ਗੱਡਿਆਂ ਅੱਗੇ ਜੁੜੇ ਬੰਦੇ

ਹਿੰਦੁਸਤਾਨ ਵਿੱਚ ਗੱਡਿਆਂ ਅੱਗੇ ਜੁੜੇ ਬੰਦਿਆਂ ਦੇ ਦ੍ਰਿਸ਼ ਆਮ ਦੇਖਣ ਨੂੰ ਮਿਲ ਜਾਂਦੇ ਹਨ। ਸਾਡੇ ਲਈ ਇਹਨਾਂ ਦ੍ਰਿਸ਼ਾਂ ਨੂੰ ਦੇਖਣਾ ਏਨੀ ਆਮ ਗੱਲ ਹੈ ਕਿ ਅਸੀਂ ਕਦੇ ਇਹ ਨਹੀਂ ਸੋਚਦੇ ਕਿ ਇਹ ਬੰਦੇ ਕੌਣ ਹਨ? ਇਹ ਇਸ ਤਰ੍ਹਾਂ ਔਖਾ ਅਤੇ ਸਖਤ ਕੰਮ ਕਰਨ ਲਈ ਕਿਉਂ ਮਜ਼ਬੂਰ ਹਨ? ਇਸ ਤਰ੍ਹਾਂ ਦਾ ਕੰਮ ਕਰਕੇ ਉਨ੍ਹਾਂ ਦੇ ਸਰੀਰਾਂ ਉੱਤੇ ਕੀ ਬੀਤਦੀ ਹੈ? ਬਹੁਤੀ ਵਾਰ ਪਸ਼ੂਆਂ ਵਾਂਗ ਕੰਮ ਕਰਦੇ ਇਨ੍ਹਾਂ ਬੰਦਿਆਂ ਨੂੰ ਸਮਾਜ ਵਿੱਚ ਪਸ਼ੂ ਹੀ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਬਾਰੇ ਜਾਣਨ/ਸਮਝਣ ਅਤੇ ਫਿਕਰ ਕਰਨ ਦਾ ਕੋਈ ਅਰਥ ਨਹੀਂ ਸਮਝਿਆ ਜਾਂਦਾ।

ਸ਼ਾਇਦ ਤਾਂ ਹੀ ਪੰਜਾਬੀ ਸਾਹਿਤ ਵਿੱਚ ਇਸ ਤਰ੍ਹਾਂ ਦੇ ਬੰਦਿਆਂ ਦੀ ਕਹਾਣੀ ਬਹੁਤ ਘੱਟ ਪੇਸ਼ ਹੋਈ ਹੈ। ਹਿੰਦੀ ਦੇ ਮਸ਼ਹੂਰ ਨਾਵਲਕਾਰ ਜਗਦੀਸ਼ ਚੰਦਰ ਨੇ ਆਪਣੇ ਨਾਵਲ ‘ਨਰਕ ਕੁੰਡ ਵਿੱਚ ਵਾਸਾ’ ਵਿੱਚ ਇਹਨਾਂ ਬੰਦਿਆਂ ਦੀ ਜ਼ਿੰਦਗੀ ਬਾਰੇ ਇਕ ਕਾਂਡ ਲਿਖਿਆ ਹੈ। ਪੇਸ਼ ਹੈ ਪਸ਼ੂਆਂ ਵਾਂਗ ਕੰਮ ਕਰਦੇ ਇਨ੍ਹਾਂ ਬੰਦਿਆਂ ਦੇ ਦੁੱਖਾਂ, ਦਰਦਾਂ ਅਤੇ ਫਿਕਰਾਂ ਦੀ ਪਛਾਣ ਕਰਦਾ ਨਾਵਲ ‘ਨਰਕ ਕੁੰਡ ਵਿੱਚ ਵਾਸ’ ਦਾ ਇਹ ਕਾਂਡ।

ਇਸ ਨਾਵਲ ਦਾ ਪੰਜਾਬੀ ਅਨੁਵਾਦ ਕੈਨੇਡਾ ਰਹਿੰਦੀ ਜਗਦੀਸ਼ ਬਿਨਿੰਗ ਨੇ ਕੀਤਾ ਹੈ ਅਤੇ ਇਹ ਨਾਵਲ ਦਸਤਕ ਪ੍ਰਕਾਸ਼ਨ ਲੁਧਿਆਣਾ ਵਲੋਂ 2018 ਵਿੱਚ ਛਾਪਿਆ ਗਿਆ ਹੈ। (ਸੁਖਵੰਤ ਹੁੰਦਲ)

ਨਰਕਕੁੰਡ ਵਿੱਚ ਵਾਸਾ

ਜਗਦੀਸ਼ ਚੰਦਰ

(ਹਿੰਦੀ ਤੋਂ ਅਨੁਵਾਦ – ਜਗਦੀਸ਼ ਬਿਨਿੰਗ)

ਕਾਂਡ – ਛੇ

ਹਰ ਰੋਜ਼ ਦੀ ਤਰ੍ਹਾਂ ਕੰਮ ਦੀ ਭਾਲ ਵਿੱਚ, ਮਜ਼ਦੂਰ ਮੰਡੀ, ਬਰਫ ਕਾਰਖਾਨਾ ਤੇ ਗੁਦਾਮਾਂ ਦਾ ਫੇਰਾ ਲਾ ਕੇ ਕਾਲੀ ਸਿੱਧਾ ਫੈਂਟਨਗੰਜ ਮੰਡੀ ਵਿੱਚ ਆ ਗਿਆ। ਉਹ ਲੱਗ ਭੱਗ ਹਰ ਰੇੜ੍ਹੇ ਤੇ ਰੇੜ੍ਹੀ ਵਾਲ਼ੇ ਨੂੰ ਪਛਾਨਣ ਲੱਗ ਪਿਆ ਸੀ ਤੇ ਉਹ ਵੀ ਕਾਲੀ ਦੇ ਚਿਹਰੇ ਤੋਂ ਕਿਸੇ ਹੱਦ ਤੱਕ ਜਾਣੂ ਹੋ ਗਏ ਸਨ।
ਕਾਲੀ ਛੋਟੇ-ਛੋਟੇ ਕਦਮ ਪੁੱਟਦਾ ਮੰਡੀ ਵਿੱਚ ਘੁੰਮ ਰਿਹਾ ਸੀ। ਇੱਕ ਦੁਕਾਨ ਦੇ ਸਾਮ੍ਹਣੇ ਰੇੜ੍ਹੇ ਦੇ ਕੋਲ਼ ਬੈਠਾ ਆਦਮੀ ਬੇਚੈਨੀ ਨਾਲ਼æ ਪਾਸੇ ਮਾਰ ਰਿਹਾ ਸੀ। ਦੁਕਾਨ ਦੇ ਮੋਹਰੇ ਵੱਡੇ ਦਰਵਾਜ਼ੇ ਦੇ ਕੋਲ਼ ਲਦਾਈ ਲਈ ਕੁੱਝ ਬੋਰੀਆਂ, ਥੜੇ ‘ਤੇ ਲਕੜੀ ਦੀਆਂ ਬੰਦ ਪੇਟੀਆਂ ਰੱਖੀਆਂ ਸੀ। ਰੇੜ੍ਹੇ ਦੇ ਕੋਲ਼ ਬੈਠਾ ਪਾਂਡੀ ਇਸ ਸਮਾਨ ਵੱਲ ਦੇਖਦਾ ਤੇ ਘਬਰਾ ਕੇ ਪਾਸਾ ਬਦਲਦਾ ਹੋਇਆ ਦੁਕਾਨ ਵਲੋਂ ਅੱਖਾਂ ਫੇਰ ਲੈਂਦਾ।
“ਓਏ ਕਾਲੂ। ਇੱਥੇ ਬੈਠਾ ਕੀ ਕਰ ਰਿਹਾ ਆਂ। ਛਿੱਬੂ ਤੇ ਮਾਂਝਾ ਕਿੱਥੇ ਹਨ?” ਦੁਕਾਨ ਅੰਦਰ ਗੱਦੀ ਤੇ ਬੈਠੇ ਗੋਲ਼ ਟੋਪੀ ਵਾਲ਼ੇ ਲਾਲਾ ਕੁੰਦਨ ਲਾਲ ਨੇ ਉੱਛਲ ਕੇ ਖਾਲੀ ਰੇੜ੍ਹੇ ਵੱਲ ਦੇਖਦੇ ਹੋਏ ਉੱਚੀ ਅਵਾਜ਼ ਵਿੱਚ ਪੁੱਛਿਆ।
“ਸ਼ਾਹ ਜੀ, ਹੁਣੇ ਸਮਾਨ ਚੁੱਕਦੇ ਹਾਂ। ਛਿੱਬੂ, ਮਾਂਝੇ ਨੂੰ ਲੈਣ ਗਿਆ ਹੈ।” ਨਿਮਰਤਾ ਨਾਲ਼ ਜਵਾਬ ਦੇ ਕੇ ਕਾਲੂ ਰੇੜ੍ਹੇ ਦੇ ਉਹਲੇ ਨੂੰ ਹੋ ਗਿਆ।
ਲਾਲਾ ਕੁੰਦਨ ਲਾਲ ਤੇ ਕਾਲੂ ਦੀ ਗੱਲਬਾਤ ਸੁਣ ਕੇ ਕਾਲੀ ਦੇ ਮਨ ਵਿੱਚ ਆਸ ਦੀ ਹਲਕੀ ਜਿਹੀ ਕਿਰਨ ਜਾਗ ਉਠੀ। ਉਹ ਖਰਗੋਸ਼ ਦੀ ਭਾਲ ਵਿੱਚ ਘੁੰਮਦੇ ਹੋਏ ਸ਼ਿਕਾਰੀ ਕੁੱਤੇ ਦੀ ਤਰ੍ਹਾਂ ਜ਼ਮੀਨ ਨੂੰ ਸੁੰਘਦਾ ਹੋਇਆ ਦੁਕਾਨ ਅਤੇ ਰੇੜ੍ਹੇ ਦੁਆਲ਼ੇ ਗੇੜੇ ਕੱਢਣ ਲੱਗਾ।
ਦੁਕਾਨ ਦੇ ਬਾਹਰ ਮਾਲ ਦਾ ਢੇਰ ਹੋਰ ਵੀ ਉੱਚਾ ਹੁੰਦਾ ਜਾ ਰਿਹਾ ਸੀ ਅਤੇ ਲਾਲਾ ਕੁੰਦਨ ਲਾਲ ਸਮਾਨ ਚੁੱਕਣ ਲਈ ਕਾਲੂ ਨੂੰ ਤਿੰਨ ਵਾਰ ਚਿਤਾਵਣੀ ਦੇ ਚੁੱਕਾ ਸੀ। ਕਾਲੂ ਬਹੁਤ ਪਰੇਸ਼ਾਨ ਸੀ। ਉਹ ਬਹੁਤ ਬੇਚੈਨ ਹੋ ਗਿਆ ਤੇ ਛਿੱਬੂ ਦੀ ਭਾਲ ਵਿੱਚ ਮੰਡੀ ਦੇ ਪੂਰਬ ਵਾਲ਼ੇ ਗੇਟ ਵੱਲ ਚਲੇ ਗਿਆ।
ਛਿੱਬੂ ਨੂੰ ਬਜ਼ਾਰ ਵਿੱਚੋਂ ਮੰਡੀ ਦੇ ਵੱਡੇ ਦਰਵਾਜ਼ੇ ਵਿੱਚ ਆਉਂਦਿਆਂ ਦੇਖ ਕੇ ਕਾਲੂ ਦੀ ਜਾਨ ਵਿੱਚ ਜਾਨ ਆਈ। ਉਹ ਛਿੱਬੂ ਵੱਲ ਨੂੰ ਦੌੜਿਆ ਅਤੇ ਉਹਦੇ ਨੇੜੇ ਪਹੁੰਚਦਿਆਂ ਹੀ ਭੜਕ ਉੱਠਿਆ, ਕੀ ਤੂੰ ਪਿੰਡ ਨੂੰ ਚਲਾ ਗਿਆ ਸੀ ਜੋ ਐਨਾ ਚਿਰ ਲਾ ਦਿੱਤਾ? ਉੱਧਰ ਲਾਲਾ ਗੁੱਸੇ ਵਿੱਚ ਫੁੰਕਾਰੇ ਮਾਰ ਰਿਹਾ ਹੈ।”
ਫਿਰ ਉਸ ਨੇ ਛਿੱਬੂ ਵੱਲ ਧਿਆਨ ਨਾਲ਼ ਦੇਖਿਆ ਤੇ ਉਸ ਦੇ ਅੱਗੇ-ਪਿੱਛੇ ਅਤੇ ਸੱਜੇ-ਖੱਬੇ ਨਿਗਾਹ ਮਾਰੀ ਅਤੇ ਹੱਥ ਉੱਪਰ ਚੁੱਕ ਕੇ ਬਹੁਤ ਗੁੱਸੇ ਨਾਲ਼ ਪੁੱਛਿਆ, “ਮਾਂਝਾ ਕਿੱਥੇ ਹੈ?”
“ਮਾਂਝੇ ਦਾ ਜੀਅ ਠੀਕ ਨਹੀਂ ਹੈ।” ਛਿੱਬੂ ਨੇ ਕਾਲੂ ਦਾ ਗੁੱਸਾ ਤਾੜ ਕੇ ਉਹਨੂੰ ਠੰਡਾ ਕਰਨ ਲਈ ਚਿੰਤਾ ਜਿਹੀ ਜ਼ਾਹਿਰ ਕੀਤੀ, “ਉਹ ਬਹੁਤ ਬਿਮਾਰ ਹੈ।”
“ਕੀ ਹੋ ਗਿਆ ਉਹਨੂੰ?” ਕਾਲੂ ਆਪਣਾ ਗੁੱਸਾ ਭੁੱਲ ਕੇ ਬਹੁਤ ਹੀ ਫਿਕਰਮੰਦ ਹੋ ਗਿਆ।
“ਖੂਨ ਦੇ ਦਸਤ ਲੱਗੇ ਹਨ। ਨਾਲ਼ ਤਾਪ ਵੀ ਹੈ। ਹੱਥ ਵਿੱਚੋਂ ਪਾਣੀ ਦਾ ਡੱਬਾ ਕਹਿ ਥੱਲੇ ਰੱਖਦਾ ਆ ਉਦੋਂ ਹੀ ਫੇਰ ਚੁੱਕ ਲੈਂਦਾ ਹੈ। ਮੇਰੇ ਜਾਣ ਤੱਕ ਦਸ-ਪੰਦਰਾਂ ਵਾਰ ਜਾ ਚੁੱਕਿਆ ਸੀ ਅਤੇ ਅੱਧਾ ਘੜਾ ਪਾਣੀ ਦਾ ਪੀ ਹਟਿਆ ਸੀ। ਚਿਹਰੇ ਦਾ ਰੰਗ ਹਲਦੀ ਵਰਗਾ ਹੋ ਗਿਆ ਹੈ।”
“ਸਵੇਰੇ ਤਾਂ ਚੰਗਾ-ਭਲਾ ਸੀ। ਜਦ ਮੈਂ ਕਮਰੇ ਵਿੱਚੋਂ ਨਿਕਲਿਆਂ ਤਾਂ ਉਹ ਤਿਆਰ ਹੋ ਰਿਹਾ ਸੀ।” ਕਾਲੂ ਹੈਰਾਨ ਹੋਇਆ ਪਿਆ ਸੀ।
“ਤੇਰੇ ਆਉਣ ਦੇ ਬਾਅਦ ਅਸੀਂ ਕੱਠੇ ਕਮਰੇ ਚੋਂ ਨਿਕਲੇ ਪਰ ਉਹ ਢਿੱਡ ਨੂੰ ਘੁੱਟਦਾ ਹੋਇਆ ਪਿੱਛੇ ਮੁੜ ਗਿਆ। ਕਹਿਣ ਲੱਗਾ ਤੁਸੀਂ ਚੱਲੋ, ਮੈਂ ਹੁਣੇ ਆਉਂਦਾ ਹਾਂ।” ਛਿੱਬੂ ਨੇ ਹੱਥ ਝਟਕਿਆ। “ਹੁਣ ਜਾ ਕੇ ਦੇਖਿਆ ਤਾਂ ਉਹਦਾ ਬੁਰਾ ਹਾਲ ਸੀ।”
ਛਿੱਬੂ ਦੀ ਗੱਲ ਸੁਣ ਕੇ ਕਾਲੂ ਖਮੋਸ਼ ਹੋ ਗਿਆ ਤੇ ਚਿੰਤਾ ਵਿੱਚ ਡੁੱਬਿਆ ਹੋਇਆ ਨੱਕ ਖੁਰਕਣ ਲੱਗਾ। “ਕੋਈ ਦਵਾ-ਦਾਰੂ ਦਿੱਤਾ ਉਹਨੂੰ?”
“ਗੁਣਗੁਣੇ ਹਕੀਮ ਨੂੰ ਦਿਖਾਇਆ ਹੈ। ਤੈਨੂੰ ਤਾਂ ਪਤਾ ਹੀ ਹੈ ਕਿ ਉੱਥੇ ਬਿਮਾਰਾਂ ਦੀ ਕਿੰਨੀ ਭੀੜ ਹੁੰਦੀ ਹੈ।”
” ਕੀ ਕਿਹਾ ਹਕੀਮ ਨੇ?”
“ਨਬਜ਼ ਦੇਖ ਕੇ ਦੱਸਿਆ ਕਿ ਗਰਮੀ ਹੋ ਗਈ ਹੈ। ਖਾਣ ਲਈ ਪੁੜੀਆਂ ਅਤੇ ਪੀਣ ਲਈ ਸ਼ਰਬਤ ਦਿੱਤਾ ਹੈ। ਭੁੱਖ ਲੱਗੇ ਤਾਂ ਦਹੀਂ-ਖਿਚੜੀ ਖਾਣ ਨੂੰ ਕਿਹਾ ਹੈ।”
“ਹੂੰ।” ਕਾਲੂ ਸਿਰ ਹਿਲਾਉਂਦਾ ਬਹੁਤ ਡੂੰਘੀ ਸੋਚ ਵਿੱਚ ਡੁੱਬ ਗਿਆ। ਫਿਰ ਛਿੱਬੂ ਵੱਲ ਦੇਖ ਕੇ ਬੋਲਿਆ, “ਹੁਣ ਸਮਾਨ ਕਿੱਦਾਂ ਢੋਵਾਂਗੇ? ਲਾਲੇ ਨੇ ਤਾਂ ਦਰਵਾਜ਼ੇ ਦੇ ਬਾਹਰ ਧਾਂਕਾਂ ਲਾ ਦਿੱਤੀਆਂ ਹਨ। ਦੁਕਾਨ ਵਿੱਚ ਆਉਣ-ਜਾਣ ਦਾ ਰਾਹ ਰੁਕ ਗਿਆ ਹੈ। ਤਿੰਨਾਂ ਆਦਮੀਆਂ ਦਾ ਕੰਮ ਦੋਏ ਜਣੇ ਕਿੱਦਾਂ ਕਰਾਂਗੇ ?”
“ਚਲੋ ਦੇਖਦੇ ਹਾਂ। ਕੁਸ਼ ਨਾ ਕੁੱਸ਼ ਤਾਂ ਕਰਨਾ ਹੀ ਪੈਣਾ ਹੈ। ਕਿਸੇ ਪੱਲੇਦਾਰ ਦੀ ਮਿੰਨਤ ਕਰਦੇ ਹਾਂ। ਕੰਮ ਤਾਂ ਕਰਾਉਣਾ ਹੀ ਪੈਣਾ ਹੈ।” ਕਾਲੂ ਦਾ ਹੱਥ ਫੜ੍ਹ ਕੇ ਛਿੱਬੂ ਰੇੜ੍ਹੇ ਵੱਲ ਨੂੰ ਤੁਰ ਪਿਆ।
“ਆਪਣੀ ਦੁਕਾਨ ਅਤੇ ਕੰਮ ਛੱਡ ਕੇ ਸਾਡੀ ਮਦਦ ਕੋਈ ਕਿਉਂ ਕਰੇਗਾ?” ਕਾਲੂ ਨੇ ਛਿੱਬੂ ਦੇ ਨਾਲ਼æ-ਨਾਲ਼æ ਤੁਰਦਿਆਂ ਸ਼ੰਕਾ ਜ਼ਾਹਿਰ ਕੀਤੀ। “ਕੁਸ਼ ਤਾਂ ਕਰਨਾ ਹੀ ਪੈਣਾ। ਦੁਕਾਨ ਹੱਥੋਂ ਨਿਕਲ ਗਈ ਤਾਂ ਮੰਡੀ ਵਿੱਚੋਂ ਉਖੜ ਜਾਵਾਂਗੇ। ਬਾਹਰ ਤਾਂ ਲੋਕਾਂ ਦੇ ਝੋਟੇ ਵੀ ਹੱਕਣ ਨੂੰ ਨਹੀਂ ਮਿਲਣੇ।” ਛਿੱਬੂ ਬਹੁਤ ਫਿਕਰਮੰਦ ਹੋ ਗਿਆ ਸੀ।
ਜਦ ਉਹ ਦੁਕਾਨ ਦੇ ਕੋਲ਼ ਪਹੁੰਚੇ ਤਾਂ ਲਾਲਾ ਕੁੰਦਨ ਲਾਲ ਨੇ ਧਮਕੀ ਦਿੱਤੀ, ਸਮਾਨ ਚੁੱਕਣਾ ਹੈ ਜਾਂ ਹੋਰ ਰੇੜ੍ਹਾ ਮੰਗਾਵਾਂ?”
“ਸ਼ਾਹ ਜੀ, ਹੁਣੇ ਚੱਕਦੇ ਹਾਂ। ਬਸ ਦੋ ਮਿੰਟਾਂ ਵਿੱਚ।” ਛਿੱਬੂ ਨੇ ਹੱਥ ਜੋੜੇ ਅਤੇ ਮੋਢਿਆਂ ਉੱਤੇ ਰੱਖੇ ਸਾਫੇ ਨੂੰ ਠੀਕ ਕੀਤਾ। ਫਿਰ ਸਿਰ ਦਾ ਸਾਫਾ ਕੱਸ ਕੇ ਬੰਨ੍ਹਿਆਂ ਅਤੇ ਦੁਕਾਨ ਦੇ ਬਾਹਰ ਪਏ ਸਮਾਨ ਨੂੰ ਅੱਖਾਂ ਹੀ ਅੱਖਾਂ ਵਿੱਚ ਤੋਲਣ ਲੱਗਾ।
“ਸ਼ਾਹ ਜੀ, ਕਿੱਥੇ ਦਾ ਮਾਲ ਹੈ?” ਛਿੱਬੂ ਨੇ ਪੁੱਛਿਆ।
“ਰੌਣਕ ਬਜ਼ਾਰ ਦਾ। …ਜਦੋਂ ਇਹ ਹੋ ਗਿਆ ਤਾਂ ਮੁੜ ਕੇ ਭੈਰੋਂ ਬਜ਼ਾਰ ਤੇ ਅਟਾਰੀ ਬਜ਼ਾਰ ਦਾ ਮਾਲ ਲਿਜਾਣਾ ਹੈ। ਛੇਤੀ ਕਰੋ। ਮੁਨੀਮ ਤੋਂ ਪਰਚੇ ਲੈ ਲਵੋ।”
“ਕਿਵੇਂ ਚੱਕਾਂਗੇ। ਤਿੰਨਾਂ ਆਦਮੀਆਂ ਦਾ ਕੰਮ ਦੋ ਜਣੇ ਕਿਸ ਤਰ੍ਹਾਂ ਕਰਾਂਗੇ? ਜ਼ਿਆਦਾ ਮਿਹਨਤ ਕਰਨ ਨਾਲ਼æ ਕਿੱਥੇ ਆਪਾਂ ਨੂੰ ਵੀ ਖੂਨ ਦੇ ਦਸਤ ਨਾ ਲੱਗ ਜਾਣ।” ਕਾਲੂ ਨੇ ਸਹਿਮੀ ਹੋਈ ਅਵਾਜ਼ ਵਿੱਚ ਕਿਹਾ।
“ਕਾਲੂ, ਤੂੰ ਮੁਨੀਮ ਤੋਂ ਪਰਚਾ ਲੈ ਕੇ ਹਰ ਇੱਕ ਦੁਕਾਨ ਦੇ ਮਾਲ ਦਾ ਵੱਖਰਾ-ਵੱਖਰਾ ਹਿਸਾਬ ਕਰ ਲਾ। ਜਦ ਤੱਕ ਮੈਂ ਕਿਸੇ ਹੋਰ ਆਦਮੀ ਦਾ ਬੰਦੋਬਸਤ ਕਰਦਾ ਹਾਂ,” ਛਿੱਬੂ ਰੇੜ੍ਹਿਆਂ ਵੱਲ ਨੂੰ ਚਲੇ ਗਿਆ।
ਛਿੱਬੂ ਤੇ ਕਾਲੂ ਦੀ ਗੱਲਬਾਤ ਕਾਲੀ ਨੇ ਵੀ ਸੁਣ ਲਈ ਅਤੇ ਬਹੁਤ ਹੱਦ ਤੱਕ ਉਨ੍ਹਾਂ ਦੀ ਸਮੱਸਿਆ ਉਹਦੀ ਸਮਝ ਵਿੱਚ ਆ ਗਈ ਸੀ। ਪਰ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਉਨ੍ਹਾਂ ਨਾਲ਼æ ਗੱਲ ਕਿਵੇਂ ਕਰੇ ਕਿ ਉਹ ਕੰਮ ਕਰਨ ਲਈ ਤਿਆਰ ਹੈ।
ਕਾਲੂ ਨੂੰ ਆਪਣੇ ਕੰਮ ਵਿੱਚ ਰੁੱਝਿਆ ਅਤੇ ਛਿੱਬੂ ਨੂੰ ਤਾਂਗਿਆਂ ਦੇ ਪਿੱਛੇ ਹੁੰਦਿਆਂ ਦੇਖ ਕੇ ਕਾਲੀ ਹੌਲ਼ੀ ਜਿਹੇ ਉਨ੍ਹਾਂ ਦੇ ਰੇੜ੍ਹੇ ਦੇ ਨੇੜੇ ਆ ਕੇ ਖੜ੍ਹਾ ਹੋ ਗਿਆ। ਉਸ ਨੇ ਪਹੀਏ ਨੂੰ ਕੱਸ ਕੇ ਫੜ ਲਿਆ ਤੇ ਦਿਲ ਦੀ ਧੜਕਣ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ ਹੋਇਆ ਇੱਧਰ-ਉੱਧਰ ਦੇਖਣ ਲੱਗਾ।
ਕਾਲੀ ਆਪਣੇ ਮੋਢੇ ‘ਤੇ ਇੱਕ ਮਜ਼ਬੂਤ ਹੱਥ ਨੂੰ ਮਹਿਸੂਸ ਕਰਦਿਆਂ ਹੀ ਡਰ ਗਿਆ ਅਤੇ ਘਬਰਾ ਕੇ ਗਰਦਣ ਪਿੱਛੇ ਘੁਮਾ ਲਈ।
“ਪਹਿਲਵਾਨ, ਕੀ ਗੱਲ ਹੈ? ਰੇੜ੍ਹੇ ਦਾ ਪਹੀਆ ਫੜ ਕੇ ਖੜ੍ਹਾ ਆਂ?” ਛਿੱਬੂ ਨੇ ਕਾਲੀ ਦੇ ਡੀਲ-ਡੋਲ ਨੂੰ ਭਾਂਪਦਿਆਂ ਥੋੜ੍ਹਾ ਰੋਹਬ ਨਾਲ਼æ ਪੁੱਛਿਆ।
“ਤੁਹਾਡੀ ਹੀ ਰਾਹ ਦੇਖ ਰਿਹਾ ਸੀ।” ਕਾਲੀ ਨੇ ਝਿਜਕਦਿਆਂ ਹੱਥ ਜੋੜੇ।
“ਕਿਉਂ, ਕੀ ਗੱਲ ਹੈ?” ਛਿੱਬੂ ਕਾਲੀ ਦੇ ਸਰੀਰ ਨੂੰ ਵੀ ਘੋਖਵੀਆਂ ਨਜ਼ਰਾਂ ਨਾਲ਼æ ਦੇਖਦਾ ਰਿਹਾ।
ਕਾਲੀ ਨੂੰ ਇਕਦਮ ਕੋਈ ਜਵਾਬ ਨਾ ਸੁੱਝਿਆ ਤੇ ਖਾਲੀ ਨਜ਼ਰਾਂ ਨਾਲ਼æ ਛਿੱਬੂ ਵੱਲ ਦੇਖਦਾ ਰਿਹਾ।
“ਕਿਉਂ, ਰੇੜ੍ਹਾ ਚੋਰੀ ਕਰਨ ਦਾ ਇਰਾਦਾ ਸੀ?” ਛਿੱਬੂ ਨੇ ਕਾਲੀ ਦਾ ਗੁੱਟ ਘੁੱਟ ਕੇ ਫੜ੍ਹ ਲਿਆ।
“ਨਹੀਂ ਮਾਲਕੋ।” ਛਿੱਬੂ ਦੇ ਗੋਡਿਆਂ ਨੂੰ ਹੱਥ ਲਾਉਂਦਿਆਂ ਕਾਲੀ ਨੇ ਬਹੁਤ ਹੀ ਨਰਮ ਅਵਾਜ਼ ਵਿੱਚ ਕਿਹਾ, “ਮੈਂ ਤਾਂ ਖੁਦ ਲੁੱਟਿਆਂ-ਪੁੱਟਿਆਂ ਹਾਂ। ਹੋਰ ਕਿਸੇ ਨੂੰ ਕੀ ਲੁੱਟੂੰਗਾ। …
“ਮੈਂ ਤਾਂ ਕੰਮ ਦੀ ਭਾਲ ਵਿੱਚ ਭਟਕ ਰਿਹਾ ਹਾਂ। ਤੁਹਾਡੀ ਦੋਹਾਂ ਦੀ ਗੱਲਬਾਤ ਸੁਣ ਕੇ ਮੈਨੂੰ ਲੱਗਾ ਕਿ ਤੁਹਾਨੂੰ ਤੀਸਰੇ ਆਦਮੀ ਦੀ ਲੋੜ ਹੈ। ਇਸ ਲਈ ਰੇੜ੍ਹੇ ਦੇ ਕੋਲ਼ ਆ ਕੇ ਖੜ੍ਹਾ ਹੋ ਗਿਆ ਸੀ।” ਕਾਲੀ ਨੇ ਫਿਰ ਹੱਥ ਜੋੜ ਦਿੱਤੇ।
ਛਿੱਬੂ ਨੇ ਤੁਰੰਤ ਕੋਈ ਦਿਲਚਸਪੀ ਨਾ ਦਿਖਾਈ। ਉਹ ਤਿੱਖੀ ਨਜ਼ਰ ਨਾਲ਼æ ਕਾਲੀ ਨੂੰ ਸਿਰ ਤੋਂ ਪੈਰਾਂ ਤੱਕ ਤਾੜਦਾ ਰਿਹਾ। ਉਹ ਆਪਣਾ ਸਿਰ ਉੱਤੇ ਥੱਲੇ ਹਿਲਾਉਂਦਾ ਰਿਹਾ ਜਿਵੇਂ ਮੂੰਹ ਜੁæਬਾਨੀ ਹਿਸਾਬ ਕਰ ਰਿਹਾ ਹੋਵੇ। ਫਿਰ ਉਸਨੇ ਆਪਣੀਆਂ ਅੱਖਾਂ ਉੱਪਰ ਚੁੱਕ ਕਰਕੇ ਕਾਲੀ ਵੱਲ ਦੇਖਿਆ,”ਕੰਮ-ਧੰਦੇ ਦੀ ਭਾਲ ਵਿੱਚ ਸ਼ਹਿਰ ਆਇਆਂ?”
“ਹਾਂ ਜੀ।” ਕਾਲੀ ਨੇ ਹੱਥ ਮਲਦਿਆਂ ਸਿਰ ਹਿਲਾਇਆ।
“ਕਿਹੜਾ ਪਿੰਡ ਹੈ ਤੇਰਾ?”
“ਪਿੰਡ-ਘਰ ਤਾਂ ਸਭ ਜਾਂਦਾ ਲੱਗਾ। ਜਦ ਘਰ ਵਾਲ਼ੇ ਹੀ ਨਹੀਂ ਰਹੇ ਤਾਂ ਪਿੰਡ-ਘਰ ਕਿਹੜਾ ਰਹਿ ਗਿਆ।” ਕਾਲੀ ਬਹੁਤ ਉਦਾਸ ਹੋ ਗਿਆ।
ਛਿੱਬੂ ਇੱਕ ਵਾਰ ਫਿਰ ਸੋਚ ਵਿੱਚ ਡੁੱਬ ਗਿਆ ਜਿਵੇਂ ਕੋਈ ਭੁੱਲੀ ਵਿਸਰੀ ਗੱਲ ਯਾਦ ਆ ਗਈ ਹੋਵੇ। ਉਹਨੇ ਕਾਲੀ ਵੱਲ ਧਿਆਨ ਨਾਲ਼æ ਦੇਖਦਿਆਂ ਪੁੱਛਿਆ, “ਕਿਤੇ ਤਾਂ ਘਰ-ਬਾਰ ਹੋਵੇਗਾ। ਤੇਰਾ ਘਰ Aੁੱਜੜ ਗਿਆ ਹੋਊ। ਪਿੰਡ ਤਾਂ ਆਪਣੀ ਥਾਂ ਅਬਾਦ ਹੋਵੇਗਾ?”
“ਮੇਰੇ ਲਈ ਤਾਂ ਘਰ ਦੇ ਨਾਲ਼-ਨਾਲ਼ ਪਿੰਡ ਵੀ ਉੱਜੜ ਗਿਆ ਹੈ। ਉਹ ਪਿੰਡ ਮੇਰੇ ਲਈ ਕਿਸ ਤਰ੍ਹਾਂ ਅਬਾਦ ਰਹੇਗਾ ਜਿੱਥੇ ਮੈਂ ਮੁੜ ਕੇ ਨਹੀਂ ਜਾ ਸਕਦਾ।”
“ਇੱਥੇ ਕਿੱਥੇ ਰਹਿੰਦਾ ਹੈਂ?”
“ਕਿਤੇ ਵੀ ਨਹੀਂ। ਕੋਈ ਪੱਕਾ ਟਿਕਾਣਾ ਨਹੀਂ ਹੈ। ਜਿਥੇ ਥਾਂ ਮਿਲ ਗਿਆ ਰਾਤ ਕੱਟ ਲੈਂਦਾ ਹਾਂ।”
“ਦੇਖ ਪਹਿਲਵਾਨ, ਜੜ੍ਹ ਤੋਂ ਉਖੜਿਆ ਦਰੱਖਤ ਛੇਤੀ ਸੁੱਕ ਜਾਂਦਾ ਹੈ। ਘਰ-ਘਾਟ ਤੋਂ ਵਿਛੜਿਆ ਆਦਮੀ ਵੀ ਛੇਤੀ ਆਪਣਾ ਆਪ ਗੁਆ ਬੈਠਦਾ ਹੈ। ਮਰ-ਖੱਪ ਜਾਂਦਾ ਹੈ। ਪਸ਼ੂ ਦੀ ਕਿੱਲੇ ਦੇ ਬਿਨਾਂ ਅਤੇ ਆਦਮੀ ਦੀ ਘਰ-ਪਿੰਡ ਦੇ ਬਿਨਾਂ ਕੋਈ ਪਛਾਣ ਨਹੀਂ ਹੈ।” ਛਿੱਬੂ ਨੇ ਸਮਝਾਇਆ ਤੇ ਫਿਰ ਉਸ ਨੂੰ ਦਿਲਾਸਾ ਦਿੱਤਾ, “ਆਪਾਂ ਤਾਂ ਪਸ਼ੂਆਂ ਦਾ ਕੰਮ ਕਰਦੇ ਹਾਂ। ਭਾਰ ਢੋਂਦੇ ਹਾਂ। ਅਗਰ ਇਹ ਕੰਮ ਕਰ ਸਕਦਾ ਹੈਂ ਤਾਂ ਦੋ-ਚਾਰ ਦਿਨਾਂ ਲਈ ਸੋਚਿਆ ਜਾ ਸਕਦਾ ਹੈ।”
“ਸਾਰੀ ਉਮਰ ਇਹ ਹੀ ਕੰਮ ਕੀਤਾ ਹੈ।”
ਛਿੱਬੂ ਫੇਰ ਡੂੰਘੀ ਸੋਚ ਵਿੱਚ ਡੁੱਬ ਗਿਆ। ਉਹ ਕਾਲੀ ਵੱਲ ਘੜੀ-ਘੜੀ ਦੇਖਦਾ ਜਿਵੇਂ ਆਪਣੇ ਮਨ ਵਿੱਚ ਉਹਦੇ ਬਾਰੇ ਉਠੀਆਂ ਸ਼ੱਕਾਂ ਤੋਂ ਆਪਣੇ ਆਪ ਨੂੰ ਸੁਰਖਰੂ ਕਰ ਰਿਹਾ ਹੋਵੇ। “ਬੇਅਸੂਲੇ ਤੇ ਬੇਘਰ ਆਦਮੀ ਤੇ ਭਰੋਸਾ ਕਰਨ ਵਾਲ਼ਾ ਅਕਸਰ ਧੋਖਾ ਖਾ ਜਾਂਦਾ ਹੈ ਕਿਉਂਕਿ ਜੇ ਕੋਈ ਊਚ-ਨੀਚ ਹੋ ਜਾਵੇ ਤਾਂ ਉਹਨੂੰ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਇਹੋ ਜਿਹੇ ਆਦਮੀ ਨੂੰ ਨਾਲ਼æ ਰਲਾਉਣ ਦਾ ਕੀ ਫਾਇਦਾ ਜਿਸ ਤੇ ਨਜ਼ਰ ਰੱਖਣ ਲਈ ਇੱਕ ਹੋਰ ਬੰਦਾ ਰੱਖਣਾ ਪਵੇ। …ਖੈਰ, ਇਸ ਸਮੇਂ ਤੂੰ ਵੀ ਗਰਜ਼ਮੰਦ ਹੈਂ ਤੇ ਅਸੀਂ ਵੀ ਲੋੜਵੰਦ ਹਾਂ। ਰੇੜ੍ਹੇ ਲਈ ਬੀਂਡੀ ਦਾ ਕੰਮ ਕਦੀ ਕੀਤਾ ਹੈ?”
“ਨਹੀਂ, ਪਰ ਸਿੱਖ ਜਾਊਗਾ। ਵੈਸੇ ਪਿੰਡ ਵਿੱਚ ਤਾਂ ਬੀਂਡੀ ਬਲਦ ਜਾਂ ਝੋਟੇ ਨੂੰ ਜੋੜਿਆ ਜਾਂਦਾ ਹੈ।” ਕਾਲੀ ਨੇ ਦੱਸਿਆ।
“ਮੈਂ ਕਿਹਾ ਤਾਂ ਹੈ ਕਿ ਸ਼ਹਿਰਾਂ ਵਿੱਚ ਪਸ਼ੂਆਂ ਦੇ ਕਈ ਕੰਮ ਆਦਮੀਆ ਨੂੰ ਹੀ ਕਰਨੇ ਪੈਂਦੇ ਹਨ। ਜਦ ਆਦਮੀ ਰੇੜ੍ਹੇ ਖਿੱਚਦੇ ਹਨ ਤਾਂ ਬੀਂਡੀ ਵੀ ਉਹ ਹੀ ਲੱਗਣਗੇ।” ਛਿੱਬੂ ਨੇ ਸਮਝਾਇਆ।
“ਬੀਂਡੀ ਲੱਗ ਜਾਊਂਗਾ।” ਕਾਲੀ ਨੇ ਭਰੋਸਾ ਦੁਆਇਆ ਤੇ ਰੇੜ੍ਹੇ ਦੇ ਪਹੀਏ ਨੂੰ ਫੇਰ ਘੁੱਟ ਕੇ ਫੜ ਲਿਆ।
ਛਿੱਬੂ ਅੱਖਾਂ ਤੇ ਖੱਬੇ ਹੱਥ ਨਾਲ਼æ ਛਾਂ ਕਰਕੇ ਕਾਲੀ ਦੀਆਂ ਅੱਖਾਂ ਵਿੱਚ ਝਾਕਣ ਲੱਗਾ, “ਪਹਿਲਵਾਨ ਤੇਰਾ ਨਾਂ ਕੀ ਹੈ?”
“ਕਾਲੀ”
“ਮੇਰਾ ਨਾਂ ਛਿੱਬੂ ਹੈ ਅਤੇ ਮੇਰੇ ਦੂਜੇ ਸਾਥੀ ਦਾ ਨਾਂ ਕਾਲੂ। ਤੀਸਰਾ ਸਾਥੀ ਮਾਂਝਾ ਹੈ। ਉਹ ਬਿਮਾਰ ਹੈ। ਉਹਦੀ ਥਾਂ ਤੈਨੂੰ ਆਪਣੇ ਨਾਲ਼æ ਰੇੜ੍ਹੇ ‘ਤੇ ਮਾਲ ਢੋਣ ਦੇ ਕੰਮ ‘ਤੇ ਲਾ ਲੈਂਦੇ ਹਾਂ।” ਛਿੱਬੂ ਨੇ ਗੱਲ ਜਾਰੀ ਰੱਖੀ, “ਜਦ ਤੱਕ ਮਾਂਝਾ ਠੀਕ ਨਹੀਂ ਹੁੰਦਾ, ਤੂੰ ਸਾਡੇ ਨਾਲ਼æ ਕੰਮ ਕਰੇਂਗਾ। ਉਹਦੇ ਠੀਕ ਹੋਣ ਨੂੰ ਦੋ-ਚਾਰ ਦਿਨ ਤਾਂ ਲੱਗ ਹੀ ਜਾਣੇ ਹਨ। ਬਿਮਾਰੀ ਨਾਲ਼æ ਕਮਜ਼ੋਰੀ ਵੀ ਹੋਵੇਗੀ। ਉਹਦੇ ਕਰਕੇ ਹੋਰ ਵੀ ਦੋ-ਚਾਰ ਦਿਨ ਲੱਗ ਸਕਦੇ ਹਨ। ਮਾਂਝੇ ਦੇ ਠੀਕ ਹੋਣ ਪਿਛੋਂ ਤੇਰੇ ਲਈ ਸਾਡੇ ਕੋਲ਼ ਕੰਮ ਨਹੀਂ ਹੋਣਾ।”
“ਠੀਕ ਹੈ।” ਕਾਲੀ ਸੰਤੁਸ਼ਟ ਸੀ ਜਿਵੇਂ ਚਾਰ-ਪੰਜ ਦਿਨਾਂ ਦਾ ਸਮਾਂ ਸਾਲ ਦੇ ਬਰਾਬਰ ਹੋਵੇ।
“ਬਾਕੀ ਸਾਡਾ ਲਾਲੇ ਨਾਲ਼ ਠੇਕਾ ਹੈ। ਮਾਂਝੇ ਨੂੰ ਕੰਮ ਕਰਨ ਦਾ ਸਵਾ ਰੁਪਇਆ ਮਿਲਦਾ ਹੈ। ਕਿਉਂਕਿ ਤੂੰ ਉਹਦੀ ਥਾਂ ਕੰਮ ਕਰੇਂਗਾ ਇਸ ਲਈ ਅੱਧੀ ਦਿਹਾੜੀ ਉਹਨੂੰ ਤੇ ਅੱਧੀ ਦਿਹਾੜੀ ਤੈਨੂੰ ਮਿਲੂਗੀ। ਉਹ ਬਿਮਾਰ ਹੈ। ਰੋਟੀ ਨਹੀਂ ਖਾਊਗਾ ਪਰ ਦਵਾ-ਦਾਰੂ ਦਾ ਖਰਚਾ ਤਾਂ ਹੈ। …ਬੋਲ, ਸੌਦਾ ਮਨਜ਼ੂਰ ਹੈ?”
“ਸਤ ਬਚਨ ਮਾਲਕੋ।” ਕਾਲੀ ਨੇ ਹੱਥ ਜੋੜ ਦਿੱਤੇ।
“ਤੂੰ ਇੱਥੇ ਠਹਿਰ। ਮੈਂ ਆਪਣੇ ਸਾਥੀ ਨਾਲ਼ ਵੀ ਗੱਲ ਕਰ ਲਵਾਂ।” ਛਿੱਬੂ ਦੁਕਾਨ ਵੱਲ ਚਲਾ ਗਿਆ ਜਿਥੇ ਕਾਲੂ ਮਾਲ ਦਾ ਹਿਸਾਬ ਲਾ ਰਿਹਾ ਸੀ।
ਕਾਲੀ ਧੜਕਦੇ ਦਿਲ ਅਤੇ ਆਸ਼ਾ-ਨਿਰਾਸ਼ਾ ਵਿੱਚ ਡੁੱਬਿਆ ਹੋਇਆ ਛਿੱਬੂ ਦੀ ਉਡੀਕ ਕਰਨ ਲੱਗਾ। ਉਹਦੇ ਮੱਥੇ ਅਤੇ ਪੈਰਾਂ ਦੀਆਂ ਤਲੀਆਂ ‘ਤੇ ਮੁੜ੍ਹਕਾ ਆ ਗਿਆ ਤੇ ਉਹ ਔਖੇ-ਔਖੇ ਸਾਹ ਲੈਣ ਲੱਗਾ। ਛਿੱਬੂ ਉਹਦੇ ਨੇੜੇ ਪਹੁੰਚਾ ਤਾਂ ਕਾਲੀ ਉਹਦੀ ਵੱਲ ਖੁੱਲੇ ਮੂੰਹ ਦੇਖਣ ਲੱਗਾ ਅਤੇ ਉਹਦੀਆਂ ਅੱਖਾਂ ਮੋਹਰੇ ਧੁੱਪ ਨਾਲ਼æ ਕਈ ਤਰ੍ਹਾਂ ਦੇ ਰੰਗ ਜਿਹੇ ਘੁੰਮਣ ਲੱਗੇ।
“ਪਹਿਲਵਾਨ, ਚੱਲ ਲੱਗ ਬੀਂਡੀ।” ਛਿੱਬੂ ਨੇ ਕਾਲੀ ਦਾ ਮੋਢਾ ਥਪਥਪਾਇਆ।
“ਲਗਦਾ ਹਾਂ।” ਕਾਲੀ ਲੰਬਾ ਜਿਹਾ ਸਾਹ ਲੈ ਕੇ ਮੱਥੇ ਤੋਂ ਮੁੜ੍ਹਕਾ ਪੂੰਝਣ ਲੱਗਾ।
ਛਿੱਬੂ ਅਤੇ ਕਾਲੀ ਰੇੜ੍ਹੇ ਨੂੰ ਦੁਕਾਨ ਦੇ ਸਾਹਮਣੇ ਲੈ ਆਏ ਤੇ ਆਉਣ-ਜਾਣ ਲਈ ਰਸਤਾ ਛੱਡ ਕੇ ਰੇੜ੍ਹਾ ਖੜ੍ਹਾ ਕਰ ਲਿਆ।
ਮੁਨੀਮ ਜਵਾਲ਼ਾ ਰਾਮ ਨੇ ਕਾਲੀ ਵੱਲ ਧਿਆਨ ਨਾਲ਼ ਦੇਖ ਕੇ ਤੇ ਉਹਦੀ ਵੱਲ ਇਸ਼ਾਰਾ ਕਰਦੇ ਹੋਏ ਉੱਚੀ ਅਵਾਜ਼ ਵਿੱਚ ਪੁੱਛਿਆ, “ਉਏ ਕਾਲੂ! ਇਹ ਕੌਣ ਹੈ? ਪਹਿਲਾਂ ਤਾ ਇਹਨੂੰ ਕਦੇ ਦੇਖਿਆ ਨਹੀਂ।”
“ਮੁਨੀਮ ਜੀ, ਆਪਣਾ ਹੀ ਆਦਮੀ ਹੈ। ਮਾਂਝਾ ਬਿਮਾਰ ਹੋ ਗਿਆ ਹੈ। ਉਹਦੀ ਥਾਂ ਇਹ ਕੰਮ ਕਰੇਗਾ।”
“ਲਾਲਾ ਜੀ ਤੋਂ ਪੁੱਛ ਲਉ। ਸਂੈਕੜੇ ਰੁਪਇਆਂ ਦਾ ਮਾਲ ਕਿਸੇ ਉਪਰੇ ਦੇ ਹੱਥ ਕਿਵੇਂ ਸੌਂਪਿਆ ਜਾ ਸਕਦਾ ਹੈ?”
“ਮੁਨੀਮ ਜੀ, ਅਸੀਂ ਵੀ ਤਾਂ ਨਾਲ਼ ਹਾਂ। ਫੇਰ ਇਹ ਆਪਣਾ ਖਾਸ ਆਦਮੀ ਹੈ।”
“ਤੈਨੂੰ ਭਰੋਸਾ ਹੈ ਨਾ?” ਮੁਨੀਮ ਨੇ ਫਿਰ ਜ਼ੋਰ ਨਾਲ਼ ਪੁੱਛਿਆ।
“ਪੱਕਾ। ਆਪਣਾ ਘਰ ਦਾ ਆਦਮੀ ਹੈ।” ਛਿੱਬੂ ਨੇ ਉਹਨੂੰ ਭਰੋਸਾ ਦੁਆਉਣ ਲਈ ਹੱਥ ਛਾਤੀ ਤੇ ਰੱਖ ਲਿਆ।
“ਮੈਨੂੰ ਕੁਸ਼ ਪਤਾ ਨਹੀਂ। ਨਫੇ-ਨੁਕਸਾਨ ਦਾ ਜ਼ਿਮੇਵਾਰ ਤੂੰ ਹੋਵੇਂਗਾ।” ਮੁਨੀਮ ਨੇ ਚਿਤਾਵਨੀ ਦਿੱਤੀ।
“ਮੁਨੀਮ ਜੀ, ਬਿਲਕੁਲ ਪੱਕਾ। ਪੰਜਾਂ ਸਾਲਾਂ ਤੋਂ ਮੰਡੀ ਵਿੱਚ ਰੇੜ੍ਹਾ ਚਲਾ ਰਹੇ ਹਾਂ। ਕਦੀ ਇੱਕ ਪੈਸੇ ਦੀ ਵੀ ਸ਼ਿਕਾਇਤ ਸੁਣੀ ਹੈ?”
ਮੁਨੀਮ ਨੇ ਇੱਕ ਵਾਰ ਫਿਰ ਕਾਲੀ ਵੱਲ ਧਿਆਨ ਨਾਲ਼ ਦੇਖਿਆ ਤੇ ਦੁਕਾਨ ਦੇ ਅੰਦਰ ਚਲਾ ਗਿਆ।
“ਚੱਲੋ, ਸਮਾਨ ਲੱਦੀਏ।” ਛਿੱਬੂ ਨੇ ਅੱਗੇ ਹੋ ਕੇ ਰੇੜ੍ਹੇ ਦੇ ਹੱਥੇ ਵਿੱਚ ਲੱਕੜੀ ਦਾ ਮੋਟਾ ਸਾਰਾ ਡੰਡਾ ਫਸਾ ਕੇ ਉਹਨੂੰ ਚੰਗੀ ਤਰ੍ਹਾਂ ਘੁੱਟ ਦਿੱਤਾ।
“ਪੰਜਾਂ ਦੁਕਾਨਾਂ ਦਾ ਸਮਾਨ ਹੈ।” ਕਾਲੂ ਨੇ ਸਮਝਾਇਆ।
“ਤੂੰ ਦੱਸੀ ਜਾ। ਅਸੀਂ ਰੱਖਦੇ ਹਾਂ।”
“ਪਹਿਲਾਂ ਆਹ ਰੱਖੋ। ਇਹ ਮਾਲ ਸਭ ਤੋਂ ਪਿਛੋਂ ਉੱਤਾਰਨਾ ਹੈ।” ਕਾਲੂ ਨੇ ਇਸ਼ਾਰਾ ਕੀਤਾ।
“ਚੱਲ ਪਹਿਲਵਾਨ, ਬੋਰੀ ਚੁੱਕ।”
ਛਿੱਬੂ ਦੀ ਮੱਦਦ ਨਾਲ਼ ਕਾਲੀ ਨੇ ਆਟੇ ਦੀ ਬੋਰੀ ਪਿੱਠ ਤੇ ਟਿਕਾਈ ਤੇ ਉਹਨੂੰ ਥੱਲਿਉ ਦੋਵਾਂ ਹੱਥਾਂ ਨਾਲ਼ ਫੜ੍ਹੀ ਰੇੜ੍ਹੇ ਵੱਲ ਨੂੰ ਤੁਰ ਪਿਆ। ਕਾਲੀ ਨੂੰ ਬੋਰੀ ਦਾ ਭਾਰ ਜ਼ਿਆਦਾ ਮਹਿਸੂਸ ਹੋ ਰਿਹਾ ਸੀ। ਪਰ ਛਿੱਬੂ ਉਹਨੂੰ ਸਹਾਰਾ ਦੇ ਰਿਹਾ ਸੀ। ਰੇੜ੍ਹੇ ਦੇ ਕੋਲ਼ ਪਹੁੰਚ ਕੇ ਛਿੱਬੂ ਮੋਹਰੇ ਹੋ ਗਿਆ, “ਪਹਿਲਵਾਨ ਇੱਥੇ ਰੱਖ ਦੇ …ਹੱਥੇ ਦੇ ਕੋਲ਼। ਪਿੱਛੇ ਰੱਖਣ ਨਾਲ਼æ ਰੇੜ੍ਹਾ ਉਲਾਰ ਹੋ ਜਾਵੇਗਾ। ਵੈਸੇ ਵੀ ਇਹ ਬੋਰੀ ਸਭ ਤੋਂ ਬਾਅਦ ਵਿੱਚ ਲਾਹੁਣੀ ਹੈ।”
ਕਾਲੀ ਨੇ ਰੇੜ੍ਹੇ ਦੇ ਹੱਥੇ ਵੱਲ ਪਿੱਠ ਕਰਕੇ ਬੋਰੀ ਥੱਲੇ ਖਿਸਕਾ ਦਿੱਤੀ ਤੇ ਦੂਜੇ ਪਾਸਿਉਂ ਛਿੱਬੂ ਨੇ ਉਹਨੂੰ ਲੰਮੀ ਪਾ ਦਿੱਤਾ। ਕਾਲੀ ਦੇ ਬੋਰੀ ਖਿਸਕਾਉਣ ਨਾਲ਼ ਉਹਦੀ ਪਿੱਠ ਤੋਂ ਕਮੀਜ਼ ਵੀ ਨਾਲ਼ ਹੀ ਸਰਕ ਗਈ ਤੇ ਕੱਪੜਾ ਪਾਟ ਕੇ ਥੱਲੇ ਲਟਕ ਗਿਆ।
ਇਹ ਦੇਖ ਕੇ ਛਿੱਬੂ ਹੱਸ ਪਿਆ, “ਕੋਈ ਗੱਲ ਨਹੀਂ। ਹੌਲ਼ੀ-ਹੌਲ਼ੀ ਆਦੀ ਹੋ ਜਾਵੇਂਗਾ। ਹੁਣ ਪਿੱਠ ਤੇ ਚਾਦਰ ਬੰਨ੍ਹ ਲੈ। ਕੱਲ ਨੂੰ ਮੈਂ ਮਾਂਝੇ ਦੀ ਬੋਰੀ ਲਿਆ ਦੇਊਂਗਾ। ਉਹਦੇ ਨਾਲ਼ ਪਾਏ ਹੋਏ ਕੱਪੜੇ ਨਹੀਂ ਪਾਟਣਗੇ।”
ਕਾਲੀ ਨੇ ਆਪਣੀ ਚਾਦਰ ਛਾਤੀ ਅਤੇ ਪਿੱਠ ‘ਤੇ ਇਸ ਤਰ੍ਹਾਂ ਲਪੇਟ ਲਈ ਕਿ ਉਸ ਦੀਆਂ ਬਾਹਾਂ ਨੂੰ ਕੋਈ ਰੁਕਾਵਟ ਨਾ ਪਵੇ। ਜਦ ਕਾਲੀ ਅਤੇ ਛਿੱਬੂ ਸਮਾਨ ਲੱਦ ਚੁੱਕੇ ਤਾਂ ਉਨ੍ਹਾਂ ਦੇ ਕੱਪੜੇ, ਸਰੀਰ, ਬਾਹਾਂ ਹੱਥ ਤੇ ਚੇਹਰੇ ਉੱਤੇ ਕਈ ਰੰਗ ਲੱਗ ਗਏ ਸੀ। ਕਿਤੇ ਆਟੇ ਦੇ ਚਿੱਟੇ ਨਿਸ਼ਾਨ, ਕਿਤੇ ਹਲਦੀ ਦੀ ਪਲਿੱਤਣ ਤੇ ਕਿਤੇ ਨੀਲ ਦੀਆਂ ਰਗੜਾਂ ਲੱਗੀਆਂ ਸਨ।
ਜਦ ਸਮਾਨ ਲੱਦ ਹੋ ਗਿਆ ਤਾਂ ਕਾਲੀ ਨੂੰ ਬਾਂਹ ਤੋਂ ਫੜ ਕੇ ਛਿੱਬੂ ਉਹਨੂੰ ਰੇੜ੍ਹੇ ਦੇ ਜੂੰਗਲੇ ਕੋਲ਼ ਲੈ ਗਿਆ। ਉਹ ਝੁੱਕ ਕੇ ਹੱਥੇ ਦੇ ਪਿੱਛੇ ਚਲਾ ਗਿਆ ਅਤੇ ਉਹਨੂੰ ਦੋਵਾਂ ਹੱਥਾਂ ਨਾਲ਼ ਉੱਪਰ ਚੁੱਕ ਕੇ ਥੱਲੇ ਰੱਖੀ ਲਕੜੀ ਕੱਢ ਦਿੱਤੀ ਤੇ ਉਹਨੂੰ ਸਮਝਾਣ ਲੱਗਾ। “ਹੱਥੇ ਨੂੰ ਛਾਤੀ ਨਾਲ਼æ ਲਾ ਕੇ ਪਾਸਿਆਂ ਤੋਂ ਦੋਵਾਂ ਹੱਥਾਂ ਨਾਲ਼ ਫੜਨਾ ਹੈ। ਫਿਰ ਉਲਾਰ-ਦਬਾਅ ਦਾ ਅੰਦਾਜ਼ਾ ਵੀ ਰੱਖਣਾ ਹੈ ਤਾਂ ਕਿ ਰੇੜ੍ਹੇ ਵਿੱਚ ਸਮਾਨ ਦਾ ਭਾਰ ਬਰਾਬਰ ਰਹੇ ਅਤੇ ਉਹਨੂੰ ਖਿੱਚਣ ਵਿੱਚ ਜ਼ਿਆਦਾ ਮੁਸ਼ਕਲ ਨਾ ਹੋਵੇ।”
ਛਿੱਬੂ ਦੀਆਂ ਗੱਲਾਂ ਧਿਆਨ ਨਾਲ਼ ਸੁਣਦਾ ਹੋਇਆ ਕਾਲੀ ਸਿਰ ਹਿਲਾ ਰਿਹਾ ਸੀ। “ਸਮਝ ਗਿਆ, ਪਹਿਲਵਾਨ?”
“ਹਾਂ ਜੀ, ਸਮਝ ਗਿਆ।” ਕਾਲੀ ਨੇ ਸਹਿਮਤੀ ਵਿੱਚ ਸਿਰ ਹਿਲਾਇਆ।
“ਤਾਂ ਆ ਜਾ, ਬੀਂਡੀ ਦੀ ਥਾਂ।” ਛਿੱਬੂ ਜੂਲ਼ੇ ਉੱਪਰ ਹੱਥ ਰੱਖੀ ਇੱਕ ਪਾਸੇ ਹਟ ਗਿਆ।
ਕਾਲੀ ਝੁਕ ਕੇ ਜੂਲ਼ੇ ਦੇ ਪਿੱਛੇ ਚਲਾ ਗਿਆ ਅਤੇ ਉਹਨੂੰ ਛਾਤੀ ‘ਤੇ ਚੰਗੀ ਤਰ੍ਹਾਂ ਟਿਕਾ ਕੇ ਰੇੜ੍ਹੇ ਦੀਆਂ ਦੋਨੋ ਲੜੀਆਂ ਘੁੱਟ ਕੇ ਫੜ ਲਈਆਂ। “ਪਹਿਲਵਾਨ, ਉਲਾਰ-ਦਬਾਅ ਠੀਕ ਹੈ ਨਾ?”
“ਠੀਕ ਹੀ ਹੋਣਾ। ਮੈਨੂੰ ਅਜੇ ਇਹਦੀ ਸਮਝ ਨਹੀਂ ਹੈ।” ਕਾਲੀ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ।
“ਕੋਈ ਗੱਲ ਨਹੀਂ। ਛੇਤੀ ਹੀ ਸਿੱਖ ਜਾਏਂਗਾ। ਰੇੜ੍ਹੇ ਨੂੰ ਖਿੱਚਣ ਤੋਂ ਬਾਅਦ ਤੇਰਾ ਸਰੀਰ ਇਹਦੇ ਉਲਾਰ-ਦਬਾਅ ਦੇ ਮੁਤਾਬਕ ਆਪਣੇ ਆਪ ਢਲ ਜਾਏਗਾ।” ਛਿੱਬੂ ਨੇ ਕਾਲੀ ਵੱਲ ਦੇਖਿਆ, “ਪਹਿਲਵਾਨ, ਜ਼ਰੂਰਤ ਬੜੀ ਚੀਜ਼ ਹੈ। ਮਾਂ-ਬਾਪ ਤਾਂ ਕੀ, ਰੱਬ ਤੋਂ ਵੀ ਬੜੀ ਹੈ। ਸਭ ਕੁੱਝ ਸਿਖਾ ਦਿੰਦੀ ਹੈ।” ਫੇਰ ਉਹ ਕਾਲੀ ਨੂੰ ਸਮਝਾਉਣ ਲੱਗਾ, “ਪਹਿਲਵਾਨ, ਬੀਂਡੀ ਦਾ ਕੰਮ ਉਲਾਰ-ਦਬਾਅ ਦਾ ਪੂਰਾ ਧਿਆਨ ਰੱਖਣਾ ਹੁੰਦਾ ਹੈ। ਇਹ ਕੰਮ ਬਾਹਾਂ ਦੇ ਜ਼ੋਰ ਨਾਲ਼ ਕੀਤਾ ਜਾਂਦਾ ਹੈ। ਅਤੇ ਛਾਤੀ ਦੇ ਜ਼ੋਰ ਨਾਲ਼ ਰੇੜ੍ਹੇ ਨੂੰ ਵੀ ਅੱਗੇ ਨੂੰ ਖਿੱਚਣਾ ਪੈਂਦਾ ਹੈ। ਮੈਂ ਤੇ ਕਾਲੂ ਰੇੜ੍ਹੇ ਨੂੰ ਪਿੱਛਿਉਂ ਧੱਕਾਂਗੇ। ਗੋਡਿਆਂ ਵਿੱਚ ਜਾਨ ਹੋਣੀ ਚਾਹੀਦੀ ਹੈ। ਬਾਕੀ ਸਭ ਠੀਕ ਹੈ।”
ਕਰੀ…ਕਰੀ…ਕਰੀ ਦੀ ਅਵਾਜ਼ ਕੱਢਦਾ ਰੇੜ੍ਹਾ ਅੱਗੇ ਨੂੰ ਤੁਰਨ ਲੱਗਾ। ਇਹ ਕੰਮ ਕਦੇ ਪਹਿਲਾਂ ਨਾ ਕੀਤਾ ਹੋਣ ਕਰਕੇ ਕਾਲੀ ਨੂੰ ਰੇੜ੍ਹਾ ਖਿੱਚਣ ਵਿੱਚ ਕਾਫੀ ਤਕਲੀਫ ਮਹਿਸੂਸ ਹੋ ਰਹੀ ਸੀ। ਉਹਦੇ ਕੋਲ਼ੋਂ ਉਲਾਰ-ਦਬਾਅ ਦਾ ਸੰਤੁਲਨ ਬਰਾਬਰ ਨਹੀਂ ਰੱਖਿਆ ਜਾ ਰਿਹਾ ਸੀ ਅਤੇ ਰੇੜ੍ਹਾ ਵਾਰ-ਵਾਰ ਡਾਵਾਂਡੋਲ ਹੋ ਜਾਂਦਾ ਸੀ। ਰੇੜ੍ਹੇ ਨੂੰ ਪਿੱਛੇ ਤੋਂ ਧੱਕਦਾ ਹੋਇਆ ਛਿੱਬੂ ਉੱਚੀ ਅਵਾਜ਼ ਵਿੱਚ ਸਮਝਾਉਂਦਾ, “ਪਹਿਲਵਾਨ ਸੰਭਲ ਕੇ। ਸੱਜਾ ਹੱਥ ਦੱਬ ਕੇ ਚੱਲ। ਅੱਗੇ ਜਾ ਕੇ ਖੱਬੇ ਨੂੰ ਮੁੜਨਾ ਹੈ।”
ਇੱਕ ਮੋੜ ‘ਤੇ ਪਹੁੰਚ ਕੇ ਕਾਲੀ ਖੱਬੇ ਦੀ ਬਜਾਏ ਸੱਜੇ ਨੂੰ ਮੁੜ ਗਿਆ ਤਾਂ ਛਿੱਬੂ ਅਤੇ ਕਾਲੂ ਗੁੱਸੇ ਹੋਣ ਲੱਗੇ, “ਕੀ ਕਰ ਰਿਹਾ ਹੈਂ, ਪਹਿਲਵਾਨ? ਇੰਨੀ ਗੱਲ ਤਾਂ ਬੀਂਡੀ ਜੁੜਿਆ ਹੋਇਆ ਝੋਟਾ ਵੀ ਸਮਝ ਲੈਂਦਾ ਹੈ।”
ਸਾਹ ਚੜ੍ਹ ਜਾਣ ਕਰਕੇ ਕਾਲੀ ਜਵਾਬ ਵਿੱਚ ਸਿਰਫ ਖੰਘ ਹੀ ਸਕਿਆ। ਉਹ ਰੁਕ ਗਿਆ। ਰੇੜ੍ਹੇ ਦਾ ਸਾਰਾ ਭਾਰ ਉਹਨੂੰ ਆਪਣੀਆਂ ਬਾਹਾਂ, ਗੋਡਿਆਂ, ਗਿੱਟਿਆਂ ਅਤੇ ਪਿੰਨੀਆਂ ਤੇ ਮਹਿਸੂਸ ਹੋ ਰਿਹਾ ਸੀ।
ਕਾਲੀ ਦੇ ਨੇੜੇ ਆ ਕੇ ਛਿੱਬੂ ਨੇ ਉਹਨੂੰ ਝਿੜਕਿਆ, “ਪਹਿਲਵਾਨ, ਤੈਨੂੰ ਸੱਜੇ-ਖੱਬੇ ਦੀ ਵੀ ਸਮਝ ਨਹੀਂ ਹੈ?”
“ਹਾਂ ਜੀ, ਪਿੰਡ ਵਿੱਚ ਮੋੜ ਹੀ ਕਿੰਨੇ ਹੁੰਦੇ ਹਨ ਅਤੇ ਪੈਰ ਇੰਨੇ ਗਿੱਝੇ ਹੁੰਦੇ ਹਨ ਕਿ ਜਿਧਰ ਜਾਣਾ ਹੁੰਦਾ ਹੈ ਆਪਣੇ ਆਪ ਹੀ ਮੁੜ ਜਾਂਦੇ ਹਨ। …ਸ਼ਹਿਰ ਵਿੱਚ ਰਹੂੰਗਾ ਤਾਂ ਇੱਥੇ ਦੇ ਮੋੜ ਵੀ ਸਮਝ ਆ ਜਾਣਗੇ।” ਕਾਲੀ ਨੇ ਬਾਂਹ ਨਾਲ਼ ਮੱਥੇ ਤੋਂ ਮੁੜ੍ਹਕਾ ਪੂੰਝਿਆ।
ਉਸ ਦੀ ਗੱਲ ਸੁਣ ਕੇ ਛਿੱਬੂ ਸੋਚ ਵਿੱਚ ਪੈ ਗਿਆ ਅਤੇ ਫਿਰ ਕਾਲੂ ਦੇ ਕੋਲ਼ ਆ ਗਿਆ, “ਕਾਲੂ, ਬੀਂਡੀ ਲੱਗਣਾ ਇਹਦੇ ਬਸ ਦਾ ਕੰਮ ਨਹੀਂ ਹੈ। ਇਹਨੂੰ ਸਿਖਾਉਣਾ ਪੈਣਾ ਹੈ। …ਇਦਾਂ ਕਰਦੇ ਆਂ…।”
“ਕੀ?”
“ਆਪਾਂ ਵਾਰੀ-ਵਾਰੀ ਬੀਂਡੀ ਲਗਦੇ ਹਾਂ।” ਛਿੱਬੂ ਨੇ ਸੁਝਾਅ ਦਿੱਤਾ।
“ਏਦਾਂ ਤਾਂ ਆਪਾਂ ਵੀ ਬੀਂਡੀ ਬਣਾਂਗੇ।” ਕਾਲੂ ਨੇ ਇਤਰਾਜ਼ ਕੀਤਾ।
“ਨਹੀਂ, ਤਕਾਲ਼ਾਂ ਤੱਕ ਮੈਂ ਇਹਨੂੰ ਬੀਂਡੀ ਬਣਾ ਦਊਂਗਾ। ਅਜੇ ਦੋ ਹੋਰ ਫੇਰੇ ਲਾਉਣੇ ਹਨ। …ਭੈਰੋਂ ਬਜ਼ਾਰ ਅਤੇ ਅਟਾਰੀ ਬਜ਼ਾਰ ਦੇ।” ਛਿੱਬੂ ਨੇ ਭਰੋਸਾ ਦੁਆਇਆ।
“ਗਾਹਕ ਤਾਂ ਫਗਵਾੜਾ ਗੇਟ ਦੇ ਵੀ ਬੈਠੇ ਸੀ।” ਕਾਲੂ ਨੇ ਦੱਸਿਆ।
“ਇਹ ਤਾਂ ਹੋਰ ਵੀ ਚੰਗਾ ਹੈ।” ਛਿੱਬੂ ਨੇ ਸੰਤੁਸ਼ਟੀ ਨਾਲ਼ ਕਿਹਾ।
“ਕੀ ਪਹਿਲਾਂ ਤੂੰ ਬੀਂਡੀ ਲੱਗੇਂਗਾ?” ਛਿੱਬੂ ਨੇ ਪੁੱਛਿਆ।
“ਕੋਈ ਲੱਗ ਜਾਏ।” ਕਾਲੂ ਜੂਲ਼ੇ ਕੋਲ਼ ਚਲਾ ਗਿਆ ਅਤੇ ਉਹਨੂੰ ਦੋਵਾਂ ਹੱਥਾਂ ਨਾਲ਼æ ਘੁੱਟ ਕੇ ਫੜਦਿਆਂ ਕਾਲੀ ਨੂੰ ਇਸ਼ਾਰਾ ਕੀਤਾ, “ਤੂੰ ਪਿੱਛੇ ਜਾ, ਛਿੱਬੂ ਦੇ ਨਾਲ਼।”
ਕਾਲੀ ਨੇ ਜੂੰਗਲਾ ਛੱਡਣ ਲੱਗਿਆਂ ਦੁਚਿੱਤੀ ਜਿਹੀ ਦਿਖਾਈ ਤਾਂ ਕਾਲੂ ਹੱਸਣ ਲੱਗ ਪਿਆ, “ਫਿਕਰ ਨਾ ਕਰ। ਮੈਂ ਘੁੱਟ ਕੇ ਫੜਿਆ ਹੋਇਆ ਹੈ।”
ਕਾਲੀ ਇਕਦਮ ਬਹੁਤ ਹੀ ਸਹਿਮ ਗਿਆ ਸੀ। ਉਹਨੂੰ ਠੰਡੀਆਂ ਤੇਲ਼ੀਆਂ ਆਉਣ ਲੱਗੀਆਂ ਕਿ ਕੰਮ ਚੰਗੀ ਤਰ੍ਹਾਂ ਨਾ ਕਰਨ ਕਰਕੇ ਕਿਤੇ ਉਹਨੂੰ ਹਟਾ ਹੀ ਨਾ ਦੇਣ ਅਤੇ…। ਉਹ ਅੱਗੇ ਹੋਰ ਕੁੱਝ ਸੋਚ ਨਾ ਸਕਿਆ।
ਕਾਲੂ ਨੇ ਧਿਆਨ ਨਾਲ਼ ਕਾਲੀ ਵੱਲ ਦੇਖਿਆ, “ਪਹਿਲਵਾਨ, ਤੇਰਾ ਜੀਅ ਤਾਂ ਠੀਕ ਹੈ?”
“ਹਾਂ ਠੀਕ ਹੈ।” ਕਾਲੀ ਨੇ ਸਿਰ ਹਿਲਾ ਦਿੱਤਾ। ਫਿਰ ਉਹ ਗਿੜਗੜਾਇਆ, ਤੁਹਾਨੂੰ ਮੇਰਾ ਕੰਮ ਪਸੰਦ ਨਹੀਂ ਆਇਆ। ਪਰ ਮਾਲਕੋ, ਮੌਕਾ ਮਿਲੇ ਤਾਂ ਸਭ ਕੁੱਝ ਸਿੱਖ ਜਾਵਾਂਗਾ।”
“ਮਾਂ ਦੇ ਢਿੱਡ ਵਿੱਚੋਂ ਤਾਂ ਕੋਈ ਵੀ ਸਾਰਾ ਕੁੱਝ ਸਿੱਖ ਕੇ ਨਹੀਂ ਆਉਂਦਾ। ਜ਼ਮਾਨਾ ਹੀ ਸਭ ਕੁਸ਼ ਸਿਖਾਉਂਦਾ ਹੈ।” ਕਾਲੂ ਨੇ ਕਾਲੀ ਨੂੰ ਹੌਸਲਾ ਦਿੱਤਾ, “ਜਦ ਮੈਂ ਪਹਿਲੀ ਵਾਰ ਰੇੜ੍ਹਾ ਖਿੱਚਿਆ ਸੀ ਤਾਂ ਜ਼ੋਰ ਲਾਉਂਦੇ-ਲਾਉਂਦੇ ਮੇਰਾ ਮੂਤ ਨਿਕਲ ਗਿਆ ਸੀ। …ਹੌਲ਼ੀ-ਹੌਲ਼ੀ ਸਭ ਠੀਕ ਹੋ ਗਿਆ। ਤੂੰ ਪਿੱਛੇ ਜਾ। ਛਿੱਬੂ ਦੇ ਨਾਲ਼æ ਰੇੜ੍ਹੇ ਨੂੰ ਧੱਕਾ ਲਾ। ਬੀਂਡੀ ਦਾ ਕੰਮ ਹੌਲ਼ੀ-ਹੌਲ਼ੀ ਸਿੱਖ ਲਈਂ।”
ਛਿੱਬੂ ਦੇ ਇਸ਼ਾਰੇ ਤੇ ਕਾਲੀ ਉਹਦੇ ਖੱਬੇ ਪਾਸੇ ਚਲੇ ਗਿਆ ਅਤੇ ਪਿਛਲੇ ਫੱਟੇ ਨੂੰ ਦੋਹਾਂ ਹੱਥਾਂ ਨਾਲ਼ ਫੜ੍ਹ ਲਿਆ। “ਪਹਿਲਵਾਨ, ਦੋਹਾਂ ਨੇ ਇਕੋ ਸਮੇਂ ਜ਼ੋਰ ਲਾਉਣਾ ਹੈ। ਪੈਰ ਵੀ ਬਰਾਬਰ ਮਿਲਾ ਕੇ ਚੱਕਣਾ ਹੈ। ਨਹੀਂ ਤਾਂ ਬੀਂਡੀ ਨੂੰ ਔਖਿਆਈ ਹੋਵੇਗੀ।” ਛਿੱਬੂ ਨੇ ਸਮਝਾਇਆ।
“ਠੀਕ ਹੈ,” ਕਾਲੀ ਨੇ ਖੰਘ ਕੇ ਜ਼ੋਰ ਨਾਲ਼ ਸਾਹ ਅੰਦਰ ਖਿੱਚਿਆ, ਤਾਂ ਕਿ ਉਹ ਇੱਕ ਵਾਰ ਫਿਰ ਤਾਜ਼ਾ ਦਮ ਹੋ ਜਾਵੇ।
“ਚੱਲਾਂ?” ਕਾਲੂ ਨੇ ਜੂੰਗਲੇ ਨੂੰ ਹਿੱਕ ਨਾਲ਼ ਲਾ ਕੇ ਅਤੇ ਲੜ੍ਹੀਆਂ ਨੂੰ ਮਜ਼ਬੂਤੀ ਨਾਲ਼ ਫੜ੍ਹ ਕੇ ਛਿੱਬੂ ਨੂੰ ਹਾਕ ਮਾਰੀ।
ਰੇੜ੍ਹਾ ਇੱਕ ਵਾਰ ਫਿਰ ਕਰੀ…ਕਰੀ…ਦੀ ਅਵਾਜ਼ ਕੱਢਦਾ ਅੱਗੇ ਨੂੰ ਵੱਧਣ ਲੱਗਾ। ਹੌਲ਼ੀ-ਹੌਲ਼ੀ ਉਨ੍ਹਾਂ ਨੇ ਰੇੜ੍ਹਾ ਮੋੜ ਲਿਆ ਅਤੇ ਠੀਕ ਰਾਹ ‘ਤੇ ਆ ਕੇ ਕਾਲੂ ਨੇ ਹਿੱਕ ਦੇ ਜ਼ੋਰ ਨਾਲ਼æ ਰੇੜ੍ਹਾ ਖਿੱਚਦਿਆਂ ਕਿਹਾ, “ਸ਼ਾਬਾਸ਼ ਯਾਰ।”
“ਸ਼ਾਬਾਸ਼ ਯਾਰ।” ਛਿੱਬੂ ਨੇ ਉੱਤਰ ਦਿੱਤਾ।
ਤਿੰਨੇ ਜਣੇ ਸਿਰ ਥੱਲੇ ਨੂੰ ਕਰਕੇ ਰੇੜ੍ਹੇ ਨੂੰ ਖਿੱਚਦੇ ਰਹੇ। ਜਿਥੇ ਕਦੇ ਚੜ੍ਹਾਈ ਆ ਜਾਂਦੀ ਤਾਂ ਕਾਲੂ ਉੱਚੀ ਜਿਹੇ ਕਹਿੰਦਾ, “ਸ਼ਾਬਾਸ਼ ਯਾਰ …ਲਾ ਦਿਉ ਜ਼ੋਰ।”
“ਸ਼ਾਬਾਸ਼ ਯਾਰਾ” ਲਾ ਦਿੱਤਾ ਜ਼ੋਰ।” ਛਿੱਬੂ ਹੋਰ ਵੀ ਜ਼ਿਆਦਾ ਉੱਚੀ ਅਵਾਜ਼ ਵਿੱਚ ਕਹਿੰਦਾ।
ਜਿਥੇ ਕਿਤੇ ਉੱਤਰਾਈ ਆ ਜਾਂਦੀ ਤਾਂ ਕਾਲੂ ਕਹਿੰਦਾ, ਸ਼ਾਬਾਸ਼ ਯਾਰਾ। ਪੈਰ ਘੁੱਟ ਕੇ।”
“ਸ਼ਾਬਾਸ਼ ਯਾਰਾ। ਘੁੱਟ ਲਿਆ ਪੈਰ।” ਛਿੱਬੂ ਜਵਾਬ ਦਿੰਦਾ।
ਅੱਧਾ ਰਾਹ ਜਾਣ ਤੋਂ ਬਾਅਦ ਛਿੱਬੂ ਨੇ ਹਾਕ ਮਾਰੀ, ‘ਕਾਲੂ ਠਹਿਰ ਜਾ। ਮੈਂ ਬੀਂਡੀ ਲਗਦਾ ਹਾਂ।”
“ਨਹੀਂ, ਚੱਲਣ ਦੇ ਹੁਣ। ਅਜੇ ਸਰੀਰ ਮੱਘਿਆ ਹੋਇਆ ਹੈ।” ਕਾਲੂ ਨੇ ਜਵਾਬ ਦਿੱਤਾ।
ਰੇੜ੍ਹਾ ਖਿੱਚਦੇ-ਖਿੱਚਦੇ ਉਹ ਖੁੱਲ੍ਹੀ-ਚੌੜੀ ਸੜਕ ਤੋਂ ਇੱਕ ਭੀੜੀ ਜਿਹੀ ਸੜਕ ‘ਤੇ ਆ ਗਏ।
ਦੋਹੀਂ ਪਾਸੀਂ ਛੋਟੀਆਂ-ਬੜੀਆਂ ਦੁਕਾਨਾਂ ਸਨ ਅਤੇ ਕਾਫੀ ਭੀੜ ਸੀ। ਆਦਮੀ, ਔਰਤਾਂ ਅਤੇ ਬੱਚੇ ਬਜ਼ਾਰ ਵਿੱਚ ਘੁੰਮ ਰਹੇ ਸਨ। ਦੁਕਾਨਾਂ ਦੇ ਸਾਮ੍ਹਣੇ ਕਿਤੇ-ਕਿਤੇ ਫਲ-ਸਬਜ਼ੀਆਂ ਦੀਆਂ ਰੇੜ੍ਹੀਆਂ ਵੀ ਖੜ੍ਹੀਆਂ ਸਨ। ਬਹੁਤੇ ਦੁਕਾਨਦਾਰ ਫਲ ਵੱਖਰੇ ਤੇ ਸਬਜ਼ੀਆਂ ਵੱਖਰੀਆਂ ਹੀ ਵੇਚ ਰਹੇ ਸਨ।
ਰੇੜ੍ਹੀਆਂ, ਪੈਦਲ ਜਾਣ ਵਾਲ਼ੇ ਤੇ ਟਣ-ਟਣ ਘੰਟੀਆਂ ਵਜਾਉਂਦੇ ਸਾਈਕਲ ਸਵਾਰਾਂ ਨੂੰ ਟੱਕਰ ਤੋਂ ਸਾਵਧਾਨ ਕਰਦੇ ਉਹ ਅਗਾਂਹ ਲੰਘ ਗਏ। ਕਾਲੂ ਨੇ ਇੱਕ ਥਾਂ ਰੇੜ੍ਹਾ ਰੋਕ ਦਿੱਤਾ, “ਪਤਾ ਕਰੋ, ਦਿਹਾਤੀ ਕਰਿਆਣਾ ਸਟੋਰ ਕਿੱਥੇ ਹੈ? ਇੱਥੇ ਕਿਤੇ ਨੇੜੇ-ਤੇੜੇ ਹੀ ਹੋਣਾ ਚਾਹੀਦਾ।”
ਛਿੱਬੂ ਰੇੜ੍ਹੇ ਤੋਂ ਹਟ ਕੇ ਇੱਕ ਦੁਕਾਨ ‘ਤੇ ਗਿਆ। ਦੁਕਾਨਦਾਰ ਨੇ ਗੱਦੀ ਤੋਂ ਥੋੜ੍ਹਾ ਜਿਹਾ ਉਲਰ ਕੇ ਛਿੱਬੂ ਨੂੰ ਹੱਥ ਦੇ ਇਸ਼ਾਰੇ ਨਾਲ਼æ ਦਿਹਾਤੀ ਕਰਿਆਨਾ ਸਟੋਰ ਬਾਰੇ ਦੱਸ ਦਿੱਤਾ। ਮੁੜ ਆ ਕੇ ਉਸ ਨੇ ਰੇੜ੍ਹੇ ਤੇ ਦੋਨੋਂ ਹੱਥ ਟਿਕਾ ਲਏ, “ਚਾਰ ਦੁਕਾਨਾਂ ਛੱਡ ਕੇ ਪੰਜਵੀਂ ਦੁਕਾਨ ਹੈ। ਖੱਬੇ ਪਾਸੇ।”
ਉਹ ਰੇੜ੍ਹੇ ਨੂੰ ਹੌਲ਼ੀ-ਹੌਲ਼ੀ ਧੱਕ ਕੇ ਉਸ ਦੁਕਾਨ ਦੇ ਸਾਮ੍ਹਣੇ ਲੈ ਗਏ ਅਤੇ ਰੇੜ੍ਹਾ ਰੋਕ ਦਿੱਤਾ, “ਇਹ ਹੀ ਹੈ। “ਸਾਮ੍ਹਣੇ।”
ਕਾਲੂ ਨੇ ਰੇੜ੍ਹਾ ਊਟਣੇ ‘ਤੇ ਟਿਕਾ ਦਿੱਤਾ। ਛਿੱਬੂ ਨੇ ਘੁੰਮ ਕੇ ਸਮਾਨ ਦੇ ਉੱਪਰ ਰੱਖਿਆ ਡੰਡਾ ਚੁੱਕਿਆ ਅਤੇ ਉਲਾਰ ਕੇ ਮੋਟੇ ਜਿਹੇ ਸੁਰਾਖ ਵਿੱਚ ਫਸਾ ਦਿੱਤਾ।
ਕਾਲੀ ਇੱਕ ਪਾਸੇ ਜਾ ਖੜ੍ਹਾ ਹੋਇਆ ਅਤੇ ਧਿਆਨ ਨਾਲ਼æ ਬਜ਼ਾਰ ਦੀ ਰੌਣਕ ਦੇਖਣ ਲੱਗਾ।
ਕਾਲੂ ਨੇ ਪਤੂਹੀ ਦੀ ਜੇਬ ਵਿੱਚੋਂ ਪਰਚੇ ਕੱਢੇ ਅਤੇ ਦਿਹਾਤੀ ਕਰਿਆਨਾ ਸਟੋਰ ਦਾ ਪਰਚਾ ਲੈ ਕੇ ਦੁਕਾਨ ਦੇ ਅੰਦਰ ਚਲਾ ਗਿਆ। ਪਰਚਾ ਮਾਲਕ ਨੂੰ ਫੜ੍ਹਾ ਕੇ ਕਿਹਾ, “ਇਹ ਪਰਚਾ ਤੁਹਾਡਾ ਹੀ ਹੈ ਨਾ?”
ਦੁਕਾਨਦਾਰ ਨੇ ਪਰਚਾ ਧਿਆਨ ਨਾਲ਼ ਪੜ੍ਹਿਆ। ਫਿਰ ਪਰਚਾ ਕਾਲੂ ਨੂੰ ਮੋੜ ਕੇ ਫੜਾਉਂਦਾ ਬੋਲਿਆ, “ਨਹੀਂ, ਇਹ ਪਰਚਾ ਮਹਿੰਗਾ ਰਾਮ-ਤਰਸੇਮ ਲਾਲ ਦਾ ਹੈ।”
ਕਾਲੂ ਝਂੇਪ ਗਿਆ ਜਿਵੇਂ ਉਹਦੀ ਬਹੁਤ ਬੜੀ ਗਲਤੀ ਫੜੀ ਗਈ ਹੋਵੇ। ਉਹਨੇ ਸਾਰੇ ਪਰਚੇ ਪਤੂਹੀ ਦੀ ਜੇਭ ‘ਚੋਂ ਕੱਢੇ ਤੇ ਦੁਕਾਨਦਾਰ ਨੂੰ ਫੜਾ ਦਿੱਤੇ, “ਤੁਸੀਂ ਆਪਣਾ ਪਰਚਾ ਕੱਢ ਲਵੋ।”
ਦੁਕਾਨਦਾਰ ਨੇ ਆਪਣੇ ਨਾਂ ਦਾ ਪਰਚਾ ਕੱਢ ਕੇ ਬਾਕੀ ਦੇ ਕਾਲੂ ਨੂੰ ਫੜਾ ਦਿੱਤੇ। ਕਾਲੂ ਪਰਚੇ ਵਾਪਿਸ ਫੜਾਉਂਦਾ ਹੋਇਆ ਬੋਲਿਆ, “ਸ਼ਾਹ ਜੀ। “ਜਰਾ ਦੇਖ ਕੇ ਦੱਸਿਉ, ਇਹ ਕਿਹਦੇ-ਕਿਹਦੇ ਪਰਚੇ ਹਨ?”
ਦੁਕਾਨਦਾਰ ਪਰਚਿਆਂ ਨੂੰ ਉਲਟਾ-ਉਲਟਾ ਕੇ ਦੇਖਣ ਲੱਗਾ ਤਾਂ ਕਿ ਉਹ ਪਤਾ ਲਾ ਸਕੇ ਕਿ ਦੂਜੇ ਦੁਕਾਨਦਾਰਾਂ ਨੇ ਕੀ-ਕੀ ਸਮਾਨ ਮੰਗਵਾਇਆ ਹੈ। ਇਹ ਤਾੜ ਕੇ ਕਾਲੂ ਨੇ ਦੁਕਾਨਦਾਰ ਵੱਲ ਹੱਥ ਵਧਾ ਕੇ ਕਿਹਾ, “ਸ਼ਾਹ ਜੀ, ਨਹੀਂ ਪੜ੍ਹਨਾ ਆਉਂਦਾ ਤਾਂ ਪਰਚੇ ਮੈਨੂੰ ਮੋੜ ਦਿਓ।”
“ਪਤਾ ਨਹੀਂ ਪਰਚੇ ਲੰਡਿਆਂ ਵਿੱਚ ਲਿਖੇ ਹਨ।” ਦੁਕਾਨਦਾਰ ਖਸਿਆਨਾ ਹੋ ਗਿਆ ਤੇ ਪਰਚੇ ਕਾਲੂ ਨੂੰ ਫੜਾ ਦਿੱਤੇ।
“ਸ਼ਾਹ ਜੀ, ਤੁਹਾਡੇ ਕਿੰਨੇ ਨਗ ਲਿਖੇ ਹਨ?”
“ਪੰਜ …। ਇੱਕ ਬੋਰੀ ਆਟੇ ਦੀ, ਇੱਕ ਬੋਰੀ ਖੰਡ, ਇੱਕ ਟੋਟਾ ਚੌਲ, ਇੱਕ ਪੇਟੀ ਚਾਹ ਅਤੇ ਇੱਕ ਪੇਟੀ ਸਾਬਣ।” ਦੁਕਾਨਦਾਰ ਨੇ ਵੇਰਵਾ ਦਿੱਤਾ।
“ਠੀਕ ਹੈ। ਤੁਹਾਡਾ ਸਮਾਨ ਉੱਪਰ ਹੀ ਪਿਆ ਹੈ।”
ਸਮਾਨ ਦੀ ਸ਼ਨਾਖਤ ਦੇ ਬਾਅਦ ਕਾਲੂ ਨੇ ਛਿੱਬੂ ਦੀ ਮਦਦ ਨਾਲ਼æ ਕਾਲੀ ਦੀ ਪਿੱਠ ਤੇ ਬੋਰੀ ਰੱਖ ਦਿੱਤੀ ਅਤੇ ਦੁਕਾਨਦਾਰ ਦੇ ਕਹਿਣ ਮੁਤਾਬਕ ਇੱਕ ਕੋਨੇ ਵਿੱਚ ਰੱਖ ਦਿੱਤੀ।
ਸਮਾਨ ਅੰਦਰ ਚਲਾ ਗਿਆ ਤਾਂ ਕਾਲੂ ਨੇ ਪੁੱਛਿਆ, “ਸ਼ਾਹ ਜੀ, ਸਾਰੇ ਨਗ ਅੰਦਰ ਪਹੁੰਚ ਗਏ ਹਨ?”
ਦੁਕਾਨਦਾਰ ਨੇ ਗਰਦਣ ਘੁਮਾ ਕੇ ਨਗ ਗਿਣੇ, “ਪਹੁੰਚ ਗਏ।”
“ਤਾਂ ਪਰਚੇ ਤੇ ਦਸਖਤ ਕਰ ਦਿਉ। ਅਸੀਂ ਪਰਚਾ ਸੇਠ ਜੀ ਨੂੰ ਮੋੜ ਕੇ ਦੇਣਾ ਹੈ।” ਕਾਲੂ ਨੇ ਦੱਸਿਆ। “ਪਹੁੰਚ ਦੀ ਰਸੀਦ ਦੇਣੀ ਹੈ।”
“ਮੇਰਾ ਪਰਚਾ ਨਹੀਂ ਲਿਆਏ?” ਦੁਕਾਨਦਾਰ ਨੇ ਪੁੱਛਿਆ।
“ਉਹ ਤਾਂ ਮੁਨੀਮ ਜੀ ਨੂੰ ਪਤਾ ਹੋਊ। ਇਹ ਪਰਚਾ ਤਾਂ ਮਾਲ ਦੇ ਪਹੁੰਚਣ ਦਾ ਹੈ।”
ਦੁਕਾਨਦਾਰ ਨੇ ਪਰਚੇ ਤੇ ਦਸਖਤ ਕਰਕੇ ਕਾਗਜ਼ ਕਾਲੂ ਨੂੰ ਦੇ ਦਿੱਤਾ। ਉਸ ਨੇ ਪਰਚੇ ਨੂੰ ਸੰਭਾਲ ਕੇ ਪਤੂਹੀ ਦੀ ਅੰਦਰਲੀ ਜੇਬ ਵਿੱਚ ਰੱਖ ਲਿਆ। ਫਿਰ ਉਸ ਨੇ ਬਾਕੀ ਦੇ ਪਰਚੇ ਕੱਢੇ ਅਤੇ ਉਨ੍ਹਾਂ ਨੂੰ ਧਿਆਨ ਨਾਲ਼æ ਦੇਖਦਾ ਹੋਇਆ ਬੋਲਿਆ, “ਅਗਲੀ ਦੁਕਾਨ ਗਲ਼ੀ ਦੇ ਅੰਦਰ ਹੈ। ਥੋੜ੍ਹੀ ਹੋਰ ਅੱਗੇ ਜਾ ਕੇ।”
ਉਹ ਰੇੜ੍ਹਾ ਖਿੱਚ ਕੇ ਗਲ਼ੀ ਦੇ ਮੋੜ੍ਹ ‘ਤੇ ਲੈ ਗਏ। ਰੇੜ੍ਹਾ ਰੋਕ ਕੇ ਕਾਲੂ ਗਲ਼ੀ ਦੇ ਅੰਦਰ ਚਲਾ ਗਿਆ ਅਤੇ ਦੋਹੀਂ ਪਾਸੀਂ ਮਕਾਨਾਂ ਤੇ ਦੁਕਾਨਾਂ ਦੇ ਬੂਹਿਆਂ ਅੰਦਰ ਝਾਕਣ ਦੀ ਕੋਸ਼ਿਸ਼ ਕਰਦਾ ਹੋਇਆ ਇੱਕ ਦੁਕਾਨ ਦੇ ਮੋਹਰੇ ਜਾ ਖੜ੍ਹਾ ਹੋਇਆ। “ਤੁਸੀਂ ਲਾਲਾ ਕੁੰਦਨ ਲਾਲ ਦੀ ਦੁਕਾਨ ਤੋਂ ਸਮਾਨ ਮੰਗਵਾਇਆ ਹੈ?”
“ਓਏ ਮੈਂ ਦੋ ਨੰਬਰ ਦਾ ਮਾਲ ਨਹੀਂ ਰੱਖਦਾ। ਗਾਹਾਂ ਚਲੇ ਜਾ। ਦੁਕਾਨ ‘ਤੇ ਗੈਂਡੇ ਵਾਲ਼ੀ ਮਾਚਿਸ ਦਾ ਬੋਰਡ ਲੱਗਾ ਹੈ।” ਪਤਲੇ ਤੇ ਮਾੜੇ ਜਿਹੇ ਬੁੜੇ ਦੁਕਾਨਦਾਰ ਨੇ ਹੱਥ ਘੁਮਾਇਆ।
ਸ਼ਰਮਿੰਦਾ ਜਿਹਾ ਹੋ ਕੇ ਕਾਲੂ ਗਲ਼ੀ ਵਿੱਚ ਦੋਹੀਂ ਪਾਸੀਂ ਦੇਖਦਾ ਹੋਇਆ ਅੱਗੇ ਚਲਾ ਗਿਆ। ਥੋੜ੍ਹੀ ਹੀ ਦੂਰ ਉਹ ਦੁਕਾਨ ਆ ਗਈ ਜਿਸ ਦੇ ਮੋਹਰੇ ਗੈਂਡੇ ਦੀ ਮਾਚਿਸ ਦਾ ਬੋਰਡ ਲੱਗਾ ਹੋਇਆ ਸੀ। ਦੁਕਾਨ ਦਾ ਬੂਹਾ ਛੋਟਾ ਤੇ ਭੀੜਾ ਸੀ, ਇਸ ਲਈ ਦੁਕਾਨ ਦੇ ਅੰਦਰ ਬਹੁਤੀ ਰੌਸ਼ਨੀ ਨਹੀਂ ਸੀ। ਦੁਕਾਨਦਾਰ ਵੀ ਲੰਬਾ-ਚੌੜਾ ਅਤੇ ਚੰਗਾ ਤੰਦਰੁਸਤ ਸੀ। ਉਹ ਗੁਫਾ ਵਰਗੀ ਹਨੇਰੀ ਦੁਕਾਨ ਵਿੱਚ ਬੈਠਾ ਗੈਂਡੇ ਵਰਗਾ ਦਿਖਾਈ ਦਿੰਦਾ ਸੀ। ਪਹਿਲੇ ਦੁਕਾਨਦਾਰ ਦੇ ਰੁੱਖੇਪਣ ਨੂੰ ਚੇਤੇ ਕਰਦਿਆਂ ਕਾਲੂ ਨਿਮਰ ਅਵਾਜ਼ ਵਿੱਚ ਬੋਲਿਆ, “ਸ਼ਾਹ ਜੀ, ਰਾਮ-ਰਾਮ।”
“ਰਾਮ-ਰਾਮ।” ਦੁਕਾਨਦਾਰ ਨੇ ਕਾਰੋਬਾਰੀ ਅੰਦਾਜ ਵਿੱਚ ਜਵਾਬ ਦਿੱਤਾ।
“ਸ਼ਾਹ ਜੀ, ਤੁਸੀਂ ਲਾਲਾ ਕੁੰਦਨ ਲਾਲ ਦੀ ਦੁਕਾਨ ਤੋਂ ਮਾਲ ਮੰਗਵਾਇਆ ਹੈ?”
“ਹਾਂ ਮੰਗਵਾਇਆ ਹੈ।” ਦੁਕਾਨਦਾਰ ਠੀਕ ਹੋ ਕੇ ਬੈਠਦਿਆਂ ਬੋਲਿਆ।
ਕਾਲੂ ਨੇ ਪਰਚੇ ਉਹਦੇ ਹੱਥ ਫੜਾ ਦਿੱਤੇ। “ਤੁਸੀਂ ਆਪਣਾ ਪਰਚਾ ਕੱਢ ਲਓ।”
“ਐਨਕ ਲਾਉਣੀ ਪੈਣੀ ਹੈ।” ਦੁਕਾਨਦਾਰ ਨੇ ਲੱਗ ਭੱਗ ਗੰਜੇ ਸਿਰ ‘ਤੇ ਹੱਥ ਫੇਰਿਆ। ਫਿਰ ਉਸ ਨੇ ਝੁੱਕ ਕੇ ਸੰਦੂਕੜੀ ਵਿੱਚੋਂ ਐਨਕ ਕੱਢੀ ਅਤੇ ਧਿਆਨ ਨਾਲ਼æ ਪਰਚੇ ਪੜ੍ਹਣ ਲੱਗਾ। ਉਸ ਨੇ ਇੱਕ ਪਰਚਾ ਹੱਥ ਵਿੱਚ ਰੱਖ ਕੇ ਬਾਕੀ ਦੇ ਕਾਲੂ ਨੂੰ ਮੋੜ ਦਿੱਤੇ। “ਇਹ ਮੇਰਾ ਪਰਚਾ ਹੈ।”
“ਠੀਕ ਹੈ। ਮੈਂ ਹੁਣੇ ਮਾਲ ਲੈ ਕੇ ਆਉਂਦਾ ਹਾਂ।”
ਕਾਲੂ ਖੱਬੇ ਪਾਸੇ ਦੁਕਾਨਾਂ ਤੇ ਮਕਾਨਾਂ ਦੇ ਬੂਹੇ ਗਿਣਦਾ ਹੋਇਆ ਜਦ ਉਨ੍ਹਾਂ ਦੇ ਕੋਲ਼ ਪਹੁੰਚਾ ਤਾਂ ਅੱਕੇ ਹੋਏ ਛਿੱਬੂ ਨੇ ਸ਼ਿਕਾਇਤ ਕੀਤੀ, “ਬਹੁਤ ਚਿਰ ਲਾ ਦਿੱਤਾ, ਕਾਲੂ?”
“ਦੁਕਾਨ ਗਲ਼ੀ ਦੇ ਅੰਦਰ ਹੈ। ਅਸਲ ਵਿੱਚ ਮਾਂਝੇ ਨੂੰ ਸਾਰੀਆਂ ਦੁਕਾਨਾਂ ਦੀ ਪਛਾਣ ਹੈ। …ਚਾਰ ਨਗ ਹੈ ਇਸ ਦੇ। ਦੋ ਫੇਰੇ ਲੱਗਣਗੇ।”
ਕਾਲੂ ਨੇ ਆਟੇ ਦੀ ਬੋਰੀ ਕਾਲੀ ਅਤੇ ਚਾਹ ਦੀ ਪੇਟੀ ਛਿੱਬੂ ਨੂੰ ਚੁੱਕਾ ਦਿੱਤੀ। “ਸੱਜੇ ਪਾਸੇ ਦਸ ਬੂਹੇ ਗਿਣ ਲਿਓ। ਗਿਆਰਵਾਂ ਬੂਹਾ ਦੁਕਾਨ ਦਾ ਹੈ। ਉੱਪਰ ਗੈਂਡਾ ਛਾਪ ਮਾਚਿਸ ਦਾ ਫੱਟਾ ਲੱਗਾ ਹੋਇਆ ਹੈ। ਦੁਕਾਨਦਾਰ ਵੀ ਗੰਜਾ ਗੈਂਡੇ ਵਰਗਾ ਹੀ ਹੈ।”
ਛਿੱਬੂ ਦੇ ਪਿੱਛੇ-ਪਿੱਛੇ ਕਾਲੀ ਵੀ ਬੋਰੀ ਚੁੱਕੀ ਗਲ਼ੀ ਵਿੱਚ ਤੁਰ ਪਿਆ। ਇੱਟਾਂ ਦਾ ਫਰਸ਼ ਕਾਫੀ ਪੁਰਾਣਾ ਤੇ ਘਸਿਆ ਹੋਣ ਕਰਕੇ ਬਹੁਤ ਉਘੜ-ਦੁੱਗੜਾ ਹੋ ਗਿਆ ਸੀ। ਕਾਲੀ ਪਿੱਠ ‘ਤੇ ਲੱਦੀ ਹੋਈ ਬੋਰੀ ਨੂੰ ਦੋਵਾਂ ਹੱਥਾਂ ਨਾਲ਼ ਸੰਭਾਲਦਾ ਹੋਇਆ ਛਿੱਬੂ ਦੇ ਪਿੱਛੇ ਜਾ ਰਿਹਾ ਸੀ।
ਅਗਲੇ ਫੇਰ ਵਿੱਚ ਕਾਲੀ ਨੇ ਖੰਡ ਦੀ ਬੋਰੀ ਅਤੇ ਕਾਲੂ ਨੇ ਸਾਬਣ ਦੀ ਪੇਟੀ ਚੁੱਕੀ ਅਤੇ ਦੁਕਾਨ ਤੇ ਲਿਆ ਟਿਕਾਈਆਂ, “ਸ਼ਾਹ ਜੀ, ਦਸਖੱਤ ਕਰਕੇ ਪਰਚਾ ਮੈਨੂੰ ਮੋੜ ਦਿਓ। ਮੁਨੀਮ ਜੀ ਦੇ ਕੋਲ਼ ਜਮਾਂ ਕਰਾਉਣਾ ਹੈ।”
“ਮਾਲ ਪਹੁੰਚ ਗਿਆ। ਦਸਖੱਤ ਕਾਹਦੇ ਲਈ?” ਦੁਕਾਨਦਾਰ ਨੇ ਇਤਰਾਜ਼ ਕੀਤਾ।
“ਮਹਾਰਾਜ, ਮੁਨੀਮ ਜੀ ਨੂੰ ਕਿੱਦਾਂ ਪਤਾ ਲੱਗੂਗਾ ਕਿ ਮਾਲ ਤੁਹਾਡੀ ਦੁਕਾਨ ‘ਤੇ ਪਹੁੰਚ ਗਿਆ ਹੈ।”
ਦੁਕਾਨਦਾਰ ਨੇ ਕਾਲੂ ਵੱਲ ਦੇਖਿਆ ਅਤੇ ਪਰਚੇ ‘ਤੇ ਦਸਖੱਤ ਕਰਕੇ ਉਹਨੂੰ ਫੜਾ ਦਿੱਤਾ, “ਬੋਰੀਆ ਵਿੱਚ ਮਾਲ ਪੂਰਾ ਭਰਿਆ ਹੈ ਨਾ? ਠੀਕ ਤਰ੍ਹਾਂ ਤੋਲਿਆ ਵੀ ਹੈ? ਕਿਤੇ ਰਾਹ ਵਿੱਚ ਸੂਏ ਮਾਰ-ਮਾਰ ਖੰਡ ਤਾਂ ਨਹੀਂ ਕੱਢਦੇ ਰਹੇ?”
“ਸ਼ਾਹ ਜੀ, ਅਸੀਂ ਰੱਬ ਨੂੰ ਜਾਨ ਦੇਣੀ ਹੈ। ਸ਼ੱਕ ਹੈ ਤਾਂ ਤਲਾਸ਼ੀ ਲੈ ਲਵੋ।”
“ਭਾਈ, ਅੱਜ ਕੱਲ ਕੁਸ਼ ਪਤਾ ਨਹੀਂ ਲੱਗਦਾ। ਹਰ ਆਦਮੀ ਆਪਣਾ ਸੂਤ ਲਾਉਣ ਲੱਗਾ ਹੋਇਆ ਹੈ। ਚੋਰ ਤੋਂ ਜਿਥੇ ਸਿੱਧੀ ਚੋਰੀ ਨਹੀਂ ਹੁੰਦੀ ਉੱਥੇ ਉਹ ਸਾਧੂ ਬਣ ਕੇ ਸੰਨ੍ਹ ਲਾਉਂਦੇ ਹਨ। ਧੰਦਾ ਹੈ ਨਾ।” ਦੁਕਾਨਦਾਰ ਨੇ ਸੱæਕ ਜ਼ਾਹਿਰ ਕਰਦਿਆਂ ਕਿਹਾ।
ਉਹਦੀ ਗੱਲ ਕਾਲੀ ਨੂੰ ਬਹੁਤ ਬੁਰੀ ਲੱਗੀ ਪਰ ਉਹ ਚੁੱਪ ਰਿਹਾ। ਕਾਲੂ ਨੇ ਪਰਚਾ ਧਿਆਨ ਨਾਲ਼ ਦੇਖਿਆ। ਦਸਖੱਤ ‘ਤੇ ਚੰਗੀ ਤਰ੍ਹਾਂ ਨਿਗਾਹ ਮਾਰੀ ਅਤੇ ਰਾਮ-ਰਾਮ ਕਹਿ ਕੇ ਗਲੀ ਵਿੱਚ ਪਿੱਛੇ ਮੁੜ ਆਇਆ।
ਕਾਹਲ਼ੀ-ਕਾਹਲ਼ੀ ਪੈਰ ਚੁੱਕਦਾ ਕਾਲੀ ਉਹਦੇ ਬਰਾਬਰ ਆ ਗਿਆ, “ਭਾ ਜੀ ਇੱਕ ਗੱਲ ਪੁੱਛਾਂ?”
“ਪੁੱਛ” ਕਾਲੂ ਨੇ ਕਾਲੀ ਵੱਲ ਹੈਰਾਨੀ ਨਾਲ਼æ ਦੇਖਦਿਆਂ ਕਿਹਾ।
“ਲਾਲਾ ਕਿੱਦਾਂ ਦੀਆਂ ਗੱਲਾਂ ਕਰਦਾ ਸੀ। ਇੱਥੇ ਤੱਕ ਸਮਾਨ ਲਿਆਉਣ ਲਈ ਸਾਡੀਆਂ ਖੁੱਚਾਂ ਟੁੱਟ ਗਈਆਂ ਅਤੇ ਸਰੀਰ ਦਾ ਇੰਜਰ-ਪਿੰਜਰ ਢਿੱਲਾ ਪੈ ਗਿਆ ਹੈ ਪਰ ਲਾਲੇ ਨੂੰ ਸਾਡੀ ਨੀਅਤ ‘ਤੇ ਅਜੇ ਵੀ ਸੱæਕ ਹੈ।”
“ਏਦਾਂ ਹੀ ਚਲਦਾ ਹੈ। ਗਰੀਬ ਆਦਮੀ ਦੀ ਜ਼ਰੂਰਤ ਵੀ ਚੋਰੀ ਹੈ। ਅਤੇ ਬੜੇ ਆਦਮੀ ਦੀ ਚੋਰੀ ਵੀ ਉਸ ਦਾ ਸ਼ੌਕ ਸਮਝਿਆ ਜਾਂਦਾ ਹੈ।” ਕਾਲੂ ਨੇ ਉਸ ਨੂੰ ਸਮਝਾਇਆ। “ਗਲ਼ੀ ਦਾ ਦੁਕਾਨਦਾਰ ਛੋਟੀ ਠੱਗੀ-ਠੋਰੀ ਕਰਦਾ ਹੈ। ਆਨੇ, ਦੋ-ਆਨੇ, ਚਾਰ-ਆਨੇ ਦੀ ਗਾਹਕੀ ਭੁਗਤਾਉਂਦਾ ਹੈ। ਉਹਦਾ ਸ਼ੱਕ ਵੀ ਛੋਟਾ ਹੀ ਹੋਵੇਗਾ। ਢਾਈ ਮਣ ਦੀ ਖੰਡ ਦੀ ਬੋਰੀ ਵਿੱਚੋਂ ਦੋ-ਚਾਰ ਸੂਏ ਮਾਰ ਵੀ ਲਏ ਤਾਂ ਕੀ ਫਰਕ ਪੈਂਦਾ ਹੈ। ਮੱਝ ਦੀ ਪੂਛ ਤੋਂ ਦੋ ਵਾਲ਼æ ਝੜ ਗਏ ਤਾਂ ਮੱਝ ਦਾ ਭਾਰ ਤਾਂ ਨਹੀਂ ਘੱਟਣ ਲੱਗਾ।”
ਕਾਲੂ ਦੀ ਗੱਲ ਸੁਣ ਕੇ ਕਾਲੀ ਚੁੱਪ ਹੋ ਗਿਆ। ਉਨ੍ਹਾਂ ਨੂੰ ਦੇਖ ਕੇ ਛਿੱਬੂ ਬੀਂਡੀ ਦੇ ਥਾਂ ਚਲਾ ਗਿਆ ਪਰ ਕਾਲੂ ਨੇ ਉਹਨੂੰ ਰੋਕ ਲਿਆ, “ਭਾ, ਤੂੰ ਪਿੱਛੇ ਹੀ ਆ ਜਾ। ਅੱਜ ਬੀਂਡੀ ਮੈਨੂੰ ਹੀ ਲੱਗਣ ਦੇ। ਇਸ ਤਰ੍ਹਾਂ ਦੁਕਾਨਾਂ ਦੀ ਪਛਾਣ ਹੋ ਜਾਵੇਗੀ।”
“ਭਾ ਜੀ, ਇੱਕ ਗੱਲ ਹੋਰ ਵੀ ਪੁੱਛਣੀ ਚਾਹੁੰਦਾ ਹਾਂ।” ਕਾਲੀ ਨੇ ਡਰਦੇ-ਡਰਦੇ ਨੇ ਆਪਣੀ ਗੱਲ ਕਹੀ।”
“ਪੁੱਛ?” ਕਾਲੂ ਅਤੇ ਛਿੱਬੂ ਧਿਆਨ ਨਾਲ਼ ਉਹਦੀ ਵਲ ਦੇਖਣ ਲੱਗੇ।
“ਤੁਸੀਂ ਕੁੱਝ ਪੜ੍ਹੇ ਲਿਖੇ ਨਹੀਂ ਹੋ?”
“ਪੜ੍ਹੇ ਲਿਖੇ ਹੁੰਦੇ ਤਾਂ ਕਿਸੇ ਦੁਕਾਨ ਤੇ ਮੁਨੀਮ ਨਾ ਹੁੰਦੇ। ਚਿੱਟੇ ਕੱਪੜੇ ਪਾਉਂਦੇ। ਸਾਡੀ ਪੜ੍ਹਾਈ ਤਾਂ ਪਸ਼ੂਆਂ ਦੇ ਵਿੱਚ ਹੀ ਹੋਈ ਹੈ। ਉਨ੍ਹਾਂ ਨੇ ਜਿਹੜਾ ਕੰਮ ਸਿਖਾਇਆ ਉਹ ਹੀ ਕਰ ਰਹੇ ਹਾਂ।” …ਛਿੱਬੂ ਮੁਸਕਰਾਇਆ।
“ਪਹਿਲਵਾਨ, ਕੀ ਤੂੰ ਪੜ੍ਹਿਆ ਲਿਖਿਆ ਹੈਂ?”
“ਪਿੰਡ ਦੇ ਮਦਰੱਸੇ ਵਿੱਚ ਚਾਰ ਜਮਾਤਾਂ ਪਾਸ ਕੀਤੀਆਂ ਤਾਂ ਸੀ। ਬਹੁਤ ਪੁਰਾਣੀ ਗੱਲ ਹੈ।”
“ਜਮਾਤਾਂ ਅਜੇ ਤੇਰੇ ਪੱਲੇ ਹੀ ਹਨ ਜਾਂ ਡੰਗਰਾਂ ਨੇ ਚਰ ਲਈਆਂ।” ਕਾਲੂ ਹੱਸਿਆ।
“ਉਰਦੂ ਤਾਂ ਪੜ੍ਹ ਲੈਂਦਾ ਹਾਂ। ਮਦਰੱਸੇ ਵਿੱਚ ਉਰਦੂ ਹੀ ਪੜ੍ਹਾਉਂਦੇ ਸਨ।”
ਕਾਲੂ ਤੇ ਛਿੱਬੂ ਨੇ ਹੈਰਾਨੀ ਨਾਲ਼ ਕਾਲੀ ਵੱਲ ਦੇਖਿਆ। ਫਿਰ ਕਾਲੂ ਨੇ ਆਪਣੀ ਪਤੂਹੀ ਦੀ ਬਾਹਰਲੀ ਜੇਬ ਵਿੱਚੋਂ ਤਿੰਨ ਪਰਚੇ ਕੱਢ ਕੇ ਕਾਲੀ ਨੂੰ ਫੜਾ ਦਿੱਤੇ, “ਲੈ, ਤੂੰ ਪੜ੍ਹ ਕੇ ਦੇਖ। ਸਾਨੂੰ ਕਿਸੇ ਹੋਰ ਤੋਂ ਪੜ੍ਹਾਉਣ ਦੀ ਕੀ ਲੋੜ ਹੈ।”
ਪਰਚੇ ਆਪਣੇ ਹੱਥ ਵਿੱਚ ਫੜ੍ਹ ਕੇ ਕਾਲੀ ਉਨ੍ਹਾਂ ਤੇ ਝੁਕ ਗਿਆ। ਕਾਲੂ ਵੀ ਉਹਦੇ ਪਿੱਛੇ ਆ ਖੜ੍ਹਾ ਹੋਇਆ। ਉਸ ਨੇ ਪਰਚਿਆਂ ਵੱਲ ਇਸ਼ਾਰਾ ਕੀਤਾ, “ਅਨਪੜ੍ਹਾਂ ਦੀ ਆਪਣੀ ਹੀ ਭਾਸ਼ਾ ਹੁੰਦੀ ਹੈ।”…ਉਸ ਨੇ ਪਰਚੇ ਕਾਲੀ ਤੋਂ ਲੈ ਕੇ ਉਨ੍ਹਾਂ ਦੇ ਕੋਨਿਆਂ ਵਿੱਚ ਲਾਈਆਂ ਲਕੀਰਾਂ ਨੂੰ ਗਿਣਿਆ।
“ਹੁਣ ਜਿਸ ਦੁਕਾਨ ਤੇ ਜਾਣਾ ਹੈ ਉਸ ਤੇ ਤਿੰਨ ਲਕੀਰਾਂ ਹਨ। ਚੌਥੀ ਦੁਕਾਨ ਦੇ ਪਰਚੇ ਤੇ ਚਾਰ ਲਕੀਰਾਂ ਹਨ ਤੇ ਪੰਜਵੀਂ ਦੁਕਾਨ ਦੇ ਪਰਚੇ ਤੇ ਪੰਜ ਲਕੀਰਾਂ ਹਨ…ਮੋਟੀਆਂ…ਮੋਟੀਆਂ।”
ਕਾਲੀ ਨੇ ਲਕੀਰਾਂ ਨੂੰ ਧਿਆਨ ਨਾਲ਼æ ਦੇਖਿਆ। ਫਿਰ ਪਰਚਿਆਂ ਨੂੰ ਤਰਤੀਬ ਨਾਲ਼æ ਰੱਖਿਆ ਅਤੇ ਪਹਿਲੇ ਪਰਚੇ ਤੇ ਨਾਂ ਪੜ੍ਹਿਆ, “ਮਹਿੰਗਾ ਰਾਮ…ਤਰਸੇਮ ਲਾਲ।”
“ਠੀਕ ਹੈ।” ਕਾਲੂ ਨੇ ਚਹਿਕਦੇ ਹੋਏ ਸਿਰ ਹਿਲਾਇਆ, “ਹੁਣ ਗਾਹਾਂ ਕਿਹੜੀ ਦੁਕਾਨ ਹੈ?”
ਕਾਲੀ ਨੇ ਅਗਲਾ ਪਰਚਾ ਪੜ੍ਹਿਆ, “ਹਰਬੰਸ ਸਿੰਘ-ਬਲਵੰਤ ਸਿੰਘ। ਰੌਣਕ ਬਜ਼ਾਰ।”
“ਰੌਣਕ ਨਹੀਂ, ਰੈਣਕ ਬਜ਼ਾਰ।” ਕਾਲੂ ਨੇ ਉੱਚੀ ਅਵਾਜ਼ ਵਿੱਚ ਕਿਹਾ ਜਿਵੇਂ ਕਾਲੀ ਦੀ ਬਹੁਤ ਬੜ੍ਹੀ ਗਲਤੀ ਫੜ੍ਹ ਲਈ ਹੋਵੇ।
“ਮੈਂ ਤਾਂ ਅੰਦਾਜੇ ਜਿਹੇ ਨਾਲ਼ ਬਜ਼ਾਰ ਦਾ ਨਾਂ ਲੈ ਦਿੱਤਾ ਸੀ।” ਕਾਲੀ ਹੱਸ ਪਿਆ ਅਤੇ ਇਸ ਨਾਲ਼ ਉਸ ਨੂੰ ਕਾਫੀ ਰਾਹਤ ਮਹਿਸੂਸ ਹੋਈ।
“ਪੰਜਵੀਂ ਦੁਕਾਨ ਲਾਲਾ ਪੰਨਾਮਲ ਦੀ ਹੈ…ਸੱਜੇ ਪਾਸੇ ਕੋਨੇ ਵਿੱਚ…ਬਹੁਤ ਬੜੀ ਦੁਕਾਨ ਹੈ। ਉਸ ਦੇ ਸੱਤ ਨਗ ਹਨ।” ਕਾਲੂ ਨੇ ਦੱਸਿਆ।
“ਤੂੰ ਪਹਿਲਾਂ ਕਿਉਂ ਨਹੀਂ ਬੋਲਿਆ?” ਛਿੱਬੂ ਨੇ ਕਿਹਾ।
“ਭੁੱਲ ਗਿਆ ਸੀ। ਕਾਲੀ ਨੇ ਦੱਸਿਆ ਤਾਂ ਚੇਤਾ ਆਇਆ ਕਿ ਮਾਂਝਾ ਦੁਕਾਨਾਂ ਦੇ ਬਾਰੇ ਮੁਨੀਮ ਤੋਂ ਪਰਚੇ ਤੇ ਲਕੀਰਾਂ ਖਿਚਵਾ ਲੈਂਦਾ ਹੈ।” ਕਾਲੂ ਖਸਿਆਨਾ ਜਿਹਾ ਹੋ ਕੇ ਮੁਸਕਰਾਇਆ।
ਆਖਰੀ ਤੇ ਪੰਜਵੀਂ ਦੁਕਾਨ ‘ਤੇ ਮਾਲ ਛੱਡਣ ਦੇ ਬਾਅਦ ਰੇੜ੍ਹਾ ਖਾਲੀ ਹੋ ਗਿਆ। ਕਾਲੂ ਨੇ ਸਾਰਿਆਂ ਪਰਚਿਆਂ ਨੂੰ ਧਿਆਨ ਨਾਲ਼ ਦੇਖਿਆ ਅਤੇ ਚੰਗੀ ਤਰ੍ਹਾਂ ਤਹਿ ਕਰਕੇ ਪਤੂਹੀ ਦੀ ਅੰਦਰਲੀ ਜੇਬ ਵਿੱਚ ਪਾ ਲਿਆ।
ਰੇੜ੍ਹੇ ਨੂੰ ਹੌਲ਼ੀ-ਹੌਲ਼ੀ ਖਿੱਚਦੇ ਹੋਏ ਉਹ ਰੈਣਕ ਬਜ਼ਾਰ ਦੇ ਚੌਂਕ ਵਿੱਚ ਆ ਗਏ।
“ਯਾਰੋ, ਪਾਣੀ ਪੀ ਲਈਏ। ਤਿਆਹ ਲੱਗੀ ਹੈ।” ਛਿੱਬੂ ਨੇ ਰੇੜ੍ਹਾ ਰੋਕ ਦਿੱਤਾ।
“ਤਿਆਹ ਤਾਂ ਮੈਨੂੰ ਵੀ ਬਹੁਤ ਲੱਗੀ ਹੈ।” ਕਾਲੂ ਨੇ ਇਸ਼ਾਰਾ ਕੀਤਾ, “ਸਾਮ੍ਹਣੇ ਹਲਵਾਈ ਦੀ ਦੁਕਾਨ ਦੇ ਬਾਹਰ ਕਮੇਟੀ ਵਾਲਿਆਂ ਦਾ ਨਲਕਾ ਹੈ। ਉੱਥੋਂ ਪਾਣੀ ਪੀਂਦੇ ਹਾਂ।”
ਕਾਲੀ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਆਪਣੇ ਖੁਸ਼ਕ ਬੁੱਲਾਂ ਤੇ ਸੁੱਕੀ ਜੀਭ ਫੇਰਦਾ ਹੋਇਆ ਨਲਕੇ ਵੱਲ ਨੂੰ ਚਲੇ ਗਿਆ। ਉਸ ਸਮੇਂ ਨਲਕਾ ਵੀ ਖੁਸ਼ਕ ਸੀ ਕਿਉਂਕਿ ਕਮੇਟੀ ਵਾਲਿਆਂ ਦੇ ਪਾਣੀ ਦੀ ਸਪਲਾਈ ਬੰਦ ਸੀ। ਉਨ੍ਹਾਂ ਨੂੰ ਦੇਖ ਕੇ ਹਲਵਾਈ ਨੇ ਕਿਹਾ, “ਪਿੱਛੇ ਜਾ ਕੇ ਖੱਬੇ ਨੂੰ ਮੁੜ ਕੇ …ਅਜ਼ਾਦੀ ਚੌਂਕ ਵਿੱਚ। ਉੱਥੇ ਪਿਆਓ ਹੈ।”
“ਸ਼ਾਹ ਜੀ, ਪਤਾ ਹੈ।” ਉਹ ਰੇੜ੍ਹਾ ਖਿੱਚਦੇ ਹੋਏ ਅਜ਼ਾਦੀ ਚੌਕ ਵੱਲ ਨੂੰ ਚਲੇ ਗਏ। ਉਹ ਇੱਕ ਧਰਮ ਸਥਾਨ ਦੀ ਕੰਧ ਦੇ ਨਾਲ਼æ ਬਣਾਈ ਗਈ ਪਿਆਓ ਦੇ ਸਾਹਮਣੇ ਜਾ ਖੜ੍ਹੇ ਹੋਏ। ਉੱਥੇ ਕਈ ਘੜੇ ਰੱਖੇ ਹੋਏ ਸਨ। ਉਨ੍ਹਾਂ ਦੇ ਮੋਹਰੇ ਕੁੱਝ ਪੈਸੇ ਪਏ ਸਨ ਅਤੇ ਪਿੱਛੇ ਇੱਕ ਬੁੜਾ ਬੈਠਾ ਸੀ।
ਉਨ੍ਹਾਂ ਨੂੰ ਆਪਣੀ ਵੱਲ ਆਉਂਦੇ ਦੇਖ ਕੇ ਬੁੜੇ ਨੇ ਇੱਕ ਘੜੇ ਦਾ ਢੱਕਣ ਚੱਕਿਆ ਅਤੇ ਪਾਣੀ ਦੀ ਗੜਵੀ ਭਰ ਕੇ ਉਨ੍ਹਾਂ ਵੱਲ ਦੇਖਦਾ ਹੋਇਆ ਉਡੀਕਣ ਲੱਗਾ। ਸਭ ਤੋਂ ਪਹਿਲਾਂ ਛਿੱਬੂ ਉਹਦੇ ਸਾਹਮਣੇ ਗਿਆ ਅਤੇ ਉਹ ਪਾਣੀ ਦੀਆਂ ਤਿੰਨ ਗੜਵੀਆਂ ਗਟਾਗਟ ਪੀ ਗਿਆ।
ਉਨ੍ਹਾਂ ਨੂੰ ਪਸ਼ੂਆਂ ਵਾਂਗ ਪਾਣੀ ਪੀਂਦੇ ਦੇਖ ਕੇ ਬੁੜੇ ਨੇ ਗੜਵੀ ਵਿੱਚ ਘੱਟ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਜਦ ਕਾਲੀ ਦੀ ਵਾਰੀ ਆਈ ਤਾਂ ਗੜਵੀ ਵਿੱਚ ਪਾਣੀ ਹੋਰ ਵੀ ਘੱਟ ਹੋ ਗਿਆ ਸੀ। ਕਾਲੀ ਨੇ ਪੰਜ ਗੜਵੀਆਂ ਪਾਣੀ ਦੀਆਂ ਪੀ ਲਈਆਂ ਤਾਂ ਬੁੜੇ ਨੇ ਹੱਥ ਖਿੱਚ ਲਿਆ। ਕਾਲੀ ਨੇ ਹੋਰ ਪਾਣੀ ਮੰਗਿਆ ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ, “ਹੈ ਨੀਂ ਹੋਰ ਪਾਣੀ। ਇਸ ਤਰ੍ਹਾਂ ਤਾਂ ਪਸ਼ੂ ਹੀ ਪਾਣੀ ਪੀਂਦੇ ਹਨ।”
“ਭਰਾਵਾ, ਸਾਡਾ ਕੰਮ ਵੀ ਤਾਂ ਪਸ਼ੂਆਂ ਵਾਲ਼ਾ ਹੀ ਹੈ। ਪਾਣੀ ਵੀ ਤਾਂ ਉਨ੍ਹਾਂ ਵਾਂਗ ਹੀ ਪੀਵਾਂਗੇ।” ਛਿੱਬੂ ਨੇ ਰੇੜ੍ਹੇ ਵੱਲ ਇਸ਼ਾਰਾ ਕੀਤਾ।
ਉਹ ਗਿੱਲੇ ਹੱਥ ਮੂੰਹ ‘ਤੇ ਫੇਰਦੇ ਹੋਏ ਬਿਨਾਂ ਕੋਈ ਪੈਸਾ-ਧੇਲਾ ਦਿੱਤੇ ਪਿਆਓ ਤੋਂ ਪਰ੍ਹੇ ਚਲੇ ਗਏ। ਬੁੜਾ ਪਹਿਲਾਂ ਤਾਂ ਬੁੜਬੁੜ ਕਰਦਾ ਰਿਹਾ, ਪਰ ਜਦ ਉਨ੍ਹਾਂ ਨੇ ਪਿੱਠ ਮੋੜ ਲਈ ਤਾਂ ਉਹਦੀ ਅਵਾਜ਼ ਉੱਚੀ ਹੋ ਗਈ, “ਤੁਸੀਂ ਸਿਰਫ ਤਿਹਾਏ ਹੀ ਨਹੀਂ ਬਲਕਿ ਜਨਮ-ਜਨਮਾਤਰਾਂ ਤੋਂ ਭੁੱਖੇ ਵੀ ਹੋ। ਡੇਢ ਬਾਲਟੀ ਪਾਣੀ ਦੀ ਪੀ ਗਏ ਅਤੇ ਹੱਥ ਝਾੜ ਕੇ ਤੁਰ ਪਏ ਜਿਵੇਂ ਪਿਆਓ ਇਨ੍ਹਾਂ ਦੇ ਤਾਏ ਦਾ ਹੋਵੇ।”
“ਤਾਏ ਦਾ ਹੀ ਤਾਂ ਪਿਆਓ ਹੈ।” ਕਾਲੂ ਪਿੱਛੇ ਮੁੜ ਕੇ ਹੱਸਿਆ।
“ਭਰਾਵਾ, ਪਰਸੋਂ ਹੀ ਤਾਂਬੇ ਦਾ ਡਬਲ ਪੈਸਾ ਰੱਖਿਆ ਸੀ। ਦੁੱਧ ਤਾ ਪਿਆਇਆ ਨਹੀਂ ਜਿਹੜਾ ਚਾਂਦੀ ਦਾ ਸਿੱਕਾ ਚਾਹੁੰਦਾ ਹੈਂ। …ਉਦਾਂ ਵੀ ਤਾਇਆ ਤੇਰੀ ਉਮਰ ਸੇਵਾ ਕਰਨ ਦੀ ਤੇ ਪੁੰਨ ਖੱਟਣ ਦੀ ਹੈ, ਨਾ ਕਿ ਲਾਲਚ ਕਰਨ ਦੀ।”
ਬੁੜੇ ਨੂੰ ਬੁੜਬੁੜਾਉਂਦਾ ਛੱਡ ਕੇ ਉਹ ਰੇੜ੍ਹੇ ਦੇ ਕੋਲ਼ ਆ ਗਏ। ਛਿੱਬੂ ਨੇ ਊਟਣਾ ਚੁੱਕ ਦਿੱਤਾ, “ਪਹਿਲਵਾਨ ਆ ਜਾ, ਤੈਨੂੰ ਬੀਂਡੀ ਲੱਗਣਾ ਸਿਖਾਵਾਂ।”
ਕਾਲੀ ਮੂਧਾ ਹੋ ਕੇ ਜੂਲੇ ਦੇ ਪਿੱਛੇ ਚਲਾ ਗਿਆ ਅਤੇ ਦੋਵਾਂ ਹੱਥਾਂ ਨਾਲ਼æ ਲੜੀਆਂ ਫੜ੍ਹ ਲਈਆਂ। ਛਿੱਬੂ ਅਤੇ ਕਾਲੂ ਟੱਪ ਕੇ ਰੇੜ੍ਹੇ ਤੇ ਚੜ੍ਹ ਗਏ। ਇੱਕ ਦੂਜੇ ਦੇ ਸਾਹਮਣੇ ਬੈਠੇ ਸਿਗਰਟ ਲਾ ਕੇ ਅਰਾਮ ਨਾਲ਼æ ਧੂੰਆਂ ਛੱਡਣ ਲੱਗੇ।
“ਪਹਿਲਵਾਨ, ਰਾਹ ਦਾ ਪਤਾ ਲੱਗ ਗਿਆ ਕਿ ਨਹੀਂ?”
“ਥੋੜ੍ਹਾ-ਥੋੜ੍ਹਾ ਪਤਾ ਲੱਗ ਗਿਆ ਹੈ। ਮੋੜ ਆਉਣ ਤੇ ਤੁਸੀਂ ਵੀ ਖਿਆਲ ਰੱਖਣਾ।” ਕਾਲੀ ਨੇ ਜੂਲੇ ਵਿੱਚ ਜੁੜਿਆਂ ਹੋਇਆਂ ਜਵਾਬ ਦਿੱਤਾ।
ਛਾਤੀ ਦੇ ਜ਼ੋਰ ਨਾਲ਼æ ਕਾਲੀ ਹੌਲ਼ੀ-ਹੌਲ਼ੀ ਰੇੜ੍ਹਾ ਖਿੱਚਣ ਲੱਗਾ। ਉਹਨੂੰ ਆਪਣੀਆਂ ਪਿੰਨੀਆਂ ਤੇ ਲਗਾਤਾਰ ਭਾਰ ਮਹਿਸੂਸ ਹੋ ਰਿਹਾ ਸੀ। ਪਰ ਕੁੱਝ ਸਮੇਂ ਬਾਅਦ ਉਹ ਭਾਰ ਸਿਰਫ ਨਾੜਾਂ ਅਤੇ ਪੱਠਿਆਂ ਤੇ ਤਣਾਅ ਜਿਹਾ ਬਣ ਕੇ ਰਹਿ ਗਿਆ ਸੀ।
ਛਿੱਬੂ ਅਤੇ ਕਾਲੂ ਆਪਣੀ ਮਰਜ਼ੀ ਮੁਤਾਬਕ ਕਦੀ ਰੇੜ੍ਹੇ ਨੂੰ ਉਲਾਰ ਅਤੇ ਕਦੀ ਦਬਾਅ ਪਾਉਣ ਨੂੰ ਕਹਿ ਦਿੰਦੇ ਤਾਂ ਕਿ ਕਾਲੀ ਸਥਿਤੀ ਦੇ ਅਨੁਸਾਰ ਆਪਣੇ-ਆਪ ਨੂੰ ਢਾਲਣਾ ਸਿੱਖ ਜਾਵੇ। ਜਿੱਥੇ ਕਿਤੇ ਮੋੜ ਆ ਜਾਂਦਾ, ਉਹ ਕਾਲੀ ਨੂੰ ਰਾਹ ਦੱਸ ਦਿੰਦੇ ਅਤੇ ਫੇਰ ਸਿਗਰਟ ਪੀਣ ਵਿੱਚ ਮਸਤ ਹੋ ਜਾਂਦੇ।
ਮੰਡੀ ਦੇ ਨੇੜੇ ਪਹੁੰਚ ਕੇ ਛਿੱਬੂ ਅਤੇ ਕਾਲੂ ਰੇੜ੍ਹੇ ਤੋਂ ਥੱਲੇ ਉੱਤਰ ਗਏ ਤਾਂ ਉਹ ਕਾਫੀ ਹਲਕਾ ਹੋ ਗਿਆ ਅਤੇ ਕਾਲੀ ਨੂੰ ਇੰਝ ਮਹਿਸੂਸ ਹੋਣ ਲੱਗਾ ਜਿਵੇਂ ਹੁਣ ਰੇੜ੍ਹਾ ਉਸ ਨੂੰ ਚਲਾ ਰਿਹਾ ਹੋਵੇ।
ਲਾਲਾ ਕੁੰਦਨ ਲਾਲ ਦੀ ਦੁਕਾਨ ਦੇ ਸਾਹਮਣੇ ਕਾਲੀ ਨੇ ਰੇੜ੍ਹਾ ਰੋਕ ਦਿੱਤਾ। ਕਾਲੂ ਅਤੇ ਛਿੱਬੂ ਦੁਕਾਨ ਵੱਲ ਨੂੰ ਚਲੇ ਗਏ ਅਤੇ ਕਾਲੀ ਰੇੜ੍ਹੇ ਨੂੰ ਊਟਣੇ ‘ਤੇ ਟਿਕਾ ਉਹਦੇ ਨੇੜੇ ਹੀ ਬੈਠ ਗਿਆ। ਬੈਠਣ ਸਮੇਂ ਉਹਦੇ ਪੱਠਿਆਂ ‘ਤੇ ਖਾਸਕਰ ਉਹਦੀਆਂ ਪਿੰਨੀਆਂ ਵਿੱਚ ਖਿੱਚ ਅਤੇ ਦਰਦ ਮਹਿਸੂਸ ਹੋਇਆ। ਜ਼ਮੀਨ ‘ਤੇ ਬੈਠ ਕੇ ਉਹ ਆਪਣੀਆਂ ਪਿੰਨੀਆਂ ਨੂੰ ਘੁੱਟਣ ਲੱਗਾ।
ਕਾਲੀ ਨੇ ਚਾਰੇ ਪਾਸੇ ਨਜ਼ਰ ਮਾਰੀ। ਹਰ ਪਾਸੇ ਪੱਲੇਦਾਰ ਅਤੇ ਰੇੜ੍ਹੇ ਵਾਲ਼ੇ ਖੜ੍ਹੇ ਸਨ। ਕੁੱਝ ਲੋਕ ਅਰਾਮ ਕਰ ਰਹੇ ਸਨ, ਕੁੱਝ ਤਾਸ਼ ਖੇਲ ਰਹੇ ਸਨ ਅਤੇ ਕੁੱਝ ਛੋਟੇ-ਛੋਟੇ ਗਰੁੱਪਾਂ ਵਿੱਚ ਵੰਡੇ ਗੱਲਾਂ ਕਰਨ ਵਿੱਚ ਰੁੱਝੇ ਹੋਏ ਸਨ। ਕਾਲੀ ਵਾਰੀ-ਵਾਰੀ ਉਨ੍ਹਾਂ ਨੂੰ ਧਿਆਨ ਨਾਲ਼æ ਦੇਖਣ ਲੱਗਾ। ਜਿਹੜੇ ਸਿਆਣੀ ਉਮਰ ਦੇ ਆਦਮੀ ਸਨ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਪੈਰਾਂ ਦੇ ਪੰਜੇ ਵਿੰਗੇ ਹੋ ਗਏ ਸਨ, ਪਿੰਨੀਆਂ ਪੱਕੀ ਹੋਈ ਘੀਆ ਵਰਗੀਆਂ ਦਿਖਾਈ ਦਿੰਦੀਆਂ ਸਨ ਅਤੇ ਗੋਡੇ ਅੰਦਰ ਨੂੰ ਮੁੜੇ ਹੋਏ ਸਨ। ਲੱਤਾਂ ਦੀਆਂ ਨਸਾਂ ਫੁੱਲ ਕੇ ਹਲਕੇ ਨੀਲੇ ਰੰਗ ਦੀ ਵੇਲ-ਜਿਹੀ ਵਰਗੀਆਂ ਹੋ ਚੁੱਕੀਆਂ ਸਨ।
ਕਾਲੀ ਦਾ ਦਿਲ ਡੁੱਬਣ ਲੱਗਾ ਕਿ ਕੁੱਝ ਸਾਲ ਰੇੜ੍ਹਾ ਖਿੱਚਣ ਬਾਅਦ ਉਹਦੀ ਵੀ ਇਹੀ ਹਾਲਤ ਹੋ ਜਾਵੇਗੀ। ਉਹ ਘਬਰਾ ਕੇ ਉੱਠ ਖੜ੍ਹਾ ਹੋਇਆ ਅਤੇ ਊਟਣੇ ਦੇ ਉੱਪਰ ਬੈਠ ਕੇ ਆਪਣੀਆਂ ਪਿੰਨੀਆਂ ਨੂੰ ਘੁੱਟ ਕੇ ਫੜ ਲਿਆ।
ਛਿੱਬੂ ਤੇ ਕਾਲੂ ਨੂੰ ਆਪਣੀ ਵੱਲ ਆਉਂਦਿਆਂ ਦੇਖ ਕੇ ਕਾਲੀ ਉੱਠ ਕੇ ਖੜ੍ਹ ਗਿਆ ਅਤੇ ਉੱਤਸ਼ਾਹ ਤੇ ਘਬਰਾਹਟ ਦੀ ਮਿਲੀ-ਜੁਲੀ ਭਾਵਨਾ ਨਾਲ਼ ਦੇਖਣ ਲੱਗਾ। ਉਹ ਕਾਲੀ ਦੇ ਕੋਲ਼ ਆ ਕੇ ਖੜ੍ਹ ਗਏ। ਫਿਰ ਜ਼ਮੀਨ ‘ਤੇ ਬੈਠ ਕੇ ਮੋਢਿਆਂ ‘ਤੇ ਰੱਖੇ ਸਾਫਿਆਂ ਨੂੰ ਹੱਥ ਵਿੱਚ ਲੈ ਕੇ ਆਪਣੇ ਆਪ ਨੂੰ ਹਵਾ ਝੱਲਣ ਲੱਗ ਪਏ।
“ਛਿੱਬੂ, ਮੁਨੀਮ ਅੱਜ ਆਪਾਂ ਨੂੰ ਜਾਣ ਬੁੱਝ ਕੇ ਤੰਗ ਕਰ ਰਿਹਾ ਸੀ। ਕੀ ਉਹਨੂੰ ਦੌਰਾ ਪੈ ਗਿਆ ਜਾਂ ਕੋਈ ਹੋਰ ਕਾਰਨ ਹੈ?” ਕਾਲੂ ਨੇ ਪੁੱਛਿਆ।
“ਕਾਰਨ ਮੈਨੂੰ ਪਤਾ ਹੈ।” ਛਿੱਬੂ ਨੇ ਅੱਖ ਦਬਾਈ। ਫਿਰ ਉਸ ਨੇ ਪਤੂਹੀ ਦੀ ਬਾਹਰਲੀ ਜੇਭ ‘ਚੋਂ ਡੱਬੀ ਕੱਢੀ ਤੇ ਹੱਥ ‘ਤੇ ਗੋਲ਼æੀ ਬਣਾ ਕੇ ਉਹਨੂੰ ਜੀਭ ਦੇ ਥੱਲੇ ਰੱਖ ਲਿਆ।
“ਕੀ ਕਾਰਨ ਹੈ?” ਕਾਲੂ ਨੇ ਪੁੱਛਿਆ।
ਛਿੱਬੂ ਨੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਗੋਲ਼æੀ ਨੂੰ ਜੀਭ ਦੇ ਥੱਲੇ ਚੰਗੀ ਤਰ੍ਹਾਂ ਟਿਕਾ ਕੇ ਰੱਖਣ ਲੱਗਾ। ਫਿਰ ਥੁੱਕ ਅੰਦਰ ਨੂੰ ਖਿੱਚਿਆ, “ਜਦੋਂ ਵੀ ਆਪਾਂ ਬਿਮਾਰੀ-ਠਿਮਾਰੀ ਜਾਂ ਘਰੇਲੂ ਪਰੇਸ਼ਾਨੀ ਤੋਂ ਮਜ਼ਬੂਰ ਹੋ ਕੇ ਆਪਣੇ ਨਾਲ਼æ ਕੋਈ ਨਵਾਂ ਆਦਮੀ ਰੱਖਦੇ ਹਾਂ ਤਾਂ ਮੁਨੀਮ ਨੂੰ ਤਕਲੀਫ ਹੋਣ ਲੱਗ ਪੈਂਦੀ ਹੈ। ਉਹਨੂੰ ਸ਼ੱਕ ਹੋ ਜਾਂਦਾ ਹੈ ਕਿ ਆਪਾਂ ਮਾਲ ਉਰੇ-ਪਰ੍ਹੇ ਕਰਕੇ ਦੌੜ ਜਾਣਾ ਹੈ। …ਫਿਕਰ ਨਾ ਕਰ। ਮੈਂ ਹੁਣੇ ਉਹਨੂੰ ਠੀਕ ਕਰਦਾ ਹਾਂ।”
ਛਿੱਬੂ ਮੰਡੀ ਦੇ ਵੱਡੇ ਦਰਵਾਜ਼ੇ ਵੱਲ ਨੂੰ ਤੁਰ ਪਿਆ ਤਾਂ ਕਾਲੂ ਗੁੱਸੇ ਨਾਲ਼ ਬੋਲਿਆ, “ਕਿੱਥੇ ਜਾ ਰਿਹਾ ਹੈਂ?”
“ਹੁਣੇ ਆਉਂਦਾ ਹਾਂ” ਛਿੱਬੂ ਨੇ ਉਹਨੂੰ ਹੱਥ ਦੇ ਇਸ਼ਾਰੇ ਨਾਲ਼ ਸਮਝਾਉਣ ਦੀ ਕੋਸ਼ਿਸ਼ ਕੀਤੀ। ਕਾਲੂ ਸਾਫਾ ਇਕੱਠਾ ਕਰਦਾ ਹੋਇਆ ਉੱਠ ਖੜ੍ਹਾ ਹੋਇਆ ਅਤੇ ਰੇੜ੍ਹੇ ਦੇ ਊਟਣੇ ‘ਤੇ ਬੈਠ ਕੇ ਪਤੂਹੀ ਦੀਆਂ ਅੰਦਰਲੀਆਂ ਜੇਬਾਂ ਵਿੱਚ ਹੱਥ ਮਾਰਨ ਲੱਗਾ। ਉਸ ਨੇ ਪਰਚਿਆਂ ਨੂੰ ਚੰਗੀ ਤਰ੍ਹਾਂ ਟੋਹਿਆ ਅਤੇ ਨਿਸਚਿੰਤ ਹੋ ਕੇ ਦੋ ਪੱਲੇਦਾਰਾਂ ਨਾਲ਼ ਗੱਲਾਂ ਕਰਨ ਲੱਗਾ।
ਕਾਲੀ ਜ਼ਮੀਨ ‘ਤੇ ਬੈਠ ਇੱਕ ਵਾਰ ਫਿਰ ਪੱਲੇਦਾਰਾਂ, ਰੇੜ੍ਹੇ ਅਤੇ ਗੱਡੇ ਵਾਲਿਆਂ ਨੂੰ ਦੇਖਣ ਲੱਗਾ। ਕਈ ਆਦਮੀਆਂ ਦੀਆਂ ਲੱਤਾਂ ਤਾਂ ਇੰਨੀਆਂ ਵਿੰਗੀਆਂ ਹੋ ਗਈਆਂ ਸਨ ਕਿ ਜੇ ਉਹ ਪੈਰ ਜੋੜ ਕੇ ਵੀ ਖੜ੍ਹੇ ਹੋਣ ਤਾਂ ਵੀ ਉਨ੍ਹਾਂ ਦੇ ਗੋਡਿਆਂ ਵਿੱਚ ਐਨਾ ਫਰਕ ਰਹਿ ਜਾਂਦਾ ਸੀ ਕਿ ਉਨ੍ਹਾਂ ਵਿੱਚ ਛੋਟੀ ਜਿਹੀ ਢੋਲਕੀ ਨੂੰ ਅਸਾਨੀ ਨਾਲ਼ ਫਸਾਇਆ ਜਾ ਸਕੇ। ਉਹਨੂੰ ਆਪਣੀ ਫਿਰ ਚਿੰਤਾ ਹੋਣ ਲੱਗੀ। ਉਸ ਨੇ ਆਪਣੀਆਂ ਦੋਨੋ ਲੱਤਾਂ ਸਿੱਧੀਆਂ ਪਸਾਰ ਲਈਆਂ ਅਤੇ ਪੈਰ ਜੋੜ ਲਏ। ਫਿਰ ਉਹਨੇ ਗੋਡਿਆਂ ਦੇ ਵਿਚਲੀ ਖਾਲੀ ਥਾਂ ਨੂੰ ਟੋਹਿਆ। ਉਨ੍ਹਾਂ ਵਿੱਚ ਸਿਰਫ ਦੋ ਉਂਗਲੀਆਂ ਦੀ ਹੀ ਜਗ੍ਹਾ ਸੀ। ਬੇਫਿਕਰ ਹੋ ਕੇ ਲੱਤਾਂ ਇਕੱਠੀਆਂ ਕਰਕੇ ਉਹ ਅਰਾਮ ਨਾਲ਼ ਬੈਠ ਗਿਆ।
ਵੱਡੇ ਦਰਵਾਜ਼ੇ ਰਾਹੀਂ ਬੋਰੀਆਂ ਨਾਲ਼æ ਉੱਪਰ ਤੱਕ ਲੱਦੇ ਤਿੰਨ ਗੱਡੇ ਅੰਦਰ ਆਏ ਤਾਂ ਪੱਲੇਦਾਰ ਹੈਰਾਨ ਹੋ ਗਏ।
“ਉੱਠ ਤਾਇਆ। ਗੱਡੇ ਆ ਗਏ। ਮਾਲ ਉੱਤਾਰ ਕੇ ਅੰਦਰ ਲਿਆਉਣਾ ਹੈ।”
“ਤਾਏ ਨੂੰ ਬੋਰੀਆਂ ਢੋਣ ਲਈ ਉਠਾਲ ਰਿਹੈਂ। ਕੀ ਉਹਨੂੰ ਅਫੀਮ ਦੀ ਗੋਲੀ ਦਿੱਤੀ ਹੋਈ ਹੈ?” ਇੱਕ ਹੋਰ ਬਜ਼ੁਰਗ ਪੱਲੇਦਾਰ ਨੇ ਲੰਮੇ ਪਿਆਂ ਹੀ ਸਿਰ ਉੱਪਰ ਉਠਾਇਆ।
“ਡਬਲ ਗੋਲੀ ਦਿੱਤੀ ਹੈ। ਦਿੱਸਦਾ ਨਹੀਂ …ਤਾਏ ਦਾ ਚਿਹਰਾ ਧੁੱਪ ਵਾਂਗ ਚਮਕਦਾ ਹੈ।” ਨੌਜੁਆਨ ਪੱਲੇਦਾਰ ਨੇ ਹੱਸਦਿਆਂ ਕਿਹਾ।
“ਫਿਕਰ ਨਾ ਕਰ। ਬੁੜਾ ਬਲਦ ਦਿਨ ਢਲੇ ਤੱਕ ਬਿਨਾਂ ਪਾਣੀ ਪੀਤਿਆਂ ਤੇ ਬਿਨਾਂ ਪਿਸ਼ਾਬ ਕੀਤਿਆਂ ਬੋਰੀਆਂ ਢੋਂਹਦਾ ਰਹੇਗਾ। …ਕਾਕਾ, ਰਾਤ ਨੂੰ ਇਹਨੂੰ ਸੇਰ-ਅੱਧ ਸੇਰ ਦੁੱਧ ਜ਼ਰੂਰ ਪਿਲਾ ਦਿਉ ਤਾਂ ਕਿ ਮਾਵੇ ਦੀ ਖੁਸ਼ਕੀ ਦੂਰ ਹੋ ਸਕੇ।”
“ਚਾਚਾ, ਚਿੰਤਾ ਨਾ ਕਰ। ਤਾਏ ਦੀ ਖੁਰਾਕ ਦਾ ਮੈਂ ਬਹੁਤ ਧਿਆਨ ਰੱਖਦਾ ਹਾਂ। ਬਿਨਾਂ ਖੁਰਾਕ ਖਾਧੇ ਇਸ ਉਮਰ ‘ਚ ਵੱਛੇ ਜਿੰਨੀ ਤਾਕਤ ਨਹੀਂ ਹੋ ਸਕਦੀ।” ਨੌਜੁਆਨ ਪੱਲੇਦਾਰ ਨੇ ਵਿਸ਼ਵਾਸ ਦੁਆਇਆ ਅਤੇ ਉਹ ਆਪਣੀ-ਆਪਣੀ ਬੋਰੀ ਪਿੱਠ ‘ਤੇ ਬੰਨ੍ਹ ਕੇ ਤੇ ਸਿਰ ਉੱਤੇ ਸਾਫੇ ਲਪੇਟਦੇ ਹੋਏ ਗੱਡਿਆਂ ਵੱਲ ਨੂੰ ਤੁਰ ਪਏ।
ਛਿੱਬੂ ਦੇ ਹੱਥ ਵਿੱਚ ਪੁੜੀਆਂ ਦੇਖ ਕੇ ਕਾਲੂ ਉਹਦੀ ਵੱਲ ਨੂੰ ਹੋ ਗਿਆ, “ਕੀ ਲਿਆਇਆਂ?”
“ਪਾਨ…ਜਰਦੇ ਵਾਲ਼ਾ।”
“ਕਿਹਦੇ ਲਈ? ਤੂੰ ਤਾਂ ਗੋਲ਼æੀ ਖਾਂਦਾ ਆਂ?”
“ਮੁਨੀਮ ਦੇ ਲਈ। ਉਹ ਪਾਨ ਦਾ ਬਹੁਤ ਸ਼ੋਕੀਨ ਹੈ। ਮੁਫਤ ਦਾ ਮਿਲ ਜਾਏ ਤਾਂ ਉਹਦਾ ਸੁੱਕੇ ਬੇਰ ਵਰਗਾ ਚੇਹਰਾ ਵੀ ਮੱਕੀ ਦੀ ਖਿੱਲ ਵਾਂਗ ਖਿੜ੍ਹ ਜਾਂਦਾ ਹੈ।” ਛਿੱਬੂ ਨੇ ਖੱਬੀ ਅੱਖ ਦੱਬੀ, “ਕੀ ਤੂੰ ਪਰਚੇ ਉਹਨੂੰ ਮੋੜ੍ਹ ਦਿੱਤੇ ਹਨ?”
“ਕਿੱਥੇ, ਉਹਨੇ ਮੈਨੂੰ ਜਾਂਦੇ ਨੂੰ ਹੀ ਝਿੜਕ ਦਿੱਤਾ।” ਕਾਲੂ ਨੇ ਇਤਰਾਜ਼ ਕੀਤਾ।
“ਕੋਈ ਗੱਲ ਨਹੀਂ। ਮੇਰੇ ਪਿੱਛੇ-ਪਿੱਛੇ ਆ ਜਾ। ਹੁਣੇ ਥੋੜ੍ਹੇ ਚਿਰ ਵਿੱਚ ਸਭ ਕੁੱਝ ਠੀਕ ਹੋ ਜਾਵੇਗਾ।” ਕਾਲੂ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕਰਦਾ ਹੋਇਆ ਛਿੱਬੂ ਦੁਕਾਨ ਵੱਲ ਨੂੰ ਤੁਰ ਪਿਆ। ਕਾਲੂ ਵੀ ਲੰਮੀਆਂ-ਲੰਮੀਆਂ ਲਾਂਘਾਂ ਭਰਦਾ ਹੋਇਆ ਉਹਦੇ ਪਿੱਛੇ ਤੁਰ ਪਿਆ।
ਥੋੜ੍ਹੇ ਹੀ ਚਿਰ ਬਾਅਦ ਛਿੱਬੂ ਤੇ ਕਾਲੂ ਦੁਕਾਨ ਤੋਂ ਮੁੜ ਆਏ ਅਤੇ ਆਪਸ ਵਿੱਚ ਘੁਸਰ-ਫੁਸਰ ਕਰਨ ਲੱਗੇ।
ਕਾਲੀ ਪਰੇਸ਼ਾਨ ਹੋਣ ਲੱਗਾ ਕਿ ਉਹਦੇ ਕਾਰਨ ਉਨ੍ਹਾਂ ਨੂੰ ਮੁਸੀਬਤ ਦਾ ਸਾਮਣਾ ਕਰਨਾ ਪੈ ਰਿਹਾ ਹੈ। ਉਹਨੇ ਨੀਵੀਂ ਪਾ ਲਈ ਤੇ ਸੋਚਣ ਲੱਗਾ ਕਿ ਉਹ ਉਨ੍ਹਾਂ ਦੀ ਪਰੇਸ਼ਾਨੀ ਕਿਵੇਂ ਦੂਰ ਕਰ ਸਕਦਾ ਹੈ। ਪਰ ਉਸ ਦੀ ਸਮਝ ਵਿੱਚ ਕੁੱਝ ਨਹੀਂ ਸੀ ਆ ਰਿਹਾ। ਉਸ ਨੇ ਅੱਖਾਂ ਬੰਦ ਕਰ ਲਈਆਂ ਤੇ ਇਸ ਤਰ੍ਹਾਂ ਲੰਮਾ ਪੈ ਗਿਆ ਜਿਵੇਂ ਉਹਨੂੰ ਨੀਂਦ ਆ ਗਈ ਹੋਵੇ। ਲੇਕਿਨ ਉਹ ਕੰਨ ਖੜ੍ਹੇ ਕਰਕੇ ਬਹੁਤ ਹੀ ਸੁਚੇਤ ਮਨ ਨਾਲ਼æ ਉਨ੍ਹਾਂ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕਰਦਾ ਰਿਹਾ। ਉਨ੍ਹਾਂ ਦੀ ਗੱਲ ਬਾਤ ਵਿੱਚ ਆਪਣਾ ਜ਼ਿਕਰ ਨਾ ਸੁਣ ਕੇ ਉਸ ਨੂੰ ਸੁਖ ਦਾ ਸਾਹ ਆਇਆ।
ਛਿੱਬੂ ਤੇ ਕਾਲੂ ਗੱਲਾਂ ਕਰਦੇ-ਕਰਦੇ ਕਾਲੀ ਦੇ ਨੇੜੇ ਆ ਗਏ। ਕਾਲੂ ਦੇ ਮੋਢੇ ‘ਤੇ ਹੱਥ ਰੱਖ ਕੇ ਛਿੱਬੂ ਨੇ ਉਸ ਨੂੰ ਸਮਝਾਇਆ, “ਤੂੰ ਤਾਂ ਛੋਟੀ ਤੋਂ ਛੋਟੀ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਜਾਦਾ ਹੈਂ। ਤੈਨੂੰ ਵਹਿਮ ਹੋ ਗਿਆ ਹੈ। ਮੁਨੀਮ ਦੀਆਂ ਆਪਣੀਆਂ ਮਜ਼ਬੂਰੀਆਂ ਹਨ। …ਮਾਲ ਤਾਂ ਉਹਨੇ ਭਿਜਵਾਉਣਾ ਹੀ ਹੈ।”
“ਜੇ ਉਹਨੇ ਦੂਸਰੇ ਰੇੜ੍ਹੇ ਵਾਲ਼ੇ ਨੂੰ ਦੇ ਦਿੱਤਾ?” ਕਾਲੂ ਨੇ ਸ਼ੱਕ ਜਾਹਿਰ ਕੀਤਾ।
“ਦੂਜੇ ਰੇੜ੍ਹੇ ਵਾਲਿਆਂ ਕੋਲ਼ ਕੀ ਧਰਮਰਾਜ ਦੀ ਚਿੱਠੀ ਹੈ ਕਿ ਉਹ ਬਹੁਤ ਇਮਾਨਦਾਰ ਹਨ। ਤੈਨੂੰ ਗੈਂਡੇ ਦੁਕਾਨਦਾਰ ਦੀ ਗੱਲ ਕਰਨੀ ਹੀ ਨਹੀਂ ਚਾਹੀਦੀ ਸੀ।”
“ਮੈਂ ਤਾਂ ਐਂਵੇ ਸਧਾਰਨ ਹੀ ਗੱਲ ਕੀਤੀ ਸੀ ਕਿ ਗੈਂਡਾ ਦੁਕਾਨਦਾਰ ਪੁੱਛ ਰਿਹਾ ਸੀ ਕਿ ਬੋਰੀਆਂ ਦਾ ਤੋਲ ਠੀਕ ਹੈ। ਕਿਤੇ ਸੂਏ ਮਾਰ ਕੇ ਖੰਡ ਤਾਂ ਨਹੀਂ ਕੱਢ ਲਈ। ਇਹਦੇ ਵਿੱਚ ਕੀ ਮਾੜੀ ਗੱਲ ਆ?” ਕਾਲੂ ਨੇ ਇਤਰਾਜ਼ ਵਿੱਚ ਸਿਰ ਮਾਰਿਆ, “ਮੁਨੀਮ ਜੀ ਨੇ ਮਖੌਲ ਵਿੱਚ ਕਹੀ ਗੱਲ ਨੂੰ ਉਲਟਾ ਲੈ ਲਿਆ। ਸਾਨੂੰ ਹੀ ਚੋਰ ਦੱਸਣ ਲੱਗਾ।”
“ਭਰਾਵਾ ਗੁੱਸਾ ਨਾ ਕਰ। ਮੁਨੀਮ ਤੇ ਆਪਣਾ ਬਹੁਤ ਫਰਕ ਹੈ…। ਅਸੀਂ ਹਾਂ ਰੇੜ੍ਹੇ ਵਾਲ਼ੇ ਅਤੇ ਉਹ ਹੈ ਸੇਠ ਕੁੰਦਨ ਲਾਲ ਦਾ ਮੁਨੀਮ।” ਛਿੱਬੂ ਨੇ ਸਮਝਾਇਆ।
“ਸੇਠ ਵੀ ਤਾਂ ਉਹਦੇ ‘ਤੇ ਹਜ਼ਾਰਾਂ ਰੁਪਇਆਂ ਦਾ ਯਕੀਨ ਕਰਦਾ ਹੈ। ਕੀ ਉਹ ਸਾਡੇ ‘ਤੇ ਸੈਂਕੜੇ ਰੁਪਇਆਂ ਦਾ ਯਕੀਨ ਨਹੀਂ ਕਰ ਸਕਦਾ? ਮੁਨੀਮ, ਪਤਾ ਨਹੀਂ, ਸੱਤ ਦਿਨ, ਪੰਦਰਾਂ ਦਿਨ ਜਾਂ ਮਹੀਨੇ ਬਾਅਦ ਹਿਸਾਬ ਦਿੰਦਾ ਹੈ। ਅਸੀਂ ਤਾਂ ਫੇਰੇ ਤੋਂ ਮੁੜਦੇ ਹੀ ਹਿਸਾਬ ਦੇ ਦਿੰਦੇ ਹਾਂ।” ਕਾਲੂ ਨੇ ਭਰਵੱਟੇ ਉੱਪਰ ਚੜ੍ਹਾ ਕੇ ਚਿਤਾਵਨੀ ਦਿੱਤੀ, “ਮੈਨੂੰ ਤਾਂ ਉਹਦੀ ਨੀਅਤ ‘ਤੇ ਸ਼ੱਕ ਹੈ। ਉਹ ਜ਼ਰੂਰ ਕੋਈ ਦੂਸਰਾ ਰੇੜ੍ਹਾ ਲਾਉਣਾ ਚਾਹੁੰਦਾ ਹੈ।”
“ਇੰਨੀ ਛੇਤੀ ਸੱæਕ ਨਾ ਕਰਿਆ ਕਰ। ਉਸ ਨੇ ਦੁਪਹਿਰ ਦੇ ਬਾਅਦ ਮਾਲ ਚੁੱਕਣ ਲਈ ਕਿਹਾ ਹੈ। ਦੁਪਹਿਰ ਹੋਣ ਵਿੱਚ ਕਿਹੜੇ ਗੋਡੇ ਰਹਿ ਗਏ ਹਨ। …ਚੱਲੋ, ਘਰ ਚੱਲਦੇ ਹਾਂ …ਮਾਂਝੇ ਦੀ ਵੀ ਖਬਰ ਲੈਣੀ ਹੈ। ਪਤਾ ਨਹੀਂ ਹਕੀਮ ਦੀ ਦਵਾਈ ਨੇ ਫਾਇਦਾ ਕੀਤਾ ਹੈ ਜਾਂ ਨਹੀਂ।” ਛਿੱਬੂ ਨੂੰ ਬਹੁਤ ਫਿਕਰ ਸੀ। ਫਿਰ ਸਾਫੇ ਨੂੰ ਮੋਢੇ ‘ਤੇ ਰੱਖਦਾ ਹੋਇਆ ਬੋਲਿਆ, “ਪਹਿਲਵਾਨ, ਤੂੰ ਵੀ ਰੋਟੀ-ਪਾਣੀ ਖਾ ਲੈ। ਥੋੜ੍ਹਾ ਅਰਾਮ ਕਰ ਲੈ। ਤੇਰਾ ਪਹਿਲਾ ਦਿਨ ਹੈ। ਥੱਕ ਗਿਆ ਹੋਵੇਂਗਾ। ਰੇੜ੍ਹੇ ਤੋਂ ਬਹੁਤੀ ਦੂਰ ਨਾ ਜਾਈਂ। ਕਈ ਵਾਰ ਲੋਕ ਆਪਣੀ ਸਹੂਲਤ ਲਈ ਰੇੜ੍ਹੇ ਨੂੰ ਉਰੇ-ਪਰ੍ਹੇ ਧੱਕ ਦਿੰਦੇ ਹਨ। …ਅਸੀਂ ਘਰ ਜਾ ਕੇ ਮਾਂਝੇ ਦੀ ਖਬਰ ਲੈ ਆਈਏ,” ਛਿੱਬੂ ਅਤੇ ਕਾਲੂ ਬੜੇ ਦਰਵਾਜ਼ੇ ਵੱਲ ਨੂੰ ਤੁਰ ਪਏ।
ਕਾਲੀ ਉਨ੍ਹਾਂ ਨੂੰ ਜਾਂਦਿਆਂ ਦੇਖਦਾ ਰਿਹਾ। ਉਹਨੂੰ ਉਨ੍ਹਾਂ ਦੇ ਨਾਲ਼æ ਈਰਖਾ ਹੋਣ ਲੱਗੀ ਕਿ ਸ਼ਹਿਰ ਵਿੱਚ ਉਨ੍ਹਾਂ ਦਾ ਘਰ ਹੈ। ਉਹ ਉਨ੍ਹਾਂ ਦੇ ਮਕਾਨ ਬਾਰੇ ਸੋਚਣ ਲੱਗਾ। ਉਸ ਦੀਆਂ ਨਜ਼ਰਾਂ ਮੰਡੀ ਵਿੱਚ ਚਾਰੇ ਪਾਸੇ ਵੱਡੇ ਵੱਡੇ ਅਤੇ ਉੱਚੇ ਚੁਬਾਰਿਆਂ ‘ਤੇ ਘੁੰਮਣ ਲੱਗੀਆਂ। ਸਾਰੇ ਚੁਬਾਰਿਆਂ ਦੀਆਂ ਖਿੜਕੀਆਂ ਮੰਡੀ ਵੱਲ ਨੂੰ ਖੁੱਲਦੀਆਂ ਸਨ ਅਤੇ ਉਨ੍ਹਾਂ ਉੱਪਰ ਨੀਲੇ, ਲਾਲ, ਪੀਲੇ ਰੰਗਾਂ ਦੇ ਸ਼ੀਸ਼ੇ ਲੱਗੇ ਹੋਏ ਸਨ। ਕਾਲੀ ਨੂੰ ਆਪਣੀ ਕੋਠੜੀ ਯਾਦ ਆਉਣ ਲੱਗੀ ਤਾਂ ਉਹ ਉਦਾਸ ਹੋ ਗਿਆ। ਉਹ ਰੇੜ੍ਹੇ ਨੂੰ ਚੰਗੀ ਤਰ੍ਹਾਂ ਊਟਣੇ ‘ਤੇ ਟਿਕਾ ਕੇ ਅਤੇ ਉਸ ਦੇ ਪਹੀਆਂ ਦੇ ਪਿੱਛੇ ਛੋਟੇ-ਛੋਟੇ ਪੱਥਰ ਰੱਖ ਕੇ ਤੰਦੂਰ ਦੀ ਭਾਲ ਵਿੱਚ ਇੱਧਰ-ਉੱਧਰ ਦੂਰ ਤੱਕ ਝਾਕਣ ਲੱਗਾ। ਫਿਰ ਇੱਕ ਥਾਂ ਰੋਟੀਆਂ ਥੱਪਣ ਦੀ ਅਵਾਜ਼ ਸੁਣ ਕੇ ਉੱਧਰ ਨੂੰ ਤੁਰ ਪਿਆ।
ਸ਼ਾਮ ਤੱਕ ਛਿੱਬੂ, ਕਾਲੂ ਅਤੇ ਕਾਲੀ ਨੇ ਚੌਂਕ ਪੰਜਪੀਰ, ਅਟਾਰੀ ਬਜ਼ਾਰ ਅਤੇ ਭੈਰੋਂ ਬਜ਼ਾਰ ਦੇ ਤਿੰਨ ਚੱਕਰ ਹੋਰ ਲਾਏ। ਤਿੰਨੇ ਜਣੇ ਬਹੁਤ ਥੱਕ ਗਏ ਸਨ ਪਰ ਕਾਲੀ ਦਾ ਤਾਂ ਬਹੁਤ ਹੀ ਬੁਰਾ ਹਾਲ ਸੀ। ਉਸ ਦੇ ਸਾਰੇ ਸਰੀਰ ਵਿੱਚ ਚੀਸਾਂ ਪੈ ਰਹੀਆਂ ਸਨ। ਉਪਰੋਂ ਛਿਪਦੇ ਹੋਏ ਸੂਰਜ ਕਰਕੇ ਉਹ ਹੋਰ ਵੀ ਪਰੇਸ਼ਾਨ ਹੋ ਰਿਹਾ ਸੀ। ਉਸ ਨੂੰ ਇਹ ਚਿੰਤਾ ਸਤਾ ਰਹੀ ਸੀ ਕਿ ਉਹ ਰਾਤ ਕਿੱਥੇ ਕੱਟੇਗਾ। ਪਹਿਲਾਂ ਤਾਂ ਉਹ ਸਾਰਾ ਦਿਨ ਘੁੰਮਦਾ ਫਿਰਦਾ ਰਾਤ ਕੱਟਣ ਦਾ ਕੋਈ ਨਾ ਕੋਈ ਠਿਕਾਣਾ ਬਣਾ ਲੈਂਦਾ ਸੀ।
ਕਾਲੀ ਰੇੜ੍ਹੇ ਦੇ ਊਟਣੇ ਉੱਥੇ ਬੈਠਾ ਆਪਣੇ-ਆਪ ਨੂੰ ਇੱਕ ਹੱਥ ਨਾਲ਼ ਚਾਦਰ ਨਾਲ਼ ਹਵਾ ਝੱਲਦਾ ਤੇ ਦੂਜੇ ਹੱਥ ਨਾਲ਼æ ਕਦੀ ਪਿੰਨੀਆਂ ਨੂੰ ਘੁੱਟਦਾ ਤੇ ਕਦੀ ਪੱਟਾਂ ‘ਤੇ ਹੱਥ ਫੇਰਦਾ। ਉਹ ਜਿਥੇ ਵੀ ਹੱਥ ਲਾਉਂਦਾ ਉਹਨੂੰ ਦਰਦ ਨਾਲ਼ ਚੀਸ ਮਹਿਸੂਸ ਹੁੰਦੀ। ਉਹ ਕਦੀ-ਕਦੀ ਦੁਕਾਨ ਵੱਲ ਵੀ ਦੇਖ ਲੈਂਦਾ ਜਿਥੇ ਮੁਨੀਮ ਦੀ ਗੱਦੀ ਦੇ ਸਾਹਮਣੇ ਖੜ੍ਹੇ ਛਿੱਬੂ ਅਤੇ ਕਾਲੂ ਦਿਨ-ਭਰ ਦੀ ਕਮਾਈ ਦਾ ਹਿਸਾਬ ਕਰ ਰਹੇ ਸਨ। ਮੁਨੀਮ ਆਪਣੇ ਬਹੀ-ਖਾਤੇ ਵਿੱਚ ਰੁੱਝਾ ਹੋਇਆ ਸੀ ਅਤੇ ਉਹ ਉਡੀਕ ਕਰਦੇ ਆਪਣੀ ਖਿੱਝ ਅਤੇ ਥਕਾਵਟ ‘ਤੇ ਕਾਬੂ ਪਾਣ ਲਈ ਘੜੀ-ਘੜੀ ਪਾਸੇ ਮਾਰ ਰਹੇ ਸਨ।
ਮੁਨੀਮ ਨੇ ਬਹੀ-ਖਾਤੇ ਤੋਂ ਵਿਹਲਾ ਹੋ ਕੇ ਉਨ੍ਹਾਂ ਵੱਲ ਦੇਖਿਆ ਅਤੇ ਤਲਖ਼ ਅਵਾਜ਼ ਵਿੱਚ ਪੁੱਛਿਆ, “ਕੀ ਗੱਲ ਆ? ਕਿਓ ਮੇਰੇ ਸਿਰ ‘ਤੇ ਜਮਦੂਤ ਬਣਕੇ ਖੜ੍ਹੇ ਹੋ?”
“ਮੁਨੀਮ ਜੀ, ਅਸੀਂ ਤਾਂ ਤੁਹਾਡੇ ਦਾਸ ਹਾਂ।” ਛਿੱਬੂ ਉਸ ਦੇ ਪੈਰਾਂ ‘ਤੇ ਝੁਕ ਗਿਆ। ਫਿਰ ਉਂਗਲੀਆਂ ਅਗੂੰਠੇ ਨਾਲ਼ ਜੋੜ ਕੇ ਮੂੰਹ ਵੱਲ ਚੁੱਕ ਲਈਆਂ, “ਅੱਜ ਦਾ ਅੰਨ-ਦਾਣਾ ਲੈਣ ਲਈ ਖੜ੍ਹੇ ਹਾਂ। ਘਰ ਜਾ ਕੇ ਮਾਂਝੇ ਦਾ ਵੀ ਹਾਲ ਦੇਖਣਾ ਹੈ। ਖੂਨ ਦੇ ਦਸਤ ਲੱਗੇ ਹੋਏ ਹਨ। ਉਪਰੋਂ ਤਾਪ ਵੀ ਚੜ੍ਹ ਗਿਆ ਹੈ।”
ਉਹਨੂੰ ਮਾਵਾ ਘੱਟ ਦਿਆ ਕਰ। …ਉਹਨੂੰ ਖੂਨੀ ਦਸਤ ਨਾ ਲੱਗਣਗੇ ਤਾਂ ਕੀ ਦੁੱਧ ਦੇ ਜਲਾਬ ਆਉਣਗੇ।” ਮੁਨੀਮ ਨੇ ਐਨਕ ਨੱਕ ਤੋਂ ਥੱਲੇ ਖਿਸਕਾ ਕੇ ਛਿੱਬੂ ਵੱਲ ਦੇਖਿਆ।
“ਮੁਨੀਮ ਜੀ, ਅਸੀਂ ਕੀ ਕਰ ਸਕਦੇ ਹਾਂ। ਉਹਨੂੰ ਬਥੇਰਾ ਕਿਹਾ ਸੀ। ਉਹ ਮੰਨਦਾ ਹੀ ਨਹੀਂ।” ਛਿੱਬੂ ਨੇ ਹੱਥ ਹਿਲਾ ਕੇ ਬੇਬਸੀ ਜ਼ਾਹਿਰ ਕਰਦਿਆਂ ਕਿਹਾ।
“ਬੱਚੂ, ਤੁਸੀਂ ਬਹੁਤ ਹੁਸ਼ਿਆਰ ਹੋ। …ਉਹ ਤਾਂ ਮੰਨ ਜਾਵੇ ਪਰ ਤੁਸੀਂ ਉਹਨੂੰ ਸਮਝਾਉਣਾ ਹੀ ਨਹੀਂ ਚਾਹੁੰਦੇ। …ਮਾਵੇ ਦੀ ਗੋਲ਼ੀ ਖਾ ਕੇ ਮਾਂਝਾ ਬੀਂਡੀ ਲੱਗ ਜਾਂਦਾ ਹੈ। ਝੋਟੇ ਦੀ ਤਰ੍ਹਾਂ ਗਰਦਣ ਸਿੱਟ ਕੇ ਰੇੜ੍ਹਾ ਖਿੱਚਦਾ ਹੈ ਅਤੇ ਤੁਸੀਂ ਚੀਚੀ ਨਾਲ਼æ ਉਹਨੂੰ ਧੱਕਾ ਲਾਉਂਦੇ ਰਹਿੰਦੇ ਹੋ। ਗੱਲ ਕਰੋ ਸਵਾਰਥ ਦੀ।” ਮੁਨੀਮ ਨੇ ਹੋਰ ਵੀ ਤੇਜ਼ ਨਜ਼ਰਾਂ ਨਾਲ਼æ ਛਿੱਬੂ ਅਤੇ ਕਾਲੂ ਵੱਲ ਦੇਖਿਆ।
ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ ਪਰ ਕਾਲੀ ਜ਼ਰੂਰ ਘਬਰਾ ਗਿਆ ਕਿ ਹਰ ਰੋਜ਼ ਬੀਂਡੀ ਲੱਗਣ ਨਾਲ਼ ਇੱਕ ਦਿਨ ਉਹਨੂੰ ਵੀ ਖੂਨੀ ਦਸਤ ਲੱਗ ਸਕਦੇ ਹਨ। ਉਹਦੇ ਕੋਲ਼ ਨਾ ਤਾਂ ਪੈਸੇ ਹਨ ਤੇ ਨਾ ਟਿਕਾਣਾ। ਆਦਮੀ ਤਾਂ ਕੀ, ਸ਼ਹਿਰ ਦੇ ਕੁੱਤੇ ਵੀ ਉਹਦੇ ਪੈਰ ਨਹੀਂ ਲੱਗਣ ਦਿੰਦੇ। ਉਹਨੂੰ ਸੱਚੀਂ ਆਪਣੇ ਢਿੱਡ ਵਿੱਚ ਗੁੜ-ਗੁੜ ਜਿਹੀ ਮਹਿਸੂਸ ਹੋਣ ਲੱਗੀ ਜਿਵੇਂ ਉਹਦੇ ਅੰਦਰ ਕੋਈ ਚੀਜ਼ ਘੁੰਮ ਰਹੀ ਹੋਵੇ ਜਿਹੜੀ ਪਿੱਛੇ ਕੋਈ ਚੀਸ ਜਿਹੀ ਛੱਡ ਰਹੀ ਸੀ।
ਕੁਸ਼ ਹੀ ਸਮੇਂ ਪਿੱਛੋਂ ਮੁਨੀਮ ਤੋਂ ਪੈਸੇ ਲੈ ਕੇ ਛਿੱਬੂ ਅਤੇ ਕਾਲੂ ਦੁਕਾਨ ਤੋਂ ਬਾਹਰ ਆ ਗਏ। ਉਨ੍ਹਾਂ ਨੇ ਪੈਸੇ ਆਪਸ ਵਿੱਚ ਵੰਡ ਕੇ ਪਤੂਹੀ ਦੀ ਅੰਦਰਲੀ ਜੇਬ ਵਿੱਚ ਪਾ ਲਏ। ਫੇਰ ਉਹ ਕਾਲੀ ਦੇ ਕੋਲ਼ ਆ ਗਏ। ਛਿੱਬੂ ਨੇ ਦੋ ਚਵਾਨੀਆਂ ਕਾਲੀ ਦੇ ਹੱਥ ਤੇ ਰੱਖਦਿਆਂ ਕਿਹਾ, “ਪਹਿਲਵਾਨ, ਆਹ ਲਉ ਅੱਠ ਆਨੇ। ਦਸ ਆਨੇ ਤੇਰੀ ਮਜ਼ਦੂਰੀ ਬਣੀ ਸੀ। ਦੋ ਆਨੇ ਰੇੜ੍ਹੇ ਦਾ ਕਿਰਾਇਆ ਕੱਟ ਲਿਆ ਹੈ।”
ਕਾਲੀ ਨੇ ਹਥੇਲੀ ਤੇ ਚਵਾਨੀਆਂ ਨੂੰ ਹਿਲਾਇਆ ਜਿਵੇਂ ਉਨ੍ਹਾਂ ਨੂੰ ਤੋਲ਼ ਕੇ ਉਨ੍ਹਾਂ ਦਾ ਭਾਰ ਹਾੜ ਰਿਹਾ ਹੋਵੇ। ਫਿਰ ਉਸ ਨੇ ਚਵਾਨੀਆਂ ਵਾਲ਼ੀ ਮੁੱਠ ਮੱਥੇ ਨੂੰ ਲਾਈ ਕਿਉਂਕਿ ਸ਼ਹਿਰ ਆਉਣ ਤੋਂ ਬਾਅਦ ਇਹ ਉਹਦੀ ਪਹਿਲੀ ਕਮਾਈ ਸੀ। ਕਾਲੀ ਵੱਲ ਦੇਖ ਕੇ ਛਿੱਬੂ ਨੇ ਮੁਸਕਰਾਂਦਿਆ ਪੁੱਛਿਆ, “ਪਹਿਲਵਾਨ, ਕਿੱਥੇ ਰਹਿੰਦਾ ਹੈਂ? ਮੇਰਾ ਮਤਲਬ, ਤੂੰ ਕੋਈ ਕਮਰਾ ਲਿਆ ਹੋਇਆ ਹੈ।”
“ਨਹੀਂ ਜੀ।” ਕਾਲੀ ਨੇ ਬੈਠੇ-ਬੈਠੇ ਅੱਖਾਂ ਉੱਪਰ ਚੁੱਕ ਕੇ ਛਿੱਬੂ ਵੱਲ ਦੇਖਿਆ।
“ਤਾਂ ਰਾਤ ਨੂੰ ਕਿੱਥੇ ਰਹਿੰਦਾ ਹੈਂ?” ਛਿੱਬੂ ਨੇ ਹੈਰਾਨੀ ਨਾਲ਼ ਪੁੱਛਿਆ। ਫਿਰ ਉਹ ਇੱਕ ਦਮ ਸੁੰਨ ਜਿਹਾ ਹੋ ਗਿਆ ਜਿਵੇਂ ਉਸ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਹੋਣ। ਉਹ ਕਾਲੂ ਦੇ ਮੋਢੇ ‘ਤੇ ਹੱਥ ਰੱਖ ਕੇ ਘੁਸਰ-ਫੁਸਰ ਕਰਨ ਲੱਗਾ।
“ਕਿਉਂ ਕਾਲੂ? ਇਹਨੂੰ ਆਪਣੇ ਕੋਲ਼ ਹੀ ਨਾ ਰੱਖ ਲਈਏ। ਰਾਤ ਨੂੰ ਕਿੱਥੇ ਜਾਊਗਾ। ਫਿਰ ਇਹਨੇ ਸਵੇਰ ਨੂੰ ਕੰਮ ‘ਤੇ ਵੀ ਆਉਣਾ ਹੈ ਤੇ ਰੇੜ੍ਹੇ ਨੂੰ ਬੀਂਡੀ ਜੁੜਣਾ ਹੈ।”
“ਦੇਖ ਲਾ। ਪਰਾਏ ਆਦਮੀ ਤੇ ਇੰਨੀ ਛੇਤੀ ਭਰੋਸਾ ਕਰਨ ਵਿੱਚ ਖਤਰਾ ਹੋ ਸਕਦਾ ਹੈ। ਇਹਦੇ ਨਾ ਘਰ ਦਾ ਪਤਾ ਹੈ ਨਾ ਘਾਟ ਦਾ। ਕਿਹੜੇ ਪਿੰਡ ਦਾ ਹੈ, ਕਿਹੜੀ ਜਾਤ ਦਾ ਹੈ।” ਕਾਲੂ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ।
“ਜਾਤ ਤਾਂ ਆਪਣੀ ਹੀ ਹੋਣੀ ਹੈ।” ਛਿੱਬੂ ਨੇ ਅੰਦਾਜ਼ਾ ਲਾਇਆ।
“ਕਿਤੇ ਬਾਜੀਗਰ…ਸਾਂਹਸੀ ਨਾ ਹੋਵੇ। ਇਹ ਲੋਕ ਜਰਾਇਮ ਪੇਸ਼ਾ ਮੰਨੇ ਜਾਂਦੇ ਹਨ।” ਕਾਲੂ ਨੇ ਆਪਣੀ ਜਾਣਕਾਰੀ ‘ਤੇ ਖੁਸ਼ ਹੋ ਕੇ ਭਰਵੱਟੇ ਚੜ੍ਹਾਏ।
ਛਿੱਬੂ ਨੂੰ ਸੋਚ ਵਿੱਚ ਪਿਆ ਦੇਖ ਕੇ ਕਾਲੀ ਦਾ ਦਿਲ ਘੱਟਣ ਲੱਗਾ ਅਤੇ ਰਾਤ ਦੇ ਹਨੇਰੇ ਦੀ ਸਿਆਹੀ ਉਹਦੇ ਦਿਲ ਅਤੇ ਦਿਮਾਗ ‘ਤੇ ਛਾਉਣ ਲੱਗੀ। ਛਿੱਬੂ ਨੇ ਆਪਣਾ ਹੱਥ ਕਾਲੂ ਦੇ ਮੋਢੇ ਤੇ ਰੱਖ ਦਿੱਤਾ, “ਯਾਰਾ, ਇਹਨੂੰ ਕੋਠੇ ‘ਤੇ ਸੁਲਾ ਦੇਵਾਂਗੇ। ਛੱਤ ‘ਤੇ ਇੱਕ ਟੁੱਟੀ ਮੰਜੀ ਹੀ ਪਈ ਹੈ। ਉਹਨੂੰ ਚੁੱਕ ਕੇ ਕਿੱਥੇ ਲੈ ਜਾਊਗਾ। ਬਾਕੀ ਕਮਰੇ ਦਾ ਦਰਵਾਜ਼ਾ ਅੰਦਰੋਂ ਹਰ ਰੋਜ਼ ਵਾਂਗ ਬੰਦ ਕਰਨਾ ਹੀ ਹੈ।”
“ਤੇਰੀ ਮਰਜ਼ੀ ਹੈ।” ਕਾਲੂ ਨੇ ਗੱਲ ਮੁਕਾਈ।
ਕਾਲੂ ਦੇ ਮੋਢੇ ਤੋਂ ਹੱਥ ਚੁੱਕ ਕੇ ਛਿੱਬੂ ਕਾਲੀ ਵੱਲ ਨੂੰ ਮੁੜ ਪਿਆ, “ਪਹਿਲਵਾਨ, ਕਿੱਥੇ ਜਾਊਂਗਾ ਰਾਤ ਨੂੰ? ਸ਼ਹਿਰ ਦਾ ਮਾਮਲਾ ਹੈ। ਇੱਥੇ ਤਾਂ ਬਿਨਾਂ ਪੈਸਾ ਲਏ ਕੋਈ ਜ਼ਖਮ ਤੇ ਪਿਸ਼ਾਬ ਵੀ ਨਹੀਂ ਕਰਦਾ। ਆ, ਮੇਰੇ ਨਾਲ਼æ।”
ਰੇੜ੍ਹੇ ਨੂੰ ਚੰਗੀ ਤਰ੍ਹਾਂ ਸਾਂਭ ਕੇ ਛਿੱਬੂ ਅਤੇ ਕਾਲੂ ਵੱਡੇ ਦਰਵਾਜ਼ੇ ਵੱਲ ਨੂੰ ਚਲੇ ਗਏ। ਕਾਲੀ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਪਿਆ। ਉਹਦੇ ਅੰਦਰ ਥਕਾਵਟ ਦਾ ਅਹਿਸਾਸ ਖਤਮ ਹੋ ਗਿਆ ਸੀ ਅਤੇ ਦਿਲ ਬਹੁਤ ਖੁਸ਼ ਸੀ ਕਿ ਉਸ ਨੂੰ ਵੀ ਸ਼ਹਿਰ ਵਿੱਚ ਕੁਸ਼ ਸਮੇਂ ਲਈ ਟਿਕਾਣਾ ਮਿਲ ਗਿਆ ਹੈ। ****

ਇੰਡਿਆ ਵਿੱਚ ਇਹ ਨਾਵਲ ਤੁਸੀਂ ਦਸਤਕ ਪ੍ਰਕਾਸ਼ਨ ਲੁਧਿਆਣਾ ਤੋਂ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਦਾ ਫੋਨ ਨੰਬਰ ਹੈ: 098155-87807 ਅਤੇ ਈ ਮੇਲ ਹੈ: janchetnapb@gmail.com

ਕੈਨੇਡਾ ਵਿੱਚ ਤੁਸੀਂ ਇਹ ਨਾਵਲ ਸੁਖਵੰਤ ਹੁੰਦਲ ਕੋਲੋਂ (10 ਡਾਲਰ + ਡਾਕ ਖਰਚ) ਭੇਜ ਕੇ ਮੰਗਵਾ ਸਕਦੇ ਹੋ। sukhwanthundal123@gmail.com

Advertisements
This entry was posted in ਸਾਰੀਆਂ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.