ਮਸਲੇ ਦਾ ਹੱਲ ਤਲਾਕ ਸੀ, ਮੌਤ ਨਹੀਂ

ਲੇਖਕ: ਸਰਬਜੀਤ ਕੌਰ ਅਠਵਾਲ ਅਤੇ ਜੈੱਫ ਹਡਸਨ
ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ

ਸੁਰਜੀਤ ਕੌਰ ਅਠਵਾਲ ਦੀ ਸੱਸ ਬਚਨ ਕੌਰ ਅਠਵਾਲ

(ਬਰਤਾਨੀਆ ਵਿੱਚ ਅਣਖ ਖਾਤਰ ਸੁਰਜੀਤ ਕੌਰ ਅਠਵਾਲ ਦੇ ਕੀਤੇ ਕਤਲ ਬਾਰੇ ਲਿਖੀ ਕਿਤਾਬ ‘ਬੇਇੱਜ਼ਤ’ ਦਾ ਇਕ ਹੋਰ ਅੰਸ਼। ਇਹ ਕਿਤਾਬ 17 ਮਾਰਚ ਨੂੰ ਸਰੀ ਵਿੱਚ, 23 ਮਾਰਚ ਨੂੰ ਵਿਨੀਪੈੱਗ ਅਤੇ 24 ਮਾਰਚ ਨੂੰ ਕੈਲਗਰੀ ਵਿੱਚ ਰਿਲੀਜ਼ ਹੋ ਰਹੀ ਹੈ। ਇਨ੍ਹਾਂ ਸਮਾਗਮਾਂ ਵਿੱਚ ਇਸ ਕਿਤਾਬ ਦੀ ਲੇਖਕਾ ਸਰਬਜੀਤ ਕੌਰ ਅਠਵਾਲ ਸ਼ਾਮਲ ਹੋਵੇਗੀ। ਇਨ੍ਹਾਂ ਸ਼ਹਿਰਾਂ ਵਿੱਚ ਚੰਗੇ ਸਾਹਿਤ ਵਿੱਚ ਦਿਲਚਸਪੀ ਰੱਖਣ ਵਾਲੇ, ਸਮਾਜ ਵਿੱਚ ਬਰਾਬਰੀ ਦੇ ਇੱਛਕ, ਅਤੇ ਔਰਤਾਂ ਵਿਰੁੱਧ ਹਿੰਸਾ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਸਰਬਜੀਤ ਕੌਰ ਅਠਵਾਲ ਦੀ ਹੱਡਬੀਤੀ ਅਤੇ ਗੱਲਬਾਤ ਸੁਣਨ।)

***

ਇਹ ਇਕ ਜਨਵਰੀ 1999 ਦਾ ਦਿਨ ਸੀ ਅਤੇ ਬੱਚਿਆਂ ਤੋਂ ਬਿਨਾਂ ਹਰ ਜਣਾ ਇਸ ਤਰ੍ਹਾਂ ਵਿਚਰ ਰਿਹਾ ਸੀ ਕਿ ਆਮ ਵਾਂਗ ਇਹ ਇਕ ਹੋਰ ਨਵੇਂ ਸਾਲ ਦੀ ਸ਼ੁਰੂਆਤ ਸੀ। ਮੈਂ ਹਮੇਸ਼ਾਂ ਦੀ ਤਰ੍ਹਾਂ ਰਸੋਈ ਵਿੱਚ ਸੀ। ਬੱਚੇ ਉੱਪਰ ਖੇਡ ਰਹੇ ਸਨ ਅਤੇ ਹਰਦੇਵ ਕੰਮ ‘ਤੇ ਜਾ ਚੁੱਕਾ ਸੀ। ਮੈਂ ਪਿਛਲਾ ਦਰਵਾਜ਼ਾ ਖੁੱਲ੍ਹਣ ਦੀ ਅਵਾਜ਼ ਸੁਣੀ ਅਤੇ ਇਕਦਮ ਬੇਚੈਨ ਹੋ ਗਈ। ਮੈਂ ਆਪਣੀ ਸੱਸ ਵੱਲ ਸਿਰ ਨਿਵਾਇਆ ਜਦੋਂ ਉਹ ਰਸੋਈ ਵਿੱਚ ਦੀ ਬੈਠਕ ਵਿੱਚ ਜਾਣ ਲਈ ਲੰਘੀ। ਉਹ ਜਾਂਦੀ ਜਾਂਦੀ ਸ਼ਾਂਤਮਈ ਅਵਾਜ਼ ਵਿੱਚ ਕਹਿ ਗਈ, ‘ਆ ਮੇਰੇ ਨਾਲ ਬੈਠ’।

ਮੈਂ ਇਹ ਬਿਲਕੁਲ ਨਹੀਂ ਕਰਨਾ ਚਾਹੁੰਦੀ ਸੀ, ਪਰ ਮੈਂ ਉਸ ਦੇ ਪਿੱਛੇ ਪਿੱਛੇ ਤੁਰ ਪਈ। ਉਹ ਜਾਣਦੀ ਸੀ ਕਿ ਮੈਂ ਇਸ ਤਰ੍ਹਾਂ ਹੀ ਕਰਾਂਗੀ। ਹੁਣ ਮੈਂ ਖੁਸ਼ ਹਾਂ ਕਿ ਮੈਂ ਇਸ ਤਰ੍ਹਾਂ ਕੀਤਾ।

ਜਦੋਂ ਮੈਂ ਉੱਥੇ ਪਹੁੰਚੀ ਤਾਂ ਬਚਨ ਉਸ ਔਰਤ ਤੋਂ ਬਿਲਕੁਲ ਵੱਖਰੀ ਦਿਖਾਈ ਦਿੰਦੀ ਸੀ ਜੋ ਕੁਝ ਮਿੰਟ ਪਹਿਲਾਂ ਬਹੁਤ ਤੱਕੜੀ ਅਤੇ ਰੋਅਬਦਾਰ ਜਾਪਦੀ ਸੀ। ਉਸ ਦੀ ਠੋਡੀ ਉਸ ਦੀ ਛਾਤੀ ਨਾਲ ਲੱਗੀ ਹੋਈ ਸੀ ਅਤੇ ਉਹ ਕੰਬ ਰਹੀ ਸੀ ਅਤੇ ਉਸ ਦੇ ਚਿਹਰੇ ‘ਤੇ ਹੰਝੂ ਹੇਠਾਂ ਨੂੰ ਵਗ ਰਹੇ ਸਨ। ਇਹ ਹੰਝੂ ਨਕਲੀ ਨਹੀਂ ਸਨ, ਜਿਹੜੇ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਵੇਲੇ ਵਹਾਉਣ ਦੇ ਕਾਬਲ ਸੀ। ਮੇਰੀ ਸਮਝ ਮੁਤਾਬਕ ਇਹ ਹੰਝੂ ਅਸਲੀ ਸਨ। ਉਸ ਦਾ ਕੰਬਣਾ ਵੀ ਅਸਲੀ ਸੀ। ਉਹ ਸੱਚੀਂ ਹੀ ਇਕ ਬਿਪਤਾ ਦੀ ਮਾਰੀ ਹੋਈ ਔਰਤ ਦਿਖਾਈ ਦਿੰਦੀ ਸੀ।

ਕਈ ਸਾਲਾਂ ਦੌਰਾਨ ਬਚਨ ਕੌਰ ਵਲੋਂ ਮੈਨੂੰ ਪਹੁੰਚਾਏ ਦੁੱਖ ਦੇ ਬਾਵਜੂਦ ਮੈਂ ਆਪਣੇ ਆਪ ਨੂੰ ਭੱਜ ਕੇ ਉਸ ਦੇ ਕੋਲ ਜਾਣ ਤੋਂ ਨਾ ਰੋਕ ਸਕੀ।

‘ਕੀ ਹੋ ਗਿਆ? ਸਭ ਕੁਝ ਠੀਕ ਤਾਂ ਹੈ?’

ਉਹ ਬਿਨਾਂ ਰੁਕਿਆਂ ਹਟਕੋਰੇ ਭਰ ਰਹੀ ਸੀ। ਮੈਂ ਉਸ ਨੂੰ ਪਹਿਲਾਂ ਕਦੇ ਵੀ ਇਸ ਹਾਲਤ ਵਿੱਚ ਨਹੀਂ ਦੇਖਿਆ ਸੀ। ਇਹ ਔਰਤ, ਇਕ ਧੜੱਲੇਦਾਰ ਸ਼ਖਸੀਅਤ, ਆਪਣੀ ਥਾਂ ਬੈਠੀ ਹਿਲ ਰਹੀ ਸੀ, ਸੁਰੜ ਸੁਰੜ ਕਰਦੀ ਹੋਈ ਉਘੜ-ਦੁਘੜ ਬੋਲ ਰਹੀ ਸੀ। ਮੈਂ ਉਸ ਨੂੰ ਕਦੇ ਵੀ ਅਜਿਹੀ ਸਥਿਤੀ ਵਿੱਚ ਨਹੀਂ ਦੇਖਿਆ ਸੀ ਜਦੋਂ ਉਸ ਨੂੰ ਸ਼ਬਦ ਨਾ ਔੜਦੇ ਹੋਣ, ਪਰ ਅੱਜ ਗੱਲ ਕਰਨ ਲਈ ਉਸ ਨੂੰ ਕਈ ਕੋਸ਼ਿਸ਼ਾਂ ਕਰਨੀਆਂ ਪਈਆਂ ਸਨ।

‘ਧੀਰਜ ਰੱਖੋ ਅਤੇ ਹੌਲੀ ਹੌਲੀ ਗੱਲ ਕਰੋ,’ ਮੈਂ ਕਿਹਾ।

ਕੀ ਹੋ ਗਿਆ ਸੀ ਜਿਸ ਨੇ ਉਸ ਦੀ ਇਹ ਹਾਲਤ ਕਰ ਦਿੱਤੀ ਸੀ? ਇਸ ਤਰ੍ਹਾਂ ਤਾਂ ਉਦੋਂ ਵੀ ਨਹੀਂ ਰੋਈ ਸੀ ਜਦੋਂ ਮੇਰੇ ਸਹੁਰੇ ਗਿਆਨ ਸਿੰਘ ਦੀ ਮੌਤ ਹੋਈ ਸੀ।

ਉਸ ਨੇ ਇਕ ਡੂੰਘਾ ਸਾਹ ਲਿਆ। ‘ਬਹੁਤ ਮਾੜੀ ਖਬਰ ਹੈ…’

‘ਕੀ ਗੱਲ ਹੈ? ਕੀ ਹੋਇਆ?’

‘ਸੁਰਜੀਤ ਵਾਪਸ ਨਹੀਂ ਆਈ।’

‘ਮੈਨੂੰ ਪਤਾ ਹੈ। ਤੁਸੀਂ ਦੱਸਿਆ ਸੀ ਕਿ ਉਹ ਤੁਹਾਥੋਂ ਬਾਅਦ ਆ ਰਹੀ ਸੀ। ਫਿਰ ਤੁਸੀਂ ਕਿਹਾ ਸੀ ਕਿ ਉਹ ਤੁਹਾਥੋਂ ਦੋ ਦਿਨ ਪਹਿਲਾਂ ਤੁਰ ਪਈ ਸੀ। ਮੈਨੂੰ ਸੱਚ ਸੱਚ ਦੱਸੋ। ਸੁਰਜੀਤ ਕਿੱਥੇ ਹੈ?’

ਗੱਲ ਮੁਕਾਉਂਦੀ ਦਾ ਮੇਰਾ ਸਾਹ ਚੜ੍ਹ ਗਿਆ। ਮੈਂ ਪਹਿਲਾਂ ਕਦੇ ਵੀ ਆਪਣੀ ਸੱਸ ਨਾਲ ਇਸ ਤਰ੍ਹਾਂ ਸਿੱਧੀ ਗੱਲ ਨਹੀਂ ਕੀਤੀ ਸੀ। ਮੈਨੂੰ ਨਹੀਂ ਪਤਾ ਇਸ ਵਾਰ ਮੈਂ ਇਹ ਹੌਸਲਾ ਕਿਵੇਂ ਕਰ ਲਿਆ, ਪਰ ਜੋ ਕੁਝ ਵੀ ਉਹ ਕਹਿਣਾ ਚਾਹੁੰਦੀ ਸੀ, ਉਹ ਬਹੁਤ ਜ਼ਰੂਰੀ ਜਾਪਦਾ ਸੀ। ਅਤੇ ਉਸ ਨੂੰ ਏਨੀ ਦੁਖੀ ਦੇਖ ਕੇ, ਮੈਂ ਭਰੋਸੇ ਨਾਲ ਉਸ ਨੂੰ ਪੁੱਛਣ ਦਾ ਹੌਸਲਾ ਕਰ ਲਿਆ ਸੀ।

ਬਚਨ ਕੌਰ ਨੇ ਅਜੇ ਤੱਕ ਆਪਣੀ ਨਿਗ੍ਹਾ ਉੱਪਰ ਨਹੀਂ ਸੀ ਚੁੱਕੀ। ‘ਇਹ ਸੱਚੀਂ ਹੀ ਬਹੁਤ ਮਾੜੀ ਖਬਰ ਹੈ, ਬਹੁਤ ਹੀ ਮਾੜੀ’ ਉਸ ਨੇ ਦੁਹਰਾਇਆ। ‘ਸ਼ਾਇਦ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਪਰ ਉਹ ਪਰਿਵਾਰ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਵਾ ਰਹੀ ਸੀ।’

ਓਹ ਨਹੀ….

‘ਕੀ ਨਹੀਂ ਕਰਨਾ ਚਾਹੀਦਾ ਸੀ?’

ਪਰ ਮੈਂ ਪਹਿਲਾਂ ਹੀ ਜਾਣਦੀ ਸੀ। ਪਰਿਵਾਰ ਦੀ ਉਸ ਮੀਟਿੰਗ ਬਾਅਦ ਇਹ ਭੈੜਾ ਸੁਪਨਾ ਸਦਾ ਮੇਰੇ ਨਾਲ ਰਿਹਾ ਸੀ। ਫਿਰ ਵੀ, ਮੈਂ ਉਸ ਦੇ ਮੂੰਹੋਂ ਸੁਣਨਾ ਚਾਹੁੰਦੀ ਸੀ।

‘ਮੈਂ ਉਸ ਤਰ੍ਹਾਂ ਹੀ ਚਲਦਾ ਨਹੀਂ ਰਹਿਣ ਦੇ ਸਕਦੀ ਸੀ। ਲੋਕੀਂ ਗੱਲਾਂ ਕਰਨ ਲੱਗੇ ਸਨ ਅਤੇ ਮੇਰੇ ਪੁੱਤਰ ਨੇ ਗਲ਼ੀਆਂ ‘ਚ ਰੁਲ਼ ਜਾਣਾ ਸੀ ਜੇ ਉਹ ਘਰ ਲੈ ਜਾਂਦੀ।’

‘ਮੈਨੂੰ ਦੱਸੋ, ਕਿ ਸੁਰਜੀਤ ਕਿੱਥੇ ਹੈ?’ ਮੈਂ ਦੁਬਾਰਾ ਪੁੱਛਿਆ। ਪਰ ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਉੱਥੇ ਹੋਵਾਂ ਹੀ ਨਾ। ਬਚਨ ਕੌਰ ਨੇ ਆਪਣੀ ਛਾਤੀ ਤੋਂ ਕੋਈ ਭਾਰ ਲਾਹੁਣਾ ਸੀ ਅਤੇ ਮੈਨੂੰ ਇਹ ਸੁਣਨਾ ਪੈਣਾ ਸੀ ਚਾਹੇ ਮੈਂ ਸੁਣਨਾ ਚਾਹਾਂ ਜਾਂ ਨਾ। ਅਤੇ ਸਾਰਾ ਕੁਝ ਉਸ ਨੇ ਆਪਣੇ ਢੰਗ ਨਾਲ ਹੀ ਦੱਸਣਾ ਸੀ।

ਉਸ ਨੇ ਗੱਲ ਜਾਰੀ ਰੱਖੀ, ‘ਅਸੀਂ ਵਿਆਹ ‘ਤੇ ਗਏ। ਉਹ ਰਿਸ਼ਤੇਦਾਰਾਂ ਨੂੰ ਮਿਲੀ, ਅਸੀਂ ਨੱਚੀਆਂ ਅਤੇ ਹੋਰ ਸਭ ਕੁਝ ਕੀਤਾ। ਅਸੀਂ ਖੁਸ਼ ਸੀ। ਫਿਰ ਉਹ ਸ਼ਾਪਿੰਗ ਲਈ ਜਾਣਾ ਚਾਹੁੰਦੀ ਸੀ, ਜਿਵੇਂ ਮੈਂ ਉਸ ਨਾਲ ਵਾਅਦਾ ਕੀਤਾ ਸੀ। ਇਸ ਲਈ ਮੈਂ ਉਸ ਨੂੰ ਕਿਹਾ, ‘ਆਹ ਕੁਝ ਪੈਸੇ ਹਨ, ਜਾ ਅਤੇ ਮੌਜਾਂ ਲੁੱਟ।’

‘ਕੀ ਤੁਸੀਂ ਉਸ ਨਾਲ ਗਏ?’

ਰੋਂਦੀ ਔਰਤ ਨੇ ਸਿਰ ਮਾਰਿਆ। ‘ਨਹੀਂ, ਉਹ ਚਾਹੁੰਦੀ ਸੀ ਕਿ ਮੈਂ ਉਸ ਨਾਲ ਜਾਵਾਂ, ਪਰ ਮੈਂ ਨਹੀਂ ਗਈ।’

ਉਸ ਪਲ ਦੀ ਯਾਦ ਨਾਲ ਰੋਣ ਦਾ ਇਕ ਹੋਰ ਦੌਰ ਸ਼ੁਰੂ ਹੋਇਆ। ਮੈਂ ਸਿਰਫ ਇਹ ਚਾਹੁੰਦੀ ਸੀ ਕਿ ਉਹ ਗੱਲ ਮੁਕਾਵੇ। ਮੈਂ ਬਚਨ ਕੌਰ ਦੀ ਗੱਲ ਸੁਣਨ ਲਈ ਬਹੁਤ ਬੇਤਾਬ ਸੀ ਅਤੇ ਮੈਨੂੰ ਸਾਹ ਲੈਣ ਲਈ ਯਾਦ ਕਰਨਾ ਪੈਂਦਾ ਸੀ। ਉਹ ਕੀ ਦੱਸਣ ਵਾਲੀ ਸੀ?

‘ਫਿਰ ਪਹਿਲਾਂ ਕੀਤੇ ਪ੍ਰਬੰਧ ਮੁਤਾਬਕ ਸੁਰਜੀਤ ਨੂੰ ਇਕ ਜੀਪ ਵਿੱਚ ਭੇਜਿਆ ਗਿਆ। ਪਰ ਉਹ ਬਾਜ਼ਾਰ ਨਹੀਂ ਪਹੁੰਚੇ। ਉਸ ਨੂੰ ਪੀਣ ਲਈ ਥੋੜ੍ਹਾ ਪਾਣੀ ਦਿੱਤਾ ਗਿਆ ਅਤੇ ਪੀਂਦਿਆਂ ਸਾਰ ਹੀ ਸੁਰਜੀਤ ਨੂੰ ਪਤਾ ਲੱਗ ਗਿਆ ਕਿ ਉਸ ਨੂੰ ਕੋਈ ਨਸ਼ੀਲੀ ਦਵਾਈ ਦੇ ਦਿੱਤੀ ਗਈ ਸੀ।’

ਗੱਲਾਂ ਕਰਦਿਆਂ ਕਰਦਿਆਂ ਬਚਨ ਕੌਰ ਫਿਰ ਪੂਰੇ ਭਰੋਸੇ ਵਿੱਚ ਆ ਗਈ ਸੀ। ਜਿੰਨੀਆਂ ਵੱਧ ਉਹ ਗੱਲਾਂ ਕਰ ਰਹੀ ਸੀ, ਉੱਨਾ ਜ਼ਿਆਦਾ ਹੀ ਸੁਭਾਵਿਕ ਹੋਈ ਜਾਂਦੀ ਸੀ। ਕੁਝ ਮਿੰਟ ਪਹਿਲਾਂ ਉਹ ਜਿੰਨੀ ਘਬਰਾਈ ਹੋਈ ਲੱਗਦੀ ਸੀ, ਹੁਣ ਉਹ ਉੱਨੇ ਹੀ ਭਰੋਸੇ ਨਾਲ ਗੱਲ ਕਰ ਰਹੀ ਸੀ – ਬਿਲਕੁਲ ਉਸ ਤਰ੍ਹਾਂ ਜਿਸ ਤਰਾਂ੍ਹ ਉਹ ਗੁਰਦਵਾਰੇ ਵਿੱਚ ਆਮ ਗੱਲਾਂ ਕਰਦੀ ਹੁੰਦੀ ਸੀ। ਉਸ ‘ਚ ਆਈ ਇਹ ਤਬਦੀਲੀ ਬਹੁਤ ਹੀ ਅਸਧਾਰਨ ਸੀ।

‘ਜਦੋਂ ਉਹ ਬੇਹੋਸ਼ ਸੀ, ਉਸ ਸਮੇਂ ਉਸ ਨਾਲ ਗਏ ਦੋ ਮਰਦਾਂ ਨੇ ਉਸ ਦਾ ਗੱਲ ਘੁੱਟ ਦਿੱਤਾ, ਉਸ ਦੇ ਗਹਿਣੇ ਲਾਹ ਲਏ ਅਤੇ ਉਸ ਦੀ ਲਾਸ਼ ਨੂੰ ਰਾਵੀ ਵਿੱਚ ਸੁੱਟ ਦਿੱਤਾ।’

‘ਤਾਂ ਫਿਰ ਉਹ ਮਰ ਚੁੱਕੀ ਹੈ।’ ਮੈਂ ਪੂਰੀ ਤਰ੍ਹਾਂ ਸਪਸ਼ਟ ਹੋਣਾ ਚਾਹੁੰਦੀ ਸੀ।

‘ਹਾਂ, ਉਹ ਮਰ ਚੁੱਕੀ ਹੈ।’

ਹੁਣ ਗੱਲ ਬਿਲਕੁਲ ਸਾਫ ਹੋ ਚੁੱਕੀ ਸੀ। ਬਿਲਕੁਲ ਸੱਚ ਅਤੇ ਭਾਵਨਾ ਰਹਿਤ। ਉਸ ਨੇ ਮੈਨੂੰ ਆਪਣੀ ਨੂੰਹ ਦੇ ਕਤਲ ਬਾਰੇ ਦੱਸਿਆ ਸੀ, ਅਤੇ ਜਿਸ ਤਰ੍ਹਾਂ ਉਹ ਬੈਠੀ ਸੀ ਉਸ ਤੋਂ ਇਹ ਲੱਗਦਾ ਸੀ ਕਿ ਜਿਵੇਂ ਉਹ ਮੈਨੂੰ ਬਾਜ਼ਾਰ ‘ਚ ਵਾਪਰੀ ਕੋਈ ਆਮ ਘਟਨਾ ਬਾਰੇ ਦੱਸ ਰਹੀ ਸੀ। ਹੰਝੂ ਉਸ ਦੇ ਚਿਹਰੇ ਤੋਂ ਸੁੱਕ ਗਏ ਸਨ। ਉਸ ਦੀ ਪਿੱਠ ਬਿਲਕੁਲ ਸਿੱਧੀ ਸੀ ਅਤੇ ਉਸ ਦਾ ਸਿਰ ਉੱਪਰ ਨੂੰ ਉੱਠਿਆ ਹੋਇਆ ਸੀ। ਉਹ ਬਿਲਕੁਲ ਇਕ ਆਮ ਦਿਨ ਵਾਂਗ ਮਾਣਮੱਤੀ ਅਤੇ ਸਵੈ-ਵਿਸ਼ਵਾਸ ਨਾਲ ਭਰਪੂਰ ਬੈਠੀ ਹੋਈ ਸੀ।

ਅਤੇ ਮੇਰੀ ਹਾਲਤ ਇਹ ਸੀ ਕਿ ਮੇਰੀ ਬੈਠੀ ਦੀਆਂ ਲੱਤਾਂ ਕੰਬ ਰਹੀਆਂ ਸਨ। ਡਰ ਦੇ ਮਾਰਿਆਂ ਮੇਰੇ ਸਾਰੇ ਲੂੰਅ-ਕੰਢੇ ਖੜੇ ਹੋ ਗਏ ਸਨ ਅਤੇ ਮੈਨੂੰ ਗਰਮੀ ਅਤੇ ਸਰਦੀ ਦੇ ਦੌਰੇ ਪੈ ਰਹੇ ਸਨ। ਮੈਂ ਇਸ ਤਰ੍ਹਾਂ ਭੈੜਾ ਮਹਿਸੂਸ ਕਰ ਰਹੀ ਸੀ ਜਿਵੇਂ ਮੈਂ ਉਸ ਦੇ ਕਤਲ ਦੇ ਹੁਕਮ ਦਿੱਤੇ ਹੋਣ।

ਅਤੇ ਉਹ ਇਸ ਜਾਣਕਾਰੀ ਬਾਰੇ ਮੇਰੇ ‘ਤੇ ਕਿਉਂ ਭਰੋਸਾ ਕਰ ਰਹੀ ਸੀ? ਮੈਂ ਇਹ ਨਹੀਂ ਜਾਣਨਾ ਚਾਹੁੰਦੀ ਸੀ। ਮੈਂ ਉਸ ਦੇ ਨੀਚ ਭੇਤ ਦੀ ਹਿੱਸੇਦਾਰ ਨਹੀਂ ਬਣਨਾ ਚਾਹੁੰਦੀ ਸੀ। ਜਾਂ ਕੀ ਇਹ ਹੀ ਤਾਂ ਅਸਲੀ ਮਨੋਰਥ ਨਹੀਂ ਸੀ? ਕੀ ਇਹ ਸਭ ਕੁਝ ਇਕ ਡਰਾਮਾ ਸੀ? ਕੀ ਇਹ ਮੇਰੀ ਸੱਸ ਦਾ ਮੈਨੂੰ ਇਹ ਦੱਸਣ ਦਾ ਇਕ ਢੰਗ ਤਾਂ ਨਹੀਂ ਸੀ ਕਿ ਮੈਨੂੰ ਵੀ ਇਸ ਹੀ ਤਰ੍ਹਾਂ ਬਿਲੇ ਲਾਇਆ ਜਾ ਸਕਦਾ ਸੀ? ਇਮਾਨਦਾਰੀ ਨਾਲ ਉਸ ਵੇਲੇ ਮੈਨੂੰ ਕੁਝ ਪਤਾ ਨਹੀਂ ਸੀ ਕਿ ਇਸ ਸਭ ਕਾਸੇ ਦਾ ਕੀ ਮਤਲਬ ਸੀ।

ਫਿਰ ਜਿਸ ਤਰ੍ਹਾਂ ਆਈ ਸੀ, ਉਸ ਹੀ ਤਰ੍ਹਾਂ ਹੀ ਬਚਨ ਕੌਰ ਜਾਣ ਲਈ ਉੱਠ ਖੜੋਤੀ। ਪਤਾ ਨਹੀਂ ਕਿ ਉਹ ਕੋਈ ਮਨਸੂਬਾ ਬਣਾ ਰਹੀ ਸੀ ਜਾਂ ਪਛਤਾਵੇ ਦੇ ਭਾਰ ਹੇਠ ਦੱਬੀ ਜਾ ਰਹੀ ਸੀ, ਪਰ ਉਸ ਨੇ ਜੋ ਕਰਨਾ ਸੀ ਉਹ ਕਰ ਲਿਆ ਸੀ।

‘ਹੁਣ ਸੁਰਜੀਤ ਸਾਡੀ ਹੋਰ ਬੇਇੱਜ਼ਤੀ ਨਹੀਂ ਕਰ ਸਕੇਗੀ,’ ਉਸ ਨੇ ਆਪਣੇ ਆਮ ਭਰੋਸੇ ਨਾਲ ਕਿਹਾ। ‘ਹੁਣ ਅਸੀਂ ਇਕ ਸ਼ਰੀਫ ਪਰਿਵਾਰ ਵਾਂਗ ਜੀਅ ਸਕਦੇ ਹਾਂ।’

ਮੈਨੂੰ ਇਸ ‘ਤੇ ਯਕੀਨ ਨਹੀਂ ਆ ਰਿਹਾ ਸੀ। ਸੁਰਜੀਤ ਸਿਰਫ ਆਪਣੇ ਪਤੀ ਅਤੇ ਉਸ ਦੇ ਪਰਿਵਾਰ ਤੋਂ ਦੂਰ ਜਾਣਾ ਚਾਹੁੰਦੀ ਸੀ – ਅਤੇ ਉਨ੍ਹਾਂ ਨੇ ਉਸ ਨੂੰ ਕਤਲ ਕਰ ਦਿੱਤਾ ਸੀ।

ਮਸਲੇ ਦਾ ਹੱਲ ਤਲਾਕ ਸੀ।

ਮੌਤ ਨਹੀਂ।

ਇਸ ਤੋਂ ਪਹਿਲਾਂ ਮੈਂ ਕਦੀ ਵੀ ਏਨੀ ਡਰੀ ਹੋਈ ਮਹਿਸੂਸ ਨਹੀਂ ਕੀਤਾ ਸੀ। …..

***

ਬੇਇੱਜ਼ਤ ਕਿੱਥੋਂ ਮਿਲ ਸਕਦੀ ਹੈ?

ਕਨੇਡਾ ਵਿੱਚ ਬੇਇੱਜ਼ਤ ਦੀ ਕਾਪੀ ਲੈਣ ਲਈ ਸੰਪਰਕ ਕਰੋ:

ਕੈਲਗਰੀ: ਮਾਸਟਰ ਭਜਨ ਗਿੱਲ (403-455-4220)
ਵਿਨੀਪੈੱਗ: ਹਰਨੇਕ ਧਾਲੀਵਾਲ (204-488-6960)
ਸਰੀ/ਵੈਨਕੂਵਰ/ਲੋਅਰ ਮੇਨਲੈਂਡ: ਸੁਖਵੰਤ ਹੁੰਦਲ (604-644-2470)

ਡਾਕ ਰਾਹੀਂ:

ਕਨੇਡਾ ਦੇ ਹੋਰ ਕਿਸੇ ਵੀ ਸ਼ਹਿਰ ਵਿੱਚ ਤੁਸੀਂ 15 ਡਾਲਰ 50 ਸੈਂਟ (10 ਡਾਲਰ ਕਿਤਾਬ ਦੀ ਕੀਮਤ ਅਤੇ 5 ਡਾਲਰ 50 ਸੈਂਟ, ਡਾਕ ਖਰਚ) ਭੇਜ ਕੇ ਇਹ ਕਿਤਾਬ ਮੰਗਵਾ ਸਕਦੇ ਹੋ। ਡਾਕ ਰਾਹੀਂ ਕਿਤਾਬ ਮੰਗਵਾਉਣ ਲਈ ਸੁਖਵੰਤ ਹੁੰਦਲ ਨਾਲ ਸੰਪਰਕ ਕਰੋ (604-644-2470 ‘ਤੇ ਜਾਂ sukhwanthundal123@gmail.com)

ਇੰਡੀਆ ਵਿੱਚ:

ਇੰਡੀਆ ਵਿੱਚ ਤੁਸੀਂ ਇਹ ਕਿਤਾਬ ਪੀਪਲਜ਼ ਫੋਰਮ ਬਾਰਗਾੜੀ ਤੋਂ ਲੈ ਸਕਦੇ ਹੋ। ਖੁਸ਼ਵੰਤ ਬਾਰਗਾੜੀ ਨਾਲ ਸੰਪਰਕ ਕਰੋ: 9872989313

Advertisements
This entry was posted in ਸਾਰੀਆਂ and tagged , , , , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.