ਫਾਸ਼ੀਵਾਦ ਕਿਵੇਂ ਕੰਮ ਕਰਦਾ ਹੈ?

ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਜੇਸਨ ਸਟੈਨਲੀ ਨਾਲ ਸ਼ਾਨ ਈਲਿੰਗ ਦੀ ਗੱਲਬਾਤ

ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ

(ਇਨ੍ਹਾਂ ਦਿਨਾਂ ਵਿੱਚ ਸ਼ਬਦ ਫਾਸ਼ੀਵਾਦ ਆਮ ਵਰਤਿਆ ਜਾ ਰਿਹਾ ਹੈ, ਬਹੁਤੀ ਵਾਰ ਕਿਸੇ ਦੂਸਰੇ ਦੀ ਸਿਆਸਤ ਨੂੰ ਨੀਵਾਂ ਦਿਖਾਉਣ ਲਈ ਕੱਢੀ ਇਕ ਗਾਲ੍ਹ ਵਾਂਗ।

ਇਸ ਦਾ ਇਕ ਨਤੀਜਾ ਇਹ ਹੈ ਕਿ ਅੱਜ ਕਿਸੇ ਨੂੰ ਪੱਕੀ ਤਰ੍ਹਾਂ ਪਤਾ ਨਹੀਂ ਕਿ ਇਸ ਸ਼ਬਦ ਦਾ ਕੀ ਮਤਲਬ ਹੈ। ਲਿਬਰਲ ਫਾਸ਼ੀਵਾਦ ਨੂੰ ਕਾਰਪੋਰੇਟ ਸੱਤਾ ਦੁਆਲੇ ਕੇਂਦਰਿਤ ਸਰਕਾਰ ਚਲਾਉਣ ਦੇ ਹਾਕਮਾਨਾ, ਰਾਸ਼ਟਰਵਾਦੀ ਅਤੇ ਨਸਲਵਾਦੀ ਪ੍ਰਬੰਧ ਨਾਲ ਸੰਬੰਧਤ ਰੂੜੀਵਾਦੀ (ਕੰਨਜ਼ਰਵੇਟਿਵ) ਵਿਚਾਰਾਂ ਦਾ ਸਿਖਰ ਸਮਝਦੇ ਹਨ। ਰੂੜੀਵਾਦੀਆਂ (ਕੰਨਜ਼ਰਵੇਟਿਵਾਂ) ਲਈ ਫਾਸ਼ੀਵਾਦ ਨੈਨੀ ਸਟੇਟ (ਉਹ ਨਿਜ਼ਾਮ ਜਿਸ ਵਿੱਚ ਸਰਕਾਰ ਦਾ ਲੋਕਾਂ ਦੀ ਨਿੱਜੀ ਅਜ਼ਾਦੀ ਵਿੱਚ ਬਹੁਤ ਜ਼ਿਆਦਾ ਦਖਲ ਹੁੰਦਾ ਹੈ) ਦੇ ਮੁੱਖੌਟੇ ਵਿੱਚ ਇਕ ਤਾਨਾਸ਼ਾਹੀ ਹੈ।

ਯੇਲ ਯੂਨੀਵਰਸਿਟੀ ਦੇ ਪ੍ਰੌਫੈਸਰ ਜੇਸਨ ਸਟੈਨਲੀ ਦੀ ਨਵੀਂ ਕਿਤਾਬ ਵਿੱਚ ਫਾਸ਼ੀਵਾਦ ਬਾਰੇ ਸਪਸ਼ਟ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਆਧੁਨਿਕ ਦੁਨੀਆ ਵਿੱਚ ਕਿਵੇਂ ਕੰਮ ਕਰਦਾ ਹੈ। ਸਟੈਨਲੀ ਆਪਣਾ ਧਿਆਨ ਪ੍ਰਾਪੇਗੰਢੇ ਅਤੇ ਰੈਟਰਿਕ (ਸ੍ਰੋਤਿਆਂ ‘ਤੇ ਪ੍ਰੇਰਨਾਮਈ ਜਾਂ ਪ੍ਰਭਾਵਸ਼ਾਲੀ ਅਸਰ ਪਾਉਣ ਵਾਲੀ ਭਾਸ਼ਨਕਾਰੀ, ਜਿਸ ਵਿੱਚ ਇਮਾਨਦਾਰ ਅਤੇ ਅਰਥ ਭਰਪੂਰ ਤੱਤਾਂ ਦੀ ਘਾਟ ਹੋਵੇ।) ‘ਤੇ ਕੇਂਦਰਿਤ ਕਰਦੇ ਹਨ, ਇਸ ਲਈ ਉਸ ਦੀ ਕਿਤਾਬ ਉਨ੍ਹਾਂ ਅਲੰਕਾਰਾਂ(ਟਰੋਪਸ) ਅਤੇ ਬਿਰਤਾਂਤਾਂ (ਨੈਰੇਟਿਵਜ਼) ਬਾਰੇ ਹੈ ਜੋ ਫਾਸ਼ੀਵਾਦੀ ਸਿਆਸਤ ਨੂੰ ਚਲਾਉਂਦੇ ਹਨ।

ਕੁਝ ਸਮਾਂ ਪਹਿਲਾਂ ਮੈਂ ਉਨ੍ਹਾਂ ਨਾਲ ਇਸ ਬਾਰੇ ਗੱਲ ਕੀਤੀ ਕਿ ਅੱਜ ਫਾਸ਼ੀਵਾਦ ਕਿਸ ਤਰ੍ਹਾਂ ਦਿਸਦਾ ਹੈ, ਫਾਸ਼ੀਵਾਦੀ ਲਹਿਰਾਂ ਲਈ ਸੱਚ ਦਾ ਕਤਲ ਕਿਉਂ ਜ਼ਰੂਰੀ ਹੈ, ਅਤੇ ਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਫਾਸ਼ੀਵਾਦੀ ਕਹਿਣਾ ਠੀਕ ਹੈ, ਜਿਸ ਤਰ੍ਹਾਂ ਕਿ ਕੁਝ ਲੋਕਾਂ ਵਲੋਂ ਕਿਹਾ ਜਾ ਰਿਹਾ ਹੈ।

ਸਾਡੀ ਗੱਲਬਾਤ ਦਾ ਥੋੜ੍ਹਾ ਜਿਹਾ ਸੰਪਾਦ ਕੀਤਾ ਲਿਖਤੀ ਰੂਪ ਪੇਸ਼ ਹੈ। – ਸ਼ਾਨ ਈਲਿੰਗ ਦਾ ਨੋਟ)

*********

ਸਵਾਲ: ਤਕਰੀਬਨ ਤਕਰੀਬਨ “ਫਾਸ਼ੀਵਾਦ” ਸ਼ਬਦ ਵਰਤਣ ਵਾਲੇ ਹਰ ਇਕ ਵਿਅਕਤੀ ਦਾ ਵੱਖਰਾ ਅਰਥ ਹੁੰਦਾ ਹੈ। ਤੁਸੀਂ ਇਸ ਸ਼ਬਦ ਨੂੰ ਕਿਸ ਅਰਥ ਵਿੱਚ ਵਰਤਦੇ ਹੋ?

ਜਵਾਬ: ਮੈਂ ਫਾਸ਼ੀਵਾਦ ਨੂੰ ਸਿਆਸਤ ਦੇ ਇਕ ਢੰਗ ਵਜੋਂ ਸੋਚਦਾ ਹਾਂ। ਇਹ ਰੈਟਰਿਕ ਹੈ, ਸੱਤਾ ਤੱਕ ਪਹੁੰਚਣ ਦਾ ਰਸਤਾ। ਜ਼ਰੂਰ ਹੀ ਇਹ ਫਾਸ਼ੀਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ, ਕਿਉਂਕਿ ਫਾਸ਼ੀਵਾਦੀ ਵਿਚਾਰਧਾਰਾ ਸੱਤਾ ‘ਤੇ ਕੇਂਦਰਿਤ ਹੁੰਦੀ ਹੈ। ਪਰ ਅਸਲੀਅਤ ਵਿੱਚ ਮੈਂ ਫਾਸ਼ੀਵਾਦ ਨੂੰ ਸੱਤਾ ਹਥਿਆਉਣ ਦੀ ਇਕ ਤਕਨੀਕ ਸਮਝਦਾ ਹਾਂ।

ਲੋਕ ਹਮੇਸ਼ਾਂ ਪੁੱਛਦੇ ਰਹਿੰਦੇ ਹਨ,”ਕੀ ਫਲਾਣਾ ਫਲਾਣਾ ਸਿਆਸਤਦਾਨ ਸੱਚਮੁੱਚ ਹੀ ਫਾਸ਼ੀਵਾਦੀ ਹੈ?” ਜਿਹੜ ਕਿ ਇਹ ਸਵਾਲ ਪੁੱਛਣ ਦਾ ਇਕ ਹੋਰ ਢੰਗ ਹੁੰਦਾ ਹੈ ਕਿ ਕੀ ਇਸ ਵਿਅਕਤੀ ਦੇ ਕੁਝ ਖਾਸ ਵਿਸ਼ਵਾਸ ਹਨ ਜਾਂ ਕੋਈ ਖਾਸ ਵਿਚਾਰਧਾਰਾ ਹੈ, ਪਰ ਮੈਂ ਇਕ ਵਾਰ ਫਿਰ ਕਹਿਣਾ ਚਾਹਾਂਗਾ ਕਿ ਮੈਂ ਨਹੀਂ ਸਮਝਦਾ ਕਿ ਇਕ ਫਾਸ਼ੀਵਾਦੀ ਉਹ ਵਿਅਕਤੀ ਹੁੰਦਾ ਹੈ ਜਿਸ ਦੇ ਕੁਝ ਖਾਸ ਵਿਸ਼ਵਾਸ ਹੋਣ। ਉਹ ਸੱਤਾ ਹਥਿਆਉਣ ਅਤੇ ਕਾਇਮ ਰੱਖਣ ਲਈ ਇਕ ਖਾਸ ਤਕਨੀਕ ਦੀ ਵਰਤੋਂ ਕਰ ਰਿਹਾ ਹੁੰਦਾ ਹੈ।

ਸਵਾਲ: ਤਾਂ ਫਿਰ ਫਾਸ਼ੀਵਾਦ ਇਕ ਵੱਖਰੀ ਸ਼੍ਰੇਣੀ ਨਹੀਂ ਹੁੰਦਾ – ਸਗੋਂ ਇਹ ਇਕ ਸਿਲਸਿਲਾ (ਸਪੈਕਟਰਮ) ਹੁੰਦਾ ਹੈ। ਜਾਂ ਵੱਧ ਘੱਟ ਦਰਜੇ ਵਾਲਾ ਮਿਆਰ (ਸਲਾਈਡਿੰਗ ਸਕੇਲ) ਹੁੰਦਾ ਹੈ।

ਜਵਾਬ: ਹਾਂ। ਅਤੇ ਮੇਰੀ ਕਿਤਾਬ ਵਿੱਚ ਫਾਸ਼ੀਵਾਦੀਆਂ ਵਲੋਂ ਅਪਣਾਈਆਂ ਜਾਣ ਵਾਲੀਆਂ ਵੱਖ ਵੱਖ ਤਕਨੀਕਾਂ ਦਾ ਜ਼ਿਕਰ ਹੈ, ਅਤੇ ਇਹ ਦਿਖਾਇਆ ਗਿਆ ਹੈ ਕਿ ਕੋਈ ਆਪਣੀ ਸਿਆਸਤ ਵਿੱਚ ਜ਼ਿਆਦਾ ਫਾਸ਼ੀਵਾਦੀ ਹੋ ਸਕਦਾ ਹੈ ਜਾਂ ਘੱਟ। ਮੁੱਖ ਗੱਲ ਇਹ ਹੈ ਕਿ ਫਾਸ਼ੀਵਾਦੀ ਸਿਆਸਤ ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰਨ ਬਾਰੇ ਹੈ, ਇਕ ਸਮੂਹ (ਆਮ ਤੌਰ ‘ਤੇ ਬਹੁਗਿਣਤੀ ਸਮੂਹ) ਨੂੰ ਅਪੀਲ ਕਰਨ ਬਾਰੇ ਹੈ ਅਤੇ ਸੱਚ ਦੀ ਭੰਨ ਤੋੜ ਕਰ ਕੇ ਇਸ ਦੀ ਥਾਂ ਸੱਤਾ ਨੂੰ ਲਿਆਉਣ ਬਾਰੇ ਹੈ।

ਸਵਾਲ: ਅਸੀਂ ਇਨ੍ਹਾਂ ਤਕਨੀਕਾਂ ਬਾਰੇ ਅੱਗੇ ਜਾ ਕੇ ਗੱਲ ਕਰਾਂਗੇ, ਪਰ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਡੇ ਖਿਆਲ ਵਿੱਚ ਫਾਸ਼ੀਵਾਦ ਦਾ ਇਕ ਵਿਚਾਰਧਾਰਾ ਦੇ ਤੌਰ ‘ਤੇ ਵਰਨਣ ਕਰਨਾ ਕਿਉਂ ਮੁਸ਼ਕਿਲ ਹੈ। ਖੱਬੀ ਧਿਰ ਦੇ ਲੋਕ ਫਾਸ਼ੀਵਾਦ ਨੂੰ ਸੱਜੇ ਪੱਖੀ ਪ੍ਰਤੀਕਿਰਿਆਵਾਦੀ ਸੋਚ ਦਾ ਅਖੀਰ ਸਮਝਦੇ ਹਨ, ਅਤੇ ਸੱਜੇ ਪੱਖੀ ਲੋਕ ਫਾਸ਼ੀਵਾਦ ਨੂੰ ਨੈਨੀ ਸਟੇਟ ਦੀ ਤਾਨਾਸ਼ਾਹੀ ਸਮਝਦੇ ਹਨ। ਸਾਫ ਹੈ ਕਿ ਇਹ ਦੋਨੋਂ ਚੀਜ਼ਾਂ ਨਹੀਂ ਹੋ ਸਕਦਾ।

ਜਵਾਬ: ਮੈਂ ਸਮਝਦਾ ਹਾਂ ਕਿ ਇਹ ਸਪਸ਼ਟ ਰੂਪ ਵਿੱਚ ਸੱਜੇ ਪੱਖੀ ਹੈ। ਸਮੱਸਿਆ ਦਾ ਇਕ ਕਾਰਨ ਇਹ ਹੈ ਕਿ “ਸੱਜੇ” ਅਤੇ “ਖੱਬੇ” ਬਾਰੇ ਗੱਲ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੈ, ਅਤੇ ਇਹ ਸੱਚ ਹੈ ਕਿ ਅੱਤਿਵਾਦ ਦੇ ਖਤਰਨਾਕ ਰੂਪ ਦੋਵੇਂ ਪਾਸੀੰ ਮੌਜੂਦ ਹਨ, ਪਰ ਮੇਰੇ ਵਿਚਾਰ ਵਿੱਚ ਫਾਸ਼ੀਵਾਦ ਬਹੁਤ ਜ਼ਿਆਦਾ ਕਰਕੇ ਸੱਜੇ ਪਾਸੇ ਹੈ।

ਜੇ ਤੁਸੀਂ ਫਾਸ਼ੀਵਾਦ ਨੂੰ ਵੱਧ ਘੱਟ ਦਰਜੇ ਵਾਲੇ ਮਿਆਰ (ਸਲਾਈਡਿੰਗ ਸਕੇਲ) ਦੇ ਤੌਰ ‘ਤੇ ਲਵੋ ਤਾਂ ਆਮ ਕੰਨਜ਼ਰਵੇਟਿਵ ਸਿਆਸਤ ਇਸ ਮਿਆਰ ਦੇ ਇਕ ਥਾਂ ‘ਤੇ ਆਵੇਗੀ – ਇਸ ਦਾ ਮਤਲਬ ਇਹ ਕਹਿਣਾ ਨਹੀਂ ਕਿ ਇਹ ਫਾਸ਼ੀਵਾਦੀ ਹੈ ਜਿਸ ਤਰ੍ਹਾਂ ਆਮ ਡੈਮੋਕਰੈਟਿਕ ਸਿਆਸਤ ਨੂੰ ਕਮਿਊਨਿਸਟ ਨਹੀਂ ਕਿਹਾ ਜਾ ਸਕਦਾ। ਪਰ ਜਿਵੇਂ ਕਮਿਊਨਿਜ਼ਮ ਦੇ ਅਤਿਵਾਦੀ ਰੂਪ ਰੈਡੀਕਲ ਬਰਾਬਰੀ ਦੇ ਨਾਂ’ਤੇ ਅਜ਼ਾਦੀ ਨੂੰ ਦਬਾਉਂਦੇ ਹਨ, ਉਸ ਹੀ ਤਰ੍ਹਾਂ ਸੱਜੇ ਪੱਖੀ ਸਿਆਸਤ ਦੇ ਅਤਿਵਦੀ ਰੂਪ ਜਿਵੇਂ ਫਾਸ਼ੀਵਾਦ, ਰਵਾਇਤ ਅਤੇ ਗਲਬੇ ਅਤੇ ਸੱਤਾ ਦੇ ਹੱਕ ਵਿੱਚ ਅਜ਼ਾਦੀ ਨੂੰ ਦਬਾਉਂਦੇ ਹਨ।

ਸਵਾਲ: ਤੁਹਾਡਾ ਖੇਤਰ ਪ੍ਰਾਪੇਗੰਢਾ ਅਤੇ ਰੈਟਰਿਕ ਹੈ ਅਤੇ ਕਿਤਾਬ ਵਿੱਚ ਤੁਸੀਂ ਫਾਸ਼ੀਵਾਦ ਦਾ ਵਰਨਣ ਅਲੰਕਾਰਾਂ ਅਤੇ ਬਿਰਤਾਂਤਾਂ ਦੇ ਇਕ ਸੰਗ੍ਰਹਿ ਵਜੋਂ ਕੀਤਾ ਹੈ। ਸੋ ਫਾਸ਼ੀਵਾਦੀ ਕਿਹੜੀ ਕਹਾਣੀ ਨਾਲ ਛਲ ਕਰ ਰਹੇ ਹਨ?

ਜਵਾਬ: ਪੁਰਾਣੇ ਸਮਿਆਂ ਵਿੱਚ ਫਾਸ਼ੀਵਾਦੀ ਸਿਆਸਤ ਗਾਲਬ ਸਭਿਆਚਾਰਕ ਸਮੂਹ ‘ਤੇ ਕੇਂਦਰਤ ਹੁੰਦੀ ਸੀ। ਨਿਸ਼ਾਨਾ ਇਹ ਹੁੰਦਾ ਸੀ ਕਿ ਉਸ ਗਾਲਬ ਸਮੂਹ ਨੂੰ ਇਹ ਮਹਿਸੂਸ ਕਰਵਾਇਆ ਜਾਵੇ ਕਿ ਉਹ ਪੀੜਤ ਹਨ, ਉਨ੍ਹਾਂ ਨੂੰ ਇਹ ਮਹਿਸੂਸ ਕਰਵਾਇਆ ਜਾਵੇ ਕਿ ਉਨ੍ਹਾਂ ਦੀ ਕੋਈ ਚੀਜ਼ ਖੁਸ ਗਈ ਹੈ ਅਤੇ ਉਨ੍ਹਾਂ ਦੀ ਜਿਹੜੀ ਚੀਜ਼ ਖੁੱਸੀ ਹੈ ਉਹ ਇਕ ਖਾਸ ਦੁਸ਼ਮਣ ਨੇ ਖੋਹੀ ਹੈ। ਇਹ ਖਾਸ ਦੁਸ਼ਮਣ ਆਮ ਤੌਰ ਕੋਈ ਘੱਟ ਗਿਣਤੀ ਸਮੂਹ ਹੁੰਦਾ ਸੀ ਜਾਂ ਕੋਈ ਵਿਰੋਧੀ ਕੌਮ।

ਇਸ ਕਰਕੇ ਹੀ ਫਾਸ਼ੀਵਾਦ ਬਹੁਤ ਜ਼ਿਆਦਾ ਪਰੇਸ਼ਾਨੀਆਂ ਦੇ ਪਲਾਂ ਵਿੱਚ ਵੱਧਦਾ ਫੁੱਲਦਾ ਹੈ, ਕਿਉਂਕਿ ਤੁਸੀਂ ਉਨ੍ਹਾਂ ਪਰੇਸ਼ਾਨੀਆਂ ਨੂੰ ਨਕਲੀ ਘਾਟੇ ਨਾਲ ਜੋੜ ਸਕਦੇ ਹੋ। ਆਮ ਤੌਰ ‘ਤੇ ਕਹਾਣੀ ਇਹ ਹੁੰਦੀ ਹੈ ਕਿ ਕਿਸੇ ਵੇਲੇ ਮਹਾਨ ਰਿਹਾ ਸਮਾਜ ਹੁਣ ਉਦਾਰਵਾਦ ਜਾਂ ਨਾਰੀਵਾਦ ਜਾਂ ਸਭਿਆਚਾਰਕ ਮਾਰਕਸਵਾਦ ਜਾਂ ਇਸ ਤਰ੍ਹਾਂ ਦੀ ਕਿਸੇ ਹੋਰ ਚੀਜ਼ ਨੇ ਤਬਾਹ ਕਰ ਦਿੱਤਾ ਹੈ ਅਤੇ ਤੁਸੀਂ ਗਾਲਬ ਸਮੂਹ ਨੂੰ ਆਪਣੇ ਖੁੱਸ ਗਏੇ ਰੁਤਬੇ ਅਤੇ ਖੁੱਸ ਗਈ ਸੱਤਾ ਬਾਰੇ ਗੁੱਸਾ ਅਤੇ ਤਲਖੀ ਮਹਿਸੂਸ ਕਰਵਾਉ। ਤਕਰੀਬਨ ਤਕਰੀਬਨ ਫਾਸ਼ੀਵਾਦ ਦੇ ਹਰ ਇਕ ਰੂਪ ਦੀ ਇਹ ਹੀ ਕਹਾਣੀ ਹੈ।

ਸਵਾਲ: ਫਾਸ਼ੀਵਾਦ ਦੇ ਪ੍ਰੋਜੈਕਟ ਲਈ ਸੱਚ ਦਾ ਕਤਲ ਏਨਾ ਕਿਉਂ ਜ਼ਰੂਰੀ ਹੈ?

ਜਵਾਬ: ਇਹ ਇਸ ਲਈ ਮਹੱਤਵਪੂਰਨ ਹੈ ਕਿ ਸੱਚ ਉਦਾਰ ਲੋਕਤੰਤਰ (ਲਿਬਰਲ ਡੈਮੋਕਰੇਸੀ) ਦਾ ਧੁਰਾ ਹੈ। ਉਦਾਰ ਲੋਕਤੰਤਰ (ਲਿਬਰਲ ਡੈਮੋਕਰੇਸੀ) ਦੇ ਦੋ ਆਦਰਸ਼ ਹਨ: ਅਜ਼ਾਦੀ ਅਤੇ ਬਰਾਬਰੀ। ਜੇ ਤੁਹਾਡੇ ਵਿਸ਼ਵਾਸਾਂ ਨੂੰ ਝੂਠ ਨਾਲ ਤੋੜ ਦਿੱਤਾ ਜਾਵੇ, ਤਾਂ ਤੁਸੀਂ ਅਜ਼ਾਦ ਨਹੀਂ ਹੋਵੋਗੇ। ਕੋਈ ਵੀ ਉੱਤਰੀ ਕੋਰੀਆ ਦੇ ਨਾਗਰਿਕਾਂ ਨੂੰ ਅਜ਼ਾਦ ਨਹੀਂ ਸਮਝਦਾ ਕਿਉਂਕਿ ਉਨ੍ਹਾਂ ਦੇ ਅਮਲ ਝੂਠ ਨਾਲ ਕੰਟਰੋਲ ਕੀਤੇ ਜਾਂਦੇ ਹਨ।

ਅਜ਼ਾਦੀ ਨਾਲ ਅਮਲ ਕਰਨ ਲਈ ਸੱਚ ਦੀ ਜ਼ਰੂਰਤ ਹੁੰਦੀ ਹੈ। ਅਜ਼ਾਦੀ ਲਈ ਗਿਆਨ ਦੀ ਲੋੜ ਹੁੰਦੀ ਹੈ, ਅਤੇ ਇਸ ਦੁਨੀਆ ਵਿੱਚ ਅਜ਼ਾਦ ਢੰਗ ਨਾਲ ਅਮਲ ਕਰਨ ਲਈ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਹ ਦੁਨੀਆ ਕਿਸ ਤਰ੍ਹਾਂ ਦੀ ਹੈ ਅਤੇ ਤੁਸੀਂ ਇਸ ਵਿੱਚ ਕੀ ਕਰ ਰਹੇ ਹੋ। ਤੁਸੀਂ ਇਹ ਤਾਂ ਹੀ ਜਾਣ ਸਕੋਗੇ ਕਿ ਤੁਸੀਂ ਕੀ ਕਰ ਰਹੇ ਹੋ ਜੇ ਤੁਹਾਡੀ ਸੱਚ ਤੱਕ ਪਹੁੰਚ ਹੋਵੇ। ਇਸ ਲਈ ਅਜ਼ਾਦੀ ਲਈ ਸੱਚ ਦੀ ਲੋੜ ਹੁੰਦੀ ਹੈ ਅਤੇ ਅਜ਼ਾਦੀ ਦਾ ਖਾਤਮਾ ਕਰਨ ਲਈ ਸੱਚ ਨੂੰ ਮਿਟਾਉਣਾ ਜ਼ਰੂਰੀ ਹੈ।

ਸਵਾਲ: ਫਿਲਾਸਫਰ ਹਾਨਾ ਅਰੈਨਡਿਟ ਦੀ ਇਕ ਪ੍ਰਸਿੱਧ ਲਾਈਨ ਹੈ, ਮੇਰੇ ਖਿਆਲ ਵਿੱਚ ਉਸ ਦੀ ਕਿਤਾਬ ਟੋਟੈਲਟੇਰੀਅਨਿਜ਼ਮ ਵਿੱਚ, ਜਿਸ ਵਿੱਚ ਉਹ ਕਹਿੰਦੀ ਹੈ, ਕਿ ਫਾਸ਼ੀਵਾਦੀ ਸਿਰਫ ਝੂਠ ਬੋਲਣ ਤੱਕ ਹੀ ਸੀਮਤ ਨਹੀਂ ਰਹਿੰਦੇ, ਉਨ੍ਹਾਂ ਲਈ ਆਪਣੇ ਝੂਠ ਨੂੰ ਇਕ ਨਵੀਂ ਸਚਾਈ ਵਿੱਚ ਤਬਦੀਲ ਕਰਨਾ ਜ਼ਰੂਰੀ ਹੁੰਦਾ ਹੈ, ਅਤੇ ਉਨ੍ਹਾਂ ਲਈ ਲੋਕਾਂ ਨੂੰ ਇਸ ਗੱਲ ਲਈ ਕਾਇਲ ਕਰਨਾ ਜ਼ਰੂਰੀ ਹੁੰਦਾ ਹੈ ਕਿ ਲੋਕ ਫਾਸ਼ੀਵਾਦੀਆਂ ਵਲੋਂ ਪੈਦਾ ਕੀਤੇ ਝੂਠ ‘ਤੇ ਵਿਸ਼ਵਾਸ ਕਰਨ। ਅਤੇ ਜੇ ਤੁਸੀਂ ਲੋਕਾਂ ਨੂੰ ਇਹ ਕਰਨ ਲਈ ਕਾਇਲ ਕਰ ਲਵੋ ਤਾਂ ਤੁਸੀਂ ਉਨ੍ਹਾਂ ਨੂੰ ਕੁਝ ਵੀ ਕਰਨ ਲਈ ਕਾਇਲ ਕਰ ਸਕਦੇ ਹੋ।

ਜਵਾਬ: ਮੇਰਾ ਖਿਆਲ ਹੈ ਕਿ ਇਹ ਸਹੀ ਹੈ। ਇਕ ਗੱਲ ਜਿਹੜੀ ਫਾਸ਼ੀਵਾਦੀ ਸਿਆਸਤ ਕਰਦੀ ਹੈ, ਉਹ ਹੈ ਲੋਕਾਂ ਨੂੰ ਸੱਚ ਤੋਂ ਨਿਖੇੜਨਾ। ਤੁਸੀਂ ਉਨ੍ਹਾਂ ਨੂੰ ਸਚਾਈ ਦੇ ਇਕ ਕਾਲਪਨਿਕ ਰੂਪ ਨੂੰ ਮੰਨਣ ਲਈ ਮਨਾ ਲੈਂਦੇ ਹੋ, ਆਮ ਤੌਰ ‘ਤੇ ਸਚਾਈ ਦਾ ਇਹ ਕਾਲਪਨਿਕ ਰੂਪ ਦੇਸ਼ ਦੇ ਪੱਤਣ ਬਾਰੇ ਇਕ ਰਾਸ਼ਟਰਵਾਦੀ ਕਹਾਣੀ ਅਤੇ ਦੇਸ਼ ਨੂੰ ਦੁਬਾਰਾ ਆਪਣੀ ਮਹਾਨਤਾ ‘ਤੇ ਪਹੁੰਚਾ ਸਕਣ ਵਾਲੇ ਇਕ ਮਜ਼ਬੂਤ ਲੀਡਰ ਦੀ ਲੋੜ ਬਾਰੇ ਹੁੰਦੀ ਹੈ, ਅਤੇ ਇਸ ਤੋਂ ਬਾਅਦ ਲੋਕਾਂ ਦਾ ਭਰੋਸਾ ਆਪਣੇ ਆਲੇ ਦੁਆਲੇ ਦੀ ਦੁਨੀਆ ‘ਤੇ ਨਹੀਂ ਰਹਿੰਦਾ ਸਗੋਂ ਇਸ ਮਜ਼ਬੂਤ ਲੀਡਰ ‘ਤੇ ਬਣ ਜਾਂਦਾ ਹੈ।

ਸਵਾਲ: ਇਸ ਲਈ ਮੈਂ ਕੁਝ ਹੱਦ ਤੱਕ ਸਮਝਦਾ ਹਾਂ ਕਿ ਫਾਸ਼ੀਵਾਦ ਇਕ ਤਰ੍ਹਾਂ ਨਾਲ ਰਵਾਈਤੀ ਸਿਆਸਤ ਵਿਰੁੱਧ ਇਕ ਪ੍ਰਤੀਕ੍ਰਿਆ(ਐਂਟੀ-ਪੌਲੀਟਿਕਸ) ਹੁੰਦਾ ਹੈ। ਮੈਨੂੰ ਨਾਜ਼ੀਆਂ ਦੇ ਪ੍ਰਾਪੇਗੰਢਾ ਮੁਖੀ ਜੋਸਿਫ ਗੋਬਲਜ਼ ਦੀ ਇਕ ਟੂਕ ਯਾਦ ਆ ਰਹੀ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਉਹ ਜੋ ਕਰ ਰਿਹਾ ਹੈ ਉਹ ਸਿਆਸਤ ਨਾਲੋਂ ਵੱਧ ਇਕ ਕਲਾ ਹੈ। ਇਸ ਤੋਂ ਉਸ ਦਾ ਇਹ ਮਤਲਬ ਸੀ ਕਿ ਉਸ ਦਾ ਕੰਮ ਜਰਮਨ ਲੋਕਾਂ ਲਈ ਇਕ ਬਦਲਵੀਂ ਮਿੱਥਕ ਸਚਾਈ ਪੈਦਾ ਕਰਨਾ ਸੀ, ਜਿਹੜੀ ਸਚਾਈ ਉਦਾਰ ਲੋਕਤੰਤਰੀ ਸਿਆਸਤ ਦੀ ਨੀਰਸ ਸਚਾਈ ਦੇ ਮੁਕਾਬਲੇ ਜ਼ਿਆਦਾ ਉਤੇਜਕ ਅਤੇ ਮਕਸਦ-ਭਰਪੂਰ ਸੀ, ਅਤੇ ਇਸ ਲਈ ਹੀ ਨਾਜ਼ੀਵਾਦ ਦੇ ਉਭਾਰ ਵਿੱਚ ਮਾਸ ਮੀਡੀਆ ਬਹੁਤ ਜ਼ਰੂਰੀ ਸੀ।

ਜਵਾਬ: ਇਹ ਬਹੁਤ ਦਿਲਚਸਪ ਹੈ। ਗੱਲ ਇਹ ਹੈ ਕਿ ਲੋਕ ਮਰਜ਼ੀ ਨਾਲ ਮਿਥਕ ਭੂਤ ਨੂੰ ਅਪਣਾਉਂਦੇ ਹਨ। ਫਾਸ਼ੀਵਾਦੀ ਹਮੇਸ਼ਾਂ ਹੀ ਇਹ ਕਹਾਣੀ ਦਸਦੇ ਹਨ ਕਿ ਪਹਿਲੇ ਸਮਿਆਂ ਵਿੱਚ ਇਕ ਸ਼ਾਨਾਮੱਤਾ ਅਤੀਤ ਹੁੰਦਾ ਸੀ ਜਿਹੜਾ ਕਿ ਹੁਣ ਖੁੱਸ ਗਿਆ ਹੈ, ਅਤੇ ਉਹ ਇਸ ਹੇਰਵੇ ‘ਤੇ ਜ਼ੋਰ ਦਿੰਦੇ ਹਨ। ਇਸ ਲਈ ਜਦੋਂ ਤੁਸੀਂ ਫਾਸ਼ੀਵਾਦ ਵਿਰੁੱਧ ਲੜਦੇ ਹੋ ਤਾਂ ਤੁਹਾਡਾ ਇਕ ਹੱਥ ਪਿੱਠ ਪਿੱਛੇ ਬੰਨਿਆ ਹੁੰਦਾ ਹੈ, ਕਿਉਂਕਿ ਸਚਾਈ ਗੁੰਝਲਦਾਰ ਹੁੰਦੀ ਹੈ ਅਤੇ ਮਿਥਕ ਕਹਾਣੀ ਹਮੇਸ਼ਾਂ ਸਪਸ਼ਟ ਅਤੇ ਰੋਮਾਂਚਕਾਰੀ ਅਤੇ ਆਨੰਦਮਈ ਹੁੰਦੀ ਹੈ। ਉਸ ਨੂੰ ਤੱਥਾਂ ਨਾਲ ਕੱਟਣਾ ਮੁਸ਼ਕਿਲ ਹੁੰਦਾ ਹੈ।

ਸਵਾਲ: ਸ਼ਾਇਦ ਕਮਰੇ ਵਿੱਚ ਚਮਕਦੇ ਹਾਥੀ -ਡੌਨਲਡ ਟਰੰਪ ਬਾਰੇ ਗੱਲ ਸ਼ੁਰੂ ਕਰਨ ਦਾ ਇਹ ਇਕ ਯੋਗ ਮੌਕਾ ਹੈ। ਕੀ ਉਹ ਫਾਸ਼ੀਵਾਦੀ ਹੈ?

ਜਵਾਬ: ਮੈਂ ਆਪਣੀ ਕਿਤਾਬ ਵਿੱਚ ਇਹ ਕਿਹਾ ਹੈ ਕਿ ਉਹ ਫਾਸ਼ੀਵਾਦੀ ਸਿਆਸਤ ਕਰ ਰਿਹਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਉਸ ਦੀ ਸਰਕਾਰ ਫਾਸ਼ੀਵਾਦੀ ਹੈ। ਇਕ ਗੱਲ, ਮੇਰੇ ਖਿਆਲ ਵਿੱਚ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਫਾਸ਼ੀਵਾਦੀ ਸਰਕਾਰ ਕਿਹੜੀ ਹੁੰਦੀ ਹੈ।
ਇਕ ਹੋਰ ਗੱਲ, ਮੇਰੇ ਖਿਆਲ ਵਿੱਚ ਇਸ ਤਕਨੀਕ ਦੀ ਵਰਤੋਂ ਕਰਨ ਵਾਲੇ ਸਾਰੇ ਮੌਜੂਦਾ ਲੀਡਰ (ਰੂਸ ਦਾ ਪੂਤਿਨ, ਤੁਰਕੀ ਦਾ ਐਰਡੋਗੈਨ, ਹੰਗਰੀ ਦਾ ਵਿਕਟਰ ਓਰਬੈਨ ਆਦਿ) ਲੋਕਤੰਤਰਿਕ ਸੰਸਥਾਂਵਾਂ ਦਾ ਮੁੱਖੋਟਾ ਰੱਖਣਾ ਚਾਹੁੰਦੇ ਹਨ, ਪਰ ਉਨ੍ਹਾਂ ਦਾ ਨਿਸ਼ਾਨਾ ਲੋਕਾਂ ਨੂੰ ਆਪਣੀ ਸ਼ਖਸੀ ਪੂਜਾ ਦੁਆਲੇ ਰੁਚਿਤ ਕਰਨਾ ਹੈ।

ਇਕ ਵਾਰ ਫਿਰ, ਮੈਂ ਦਾਅਵਾ ਨਹੀਂ ਕਰਾਂਗਾ – ਘੱਟੋ ਘੱਟ ਇਸ ਸਮੇਂ – ਕਿ ਟਰੰਪ ਫਾਸ਼ੀਵਾਦੀ ਸਰਕਾਰ ਦੀ ਪ੍ਰਧਾਨਗੀ ਕਰ ਰਿਹਾ ਹੈ, ਪਰ ਇਹ ਬਹੁਤ ਸਪਸ਼ਟ ਹੈ ਕਿ ਉਹ ਆਪਣੇ ਆਧਾਰ ਨੂੰ ਉਤਸਾਹਿਤ ਕਰਨ ਲਈ ਅਤੇ ਉਦਾਰ ਲੋਕਤੰਤਰਿਕ ਸੰਸਥਾਂਵਾਂ ਨੂੰ ਖੋਰਾ ਲਾਉਣ ਲਈ ਫਾਸ਼ੀਵਾਦੀ ਤਕਨੀਕਾਂ ਦੀ ਵਰਤੋਂ ਕਰ ਰਿਹਾ ਹੈ, ਜਿਹੜੀ ਕਿ ਬਹੁਤ ਜ਼ਿਆਦਾ ਚਿੰਤਾ ਕਰਨ ਵਾਲੀ ਗੱਲ ਹੈ।

ਪਰ ਇੱਥੇ ਰਿਪਬਲਕਿਨ ਪਾਰਟੀ ਵੀ ਟਰੰਪ ਜਿੰਨੀ ਹੀ ਕਸੂਰਵਾਰ ਹੈ, ਕਿਉਂਕਿ ਇਨ੍ਹਾਂ ਵਿੱਚੋਂ ਕਿਸੇ ਵੀ ਗੱਲ ਦੀ ਚਿੰਤਾ ਨਾ ਹੋਵੇ ਜੇ ਉਹ ਟਰੰਪ ਨੂੰ ਰੋਕ ਰਹੇ ਹੋਣ। ਹੁਣ ਤੱਕ ਉਨ੍ਹਾਂ ਨੇ ਕਾਨੂੰਨ ਦੇ ਰਾਜ (ਰੂਲ ਆਫ ਲਾਅ) ਦੀ ਥਾਂ ਟਰੰਪ ਦੇ ਵਫਾਦਾਰ ਰਹਿਣਾ ਦੀ ਚੋਣ ਕੀਤੀ ਹੈ।

ਸਵਾਲ: ਕਿਤਾਬ ਵਿੱਚ ਤੁਸੀਂ ਇਸ਼ਾਰਾ ਕੀਤਾ ਹੈ ਕਿ ਅਮਰੀਕਾ ਦੀ ਸਿਆਸਤ ਵਿੱਚ ਅੰਦਰੂਨੀ ਤੌਰ ‘ਤੇ ਕੁਝ ਫਾਸ਼ੀਵਾਦੀ ਤੱਤ ਹਨ ਜਾਂ ਘੱਟੋ ਘੱਟ ਫਾਸ਼ੀਵਾਦ ਹਮੇਸ਼ਾਂ ਹੀ ਅਮਰੀਕਾ ਵਿੱਚ ਸੁਲਗਦੀ ਹੋਈ ਤਾਕਤ ਰਿਹਾ ਹੈ। ਕੀ ਤੁਸੀਂ ਇਸ ਬਾਰੇ ਵਿਸਥਾਰ ਵਿੱਚ ਦਸ ਸਕਦੇ ਹੋ?

ਜਵਾਬ: ਅਡੋਲਫ ਹਿਟਲਰ ਕੂ ਕਲੈਕਸ ਕਲੈਨ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਉਸ ਨੇ ਪ੍ਰਤੱਖ ਰੂਪ ਵਿੱਚ 1924 ਦੇ ਇੰਮੀਗ੍ਰੇਸ਼ਨ ਐਕਟ ਦੀ ਇਕ ਫਾਇਦੇਮੰਦ ਮਾਡਲ ਵਜੋਂ ਸਰਾਹਣਾ ਕੀਤੀ ਸੀ, ਜਿਹੜਾ ਕਾਨੂੰਨ ਅਮਰੀਕਾ ਵਿੱਚ ਆਉਣ ਵਾਲੇ ਇੰਮੀਗਰੈਂਟਾਂ ‘ਤੇ ਸਖਤ ਬੰਦਸ਼ਾਂ ਲਾਉਂਦਾ ਸੀ।

ਅਮਰੀਕਾ ਵਿੱਚ 1920ਵਿਆਂ ਅਤੇ 1930ਵਿਆਂ ਦਾ ਸਮਾਂ ਬਹੁਤ ਫਾਸ਼ੀ ਸਮਾਂ ਸੀ। ਇੱਥੇ ਪਰਿਵਾਰਾਂ ਵਿੱਚ ਪਿੱਤਰੀ ਕਦਰਾਂ ਕੀਮਤਾਂ ਦਾ ਜ਼ੋਰ ਸੀ ਅਤੇ ਅਮਰੀਕਾ ਦੇ ਕਾਲੇ ਲੋਕਾਂ ਅਤੇ ਦੂਜਿਆਂ ਸਮੂਹਾਂ ਨੂੰ ਅੰਦਰੂਨੀ ਖਤਰਾ ਸਮਝਦਿਆਂ ਹੋਇਆਂ ਉਨ੍ਹਾਂ ਵਿਰੁੱਧ ਗੁੱਸੇ ਦੀ ਸਿਆਸਤ ਸੀ, ਅਤੇ ਇਹ ਚੀਜ਼ ਯੂਰਪ ਤੱਕ ਪਹੁੰਚ ਗਈ।

ਇਸ ਹੀ ਤਰ੍ਹਾਂ ਸਾਡਾ ਨੇਟਿਵ ਲੋਕਾਂ ਵਿਰੁੱਧ ਨਸਲਕੁਸ਼ੀ, ਕਾਲਿਆਂ ਵੁਰੱਧ ਨਸਲਵਾਦ ਅਤੇ ਇੰਮੀਗਰੈਂਟਾਂ ਵੁਰੱਧ ਝੱਲ (ਹਿਸਟੀਰੀਏ) ਦਾ ਇਕ ਲੰਮਾ ਇਤਿਹਾਸ ਹੈ, ਅਤੇ ਇਸ ਦੇ ਨਾਲ ਨਾਲ ਅਮਰੀਕਾ ਦੇ ਅਸਾਧਾਰਣ ਹੋਣ ਦੇ ਕੁਝ ਅੰਸ਼ ਵੀ ਮੌਜੂਦ ਹਨ, ਜਿਹੜੇ ਅਮਰੀਕਾ ਬਾਰੇ ਇਕ ਮਿਥਕ ਇਤਿਹਾਸ ਨੂੰ ਉਜਾਗਰ ਕਰਦੇ ਹਨ ਅਤੇ ਅਮਰੀਕਾ ਦੇ ਲੋਕਾਂ ਨੂੰ ਇਹ ਸੋਚਣ ਲਈ ਉਤਸਾਹਿਤ ਕਰਦੇ ਹਨ ਕਿ ਉਨ੍ਹਾਂ ਦਾ ਮੁਲਕ ਚੰਗਿਆਈ ਲਈ ਇਕ ਨਿਆਰੀ ਤਾਕਤ ਹੈ।

ਇਹ ਸਾਰੀਆਂ ਗੱਲਾਂ ਅਮਰੀਕਾ ਨੂੰ ਇਕ ਫਾਸ਼ੀਵਾਦੀ ਮੁਲਕ ਨਹੀਂ ਬਣਾਉਂਦੀਆਂ, ਪਰ ਇਹ ਸਾਰੀਆਂ ਚੀਜ਼ਾਂ ਸਹਿਜੇ ਹੀ ਫਾਸ਼ੀਵਾਦੀ ਸਿਆਸਤ ਦਾ ਵਸੀਲਾ ਬਣ ਜਾਂਦੀਆਂ ਹਨ।

ਸਵਾਲ: ਪਰ ਇਸ ਹੀ ਸਮੇਂ ਕੁੱਝ ਬਰਾਬਰ ਦੀਆਂ ਤਾਕਤਾਂ ਵੀ ਹਨ ਜੋ ਸਾਨੂੰ ਵਿਰੋਧੀ ਦਿਸ਼ਾ ਵਲ ਲੈ ਜਾਂਦੀਆਂ ਹਨ, ਅਤੇ ਅਮਰੀਕਾ ਹਮੇਸ਼ਾਂ ਉਦਾਰ ਲੋਕਤੰਤਰ ਅਤੇ ਪਿਛਾਖੜੀ ਫਾਸ਼ੀਵਾਦ ਵਿਚਕਾਰ ਇਕ ਸਦੀਵੀ ਤਣਾਅ ਵਿੱਚ ਰਹਿੰਦਾ ਹੈ।

ਜਵਾਬ: ਬਿਲਕੁਲ। ਅਮਰੀਕਾ ਚੰਗੇ ਢੰਗ ਨਾਲ ਵੀ ਵਿਲੱਖਣ ਹੈ।

ਸਾਡੇ ਵਿੱਚ ਅਜ਼ਾਦੀ ਅਤੇ ਬਰਾਬਰੀ ਲਈ ਇਕ ਵਿਲੱਖਣ ਲਗਣ ਹੈ, ਜਿਹੜੀ ਕਿ ਸਾਡੀ ਜਮੂਹਰੀ ਅਧਿਕਾਰਾਂ ਦੀ ਜਦੋਜਹਿਦ ਅਤੇ ਦੂਜੀ ਸੰਸਾਰ ਜੰਗ ਸਮੇਂ ਫਾਸ਼ੀਵਾਦ ਦੇ ਵਿਰੋਧ ਵਿੱਚ ਨਜ਼ਰ ਆਉਂਦੀ ਹੈ। ਬੇਸ਼ੱਕ ਇਹ ਘਸੀ ਪਿਟੀ ਗੱਲ ਹੀ ਲੱਗੇ, ਫਿਰ ਵੀ ਮੇਰਾ ਵਿਸ਼ਵਾਸ ਹੈ ਕਿ ਅਮਰੀਕਾ ਵਿੱਚ ਸੱਚਮੁੱਚ ਹੀ ਮਹਾਨ ਸਮੇਂ ਰਹੇ ਹਨ ਅਤੇ ਇਸ ਨੇ (ਇਸ ਸੰਬੰਧ) ਵਿੱਚ ਕਾਫੀ ਤਰੱਕੀ ਕੀਤੀ ਹੈ।

ਪਰ ਜਿਵੇਂ ਤੁਸੀਂ ਕਿਹਾ ਹੈ ਫਾਸ਼ੀਵਾਦ ਦਾ ਖਤਰਾ ਹਮੇਸ਼ਾਂ ਹੀ ਲੁਕਵੇਂ ਰੂਪ ਮੌਜੂਦ ਰਹਿੰਦਾ ਹੈ, ਅਤੇ ਸਾਨੂੰ ਇਸ ਬਾਰੇ ਚੇਤਨ ਹੋਣ ਦੀ ਲੋੜ ਹੈ।

ਸਵਾਲ: ਤੁਹਾਡੀ ਕਿਤਾਬ ਅੱਗੇ ਵੱਧਣ ਦੇ ਰਸਤੇ ਬਾਰੇ ਕੀ ਕਹਿੰਦੀ ਹੈ? ਜੇ ਅਸੀਂ ਸੱਚਮੁੱਚ ਹੀ ਫਾਸ਼ੀਵਾਦੀ ਲਹਿਰਾਂ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਾਂ, ਇੱਥੇ ਅਤੇ ਪ੍ਰਦੇਸਾਂ ਵਿੱਚ ਵੀ, ਤਾਂ ਨਾਗਰਿਕ ਅਤੇ ਸਰਕਾਰਾਂ ਇਸ ਬਾਰੇ ਕੀ ਕਰ ਸਕਦੀਆਂ ਹਨ?

ਜਵਾਬ: ਸਾਨੂੰ ਯੂਨਾਇਟਿਡ ਸਟੇਟਸ ਹੌਲੌਕਾਸਟ ਮੈਮੋਰੀਅਲ ਮਿਊਜ਼ੀਅਮ ਦੇ ਪਾਸੇ ‘ਤੇ ਲੱਗੀ ਕਵਿਤਾ ਵਿੱਚ ਦਿੱਤੀ ਚਿਤਾਵਨੀ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਕਵਿਤਾ ਕਹਿੰਦੀ ਹੈ, “ਪਹਿਲਾਂ ਉਹ ਸੋਸ਼ਲਿਸਟਾਂ ਲਈ ਆਏ, ਅਤੇ ਮੈਂ ਕੁਝ ਨਹੀਂ ਬੋਲਿਆ ਕਿਉਂਕਿ ਮੈਂ ਸੋਸ਼ਲਿਸਟ ਨਹੀਂ ਸੀ। ਫਿਰ ਉਹ ਟਰੇਡ ਯੂਨੀਅਨਾਂ ਦੇ ਕਾਰਕੁਨਾਂ ਲਈ ਆਏ, ਅਤੇ ਮੈ ਕੁਝ ਨਹੀਂ ਬੋਲਿਆ ਕਿਉਂਕਿ ਮੈਂ ਟਰੇਡ ਯੂਨੀਅਨਾਂ ਦਾ ਕਾਰਕੁਨ ਨਹੀਂ ਸੀ। ਫਿਰ ਉਹ ਯਹੂਦੀਆਂ ਲਈ ਆਏ, ਮੈਂ ਕੁਝ ਨਹੀਂ ਬੋਲਿਆ, ਕਿਉਂਕਿ ਮੈਂ ਯਹੂਦੀ ਨਹੀਂ ਸੀ। ਅਤੇ ਫਿਰ ਉਹ ਮੇਰੇ ਲਈ ਆਏ ਅਤੇ ਮੇਰੇ ਬਾਰੇ ਬੋਲਣ ਲਈ ਕੋਈ ਨਹੀਂ ਬਚਿਆ ਸੀ।” ਇਕ ਪੜਾਅ ‘ਤੇ ਪਹੁੰਚ ਕੇ ਬਹੁਤ ਦੇਰ ਹੋ ਜਾਂਦੀ ਹੈ।

ਇਸ ਕਵਿਤਾ ਤੋਂ ਪਹਿਲਾਂ ਅਸੀਂ ਸਿੱਖਦੇ ਹਾਂ ਕਿ ਉਨ੍ਹਾਂ ਦੇ ਨਿਸ਼ਾਨੇ ‘ਤੇ ਕੌਣ ਹੈ। ਨਿਸ਼ਾਨੇ ‘ਤੇ ਹਨ: ਖੱਬੇ ਪੱਖੀ, ਘੱਟ ਗਿਣਤੀਆਂ, ਮਜ਼ਦੂਰਾਂ ਦੀਆਂ ਯੂਨੀਅਨਾਂ ਅਤੇ ਕੋਈ ਵੀ ਹੋਰ ਵਿਅਕਤੀ ਜਾਂ ਸੰਸਥਾਂਵਾਂ ਜਿਹਨਾਂ ਨੂੰ ਫਾਸ਼ੀਵਾਦੀ ਬਿਰਤਾਂਤ ਵਿੱਚ ਵਡਿਆਇਆ ਨਹੀਂ ਗਿਆ। ਅਤੇ ਬੇਸ਼ੱਕ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਗਰੁੱਪ ਵਿੱਚ ਨਾ ਵੀ ਹੋਵੇ, ਤਾਂ ਵੀ ਤੁਹਾਨੂ ਉਨ੍ਹਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਜੋ ਇਨ੍ਹਾਂ ਗਰੁੱਪਾਂ ਵਿੱਚ ਹਨ, ਅਤੇ ਤੁਹਾਨੂਂ ਉਨ੍ਹਾਂ ਦੀ ਸੁਰੱਖਿਆ ਸ਼ੁਰੂ ਤੋਂ ਹੀ ਕਰਨੀ ਚਾਹੀਦੀ ਹੈ। ਸ਼ੁਰੂ ਵਿੱਚ ਪੁੱਟੇ ਗਏ ਹੋਂਸਲੇ ਭਰੇ ਕੁਝ ਸਾਧਾਰਣ ਕਦਮ ਬਾਅਦ ਵਿੱਚ ਅਸੰਭਵ ਹੌਂਸਲੇ ਭਰੇ ਕਦਮ ਚੁੱਕੇ ਜਾਣ ਦੀ ਲੋੜ ਤੋਂ ਤੁਹਾਡਾ ਬਚਾਅ ਕਰਨਗੇ।

ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਮੈਂ ਖਤਰੇ ਨੂੰ ਵਧਾ ਕੇ ਪੇਸ਼ ਨਹੀਂ ਕਰ ਰਿਹਾ। ਅਸੀਂ ਅਜਿਹੀ ਸਥਿਤੀ ‘ਤੇ ਨਹੀਂ ਪਹੁੰਚੇ ਹੋਏ ਜਿੱਥੇ ਕੋਈ ਫਾਸ਼ੀਵਾਦੀ ਕੰਟਰੋਲ ਕੀਤੇ ਜਾਣ ਦੀ ਸੰਭਾਵਨਾ ਹੋਵੇ। ਪਰ ਚਿੰਤਾ ਕਰਨ ਦੇ ਕਾਰਨ ਹਨ, ਅਤੇ ਸਾਨੂੰ ਸਦਾ ਹੀ ਸਾਵਧਾਨ ਰਹਿਣਾ ਚਾਹੀਦਾ ਹੈ – ਇਹ ਇਤਿਹਾਸ ਦਾ ਸਬਕ ਹੈ। ਅਜ਼ਾਦੀ ਅਤੇ ਬਰਾਬਰਤਾ ਦੇ ਸਾਡੇ ਉੱਚੇ ਆਦਰਸ਼ ਸਾਡੇ ਹਥਿਆਰ ਹਨ ਅਤੇ ਸਾਨੂੰ ਉਹ ਅਮਰੀਕਨ ਆਦਰਸ਼ ਕਾਇਮ ਰੱਖਣ ਲਈ ਲੜਾਈ ਲੜਨੀ ਪੈਣੀ ਹੈ।

ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਬਾਨੀ ਆਦਰਸ਼ਾਂ ਵਿੱਚ ਅਜ਼ਾਦੀ ਅਤੇ ਬਰਾਬਰਤਾ ਸ਼ਾਮਲ ਹਨ। ਸਾਡਾ ਇਕ ਲੰਮਾ ਇਤਿਹਾਸ ਹੈ ਜਿਸ ਵਿੱਚ ਲੋਕ ਉਨ੍ਹਾਂ ਆਦਰਸ਼ਾਂ ਦੀ ਚਾਹਨਾ ਕਰਦੇ ਆਏ ਹਨ ਅਤੇ ਇਹ ਕਹਿੰਦੇ ਆਏ ਹਨ, “ਅਸੀਂ ਕਈ ਗੱਲਾਂ ਵਿੱਚ ਅਸਹਿਮਤ ਹੋ ਸਕਦੇ ਹਾਂ, ਪਰ ਅਸੀਂ ਇਸ ਗੱਲ ‘ਤੇ ਸਹਿਮਤ ਹਾਂ ਕਿ ਸੱਚਾਈ, ਅਜ਼ਾਦੀ, ਬਰਾਬਰੀ, ਉਹ ਚੀਜ਼ਾਂ ਹਨ ਜਿਨ੍ਹਾਂ ਦੇ ਹੱਕ ਵਿੱਚ ਅਸੀਂ ਖੜ੍ਹੇ ਹਾਂ।” ਇਸ ਲਈ ਜੋ ਵੀ ਹੋਵੇ ਸਾਨੂੰ ਇਨ੍ਹਾਂ ਆਦਰਸ਼ਾਂ ਲਈ ਪੂਰਾ ਜ਼ੋਰ ਲਾਉਣਾ ਚਾਹੀਦਾ ਹੈ – ਇਹ ਹੀ ਹੈ ਜੋ ਸਾਨੂੰ ਬਚਾ ਸਕੇਗਾ।

Advertisements
This entry was posted in ਸਾਰੀਆਂ and tagged , , . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.