰ ਨੂੰ ਸੀ ਤਾਂ ਉਹ ਅਠਵਾਲ਼ ਹੀ।

‘ਜੇ ਤੂੰ ਕੁਛ ਕਿਹਾ ਤਾਂ ਮੰਮ ਨੂੰ ਚੰਗਾ ਨਹੀਂ ਲੱਗੇਗਾ।’

ਜਿਹੜਾ ਉਹਦੇ ਲਈ ਸਤਿਕਾਰ ਮੇਰੇ ਮਨ ਵਿੱਚ ਪੈਦਾ ਹੋਇਆ ਸੀ ਉਹ ਪੱਲ ਵਿੱਚ ਹੀ ਉਡ ਗਿਆ। ਮੇਰਾ ਅਸਲੀ ਪਤੀ ਮੁੜ ਕੇ ਆ ਗਿਆ ਸੀ, ਆਪਣੀ ਮਾਂ ਦੀਆਂ ਧਮਕੀਆਂ ਦੁਹਰਾਉਂਦਾ।

‘ਫਿਰ ਤਾਂ,’ ਮੈਂ ਕਿਹਾ, ‘ਆਪਾਂ ਇਕੋ ਆਸ ਰੱਖ ਸਕਦੇ ਹਾਂ ਕਿ ਸੁਰਜੀਤ ਜਾਣ ਤੋਂ ਨਾਂਹ ਕਰ ਦੇਵੇ।’

(ਬੇਇੱਜ਼ਤ ਵਿਚੋਂ ਇਕ ਅੰਸ਼)

ਬੇਇੱਜ਼ਤ ਕਿੱਥੋਂ ਮਿਲ ਸਕਦੀ ਹੈ?

ਕਨੇਡਾ ਵਿੱਚ ਬੇਇੱਜ਼ਤ ਦੀ ਕਾਪੀ ਲੈਣ ਲਈ ਸੰਪਰਕ ਕਰੋ:

ਕੈਲਗਰੀ: ਮਾਸਟਰ ਭਜਨ ਗਿੱਲ (403-455-4220)
ਵਿਨੀਪੈੱਗ: ਹਰਨੇਕ ਧਾਲੀਵਾਲ (204-488-6960)
ਸਰੀ/ਵੈਨਕੂਵਰ/ਲੋਅਰ ਮੇਨਲੈਂਡ: ਸੁਖਵੰਤ ਹੁੰਦਲ (604-644-2470)

ਡਾਕ ਰਾਹੀਂ:

ਕਨੇਡਾ ਦੇ ਹੋਰ ਕਿਸੇ ਵੀ ਸ਼ਹਿਰ ਵਿੱਚ ਤੁਸੀਂ 15 ਡਾਲਰ 50 ਸੈਂਟ (10 ਡਾਲਰ ਕਿਤਾਬ ਦੀ ਕੀਮਤ ਅਤੇ 5 ਡਾਲਰ 50 ਸੈਂਟ, ਡਾਕ ਖਰਚ) ਭੇਜ ਕੇ ਇਹ ਕਿਤਾਬ ਮੰਗਵਾ ਸਕਦੇ ਹੋ। ਡਾਕ ਰਾਹੀਂ ਕਿਤਾਬ ਮੰਗਵਾਉਣ ਲਈ ਸੁਖਵੰਤ ਹੁੰਦਲ ਨਾਲ ਸੰਪਰਕ ਕਰੋ (604-644-2470 ‘ਤੇ ਜਾਂ sukhwanthundal123@gmail.com)

ਇੰਡੀਆ ਵਿੱਚ:

ਇੰਡੀਆ ਵਿੱਚ ਤੁਸੀਂ ਇਹ ਕਿਤਾਬ ਪੀਪਲਜ਼ ਫੋਰਮ ਬਾਰਗਾੜੀ ਤੋਂ ਲੈ ਸਕਦੇ ਹੋ। ਖੁਸ਼ਵੰਤ ਬਾਰਗਾੜੀ ਨਾਲ ਸੰਪਰਕ ਕਰੋ: 9872989313

Advertisements
This entry was posted in ਸਾਰੀਆਂ and tagged , , , . Bookmark the permalink.

2 Responses to ਤੇ ਫੈਸਲਾ ਹੋ ਗਿਆ ਫਿਰ….

 1. Jaswinder says:

  ਕਹਾਣੀ ਦਾ ਅੰਤ ਪਤਾ ਹੋਣ ਕਰਕੇ ਹੁਣੇ ਹੀ ਬਹੁਤ ਗਮਗੀਨ ਸਥਿੱਤੀ ਦਿਖਾਈ ਦੇ ਰਹੀ ਹੈ। ਠੀਕ ਕੀਤਾ ਇਹ ਕਿਤਾਬ ਲਿਖ ਕੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਇਸ ਅਖਾਉਤੀ ਅਣਖ ਵਾਲ਼ੇ ਵਿਭਚਾਰ (ਸੱਭਿਅਾਚਾਰ) `ਚੋਂ ਗ਼ਲਤ-ਠੀਕ ਫਰੋਲ਼ ਕੇ ਅੱਡ ਕਰਨ ਦੀ ਲੋੜ ਹੈ। ਅਜਿਹੀਆਂ ਲਿਖਤਾਂ ਇਸ `ਚ ਆਪਣਾ ਸਹਿਯੋਗ ਦੇ ਰਹੀਆਂ ਹਨ।

 2. Tej Sandhu says:

  Thanks ! Sukhwant Hundal Ji

  On Friday, March 9, 2018, ਸੁਖਵੰਤ ਹੁੰਦਲ – Sukhwant Hundal wrote:

  > sukhwanthundal posted: “ਲੇਖਕ: ਸਰਬਜੀਤ ਕੌਰ ਅਠਵਾਲ ਅਤੇ ਜੈੱਫ ਹਡਸਨ ਅੰਗਰੇਜ਼ੀ ਤੋਂ
  > ਅਨੁਵਾਦ: ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਮ੍ਰਿਤਕ: ਸੁਰਜੀਤ ਕੌਰ ਅਠਵਾਲ
  > ਨਵੰਬਰ ਦੇ ਅਖੀਰ ਦੇ ਇਕ ਸ਼ੁੱਕਰਵਾਰ ਦਾ ਲੌਢਾ ਵੇਲਾ ਸੀ। ਮੈਂ ਘਰ ਦੇ ਉੱਪਰਲੇ ਕਮਰੇ ਵਿੱਚ
  > ਧੋਤੇ ਕੱਪੜੇ ਸਾਂਭਣ ਲੱਗੀ ਹੋਈ ਸੀ। ਹਰਦੇਵ ਵੀ ਆਲੇ ਦੁਆਲੇ ਆਵਾਗੌਣ ”
  >

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.