ਉੱਠਣ ਦਾ ਵੇਲਾ

ਡਾਕੂਮੈਂਟਰੀ
ਡਾਇਰੈਕਟਰ: ਆਨੰਦ ਪਟਵਰਧਨ ਅਤੇ ਜਿੰਮ ਮੁਨਰੋ

ਰਿਵੀਊਕਾਰ: ਸੁਖਵੰਤ ਹੁੰਦਲ

ਸੰਸਾਰ ਪ੍ਰਸਿੱਧ ਡਾਕੂਮੈਂਟਰੀ ਫਿਲਮ ਮੇਕਰ ਆਨੰਦ ਪਟਵਰਧਨ ਨੇ ਆਪਣੀ ਐਮ ਏ ਦੀ ਡਿਗਰੀ ਪੂਰੀ ਕਰਨ ਲਈ 1979-1982 ਦੌਰਾਨ ਕੈਨੇਡਾ ਦੀ ਮਗਿੱਲ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਇਸ ਸਮੇਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ, ਜਿਨ੍ਹਾਂ ਵਿੱਚੋਂ ਬਹੁਗਿਣਤੀ ਪੰਜਾਬੀ ਸਨ, ਦੀ ਯੂਨੀਅਨ ਬਣਾਉਣ ਦਾ ਘੋਲ ਚੱਲ ਰਿਹਾ ਸੀ ਅਤੇ ਇਸ ਘੋਲ ਨੂੰ ਅਗਵਾਈ ਦੇਣ ਵਿੱਚ ਇਪਾਨਾ (ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨੌਰਥ ਅਮਰੀਕਾ) ਮੁੱਖ ਭੂਮਿਕਾ ਨਿਭਾ ਰਹੀ ਸੀ। ਆਪਣੀ ਪਹਿਲੀ ਫਿਲਮ ਕ੍ਰਾਂਤੀ ਕੀ ਤਰੰਗੇ ਨੂੰ ਨੌਰਥ ਅਮਰੀਕਾ ਵਿੱਚ ਦਿਖਾਉਣ ਦੇ ਸੰਬੰਧ ਵਿੱਚ ਆਨੰਦ ਪਟਵਰਧਨ ਇਪਾਨਾ ਦੇ ਸੰਪਰਕ ਵਿੱਚ ਸੀ। ਇਸ ਲਈ ਆਨੰਦ ਪਟਵਰਧਨ ਇਸ ਘੋਲ ਵੱਲ ਖਿੱਚਿਆ ਗਿਆ ਅਤੇ ਉਸ ਨੇ ਕੈਨੇਡਾ ਦੇ ਇਕ ਹੋਰ ਡਾਕੂਮੈਂਟਰੀ ਫਿਲਮ ਮੇਕਰ ਜਿੰਮ ਮੁਨਰੋ ਨਾਲ ਮਿਲ ਕੇ ਇਸ ਘੋਲ ਬਾਰੇ ਡਾਕੂਮੈਂਟਰੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਸੰਤ ਰਾਮ ਉਦਾਸੀ ਦੇ ਮਸ਼ਹੂਰ ਗੀਤ ਉੱਠਣ ਦਾ ਵੇਲਾ ਦੇ ਨਾਂ `ਤੇ ਬਣੀ ਫਿਲਮ ‘ਉੱਠਣ ਦਾ ਵੇਲਾ (Time to Rise)’ 1981 ਵਿੱਚ ਮੁਕੰਮਲ ਹੋਈ।

‘ਉੱਠਣ ਦਾ ਵੇਲਾ’ ਕੈਨੇਡਾ ਦੇ ਖੇਤ ਮਜ਼ਦੂਰਾਂ ਵਲੋਂ ਆਪਣੇ ਹੱਕ ਲੈਣ ਲਈ ਯੂਨੀਅਨ ਬਣਾਉਣ ਦੀ ਜੱਦੋਜਹਿਦ ਨੂੰ ਰਿਕਾਰਡ ਕਰਦੀ ਹੈ। ਫਿਲਮ ਵਿੱਚ ਖੇਤ ਮਜ਼ਦੂਰਾਂ ਅਤੇ ਉਨ੍ਹਾਂ ਨੂੰ ਜਥੇਬੰਦ ਕਰਨ ਵਿੱਚ ਲੱਗੇ ਯੂਨੀਅਨ ਕਾਰਕੁੰਨਾਂ ਨਾਲ ਇੰਟਰਵਿਊਆਂ, ਉਨ੍ਹਾਂ ਵੱਲੋਂ ਕੀਤੀਆਂ ਮੀੀਟੰਗਾਂ, ਖੇਤ ਮਜ਼ਦੂਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਕੱਢੇ ਰੋਸ ਮੁਜ਼ਾਹਰਿਆਂ ਅਤੇ ਖੇਤ ਮਜ਼ਦੂਰਾਂ ਬਾਰੇ ਮੀਡੀਏ ਵਿੱਚ ਪ੍ਰਸਾਰਿਤ ਕੀਤੀਆਂ ਅਤੇ ਛਪੀਆਂ ਰਿਪੋਰਟਾਂ ਨੂੰ ਆਧਾਰ ਬਣਾ ਕੇ ਖੇਤ ਮਜ਼ਦੂਰਾਂ ਦੀ ਬ੍ਰਿਟਿਸ਼ ਕੋਲੰਬੀਆਂ ਦੇ ਖੇਤਾਂ ਵਿੱਚ ਹੁੰਦੀ ਲੁੱਟ ਨੂੰ ਉਜਾਗਰ ਕਰਨ ਦੇ ਨਾਲ ਨਾਲ ਉਨ੍ਹਾਂ ਵੱਲੋਂ ਇਸ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਦੇ ਯਤਨਾਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਖੇਤ ਮਜ਼ਦੂਰਾਂ ਦੇ ਕੰਮ ਅਤੇ ਰਹਿਣ ਦੀਆਂ ਭੈੜੀਆਂ ਹਾਲਤਾਂ ਅਤੇ ਘੱਟ ਤਨਖਾਹਾਂ ਬਾਰੇ ਗੱਲ ਕੀਤੀ ਗਈ ਹੈ। ਫਿਲਮ ਦੇਖ ਕੇ ਦਰਸ਼ਕ ਨੂੰ ਸਮਝ ਆਉਂਦੀ ਹੈ ਕਿ ਖੇਤ ਮਜ਼ਦੂਰਾਂ ਦੀਆਂ ਇਨ੍ਹਾਂ ਹਾਲਤਾਂ ਲਈ ਕੈਨੇਡਾ ਅਤੇ ਇਸ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਸਰਕਾਰਾਂ ਜਿ਼ੰਮੇਵਾਰ ਹਨ, ਕਿਉਂਕਿ ਉਨ੍ਹਾਂ ਵੱਲੋਂ ਮਜ਼ਦੂਰਾਂ ਦੇ ਹੱਕਾਂ ਲਈ ਬਣਾਏ ਗਏ ਬਹੁਤੇ ਕਾਨੂੰਨ ਖੇਤ ਮਜ਼ਦੂਰਾਂ `ਤੇ ਲਾਗੂ ਨਹੀਂ ਹੁੰਦੇ। ਇਸ ਤੋਂ ਬਿਨਾਂ ਖੇਤਾਂ ਵਿੱਚ ਕੰਮ `ਤੇ ਰੱਖਣ ਦਾ ਪ੍ਰਚੱਲਤ ਠੇਕੇਦਾਰੀ ਪ੍ਰਬੰਧ ਖੇਤ ਮਜ਼ਦੂਰਾਂ ਦੀ ਆਰਥਿਕ ਲੁੱਟ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਖੇਤ ਮਜ਼ਦੂਰਾਂ ਨੂੰ ਮਿਲਦੀ ਨਿਗੂਣੀ ਤਨਖਾਹ ਦਾ ਕਾਫੀ ਵੱਡਾ ਹਿੱਸਾ ਇਹ ਠੇਕਦਾਰ ਹੜਪ ਕਰ ਜਾਂਦੇ ਹਨ। ਫਿਲਮ ਇਸ ਗੱਲ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਖੇਤੀਬਾੜੀ ਦੀਆਂ ਫਸਲਾਂ ਦੇ ਉਤਪਾਦਨ ਦੀ ਖ੍ਰੀਦ ਅਤੇ ਵਿਕਰੀ `ਤੇ ਵੱਡੀਆਂ ਐਗਰੋ ਕਾਰਪੋਰੇਸ਼ਨਾਂ ਦਾ ਕੰਟਰੋਲ ਵੀ ਖੇਤ ਮਜ਼ਦੂਰਾਂ ਦੀ ਇਸ ਲੁੱਟ ਵਿੱਚ ਅਸਿੱਧੇ ਤੌਰ `ਤੇ ਹਿੱਸਾ ਪਾਉਂਦਾ ਹੈ। ਕੈਨੇਡਾ ਵਿੱਚ ਭਾਰਤੀਆਂ ਨਾਲ ਹੁੰਦੇ ਨਸਲੀ ਵਿਤਕਰੇ ਦੇ ਇਤਿਹਾਸ ਨੂੰ ਯਾਦ ਕਰਦਿਆਂ, ਫਿਲਮ ਇਸ ਗੱਲ ਨੂੰ ਵੀ ਉਭਾਰਦੀ ਹੈ ਕਿ ਖੇਤ ਮਜ਼ਦੂਰਾਂ ਦਾ ਇਹ ਸ਼ੋਸ਼ਣ ਇਸ ਲਈ ਵੀ ਹੁੰਦਾ ਹੈ ਕਿਉਂਕਿ ਉਹਨਾਂ ਦੀ ਬਹੁਗਿਣਤੀ ਇਕ ਰੰਗਦਾਰ ਅਵਾਸੀ ਭਾਈਚਾਰੇ ਨਾਲ ਸੰਬੰਧਿਤ ਹੈ।

ਫਾਰਮਵਰਕਰਜ਼ ਆਰਗੇਨਾਈਜਿ਼ੰਗ ਕਮੇਟੀ (ਜੋ ਬਾਅਦ ਵਿੱਚ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਬਣੀ) ਨੇ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੀ ਆਪਣੀ ਲੜਾਈ ਨੂੰ ਇਕੱਲੀ ਭਾਰਤੀ ਕਮਿਊਨਿਟੀ ਤੱਕ ਸੀਮਤ ਨਹੀਂ ਰੱਖਿਆ। ਆਪਣੇ ਘੋਲ ਲਈ ਸਮਰਥਨ ਲੈਣ ਲਈ ਉਸ ਨੇ ਕੈਨੇਡਾ ਦੀਆਂ ਹੋਰ ਟ੍ਰੇਡ ਯੂਨੀਅਨਾਂ, ਮਨੁੱਖੀ ਅਧਿਕਾਰਾਂ ਦੀਆਂ ਸੰਸਥਾਂਵਾਂ, ਚਰਚ ਗਰੁੱਪਾਂ, ਅਤੇ ਸਮਾਜਕ ਇਨਸਾਫ ਲਈ ਪ੍ਰਤੀਬੱਧ ਹੋਰ ਕਈ ਤਰ੍ਹਾਂ ਦੀਆਂ ਸੰਸਥਾਂਵਾਂ ਤੱਕ ਪਹੁੰਚ ਕੀਤੀ। ਉਹਨਾਂ ਦੀ ਇਸ ਹਾਕ (ਕਾਲ) ਨੂੰ ਭਰਵਾਂ ਹੁੰਗਾਰਾ ਮਿਲਿਆ। ਫਾਰਮਵਰਕਰਜ਼ ਆਰਗੇਨਾਈਜਿ਼ੰਗ ਕਮੇਟੀ ਅਤੇ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਵੱਲੋਂ ਸੱਦੇ ਮੁਜਾਹਰਿਆਂ, ਜਥੇਬੰਦ ਪ੍ਰੋਗਰਾਮਾਂ, ਲਾਈਆਂ ਪਿਕਟ ਲਾਈਨਾਂ ਆਦਿ `ਤੇ ਕੈਨੇਡਾ ਦੇ ਹਰ ਕਿਸਮ ਦੇ ਲੋਕ ਸ਼ਾਮਲ ਹੋਏ। ਕੈਲੇਫੋਰਨੀਆ ਦੇ ਖੇਤ ਮਜ਼ਦੂਰਾਂ ਨੂੰ ਸਫਲਤਾ ਨਾਲ ਜਥੇਬੰਦ ਕਰਨ ਵਾਲਾ ਸੰਸਾਰ ਪ੍ਰਸਿੱਧ ਆਗੂ ਸੀਜ਼ਰ ਸ਼ਵੇਜ਼ ਕੈਨੇਡੀਅਨ ਫਾਰਮ ਵਰਕਰਜ਼ ਯੂਨੀਅਨ ਦੇ ਸੰਘਰਸ਼ ਨਾਲ ਇਕਮੁੱਠਤਾ ਦਿਖਾਉਣ ਲਈ ਯੂਨੀਅਨ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਵੈਨਕੂਵਰ ਆਇਆ। ਫਿਲਮ ਉੱਠਣ ਦਾ ਵੇਲਾ ਵਿੱਚ ਇਸ ਸਭ ਕੁਝ ਨੂੰ ਰਿਕਾਰਡ ਕੀਤਾ ਗਿਆ ਹੈ।

ਬਣਨ ਤੋਂ ਬਾਅਦ ਫਿਲਮ ਬ੍ਰਿਟਿਸ਼ ਕੋਲੰਬੀਆ ਦੇ ਖੇਤ ਮਜ਼ਦੂਰਾਂ ਦੇ ਕੰਮ ਦੀਆਂ ਹਾਲਤਾਂ ਅਤੇ ਸੰਘਰਸ਼ ਨੂੰ ਕੈਨੇਡਾ ਅਤੇ ਦੁਨੀਆ ਦੇ ਵੱਖ ਵੱਖ ਲੋਕਾਂ ਤੱਕ ਪਹੁੰਚਾਉਣ ਦਾ ਸਾਧਨ ਬਣੀ। ਸੰਨ 1981 ਵਿੱਚ ਇਸ ਫਿਲਮ ਨੂੰ ਜਰਮਨੀ ਦੇ ਇਕ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਸਿਲਵਰ ਡੋਵ (ਸਲੇਟੀ ਕਬੂਤਰੀ) ਦਾ ਇਨਾਮ ਅਤੇ ਸੰਨ 1982 ਵਿੱਚ ਯੂ.ਕੇ. ਵਿੱਚ ਦ ਟਾਈਨ ਅਵਾਰਡ ਮਿਲਿਆ। ਪਰ ਹਿੰਦੁਸਤਾਨ ਵਿੱਚ ਉਸ ਸਮੇਂ ਇਹ ਫਿਲਮ ਦਿਖਾਉਣ `ਤੇ ਇਹ ਕਹਿ ਕੇ ਰੋਕ ਲਾ ਦਿੱਤੀ ਗਈ ਕਿ ਇਸ ਫਿਲਮ ਨਾਲ ਹਿੰਦੁਸਤਾਨ ਅਤੇ ਕੈਨੇਡਾ ਵਿਚਕਾਰ ਦੋਸਤਾਨਾ ਰਿਸ਼ਤੇ ਵਿੱਚ ਤਣਾਅ ਪੈਦਾ ਹੋ ਸਕਦਾ ਹੈ।

ਕੈਨੇਡਾ ਦੇ ਨੈਸ਼ਨਲ ਫਿਲਮ ਬੋਰਡ ਦੀ ਤਕਨੀਕੀ ਸਹਾਇਤਾ ਨਾਲ ਬਣੀ ਇਹ ਫਿਲਮ ਕੈਨੇਡਾ ਦੇ ਪੰਜਾਬੀਆਂ ਲਈ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ, ਕਿਉਂਕਿ ਫਿਲਮ ਕੈਨੇਡਾ ਵਿੱਚ ਉਨ੍ਹਾਂ ਦੇ ਇਤਿਹਾਸ ਦੇ ਇਕ ਸੰਘਰਸ਼ਮਈ ਦੌਰ ਨੂੰ ਰਿਕਾਰਡ ਕਰਦੀ ਹੈ। ਕੈਨੇਡਾ ਦੇ ਪੰਜਾਬੀਆਂ ਲਈ ਇਸ ਫਿਲਮ ਦੀ ਅੱਜ ਵੀ ਉਨੀ ਹੀ ਮਹੱਤਤਾ ਹੈ, ਜਿੰਨੀ ਮਹੱਤਤਾ ਅੱਜ ਤੋਂ 40 ਸਾਲ ਪਹਿਲਾਂ ਸੀ, ਸ਼ਾਇਦ ਅੱਜ ਇਸ ਦੀ ਉਸ ਤੋਂ ਵੱਧ ਮਹੱਤਤਾ ਹੋਵੇ। ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਅਧਿਆਪਕ ਹੋਣ ਸਮੇਂ ਮੈਂ ਹਰ ਸਾਲ ਇਹ ਫਿਲਮ ਆਪਣੀ ਕਲਾਸ ਵਿੱਚ ਦਿਖਾਇਆ ਕਰਦਾ ਸੀ। ਅਤੇ ਹਰ ਸਾਲ ਫਿਲਮ ਦੇਖਣ ਤੋਂ ਬਾਅਦ ਪੰਜਾਬੀ ਮੂਲ ਦੇ ਕਈ ਵਿਦਿਆਰਥੀ ਮੇਰਾ ਇਹ ਫਿਲਮ ਦਿਖਾਉਣ ਲਈ ਧੰਨਵਾਦ ਕਰਿਆ ਕਰਦੇ ਸਨ ਅਤੇ ਕਿਹਾ ਕਰਦੇ ਸਨ ਕਿ ਇਹ ਫਿਲਮ ਦੇਖ ਕੇ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਸ ਧਰਤੀ `ਤੇ ਸੈੱਟ ਹੋਣ ਲਈ ਉਨ੍ਹਾਂ ਦੇ ਪੁਰਖਿਆਂ ਨੇ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਸਹੀਆਂ ਹਨ ਅਤੇ ਕਿਸ ਤਰ੍ਹਾਂ ਦੀਆਂ ਜੱਦੋਜਹਿਦਾਂ ਕੀਤੀਆਂ ਹਨ।

ਫਿਲਮ ਦੇਖਣ ਲਈ ਹੇਠਲੀ ਤਸਵੀਰ `ਤੇ ਕਲਿੱਕ ਕਰੋ:

This entry was posted in ਸਾਰੀਆਂ and tagged , , , , . Bookmark the permalink.

1 Response to ਉੱਠਣ ਦਾ ਵੇਲਾ

  1. navsharankaur says:

    ਬਹੁਤ ਬਹੁਤ ਮੇਹਰਬਾਨੀ ਨੋਟ ਲਈ ਅਤੇ ਫ਼ਿਲਮ ਦਾ ਲਿੰਕ ਘੱਲਣ ਲਈ। ਅੱਜ ਫੇਰ ਵੇਖੀ ਸਾਰੀ ਫ਼ਿਲਮ – ਬਾਕਮਾਲ ਫ਼ਿਲਮ ਹੈ ਬਹੁਤ ਸਾਰੇ ਪੱਖਾ ਤੋ ਤੇ ਇੱਕ ਬਹੁਤ ਹੀ ਖ਼ੂਬਸੂਰਤ ਤੇ ਮਹੱਤਵਪੂਰਣ ਦਸਤਾਵੇਜ਼ ਪੰਜਾਬੀ ਲੋਕਾਂ ਦੇ ਇਤਿਹਾਸ ਦਾ।

    ਉਮੀਦ ਹੈ ਤੁਸੀਂ ਤੇ ਅੰਜੂ ਠੀਕ ਠਾਕ ਹੋਵੋਗੇ।

    ਪਿਆਰ ਨਾਲ,
    ਨਵਸ਼ਰਨ

Leave a comment

This site uses Akismet to reduce spam. Learn how your comment data is processed.